Skip to content

Skip to table of contents

ਬਪਤਿਸਮਾ ਕਿਉਂ ਲਈਏ?

ਬਪਤਿਸਮਾ ਕਿਉਂ ਲਈਏ?

ਬਪਤਿਸਮਾ ਕਿਉਂ ਲਈਏ?

“ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ . . . ਬਪਤਿਸਮਾ ਦਿਓ।”—ਮੱਤੀ 28:19.

1, 2. (ੳ) ਕਿਹੜੇ ਹਾਲਾਤਾਂ ਵਿਚ ਕੁਝ ਲੋਕਾਂ ਦਾ ਬਪਤਿਸਮਾ ਹੋਇਆ ਸੀ? (ਅ) ਬਪਤਿਸਮੇ ਸੰਬੰਧੀ ਕਿਹੜੇ ਸਵਾਲ ਉੱਠਦੇ ਹਨ?

ਫਰਾਂਕੀ ਰਾਜਾ ਸ਼ਾਰਲਮੇਨ ਨੇ ਸੈਕਸਨਜ਼ ਲੋਕਾਂ ਨੂੰ ਹਰਾ ਕੇ 775-77 ਸਾ.ਯੁ. ਵਿਚ ਜ਼ਬਰਦਸਤੀ ਬਪਤਿਸਮਾ ਦਿਵਾਇਆ। “ਉਸ ਨੇ ਉਨ੍ਹਾਂ ਨੂੰ ਸਿਰਫ਼ ਨਾਂ ਦੇ ਹੀ ਮਸੀਹੀ ਬਣਨ ਲਈ ਮਜਬੂਰ ਕੀਤਾ,” ਇਤਿਹਾਸਕਾਰ ਜੌਨ ਲੌਰਡ ਨੇ ਲਿਖਿਆ। ਇਸੇ ਤਰ੍ਹਾਂ, ਗ੍ਰੀਕ ਆਰਥੋਡਾਕਸ ਧਰਮ ਨੂੰ ਮੰਨਣ ਵਾਲੀ ਰਾਜਕੁਮਾਰੀ ਨਾਲ 987 ਸਾ.ਯੁ. ਵਿਚ ਵਿਆਹ ਕਰਾਉਣ ਤੋਂ ਬਾਅਦ ਰੂਸ ਦੇ ਸ਼ਾਸਕ ਵਲਾਡੀਮੀਰ ਪਹਿਲੇ ਨੇ ਵੀ ਆਪਣੀ ਪਰਜਾ ਨੂੰ “ਮਸੀਹੀ” ਬਣਾਉਣ ਦਾ ਫ਼ੈਸਲਾ ਕੀਤਾ ਸੀ। ਉਸ ਨੇ ਆਪਣੇ ਲੋਕਾਂ ਨੂੰ ਬਪਤਿਸਮਾ ਲੈਣ ਦਾ ਹੁਕਮ ਦਿੱਤਾ। ਨਾ-ਨੁੱਕਰ ਕਰਨ ਵਾਲਿਆਂ ਨੂੰ ਤਲਵਾਰ ਦੇ ਜ਼ੋਰ ਤੇ ਬਪਤਿਸਮਾ ਦਿੱਤਾ ਜਾਂਦਾ ਸੀ!

2 ਕੀ ਅਜਿਹੇ ਬਪਤਿਸਮੇ ਸਹੀ ਸਨ? ਕੀ ਇਹ ਕੋਈ ਮਾਅਨੇ ਰੱਖਦੇ ਸਨ? ਕੀ ਕੋਈ ਵੀ ਵਿਅਕਤੀ ਬਪਤਿਸਮਾ ਲੈ ਸਕਦਾ ਹੈ?

ਬਪਤਿਸਮਾ—ਕਿਵੇਂ?

3, 4. ਪਾਣੀ ਦੇ ਛਿੱਟੇ ਮਾਰਨੇ ਜਾਂ ਸਿਰ ਉੱਤੇ ਪਾਣੀ ਪਾਉਣਾ ਕਿਉਂ ਸਹੀ ਮਸੀਹੀ ਬਪਤਿਸਮਾ ਨਹੀਂ ਹੈ?

3 ਜਦੋਂ ਸ਼ਾਰਲਮੇਨ ਅਤੇ ਵਲਾਡੀਮੀਰ ਪਹਿਲੇ ਨੇ ਲੋਕਾਂ ਨੂੰ ਬਪਤਿਸਮਾ ਲੈਣ ਲਈ ਮਜਬੂਰ ਕੀਤਾ ਸੀ, ਤਾਂ ਉਨ੍ਹਾਂ ਨੇ ਇਸ ਸੰਬੰਧ ਵਿਚ ਪਰਮੇਸ਼ੁਰ ਦੇ ਬਚਨ ਦੀ ਪਾਲਣਾ ਨਹੀਂ ਕੀਤੀ ਸੀ। ਅਸਲ ਵਿਚ ਪਾਣੀ ਦੇ ਛਿੱਟੇ ਮਾਰ ਕੇ, ਸਿਰ ਤੇ ਪਾਣੀ ਪਾ ਕੇ ਜਾਂ ਉਨ੍ਹਾਂ ਲੋਕਾਂ ਨੂੰ ਪਾਣੀ ਵਿਚ ਡੁੱਬਕੀ ਦੇ ਕੇ ਬਪਤਿਸਮਾ ਦੇਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ ਜਿਨ੍ਹਾਂ ਨੂੰ ਬਾਈਬਲ ਦਾ ਗਿਆਨ ਨਹੀਂ ਹੁੰਦਾ।

4 ਧਿਆਨ ਦਿਓ ਕਿ ਜਦੋਂ ਨਾਸਰਤ ਦਾ ਰਹਿਣ ਵਾਲਾ ਯਿਸੂ 29 ਸਾ.ਯੁ ਵਿਚ ਯੂਹੰਨਾ ਬਪਤਿਸਮਾ ਦੇਣ ਵਾਲੇ ਕੋਲ ਗਿਆ ਸੀ, ਤਾਂ ਉਸ ਵੇਲੇ ਕੀ ਹੋਇਆ ਸੀ? ਯੂਹੰਨਾ ਯਰਦਨ ਦਰਿਆ ਵਿਚ ਲੋਕਾਂ ਨੂੰ ਬਪਤਿਸਮਾ ਦੇ ਰਿਹਾ ਸੀ। ਲੋਕ ਉਸ ਕੋਲ ਆਪਣੀ ਮਰਜ਼ੀ ਨਾਲ ਬਪਤਿਸਮਾ ਲੈਣ ਲਈ ਆਏ ਸਨ। ਕੀ ਯੂਹੰਨਾ ਨੇ ਉਨ੍ਹਾਂ ਨੂੰ ਯਰਦਨ ਦਰਿਆ ਵਿਚ ਖੜ੍ਹੇ ਕਰ ਕੇ ਸਿਰਫ਼ ਉਨ੍ਹਾਂ ਦੇ ਸਿਰਾਂ ਤੇ ਥੋੜ੍ਹਾ ਜਿਹਾ ਪਾਣੀ ਪਾਇਆ ਸੀ ਜਾਂ ਪਾਣੀ ਦੇ ਛਿੱਟੇ ਮਾਰੇ ਸਨ? ਜਦੋਂ ਯੂਹੰਨਾ ਨੇ ਯਿਸੂ ਨੂੰ ਬਪਤਿਸਮਾ ਦਿੱਤਾ ਸੀ, ਤਾਂ ਉਸ ਵੇਲੇ ਕੀ ਹੋਇਆ ਸੀ? ਮੱਤੀ ਦੱਸਦਾ ਹੈ ਕਿ ਬਪਤਿਸਮਾ ਲੈਣ ਤੋਂ ਬਾਅਦ ਯਿਸੂ “ਝੱਟ ਪਾਣੀ ਤੋਂ ਉੱਪਰ ਆਇਆ।” (ਮੱਤੀ 3:16) ਉਹ ਪਾਣੀ ਵਿਚ ਖੜ੍ਹਾ ਸੀ ਅਤੇ ਉਸ ਨੂੰ ਯਰਦਨ ਦਰਿਆ ਦੇ ਪਾਣੀ ਵਿਚ ਚੁੱਭੀ ਦਿੱਤੀ ਗਈ ਸੀ। ਇਸੇ ਤਰ੍ਹਾਂ ਹਬਸ਼ੀ ਖੋਜੇ ਦੇ ਬਪਤਿਸਮੇ ਬਾਰੇ ਬਾਈਬਲ ਦਾ ਬਿਰਤਾਂਤ ਦੱਸਦਾ ਹੈ: “ਫ਼ਿਲਿੱਪੁਸ ਅਤੇ ਖੋਜਾ ਦੋਵੇਂ ਪਾਣੀ ਵਿੱਚ ਉਤਰੇ।” ਫਿਰ ਇਹ ਅੱਗੇ ਕਹਿੰਦਾ ਹੈ: “ਅਰ ਜਾਂ ਓਹ ਪਾਣੀ ਵਿੱਚੋਂ ਨਿੱਕਲ ਆਏ . . . ।” ਇਸ ਤੋਂ ਪਤਾ ਚੱਲਦਾ ਹੈ ਕਿ ਯਿਸੂ ਤੇ ਉਸ ਦੇ ਚੇਲਿਆਂ ਨੇ ਪਾਣੀ ਵਿਚ ਪੂਰੀ ਤਰ੍ਹਾਂ ਡੁੱਬਕੀ ਲੈ ਕੇ ਬਪਤਿਸਮਾ ਲਿਆ ਸੀ।—ਰਸੂਲਾਂ ਦੇ ਕਰਤੱਬ 8:38, 39.

