Skip to content

Skip to table of contents

ਦੋ ਪਾਦਰੀ ਜਿਨ੍ਹਾਂ ਨੇ ਭਰਾ ਰਸਲ ਦੀਆਂ ਲਿਖਤਾਂ ਪਸੰਦ ਕੀਤੀਆਂ

ਦੋ ਪਾਦਰੀ ਜਿਨ੍ਹਾਂ ਨੇ ਭਰਾ ਰਸਲ ਦੀਆਂ ਲਿਖਤਾਂ ਪਸੰਦ ਕੀਤੀਆਂ

ਦੋ ਪਾਦਰੀ ਜਿਨ੍ਹਾਂ ਨੇ ਭਰਾ ਰਸਲ ਦੀਆਂ ਲਿਖਤਾਂ ਪਸੰਦ ਕੀਤੀਆਂ

ਭਰਾ ਚਾਰਲਸ ਟੇਜ਼ ਰਸਲ ਨੇ ਯਹੋਵਾਹ ਦੇ ਸੱਚੇ ਮਸੀਹੀ ਭਗਤਾਂ ਦਰਮਿਆਨ ਵੱਡੇ-ਵੱਡੇ ਕੰਮ ਕੀਤੇ ਸਨ। ਉਨ੍ਹਾਂ ਨੇ 1891 ਵਿਚ ਪਹਿਲੀ ਵਾਰ ਯੂਰਪ ਦੀ ਯਾਤਰਾ ਕੀਤੀ। ਕੁਝ ਰਿਪੋਰਟਾਂ ਅਨੁਸਾਰ ਜਦ ਭਰਾ ਰਸਲ ਪੀਨੇਰੋਲੋ, ਇਟਲੀ ਵਿਚ ਥੋੜ੍ਹੇ ਸਮੇਂ ਲਈ ਰੁਕੇ ਤਾਂ ਉੱਥੇ ਉਨ੍ਹਾਂ ਨੂੰ ਪ੍ਰੋਫ਼ੈਸਰ ਡਾਨਿਏਲ ਰਿਵੁਆ ਮਿਲਿਆ। ਇਹ ਪ੍ਰੋਫ਼ੈਸਰ ਪਹਿਲਾਂ ਵਾਲਡੈਂਸੀ ਨਾਂ ਦੇ ਮਜ਼੍ਹਬੀ ਸਮੂਹ ਦਾ ਪਾਦਰੀ ਹੁੰਦਾ ਸੀ। * ਪ੍ਰੋਫ਼ੈਸਰ ਰਿਵੁਆ ਨੇ ਪਾਦਰੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਵਾਲਡੈਂਸੀ ਲੋਕਾਂ ਨਾਲ ਨਜ਼ਦੀਕੀ ਸੰਗਤ ਰੱਖੀ, ਪਰ ਉਸ ਨੇ ਭਰਾ ਰਸਲ ਦੀਆਂ ਕਈ ਕਿਤਾਬਾਂ ਪੜ੍ਹੀਆਂ ਅਤੇ ਆਪਣੇ ਮਨ ਵਿਚ ਕਿਸੇ ਇਕ ਪਾਸੇ ਦਾ ਪੱਖ ਨਹੀਂ ਪੂਰਿਆ ਸੀ।

