Skip to content

Skip to table of contents

“ਮੈਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ”

“ਮੈਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ”

ਰਾਜ ਘੋਸ਼ਕ ਰਿਪੋਰਟ ਕਰਦੇ ਹਨ

“ਮੈਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ”

“ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ!” ਸਵਰਗੀ ਦੂਤ ਦੇ ਇਸ ਸੱਦੇ ਨੂੰ ਪਹਿਲੀ ਸਦੀ ਵਿਚ ਯੂਹੰਨਾ ਰਸੂਲ ਨੇ ਸੁਣਿਆ ਸੀ। ਸਾਡੇ ਦਿਨਾਂ ਵਿਚ ਲੱਖਾਂ ਹੀ ਸੱਚੇ ਦਿਲ ਵਾਲੇ ਲੋਕਾਂ ਨੇ ਇਸ ਸੱਦੇ ਨੂੰ ਸਵੀਕਾਰ ਕੀਤਾ ਹੈ ਅਤੇ ਉਹ “ਬਾਬੁਲ, ਵੱਡੀ ਨਗਰੀ” ਯਾਨੀ ਝੂਠੇ ਧਰਮ ਦੇ ਵਿਸ਼ਵ ਸਾਮਰਾਜ ਵਿੱਚੋਂ ਨਿਕਲ ਆਏ ਹਨ। (ਪਰਕਾਸ਼ ਦੀ ਪੋਥੀ 18:1-4) ਉਨ੍ਹਾਂ ਲੋਕਾਂ ਵਿੱਚੋਂ ਇਕ ਹੈ ਹੈਟੀ ਦਾ ਰਹਿਣ ਵਾਲਾ ਵਿਲਨੇਰ ਜੋ ਆਪਣਾ ਤਜਰਬਾ ਇਸ ਤਰ੍ਹਾਂ ਦੱਸਦਾ ਹੈ।

“ਮੇਰਾ ਜਨਮ 1956 ਵਿਚ ਹੈਟੀ ਦੇ ਛੋਟੇ ਜਿਹੇ ਕਸਬੇ ਸਾਨ ਮਾਰਕ ਵਿਚ ਇਕ ਕੱਟੜ ਕੈਥੋਲਿਕ ਪਰਿਵਾਰ ਵਿਚ ਹੋਇਆ ਸੀ। ਮੇਰੇ ਪਰਿਵਾਰ ਨੂੰ ਉਦੋਂ ਬਹੁਤ ਖ਼ੁਸ਼ੀ ਹੋਈ ਜਦੋਂ ਸਾਡੇ ਕਸਬੇ ਵਿੱਚੋਂ ਦੋ ਆਦਮੀਆਂ ਦੇ ਨਾਲ ਮੈਨੂੰ ਵੀ ਹੈਟੀ ਵਿਚ ਸਾਨ ਮੀਸ਼ੇਲ ਡੇ ਲੇਟੇਲੇ ਵਿਖੇ ਇਕ ਧਰਮ-ਸਕੂਲ ਵਿਚ ਸਿੱਖਿਆ ਲੈਣ ਲਈ ਚੁਣਿਆ ਗਿਆ। ਫਿਰ, 1980 ਵਿਚ ਸਾਨੂੰ ਹੋਰ ਸਿਖਲਾਈ ਲੈਣ ਲਈ ਸਟਾਵਲੋ, ਬੈਲਜੀਅਮ ਭੇਜਿਆ ਗਿਆ। ਉੱਥੇ ਅਸੀਂ ਕੈਥੋਲਿਕ ਯੂਨੀਵਰਸਿਟੀ ਵਿਚ ਵੀ ਪੜ੍ਹੇ।

