Skip to content

Skip to table of contents

ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ ਹਨ

ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ ਹਨ

ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ ਹਨ

“ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ।”—ਜ਼ਬੂਰ 119:97.

1. ਆਮ ਤੌਰ ਤੇ ਪਰਮੇਸ਼ੁਰ ਦੇ ਕਹੇ ਅਨੁਸਾਰ ਚੱਲਣ ਬਾਰੇ ਲੋਕਾਂ ਦਾ ਕੀ ਖ਼ਿਆਲ ਹੈ?

ਅੱਜ-ਕੱਲ੍ਹ ਲੋਕ ਪਰਮੇਸ਼ੁਰ ਦੇ ਕਹੇ ਅਨੁਸਾਰ ਚੱਲਣਾ ਪਸੰਦ ਨਹੀਂ ਕਰਦੇ। ਕਈਆਂ ਦੀਆਂ ਨਜ਼ਰਾਂ ਵਿਚ ਜਿਸ ਨੂੰ ਦੇਖਿਆ ਨਹੀਂ ਜਾਂਦਾ ਉਸ ਦੀ ਗੱਲ ਮੰਨਣ ਦਾ ਕੋਈ ਫ਼ਾਇਦਾ ਨਹੀਂ। ਅਸੀਂ ਅਜਿਹੇ ਜ਼ਮਾਨੇ ਵਿਚ ਜੀ ਰਹੇ ਹਾਂ ਜਿੱਥੇ ਮਿਆਰ ਬਦਲਦੇ ਰਹਿੰਦੇ ਹਨ, ਜਿੱਥੇ ਸਹੀ ਅਤੇ ਗ਼ਲਤ ਵਿਚਕਾਰ, ਅਤੇ ਬੁਰਿਆਈ ਅਤੇ ਭਲਿਆਈ ਵਿਚਕਾਰ ਫ਼ਰਕ ਆਸਾਨੀ ਨਾਲ ਪਛਾਣਿਆ ਨਹੀਂ ਜਾ ਸਕਦਾ। (ਕਹਾਉਤਾਂ 17:15; ਯਸਾਯਾਹ 5:20) ਹਾਲ ਹੀ ਦੇ ਸਮੇਂ ਵਿਚ ਉਨ੍ਹਾਂ ਲੋਕਾਂ ਦਾ ਸਰਵੇ ਕੀਤਾ ਗਿਆ ਜੋ ਧਾਰਮਿਕ ਗੱਲਾਂ ਵੱਲ ਧਿਆਨ ਨਹੀਂ ਦਿੰਦੇ। ਇਸ ਤੋਂ ਪਤਾ ਲੱਗਾ ਕਿ “ਜ਼ਿਆਦਾਤਰ ਅਮਰੀਕੀ ਲੋਕ ਖ਼ੁਦ ਫ਼ੈਸਲਾ ਕਰਨਾ ਚਾਹੁੰਦੇ ਹਨ ਕਿ ਕੀ ਸਹੀ, ਚੰਗਾ, ਅਤੇ ਠੀਕ ਹੈ।” ਉਹ ‘ਨਾ ਹੀ ਸਖ਼ਤ ਸਜ਼ਾ ਦੇਣ ਵਾਲਾ ਪਰਮੇਸ਼ੁਰ, ਨਾ ਪੱਕੇ ਅਸੂਲ, ਨਾ ਕਿਸੇ ਵੀ ਗੱਲ ਵਿਚ ਸਖ਼ਤੀ ਕਰਨ ਵਾਲੇ ਅਧਿਕਾਰੀ ਚਾਹੁੰਦੇ ਹਨ।’ ਸਮਾਜ ਦਾ ਅਧਿਐਨ ਕਰਨ ਵਾਲੇ ਇਕ ਆਦਮੀ ਨੇ ਦੇਖਿਆ ਕਿ ਅੱਜ-ਕੱਲ੍ਹ “ਲੋਕਾਂ ਉੱਤੇ ਆਸ ਰੱਖੀ ਜਾਂਦੀ ਹੈ ਕਿ ਉਹ ਖ਼ੁਦ ਫ਼ੈਸਲਾ ਕਰਨ ਕਿ ਚੰਗੀ ਅਤੇ ਨੇਕ ਜ਼ਿੰਦਗੀ ਜੀਉਣ ਦਾ ਮਤਲਬ ਕੀ ਹੈ।” ਉਸ ਨੇ ਅੱਗੇ ਕਿਹਾ: “ਕਿਸੇ ਵੀ ਅਧਿਕਾਰੀ ਨੂੰ ਹੁਕਮ ਦੇਣ ਤੋਂ ਪਹਿਲਾਂ ਲੋਕਾਂ ਦੀਆਂ ਜ਼ਰੂਰਤਾਂ ਬਾਰੇ ਸੋਚਣਾ ਚਾਹੀਦੇ ਹੈ।”

2. ਬਾਈਬਲ ਵਿਚ ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰਨ ਦਾ ਬਰਕਤਾਂ ਹਾਸਲ ਕਰਨ ਨਾਲ ਅਤੇ ਪਰਮੇਸ਼ੁਰ ਨੂੰ ਖ਼ੁਸ਼ ਕਰਨ ਨਾਲ ਕੀ ਸੰਬੰਧ ਹੈ?

