Skip to content

Skip to table of contents

ਸਥਿਰ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ

ਸਥਿਰ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ

ਸਥਿਰ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੋ

“ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ।”—ਜ਼ਬੂਰ 57:7.

1. ਅਸੀਂ ਦਾਊਦ ਵਾਂਗ ਕਿਉਂ ਦ੍ਰਿੜ੍ਹ ਵਿਸ਼ਵਾਸ ਰੱਖ ਸਕਦੇ ਹਾਂ?

ਯਹੋਵਾਹ ਮਸੀਹੀ ਨਿਹਚਾ ਵਿਚ ਸਾਨੂੰ ਸਥਿਰ ਕਰ ਸਕਦਾ ਹੈ ਤਾਂਕਿ ਅਸੀਂ ਉਸ ਦੇ ਸਮਰਪਿਤ ਸੇਵਕਾਂ ਵਜੋਂ ਸੱਚੀ ਮਸੀਹੀਅਤ ਉੱਤੇ ਚੱਲਦੇ ਰਹੀਏ। (ਰੋਮੀਆਂ 14:4) ਇਸ ਲਈ, ਅਸੀਂ ਵੀ ਜ਼ਬੂਰਾਂ ਦੇ ਲਿਖਾਰੀ ਦਾਊਦ ਵਾਂਗ ਦ੍ਰਿੜ੍ਹ ਵਿਸ਼ਵਾਸ ਰੱਖ ਸਕਦੇ ਹਾਂ ਜੋ ਇਹ ਗਾਉਣ ਲਈ ਪ੍ਰੇਰਿਤ ਹੋਇਆ: “ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ।” (ਜ਼ਬੂਰ 108:1) ਜੇ ਸਾਡਾ ਮਨ ਕਾਇਮ ਜਾਂ ਸਥਿਰ ਹੈ, ਤਾਂ ਅਸੀਂ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਪ੍ਰੇਰਿਤ ਹੋਵਾਂਗੇ। ਉਸ ਦੀ ਅਗਵਾਈ ਅਤੇ ਬਲ ਨਾਲ ਅਸੀਂ ਉਸ ਦੇ ਮਜ਼ਬੂਤ ਤੇ ਵਫ਼ਾਦਾਰ ਉਪਾਸਕ ਰਹਾਂਗੇ, ਆਪਣੇ ਇਰਾਦੇ ਤੇ ਨਿਹਚਾ ਵਿਚ ਪੱਕੇ ਹੋਵਾਂਗੇ ਅਤੇ ਅਸੀਂ ‘ਪ੍ਰਭੁ ਦੇ ਕੰਮ ਵਿੱਚ ਸਦਾ ਵਧਦੇ ਜਾਵਾਂਗੇ।’—1 ਕੁਰਿੰਥੀਆਂ 15:58.

2, 3. ਪਹਿਲਾ ਕੁਰਿੰਥੀਆਂ 16:13 ਵਿਚ ਦਰਜ ਪੌਲੁਸ ਦੀ ਨਸੀਹਤ ਦਾ ਕੀ ਮਤਲਬ ਹੈ?

2 ਪੁਰਾਣੇ ਕੁਰਿੰਥੁਸ ਵਿਚ ਯਿਸੂ ਦੇ ਪੈਰੋਕਾਰਾਂ ਨੂੰ ਦਿੱਤੀਆਂ ਨਸੀਹਤਾਂ, ਜੋ ਅੱਜ ਦੇ ਮਸੀਹੀਆਂ ਉੱਤੇ ਵੀ ਲਾਗੂ ਹੁੰਦੀਆਂ ਹਨ, ਵਿਚ ਪੌਲੁਸ ਰਸੂਲ ਨੇ ਕਿਹਾ ਸੀ: “ਜਾਗਦੇ ਰਹੋ ਵਿਸ਼ਵਾਸ ਵਿਚ ਅਟਲ ਰਹੋ, ਮਰਦ ਬਣ ਕੇ ਰਹੋ, ਅਤੇ ਤਕੜੇ ਹੋਵੋ।” (1 ਕੁਰਿੰਥੀਆਂ 16:13, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯੂਨਾਨੀ ਵਿਚ ਇਹ ਸਾਰੀਆਂ ਕਿਰਿਆਵਾਂ ਵਰਤਮਾਨ ਕਾਲ ਵਿਚ ਹਨ ਜੋ ਦਿਖਾਉਂਦੀਆਂ ਹਨ ਕਿ ਸਾਨੂੰ ਇਹ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ। ਇਸ ਨਸੀਹਤ ਦਾ ਕੀ ਮਤਲਬ ਹੈ?

3 ਅਸੀਂ ਸ਼ਤਾਨ ਦਾ ਵਿਰੋਧ ਕਰ ਕੇ ਅਤੇ ਪਰਮੇਸ਼ੁਰ ਦੇ ਨੇੜੇ ਰਹਿ ਕੇ ਅਧਿਆਤਮਿਕ ਤੌਰ ਤੇ ‘ਜਾਗਦੇ ਰਹਿ’ ਸਕਦੇ ਹਾਂ। (ਯਾਕੂਬ 4:7, 8) ਯਹੋਵਾਹ ਉੱਤੇ ਭਰੋਸਾ ਰੱਖਣ ਨਾਲ ਅਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲੋਂ ਕਦੀ ਨਾਤਾ ਨਹੀਂ ਤੋੜਾਂਗੇ ਅਤੇ ‘ਮਸੀਹੀ ਵਿਸ਼ਵਾਸ ਵਿਚ ਅਟਲ ਰਹਾਂਗੇ।’ ਅਸੀਂ ਤੇ ਸਾਡੇ ਨਾਲ ਜੋ ਭੈਣ-ਭਰਾ ਹਨ, ਸਾਰੇ ਮਿਲ ਕੇ ਰਾਜ ਦੇ ਪ੍ਰਚਾਰਕਾਂ ਦੇ ਤੌਰ ਤੇ ਪਰਮੇਸ਼ੁਰ ਦੀ ਸੇਵਾ “ਮਰਦ ਬਣ ਕੇ” ਦਲੇਰੀ ਨਾਲ ਕਰਦੇ ਹਾਂ। (ਯੋਏਲ 2:28, 29) ਅਸੀਂ ਆਪਣੇ ਸਵਰਗੀ ਪਿਤਾ ਦੀ ਮਰਜ਼ੀ ਪੂਰੀ ਕਰਨ ਵਾਸਤੇ ਬਲ ਲਈ ਪ੍ਰਾਰਥਨਾ ਕਰ ਕੇ ‘ਤਕੜੇ ਹੁੰਦੇ’ ਹਾਂ।—ਫ਼ਿਲਿੱਪੀਆਂ 4:13.

4. ਅਸੀਂ ਮਸੀਹੀਆਂ ਦੇ ਤੌਰ ਤੇ ਬਪਤਿਸਮਾ ਲੈਣ ਤੋਂ ਪਹਿਲਾਂ ਕਿਹੜੇ ਕਦਮ ਚੁੱਕੇ ਸਨ?

