ਵੱਡੀ ਉਮਰ ਦੇ ਲੋਕ ਵੀ ਸਿੱਖ ਸਕਦੇ ਹਨ
ਵੱਡੀ ਉਮਰ ਦੇ ਲੋਕ ਵੀ ਸਿੱਖ ਸਕਦੇ ਹਨ
ਕਸੇਨੀਆ 1897 ਵਿਚ ਪੈਦਾ ਹੋਈ ਸੀ। ਉਸ ਦੀਆਂ 3 ਧੀਆਂ, ਇਕ ਪੁੱਤਰ, 15 ਪੋਤੇ-ਪੋਤੀਆਂ ਅਤੇ 25 ਪੜਪੋਤੇ-ਪੜਪੋਤੀਆਂ ਸਨ। ਉਹ ਆਪਣੀ ਸਾਰੀ ਜ਼ਿੰਦਗੀ ਆਪਣੇ ਮਾਪਿਆਂ ਦੀ ਦਿੱਤੀ ਸਿੱਖਿਆ ਉੱਤੇ ਚੱਲਦੀ ਰਹੀ। ਹਾਲਾਂਕਿ ਉਹ ਕਾਲਾ ਸਾਗਰ ਅਤੇ ਕਾਕੇਸ਼ਸ ਦੇ ਵਿਚਕਾਰ ਸਥਿਤ ਅਬਕਾਸ ਰਿਪਬਲਿਕ ਦੇ ਯੁੱਧ-ਗ੍ਰਸਤ ਇਲਾਕੇ ਤੋਂ ਉੱਜੜ ਕੇ ਮਾਸਕੋ ਆਈ ਸੀ, ਪਰ ਉਹ ਆਪਣੀ ਜ਼ਿੰਦਗੀ ਤੋਂ, ਖ਼ਾਸਕਰ ਆਪਣੇ ਪਿਉ-ਦਾਦਿਆਂ ਦੇ ਧਰਮ ਤੋਂ ਬਹੁਤ ਸੰਤੁਸ਼ਟ ਸੀ।
ਸਾਲ 1993 ਵਿਚ ਕਸੇਨੀਆ ਦੀ ਧੀ ਮੈਰੀ ਯਹੋਵਾਹ ਦੀ ਇਕ ਗਵਾਹ ਬਣ ਗਈ। ਮੈਰੀ ਨੇ ਕਸੇਨੀਆ ਨਾਲ ਯਹੋਵਾਹ ਪਰਮੇਸ਼ੁਰ ਅਤੇ ਬਾਈਬਲ ਬਾਰੇ ਗੱਲ ਕਰਨੀ ਸ਼ੁਰੂ ਕਰ ਦਿੱਤੀ, ਪਰ ਕਸੇਨੀਆ ਸੁਣਨਾ ਨਹੀਂ ਚਾਹੁੰਦੀ ਸੀ। ਕਸੇਨੀਆ ਆਪਣੀ ਧੀ ਨੂੰ ਕਹਿੰਦੀ ਰਹਿੰਦੀ ਸੀ, “ਹੁਣ ਮੇਰੀ ਇਹ ਕੋਈ ਉਮਰ ਹੈ ਕਿ ਮੈਂ ਕਿਸੇ ਨਵੀਂ ਚੀਜ਼ ਬਾਰੇ ਸਿੱਖਾਂ।”
ਪਰ ਫਿਰ ਵੀ ਉਸ ਦੀ ਕੁੜੀ ਮੈਰੀ; ਉਸ ਦੇ ਪੋਤੇ ਦੀ ਪਤਨੀ ਲੌਂਡਾ; ਅਤੇ ਉਸ ਦੀਆਂ ਪੜਪੋਤੀਆਂ ਨਾਨਾ ਅਤੇ ਜ਼ਾਜ਼ਾ ਜੋ ਸਾਰੀਆਂ ਹੀ ਯਹੋਵਾਹ ਦੀਆਂ ਗਵਾਹਾਂ ਬਣ ਚੁੱਕੀਆਂ ਸਨ, ਲਗਾਤਾਰ ਕਸੇਨੀਆ ਨਾਲ ਬਾਈਬਲ ਬਾਰੇ ਗੱਲ ਕਰਦੀਆਂ ਰਹੀਆਂ। ਸਾਲ 1999 ਦੀ ਇਕ ਸ਼ਾਮ ਨੂੰ ਉਨ੍ਹਾਂ ਨੇ ਕਸੇਨੀਆ ਲਈ ਇਕ ਆਇਤ ਪੜ੍ਹੀ ਜੋ ਉਸ ਦੇ ਦਿਲ ਨੂੰ ਛੋਹ ਗਈ। ਇਸ ਆਇਤ ਵਿਚ ਪ੍ਰਭੂ ਦੇ ਸੰਧਿਆ ਭੋਜਨ ਨੂੰ ਸ਼ੁਰੂ ਕਰਨ ਵੇਲੇ ਯਿਸੂ ਦੇ ਆਪਣੇ ਵਫ਼ਾਦਾਰ ਚੇਲਿਆਂ ਨੂੰ ਕਹੇ ਪ੍ਰਭਾਵਸ਼ਾਲੀ ਸ਼ਬਦ ਦਿੱਤੇ ਗਏ ਹਨ। (ਲੂਕਾ 22:19, 20) 102 ਵਰ੍ਹਿਆਂ ਦੀ ਕਸੇਨੀਆ ਨੇ ਉਸੇ ਸ਼ਾਮ ਬਾਈਬਲ ਸਟੱਡੀ ਕਰਨ ਦਾ ਫ਼ੈਸਲਾ ਕੀਤਾ।
