ਜਦੋਂ ਭੱਜ ਜਾਣਾ ਚੰਗਾ ਹੁੰਦਾ ਹੈ
ਜਦੋਂ ਭੱਜ ਜਾਣਾ ਚੰਗਾ ਹੁੰਦਾ ਹੈ
ਅੱਜ-ਕੱਲ੍ਹ ਦੇ ਸੰਸਾਰ ਵਿਚ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪਰਤਾਵਿਆਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ ਜਾਂ ਉਨ੍ਹਾਂ ਨੂੰ ਗ਼ਲਤ ਕੰਮ ਕਰਨ ਲਈ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਆਕੜ ਕੇ ਲੜਨ ਲਈ ਤਿਆਰ ਰਹਿੰਦੇ ਹਨ। ਜਿਹੜਾ ਇਨਸਾਨ ਅਜਿਹਿਆਂ ਮੌਕਿਆਂ ਤੇ ਭੱਜ ਜਾਂਦਾ ਹੈ ਉਸ ਨੂੰ ਕਮਜ਼ੋਰ ਅਤੇ ਡਰਪੋਕ ਸੱਦਿਆ ਜਾਂਦਾ ਹੈ। ਲੋਕ ਸ਼ਾਇਦ ਉਸ ਦਾ ਮਖੌਲ ਵੀ ਕਰਨ।
ਪਰ ਬਾਈਬਲ ਵਿਚ ਸਾਫ਼-ਸਾਫ਼ ਦੱਸਿਆ ਗਿਆ ਹੈ ਕਿ ਕੁਝ ਹਾਲਾਤਾਂ ਵਿੱਚੋਂ ਕਦੀ-ਕਦੀ ਭੱਜ ਜਾਣਾ ਚੰਗਾ ਹੁੰਦਾ ਹੈ ਅਤੇ ਇਸ ਤਰ੍ਹਾਂ ਕਰਨਾ ਬਹਾਦਰੀ ਦਾ ਸਬੂਤ ਵੀ ਹੋ ਸਕਦਾ ਹੈ। ਇਸ ਗੱਲ ਨਾਲ ਹਾਮੀ ਭਰਦੇ ਹੋਏ ਯਿਸੂ ਨੇ ਆਪਣੇ ਚੇਲਿਆਂ ਨੂੰ ਪ੍ਰਚਾਰ ਦੇ ਕੰਮ ਵਿਚ ਭੇਜਣ ਤੋਂ ਪਹਿਲਾਂ ਕਿਹਾ: “ਜਦ ਲੋਕ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਦ ਦੂਏ ਨੂੰ ਭੱਜ ਜਾਓ।” (ਮੱਤੀ 10:23) ਜੀ ਹਾਂ, ਯਿਸੂ ਦੇ ਚੇਲਿਆਂ ਨੂੰ ਆਪਣੇ ਸਤਾਉਣ ਵਾਲਿਆਂ ਤੋਂ ਬਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ। ਉਨ੍ਹਾਂ ਨੂੰ ਜਹਾਦ ਲੜ ਕੇ ਜਾਂ ਲੋਕਾਂ ਨੂੰ ਮਜਬੂਰ ਕਰ ਕੇ ਉਨ੍ਹਾਂ ਦਾ ਧਰਮ ਬਦਲਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਸੀ। ਉਹ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਸਨ। (ਮੱਤੀ 10:11-14; ਰਸੂਲਾਂ ਦੇ ਕਰਤੱਬ 10:34-37) ਸੋ ਗੁੱਸੇ ਵਿਚ ਲਾਲ-ਪੀਲੇ ਹੋਣ ਦੀ ਬਜਾਇ ਮਸੀਹੀਆਂ ਨੂੰ ਭੱਜ ਜਾਣਾ ਚਾਹੀਦਾ ਸੀ ਅਤੇ ਆਪਣੇ ਸਤਾਉਣ ਜਾਂ ਭਰਮਾਉਣ ਵਾਲਿਆਂ ਤੋਂ ਦੂਰ ਹੋ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਜ਼ਮੀਰ ਸ਼ੁੱਧ ਰੱਖਣੀ ਸੀ ਅਤੇ ਯਹੋਵਾਹ ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਨੂੰ ਪੱਕਾ ਰੱਖਣਾ ਸੀ।—2 ਕੁਰਿੰਥੀਆਂ 4:1, 2.
ਬਾਈਬਲ ਦੀ ਕਹਾਉਤਾਂ ਦੀ ਪੋਥੀ ਵਿਚ ਭੱਜ ਜਾਣ ਦੀ ਇਕ ਹੋਰ ਉਦਾਹਰਣ ਦਿੱਤੀ ਗਈ ਹੈ। ਉਸ ਵਿਚ ਇਕ ਨੌਜਵਾਨ ਦੀ ਗੱਲ ਕੀਤੀ ਗਈ ਹੈ ਜੋ ਵੇਸਵਾ ਤੋਂ ਭੱਜਣ ਦੀ ਬਜਾਇ ਉਸ ਮਗਰ ਇਸ ਤਰ੍ਹਾਂ ਲੱਗਾ “ਜਿਵੇਂ ਬਲਦ ਕੱਟਣ ਲਈ” ਜਾ ਰਿਹਾ ਹੋਵੇ। ਇਸ ਦਾ ਨਤੀਜਾ ਕੀ ਨਿਕਲਿਆ? ਉਹ ਨੌਜਵਾਨ ਪਰਤਾਵੇ ਦਾ ਸ਼ਿਕਾਰ ਬਣ ਕੇ ਆਪਣੀ ਜਾਨ ਗੁਆ ਬੈਠਾ।—ਕਹਾਉਤਾਂ 7:5-8, 21-23.
ਜੇਕਰ ਤੁਹਾਨੂੰ ਕਿਸੇ ਬੁਰੇ ਜਾਂ ਅਨੈਤਿਕ ਕੰਮ ਵਿਚ ਹਿੱਸਾ ਲੈਣ ਦੇ ਪਰਤਾਵੇ ਦਾ, ਜਾਂ ਕਿਸੇ ਹੋਰ ਖ਼ਤਰੇ ਦਾ ਸਾਮ੍ਹਣਾ ਕਰਨਾ ਪਵੇ, ਤਾਂ ਤੁਸੀਂ ਕੀ ਕਰੋਗੇ? ਬਾਈਬਲ ਦੀ ਸਲਾਹ ਦੇ ਮੁਤਾਬਕ ਮੂੰਹ ਮੋੜ ਲੈਣਾ ਅਤੇ ਭੱਜ ਜਾਣਾ ਵਧੀਆ ਹੈ।—ਕਹਾਉਤਾਂ 4:14, 15; 1 ਕੁਰਿੰਥੀਆਂ 6:18; 2 ਤਿਮੋਥਿਉਸ 2:22.