Skip to content

Skip to table of contents

ਤੁਹਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ ਹੈ?

ਤੁਹਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ ਹੈ?

ਤੁਹਾਡੀ ਜ਼ਿੰਦਗੀ ਸੁਖੀ ਕਿਵੇਂ ਬਣ ਸਕਦੀ ਹੈ?

ਜੋਜ਼ੁਏ ਨਾਂ ਦਾ ਇਕ ਗੱਭਰੂ, ਪੱਛਮੀ ਅਫ਼ਰੀਕਾ ਦੇ ਇਕ ਛੋਟੇ ਜਿਹੇ ਪਿੰਡ ਵਿਚ ਰਹਿੰਦਾ ਸੀ। * ਪਰ ਫਿਰ ਉਹ ਰੁਪਏ-ਪੈਸੇ ਕਮਾਉਣ ਲਈ ਆਪਣੇ ਪਰਿਵਾਰ ਅਤੇ ਦੋਸਤ-ਮਿੱਤਰਾਂ ਨੂੰ ਪਿੱਛੇ ਛੱਡ ਕੇ ਵੱਡੇ ਸ਼ਹਿਰ ਨੂੰ ਗਿਆ। ਸ਼ਹਿਰ ਵਿਚ ਪਹੁੰਚਣ ਤੋਂ ਕੁਝ ਹੀ ਸਮੇਂ ਬਾਅਦ ਉਸ ਨੇ ਦਿਲ ਛੱਡ ਦਿੱਤਾ ਜਦ ਉਸ ਨੂੰ ਅਹਿਸਾਸ ਹੋਇਆ ਕਿ ਸ਼ਹਿਰ ਵਿਚ ਸੋਨੇ ਦੀ ਲੰਕਾ ਨਹੀਂ ਸੀ।

ਉਸ ਨੇ ਤਾਂ ਸੋਚਿਆ ਵੀ ਨਹੀਂ ਸੀ ਕਿ ਸ਼ਹਿਰ ਦੀ ਜ਼ਿੰਦਗੀ ਇੰਨੀ ਔਖੀ ਹੋ ਸਕਦੀ ਸੀ। ਜੋਜ਼ੁਏ ਬਹੁਤ ਹੀ ਨਿਰਾਸ਼ ਹੋਇਆ ਅਤੇ ਉਸ ਦਾ ਜੀਅ ਨਹੀਂ ਲੱਗਿਆ। ਉਹ ਸਿਰਫ਼ ਆਪਣੇ ਛੋਟੇ ਜਿਹੇ ਪਿੰਡ ਨੂੰ ਆਪਣੇ ਸਾਕ-ਸੰਬੰਧੀਆਂ ਕੋਲ ਵਾਪਸ ਜਾਣ ਬਾਰੇ ਹੀ ਸੋਚਦਾ ਸੀ। ਪਰ ਉਸ ਨੂੰ ਇਹ ਚਿੰਤਾ ਸੀ ਕਿ ਪਿੰਡ ਦੇ ਕੁਝ ਲੋਕ ਉਸ ਦਾ ਮਜ਼ਾਕ ਉਡਾਉਣਗੇ। ਉਸ ਨੇ ਸੋਚਿਆ ਕਿ ‘ਉਹ ਮੈਨੂੰ ਨਿਕੰਮਾ ਸੱਦਣਗੇ ਕਿਉਂਕਿ ਸ਼ਹਿਰ ਵਿਚ ਮੇਰੀ ਗੱਲ ਨਾ ਬਣੀ।’