4 ਅਸੀਂ ਸੱਚਾਈ ਦੇ ਪੱਖ ਵਿਚ ਉਦੋਂ ਖੜ੍ਹੇ ਹੋਏ ਜਦੋਂ ਅਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਅਤੇ ਇਸ ਦੇ ਸਬੂਤ ਵਜੋਂ ਪਾਣੀ ਦਾ ਬਪਤਿਸਮਾ ਲਿਆ। ਪਰ ਅਸੀਂ ਬਪਤਿਸਮਾ ਲੈਣ ਤੋਂ ਪਹਿਲਾਂ ਕਿਹੜੇ ਕਦਮ ਚੁੱਕੇ ਸਨ? ਪਹਿਲਾਂ ਅਸੀਂ ਪਰਮੇਸ਼ੁਰ ਦੇ ਬਚਨ ਦਾ ਸਹੀ ਗਿਆਨ ਲਿਆ। (ਯੂਹੰਨਾ 17:3) ਇਸ ਨਾਲ ਸਾਡੇ ਵਿਚ ਨਿਹਚਾ ਪੈਦਾ ਹੋਈ ਅਤੇ ਅਸੀਂ ਤੋਬਾ ਕਰਨ ਲਈ ਪ੍ਰੇਰਿਤ ਹੋਏ ਤੇ ਆਪਣੀਆਂ ਪਿਛਲੀਆਂ ਗ਼ਲਤੀਆਂ ਉੱਤੇ ਸੱਚੇ ਦਿਲੋਂ ਪਛਤਾਵਾ ਕੀਤਾ। (ਰਸੂਲਾਂ ਦੇ ਕਰਤੱਬ 3:19; ਇਬਰਾਨੀਆਂ 11:6) ਫਿਰ ਅਸੀਂ ਗ਼ਲਤ ਰਾਹ ਤੋਂ ਮੁੜੇ ਅਤੇ ਪਰਮੇਸ਼ੁਰ ਦੀ ਇੱਛਾ ਅਨੁਸਾਰ ਆਪਣੀ ਜ਼ਿੰਦਗੀ ਜੀਉਣ ਲਈ ਗ਼ਲਤ ਕੰਮਾਂ ਨੂੰ ਛੱਡਿਆ। (ਰੋਮੀਆਂ 12:2; ਅਫ਼ਸੀਆਂ 4:23, 24) ਇਸ ਤੋਂ ਬਾਅਦ ਅਸੀਂ ਪੂਰੇ ਦਿਲ ਨਾਲ ਯਹੋਵਾਹ ਨੂੰ ਪ੍ਰਾਰਥਨਾ ਵਿਚ ਆਪਣਾ ਸਮਰਪਣ ਕੀਤਾ। (ਮੱਤੀ 16:24; 1 ਪਤਰਸ 2:21) ਅਸੀਂ ਯਹੋਵਾਹ ਨੂੰ ਸ਼ੁੱਧ ਅੰਤਹਕਰਣ ਲਈ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਕੀਤੇ ਆਪਣੇ ਸਮਰਪਣ ਦੇ ਸਬੂਤ ਵਜੋਂ ਬਪਤਿਸਮਾ ਲਿਆ। (1 ਪਤਰਸ 3:21) ਇਨ੍ਹਾਂ ਕਦਮਾਂ ਉੱਤੇ ਵਿਚਾਰ ਕਰਨ ਨਾਲ ਸਾਨੂੰ ਹਮੇਸ਼ਾ ਯਾਦ ਰਹੇਗਾ ਕਿ ਸਾਨੂੰ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਅਤੇ ਸਥਿਰ ਮਨ ਨਾਲ ਯਹੋਵਾਹ ਦੀ ਭਗਤੀ ਕਰਦੇ ਰਹਿਣ ਲਈ ਲਗਾਤਾਰ ਜਤਨ ਕਰਦੇ ਰਹਿਣ ਦੀ ਲੋੜ ਹੈ।

ਸਹੀ ਗਿਆਨ ਲੈਂਦੇ ਰਹੋ

5. ਸਾਨੂੰ ਬਾਈਬਲ ਦਾ ਗਿਆਨ ਕਿਉਂ ਲੈਂਦੇ ਰਹਿਣਾ ਚਾਹੀਦਾ ਹੈ?

5 ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਬਾਈਬਲ ਦਾ ਗਿਆਨ ਲੈਂਦੇ ਰਹੀਏ ਜੋ ਸਾਡੀ ਨਿਹਚਾ ਨੂੰ ਮਜ਼ਬੂਤ ਕਰੇਗਾ। ਉਸ ਵੇਲੇ ਅਧਿਆਤਮਿਕ ਭੋਜਨ ਲੈ ਕੇ ਸਾਨੂੰ ਕਿੰਨੀ ਖ਼ੁਸ਼ੀ ਹੋਈ ਸੀ ਜਦੋਂ ਸਾਨੂੰ ਪਹਿਲੀ ਵਾਰ ਪਰਮੇਸ਼ੁਰ ਬਾਰੇ ਸੱਚਾਈ ਪਤਾ ਲੱਗੀ ਸੀ! (ਮੱਤੀ 24:45-47) ਉਹ “ਭੋਜਨ” ਬਹੁਤ ਹੀ ਸੁਆਦੀ ਸਨ ਅਤੇ ਉਨ੍ਹਾਂ ਤੋਂ ਸਾਨੂੰ ਅਧਿਆਤਮਿਕ ਤਾਕਤ ਮਿਲੀ। ਹੁਣ ਪੌਸ਼ਟਿਕ ਅਧਿਆਤਮਿਕ ਭੋਜਨ ਲੈਂਦੇ ਰਹਿਣਾ ਬਹੁਤ ਜ਼ਰੂਰੀ ਹੈ ਤਾਂਕਿ ਅਸੀਂ ਯਹੋਵਾਹ ਦੇ ਸਮਰਪਿਤ ਸੇਵਕਾਂ ਵਜੋਂ ਸਥਿਰ ਮਨ ਨਾਲ ਉਸ ਦੀ ਭਗਤੀ ਕਰਦੇ ਰਹੀਏ।

6. ਬਾਈਬਲ ਸੱਚਾਈ ਲਈ ਦਿਲੀ ਕਦਰਦਾਨੀ ਪੈਦਾ ਕਰਨ ਵਿਚ ਕਿਵੇਂ ਤੁਹਾਡੀ ਮਦਦ ਕੀਤੀ ਗਈ ਸੀ?

6 ਬਾਈਬਲ ਦਾ ਗਿਆਨ ਲੈਂਦੇ ਰਹਿਣ ਲਈ ਜਤਨ ਕਰਨ ਦੀ ਲੋੜ ਹੈ। ਇਹ ਗੁਪਤ ਖ਼ਜ਼ਾਨੇ ਦੀ ਭਾਲ ਕਰਨ ਦੇ ਬਰਾਬਰ ਹੈ ਜਿਸ ਦੇ ਲਈ ਮਿਹਨਤ ਕਰਨੀ ਪਏਗੀ। ਪਰ “ਪਰਮੇਸ਼ੁਰ ਦੇ ਗਿਆਨ” ਨੂੰ ਪ੍ਰਾਪਤ ਕਰਨ ਨਾਲ ਸਾਨੂੰ ਬਹੁਤ ਫ਼ਾਇਦਾ ਹੋਵੇਗਾ। (ਕਹਾਉਤਾਂ 2:1-6) ਜਦੋਂ ਇਕ ਰਾਜ ਪ੍ਰਚਾਰਕ ਨੇ ਤੁਹਾਡੇ ਨਾਲ ਬਾਈਬਲ ਦਾ ਅਧਿਐਨ ਕੀਤਾ ਸੀ, ਤਾਂ ਉਸ ਨੇ ਇਸ ਦੇ ਲਈ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ ਇਸਤੇਮਾਲ ਕੀਤੀ ਹੋਣੀ। ਹਰ ਅਧਿਆਇ ਉੱਤੇ ਚਰਚਾ ਕਰਨ ਲਈ ਕਾਫ਼ੀ ਸਮਾਂ ਲੱਗਾ ਹੋਣਾ, ਸ਼ਾਇਦ ਕਈ ਹਫ਼ਤੇ ਵੀ ਲੱਗੇ ਹੋਣ। ਜਦੋਂ ਤੁਹਾਨੂੰ ਸਟੱਡੀ ਕਰਾਉਣ ਵਾਲੀ ਭੈਣ ਜਾਂ ਭਰਾ ਨੇ ਅਧਿਆਵਾਂ ਵਿਚ ਦਿੱਤੇ ਹਵਾਲਿਆਂ ਨੂੰ ਪੜ੍ਹ ਕੇ ਸਮਝਾਇਆ, ਤਾਂ ਇਸ ਨਾਲ ਤੁਹਾਨੂੰ ਬਹੁਤ ਫ਼ਾਇਦਾ ਹੋਇਆ। ਜੇ ਤੁਹਾਨੂੰ ਕੋਈ ਗੱਲ ਸਮਝ ਨਹੀਂ ਆਈ, ਤਾਂ ਉਸ ਨੇ ਤੁਹਾਨੂੰ ਖੋਲ੍ਹ ਕੇ ਸਮਝਾਇਆ। ਉਸ ਨੇ ਚੰਗੀ ਤਿਆਰੀ ਕੀਤੀ, ਪਰਮੇਸ਼ੁਰ ਦੀ ਆਤਮਾ ਲਈ ਪ੍ਰਾਰਥਨਾ ਕੀਤੀ ਅਤੇ ਸੱਚਾਈ ਲਈ ਦਿਲੀ ਕਦਰਦਾਨੀ ਪੈਦਾ ਕਰਨ ਵਿਚ ਤੁਹਾਡੀ ਮਦਦ ਕੀਤੀ।

7. ਇਕ ਵਿਅਕਤੀ ਪਰਮੇਸ਼ੁਰ ਦਾ ਬਚਨ ਦੂਸਰਿਆਂ ਨੂੰ ਸਿਖਾਉਣ ਦੇ ਕਿਵੇਂ ਯੋਗ ਬਣਦਾ ਹੈ?