5. ਪਹਿਲੀ ਸਦੀ ਦੇ ਮਸੀਹੀ ਲੋਕਾਂ ਨੂੰ ਕਿਵੇਂ ਬਪਤਿਸਮਾ ਦਿੰਦੇ ਸਨ?

5 “ਬਪਤਿਸਮਾ ਦੇਣਾ,” “ਬਪਤਿਸਮਾ” ਆਦਿ ਅਨੁਵਾਦ ਕੀਤੇ ਗਏ ਯੂਨਾਨੀ ਸ਼ਬਦਾਂ ਦਾ ਮਤਲਬ ਹੈ ਪਾਣੀ ਵਿਚ ਚੁੱਭੀ ਦੇਣੀ ਜਾਂ ਡੁੱਬਕੀ ਦੇਣੀ। ਸਮਿਥਜ਼ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਬਪਤਿਸਮੇ ਦਾ ਸਹੀ ਅਤੇ ਸ਼ਾਬਦਿਕ ਮਤਲਬ ਹੈ ਚੁੱਭੀ ਦੇਣੀ।” ਇਸ ਲਈ ਬਾਈਬਲ ਦੇ ਕੁਝ ਅਨੁਵਾਦ ਯੂਹੰਨਾ ਨੂੰ “ਯੂਹੰਨਾ ਚੁੱਭੀ ਦੇਣ ਵਾਲਾ” ਅਤੇ “ਯੂਹੰਨਾ ਡੁੱਬਕੀ ਦੇਣ ਵਾਲਾ” ਕਹਿੰਦੇ ਹਨ। (ਮੱਤੀ 3:1, ਰੌਦਰਹੈਮ; ਡਾਇਗਲੌਟ ਇੰਟਰਲੀਨੀਅਰ) ਔਗਸਟਸ ਨੀਐਂਡਰ ਦੀ ਕਿਤਾਬ ਪਹਿਲੀਆਂ ਤਿੰਨ ਸਦੀਆਂ ਦੌਰਾਨ ਮਸੀਹੀ ਧਰਮ ਅਤੇ ਚਰਚ ਦਾ ਇਤਿਹਾਸ (ਅੰਗ੍ਰੇਜ਼ੀ) ਵਿਚ ਦੱਸਿਆ ਹੈ: “ਪਹਿਲਾਂ ਬਪਤਿਸਮਾ ਚੁੱਭੀ ਦੇ ਕੇ ਦਿੱਤਾ ਜਾਂਦਾ ਸੀ।” ਇਕ ਮਸ਼ਹੂਰ ਫ਼ਰਾਂਸੀਸੀ ਕਿਤਾਬ 20ਵੀਂ ਸਦੀ ਦਾ ਲਾਰੂਸ (Larousse du XXe Siècle, ਪੈਰਿਸ, 1928) ਕਹਿੰਦੀ ਹੈ: “ਪਹਿਲੀ ਸਦੀ ਦੇ ਮਸੀਹੀਆਂ ਨੂੰ ਉੱਥੇ ਚੁੱਭੀ ਦੇ ਕੇ ਬਪਤਿਸਮਾ ਦਿੱਤਾ ਜਾਂਦਾ ਸੀ ਜਿੱਥੇ ਪਾਣੀ ਹੁੰਦਾ ਸੀ।” ਅਤੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਇਹ ਬਿਲਕੁਲ ਸਪੱਸ਼ਟ ਹੈ ਕਿ ਮੁਢਲੇ ਚਰਚ ਵਿਚ ਬਪਤਿਸਮਾ ਚੁੱਭੀ ਦੇ ਕੇ ਦਿੱਤਾ ਜਾਂਦਾ ਸੀ।” (1967, ਜਿਲਦ 2, ਸਫ਼ਾ 56) ਇਸੇ ਤਰ੍ਹਾਂ ਅੱਜ ਵੀ ਇਕ ਵਿਅਕਤੀ ਯਹੋਵਾਹ ਦਾ ਗਵਾਹ ਬਣਨ ਲਈ ਆਪਣੀ ਮਰਜ਼ੀ ਨਾਲ ਬਪਤਿਸਮਾ ਲੈਂਦਾ ਹੈ ਜੋ ਪਾਣੀ ਵਿਚ ਚੁੱਭੀ ਮਾਰ ਕੇ ਲਿਆ ਜਾਂਦਾ ਹੈ।

ਬਪਤਿਸਮਾ ਲੈਣ ਦਾ ਇਕ ਨਵਾਂ ਕਾਰਨ

6, 7. (ੳ) ਯੂਹੰਨਾ ਨੇ ਕਿਸ ਮਕਸਦ ਲਈ ਲੋਕਾਂ ਨੂੰ ਬਪਤਿਸਮਾ ਦਿੱਤਾ ਸੀ? (ਅ) ਯਿਸੂ ਦੇ ਚੇਲਿਆਂ ਦੇ ਬਪਤਿਸਮੇ ਵਿਚ ਕਿਹੜੀ ਨਵੀਂ ਗੱਲ ਸੀ?

6 ਯੂਹੰਨਾ ਜੋ ਬਪਤਿਸਮਾ ਦਿੰਦਾ ਹੁੰਦਾ ਸੀ ਤੇ ਯਿਸੂ ਦੇ ਚੇਲੇ ਜੋ ਬਪਤਿਸਮਾ ਦਿੰਦੇ ਸਨ, ਉਨ੍ਹਾਂ ਦਾ ਮਕਸਦ ਵੱਖੋ-ਵੱਖਰਾ ਸੀ। (ਯੂਹੰਨਾ 4:1, 2) ਲੋਕਾਂ ਨੇ ਸ਼ਰਾ ਦੇ ਖ਼ਿਲਾਫ਼ ਜੋ ਪਾਪ ਕੀਤੇ ਸਨ, ਉਨ੍ਹਾਂ ਪਾਪਾਂ ਤੋਂ ਤੋਬਾ ਕਰਨ ਦੇ ਪ੍ਰਤੀਕ ਵਜੋਂ ਯੂਹੰਨਾ ਉਨ੍ਹਾਂ ਨੂੰ ਬਪਤਿਸਮਾ ਦਿੰਦਾ ਸੀ। * (ਲੂਕਾ 3:3) ਪਰ ਯਿਸੂ ਦੇ ਚੇਲਿਆਂ ਦੁਆਰਾ ਦਿੱਤੇ ਗਏ ਬਪਤਿਸਮੇ ਵਿਚ ਇਕ ਨਵੀਂ ਗੱਲ ਸੀ। ਪੰਤੇਕੁਸਤ 33 ਸਾ.ਯੁ. ਵਿਚ ਪਤਰਸ ਰਸੂਲ ਨੇ ਆਪਣੇ ਸਰੋਤਿਆਂ ਨੂੰ ਪ੍ਰੇਰਿਆ: “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪੋ ਆਪਣੇ ਪਾਪਾਂ ਦੀ ਮਾਫ਼ੀ ਦੇ ਲਈ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਲਵੇ।” (ਰਸੂਲਾਂ ਦੇ ਕਰਤੱਬ 2:37-41) ਭਾਵੇਂ ਕਿ ਪਤਰਸ ਯਹੂਦੀਆਂ ਨੂੰ ਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਸੰਬੋਧਨ ਕਰ ਰਿਹਾ ਸੀ, ਪਰ ਉਹ ਸ਼ਰਾ ਦੇ ਵਿਰੁੱਧ ਕੀਤੇ ਪਾਪਾਂ ਤੋਂ ਤੋਬਾ ਕਰਨ ਦੇ ਪ੍ਰਤੀਕ ਵਜੋਂ ਬਪਤਿਸਮਾ ਲੈਣ ਬਾਰੇ ਗੱਲ ਨਹੀਂ ਕਰ ਰਿਹਾ ਸੀ; ਨਾ ਹੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਯਿਸੂ ਦੇ ਨਾਂ ਤੇ ਬਪਤਿਸਮਾ ਲੈਣ ਨਾਲ ਉਨ੍ਹਾਂ ਦੇ ਪਾਪ ਧੋਤੇ ਜਾਣਗੇ।—ਰਸੂਲਾਂ ਦੇ ਕਰਤੱਬ 2:10.