ਕਸੇਨੀਆ ਕਹਿੰਦੀ ਹੈ: “102 ਸਾਲ ਜੀਉਣ ਤੋਂ ਬਾਅਦ ਮੈਨੂੰ ਜ਼ਿੰਦਗੀ ਦਾ ਅਰਥ ਪਤਾ ਲੱਗਾ ਹੈ। ਹੁਣ ਮੈਂ ਸਮਝ ਗਈ ਹਾਂ ਕਿ ਸਾਡੇ ਮਹਾਨ ਤੇ ਪਿਆਰੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨ ਨਾਲੋਂ ਬਿਹਤਰ ਹੋਰ ਕੁਝ ਵੀ ਨਹੀਂ ਹੈ। ਮੈਂ ਅਜੇ ਵੀ ਚੁਸਤ ਅਤੇ ਸਿਹਤਮੰਦ ਹਾਂ। ਮੈਂ ਐਨਕਾਂ ਤੋਂ ਬਿਨਾਂ ਪੜ੍ਹ ਸਕਦੀ ਹਾਂ ਅਤੇ ਆਪਣੇ ਪਰਿਵਾਰ ਨਾਲ ਮਿਲ ਕੇ ਕੰਮ ਕਰਦੀ ਹਾਂ।”
5 ਨਵੰਬਰ 2000 ਨੂੰ ਕਸੇਨੀਆ ਨੇ ਬਪਤਿਸਮਾ ਲੈ ਲਿਆ। ਉਹ ਕਹਿੰਦੀ ਹੈ: “ਹੁਣ ਮੈਂ ਪਿਆਰ ਨਾਲ ਯਹੋਵਾਹ ਦੀ ਸੇਵਾ ਕਰਨ ਲਈ ਆਪਣੀ ਜ਼ਿੰਦਗੀ ਉਸ ਨੂੰ ਸਮਰਪਿਤ ਕਰ ਦਿੱਤੀ ਹੈ। ਮੈਂ ਆਪਣੇ ਘਰ ਦੇ ਨੇੜੇ ਬਸ ਸਟੈਂਡ ਤੇ ਬੈਠ ਕੇ ਰਸਾਲੇ ਅਤੇ ਟ੍ਰੈਕਟ ਵੰਡਦੀ ਹਾਂ। ਰਿਸ਼ਤੇਦਾਰ ਅਕਸਰ ਮੈਨੂੰ ਮਿਲਣ ਆਉਂਦੇ ਰਹਿੰਦੇ ਹਨ ਤੇ ਮੈਂ ਖ਼ੁਸ਼ੀ-ਖ਼ੁਸ਼ੀ ਉਨ੍ਹਾਂ ਨਾਲ ਯਹੋਵਾਹ ਬਾਰੇ ਸੱਚਾਈ ਸਾਂਝੀ ਕਰਦੀ ਹਾਂ।”
ਕਸੇਨੀਆ ਉਸ ਦਿਨ ਦੀ ਉਡੀਕ ਕਰ ਰਹੀ ਹੈ ਜਦੋਂ ‘ਉਸ ਦਾ ਮਾਸ ਬਾਲਕ ਨਾਲੋਂ ਵਧੀਕ ਹਰਿਆ ਭਰਿਆ ਹੋ ਜਾਊਗਾ ਤੇ ਉਹ ਆਪਣੀ ਜਵਾਨੀ ਵੱਲ ਮੁੜ ਆਊਗੀ।’ (ਅੱਯੂਬ 33:25) ਜੇ ਸੌ ਸਾਲ ਤੋਂ ਵੱਧ ਉਮਰ ਦੀ ਹੋ ਕੇ ਵੀ ਕਸੇਨੀਆ ਬਾਈਬਲ ਤੋਂ ਜ਼ਿੰਦਗੀ ਦੇ ਅਰਥ ਬਾਰੇ ਸਿੱਖ ਸਕਦੀ ਹੈ, ਤਾਂ ਫਿਰ ਤੁਸੀਂ ਕਿਉਂ ਨਹੀਂ ਸਿੱਖਦੇ?