7 ਇਹ ਜਤਨ ਢੁਕਵੇਂ ਸਨ, ਕਿਉਂਕਿ ਪੌਲੁਸ ਨੇ ਲਿਖਿਆ ਸੀ: “ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰਿਆਂ ਪਦਾਰਥਾਂ ਵਿੱਚ ਸਾਂਝੀ ਕਰੇ।” (ਗਲਾਤੀਆਂ 6:6) ਇੱਥੇ ਯੂਨਾਨੀ ਪਾਠ ਇਹ ਸੰਕੇਤ ਕਰਦਾ ਹੈ ਕਿ ਪਰਮੇਸ਼ੁਰ ਦੇ ਬਚਨ ਦੀਆਂ ਸਿੱਖਿਆਵਾਂ ‘ਸਿੱਖਿਆ ਲੈਣ ਵਾਲੇ’ ਦੇ ਦਿਲ-ਦਿਮਾਗ਼ ਵਿਚ ਬਿਠਾਈਆਂ ਗਈਆਂ ਸਨ। ਜਦੋਂ ਤੁਸੀਂ ਇੱਦਾਂ ਸਿੱਖਿਆ ਪ੍ਰਾਪਤ ਕੀਤੀ, ਤਾਂ ਤੁਸੀਂ ਵੀ ਹੋਰ ਲੋਕਾਂ ਨੂੰ ਸਿਖਾਉਣ ਦੇ ਯੋਗ ਹੋ ਗਏ। (ਰਸੂਲਾਂ ਦੇ ਕਰਤੱਬ 18:25) ਆਪਣੇ ਸਮਰਪਣ ਦੇ ਪ੍ਰਣ ਪ੍ਰਤੀ ਵਫ਼ਾਦਾਰ ਰਹਿਣ ਲਈ ਤੁਹਾਨੂੰ ਪਰਮੇਸ਼ੁਰ ਦੇ ਬਚਨ ਦਾ ਬਾਕਾਇਦਾ ਅਧਿਐਨ ਕਰ ਕੇ ਆਪਣੀ ਅਧਿਆਤਮਿਕ ਸਿਹਤ ਅਤੇ ਸਥਿਰਤਾ ਨੂੰ ਕਾਇਮ ਰੱਖਣ ਦੀ ਲੋੜ ਹੈ।—1 ਤਿਮੋਥਿਉਸ 4:13; ਤੀਤੁਸ 1:13; 2:2.

ਯਾਦ ਰੱਖੋ ਕਿ ਤੁਸੀਂ ਤੋਬਾ ਕੀਤੀ ਸੀ ਅਤੇ ਵਾਪਸ ਮੁੜੇ ਸੀ

8. ਚੰਗਾ ਚਾਲ-ਚਲਣ ਰੱਖਣਾ ਕਿਵੇਂ ਮੁਮਕਿਨ ਹੈ?

8 ਕੀ ਤੁਹਾਨੂੰ ਯਾਦ ਹੈ ਕਿ ਜਦੋਂ ਤੁਸੀਂ ਸੱਚਾਈ ਸਿੱਖੀ ਸੀ, ਤੋਬਾ ਕੀਤੀ ਸੀ ਅਤੇ ਫਿਰ ਤੁਹਾਨੂੰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਵਿਸ਼ਵਾਸ ਦੇ ਆਧਾਰ ਤੇ ਪਰਮੇਸ਼ੁਰ ਦੁਆਰਾ ਮਾਫ਼ ਕੀਤੇ ਜਾਣ ਦਾ ਅਹਿਸਾਸ ਹੋਇਆ ਸੀ, ਤਾਂ ਤੁਹਾਨੂੰ ਕਿੰਨੀ ਰਾਹਤ ਮਿਲੀ ਸੀ? (ਜ਼ਬੂਰ 32:1-5; ਰੋਮੀਆਂ 5:8; 1 ਪਤਰਸ 3:18) ਯਕੀਨਨ ਤੁਸੀਂ ਫਿਰ ਪਾਪ ਦੀ ਜ਼ਿੰਦਗੀ ਵੱਲ ਕਦੀ ਮੁੜਨਾ ਨਹੀਂ ਚਾਹੋਗੇ। (2 ਪਤਰਸ 2:20-22) ਦੂਸਰੀਆਂ ਚੀਜ਼ਾਂ ਦੇ ਨਾਲ-ਨਾਲ ਯਹੋਵਾਹ ਨੂੰ ਨਿਯਮਿਤ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਆਪਣਾ ਚਾਲ-ਚਲਣ ਸਾਫ਼ ਰੱਖਣ, ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਅਤੇ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਰਹਿਣ ਵਿਚ ਮਦਦ ਮਿਲੇਗੀ।—2 ਪਤਰਸ 3:11, 12.

9. ਪਾਪੀ ਕੰਮਾਂ ਨੂੰ ਛੱਡਣ ਮਗਰੋਂ ਸਾਨੂੰ ਕੀ ਕਰਨਾ ਚਾਹੀਦਾ ਹੈ?

9 ਪਾਪੀ ਕੰਮਾਂ ਨੂੰ ਛੱਡਣ ਤੋਂ ਬਾਅਦ ਆਪਣੇ ਮਨ ਨੂੰ ਸਥਿਰ ਰੱਖਣ ਲਈ ਲਗਾਤਾਰ ਯਹੋਵਾਹ ਤੋਂ ਮਦਦ ਮੰਗੋ। ਅਸਲ ਵਿਚ ਤੁਸੀਂ ਗ਼ਲਤ ਰਾਹ ਤੇ ਤੁਰ ਰਹੇ ਸੀ, ਪਰ ਤੁਸੀਂ ਇਕ ਸਹੀ ਨਕਸ਼ਾ ਦੇਖਿਆ ਅਤੇ ਠੀਕ ਰਾਹ ਤੇ ਤੁਰਨਾ ਸ਼ੁਰੂ ਕਰ ਦਿੱਤਾ। ਹੁਣ ਤੁਸੀਂ ਗੁਮਰਾਹ ਨਾ ਹੋਵੋ। ਯਹੋਵਾਹ ਦੀ ਅਗਵਾਈ ਤੇ ਭਰੋਸਾ ਰੱਖੋ ਅਤੇ ਜ਼ਿੰਦਗੀ ਦੇ ਰਾਹ ਉੱਤੇ ਚੱਲਦੇ ਰਹਿਣ ਦਾ ਪੱਕਾ ਇਰਾਦਾ ਕਰੋ।—ਯਸਾਯਾਹ 30:20, 21; ਮੱਤੀ 7:13, 14.

ਆਪਣੇ ਸਮਰਪਣ ਅਤੇ ਬਪਤਿਸਮੇ ਨੂੰ ਕਦੀ ਨਾ ਭੁੱਲੋ

10. ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਸੰਬੰਧ ਵਿਚ ਸਾਨੂੰ ਕਿਹੜੀਆਂ ਗੱਲਾਂ ਯਾਦ ਰੱਖਣੀਆਂ ਚਾਹੀਦੀਆਂ ਹਨ?