7 ਉਸ ਵੇਲੇ ਪਤਰਸ ਨੇ “ਰਾਜ ਦੀਆਂ ਕੁੰਜੀਆਂ” ਵਿੱਚੋਂ ਪਹਿਲੀ ਕੁੰਜੀ ਇਸਤੇਮਾਲ ਕੀਤੀ ਸੀ। ਕਿਸ ਕੰਮ ਲਈ? ਆਪਣੇ ਸਰੋਤਿਆਂ ਨੂੰ ਸਵਰਗ ਦੇ ਰਾਜ ਵਿਚ ਜਾਣ ਦੇ ਮੌਕੇ ਬਾਰੇ ਗਿਆਨ ਦੇਣ ਲਈ। (ਮੱਤੀ 16:19) ਕਿਉਂਕਿ ਯਹੂਦੀਆਂ ਨੇ ਯਿਸੂ ਨੂੰ ਮਸੀਹਾ ਵਜੋਂ ਸਵੀਕਾਰ ਨਹੀਂ ਕੀਤਾ ਸੀ, ਇਸ ਲਈ ਪਰਮੇਸ਼ੁਰ ਤੋਂ ਮਾਫ਼ੀ ਮੰਗਣ ਅਤੇ ਮਾਫ਼ੀ ਹਾਸਲ ਕਰਨ ਲਈ ਤੋਬਾ ਕਰਨੀ ਅਤੇ ਯਿਸੂ ਵਿਚ ਨਿਹਚਾ ਕਰਨੀ ਉਨ੍ਹਾਂ ਲਈ ਇਕ ਨਵੀਂ ਤੇ ਜ਼ਰੂਰੀ ਮੰਗ ਸੀ। ਉਹ ਦੂਸਰਿਆਂ ਸਾਮ੍ਹਣੇ ਯਿਸੂ ਮਸੀਹ ਦੇ ਨਾਂ ਤੇ ਪਾਣੀ ਵਿਚ ਬਪਤਿਸਮਾ ਲੈ ਕੇ ਆਪਣੀ ਨਿਹਚਾ ਦਾ ਸਬੂਤ ਦੇ ਸਕਦੇ ਸਨ। ਇਸ ਤਰ੍ਹਾਂ ਉਹ ਮਸੀਹ ਦੇ ਰਾਹੀਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਨੂੰ ਜ਼ਾਹਰ ਕਰ ਸਕਦੇ ਸਨ। ਅੱਜ ਜਿਹੜੇ ਲੋਕ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕਰਨੀ ਚਾਹੁੰਦੇ ਹਨ, ਉਨ੍ਹਾਂ ਨੂੰ ਇਸੇ ਤਰ੍ਹਾਂ ਨਿਹਚਾ ਰੱਖਣੀ ਹੋਵੇਗੀ ਅਤੇ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨਾ ਪਵੇਗਾ ਅਤੇ ਅੱਤ ਮਹਾਨ ਪਰਮੇਸ਼ੁਰ ਨੂੰ ਕੀਤੇ ਇਸ ਦਿਲੀ ਸਮਰਪਣ ਦੇ ਪ੍ਰਤੀਕ ਵਜੋਂ ਮਸੀਹੀ ਬਪਤਿਸਮਾ ਲੈਣਾ ਪਵੇਗਾ।

ਸਹੀ ਗਿਆਨ ਲੈਣਾ ਬਹੁਤ ਜ਼ਰੂਰੀ

8. ਕਿਉਂ ਹਰ ਕਿਸੇ ਨੂੰ ਮਸੀਹੀ ਬਪਤਿਸਮਾ ਨਹੀਂ ਦਿੱਤਾ ਜਾਂਦਾ?

8 ਹਰ ਕਿਸੇ ਨੂੰ ਮਸੀਹੀ ਬਪਤਿਸਮਾ ਨਹੀਂ ਦਿੱਤਾ ਜਾਂਦਾ। ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 28:19, 20) ਬਪਤਿਸਮਾ ਲੈਣ ਤੋਂ ਪਹਿਲਾਂ ਲੋਕਾਂ ਨੂੰ ‘ਉਹ ਸਾਰੀਆਂ ਗੱਲਾਂ ਦੀ ਪਾਲਨਾ ਕਰਨੀ ਸਿਖਾਉਣੀ’ ਜ਼ਰੂਰੀ ਹੈ ‘ਜਿਨ੍ਹਾਂ ਦਾ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ।’ ਇਸ ਲਈ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਦੇ ਸਹੀ ਗਿਆਨ ਉੱਤੇ ਆਧਾਰਿਤ ਨਿਹਚਾ ਨਹੀਂ ਹੈ, ਉਨ੍ਹਾਂ ਨੂੰ ਜ਼ਬਰਦਸਤੀ ਬਪਤਿਸਮਾ ਦੇਣਾ ਵਿਅਰਥ ਹੈ ਅਤੇ ਆਪਣੇ ਸੱਚੇ ਪੈਰੋਕਾਰਾਂ ਨੂੰ ਦਿੱਤੇ ਯਿਸੂ ਦੇ ਹੁਕਮ ਦੇ ਉਲਟ ਹੈ।—ਇਬਰਾਨੀਆਂ 11:6.

9. ‘ਪਿਤਾ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ?

9‘ਪਿਤਾ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ? ਇਸ ਦਾ ਮਤਲਬ ਹੈ ਕਿ ਬਪਤਿਸਮਾ ਲੈਣ ਵਾਲੇ ਲੋਕ ਸਾਡੇ ਸਵਰਗੀ ਪਿਤਾ ਦੇ ਰੁਤਬੇ ਅਤੇ ਅਧਿਕਾਰ ਨੂੰ ਸਵੀਕਾਰ ਕਰਦੇ ਹਨ। ਇਸ ਤਰ੍ਹਾਂ ਉਹ ਯਹੋਵਾਹ ਪਰਮੇਸ਼ੁਰ ਨੂੰ ਆਪਣਾ ਸਿਰਜਣਹਾਰ, “ਸਾਰੀ ਧਰਤੀ ਉੱਤੇ ਅੱਤ ਮਹਾਨ” ਅਤੇ ਸਰਬਸੱਤਾਵਾਨ ਪ੍ਰਭੂ ਸਵੀਕਾਰ ਕਰਦੇ ਹਨ।—ਜ਼ਬੂਰ 83:18; ਯਸਾਯਾਹ 40:28; ਰਸੂਲਾਂ ਦੇ ਕਰਤੱਬ 4:24.

10. ‘ਪੁੱਤ੍ਰ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਕੀ ਮਤਲਬ ਹੈ?

10‘ਪੁੱਤ੍ਰ ਦੇ ਨਾਮ ਵਿੱਚ’ ਬਪਤਿਸਮਾ ਲੈਣ ਦਾ ਮਤਲਬ ਹੈ ਕਿ ਅਸੀਂ ਯਿਸੂ ਦੇ ਰੁਤਬੇ ਨੂੰ ਪਛਾਣਦੇ ਹਾਂ ਅਤੇ ਪਰਮੇਸ਼ੁਰ ਦਾ ਇੱਕੋ-ਇਕ ਪੁੱਤਰ ਹੋਣ ਦੇ ਨਾਤੇ ਉਸ ਦੇ ਅਧਿਕਾਰ ਨੂੰ ਜਾਣਦੇ ਹਾਂ। (1 ਯੂਹੰਨਾ 4:9) ਜਿਹੜੇ ਬਪਤਿਸਮਾ ਲੈਣ ਦੇ ਯੋਗ ਹੁੰਦੇ ਹਨ, ਉਹ ਮੰਨਦੇ ਹਨ ਕਿ ਯਿਸੂ ਦੇ ਰਾਹੀਂ ਪਰਮੇਸ਼ੁਰ ਨੇ ‘ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਿਆ’ ਸੀ। (ਮੱਤੀ 20:28; 1 ਤਿਮੋਥਿਉਸ 2:5, 6) ਬਪਤਿਸਮਾ ਲੈਣ ਵਾਲੇ ਇਹ ਵੀ ਮੰਨਦੇ ਹਨ ਕਿ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ “ਅੱਤ ਉੱਚਿਆਂ ਕੀਤਾ” ਹੈ।—ਫ਼ਿਲਿੱਪੀਆਂ 2:8-11; ਪਰਕਾਸ਼ ਦੀ ਪੋਥੀ 19:16.

11. “ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ ਲੈਣ ਦੀ ਕੀ ਮਹੱਤਤਾ ਹੈ?