2 ਬਹੁਤ ਸਾਰੇ ਲੋਕ ਸ਼ੱਕ ਕਰਦੇ ਹਨ ਕਿ ਯਹੋਵਾਹ ਦੀ ਆਗਿਆ ਪਾਲਣ ਦੇ ਫ਼ਾਇਦੇ ਹਨ। ਇਸ ਲਈ ਸਾਨੂੰ ਆਪਣਾ ਵਿਸ਼ਵਾਸ ਪੱਕਾ ਕਰਨਾ ਚਾਹੀਦਾ ਹੈ ਕਿ ਪਰਮੇਸ਼ੁਰ ਦੇ ਸਿਧਾਂਤ ਸਾਡੇ ਭਲੇ ਲਈ ਹਨ। ਚੰਗਾ ਹੋਵੇਗਾ ਜੇਕਰ ਅਸੀਂ ਬਾਈਬਲ ਵਿਚ ਉਤਪਤ 26:5 ਦੇ ਸ਼ਬਦਾਂ ਉੱਤੇ ਵਿਚਾਰ ਕਰੀਏ ਜਿੱਥੇ ਪਹਿਲੀ ਵਾਰ ਕਾਨੂੰਨਾਂ ਜਾਂ ਹੁਕਮਾਂ ਦਾ ਜ਼ਿਕਰ ਕੀਤਾ ਗਿਆ ਹੈ। ਪਰਮੇਸ਼ੁਰ ਨੇ ਕਿਹਾ: “ਅਬਰਾਹਾਮ ਨੇ . . . ਮੇਰੇ ਫਰਜ਼ਾਂ ਅਰ ਮੇਰੇ ਹੁਕਮਾਂ ਅਰ ਮੇਰੀ ਬਿਧੀਆਂ ਅਰ ਮੇਰੀਆਂ ਬਿਵਸਥਾਂ ਦੀ ਪਾਲਨਾ ਕੀਤੀ।” ਅਬਰਾਹਾਮ ਦੀ ਅੰਸ ਨੂੰ ਮੂਸਾ ਦੀ ਬਿਵਸਥਾ ਦੇਣ ਤੋਂ ਸਦੀਆਂ ਪਹਿਲਾਂ ਯਹੋਵਾਹ ਨੇ ਇਹ ਸ਼ਬਦ ਬੋਲੇ ਸਨ। ਪਰਮੇਸ਼ੁਰ ਦੀ ਹਰ ਗੱਲ ਅਤੇ ਹਰ ਨਿਯਮ ਦੀ ਪਾਲਣਾ ਕਰਨ ਲਈ ਯਹੋਵਾਹ ਨੇ ਅਬਰਾਹਾਮ ਨੂੰ ਕਿਹੜੀ ਬਰਕਤ ਦਿੱਤੀ? ਯਹੋਵਾਹ ਪਰਮੇਸ਼ੁਰ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ “ਤੇਰੀ ਅੰਸ ਵਿੱਚ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।” (ਉਤਪਤ 22:18) ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਨਿਯਮਾਂ ਦੀ ਪਾਲਣਾ ਕਰਨ ਦੁਆਰਾ ਹੀ ਉਸ ਤੋਂ ਬਰਕਤਾਂ ਮਿਲਦੀਆਂ ਹਨ ਤੇ ਅਸੀਂ ਉਸ ਨੂੰ ਖ਼ੁਸ਼ ਕਰਦੇ ਹਾਂ।

3. (ੳ) ਯਹੋਵਾਹ ਦੀ ਬਿਵਸਥਾ ਪ੍ਰਤੀ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹੜੀ ਭਾਵਨਾ ਪ੍ਰਗਟ ਕੀਤੀ ਸੀ? (ਅ) ਸਾਨੂੰ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ?