10 ਯਾਦ ਰੱਖੋ ਕਿ ਤੁਸੀਂ ਪ੍ਰਾਰਥਨਾ ਵਿਚ ਯਹੋਵਾਹ ਨੂੰ ਆਪਣਾ ਸਮਰਪਣ ਕੀਤਾ ਸੀ ਅਤੇ ਵਫ਼ਾਦਾਰੀ ਨਾਲ ਹਮੇਸ਼ਾ-ਹਮੇਸ਼ਾ ਲਈ ਉਸ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ ਸੀ। (ਯਹੂਦਾਹ 20, 21) ਸਮਰਪਣ ਦਾ ਮਤਲਬ ਹੈ ਪਵਿੱਤਰ ਮਕਸਦ ਲਈ ਅਲੱਗ ਰੱਖਣਾ ਜਾਂ ਵੱਖਰਾ ਕਰਨਾ। (ਲੇਵੀਆਂ 15:31; 22:2) ਤੁਹਾਡਾ ਸਮਰਪਣ ਨਾ ਤਾਂ ਥੋੜ੍ਹੇ ਸਮੇਂ ਦਾ ਇਕਰਾਰਨਾਮਾ ਸੀ ਤੇ ਨਾ ਹੀ ਇਨਸਾਨਾਂ ਨਾਲ ਵਾਅਦਾ ਸੀ। ਇਹ ਸਰਬਸੱਤਾਵਾਨ ਪ੍ਰਭੂ ਨੂੰ ਹਮੇਸ਼ਾ-ਹਮੇਸ਼ਾ ਲਈ ਸਮਰਪਣ ਸੀ ਅਤੇ ਇਸ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਜ਼ਿੰਦਗੀ ਭਰ ਪਰਮੇਸ਼ੁਰ ਪ੍ਰਤੀ ਵਫ਼ਾਦਾਰੀ ਰੱਖਣੀ ਜ਼ਰੂਰੀ ਹੈ। ਜੀ ਹਾਂ, ਅਸੀਂ ‘ਭਾਵੇਂ ਜੀਵੀਏ ਭਾਵੇਂ ਮਰੀਏ ਪਰ ਹਾਂ ਅਸੀਂ ਪ੍ਰਭੁ ਦੇ ਹੀ।’ (ਰੋਮੀਆਂ 14:7, 8) ਜੇ ਅਸੀਂ ਉਸ ਦੀ ਇੱਛਾ ਦੇ ਅਧੀਨ ਹੁੰਦੇ ਹਾਂ ਅਤੇ ਸਥਿਰ ਮਨ ਨਾਲ ਉਸ ਦੀ ਸੇਵਾ ਲਗਾਤਾਰ ਕਰਦੇ ਰਹਿੰਦੇ ਹਾਂ, ਤਾਂ ਸਾਨੂੰ ਜ਼ਿੰਦਗੀ ਵਿਚ ਖ਼ੁਸ਼ੀ ਮਿਲੇਗੀ।

11. ਤੁਹਾਨੂੰ ਆਪਣੇ ਬਪਤਿਸਮੇ ਨੂੰ ਅਤੇ ਇਸ ਦੀ ਅਹਿਮੀਅਤ ਨੂੰ ਕਿਉਂ ਯਾਦ ਰੱਖਣਾ ਚਾਹੀਦਾ ਹੈ?

11 ਹਮੇਸ਼ਾ ਯਾਦ ਰੱਖੋ ਕਿ ਤੁਹਾਡਾ ਬਪਤਿਸਮਾ ਪਰਮੇਸ਼ੁਰ ਨੂੰ ਕੀਤੇ ਤੁਹਾਡੇ ਦਿਲੀ ਸਮਰਪਣ ਦਾ ਸਬੂਤ ਹੈ। ਤੁਹਾਨੂੰ ਕਿਸੇ ਨੇ ਜ਼ਬਰਦਸਤੀ ਬਪਤਿਸਮਾ ਨਹੀਂ ਦਿੱਤਾ ਕਿਉਂਕਿ ਤੁਸੀਂ ਆਪ ਇਸ ਬਾਰੇ ਫ਼ੈਸਲਾ ਕੀਤਾ ਸੀ। ਹੁਣ ਕੀ ਤੁਸੀਂ ਆਪਣੀ ਮਰਜ਼ੀ ਨਾਲ ਆਪਣੀ ਪੂਰੀ ਜ਼ਿੰਦਗੀ ਪਰਮੇਸ਼ੁਰ ਦੀ ਇੱਛਾ ਅਨੁਸਾਰ ਚੱਲਣ ਲਈ ਦ੍ਰਿੜ੍ਹ ਹੋ? ਤੁਸੀਂ ਪਰਮੇਸ਼ੁਰ ਨੂੰ ਸ਼ੁੱਧ ਅੰਤਹਕਰਣ ਲਈ ਪ੍ਰਾਰਥਨਾ ਕੀਤੀ ਸੀ ਅਤੇ ਉਸ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਤੀਕ ਵਜੋਂ ਬਪਤਿਸਮਾ ਲਿਆ ਸੀ। ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਉਸ ਸ਼ੁੱਧ ਅੰਤਹਕਰਣ ਨੂੰ ਕਾਇਮ ਰੱਖੋ। ਇਸ ਤਰ੍ਹਾਂ ਕਰਨ ਨਾਲ ਯਹੋਵਾਹ ਦੀਆਂ ਭਰਪੂਰ ਬਰਕਤਾਂ ਤੁਹਾਡੇ ਉੱਤੇ ਰਹਿਣਗੀਆਂ।—ਕਹਾਉਤਾਂ 10:22.

ਤੁਹਾਡੀ ਮਰਜ਼ੀ ਜ਼ਰੂਰੀ ਹੈ

12, 13. ਸਮਰਪਣ ਅਤੇ ਬਪਤਿਸਮੇ ਦਾ ਸਾਡੀ ਮਰਜ਼ੀ ਨਾਲ ਕੀ ਸੰਬੰਧ ਹੈ?

12 ਸਮਰਪਣ ਅਤੇ ਬਪਤਿਸਮੇ ਨਾਲ ਪੂਰੀ ਦੁਨੀਆਂ ਵਿਚ ਲੱਖਾਂ ਲੋਕਾਂ ਨੂੰ ਫ਼ਾਇਦਾ ਹੋਇਆ ਹੈ। ਜਦੋਂ ਅਸੀਂ ਪਾਣੀ ਦਾ ਬਪਤਿਸਮਾ ਲੈ ਕੇ ਪਰਮੇਸ਼ੁਰ ਨੂੰ ਆਪਣੇ ਸਮਰਪਣ ਦਾ ਸਬੂਤ ਦਿੰਦੇ ਹਾਂ, ਤਾਂ ਅਸੀਂ ਆਪਣੀ ਜ਼ਿੰਦਗੀ ਦੇ ਪੁਰਾਣੇ ਤੌਰ-ਤਰੀਕੇ ਪੱਖੋਂ ਮਰ ਜਾਂਦੇ ਹਾਂ ਪਰ ਅਸੀਂ ਆਪਣੀ ਮਰਜ਼ੀ ਨਹੀਂ ਤਿਆਗਦੇ। ਅਸੀਂ ਗਿਆਨ ਲੈ ਕੇ ਨਿਹਚਾ ਕੀਤੀ ਸੀ, ਇਸ ਲਈ ਅਸੀਂ ਅਸਲ ਵਿਚ ਆਪਣੀ ਮਰਜ਼ੀ ਨਾਲ ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਆਪਣਾ ਸਮਰਪਣ ਕੀਤਾ ਸੀ ਅਤੇ ਬਪਤਿਸਮਾ ਲਿਆ ਸੀ। ਸਮਰਪਣ ਕਰਨ ਅਤੇ ਬਪਤਿਸਮਾ ਲੈਣ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਇੱਛਾ ਬਾਰੇ ਜਾਣੀਏ ਅਤੇ ਫਿਰ ਆਪਣੀ ਮਰਜ਼ੀ ਨਾਲ ਇਸ ਨੂੰ ਪੂਰਾ ਕਰਨ ਦਾ ਫ਼ੈਸਲਾ ਕਰੀਏ। (ਅਫ਼ਸੀਆਂ 5:17) ਇਸ ਤਰ੍ਹਾਂ ਅਸੀਂ ਯਿਸੂ ਦੀ ਨਕਲ ਕਰਦੇ ਹਾਂ ਜਿਸ ਨੇ ਆਪਣੀ ਮਰਜ਼ੀ ਨਾਲ ਆਪਣਾ ਤਰਖਾਣਾ ਕੰਮ ਛੱਡਿਆ, ਬਪਤਿਸਮਾ ਲਿਆ ਅਤੇ ਆਪਣੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਨ ਵਿਚ ਰੁੱਝ ਗਿਆ।—ਜ਼ਬੂਰ 40:7, 8; ਯੂਹੰਨਾ 6:38-40.