11“ਪਵਿੱਤ੍ਰ ਆਤਮਾ ਦੇ ਨਾਮ ਵਿੱਚ” ਬਪਤਿਸਮਾ ਲੈਣ ਦੀ ਕੀ ਮਹੱਤਤਾ ਹੈ? ਇਹ ਦਿਖਾਉਂਦਾ ਹੈ ਕਿ ਬਪਤਿਸਮਾ ਲੈਣ ਵਾਲੇ ਮੰਨਦੇ ਹਨ ਕਿ ਪਵਿੱਤਰ ਆਤਮਾ ਯਹੋਵਾਹ ਦੀ ਸਰਗਰਮ ਸ਼ਕਤੀ ਹੈ ਜਿਸ ਨੂੰ ਉਹ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਵੱਖ-ਵੱਖ ਤਰੀਕਿਆਂ ਨਾਲ ਵਰਤਦਾ ਹੈ। (ਉਤਪਤ 1:2; 2 ਸਮੂਏਲ 23:1, 2; 2 ਪਤਰਸ 1:21) ਜਿਹੜੇ ਬਪਤਿਸਮਾ ਲੈਣ ਦੇ ਕਾਬਲ ਹੁੰਦੇ ਹਨ, ਉਹ ਇਹ ਗੱਲ ਸਵੀਕਾਰ ਕਰਦੇ ਹਨ ਕਿ ਪਵਿੱਤਰ ਆਤਮਾ “ਪਰਮੇਸ਼ੁਰ ਦੀਆਂ ਡੂੰਘੀਆਂ ਵਸਤਾਂ” ਨੂੰ ਸਮਝਣ ਵਿਚ, ਰਾਜ ਦੇ ਪ੍ਰਚਾਰ ਕੰਮ ਨੂੰ ਕਰਨ ਵਿਚ ਅਤੇ ਪਵਿੱਤਰ ਆਤਮਾ ਦਾ ਫਲ “ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਿਆਈ, ਵਫ਼ਾਦਾਰੀ, ਨਰਮਾਈ, ਸੰਜਮ” ਪੈਦਾ ਕਰਨ ਵਿਚ ਉਨ੍ਹਾਂ ਦੀ ਮਦਦ ਕਰਦੀ ਹੈ।—1 ਕੁਰਿੰਥੀਆਂ 2:10; ਗਲਾਤੀਆਂ 5:22, 23; ਯੋਏਲ 2:28, 29.

ਤੋਬਾ ਅਤੇ ਗ਼ਲਤ ਰਾਹ ਤੋਂ ਮੁੜਨ ਦੀ ਜ਼ਰੂਰਤ

12. ਮਸੀਹੀ ਬਪਤਿਸਮੇ ਦਾ ਤੋਬਾ ਨਾਲ ਕੀ ਸੰਬੰਧ ਹੈ?

12 ਪਾਪ-ਰਹਿਤ ਯਿਸੂ ਦੇ ਬਪਤਿਸਮੇ ਤੋਂ ਛੁੱਟ, ਬਪਤਿਸਮਾ ਪਾਪਾਂ ਤੋਂ ਤੋਬਾ ਦੀ ਵੀ ਨਿਸ਼ਾਨੀ ਹੈ ਜਿਸ ਨੂੰ ਪਰਮੇਸ਼ੁਰ ਮਨਜ਼ੂਰ ਕਰਦਾ ਹੈ। ਜਦੋਂ ਅਸੀਂ ਤੋਬਾ ਕਰਦੇ ਹਾਂ, ਤਾਂ ਅਸੀਂ ਕੋਈ ਗ਼ਲਤ ਕੰਮ ਕਰਨ ਤੇ ਜਾਂ ਕੋਈ ਸਹੀ ਕੰਮ ਕਰਨ ਵਿਚ ਅਸਫ਼ਲ ਹੋਣ ਤੇ ਬਹੁਤ ਜ਼ਿਆਦਾ ਅਫ਼ਸੋਸ ਜਾਂ ਪਛਤਾਵਾ ਮਹਿਸੂਸ ਕਰਦੇ ਹਾਂ। ਪਹਿਲੀ ਸਦੀ ਦੇ ਜਿਹੜੇ ਯਹੂਦੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦੇ ਸਨ, ਉਨ੍ਹਾਂ ਨੂੰ ਮਸੀਹ ਦੇ ਖ਼ਿਲਾਫ ਕੀਤੇ ਆਪਣੇ ਪਾਪਾਂ ਤੋਂ ਤੋਬਾ ਕਰਨੀ ਪਈ ਸੀ। (ਰਸੂਲਾਂ ਦੇ ਕਰਤੱਬ 3:11-19) ਕੁਰਿੰਥੁਸ ਵਿਚ ਕੁਝ ਗ਼ੈਰ-ਯਹੂਦੀ ਵਿਸ਼ਵਾਸੀਆਂ ਨੇ ਵਿਭਚਾਰ, ਮੂਰਤੀ-ਪੂਜਾ, ਚੋਰੀ ਤੇ ਦੂਸਰੇ ਗੰਭੀਰ ਪਾਪਾਂ ਤੋਂ ਤੋਬਾ ਕੀਤੀ ਸੀ। ਉਨ੍ਹਾਂ ਦੇ ਪਛਤਾਵੇ ਕਰਕੇ ਉਹ ਯਿਸੂ ਦੇ ਲਹੂ ਨਾਲ “ਧੋਤੇ ਗਏ”; “ਪਵਿੱਤਰ ਕੀਤੇ ਗਏ” ਯਾਨੀ ਪਰਮੇਸ਼ੁਰ ਦੀ ਸੇਵਾ ਲਈ ਅਲੱਗ ਕੀਤੇ ਗਏ; ਅਤੇ ਮਸੀਹ ਦੇ ਨਾਂ ਵਿਚ ਪਰਮੇਸ਼ੁਰ ਦੀ ਪਵਿੱਤਰ ਆਤਮਾ ਨਾਲ “ਧਰਮੀ ਠਹਿਰਾਏ ਗਏ।” (1 ਕੁਰਿੰਥੀਆਂ 6:9-11) ਜੇ ਤੁਸੀਂ ਪਾਪ ਕਰਕੇ ਦੋਸ਼ ਦੀ ਭਾਵਨਾ ਤੋਂ ਪਰਮੇਸ਼ੁਰੀ ਰਾਹਤ ਅਤੇ ਸ਼ੁੱਧ ਅੰਤਹਕਰਣ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਲਈ ਤੋਬਾ ਕਰਨੀ ਬਹੁਤ ਜ਼ਰੂਰੀ ਹੈ।—1 ਪਤਰਸ 3:21.

13. ਬਪਤਿਸਮੇ ਦੇ ਸੰਬੰਧ ਵਿਚ, ਗ਼ਲਤ ਰਾਹ ਤੋਂ ਮੁੜਨ ਵਿਚ ਕੀ-ਕੀ ਸ਼ਾਮਲ ਹੈ?

13 ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲੈਣ ਤੋਂ ਪਹਿਲਾਂ ਗ਼ਲਤ ਰਾਹ ਤੋਂ ਮੁੜਨਾ ਬਹੁਤ ਜ਼ਰੂਰੀ ਹੈ। ਜਿਹੜੇ ਲੋਕ ਮਸੀਹ ਯਿਸੂ ਦੀ ਪੈੜ ਤੇ ਚੱਲਣ ਦਾ ਦਿਲੋਂ ਫ਼ੈਸਲਾ ਕਰਦੇ ਹਨ, ਉਹ ਆਪਣੀ ਮਰਜ਼ੀ ਨਾਲ ਗ਼ਲਤ ਰਾਹ ਨੂੰ ਛੱਡਦੇ ਹਨ ਅਤੇ ਉਹੀ ਕਰਨ ਦਾ ਫ਼ੈਸਲਾ ਕਰਦੇ ਹਨ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹੈ। ਬਾਈਬਲ ਵਿਚ, ਗ਼ਲਤ ਰਾਹ ਤੋਂ ਮੁੜਨ ਨਾਲ ਸੰਬੰਧਿਤ ਇਬਰਾਨੀ ਅਤੇ ਯੂਨਾਨੀ ਕ੍ਰਿਆਵਾਂ ਦਾ ਭਾਵ ਹੈ ਵਾਪਸ ਆਉਣਾ। ਇਸ ਦਾ ਮਤਲਬ ਹੈ ਆਪਣੇ ਪੁਰਾਣੇ ਰਾਹ ਨੂੰ ਛੱਡ ਕੇ ਪਰਮੇਸ਼ੁਰ ਵੱਲ ਮੁੜਨਾ। (1 ਰਾਜਿਆਂ 8:33, 34) ਗ਼ਲਤ ਰਾਹ ਤੋਂ ਮੁੜਨ ਦੇ ਨਾਲ-ਨਾਲ ‘ਤੋਬਾ ਦੇ ਲਾਇਕ ਕੰਮ ਕਰਨੇ’ ਵੀ ਜ਼ਰੂਰੀ ਹਨ। (ਰਸੂਲਾਂ ਦੇ ਕਰਤੱਬ 26:20) ਇਸ ਲਈ ਜ਼ਰੂਰੀ ਹੈ ਕਿ ਅਸੀਂ ਝੂਠੀ ਉਪਾਸਨਾ ਨੂੰ ਛੱਡੀਏ, ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲੀਏ ਅਤੇ ਸਿਰਫ਼ ਯਹੋਵਾਹ ਦੀ ਹੀ ਉਪਾਸਨਾ ਕਰੀਏ। (ਬਿਵਸਥਾ ਸਾਰ 30:2, 8-10; 1 ਸਮੂਏਲ 7:3) ਗ਼ਲਤ ਰਾਹ ਤੋਂ ਮੁੜਨ ਨਾਲ ਸਾਡੀ ਸੋਚਣੀ, ਮਕਸਦ ਅਤੇ ਸ਼ਖ਼ਸੀਅਤ ਬਦਲ ਜਾਂਦੇ ਹਨ। (ਹਿਜ਼ਕੀਏਲ 18:31) ਜਦੋਂ ਅਸੀਂ ਮਾੜੇ ਗੁਣਾਂ ਦੀ ਬਜਾਇ ਨਵੀਂ ਸ਼ਖ਼ਸੀਅਤ ਨੂੰ ਪਹਿਨ ਲੈਂਦੇ ਹਾਂ, ਤਾਂ ਅਸੀਂ ‘ਮੁੜ’ ਆਉਂਦੇ ਹਾਂ।—ਰਸੂਲਾਂ ਦੇ ਕਰਤੱਬ 3:19; ਅਫ਼ਸੀਆਂ 4:20-24; ਕੁਲੁੱਸੀਆਂ 3:5-14.