3 ਜ਼ਬੂਰਾਂ ਦੇ ਇਕ ਲਿਖਾਰੀ ਨੇ, ਜੋ ਸ਼ਾਇਦ ਯਹੂਦਾਹ ਦਾ ਇਕ ਰਾਜਕੁਮਾਰ ਅਤੇ ਅਤੇ ਬਾਅਦ ਵਿਚ ਰਾਜਾ ਸੀ, ਅਜਿਹੀ ਭਾਵਨਾ ਪ੍ਰਗਟ ਕੀਤੀ ਜੋ ਆਮ ਤੌਰ ਤੇ ਬਿਵਸਥਾ, ਜਾਂ ਕਾਨੂੰਨਾਂ ਨਾਲ ਜੋੜੀ ਨਹੀਂ ਜਾਂਦੀ। ਪਰਮੇਸ਼ੁਰ ਨੂੰ ਉਸ ਨੇ ਕਿਹਾ: “ਮੈਂ ਤੇਰੀ ਬਿਵਸਥਾ ਨਾਲ ਕਿੰਨੀ ਪ੍ਰੀਤ ਰੱਖਦਾ ਹਾਂ!” (ਟੇਢੇ ਟਾਈਪ ਸਾਡੇ।) (ਜ਼ਬੂਰ 119:97) ਇਹ ਗੱਲ ਉਹ ਐਵੇਂ ਹੀ ਨਹੀਂ ਕਹਿ ਰਿਹਾ ਸੀ ਪਰ ਉਹ ਬਿਵਸਥਾ ਵਿਚ ਪਾਈ ਗਈ ਪਰਮੇਸ਼ੁਰ ਦੀ ਇੱਛਾ ਲਈ ਆਪਣਾ ਪਿਆਰ ਪ੍ਰਗਟ ਕਰ ਰਿਹਾ ਸੀ। ਪਰਮੇਸ਼ੁਰ ਦਾ ਸੰਪੂਰਣ ਪੁੱਤਰ ਯਿਸੂ ਮਸੀਹ ਵੀ ਇਸੇ ਤਰ੍ਹਾਂ ਮਹਿਸੂਸ ਕਰਦਾ ਸੀ। ਭਵਿੱਖਬਾਣੀ ਵਿਚ ਯਿਸੂ ਨੂੰ ਇਹ ਕਹਿੰਦਿਆਂ ਦਰਸਾਇਆ ਗਿਆ ਸੀ: “ਤੇਰੀ ਇੱਛਿਆ ਨੂੰ ਪੂਰਿਆਂ ਕਰਨ ਵਿੱਚ, ਹੇ ਮੇਰੇ ਪਰਮੇਸ਼ੁਰ, ਮੈਂ ਪਰਸੰਨ ਹਾਂ, ਅਤੇ ਤੇਰੀ ਬਿਵਸਥਾ ਮੇਰੇ ਰਿਦੇ ਦੇ ਅੰਦਰ ਹੈ।” (ਜ਼ਬੂਰ 40:8; ਇਬਰਾਨੀਆਂ 10:9) ਸਾਡੇ ਬਾਰੇ ਕੀ? ਕੀ ਅਸੀਂ ਵੀ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਕੇ ਖ਼ੁਸ਼ ਹੁੰਦੇ ਹਾਂ? ਕੀ ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਦੇ ਨਿਯਮ ਸਾਡੇ ਭਲੇ ਲਈ ਹਨ? ਸਾਡੀ ਉਪਾਸਨਾ ਅਤੇ ਰੁਜ਼ਾਨਾ ਜ਼ਿੰਦਗੀ, ਸਾਡੇ ਫ਼ੈਸਲਿਆਂ ਅਤੇ ਦੂਸਰਿਆਂ ਨਾਲ ਸਾਡੇ ਰਿਸ਼ਤੇ ਵਿਚ ਪਰਮੇਸ਼ੁਰ ਦੇ ਨਿਯਮ ਲਾਗੂ ਕਰਨੇ ਸਾਡੇ ਲਈ ਕਿੰਨੇ ਕੁ ਜ਼ਰੂਰੀ ਹਨ? ਪਰਮੇਸ਼ੁਰ ਦੇ ਨਿਯਮਾਂ ਨਾਲ ਪਿਆਰ ਕਰਨ ਲਈ ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਪਰਮੇਸ਼ੁਰ ਕੋਲ ਨਿਯਮ ਬਣਾਉਣ ਅਤੇ ਉਨ੍ਹਾਂ ਨੂੰ ਅਮਲ ਵਿਚ ਲਿਆਉਣ ਦਾ ਹੱਕ ਕਿਉਂ ਹੈ।

ਨਿਯਮ ਬਣਾਉਣ ਦਾ ਯਹੋਵਾਹ ਕੋਲ ਪੂਰਾ ਹੱਕ ਹੈ

4. ਨਿਯਮ ਸਥਾਪਿਤ ਕਰਨ ਦਾ ਸਿਰਫ਼ ਯਹੋਵਾਹ ਕੋਲ ਹੱਕ ਕਿਉਂ ਹੈ?