13 ਯਹੋਵਾਹ ਪਰਮੇਸ਼ੁਰ ਦਾ ਮਕਸਦ ਸੀ ਕਿ ਉਸ ਦਾ ਪੁੱਤਰ “ਦੁਖਾਂ ਦੇ ਦੁਆਰਾ ਸੰਪੂਰਨ” ਹੋਵੇ। ਇਸ ਤਰ੍ਹਾਂ ਕਰਨ ਲਈ ਯਿਸੂ ਦੀ ਆਪਣੀ ਮਰਜ਼ੀ ਹੋਣੀ ਜ਼ਰੂਰੀ ਸੀ ਤਾਂਕਿ ਉਹ ਵਫ਼ਾਦਾਰੀ ਨਾਲ ਦੁੱਖਾਂ ਨੂੰ ਝੱਲ ਸਕੇ। ਇਸ ਵਾਸਤੇ ਉਸ ਨੇ “ਬਹੁਤ ਢਾਹਾਂ ਮਾਰ ਮਾਰ ਕੇ ਅਤੇ ਅੰਝੂ ਕੇਰ ਕੇਰ ਕੇ . . . ਬੇਨਤੀਆਂ ਅਤੇ ਮਿੰਨਤਾਂ ਕੀਤੀਆਂ ਅਤੇ ਪਰਮੇਸ਼ੁਰ ਦਾ ਭੈ ਰੱਖਣ ਦੇ ਕਾਰਨ ਉਹ ਦੀ ਸੁਣੀ ਗਈ।” (ਇਬਰਾਨੀਆਂ 2:10, 18; 5:7, 8) ਜੇ ਅਸੀਂ ਪਰਮੇਸ਼ੁਰ ਦਾ ਸ਼ਰਧਾਮਈ ਡਰ ਰੱਖਦੇ ਹਾਂ, ਤਾਂ ਅਸੀਂ ਵੀ ਇਹ ਵਿਸ਼ਵਾਸ ਰੱਖ ਸਕਦੇ ਹਾਂ ਕਿ ਸਾਡੀ “ਸੁਣੀ” ਜਾਵੇਗੀ ਅਤੇ ਯਹੋਵਾਹ ਸਾਨੂੰ ਆਪਣੇ ਸਮਰਪਿਤ ਗਵਾਹਾਂ ਦੇ ਤੌਰ ਤੇ ਸਥਿਰ ਕਰੇਗਾ।—ਯਸਾਯਾਹ 43:10.

ਤੁਸੀਂ ਇਕ ਸਥਿਰ ਮਨ ਰੱਖ ਸਕਦੇ ਹੋ

14. ਸਾਨੂੰ ਰੋਜ਼ ਬਾਈਬਲ ਕਿਉਂ ਪੜ੍ਹਨੀ ਚਾਹੀਦੀ ਹੈ?

14 ਕਿਹੜੀ ਚੀਜ਼ ਇਕ ਸਥਿਰ ਮਨ ਰੱਖਣ ਅਤੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਵਿਚ ਮਦਦ ਕਰ ਸਕਦੀ ਹੈ? ਪਰਮੇਸ਼ੁਰ ਦੇ ਬਚਨ ਦਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਲੈਣ ਲਈ ਰੋਜ਼ ਬਾਈਬਲ ਪੜ੍ਹੋ। “ਮਾਤਬਰ ਅਤੇ ਬੁੱਧਵਾਨ ਨੌਕਰ” ਸਾਨੂੰ ਵਾਰ-ਵਾਰ ਇਹੀ ਕਰਨ ਲਈ ਕਹਿੰਦਾ ਹੈ। ਇਹ ਸਲਾਹ ਇਸ ਕਰਕੇ ਦਿੱਤੀ ਜਾਂਦੀ ਹੈ ਕਿਉਂਕਿ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ਦੀ ਸੱਚਾਈ ਦੇ ਰਾਹ ਉੱਤੇ ਚੱਲਦੇ ਰਹੀਏ। ਜੇ ਯਹੋਵਾਹ ਦਾ ਸੰਗਠਨ ਜਾਣ-ਬੁੱਝ ਕੇ ਝੂਠੀਆਂ ਸਿੱਖਿਆਵਾਂ ਦਾ ਸਮਰਥਨ ਕਰਦਾ ਹੁੰਦਾ, ਤਾਂ ਇਹ ਸੰਗਠਨ ਯਹੋਵਾਹ ਦੇ ਗਵਾਹਾਂ ਨੂੰ ਤੇ ਦੂਸਰਿਆਂ ਨੂੰ ਕਦੀ ਵੀ ਬਾਈਬਲ ਪੜ੍ਹਨ ਦੀ ਸਲਾਹ ਨਾ ਦਿੰਦਾ।

15. (ੳ) ਫ਼ੈਸਲੇ ਕਰਨ ਵੇਲੇ ਸਾਨੂੰ ਕਿਹੜੀ ਗੱਲ ਤੇ ਵਿਚਾਰ ਕਰਨਾ ਚਾਹੀਦਾ ਹੈ? (ਅ) ਇਹ ਕਿਉਂ ਕਿਹਾ ਜਾ ਸਕਦਾ ਹੈ ਕਿ ਨੌਕਰੀ ਮਸੀਹੀਆਂ ਦੀ ਜ਼ਿੰਦਗੀ ਵਿਚ ਦੂਜੀ ਥਾਂ ਰੱਖਦੀ ਹੈ?

15 ਫ਼ੈਸਲੇ ਕਰਨ ਵੇਲੇ ਹਮੇਸ਼ਾ ਇਸ ਗੱਲ ਤੇ ਵਿਚਾਰ ਕਰੋ ਕਿ ਇਨ੍ਹਾਂ ਦਾ ਤੁਹਾਡੇ ਸਮਰਪਣ ਤੇ ਕੀ ਅਸਰ ਪਵੇਗਾ। ਇਹ ਫ਼ੈਸਲੇ ਤੁਹਾਡੇ ਕੰਮਕਾਰ ਨਾਲ ਸੰਬੰਧਿਤ ਹੋ ਸਕਦੇ ਹਨ। ਕੀ ਤੁਸੀਂ ਇਸ ਲਈ ਕੰਮ ਕਰਦੇ ਹੋ ਤਾਂਕਿ ਇਸ ਦੀ ਮਦਦ ਨਾਲ ਸੱਚੀ ਭਗਤੀ ਨੂੰ ਅੱਗੇ ਫੈਲਾ ਸਕੋ? ਭਾਵੇਂ ਕਿ ਆਮ ਤੌਰ ਤੇ ਮਾਲਕ ਦੇਖਦੇ ਹਨ ਕਿ ਸਮਰਪਿਤ ਮਸੀਹੀ ਭਰੋਸੇਯੋਗ ਅਤੇ ਮਿਹਨਤੀ ਹਨ, ਪਰ ਉਹ ਇਹ ਵੀ ਦੇਖਦੇ ਹਨ ਕਿ ਯਹੋਵਾਹ ਦੇ ਗਵਾਹਾਂ ਵਿਚ ਦੁਨੀਆਂ ਵਿਚ ਅੱਗੇ ਵਧਣ ਦੀ ਜਾਂ ਜ਼ਿਆਦਾ ਕਮਾਈ ਵਾਲੀਆਂ ਪਦਵੀਆਂ ਪ੍ਰਾਪਤ ਕਰਨ ਲਈ ਦੂਸਰਿਆਂ ਨਾਲ ਮੁਕਾਬਲਾ ਕਰਨ ਦੀ ਲਾਲਸਾ ਨਹੀਂ ਹੈ। ਗਵਾਹ ਇਹ ਇਸ ਕਰਕੇ ਨਹੀਂ ਕਰਦੇ ਕਿਉਂਕਿ ਧਨ-ਦੌਲਤ, ਨਾਂ ਕਮਾਉਣਾ ਜਾਂ ਤਾਕਤ ਹਾਸਲ ਕਰਨਾ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਨਹੀਂ ਹੈ। ਜਿਹੜੇ ਗਵਾਹ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਦੇ ਹਨ, ਉਨ੍ਹਾਂ ਲਈ ਜ਼ਿੰਦਗੀ ਵਿਚ ਸਭ ਤੋਂ ਜ਼ਰੂਰੀ ਚੀਜ਼ ਪਰਮੇਸ਼ੁਰ ਦੀ ਇੱਛਾ ਪੂਰੀ ਕਰਨੀ ਹੁੰਦੀ ਹੈ। ਉਹ ਸਿਰਫ਼ ਆਪਣੀ ਜ਼ਿੰਦਗੀ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਲਈ ਨੌਕਰੀ ਕਰਦੇ ਹਨ, ਇਸ ਲਈ ਇਹ ਉਨ੍ਹਾਂ ਦੀ ਜ਼ਿੰਦਗੀ ਵਿਚ ਦੂਜੀ ਥਾਂ ਰੱਖਦੀ ਹੈ। ਪੌਲੁਸ ਰਸੂਲ ਵਾਂਗ ਉਨ੍ਹਾਂ ਦਾ ਮੁੱਖ ਕੰਮ ਮਸੀਹੀ ਸੇਵਕਾਈ ਹੈ। (ਰਸੂਲਾਂ ਦੇ ਕਰਤੱਬ 18:3, 4; 2 ਥੱਸਲੁਨੀਕੀਆਂ 3:7, 8; 1 ਤਿਮੋਥਿਉਸ 5:8) ਕੀ ਤੁਸੀਂ ਰਾਜ ਹਿਤਾਂ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦੇ ਹੋ?—ਮੱਤੀ 6:25-33.