ਪੂਰੇ ਦਿਲ ਨਾਲ ਸਮਰਪਣ ਕਰਨਾ ਜ਼ਰੂਰੀ

14. ਯਿਸੂ ਦੇ ਪੈਰੋਕਾਰਾਂ ਦਾ ਸਮਰਪਣ ਕੀ ਦਿਖਾਉਂਦਾ ਹੈ?

14 ਯਿਸੂ ਦੇ ਪੈਰੋਕਾਰਾਂ ਨੂੰ ਬਪਤਿਸਮਾ ਲੈਣ ਤੋਂ ਪਹਿਲਾਂ ਪਰਮੇਸ਼ੁਰ ਨੂੰ ਪੂਰੇ ਦਿਲ ਨਾਲ ਆਪਣਾ ਸਮਰਪਣ ਕਰਨਾ ਚਾਹੀਦਾ ਹੈ। ਸਮਰਪਣ ਦਾ ਮਤਲਬ ਹੈ ਕਿਸੇ ਪਵਿੱਤਰ ਮਕਸਦ ਲਈ ਅਲੱਗ ਰੱਖਣਾ। ਇਹ ਕਦਮ ਇੰਨਾ ਜ਼ਰੂਰੀ ਹੈ ਕਿ ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣੇ ਫ਼ੈਸਲੇ ਬਾਰੇ ਦੱਸਣਾ ਚਾਹੀਦਾ ਹੈ ਕਿ ਅਸੀਂ ਹਮੇਸ਼ਾ ਉਸੇ ਦੀ ਹੀ ਭਗਤੀ ਕਰਾਂਗੇ। (ਬਿਵਸਥਾ ਸਾਰ 5:9) ਨਿਰਸੰਦੇਹ, ਅਸੀਂ ਕਿਸੇ ਕੰਮ ਲਈ ਜਾਂ ਕਿਸੇ ਇਨਸਾਨ ਨੂੰ ਆਪਣਾ ਸਮਰਪਣ ਨਹੀਂ ਕਰਦੇ, ਸਗੋਂ ਪਰਮੇਸ਼ੁਰ ਨੂੰ ਕਰਦੇ ਹਾਂ।

15. ਬਪਤਿਸਮੇ ਦੇ ਉਮੀਦਵਾਰ ਕਿਉਂ ਡੁੱਬਕੀ ਲੈਂਦੇ ਹਨ?

15 ਜਦੋਂ ਅਸੀਂ ਮਸੀਹ ਰਾਹੀਂ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਦੇ ਹਾਂ, ਤਾਂ ਅਸੀਂ ਆਪਣਾ ਇਰਾਦਾ ਜ਼ਾਹਰ ਕਰਦੇ ਹਾਂ ਕਿ ਅਸੀਂ ਬਾਈਬਲ ਵਿਚ ਦੱਸੀ ਪਰਮੇਸ਼ੁਰ ਦੀ ਇੱਛਾ ਨੂੰ ਪੂਰਾ ਕਰਨ ਲਈ ਆਪਣੀ ਜ਼ਿੰਦਗੀ ਲਾਵਾਂਗੇ। ਇਸ ਸਮਰਪਣ ਦੇ ਪ੍ਰਤੀਕ ਵਜੋਂ, ਬਪਤਿਸਮਾ ਲੈਣ ਵਾਲੇ ਉਮੀਦਵਾਰ ਪਾਣੀ ਵਿਚ ਡੁੱਬਕੀ ਲੈਂਦੇ ਹਨ, ਜਿਵੇਂ ਯਿਸੂ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਪੇਸ਼ ਕਰਨ ਦੇ ਪ੍ਰਤੀਕ ਵਜੋਂ ਯਰਦਨ ਦਰਿਆ ਵਿਚ ਬਪਤਿਸਮਾ ਲਿਆ ਸੀ। (ਮੱਤੀ 3:13) ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਯਿਸੂ ਉਸ ਮਹੱਤਵਪੂਰਣ ਮੌਕੇ ਤੇ ਪ੍ਰਾਰਥਨਾ ਕਰ ਰਿਹਾ ਸੀ।—ਲੂਕਾ 3:21, 22.

16. ਜਦੋਂ ਅਸੀਂ ਦੂਸਰਿਆਂ ਨੂੰ ਬਪਤਿਸਮਾ ਲੈਂਦੇ ਦੇਖਦੇ ਹਾਂ, ਤਾਂ ਸਾਨੂੰ ਆਪਣੀ ਖ਼ੁਸ਼ੀ ਕਿਵੇਂ ਜ਼ਾਹਰ ਕਰਨੀ ਚਾਹੀਦੀ ਹੈ?

16 ਯਿਸੂ ਦਾ ਬਪਤਿਸਮਾ ਇਕ ਗੰਭੀਰ ਪਰ ਖ਼ੁਸ਼ੀ ਵਾਲਾ ਮੌਕਾ ਸੀ। ਇਸੇ ਤਰ੍ਹਾਂ ਅੱਜ ਵੀ ਮਸੀਹੀ ਬਪਤਿਸਮਾ ਗੰਭੀਰ ਪਰ ਖ਼ੁਸ਼ੀ ਵਾਲਾ ਮੌਕਾ ਹੁੰਦਾ ਹੈ। ਜਦੋਂ ਅਸੀਂ ਲੋਕਾਂ ਨੂੰ ਪਰਮੇਸ਼ੁਰ ਨੂੰ ਕੀਤੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲੈਂਦੇ ਹੋਏ ਦੇਖਦੇ ਹਾਂ, ਤਾਂ ਅਸੀਂ ਆਦਰ ਨਾਲ ਤਾੜੀਆਂ ਮਾਰ ਕੇ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕਰ ਕੇ ਆਪਣੀ ਖ਼ੁਸ਼ੀ ਜ਼ਾਹਰ ਕਰਦੇ ਹਾਂ। ਪਰ ਨਿਹਚਾ ਦੇ ਇਸ ਪ੍ਰਗਟਾਵੇ ਦੀ ਪਵਿੱਤਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਉੱਚੀ-ਉੱਚੀ ਰੌਲਾ ਨਹੀਂ ਪਾਉਣਾ ਚਾਹੀਦਾ, ਸੀਟੀਆਂ ਨਹੀਂ ਮਾਰਨੀਆਂ ਚਾਹੀਦੀਆਂ ਜਾਂ ਇੱਦਾਂ ਦੇ ਹੋਰ ਕੰਮ ਨਹੀਂ ਕਰਨੇ ਚਾਹੀਦੇ। ਸਾਨੂੰ ਆਦਰਮਈ ਤਰੀਕੇ ਨਾਲ ਆਪਣੀ ਖ਼ੁਸ਼ੀ ਜ਼ਾਹਰ ਕਰਨੀ ਚਾਹੀਦੀ ਹੈ।

17, 18. ਕਿਹੜੀ ਚੀਜ਼ ਇਹ ਦੇਖਣ ਵਿਚ ਮਦਦ ਕਰਦੀ ਹੈ ਕਿ ਇਕ ਵਿਅਕਤੀ ਬਪਤਿਸਮੇ ਲਈ ਯੋਗ ਹੈ ਜਾਂ ਨਹੀਂ?