ਪ੍ਰੋਫ਼ੈਸਰ ਰਿਵੁਆ ਨੇ 1903 ਵਿਚ ਭਰਾ ਰਸਲ ਦੀ ਕਿਤਾਬ ਦ ਡਿਵਾਇਨ ਪਲੈਨ ਆਫ ਦ ਏਜੀਜ਼ ਦਾ ਇਤਾਲਵੀ ਭਾਸ਼ਾ ਵਿਚ ਅਨੁਵਾਦ ਕੀਤਾ ਅਤੇ ਆਪਣੇ ਖ਼ਰਚੇ ਤੇ ਉਸ ਨੂੰ ਛਪਵਾਇਆ। ਸਾਡੀ ਸੰਸਥਾ ਨੇ ਇਸ ਤੋਂ ਕਾਫ਼ੀ ਸਮੇਂ ਬਾਅਦ ਇਸ ਕਿਤਾਬ ਦੀ ਇਤਾਲਵੀ ਐਡੀਸ਼ਨ ਛਾਪੀ ਸੀ। ਆਪਣੀ ਕਿਤਾਬ ਦੇ ਮੁਖਬੰਧ ਵਿਚ ਸ਼੍ਰੀਮਾਨ ਰਿਵੁਆ ਨੇ ਲਿਖਿਆ: “ਅਸੀਂ ਇਹ ਪਹਿਲੀ ਇਤਾਲਵੀ ਐਡੀਸ਼ਨ ਪ੍ਰਭੂ ਦੀ ਸ਼ਰਨੀਂ ਰੱਖਦੇ ਹਾਂ। ਸਾਡੀ ਉਮੀਦ ਹੈ ਕਿ ਇਸ ਉੱਤੇ ਉਸ ਦੀ ਮਿਹਰ ਹੋਵੇਗੀ ਤਾਂਕਿ ਇਸ ਦੀਆਂ ਕਮੀਆਂ ਦੇ ਬਾਵਜੂਦ ਇਹ ਉਸ ਦੇ ਪਵਿੱਤਰ ਨਾਂ ਦੀ ਵਡਿਆਈ ਕਰੇਗੀ ਅਤੇ ਇਸ ਨੂੰ ਪੜ੍ਹ ਕੇ ਉਸ ਦੇ ਇਤਾਲਵੀ ਬੱਚੇ ਹੋਰ ਵੀ ਲਗਨ ਨਾਲ ਉਸ ਦੀ ਭਗਤੀ ਕਰਨਗੇ। ਅਸੀਂ ਚਾਹੁੰਦੇ ਹਾਂ ਕਿ ਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਕਈਆਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਉਦੇਸ਼ ਅਤੇ ਪਿਆਰ ਦੇ ਧਨ, ਬੁੱਧ, ਅਤੇ ਗਿਆਨ ਦੀ ਡੂੰਘਾਈ ਲਈ ਕਦਰ ਜਾਗੇਗੀ। ਉਮੀਦ ਹੈ ਕਿ ਉਹ ਰੱਬ ਦਾ ਸ਼ੁਕਰ ਕਰਨਗੇ ਜਿਸ ਸਦਕਾ ਇਸ ਕਿਤਾਬ ਦਾ ਕੰਮ ਪੂਰਾ ਹੋ ਸਕਿਆ ਹੈ।”

ਪ੍ਰੋਫ਼ੈਸਰ ਰਿਵੁਆ ਨੇ ਜ਼ਾਯੰਸ ਵਾਚ ਟਾਵਰ ਐਂਡ ਹੈਰਲਡ ਆਫ਼ ਕ੍ਰਾਈਸਟਜ਼ ਪ੍ਰੈਜ਼ੰਸ ਦਾ ਵੀ ਇਤਾਲਵੀ ਵਿਚ ਅਨੁਵਾਦ ਕਰਨਾ ਸ਼ੁਰੂ ਕੀਤਾ। ਬਾਅਦ ਵਿਚ ਇਸ ਰਸਾਲੇ ਨੂੰ ਪਹਿਰਾਬੁਰਜ ਸੱਦਿਆ ਗਿਆ। ਇਹ 1903 ਵਿਚ ਹਰ ਤਿੰਨ ਮਹੀਨਿਆਂ ਬਾਅਦ ਛਾਪਿਆ ਜਾਂਦਾ ਸੀ। ਭਾਵੇਂ ਪ੍ਰੋਫ਼ੈਸਰ ਰਿਵੁਆ ਇਕ ਬਾਈਬਲ ਸਟੂਡੈਂਟ, ਯਾਨੀ ਯਹੋਵਾਹ ਦਾ ਗਵਾਹ ਕਦੇ ਨਹੀਂ ਬਣਿਆ, ਉਸ ਨੇ ਬਾਈਬਲ ਸਟੂਡੈਂਟਾਂ ਦੀਆਂ ਕਿਤਾਬਾਂ ਵਿਚ ਦੱਸੇ ਗਏ ਬਾਈਬਲ ਦੇ ਸੰਦੇਸ਼ ਨੂੰ ਦੂਸਰਿਆਂ ਤਕ ਪਹੁੰਚਾਉਣ ਵਿਚ ਵੱਡੀ ਦਿਲਚਸਪੀ ਲਈ।

“ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੇਰੀਆਂ ਅੱਖਾਂ ਤੋਂ ਪੱਟੀ ਲੱਥ ਗਈ”

ਵਾਲਡੈਂਸੀ ਲੋਕਾਂ ਦੇ ਇਕ ਹੋਰ ਪਾਦਰੀ, ਜਿਸ ਨੇ ਭਰਾ ਰਸਲ ਦੀਆਂ ਕਿਤਾਬਾਂ ਪਸੰਦ ਕੀਤੀਆਂ ਸਨ, ਪ੍ਰੋਫ਼ੈਸਰ ਜੂਜ਼ੇਪੇ ਬੈਂਕੈਟੀ ਸੀ। ਉਸ ਦੇ ਪਿਉ ਨੇ ਕੈਥੋਲਿਕ ਮਤ ਛੱਡ ਕੇ ਉਸ ਨੂੰ ਵਾਲਡੈਂਸੀ ਸਿੱਖਿਆ ਦਿੱਤੀ ਸੀ। ਸਾਲ 1894 ਵਿਚ ਪ੍ਰੋਫ਼ੈਸਰ ਬੈਂਕੈਟੀ ਪਾਦਰੀ ਬਣ ਗਿਆ ਅਤੇ ਉਸ ਨੇ ਅਪੁਲਿਆ ਅਤੇ ਆਬਰੂਟਸੀ ਦੇ ਇਲਾਕਿਆਂ ਵਿਚ ਅਤੇ ਏਲਬਾ ਅਤੇ ਸਿਸਲੀ ਦੇ ਟਾਪੂਆਂ ਉੱਤੇ ਵਾਲਡੈਂਸੀ ਲੋਕਾਂ ਦੀ ਖਿਦਮਤ ਕੀਤੀ।