16. ਅਸੀਂ ਕੀ ਕਰ ਸਕਦੇ ਹਾਂ ਜੇ ਫਜ਼ੂਲ ਚਿੰਤਾ ਕਰਨ ਕਰਕੇ ਸਾਡੇ ਲਈ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਂਦਾ ਹੈ?

16 ਕਈ ਲੋਕ ਸੱਚਾਈ ਸਿੱਖਣ ਤੋਂ ਪਹਿਲਾਂ ਬਹੁਤ ਸਾਰੀਆਂ ਚਿੰਤਾਵਾਂ ਦੇ ਬੋਝ ਹੇਠ ਦੱਬੇ ਹੋਏ ਸਨ। ਪਰ ਜਦੋਂ ਉਨ੍ਹਾਂ ਨੇ ਰਾਜ ਦੀ ਆਸ਼ਾ ਨੂੰ ਕਬੂਲ ਕੀਤਾ, ਤਾਂ ਉਨ੍ਹਾਂ ਦਾ ਦਿਲ ਕਿੰਨੀ ਖ਼ੁਸ਼ੀ, ਸ਼ੁਕਰਗੁਜ਼ਾਰੀ ਅਤੇ ਪਰਮੇਸ਼ੁਰ ਲਈ ਪਿਆਰ ਨਾਲ ਭਰ ਗਿਆ! ਉਸ ਵੇਲੇ ਤੋਂ ਉਨ੍ਹਾਂ ਨੂੰ ਜੋ ਵੀ ਬਰਕਤਾਂ ਮਿਲੀਆਂ, ਉਨ੍ਹਾਂ ਉੱਤੇ ਵਿਚਾਰ ਕਰਨ ਨਾਲ ਉਹ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਸਕਣਗੇ। ਦੂਸਰੇ ਪਾਸੇ, ਉਦੋਂ ਕੀ ਕਰਨਾ ਚਾਹੀਦਾ ਹੈ ਜੇ ਇਸ ਰੀਤੀ-ਵਿਵਸਥਾ ਵਿਚ ਜ਼ਿੰਦਗੀ ਦੀਆਂ ਆਮ ਸਮੱਸਿਆਵਾਂ ਬਾਰੇ ਫਜ਼ੂਲ ਚਿੰਤਾ ਕਰਨ ਕਰ ਕੇ “ਪਰਮੇਸ਼ੁਰ ਦਾ ਬਚਨ” ਦੱਬ ਜਾਂਦਾ ਹੈ, ਜਿਵੇਂ ਕੰਡਿਆਲੀਆਂ ਝਾੜੀਆਂ ਪੌਦਿਆਂ ਨੂੰ ਵਧਣ-ਫੁੱਲਣ ਤੋਂ ਰੋਕ ਸਕਦੀਆਂ ਹਨ? (ਲੂਕਾ 8:7, 11, 14; ਮੱਤੀ 13:22; ਮਰਕੁਸ 4:18, 19) ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਇਸ ਤਰ੍ਹਾਂ ਹੋ ਰਿਹਾ ਹੈ, ਤਾਂ ਆਪਣੀ ਚਿੰਤਾ ਯਹੋਵਾਹ ਉੱਤੇ ਸੁੱਟ ਦਿਓ ਅਤੇ ਪ੍ਰਾਰਥਨਾ ਕਰੋ ਕਿ ਉਹ ਪਿਆਰ ਅਤੇ ਸ਼ੁਕਰਗੁਜ਼ਾਰੀ ਪੈਦਾ ਕਰਨ ਵਿਚ ਤੁਹਾਡੀ ਮਦਦ ਕਰੇ। ਜੇ ਤੁਸੀਂ ਉਸ ਉੱਤੇ ਆਪਣਾ ਭਾਰ ਸੁੱਟਦੇ ਹੋ, ਤਾਂ ਉਹ ਤੁਹਾਨੂੰ ਸੰਭਾਲੇਗਾ ਅਤੇ ਤੁਹਾਨੂੰ ਬਲ ਦੇਵੇਗਾ ਤਾਂਕਿ ਤੁਸੀਂ ਖ਼ੁਸ਼ੀ ਅਤੇ ਸਥਿਰ ਮਨ ਨਾਲ ਉਸ ਦੀ ਸੇਵਾ ਕਰਦੇ ਰਹੋ।—ਜ਼ਬੂਰ 55:22; ਫ਼ਿਲਿੱਪੀਆਂ 4:6, 7; ਪਰਕਾਸ਼ ਦੀ ਪੋਥੀ 2:4.

17. ਔਖੇ ਪਰਤਾਵਿਆਂ ਦਾ ਸਾਮ੍ਹਣਾ ਕਿੱਦਾਂ ਕੀਤਾ ਜਾ ਸਕਦਾ ਹੈ?

17 ਯਹੋਵਾਹ ਪਰਮੇਸ਼ੁਰ ਨੂੰ ਬਾਕਾਇਦਾ ਪ੍ਰਾਰਥਨਾ ਕਰਦੇ ਰਹੋ, ਜਿਵੇਂ ਤੁਸੀਂ ਉਸ ਨੂੰ ਆਪਣਾ ਸਮਰਪਣ ਕਰਨ ਵੇਲੇ ਪ੍ਰਾਰਥਨਾ ਕੀਤੀ ਸੀ। (ਜ਼ਬੂਰ 65:2) ਜਦੋਂ ਤੁਹਾਨੂੰ ਕੋਈ ਗ਼ਲਤ ਕੰਮ ਕਰਨ ਦਾ ਲਾਲਚ ਆਉਂਦਾ ਹੈ ਜਾਂ ਤੁਸੀਂ ਕਿਸੇ ਔਖੇ ਪਰਤਾਵੇ ਦਾ ਸਾਮ੍ਹਣਾ ਕਰਦੇ ਹੋ, ਤਾਂ ਪਰਮੇਸ਼ੁਰ ਤੋਂ ਅਗਵਾਈ ਮੰਗੋ ਅਤੇ ਇਸ ਅਗਵਾਈ ਵਿਚ ਚੱਲਣ ਦੀ ਤਾਕਤ ਮੰਗੋ। ਨਿਹਚਾ ਕਰਨ ਦੀ ਲੋੜ ਨੂੰ ਯਾਦ ਰੱਖੋ ਕਿਉਂਕਿ ਚੇਲੇ ਯਾਕੂਬ ਨੇ ਲਿਖਿਆ ਸੀ: “ਜੇ ਤੁਹਾਡੇ ਵਿੱਚੋਂ ਕਿਸੇ ਨੂੰ [ਕਿਸੇ ਪਰਤਾਵੇ ਦਾ ਸਾਮ੍ਹਣਾ ਕਰਨ ਲਈ] ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ੁਰ ਕੋਲੋਂ ਮੰਗੇ ਜਿਹੜਾ ਸਭਨਾਂ ਨੂੰ ਖੁਲ੍ਹੇ ਦਿਲ ਨਾਲ ਬਿਨਾ ਉਲਾਂਭੇ ਦੇ ਦਿੰਦਾ ਹੈ, ਤਾਂ ਉਹ ਨੂੰ ਦਿੱਤੀ ਜਾਵੇਗੀ। ਪਰ ਨਿਹਚਾ ਨਾਲ ਮੰਗੇ ਅਤੇ ਕੁਝ ਭਰਮ ਨਾ ਕਰੇ ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ। ਇਹੋ ਜਿਹਾ ਮਨੁੱਖ ਨਾ ਸਮਝੇ ਭਈ ਪ੍ਰਭੁ ਕੋਲੋਂ ਮੈਨੂੰ ਕੁਝ ਲੱਭੇਗਾ। ਉਹ ਦੁਚਿੱਤਾ ਮਨੁੱਖ ਹੈ ਜਿਹੜਾ ਆਪਣਿਆਂ ਸਾਰਿਆਂ ਚਲਣਾਂ ਵਿੱਚ ਚੰਚਲ ਹੈ।” (ਯਾਕੂਬ 1:5-8) ਜੇ ਪਰਤਾਵਾ ਬਹੁਤ ਔਖਾ ਲੱਗਦਾ ਹੈ, ਤਾਂ ਅਸੀਂ ਇਸ ਗੱਲ ਦਾ ਭਰੋਸਾ ਰੱਖ ਸਕਦੇ ਹਾਂ: “ਤੁਹਾਡੇ ਉੱਤੇ ਇਹੋ ਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਮਨੁੱਖ ਤੋਂ ਨਹੀਂ ਝੱਲਿਆ ਜਾਂਦਾ ਪਰੰਤੂ ਪਰਮੇਸ਼ੁਰ ਵਫ਼ਾਦਾਰ ਹੈ ਜੋ ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ ਸਗੋਂ ਪਰਤਾਵੇ ਦੇ ਨਾਲ ਹੀ ਬਚ ਜਾਣ ਦਾ ਉਪਾਓ ਵੀ ਕੱਢ ਦੇਵੇਗਾ ਭਈ ਤੁਸੀਂ ਝੱਲ ਸੱਕੋ।”—1 ਕੁਰਿੰਥੀਆਂ 10:13.