17 ਬੱਚਿਆਂ ਦੇ ਉੱਤੇ ਪਾਣੀ ਛਿੜਕਣ ਜਾਂ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਬਾਈਬਲ ਦਾ ਗਿਆਨ ਨਹੀਂ ਹੈ ਜ਼ਬਰਦਸਤੀ ਬਪਤਿਸਮਾ ਦੇਣ ਵਾਲਿਆਂ ਤੋਂ ਉਲਟ, ਯਹੋਵਾਹ ਦੇ ਗਵਾਹ ਕਦੀ ਵੀ ਕਿਸੇ ਨੂੰ ਬਪਤਿਸਮਾ ਲੈਣ ਲਈ ਮਜਬੂਰ ਨਹੀਂ ਕਰਦੇ। ਅਸਲ ਵਿਚ ਉਹ ਉਨ੍ਹਾਂ ਨੂੰ ਬਪਤਿਸਮਾ ਨਹੀਂ ਦਿੰਦੇ ਜਿਹੜੇ ਬਾਈਬਲ ਦੀਆਂ ਮੰਗਾਂ ਉੱਤੇ ਪੂਰੇ ਨਹੀਂ ਉਤਰਦੇ। ਕਿਸੇ ਵਿਅਕਤੀ ਨੂੰ ਖ਼ੁਸ਼ ਖ਼ਬਰੀ ਦਾ ਬਪਤਿਸਮਾ-ਰਹਿਤ ਪ੍ਰਚਾਰਕ ਬਣਨ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਵੀ ਮਸੀਹੀ ਬਜ਼ੁਰਗ ਇਹ ਪੱਕਾ ਕਰਦੇ ਹਨ ਕਿ ਉਹ ਬਾਈਬਲ ਦੀਆਂ ਮੁਢਲੀਆਂ ਸਿੱਖਿਆਵਾਂ ਨੂੰ ਸਮਝਦਾ ਹੈ, ਉਨ੍ਹਾਂ ਉੱਤੇ ਚੱਲਦਾ ਹੈ ਅਤੇ ਕੁਝ ਖ਼ਾਸ ਸਵਾਲਾਂ ਦੇ ਜਵਾਬ ਹਾਂ ਵਿਚ ਦਿੰਦਾ ਹੈ ਜਿਵੇਂ “ਕੀ ਤੁਸੀਂ ਸੱਚ-ਮੁੱਚ ਯਹੋਵਾਹ ਦੇ ਗਵਾਹ ਬਣਨਾ ਚਾਹੁੰਦੇ ਹੋ?”

18 ਜਦੋਂ ਇਕ ਵਿਅਕਤੀ ਰਾਜ ਦੇ ਪ੍ਰਚਾਰ ਕੰਮ ਵਿਚ ਪੂਰਾ ਹਿੱਸਾ ਲੈ ਰਿਹਾ ਹੁੰਦਾ ਹੈ ਅਤੇ ਬਪਤਿਸਮਾ ਲੈਣ ਦੀ ਇੱਛਾ ਜ਼ਾਹਰ ਕਰਦਾ ਹੈ, ਤਾਂ ਅਕਸਰ ਮਸੀਹੀ ਬਜ਼ੁਰਗ ਉਸ ਨਾਲ ਚਰਚਾ ਕਰ ਕੇ ਦੇਖਦੇ ਹਨ ਕਿ ਉਹ ਸੱਚ-ਮੁੱਚ ਨਿਹਚਾਵਾਨ ਹੈ ਤੇ ਉਸ ਨੇ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਹੈ ਅਤੇ ਬਪਤਿਸਮੇ ਲਈ ਪਰਮੇਸ਼ੁਰੀ ਮੰਗਾਂ ਉੱਤੇ ਪੂਰਾ ਉਤਰਦਾ ਹੈ ਜਾਂ ਨਹੀਂ। (ਰਸੂਲਾਂ ਦੇ ਕਰਤੱਬ 4:4; 18:8) ਉਸ ਨੂੰ ਬਾਈਬਲ ਦੀਆਂ ਸਿੱਖਿਆਵਾਂ ਬਾਰੇ 100 ਤੋਂ ਜ਼ਿਆਦਾ ਸਵਾਲ ਪੁੱਛੇ ਜਾਂਦੇ ਹਨ ਅਤੇ ਉਸ ਦੇ ਜਵਾਬ ਬਜ਼ੁਰਗਾਂ ਦੀ ਇਹ ਦੇਖਣ ਵਿਚ ਮਦਦ ਕਰਦੇ ਹਨ ਕਿ ਉਹ ਬਪਤਿਸਮਾ ਲੈਣ ਦੀਆਂ ਬਾਈਬਲੀ ਮੰਗਾਂ ਨੂੰ ਪੂਰਾ ਕਰਦਾ ਹੈ ਜਾਂ ਨਹੀਂ। ਕੁਝ ਲੋਕ ਮੰਗਾਂ ਪੂਰੀਆਂ ਨਹੀਂ ਕਰਦੇ ਜਿਸ ਕਰਕੇ ਉਨ੍ਹਾਂ ਨੂੰ ਮਸੀਹੀ ਬਪਤਿਸਮਾ ਨਹੀਂ ਦਿੱਤਾ ਜਾਂਦਾ।

ਕੀ ਕੋਈ ਚੀਜ਼ ਤੁਹਾਨੂੰ ਰੋਕ ਰਹੀ ਹੈ?

19. ਯੂਹੰਨਾ 6:44 ਅਨੁਸਾਰ ਕਿਹੜੇ ਲੋਕ ਯਿਸੂ ਨਾਲ ਰਾਜ ਕਰਨਗੇ?

19 ਜਿਨ੍ਹਾਂ ਨੂੰ ਜ਼ਬਰਦਸਤੀ ਬਪਤਿਸਮਾ ਦਿੱਤਾ ਗਿਆ ਸੀ, ਉਨ੍ਹਾਂ ਵਿੱਚੋਂ ਕਈਆਂ ਨੂੰ ਸ਼ਾਇਦ ਇਹ ਕਿਹਾ ਗਿਆ ਸੀ ਕਿ ਉਹ ਮਰਨ ਤੋਂ ਬਾਅਦ ਸਵਰਗ ਜਾਣਗੇ। ਪਰ ਆਪਣੀ ਪੈੜ ਉੱਤੇ ਚੱਲਣ ਵਾਲੇ ਪੈਰੋਕਾਰਾਂ ਦੇ ਸੰਬੰਧ ਵਿਚ ਯਿਸੂ ਨੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” (ਯੂਹੰਨਾ 6:44) ਯਹੋਵਾਹ ਨੇ 1,44,000 ਲੋਕ ਮਸੀਹ ਵੱਲ ਖਿੱਚੇ ਹਨ ਜਿਹੜੇ ਯਿਸੂ ਨਾਲ ਸਵਰਗ ਵਿਚ ਰਾਜ ਕਰਨਗੇ। ਕਿਸੇ ਨੂੰ ਜ਼ਬਰਦਸਤੀ ਬਪਤਿਸਮਾ ਦੇਣ ਨਾਲ ਉਹ ਵਿਅਕਤੀ ਪਰਮੇਸ਼ੁਰ ਦੇ ਪ੍ਰਬੰਧ ਵਿਚ ਇਸ ਸ਼ਾਨਦਾਰ ਪਦਵੀ ਲਈ ਕਦੀ ਯੋਗ ਨਹੀਂ ਬਣ ਸਕਦਾ।—ਰੋਮੀਆਂ 8:14-17; 2 ਥੱਸਲੁਨੀਕੀਆਂ 2:13; ਪਰਕਾਸ਼ ਦੀ ਪੋਥੀ 14:1.

20. ਕਿਹੜੀ ਚੀਜ਼ ਕੁਝ ਲੋਕਾਂ ਦੀ ਮਦਦ ਕਰ ਸਕਦੀ ਹੈ ਜਿਨ੍ਹਾਂ ਨੇ ਅਜੇ ਬਪਤਿਸਮਾ ਨਹੀਂ ਲਿਆ?