4 ਯਹੋਵਾਹ ਸਾਡਾ ਸਿਰਜਣਹਾਰ ਹੈ ਇਸ ਲਈ ਪੂਰੇ ਵਿਸ਼ਵ ਵਿਚ ਸਿਰਫ਼ ਉਸ ਕੋਲ ਨਿਯਮ ਸਥਾਪਿਤ ਕਰਨ ਦਾ ਹੱਕ ਹੈ। (ਪਰਕਾਸ਼ ਦੀ ਪੋਥੀ 4:11) ਯਸਾਯਾਹ ਨਬੀ ਨੇ ਕਿਹਾ ਕਿ “ਯਹੋਵਾਹ ਸਾਡਾ ਬਿਧੀਆਂ ਦੇਣ ਵਾਲਾ ਹੈ।” (ਯਸਾਯਾਹ 33:22) ਯਹੋਵਾਹ ਨੇ ਜਾਨਦਾਰ ਅਤੇ ਬੇਜਾਨ ਸ੍ਰਿਸ਼ਟੀ ਉੱਤੇ ਕੁਦਰਤੀ ਨਿਯਮ ਸਥਾਪਿਤ ਕੀਤੇ ਹਨ। (ਅੱਯੂਬ 38:4-38; 39:1-12; ਜ਼ਬੂਰ 104:5-19) ਪਰਮੇਸ਼ੁਰ ਦੀ ਸ੍ਰਿਸ਼ਟੀ ਵਜੋਂ ਇਨਸਾਨ ਯਹੋਵਾਹ ਦੇ ਕੁਦਰਤੀ ਨਿਯਮਾਂ ਦੇ ਹੇਠ ਹਨ। ਇਸ ਦੇ ਨਾਲ-ਨਾਲ, ਭਾਵੇਂ ਕਿ ਇਨਸਾਨ ਸੋਚ-ਸਮਝ ਕੇ ਆਪਣੇ ਫ਼ੈਸਲੇ ਕਰ ਸਕਦੇ ਹਨ, ਫਿਰ ਵੀ ਉਹ ਸਿਰਫ਼ ਉਦੋਂ ਹੀ ਖ਼ੁਸ਼ੀ ਮਹਿਸੂਸ ਕਰਦੇ ਹਨ ਜਦੋਂ ਉਹ ਪਰਮੇਸ਼ੁਰ ਦੇ ਨੈਤਿਕ ਅਤੇ ਰੂਹਾਨੀ ਨਿਯਮਾਂ ਦੀ ਪਾਲਣਾ ਕਰਦੇ ਹਨ।—ਰੋਮੀਆਂ 12:1; 1 ਕੁਰਿੰਥੀਆਂ 2:14-16.

5. ਗਲਾਤੀਆਂ 6:7 ਦੀ ਗੱਲ ਪਰਮੇਸ਼ੁਰ ਦੇ ਨਿਯਮਾਂ ਪ੍ਰਤੀ ਕਿਵੇਂ ਸੱਚ ਸਾਬਤ ਹੁੰਦੀ ਹੈ?

5 ਅਸੀਂ ਜਾਣਦੇ ਹਾਂ ਕਿ ਯਹੋਵਾਹ ਦੇ ਕੁਦਰਤੀ ਨਿਯਮ ਤੋੜੇ ਨਹੀਂ ਜਾ ਸਕਦੇ। (ਯਿਰਮਿਯਾਹ 33:20, 21) ਜਦ ਕੋਈ ਵਿਅਕਤੀ ਕਿਸੇ ਕੁਦਰਤੀ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਆਪਣੀ ਕਰਨੀ ਦਾ ਫਲ ਭੁਗਤਣਾ ਪੈਂਦਾ ਹੈ। ਪਰਮੇਸ਼ੁਰ ਦੇ ਨੈਤਿਕ ਮਿਆਰ ਵੀ ਅਟੱਲ ਹਨ ਅਤੇ ਬੁਰੇ ਨਤੀਜੇ ਤੋਂ ਬਿਨਾਂ ਤੋੜੇ ਨਹੀਂ ਜਾ ਸਕਦੇ। ਭਾਵੇਂ ਕਿ ਨੈਤਿਕ ਮਿਆਰ ਤੋੜਨ ਦੇ ਨਤੀਜੇ ਕੁਦਰਤੀ ਨਿਯਮ ਤੋੜਨ ਵਾਂਗ ਝਟਪਟ ਨਹੀਂ ਮਹਿਸੂਸ ਹੁੰਦੇ ਫਿਰ ਵੀ ਨੈਤਿਕ ਮਿਆਰ ਤੋੜਨ ਦੇ ਨਤੀਜੇ ਉੱਨੇ ਹੀ ਅਟੱਲ ਹਨ। “ਪਰਮੇਸ਼ੁਰ ਠੱਠਿਆਂ ਵਿੱਚ ਨਹੀਂ ਉਡਾਈਦਾ ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।”—ਗਲਾਤੀਆਂ 6:7; 1 ਤਿਮੋਥਿਉਸ 5:24.