“ਪਹਿਲਾਂ-ਪਹਿਲ ਮੈਂ ਬੜਾ ਖ਼ੁਸ਼ ਸੀ ਕਿ ਮੈਂ ਪਾਦਰੀ ਬਣਾਂਗਾ। ਇਕ ਦਿਨ ਦੁਪਹਿਰ ਦਾ ਖਾਣਾ ਖਾਣ ਵੇਲੇ ਸਾਡੇ ਗਰੁੱਪ ਦੇ ਇੰਚਾਰਜ ਪਾਦਰੀ ਨੇ ਮੈਨੂੰ ਕੁਝ ਮਿੰਟ ਰੁਕਣ ਵਾਸਤੇ ਕਿਹਾ ਕਿਉਂਕਿ ਉਹ ਮੈਨੂੰ ਕੁਝ ਕਹਿਣਾ ਚਾਹੁੰਦਾ ਸੀ। ਮੈਨੂੰ ਉਸ ਵੇਲੇ ਕਿੱਡਾ ਧੱਕਾ ਲੱਗਾ ਜਦੋਂ ਉਸ ਨੇ ਬਿਨਾਂ ਝਿਜਕੇ ਕਿਹਾ ਕਿ ਉਹ ਮੇਰੇ ਨਾਲ ਸਰੀਰਕ ਸੰਬੰਧ ਬਣਾਉਣੇ ਚਾਹੁੰਦਾ ਸੀ! ਮੈਂ ਉਸ ਨੂੰ ਨਾਂਹ ਕਹਿ ਦਿੱਤੀ, ਪਰ ਇਸ ਘਟਨਾ ਤੋਂ ਮੈਂ ਬਹੁਤ ਹੀ ਨਿਰਾਸ਼ ਹੋ ਗਿਆ। ਮੈਂ ਇਸ ਬਾਰੇ ਆਪਣੇ ਪਰਿਵਾਰ ਨੂੰ ਲਿਖਿਆ ਤੇ ਉਨ੍ਹਾਂ ਦੇ ਨਾਰਾਜ਼ ਹੋਣ ਦੇ ਬਾਵਜੂਦ ਵੀ ਕੁਝ ਮਹੀਨਿਆਂ ਬਾਅਦ ਮੈਂ ਧਾਰਮਿਕ ਯੂਨੀਵਰਸਿਟੀ ਨੂੰ ਛੱਡ ਦਿੱਤਾ। ਮੈਂ ਪਿੰਡ ਵਿਚ ਕਿਰਾਏ ਤੇ ਇਕ ਕਮਰਾ ਲਿਆ ਅਤੇ ਕੋਈ ਹੋਰ ਕੰਮ ਸਿੱਖਣ ਲੱਗ ਪਿਆ।

“ਜਦੋਂ ਮੈਂ ਸਾਨ ਮਾਰਕ ਵਾਪਸ ਆਇਆ, ਤਾਂ ਉਦੋਂ ਤਕ ਕੈਥੋਲਿਕ ਧਰਮ ਉੱਤੋਂ ਮੇਰਾ ਭਰੋਸਾ ਪੂਰੀ ਤਰ੍ਹਾਂ ਉੱਠ ਚੁੱਕਾ ਸੀ। ਹਾਲਾਂਕਿ ਅਜੇ ਵੀ ਮੈਂ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ, ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਕੀ ਕਰਾਂ। ਮੈਂ ਐਡਵੈਨਟਿਸਟ, ਏਬੇਨੇਜ਼ਰ ਅਤੇ ਮਾਰਮਨ ਗਿਰਜਿਆਂ ਵਿਚ ਵੀ ਗਿਆ। ਮੈਂ ਅਧਿਆਤਮਿਕ ਤੌਰ ਤੇ ਇੱਧਰ-ਉੱਧਰ ਭਟਕ ਰਿਹਾ ਸੀ।

“ਫਿਰ ਮੈਨੂੰ ਚੇਤੇ ਆਇਆ ਕਿ ਬੈਲਜੀਅਮ ਦੀ ਧਾਰਮਿਕ ਯੂਨੀਵਰਸਿਟੀ ਵਿਚ ਮੈਂ ਕ੍ਰੈਮਪੌਨ ਬਾਈਬਲ ਪੜ੍ਹਦਾ ਹੁੰਦਾ ਸੀ। ਇਸ ਵਿੱਚੋਂ ਮੈਨੂੰ ਪਤਾ ਲੱਗਾ ਸੀ ਕਿ ਪਰਮੇਸ਼ੁਰ ਦਾ ਇਕ ਨਾਂ ਹੈ। ਇਸ ਲਈ ਮੈਂ ਪਰਮੇਸ਼ੁਰ ਦਾ ਨਾਂ ਲੈ ਕੇ ਦਿਲੋਂ ਉਸ ਨੂੰ ਪ੍ਰਾਰਥਨਾ ਕੀਤੀ ਕਿ ਉਹ ਸੱਚਾ ਧਰਮ ਲੱਭਣ ਵਿਚ ਮੇਰੀ ਮਦਦ ਕਰੇ।