18. ਸਾਨੂੰ ਕੀ ਕਰਨਾ ਚਾਹੀਦਾ ਹੈ ਜੇ ਅਸੀਂ ਕੋਈ ਗੰਭੀਰ ਪਾਪ ਕੀਤਾ ਹੈ ਜਿਸ ਕਰਕੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨਾ ਸਾਨੂੰ ਮੁਸ਼ਕਲ ਲੱਗ ਰਿਹਾ ਹੈ?

18 ਜੇ ਤੁਸੀਂ ਕੋਈ ਅਜਿਹਾ ਗੰਭੀਰ ਪਾਪ ਕੀਤਾ ਹੈ ਜਿਸ ਬਾਰੇ ਦੂਜਿਆਂ ਨੂੰ ਪਤਾ ਨਹੀਂ ਹੈ, ਪਰ ਇਸ ਪਾਪ ਕਰਕੇ ਤੁਹਾਡਾ ਅੰਤਹਕਰਣ ਤੁਹਾਨੂੰ ਸਤਾ ਰਿਹਾ ਹੈ ਅਤੇ ਤੁਹਾਨੂੰ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨਾ ਮੁਸ਼ਕਲ ਲੱਗ ਰਿਹਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜੇ ਤੁਸੀਂ ਤੋਬਾ ਕੀਤੀ ਹੈ, ਤਾਂ ਤੁਸੀਂ ਇਸ ਗੱਲ ਤੋਂ ਤਸੱਲੀ ਪਾ ਸਕਦੇ ਹੋ ਕਿ ਯਹੋਵਾਹ ‘ਟੁੱਟੇ ਅਤੇ ਆਜਿਜ਼ ਦਿਲ ਨੂੰ ਤੁੱਛ ਨਾ ਜਾਣੇਂਗਾ।’ (ਜ਼ਬੂਰ 51:17) ਪ੍ਰੇਮਮਈ ਮਸੀਹੀ ਬਜ਼ੁਰਗਾਂ ਤੋਂ ਮਦਦ ਮੰਗੋ ਕਿਉਂਕਿ ਉਹ ਯਹੋਵਾਹ ਦੀ ਨਕਲ ਕਰਦੇ ਹੋਏ ਤੁਹਾਡੀ ਆਪਣੇ ਸਵਰਗੀ ਪਿਤਾ ਨਾਲ ਚੰਗੇ ਰਿਸ਼ਤੇ ਨੂੰ ਮੁੜ ਕਾਇਮ ਕਰਨ ਵਿਚ ਜ਼ਰੂਰ ਮਦਦ ਕਰਨਗੇ। (ਜ਼ਬੂਰ 103:10-14; ਯਾਕੂਬ 5:13-15) ਫਿਰ ਨਵੀਂ ਅਧਿਆਤਮਿਕ ਸ਼ਕਤੀ ਅਤੇ ਸਥਿਰ ਮਨ ਨਾਲ ਤੁਸੀਂ ਆਪਣੇ ਰਾਹਾਂ ਨੂੰ ਸਿੱਧਾ ਕਰ ਪਾਓਗੇ ਅਤੇ ਪਰਮੇਸ਼ੁਰ ਨੂੰ ਕੀਤੇ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਸਕੋਗੇ।—ਇਬਰਾਨੀਆਂ 12:12, 13.

ਸਥਿਰ ਮਨ ਨਾਲ ਸੇਵਾ ਕਰਦੇ ਰਹੋ

19, 20. ਇਹ ਕਿਉਂ ਜ਼ਰੂਰੀ ਹੈ ਕਿ ਅਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਦੇ ਰਹੀਏ?

19 ਇਨ੍ਹਾਂ ਮੁਸ਼ਕਲ ਸਮਿਆਂ ਵਿਚ ਸਾਨੂੰ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਅਤੇ ਸਥਿਰ ਮਨ ਨਾਲ ਪਰਮੇਸ਼ੁਰ ਦੀ ਸੇਵਾ ਕਰਦੇ ਰਹਿਣ ਲਈ ਮਿਹਨਤ ਕਰਨੀ ਚਾਹੀਦੀ ਹੈ। ਯਿਸੂ ਨੇ ਕਿਹਾ: “ਜਿਹੜਾ ਅੰਤ ਤੋੜੀ ਸਹੇਗਾ ਸੋਈ ਬਚਾਇਆ ਜਾਵੇਗਾ।” (ਮੱਤੀ 24:13) ਅਸੀਂ “ਅੰਤ ਦਿਆਂ ਦਿਨਾਂ” ਵਿਚ ਰਹਿ ਰਹੇ ਹਾਂ ਤੇ ਅੰਤ ਕਦੀ ਵੀ ਆ ਸਕਦਾ ਹੈ। (2 ਤਿਮੋਥਿਉਸ 3:1) ਇਸ ਤੋਂ ਇਲਾਵਾ, ਸਾਡੇ ਵਿੱਚੋਂ ਕਿਸੇ ਨੂੰ ਵੀ ਨਹੀਂ ਪਤਾ ਕਿ ਅਸੀਂ ਕੱਲ੍ਹ ਨੂੰ ਜੀਉਂਦੇ ਰਹਾਂਗੇ ਜਾਂ ਨਹੀਂ। (ਯਾਕੂਬ 4:13, 14) ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹਰ ਦਿਨ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਦੇ ਰਹੀਏ!

20 ਪਤਰਸ ਰਸੂਲ ਨੇ ਆਪਣੀ ਦੂਜੀ ਚਿੱਠੀ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਸੀ। ਉਸ ਨੇ ਕਿਹਾ ਕਿ ਜਿਵੇਂ ਜਲ ਪਰਲੋ ਵਿਚ ਦੁਸ਼ਟ ਨਾਸ਼ ਹੋ ਗਏ ਸਨ, ਉਸੇ ਤਰ੍ਹਾਂ ਲਾਖਣਿਕ ਧਰਤੀ ਜਾਂ ਦੁਸ਼ਟ ਮਨੁੱਖੀ ਸਮਾਜ ‘ਯਹੋਵਾਹ ਦੇ ਦਿਨ’ ਵਿਚ ਨਾਸ਼ ਹੋ ਜਾਵੇਗਾ। ਇਸ ਲਈ ਪਤਰਸ ਨੇ ਪੁੱਛਿਆ: “ਤੁਹਾਨੂੰ ਹਰ ਪਰਕਾਰ ਦੇ ਪਵਿੱਤਰ ਚਲਣ ਅਤੇ ਭਗਤੀ ਵਿੱਚ ਕੇਹੋ ਜੇਹੇ ਹੋਣਾ ਚਾਹੀਦਾ ਹੈ?” ਉਸ ਨੇ ਉਨ੍ਹਾਂ ਨੂੰ ਇਹ ਤਾਕੀਦ ਵੀ ਕੀਤੀ: “ਹੇ ਪਿਆਰਿਓ, ਜਦੋਂ ਤੁਸੀਂ ਅੱਗੇ ਹੀ ਏਹ ਗੱਲਾਂ ਜਾਣਦੇ ਹੋ ਤਾਂ ਚੌਕਸ ਰਹੋ ਭਈ ਕਿਤੇ ਨਾ ਹੋਵੇ ਜੋ [ਝੂਠੇ ਗੁਰੂਆਂ ਅਤੇ ਦੁਸ਼ਟਾਂ ਦੁਆਰਾ] ਭਰਮ ਕੇ ਆਪਣੀ ਦ੍ਰਿੜ੍ਹਤਾ ਤੋਂ ਡਿੱਗ ਪਓ।” (2 ਪਤਰਸ 3:5-17) ਇਹ ਕਿੰਨੇ ਅਫ਼ਸੋਸ ਦੀ ਗੱਲ ਹੋਵੇਗੀ ਜੇ ਇਕ ਬਪਤਿਸਮਾ-ਪ੍ਰਾਪਤ ਵਿਅਕਤੀ ਕੁਰਾਹੇ ਪੈ ਜਾਂਦਾ ਹੈ ਤੇ ਮਰਨ ਵੇਲੇ ਉਸ ਦਾ ਮਨ ਸਥਿਰ ਨਹੀਂ ਹੁੰਦਾ!