ਯਹੋਵਾਹ ਦੇ ਨਿਯਮ ਹਰ ਗੱਲ ਵਿਚ ਲਾਗੂ ਹੁੰਦੇ ਹਨ

6. ਪਰਮੇਸ਼ੁਰ ਦੇ ਨਿਯਮ ਸਾਡੀ ਜ਼ਿੰਦਗੀ ਵਿਚ ਕਿਸ ਹੱਦ ਤਕ ਲਾਗੂ ਹੁੰਦੇ ਹਨ?

6 ਮੂਸਾ ਦੀ ਬਿਵਸਥਾ ਪਰਮੇਸ਼ੁਰ ਦੇ ਨਿਯਮਾਂ ਦਾ ਇਕ ਪ੍ਰਮੁੱਖ ਪ੍ਰਗਟਾਵਾ ਸੀ। (ਰੋਮੀਆਂ 7:12) ਕੁਝ ਸਮੇਂ ਬਾਅਦ ਯਹੋਵਾਹ ਪਰਮੇਸ਼ੁਰ ਨੇ ਮੂਸਾ ਦੀ ਬਿਵਸਥਾ “ਮਸੀਹ ਦੀ ਸ਼ਰਾ” ਨਾਲ ਬਦਲ ਦਿੱਤੀ ਸੀ। * (ਗਲਾਤੀਆਂ 6:2; 1 ਕੁਰਿੰਥੀਆਂ 9:21) ਮਸੀਹੀਆਂ ਵਜੋਂ ਅਸੀਂ ‘ਪੂਰੀ ਸ਼ਰਾ, ਅਰਥਾਤ ਅਜ਼ਾਦੀ ਦੀ ਸ਼ਰਾ’ ਅਧੀਨ ਹਾਂ। ਅਤੇ ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦੇ ਮਿਆਰ ਜ਼ਿੰਦਗੀ ਦੇ ਸਿਰਫ਼ ਕੁਝ ਹੀ ਪਹਿਲੂਆਂ ਉੱਤੇ ਲਾਗੂ ਨਹੀਂ ਹੁੰਦੇ, ਜਿਵੇਂ ਕਿ ਵਿਸ਼ਵਾਸਾਂ ਜਾਂ ਰੀਤ-ਰਿਵਾਜਾਂ ਉੱਤੇ। ਪਰ ਉਹ ਪਰਿਵਾਰਕ ਮਾਮਲਿਆਂ, ਕੰਮਾਂ-ਧੰਦਿਆਂ, ਤੀਵੀਂ-ਆਦਮੀ ਦੇ ਆਪਸੀ ਚਾਲ-ਚੱਲਣ, ਮਸੀਹੀ ਭੈਣਾਂ-ਭਰਾਵਾਂ ਪ੍ਰਤੀ ਸਾਡੇ ਰਵੱਈਏ, ਅਤੇ ਸੱਚੀ ਉਪਾਸਨਾ ਵਿਚ ਸਾਡੇ ਹਿੱਸੇ ਉੱਤੇ ਵੀ ਲਾਗੂ ਹੁੰਦੇ ਹਨ। ਜੀ ਹਾਂ ਉਸ ਦੇ ਮਿਆਰ ਜ਼ਿੰਦਗੀ ਦੇ ਹਰ ਪਹਿਲੂ ਉੱਤੇ ਲਾਗੂ ਹੁੰਦੇ ਹਨ।—ਯਾਕੂਬ 1:25, 27.

7. ਪਰਮੇਸ਼ੁਰ ਦੀ ਬਿਵਸਥਾ ਦੇ ਕਿਹੜੇ ਕੁਝ ਮਹੱਤਵਪੂਰਣ ਅਸੂਲ ਹਨ?