ਸੰਨ 1905 ਵਿਚ ਡਿਵਾਇਨ ਪਲੈਨ ਆਫ ਦ ਏਜੀਜ਼ ਦੀ ਇਤਾਲਵੀ ਐਡੀਸ਼ਨ ਪ੍ਰਕਾਸ਼ਿਤ ਕੀਤੀ ਸੀ। ਜੂਜ਼ੇਪੇ ਬੈਂਕੈਟੀ ਨੇ ਪ੍ਰੋਟੈਸਟੈਂਟ ਰਸਾਲੇ ਲਾ ਰੀਵੀਸਟਾ ਕ੍ਰਿਸਟੀਆਨਾ ਵਿਚ ਉਸ ਐਡੀਸ਼ਨ ਬਾਰੇ ਇਕ ਲੇਖ ਲਿਖਿਆ। ਭਰਾ ਰਸਲ ਦੀ ਕਿਤਾਬ ਬਾਰੇ ਗੱਲ ਕਰਦੇ ਹੋਏ ਉਸ ਨੇ ਕਿਹਾ: ‘ਸਾਡੇ ਵਾਸਤੇ ਇਹ ਕਿਤਾਬ ਉਹ ਚਾਨਣ ਹੈ ਜਿਸ ਦੀ ਰੌਸ਼ਨੀ ਨਾਲ ਕੋਈ ਵੀ ਮਸੀਹੀ ਪਵਿੱਤਰ ਸ਼ਾਸਤਰ ਦਾ ਅਧਿਐਨ ਕਰਨ ਦਾ ਪੂਰਾ ਲਾਭ ਹਾਸਲ ਕਰ ਸਕਦਾ ਹੈ। ਇਸ ਨੂੰ ਪੜ੍ਹਨ ਤੋਂ ਇਕਦਮ ਬਾਅਦ ਮੈਨੂੰ ਇਸ ਤਰ੍ਹਾਂ ਲੱਗਾ ਜਿਵੇਂ ਮੇਰੀਆਂ ਅੱਖਾਂ ਤੋਂ ਪੱਟੀ ਲੱਥ ਗਈ ਹੈ, ਕਿ ਪਰਮੇਸ਼ੁਰ ਵੱਲ ਨੂੰ ਜਾਂਦਾ ਰਾਹ ਹੋਰ ਵੀ ਸਿੱਧਾ ਅਤੇ ਆਸਾਨ ਹੈ। ਜੋ ਗੱਲਾਂ ਪਹਿਲਾਂ-ਪਹਿਲਾਂ ਸਹੀ ਨਹੀਂ ਲੱਗਦੀਆਂ ਸਨ ਉਹ ਹੁਣ ਸਪੱਸ਼ਟ ਹੋ ਗਈਆਂ। ਉਹ ਸਿੱਖਿਆਵਾਂ ਜੋ ਪਹਿਲਾਂ ਸਮਝਣੀਆਂ ਮੁਸ਼ਕਲ ਸਨ, ਹੁਣ ਸੌਖੀਆਂ ਲੱਗਦੀਆਂ ਹਨ ਅਤੇ ਕਬੂਲ ਕਰਨੀਆਂ ਆਸਾਨ ਬਣ ਗਈਆਂ। ਜੋ ਗੱਲਾਂ ਅਜੇ ਤਕ ਬਿਲਕੁਲ ਨਹੀਂ ਸਮਝੀਆਂ ਜਾਂਦੀਆਂ ਸਨ ਉਹ ਵੀ ਸਪੱਸ਼ਟ ਹੋ ਗਈਆਂ। ਮਸੀਹ ਰਾਹੀਂ ਸੰਸਾਰ ਦੀ ਮੁਕਤੀ ਦਾ ਸ਼ਾਨਦਾਰ ਪ੍ਰਬੰਧ ਮੇਰੀਆਂ ਨਜ਼ਰਾਂ ਸਾਮ੍ਹਣੇ ਇੰਨੀ ਸਾਦਗੀ ਨਾਲ ਜ਼ਾਹਰ ਹੋਇਆ ਕਿ ਮੈਨੂੰ ਰਸੂਲ ਦੇ ਲਫ਼ਜ਼ ਯਾਦ ਆ ਗਏ: “ਵਾਹ, ਪਰਮੇਸ਼ੁਰ ਦਾ ਧਨ ਅਤੇ ਬੁੱਧ ਅਤੇ ਗਿਆਨ ਕੇਡਾ ਡੂੰਘਾ ਹੈ!”’—ਰੋਮੀਆਂ 11:33.

ਭਰਾ ਰੇਮੀਜੋ ਕੂਮੀਨੈਟੀ ਨੇ 1925 ਵਿਚ ਜੂਜ਼ੇਪੇ ਬੈਂਕੈਟੀ ਬਾਰੇ ਕਿਹਾ ਕਿ ਉਹ ਬਾਈਬਲ ਸਟੂਡੈਂਟਸ ਦੇ ਕੰਮ ਨਾਲ ‘ਸਹਿਮਤ’ ਸੀ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਉੱਤੇ “ਪੂਰਾ ਵਿਸ਼ਵਾਸ” ਰੱਖਦਾ ਸੀ। ਪ੍ਰੋਫ਼ੈਸਰ ਬੈਂਕੈਟੀ ਨੇ ਆਪਣੇ ਹੀ ਤਰੀਕੇ ਵਿਚ ਅਜਿਹੀਆਂ ਸਿੱਖਿਆਵਾਂ ਨੂੰ ਵੀ ਦੂਸਰਿਆਂ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ।