ਇਸ ਤੋਂ ਵੀ ਵੱਧ ਉਸ ਨੂੰ ਇਹ ਚਿੰਤਾ ਸੀ ਕਿ ਉਹ ਸ਼ਾਇਦ ਆਪਣੇ ਮਾਪਿਆਂ ਦੀਆਂ ਆਸਾਂ ਉੱਤੇ ਪਾਣੀ ਫੇਰ ਗਿਆ ਸੀ। ਉਹ ਉਸ ਦੇ ਹੱਥਾਂ ਦੀ ਕਮਾਈ ਤੇ ਭਰੋਸਾ ਰੱਖ ਰਹੇ ਸਨ। ਆਪਣੇ ਮਾਨਸਿਕ ਬੋਝ ਦਾ ਸਾਮ੍ਹਣਾ ਕਰਨ ਦੇ ਨਾਲ-ਨਾਲ ਉਸ ਨੇ ਇਕ ਮਾਮੂਲੀ ਜਿਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀਆਂ ਉਮੀਦਾਂ ਤੋਂ ਦੂਰ, ਦਿਨ-ਰਾਤ ਮਿਹਨਤ ਕਰਨ ਤੋਂ ਬਾਅਦ ਵੀ ਉਸ ਦੇ ਹੱਥ ਕੁਝ ਨਹੀਂ ਸੀ ਆਉਂਦਾ। ਜਾਨ ਮਾਰ-ਮਾਰ ਕੇ ਉਹ ਬਹੁਤ ਹੀ ਥੱਕ ਚੁੱਕਾ ਸੀ। ਅਤੇ ਹਰ ਹਫ਼ਤੇ ਮਸੀਹੀ ਕੰਮਾਂ-ਕਾਰਾਂ ਲਈ ਹੌਲੀ-ਹੌਲੀ ਉਸ ਦਾ ਸਮਾਂ ਘੱਟਦਾ ਗਿਆ, ਭਾਵੇਂ ਉਹ ਇਨ੍ਹਾਂ ਦੀ ਬਹੁਤ ਕਦਰ ਕਰਦਾ ਸੀ। ਉਸ ਦੇ ਸਾਕ-ਸੰਬੰਧੀ ਇੰਨੇ ਦੂਰ ਹੋਣ ਕਰਕੇ ਉਹ ਦੁਖੀ ਅਤੇ ਉਦਾਸ ਰਹਿੰਦਾ ਸੀ। ਉਸ ਨੂੰ ਅਹਿਸਾਸ ਹੋਇਆ ਕਿ ਜੋ ਸੁਖ ਉਹ ਸ਼ਹਿਰ ਵਿਚ ਪਾਉਣਾ ਚਾਹੁੰਦਾ ਸੀ ਉਹ ਉਸ ਨੂੰ ਨਹੀਂ ਮਿਲਿਆ।

ਜੋਜ਼ੁਏ ਦੀ ਦੁੱਖ-ਭਰੀ ਕਹਾਣੀ ਬਹੁਤ ਸਾਰੇ ਲੋਕਾਂ ਉੱਤੇ ਬੀਤਦੀ ਹੈ ਅਤੇ ਵਾਰ-ਵਾਰ ਸੁਣਾਈ ਜਾਂਦੀ ਹੈ। ਜੋਜ਼ੁਏ ਕਿਸੇ ਖ਼ੁਦਗਰਜ਼ ਕਾਰਨ ਕਰਕੇ ਘਰੋਂ ਨਹੀਂ ਸੀ ਗਿਆ, ਉਹ ਤਾਂ ਸਿਰਫ਼ ਕੁਝ ਪੈਸੇ ਕਮਾਉਣੇ ਚਾਹੁੰਦਾ ਸੀ। ਉਹ ਸੱਚ-ਮੁੱਚ ਯਕੀਨ ਕਰਦਾ ਸੀ ਕਿ ਪਿੰਡ ਵਿਚ ਨਹੀਂ ਸਗੋਂ ਸ਼ਹਿਰ ਵਿਚ ਜਾ ਕੇ ਹੀ ਉਸ ਨੂੰ ਕੁਝ ਬਣਨ ਦਾ ਮੌਕਾ ਮਿਲੇਗਾ। ਇਹ ਸੱਚ ਹੈ ਕਿ ਕਦੇ-ਕਦੇ ਕੁਝ ਲੋਕ ਪੈਸੇ ਕਮਾ ਵੀ ਲੈਂਦੇ ਹਨ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸੁਖੀ ਹਨ। ਜੋਜ਼ੁਏ ਦੇ ਸੁਪਨੇ ਸੱਚ ਨਹੀਂ ਸਾਬਤ ਹੋਏ ਸਨ ਅਤੇ ਆਮ ਤੌਰ ਤੇ ਹੋਰਨਾਂ ਲੋਕਾਂ ਨਾਲ ਵੀ ਇਸ ਤਰ੍ਹਾਂ ਹੀ ਹੁੰਦਾ ਹੈ। ਇਸ ਲਈ ਸਾਨੂੰ ਪੁੱਛਣ ਦੀ ਜ਼ਰੂਰਤ ਹੈ ਕਿ ‘ਸੁਖੀ ਜ਼ਿੰਦਗੀ ਲਈ ਕੀ ਜ਼ਰੂਰੀ ਹੈ?’