7 ਮਿਸਾਲ ਲਈ ਬਾਈਬਲ ਕਹਿੰਦੀ ਹੈ: “ਨਾ ਹਰਾਮਕਾਰ, ਨਾ ਮੂਰਤੀ ਪੂਜਕ, ਨਾ ਜ਼ਨਾਹਕਾਰ, ਨਾ ਜਨਾਨੜੇ, ਨਾ ਮੁੰਡੇਬਾਜ, ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ, ਨਾ ਲੁਟੇਰੇ ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਹੋਣਗੇ।” (1 ਕੁਰਿੰਥੀਆਂ 6:9, 10) ਜੀ ਹਾਂ ਵਿਭਚਾਰ, ਜ਼ਨਾਹ, ਅਤੇ ਸਮਲਿੰਗਕਾਮੁਕਤਾ ਮਾਮੂਲੀ ਜਿਹੀਆਂ ਗੱਲਾਂ ਨਹੀਂ ਹਨ। ਇਹ ਕੰਮ ਯਹੋਵਾਹ ਦੇ ਨਿਯਮਾਂ ਦੇ ਖ਼ਿਲਾਫ ਕੀਤੇ ਜਾਂਦੇ ਹਨ। ਇਨ੍ਹਾਂ ਦੇ ਨਾਲ-ਨਾਲ ਚੋਰੀ ਕਰਨੀ, ਝੂਠ ਬੋਲਣਾ, ਅਤੇ ਕਿਸੇ ਦੀ ਭੰਡੀ ਕਰਨੀ ਵੀ ਯਹੋਵਾਹ ਦੇ ਖ਼ਿਲਾਫ ਹੈ। (ਜ਼ਬੂਰ 101:5; ਕੁਲੁੱਸੀਆਂ 3:9; 1 ਪਤਰਸ 4:15) ਯਾਕੂਬ ਨੇ ਘਮੰਡ ਕਰਨਾ ਮਨ੍ਹਾ ਕੀਤਾ ਸੀ, ਅਤੇ ਪੌਲੁਸ ਨੇ ਗੰਦੀ ਬੋਲੀ ਅਤੇ ਮਖੌਲ ਕਰਨ ਤੋਂ ਦੂਰ ਰਹਿਣ ਬਾਰੇ ਸਲਾਹ ਦਿੱਤੀ ਸੀ। (ਅਫ਼ਸੀਆਂ 5:4; ਯਾਕੂਬ 4:16) ਮਸੀਹੀਆਂ ਦੀ ਨਜ਼ਰ ਵਿਚ ਇਹ ਸਾਰੇ ਅਸੂਲ ਪਰਮੇਸ਼ੁਰ ਦੀ ਸੰਪੂਰਣ ਬਿਵਸਥਾ ਦਾ ਹਿੱਸਾ ਹਨ।—ਜ਼ਬੂਰ 19:7.

8. (ੳ) ਯਹੋਵਾਹ ਦੀ ਬਿਵਸਥਾ ਕੀ ਹੈ? (ਅ) “ਬਿਵਸਥਾ” ਲਈ ਵਰਤੇ ਗਏ ਇਬਰਾਨੀ ਸ਼ਬਦ ਦਾ ਮੂਲ ਅਰਥ ਕੀ ਹੈ?