ਜੂਜ਼ੇਪੇ ਬੈਂਕੈਟੀ ਦੀਆਂ ਲਿਖਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਦੇ ਗਵਾਹਾਂ ਵਾਂਗ ਉਹ ਵੀ ਮੰਨਦਾ ਸੀ ਕਿ ਬਾਈਬਲ ਦੀ ਸਿੱਖਿਆ ਅਨੁਸਾਰ ਮੁਰਦੇ ਧਰਤੀ ਉੱਤੇ ਜੀ ਉਠਾਏ ਜਾਣਗੇ। ਜਦ ਉਸ ਨੇ ਕਿਹਾ ਕਿ ਦਾਨੀਏਲ ਦੀ 70 ਹਫ਼ਤਿਆਂ ਦੀ ਭਵਿੱਖਬਾਣੀ ਵਿਚ ਯਿਸੂ ਦੇ ਮਰਨ ਦਾ ਸਮਾਂ ਦੱਸਿਆ ਗਿਆ ਸੀ, ਤਾਂ ਇਸ ਗੱਲ ਵਿਚ ਵੀ ਉਹ ਬਾਈਬਲ ਸਟੂਡੈਂਟਸ ਨਾਲ ਸਹਿਮਤ ਸੀ। (ਦਾਨੀਏਲ 9:24-27) ਆਪਣੇ ਚਰਚ ਦੀਆਂ ਸਿੱਖਿਆਵਾਂ ਤੋਂ ਬਿਲਕੁਲ ਉਲਟ ਉਸ ਨੇ ਕਈ ਵਾਰ ਕਿਹਾ ਕਿ ਯਿਸੂ ਮਸੀਹ ਦੀ ਮੌਤ ਦੇ ਸਮਾਰਕ ਨੂੰ ਸਾਲ ਵਿਚ ਇਕ ਵਾਰ, “ਐਨ ਉਸੇ ਸਾਲਾਨਾ ਦਿਨ” ਤੇ ਮਨਾਇਆ ਜਾਣਾ ਚਾਹੀਦਾ ਹੈ। (ਲੂਕਾ 22:19, 20) ਉਸ ਨੇ ਡਾਰਵਿਨ ਦੀ ਕ੍ਰਮ-ਵਿਕਾਸ ਦੀ ਥਿਊਰੀ ਰੱਦ ਕੀਤੀ, ਅਤੇ ਉਸ ਨੇ ਕਿਹਾ ਕਿ ਸੱਚੇ ਮਸੀਹੀਆਂ ਨੂੰ ਕਦੇ ਵੀ ਲੜਾਈ ਨਹੀਂ ਕਰਨੀ ਚਾਹੀਦੀ।—ਯਸਾਯਾਹ 2:4.