20 ਖ਼ਾਸ ਕਰਕੇ 1935 ਤੋਂ, “ਵੱਡੀ ਬਿਪਤਾ” ਤੋਂ ਬਚ ਕੇ ਧਰਤੀ ਉੱਤੇ ਹਮੇਸ਼ਾ ਜੀਉਂਦੇ ਰਹਿਣ ਦੀ ਆਸ ਰੱਖਣ ਵਾਲੇ ਲੱਖਾਂ ਲੋਕ ਯਿਸੂ ਦੀਆਂ ‘ਹੋਰ ਭੇਡਾਂ’ ਵਿਚ ਸ਼ਾਮਲ ਹੋਏ ਹਨ। (ਪਰਕਾਸ਼ ਦੀ ਪੋਥੀ 7:9, 14; ਯੂਹੰਨਾ 10:16) ਉਹ ਬਪਤਿਸਮਾ ਲੈਣ ਦੇ ਯੋਗ ਬਣਦੇ ਹਨ ਕਿਉਂਕਿ ਉਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਢਾਲ਼ਿਆ ਹੈ ਅਤੇ ਉਹ ਪਰਮੇਸ਼ੁਰ ਨੂੰ ‘ਆਪਣੇ ਪੂਰੇ ਦਿਲ, ਜਾਨ, ਸ਼ਕਤੀ ਅਤੇ ਬੁੱਧ’ ਨਾਲ ਪਿਆਰ ਕਰਦੇ ਹਨ। (ਲੂਕਾ 10:25-28) ਭਾਵੇਂ ਕਿ ਕੁਝ ਲੋਕ ਇਹ ਜਾਣਦੇ ਹਨ ਕਿ ਯਹੋਵਾਹ ਦੇ ਗਵਾਹ ‘ਆਤਮਾ ਅਰ ਸਚਿਆਈ ਨਾਲ ਪਰਮੇਸ਼ੁਰ ਦੀ ਭਗਤੀ ਕਰਦੇ ਹਨ,’ ਪਰ ਉਨ੍ਹਾਂ ਨੇ ਅਜੇ ਯਿਸੂ ਦੀ ਮਿਸਾਲ ਉੱਤੇ ਚੱਲਣਾ ਸ਼ੁਰੂ ਨਹੀਂ ਕੀਤਾ ਅਤੇ ਦੂਸਰਿਆਂ ਸਾਮ੍ਹਣੇ ਬਪਤਿਸਮਾ ਲੈ ਕੇ ਯਹੋਵਾਹ ਲਈ ਆਪਣੇ ਸੱਚੇ ਪਿਆਰ ਅਤੇ ਪੂਰੀ ਭਗਤੀ ਦਾ ਸਬੂਤ ਨਹੀਂ ਦਿੱਤਾ ਹੈ। (ਯੂਹੰਨਾ 4:23, 24; ਬਿਵਸਥਾ ਸਾਰ 4:24; ਮਰਕੁਸ 1:9-11) ਇਸ ਜ਼ਰੂਰੀ ਕਦਮ ਬਾਰੇ ਦਿਲੀ ਪ੍ਰਾਰਥਨਾ ਕਰਨ ਨਾਲ ਉਨ੍ਹਾਂ ਨੂੰ ਪਰਮੇਸ਼ੁਰ ਦੇ ਬਚਨ ਅਨੁਸਾਰ ਜੀਉਣ ਦਾ, ਯਹੋਵਾਹ ਪਰਮੇਸ਼ੁਰ ਨੂੰ ਦਿਲੋਂ ਆਪਣਾ ਸਮਰਪਣ ਕਰਨ ਦਾ ਅਤੇ ਬਪਤਿਸਮਾ ਲੈਣ ਦਾ ਹੌਸਲਾ ਅਤੇ ਪ੍ਰੇਰਣਾ ਮਿਲ ਸਕਦੀ ਹੈ।

21, 22. ਕਿਹੜੇ ਕੁਝ ਕਾਰਨਾਂ ਕਰਕੇ ਕਈ ਲੋਕ ਸਮਰਪਣ ਨਹੀਂ ਕਰਦੇ ਤੇ ਬਪਤਿਸਮਾ ਨਹੀਂ ਲੈਂਦੇ?

21 ਕਈ ਲੋਕ ਇਸ ਕਰਕੇ ਸਮਰਪਣ ਨਹੀਂ ਕਰਦੇ ਅਤੇ ਬਪਤਿਸਮਾ ਨਹੀਂ ਲੈਂਦੇ ਕਿਉਂਕਿ ਉਹ ਦੁਨੀਆਂ ਦੇ ਕੰਮ-ਧੰਦਿਆਂ ਵਿਚ ਜਾਂ ਪੈਸੇ ਕਮਾਉਣ ਵਿਚ ਇੰਨੇ ਫਸੇ ਹੁੰਦੇ ਹਨ ਕਿ ਉਨ੍ਹਾਂ ਕੋਲ ਅਧਿਆਤਮਿਕ ਚੀਜ਼ਾਂ ਲਈ ਸਮਾਂ ਹੀ ਨਹੀਂ ਹੁੰਦਾ। (ਮੱਤੀ 13:22; 1 ਯੂਹੰਨਾ 2:15-17) ਉਹ ਕਿੰਨੇ ਖ਼ੁਸ਼ ਹੋਣਗੇ ਜੇ ਉਹ ਆਪਣਾ ਨਜ਼ਰੀਆ ਅਤੇ ਆਪਣੇ ਟੀਚੇ ਬਦਲ ਲੈਣ! ਯਹੋਵਾਹ ਦੇ ਨੇੜੇ ਜਾਣ ਨਾਲ ਉਹ ਅਧਿਆਤਮਿਕ ਤੌਰ ਤੇ ਅਮੀਰ ਹੋਣਗੇ, ਉਨ੍ਹਾਂ ਨੂੰ ਚਿੰਤਾ ਨੂੰ ਦੂਰ ਕਰਨ ਵਿਚ ਮਦਦ ਮਿਲੇਗੀ ਅਤੇ ਸ਼ਾਂਤੀ ਤੇ ਸੰਤੁਸ਼ਟੀ ਮਿਲੇਗੀ ਜੋ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਨਾਲ ਹੀ ਮਿਲਦੀ ਹੈ।—ਜ਼ਬੂਰ 16:11; 40:8; ਕਹਾਉਤਾਂ 10:22; ਫ਼ਿਲਿੱਪੀਆਂ 4:6, 7.

22 ਕੁਝ ਲੋਕ ਕਹਿੰਦੇ ਹਨ ਕਿ ਉਹ ਯਹੋਵਾਹ ਨੂੰ ਪਿਆਰ ਕਰਦੇ ਹਨ, ਪਰ ਉਹ ਉਸ ਨੂੰ ਆਪਣਾ ਸਮਰਪਣ ਕਰ ਕੇ ਬਪਤਿਸਮਾ ਨਹੀਂ ਲੈਂਦੇ ਕਿਉਂਕਿ ਉਹ ਸੋਚਦੇ ਹਨ ਕਿ ਇਸ ਤਰ੍ਹਾਂ ਉਹ ਪਰਮੇਸ਼ੁਰ ਦੇ ਪ੍ਰਤੀ ਜਵਾਬਦੇਹ ਨਹੀਂ ਹੋਣਗੇ। ਪਰ ਸਾਨੂੰ ਹਰ ਇਕ ਨੂੰ ਪਰਮੇਸ਼ੁਰ ਨੂੰ ਲੇਖਾ ਦੇਣਾ ਹੀ ਪਵੇਗਾ। ਜਦੋਂ ਅਸੀਂ ਯਹੋਵਾਹ ਦਾ ਬਚਨ ਸੁਣਿਆ, ਉਦੋਂ ਤੋਂ ਹੀ ਅਸੀਂ ਉਸ ਦੇ ਜਵਾਬਦੇਹ ਹੋ ਗਏ ਸੀ। (ਹਿਜ਼ਕੀਏਲ 33:7-9; ਰੋਮੀਆਂ 14:12) ‘ਚੁਣੇ ਹੋਏ ਲੋਕ’ ਹੋਣ ਕਰਕੇ, ਪੁਰਾਣੇ ਸਮੇਂ ਦੇ ਇਸਰਾਏਲੀ ਜਨਮ ਤੋਂ ਹੀ ਯਹੋਵਾਹ ਦੀ ਸਮਰਪਿਤ ਕੌਮ ਸਨ ਜਿਸ ਕਰਕੇ ਉਨ੍ਹਾਂ ਦੀ ਇਹ ਜ਼ਿੰਮੇਵਾਰੀ ਸੀ ਕਿ ਉਹ ਉਸ ਦੇ ਹੁਕਮਾਂ ਅਨੁਸਾਰ ਵਫ਼ਾਦਾਰੀ ਨਾਲ ਉਸ ਦੀ ਭਗਤੀ ਕਰਨ। (ਬਿਵਸਥਾ ਸਾਰ 7:6, 11) ਅੱਜ ਕੋਈ ਵੀ ਵਿਅਕਤੀ ਜਨਮ ਤੋਂ ਪਰਮੇਸ਼ੁਰ ਨੂੰ ਸਮਰਪਿਤ ਨਹੀਂ ਹੁੰਦਾ, ਪਰ ਜੇ ਅਸੀਂ ਬਾਈਬਲ ਦਾ ਸਹੀ ਗਿਆਨ ਲਿਆ ਹੈ, ਤਾਂ ਸਾਨੂੰ ਨਿਹਚਾ ਕਰਦੇ ਹੋਏ ਇਸ ਗਿਆਨ ਉੱਤੇ ਚੱਲਣ ਦੀ ਲੋੜ ਹੈ।

23, 24. ਸਾਨੂੰ ਕਿਹੜੀਆਂ ਗੱਲਾਂ ਦੇ ਡਰੋਂ ਬਪਤਿਸਮਾ ਲੈਣ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ?