21, 22. ਜ਼ਬੂਰ 57:7 ਦੇ ਸ਼ਬਦ ਦਾਊਦ ਅਤੇ ਸੱਚੇ ਮਸੀਹੀਆਂ ਦੇ ਮਾਮਲੇ ਵਿਚ ਕਿਵੇਂ ਸੱਚੇ ਸਾਬਤ ਹੋਏ ਹਨ?

21 ਜੇ ਤੁਸੀਂ ਆਪਣੇ ਬਪਤਿਸਮੇ ਦੇ ਖ਼ੁਸ਼ੀ ਭਰੇ ਦਿਨ ਨੂੰ ਯਾਦ ਰੱਖੋਗੇ ਅਤੇ ਆਪਣੀ ਕਹਿਣੀ ਤੇ ਕਰਨੀ ਨਾਲ ਪਰਮੇਸ਼ੁਰ ਦੇ ਦਿਲ ਨੂੰ ਖ਼ੁਸ਼ ਕਰਨ ਲਈ ਉਸ ਤੋਂ ਮਦਦ ਮੰਗੋਗੇ, ਤਾਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਨ ਦਾ ਤੁਹਾਡਾ ਇਰਾਦਾ ਦ੍ਰਿੜ੍ਹ ਹੋਵੇਗਾ। (ਕਹਾਉਤਾਂ 27:11) ਯਹੋਵਾਹ ਕਦੀ ਆਪਣੇ ਲੋਕਾਂ ਨੂੰ ਨਿਰਾਸ਼ ਨਹੀਂ ਕਰਦਾ, ਇਸ ਲਈ ਸਾਨੂੰ ਵੀ ਉਸ ਨਾਲ ਵਫ਼ਾਦਾਰੀ ਨਿਭਾਉਣੀ ਚਾਹੀਦੀ ਹੈ। (ਜ਼ਬੂਰ 94:14) ਉਸ ਨੇ ਦਾਊਦ ਉੱਤੇ ਦਇਆ ਅਤੇ ਰਹਿਮ ਕੀਤਾ ਅਤੇ ਉਸ ਦੇ ਦੁਸ਼ਮਣਾਂ ਦੀਆਂ ਸਾਜ਼ਸ਼ਾਂ ਨੂੰ ਨਾਕਾਮ ਕਰ ਕੇ ਉਸ ਨੂੰ ਬਚਾਇਆ। ਇਸ ਦੀ ਸ਼ੁਕਰਗੁਜ਼ਾਰੀ ਵਿਚ ਦਾਊਦ ਨੇ ਆਪਣੇ ਮੁਕਤੀਦਾਤੇ ਲਈ ਆਪਣੇ ਸੱਚੇ ਪਿਆਰ ਦਾ ਐਲਾਨ ਕੀਤਾ। ਉਸ ਨੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਇਹ ਸ਼ਬਦ ਗਾਏ: “ਮੇਰਾ ਮਨ ਕਾਇਮ ਹੈ, ਹੇ ਪਰਮੇਸ਼ੁਰ, ਮੇਰਾ ਮਨ ਕਾਇਮ ਹੈ, ਮੈਂ ਗਾਵਾਂਗਾ, ਮੈਂ ਭਜਨ ਕੀਰਤਨ ਕਰਾਂਗਾ!”—ਜ਼ਬੂਰ 57:7.

22 ਦਾਊਦ ਵਾਂਗ, ਸੱਚੇ ਮਸੀਹੀ ਕਦੀ ਵੀ ਪਰਮੇਸ਼ੁਰ ਦੀ ਭਗਤੀ ਕਰਨ ਤੋਂ ਨਹੀਂ ਡੋਲਦੇ। ਸਥਿਰ ਮਨ ਦੇ ਨਾਲ ਉਹ ਆਪਣੀ ਮੁਕਤੀ ਅਤੇ ਰੱਖਿਆ ਦਾ ਸਿਹਰਾ ਯਹੋਵਾਹ ਨੂੰ ਦਿੰਦੇ ਹਨ ਅਤੇ ਉਸ ਦੀ ਪ੍ਰਸ਼ੰਸਾ ਦੇ ਗੀਤ ਗਾਉਂਦੇ ਹਨ। ਜੇ ਤੁਹਾਡਾ ਮਨ ਸਥਿਰ ਹੈ, ਤਾਂ ਤੁਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖੋਗੇ ਅਤੇ ਉਸ ਦੀ ਮਦਦ ਨਾਲ ਤੁਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰ ਸਕੋਗੇ। ਜੀ ਹਾਂ, ਤੁਸੀਂ ਉਸ “ਧਰਮੀ” ਵਰਗੇ ਬਣ ਸਕਦੇ ਹੋ ਜਿਸ ਬਾਰੇ ਦਾਊਦ ਨੇ ਆਪਣੇ ਗੀਤ ਵਿਚ ਕਿਹਾ: “ਉਹ ਬੁਰੀ ਖਬਰ ਤੋਂ ਨਹੀਂ ਡਰਦਾ, ਉਹ ਦਾ ਦਿਲ ਮਜ਼ਬੂਤ ਹੈ, ਉਹ ਦਾ ਭਰੋਸਾ ਯਹੋਵਾਹ ਉੱਤੇ ਹੈ।” (ਜ਼ਬੂਰ 112:6, 7) ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣ ਨਾਲ ਅਤੇ ਉਸ ਉੱਤੇ ਪੂਰੀ ਤਰ੍ਹਾਂ ਨਿਰਭਰ ਹੋਣ ਨਾਲ, ਤੁਸੀਂ ਆਪਣੇ ਸਮਰਪਣ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਸਥਿਰ ਮਨ ਨਾਲ ਉਸ ਦੀ ਸੇਵਾ ਕਰਦੇ ਰਹਿ ਸਕਦੇ ਹੋ।

ਕੀ ਤੁਹਾਨੂੰ ਯਾਦ ਹੈ?

• ਸਾਨੂੰ ਬਾਈਬਲ ਦਾ ਸਹੀ ਗਿਆਨ ਕਿਉਂ ਲੈਂਦੇ ਰਹਿਣਾ ਚਾਹੀਦਾ ਹੈ?

• ਸਾਨੂੰ ਕਿਉਂ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਤੋਬਾ ਕੀਤੀ ਸੀ ਅਤੇ ਮੁੜੇ ਸੀ?

• ਆਪਣੇ ਸਮਰਪਣ ਅਤੇ ਬਪਤਿਸਮੇ ਨੂੰ ਯਾਦ ਰੱਖਣ ਨਾਲ ਸਾਨੂੰ ਕੀ ਫ਼ਾਇਦਾ ਹੋਵੇਗਾ?

• ਸਥਿਰ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿਣ ਲਈ ਕਿਹੜੀ ਚੀਜ਼ ਸਾਡੀ ਮਦਦ ਕਰੇਗੀ?

[ਸਵਾਲ]

[ਸਫ਼ੇ 18 ਉੱਤੇ ਤਸਵੀਰਾਂ]

ਮਸੀਹੀ ਸੇਵਕਾਈ ਨੂੰ ਆਪਣਾ ਮੁੱਖ ਕੰਮ ਬਣਾਉਣ ਨਾਲ ਅਸੀਂ ਸਥਿਰ ਮਨ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਾਂਗੇ

[ਸਫ਼ੇ 18 ਉੱਤੇ ਤਸਵੀਰ]

ਕੀ ਤੁਸੀਂ ਰੋਜ਼ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਆਪਣੀ ਅਧਿਆਤਮਿਕ ਸਿਹਤ ਨੂੰ ਕਾਇਮ ਰੱਖ ਰਹੇ ਹੋ?