ਇਕ ਵਾਰ ਪ੍ਰੋਫ਼ੈਸਰ ਬੈਂਕੈਟੀ ਭਰਾ ਰਸਲ ਦੀਆਂ ਕਿਤਾਬਾਂ ਬਾਰੇ ਜੇ. ਕੈਂਭਲ ਵੌਲ ਨਾਂ ਦੇ ਬੰਦੇ ਨਾਲ ਗੱਲ ਕਰ ਰਿਹਾ ਸੀ। ਵੌਲ ਦੀ ਨੁਕਤਾਚੀਨੀ ਦਾ ਜਵਾਬ ਦਿੰਦੇ ਹੋਏ ਪ੍ਰੋਫ਼ੈਸਰ ਬੈਂਕੈਟੀ ਨੇ ਕਿਹਾ: “ਮੈਨੂੰ ਪੂਰਾ ਯਕੀਨ ਹੈ ਕਿ ਜੇ ਤੁਸੀਂ ਰਸਲ ਦੀਆਂ ਛੇ ਕਿਤਾਬਾਂ ਪੜ੍ਹੋ, ਤਾਂ ਤੁਸੀਂ ਡੂੰਘਾ ਆਨੰਦ ਮਹਿਸੂਸ ਕਰੋਗੇ ਅਤੇ ਤੁਸੀਂ ਹੰਝੂ ਵਹਾ ਕੇ ਮੇਰਾ ਧੰਨਵਾਦ ਕਰੋਗੇ। ਆਮ ਤੌਰ ਤੇ ਮੈਂ ਕਿਸੇ ਸਿੱਖਿਆ ਦੀ ਵਡਿਆਈ ਨਹੀਂ ਕਰਦਾ, ਪਰ ਗਿਆਰਾਂ ਸਾਲ ਪਹਿਲਾਂ ਮੈਂ ਇਹ ਕਿਤਾਬਾਂ ਪੜ੍ਹੀਆਂ ਸਨ, ਅਤੇ ਮੈਂ ਹਰ ਰੋਜ਼ ਰੱਬ ਦਾ ਸ਼ੁਕਰ ਕਰਦਾ ਹਾਂ ਕਿ ਉਸ ਨੇ ਮੇਰੇ ਉੱਤੇ ਅਜਿਹਾ ਚਾਨਣ ਪਾਇਆ ਅਤੇ ਇਨ੍ਹਾਂ ਦੁਆਰਾ, ਜੋ ਪਵਿੱਤਰ ਸ਼ਾਸਤਰ ਉੱਤੇ ਪੂਰੀ ਤਰ੍ਹਾਂ ਆਧਾਰਿਤ ਹਨ, ਮੈਨੂੰ ਦਿਲਾਸਾ ਦਿੱਤਾ ਹੈ।”

“ਸੁਣੋ, ਸੁਣੋ, ਸੁਣੋ”

ਇਹ ਕਾਫ਼ੀ ਮਹੱਤਵਪੂਰਣ ਹੈ ਕਿ ਇਨ੍ਹਾਂ ਦੋ ਵਾਲਡੈਂਸੀ ਪਾਦਰੀਆਂ, ਡਾਨਿਏਲ ਰਿਵੁਆ ਅਤੇ ਜੂਜ਼ੇਪੇ ਬੈਂਕੈਟੀ ਨੇ ਭਰਾ ਰਸਲ ਦੇ ਬਾਈਬਲ ਨੂੰ ਸਮਝਾਉਣ ਦੇ ਤਰੀਕੇ ਪਸੰਦ ਕੀਤੇ। ਜੂਜ਼ੇਪੇ ਬੈਂਕੈਟੀ ਨੇ ਲਿਖਿਆ: ‘ਮੈਂ ਕਹਿੰਦਾ ਹਾਂ ਕਿ ਆਪਾਂ ਸਾਰੇ ਇਵੈਂਜਲੀਕਲਾਂ ਵਿੱਚੋਂ ਇਕ ਨਹੀਂ, ਸਾਡੇ ਪਾਦਰੀਆਂ ਜਾਂ ਧਰਮ ਦੇ ਪ੍ਰੋਫ਼ੈਸਰਾਂ ਵਿੱਚੋਂ ਵੀ ਕੋਈ ਨਹੀਂ, ਜੋ ਸਭ ਕੁਝ ਜਾਣਦਾ ਹੈ। ਸੱਚ ਤਾਂ ਇਹ ਹੈ ਕਿ ਸਾਨੂੰ ਬਹੁਤ ਕੁਝ ਸਿੱਖਣ ਦੀ ਜ਼ਰੂਰਤ ਹੈ। ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਨੂੰ ਸਭ ਕੁਝ ਆਉਂਦਾ ਹੈ, ਪਰ ਸਾਨੂੰ ਰੁਕ ਕੇ ਸੁਣਨਾ ਚਾਹੀਦਾ ਹੈ, ਅਤੇ ਜੋ ਸਾਡੇ ਸਾਮ੍ਹਣੇ ਜਾਂਚ ਕਰਨ ਲਈ ਪੇਸ਼ ਕੀਤਾ ਜਾਂਦਾ ਹੈ ਉਸ ਨੂੰ ਠੁਕਰਾਉਣਾ ਨਹੀਂ ਚਾਹੀਦਾ। ਇਸ ਦੀ ਬਜਾਇ ਸੁਣੋ, ਸੁਣੋ, ਸੁਣੋ।’