8 ਬਾਈਬਲ ਵਿਚ ਇਨ੍ਹਾਂ ਜ਼ਰੂਰੀ ਅਸੂਲਾਂ ਵੱਲ ਧਿਆਨ ਦੇ ਕੇ ਸਾਨੂੰ ਪਤਾ ਲੱਗਦਾ ਹੈ ਕਿ ਯਹੋਵਾਹ ਦੀ ਬਿਵਸਥਾ ਦਾ ਅਸਲੀ ਮਤਲਬ ਕੀ ਹੈ। ਜ਼ਬਰਦਸਤ ਅਸੂਲਾਂ ਦੀ ਬਜਾਇ ਇਹ ਨਿਯਮ ਸੁਖ-ਸੰਤੋਖ ਪਾਉਣ ਵਾਸਤੇ ਜੀਵਨ ਦੇ ਹਰ ਹਿੱਸੇ ਉੱਤੇ ਲਾਗੂ ਹੁੰਦੇ ਹਨ। ਪਰਮੇਸ਼ੁਰ ਦੀ ਬਿਵਸਥਾ ਤੋਂ ਸਾਨੂੰ ਸਿੱਖਿਆ ਮਿਲਦੀ ਹੈ, ਉਸ ਵਿਚ ਨੈਤਿਕ ਕਦਰਾਂ-ਕੀਮਤਾਂ ਪਾਈਆਂ ਜਾਂਦੀਆਂ ਹਨ, ਅਤੇ ਉਸ ਨੂੰ ਪੜ੍ਹ ਕੇ ਸਾਡਾ ਹੌਸਲਾ ਵਧਦਾ ਹੈ। (ਜ਼ਬੂਰ 119:72) ਜ਼ਬੂਰਾਂ ਦੇ ਲਿਖਾਰੀ ਨੇ ਇਬਰਾਨੀ ਸ਼ਬਦ ਤੋਹਰਾਹ ਵਰਤਿਆ ਸੀ ਜਿਸ ਦਾ ਤਰਜਮਾ “ਬਿਵਸਥਾ” ਹੈ। ਬਾਈਬਲ ਦੇ ਇਕ ਵਿਦਵਾਨ ਨੇ ਕਿਹਾ: “ਇਹ ਸ਼ਬਦ ਉਸ ਕ੍ਰਿਆ ਤੋਂ ਬਣਿਆ ਹੈ ਜਿਸ ਦਾ ਅਰਥ ਹੈ, ਨਿਰਦੇਸ਼ਿਤ ਕਰਨਾ, ਅਗਵਾਈ ਦੇਣੀ, ਟੀਚਾ ਬਣਾਉਣਾ, ਅੱਗੇ ਵਧਣਾ। ਇਸ ਲਈ ਇਸ . . . ਨੂੰ ਜ਼ਿੰਦਗੀ ਦਾ ਇਕ ਅਸੂਲ ਵੀ ਕਿਹਾ ਜਾ ਸਕਦਾ ਹੈ।” ਜ਼ਬੂਰਾਂ ਦੇ ਲਿਖਾਰੀ ਲਈ ਪਰਮੇਸ਼ੁਰ ਦੀ ਬਿਵਸਥਾ ਜਾਂ ਨਿਯਮ ਪਰਮੇਸ਼ੁਰ ਵੱਲੋਂ ਇਕ ਤੋਹਫ਼ਾ ਸੀ। ਸਾਨੂੰ ਵੀ ਆਪਣੇ ਜੀਵਨ ਵਿਚ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦੁਆਰਾ ਦਿਖਾਉਣਾ ਚਾਹੀਦਾ ਹੈ ਕਿ ਅਸੀਂ ਇਨ੍ਹਾਂ ਨੂੰ ਬਹੁਮੁੱਲੇ ਸਮਝਦੇ ਹਾਂ।

9, 10. (ੳ) ਸਾਨੂੰ ਸਹੀ ਨਿਰਦੇਸ਼ਨ ਦੀ ਕਿਉਂ ਜ਼ਰੂਰਤ ਹੈ? (ਅ) ਅਸੀਂ ਆਪਣੀ ਜ਼ਿੰਦਗੀ ਨੂੰ ਕਿਵੇਂ ਸੁਖੀ ਬਣਾ ਸਕਦੇ ਹਾਂ?

9 ਸਾਰਿਆਂ ਨੂੰ ਸਹੀ ਨਿਰਦੇਸ਼ਨ ਅਤੇ ਚੰਗੀ ਅਗਵਾਈ ਦੀ ਜ਼ਰੂਰਤ ਹੈ। ਇਹ ਗੱਲ ਯਿਸੂ ਅਤੇ ਦੂਤਾਂ ਬਾਰੇ ਵੀ ਸੱਚ ਹੈ ਜੋ ਇਨਸਾਨਾਂ ਨਾਲੋਂ ਕਿਤੇ ਉੱਤਮ ਹਨ। (ਜ਼ਬੂਰ 8:5; ਯੂਹੰਨਾ 5:30; 6:38; ਇਬਰਾਨੀਆਂ 2:7; ਪਰਕਾਸ਼ ਦੀ ਪੋਥੀ 22:8, 9) ਜਦ ਸੰਪੂਰਣ ਦੂਤ ਪਰਮੇਸ਼ੁਰ ਦੀ ਅਗਵਾਈ ਤੋਂ ਲਾਭ ਪ੍ਰਾਪਤ ਕਰ ਸਕਦੇ ਹਨ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਪਾਪੀ ਇਨਸਾਨਾਂ ਨੂੰ ਵੀ ਇਸ ਤੋਂ ਬਹੁਤ ਲਾਭ ਮਿਲ ਸਕਦਾ ਹੈ! ਮਾਨਵੀ ਇਤਿਹਾਸ ਅਤੇ ਸਾਡੇ ਆਪਣੇ ਅਨੁਭਵ ਨੇ ਯਿਰਮਿਯਾਹ ਦੇ ਸ਼ਬਦ ਸੱਚ ਸਾਬਤ ਕੀਤੇ ਹਨ: “ਹੇ ਯਹੋਵਾਹ, ਮੈਂ ਜਾਣਦਾ ਹਾਂ, ਕਿ ਆਦਮੀ ਦਾ ਰਾਹ ਉਹ ਦੇ ਵੱਸ ਵਿੱਚ ਨਹੀਂ ਹੈ, ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।”—ਯਿਰਮਿਯਾਹ 10:23.