23 ਕਈ ਲੋਕ ਡਰਦੇ ਹਨ ਕਿ ਉਨ੍ਹਾਂ ਨੂੰ ਜ਼ਿਆਦਾ ਗਿਆਨ ਨਹੀਂ ਹੈ ਜਿਸ ਕਰਕੇ ਉਹ ਬਪਤਿਸਮਾ ਨਹੀਂ ਲੈਂਦੇ। ਪਰ ਸਾਡੇ ਵਿੱਚੋਂ ਕਿਸੇ ਨੂੰ ਵੀ ਪੂਰਾ ਗਿਆਨ ਨਹੀਂ ਹੈ ਕਿਉਂਕਿ ਇਨਸਾਨ ਕਦੇ ਵੀ ‘ਉਸ ਕੰਮ ਨੂੰ ਜੋ ਪਰਮੇਸ਼ੁਰ ਆਦ ਤੋਂ ਲੈ ਕੇ ਅੰਤ ਤੋੜੀ ਕਰਦਾ ਹੈ ਬੁੱਝ ਨਹੀਂ ਸੱਕੇਗਾ।’ (ਉਪਦੇਸ਼ਕ ਦੀ ਪੋਥੀ 3:11) ਹਬਸ਼ੀ ਖੋਜੇ ਬਾਰੇ ਜ਼ਰਾ ਸੋਚੋ। ਉਸ ਨੇ ਯਹੂਦੀ ਧਰਮ ਅਪਣਾਇਆ ਸੀ ਜਿਸ ਕਰਕੇ ਉਸ ਨੂੰ ਪਰਮੇਸ਼ੁਰ ਦੇ ਬਚਨ ਦਾ ਥੋੜ੍ਹਾ ਗਿਆਨ ਸੀ, ਪਰ ਉਸ ਨੂੰ ਪਰਮੇਸ਼ੁਰ ਦੇ ਮਕਸਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ। ਪਰ ਜਦੋਂ ਉਸ ਨੇ ਸਿੱਖਿਆ ਕਿ ਯਹੋਵਾਹ ਨੇ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਰਾਹੀਂ ਮੁਕਤੀ ਦਾ ਪ੍ਰਬੰਧ ਕੀਤਾ ਹੈ, ਤਾਂ ਉਸ ਨੇ ਤੁਰੰਤ ਪਾਣੀ ਵਿਚ ਬਪਤਿਸਮਾ ਲੈ ਲਿਆ।—ਰਸੂਲਾਂ ਦੇ ਕਰਤੱਬ 8:26-38.

24 ਕਈ ਲੋਕ ਇਸ ਲਈ ਪਰਮੇਸ਼ੁਰ ਨੂੰ ਆਪਣਾ ਸਮਰਪਣ ਕਰਨ ਤੋਂ ਹਿਚਕਿਚਾਉਂਦੇ ਹਨ ਕਿਉਂਕਿ ਉਹ ਨਾਕਾਮ ਹੋਣ ਤੋਂ ਡਰਦੇ ਹਨ। 17 ਸਾਲਾਂ ਦੀ ਮੋਨੀਕ ਕਹਿੰਦੀ ਹੈ: “ਮੈਂ ਇਸ ਡਰੋਂ ਬਪਤਿਸਮਾ ਨਹੀਂ ਲੈ ਰਹੀ ਸੀ ਕਿ ਮੈਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਨਹੀਂ ਕਰ ਪਾਵਾਂਗੀ।” ਪਰ ਜੇ ਅਸੀਂ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖਦੇ ਹਾਂ, ਤਾਂ ‘ਉਹ ਸਾਡੇ ਮਾਰਗਾਂ ਨੂੰ ਸਿੱਧਾ ਕਰੇਗਾ।’ ਉਹ ਸਾਡੀ ਮਦਦ ਕਰੇਗਾ ਕਿ ਅਸੀਂ ਉਸ ਦੇ ਵਫ਼ਾਦਾਰ ਸਮਰਪਿਤ ਸੇਵਕਾਂ ਵਜੋਂ ‘ਸਚਿਆਈ ਉੱਤੇ ਚੱਲਦੇ ਰਹੀਏ।’—ਕਹਾਉਤਾਂ 3:5, 6; 3 ਯੂਹੰਨਾ 4.

25. ਸਾਨੂੰ ਹੁਣ ਕਿਹੜੇ ਸਵਾਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ?

25 ਯਹੋਵਾਹ ਵਿਚ ਪੂਰਾ ਭਰੋਸਾ ਰੱਖਣ ਕਰਕੇ ਅਤੇ ਉਸ ਨੂੰ ਪੂਰੇ ਦਿਲ ਨਾਲ ਪਿਆਰ ਕਰਨ ਕਰਕੇ ਹਰ ਸਾਲ ਹਜ਼ਾਰਾਂ ਲੋਕ ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਪ੍ਰੇਰਿਤ ਹੁੰਦੇ ਹਨ। ਅਤੇ ਪਰਮੇਸ਼ੁਰ ਦੇ ਸਾਰੇ ਬਪਤਿਸਮਾ-ਪ੍ਰਾਪਤ ਸੇਵਕ ਉਸ ਪ੍ਰਤੀ ਵਫ਼ਾਦਾਰ ਰਹਿਣਾ ਚਾਹੁੰਦੇ ਹਨ। ਪਰ ਅਸੀਂ ਭੈੜੇ ਸਮਿਆਂ ਵਿਚ ਰਹਿ ਰਹੇ ਹਾਂ ਅਤੇ ਕਈ ਗੱਲਾਂ ਸਾਡੀ ਨਿਹਚਾ ਨੂੰ ਪਰਖਦੀਆਂ ਹਨ। (2 ਤਿਮੋਥਿਉਸ 3:1-5) ਅਸੀਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਕੀ ਕਰ ਸਕਦੇ ਹਾਂ? ਇਸ ਬਾਰੇ ਅਸੀਂ ਅਗਲੇ ਲੇਖ ਵਿਚ ਵਿਚਾਰ ਕਰਾਂਗੇ।

[ਫੁਟਨੋਟ]

^ ਪੈਰਾ 6 ਯਿਸੂ ਪਾਪ-ਰਹਿਤ ਸੀ, ਇਸ ਲਈ ਉਸ ਨੇ ਤੋਬਾ ਦੇ ਪ੍ਰਤੀਕ ਵਜੋਂ ਬਪਤਿਸਮਾ ਨਹੀਂ ਲਿਆ ਸੀ। ਉਸ ਨੇ ਬਪਤਿਸਮਾ ਲੈ ਕੇ ਆਪਣੇ ਪਿਤਾ ਦੀ ਇੱਛਾ ਪੂਰੀ ਕਰਨ ਲਈ ਆਪਣੇ ਆਪ ਨੂੰ ਪਰਮੇਸ਼ੁਰ ਸਾਮ੍ਹਣੇ ਪੇਸ਼ ਕੀਤਾ ਸੀ।—ਇਬਰਾਨੀਆਂ 7:26; 10:5-10.

ਕੀ ਤੁਹਾਨੂੰ ਯਾਦ ਹੈ?

• ਮਸੀਹੀ ਬਪਤਿਸਮਾ ਕਿਵੇਂ ਦਿੱਤਾ ਜਾਂਦਾ ਹੈ?

• ਬਪਤਿਸਮਾ ਲੈਣ ਲਈ ਕਿਹੜੇ ਗਿਆਨ ਦੀ ਲੋੜ ਹੈ?

• ਸਹੀ ਮਸੀਹੀ ਬਪਤਿਸਮਾ ਲੈਣ ਲਈ ਕਿਹੜੇ ਕਦਮ ਚੁੱਕਣੇ ਜ਼ਰੂਰੀ ਹਨ?

• ਕੁਝ ਲੋਕ ਕਿਉਂ ਬਪਤਿਸਮਾ ਨਹੀਂ ਲੈਂਦੇ ਅਤੇ ਕਿਹੜੀ ਗੱਲ ਉਨ੍ਹਾਂ ਦੀ ਮਦਦ ਕਰ ਸਕਦੀ ਹੈ?

[ਸਵਾਲ]

[ਸਫ਼ੇ 14 ਉੱਤੇ ਤਸਵੀਰਾਂ]

ਕੀ ਤੁਸੀਂ ਜਾਣਦੇ ਹੋ ਕਿ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ” ਲੈਣ ਦਾ ਕੀ ਮਤਲਬ ਹੈ?