ਸੁਖੀ ਜ਼ਿੰਦਗੀ ਬਾਰੇ ਲੋਕਾਂ ਦੇ ਆਪੋ-ਆਪਣੇ ਵਿਚਾਰ ਹਨ। ਇਕ ਸ਼ਬਦ-ਕੋਸ਼ ਕਹਿੰਦਾ ਹੈ ਕਿ ਸੁਖ ਦੀ ਜ਼ਿੰਦਗੀ ਉਹ ਹੈ ਜਿਸ ਵਿਚ ‘ਨਾ ਖ਼ਤਰਾ, ਨਾ ਡਰ, ਅਤੇ ਨਾ ਚਿੰਤਾ’ ਹੈ। ਆਮ ਤੌਰ ਤੇ ਲੋਕ ਜਾਣਦੇ ਹਨ ਕਿ ਅੱਜ-ਕੱਲ੍ਹ ਅਸੀਂ ਪੂਰੀ ਤਰ੍ਹਾਂ ‘ਖ਼ਤਰੇ ਤੋਂ ਬਗੈਰ’ ਨਹੀਂ ਰਹਿ ਸਕਦੇ। ਉਹ ਤਾਂ ਬਸ ਸੁਖ ਦਾ ਸਾਹ ਲੈ ਕੇ ਹੀ ਬਹੁਤ ਸੰਤੁਸ਼ਟ ਹਨ, ਚਾਹੇ ਉਨ੍ਹਾਂ ਦੇ ਆਲੇ-ਦੁਆਲੇ ਕਈ-ਕਈ ਖ਼ਤਰੇ ਹੋਣ।

ਤੁਹਾਡੇ ਬਾਰੇ ਕੀ? ਸੁਖ ਪਾਉਣ ਲਈ ਤੁਸੀਂ ਕਿਸ ਚੀਜ਼ ਵੱਲ ਦੇਖਦੇ ਹੋ? ਜੋਜ਼ੁਏ ਦੇ ਖ਼ਿਆਲ ਅਨੁਸਾਰ, ਕੀ ਪਿੰਡ ਦੀ ਬਜਾਇ ਸ਼ਹਿਰ ਵਿਚ ਸੁਖ ਮਿਲਦਾ ਹੈ? ਜਾਂ ਕੀ ਇਹ ਧਨ-ਦੌਲਤ ਤੋਂ ਮਿਲਦਾ ਹੈ, ਚਾਹੇ ਤੁਸੀਂ ਜਿੱਥੋਂ ਮਰਜ਼ੀ ਜਾਂ ਜਿਸ ਤਰ੍ਹਾਂ ਮਰਜ਼ੀ ਇਸ ਨੂੰ ਕਮਾਓ? ਕੀ ਸੁਖ ਤਰੱਕੀ ਕਰ ਕੇ ਉੱਚੀ ਪਦਵੀ ਹਾਸਲ ਕਰਨ ਤੋਂ ਮਿਲਦਾ ਹੈ? ਤੁਸੀਂ ਸੁਖ ਚਾਹੇ ਜਿੱਥੋਂ ਮਰਜ਼ੀ ਪਾਉਣ ਦੀ ਕੋਸ਼ਿਸ਼ ਕਰਦੇ ਹੋ, ਪਰ ਤੁਸੀਂ ਅਤੇ ਤੁਹਾਡਾ ਪਰਿਵਾਰ ਕਿੰਨੇ ਕੁ ਚਿਰ ਲਈ ਸੁਖੀ ਰਹੋਗੇ?

ਚਲੋ ਆਪਾਂ ਤਿੰਨ ਚੀਜ਼ਾਂ ਵੱਲ ਧਿਆਨ ਦੇਈਏ ਜਿਨ੍ਹਾਂ ਤੋਂ ਬਹੁਤ ਸਾਰੇ ਲੋਕ ਸੁਖ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਯਾਨੀ ਰਹਿਣ ਦੀ ਜਗ੍ਹਾ, ਧਨ-ਦੌਲਤ, ਅਤੇ ਪਦਵੀ। ਫਿਰ ਅਸੀਂ ਦੇਖਾਂਗੇ ਕਿ ਅਸਲੀ ਅਤੇ ਸਦੀਵੀ ਸੁਖ ਕਿੱਥੋਂ ਮਿਲਦਾ ਹੈ।

[ਫੁਟਨੋਟ]

^ ਪੈਰਾ 2 ਨਾਂ ਬਦਲਿਆ ਗਿਆ ਹੈ।