“ਉਸ ਤੋਂ ਥੋੜ੍ਹੀ ਦੇਰ ਬਾਅਦ, ਦੋ ਯਹੋਵਾਹ ਦੀਆਂ ਗਵਾਹਾਂ ਮੇਰੇ ਗੁਆਂਢ ਵਿਚ ਆ ਕੇ ਰਹਿਣ ਲੱਗੀਆਂ। ਉਹ ਸ਼ਾਂਤ ਸੁਭਾਅ ਦੀਆਂ ਸਨ ਅਤੇ ਦੂਜਿਆਂ ਦਾ ਇੱਜ਼ਤ-ਮਾਣ ਕਰਦੀਆਂ ਸਨ। ਉਨ੍ਹਾਂ ਦੀ ਜ਼ਿੰਦਗੀ ਦੇ ਤੌਰ-ਤਰੀਕਿਆਂ ਤੋਂ ਮੈਂ ਬਹੁਤ ਪ੍ਰਭਾਵਿਤ ਹੋਇਆ। ਇਕ ਦਿਨ ਉਨ੍ਹਾਂ ਦੋਹਾਂ ਵਿੱਚੋਂ ਇਕ ਗਵਾਹ ਨੇ ਮੈਨੂੰ ਯਿਸੂ ਦੀ ਮੌਤ ਦੇ ਸਾਲਾਨਾ ਸਮਾਰਕ ਸਮਾਰੋਹ ਵਿਚ ਆਉਣ ਦਾ ਸੱਦਾ ਦਿੱਤਾ। ਮੈਂ ਸਭਾ ਦਾ ਪੂਰਾ ਆਨੰਦ ਮਾਣਿਆ ਅਤੇ ਗਵਾਹਾਂ ਨਾਲ ਬਾਕਾਇਦਾ ਬਾਈਬਲ ਅਧਿਐਨ ਕਰਨ ਲਈ ਮੰਨ ਗਿਆ। ਛੇ ਮਹੀਨਿਆਂ ਦੇ ਵਿਚ-ਵਿਚ ਮੈਨੂੰ ਵਿਸ਼ਵਾਸ ਹੋ ਗਿਆ ਕਿ ਮੈਨੂੰ ਪਰਮੇਸ਼ੁਰ ਦੀ ਸੇਵਾ ਕਰਨ ਦਾ ਸਹੀ ਰਾਹ ਲੱਭ ਗਿਆ ਹੈ। ਮੈਂ ਯਹੋਵਾਹ ਨੂੰ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ ਅਤੇ 20 ਨਵੰਬਰ 1988 ਨੂੰ ਬਪਤਿਸਮਾ ਲੈ ਲਿਆ।”

ਬਾਅਦ ਵਿਚ ਵਿਲਨੇਰ ਪੂਰੇ ਸਮੇਂ ਦਾ ਪ੍ਰਚਾਰਕ ਬਣ ਗਿਆ। ਅੱਜ ਉਹ ਕਲੀਸਿਯਾ ਦੇ ਇਕ ਬਜ਼ੁਰਗ ਵਜੋਂ ਸੇਵਾ ਕਰ ਰਿਹਾ ਹੈ। ਉਹ ਤੇ ਉਸ ਦੀ ਪਤਨੀ ਆਪਣੇ ਦੋਹਾਂ ਬੱਚਿਆਂ ਨਾਲ ਖ਼ੁਸ਼ੀ-ਖ਼ੁਸ਼ੀ ਕਲੀਸਿਯਾ ਵਿਚ ਸੇਵਾ ਕਰਦੇ ਹਨ।

[ਸਫ਼ੇ 9 ਉੱਤੇ ਤਸਵੀਰ]

ਬਾਈਬਲ ਪੜ੍ਹ ਕੇ ਵਿਲਨੇਰ ਨੂੰ ਪਤਾ ਲੱਗਾ ਕਿ ਪਰਮੇਸ਼ੁਰ ਦਾ ਨਾਂ ਯਹੋਵਾਹ ਹੈ