ਯਹੋਵਾਹ ਦੇ ਗਵਾਹ ਜਦ ਘਰ-ਘਰ ਰਾਜ ਦਾ ਸੰਦੇਸ਼ ਲੈ ਕੇ ਜਾਂਦੇ ਹਨ ਤਾਂ ਹਰ ਸਾਲ ਹਜ਼ਾਰਾਂ ਦੇ ਹਜ਼ਾਰਾਂ ਲੋਕ ਉਨ੍ਹਾਂ ਦੀ ਗੱਲ ਸੁਣਦੇ ਹਨ। ਹਰ ਜਗ੍ਹਾ ਜਿਨ੍ਹਾਂ ਲੋਕਾਂ ਨੇ ਪਰਮੇਸ਼ੁਰ ਬਾਰੇ ਆਪਣਾ ਮਨ ਅਜੇ ਨਹੀਂ ਬਣਾਇਆ ਅਤੇ ਜੋ ਬਾਈਬਲ ਦੀ ਸੱਚਾਈ ਲਈ ਤਰਸਦੇ ਹਨ, ਉਹ ਯਿਸੂ ਦਾ ਸੱਦਾ ਕਬੂਲ ਕਰਦੇ ਹਨ: “ਆ, ਮੇਰੇ ਪਿੱਛੇ ਹੋ ਤੁਰ।”—ਮਰਕੁਸ 10:17-21; ਪਰਕਾਸ਼ ਦੀ ਪੋਥੀ 22:17.

[ਫੁਟਨੋਟ]

^ ਪੈਰਾ 2 ਵਾਲਡੈਂਸੀ ਨਾਂ ਲੀਅਨਜ਼, ਫਰਾਂਸ ਵਿਚ ਰਹਿਣ ਵਾਲੇ 12ਵੀਂ ਸਦੀ ਦੇ ਸੌਦਾਗਰ ਪਿਏਰ ਵੋਡੇਸ, ਜਾਂ ਪੀਟਰ ਵਾਲਡੋ ਦੇ ਨਾਂ ਮਗਰ ਰੱਖਿਆ ਗਿਆ ਸੀ। ਵਾਲਡੋ ਨੂੰ ਆਪਣੇ ਵਿਸ਼ਵਾਸਾਂ ਕਰਕੇ ਕੈਥੋਲਿਕ ਚਰਚ ਵਿੱਚੋਂ ਛੇਕ ਦਿੱਤਾ ਗਿਆ ਸੀ। ਵਾਲਡੈਂਸੀ ਲੋਕਾਂ ਬਾਰੇ ਹੋਰ ਜਾਣਕਾਰੀ ਲਈ 15 ਮਾਰਚ 2002 ਦੇ ਪਹਿਰਾਬੁਰਜ ਵਿਚ “ਵਾਲਡੈਂਸੀਜ਼—ਕੈਥੋਲਿਕ ਧਰਮ ਦੀ ਵਿਰੋਧਤਾ ਤੋਂ ਲੈ ਕੇ ਪ੍ਰੋਟੈਸਟੈਂਟ ਧਰਮ ਤਕ” ਲੇਖ ਦੇਖੋ।

[ਸਫ਼ੇ 28 ਉੱਤੇ ਤਸਵੀਰ]

ਪ੍ਰੋਫ਼ੈਸਰ ਡਾਨਿਏਲ ਰਿਵੁਆ

[ਸਫ਼ੇ 29 ਉੱਤੇ ਤਸਵੀਰ]

ਜੂਜ਼ੇਪੇ ਬੈਂਕੈਟੀ

[ਕ੍ਰੈਡਿਟ ਲਾਈਨ]

ਬੈਂਕੈਟੀ: La Luce, April 14, 1926