10 ਜੇਕਰ ਅਸੀਂ ਜ਼ਿੰਦਗੀ ਵਿਚ ਸੁਖ ਪਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਪਰਮੇਸ਼ੁਰ ਦੀ ਅਗਵਾਈ ਅਨੁਸਾਰ ਚੱਲਣ ਦੀ ਲੋੜ ਹੈ। ਰਾਜਾ ਸੁਲੇਮਾਨ ਨੇ ਇਹ ਗੱਲ ਕਬੂਲ ਕੀਤੀ ਕਿ ਪਰਮੇਸ਼ੁਰ ਦੀ ਅਗਵਾਈ ਅਨੁਸਾਰ ਚੱਲਣ ਦੀ ਬਜਾਇ ਆਪਣੀ ਮਰਜ਼ੀ ਕਰਨ ਵਿਚ ਖ਼ਤਰਾ ਹੈ: “ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।”—ਕਹਾਉਤਾਂ 14:12.

ਯਹੋਵਾਹ ਦੇ ਨਿਯਮਾਂ ਦੀ ਦਿਲੋਂ ਪਾਲਣਾ ਕਿਉਂ ਕਰਨੀ ਚਾਹੀਦੀ ਹੈ?

11. ਸਾਨੂੰ ਯਹੋਵਾਹ ਦੇ ਨਿਯਮਾਂ ਨੂੰ ਸਮਝਣ ਦੀ ਦਿਲੋਂ ਚਾਹ ਕਿਉਂ ਕਰਨੀ ਚਾਹੀਦੀ ਹੈ?

11 ਚੰਗਾ ਹੋਵੇਗਾ ਜੇਕਰ ਅਸੀਂ ਯਹੋਵਾਹ ਦੇ ਨਿਯਮਾਂ ਨੂੰ ਸਮਝਣ ਦੀ ਚਾਹ ਪੈਦਾ ਕਰੀਏ। ਜ਼ਬੂਰਾਂ ਦੇ ਲਿਖਾਰੀ ਨੇ ਅਜਿਹੀ ਚਾਹ ਪ੍ਰਗਟ ਕੀਤੀ ਸੀ ਜਦ ਉਸ ਨੇ ਕਿਹਾ: “ਮੇਰੀਆਂ ਅੱਖਾਂ ਖੋਲ੍ਹ, ਭਈ ਮੈਂ ਤੇਰੀ ਬਿਵਸਥਾ ਦੀਆਂ ਅਚਰਜ ਗੱਲਾਂ ਨੂੰ ਵੇਖਾਂ!” (ਜ਼ਬੂਰ 119:18) ਜਿੰਨਾ ਜ਼ਿਆਦਾ ਅਸੀਂ ਪਰਮੇਸ਼ੁਰ ਅਤੇ ਉਸ ਦੇ ਕੰਮਾਂ-ਕਾਰਾਂ ਬਾਰੇ ਸਿੱਖਾਂਗੇ, ਉੱਨਾ ਹੀ ਜ਼ਿਆਦਾ ਸਾਡੀ ਯਸਾਯਾਹ ਦੇ ਸ਼ਬਦਾਂ ਦੀ ਸੱਚਾਈ ਲਈ ਕਦਰ ਵਧੇਗੀ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਹਾਂ, ਜੋ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹਾਂ, ਜੋ ਤੈਨੂੰ ਉਸ ਰਾਹ ਪਾਉਂਦਾ ਜਿਸ ਰਾਹ ਤੈਂ ਜਾਣਾ ਹੈ। ਕਾਸ਼ ਕਿ ਤੂੰ ਮੇਰੇ ਹੁਕਮਾਂ ਨੂੰ ਮੰਨਦਾ!” (ਯਸਾਯਾਹ 48:17, 18) ਯਹੋਵਾਹ ਸੱਚ-ਮੁੱਚ ਚਾਹੁੰਦਾ ਹੈ ਕਿ ਉਸ ਦੇ ਲੋਕ ਉਸ ਦੇ ਹੁਕਮਾਂ ਉੱਤੇ ਚੱਲ ਕੇ ਤਬਾਹੀ ਤੋਂ ਬਚਣ ਅਤੇ ਜ਼ਿੰਦਗੀ ਦਾ ਆਨੰਦ ਮਾਣਨ। ਚਲੋ ਆਪਾਂ ਕੁਝ ਖ਼ਾਸ ਗੱਲਾਂ ਵੱਲ ਧਿਆਨ ਦੇਈਏ ਜੋ ਦਿਖਾਉਂਦੀਆਂ ਹਨ ਕਿ ਸਾਨੂੰ ਪਰਮੇਸ਼ੁਰ ਦੇ ਨਿਯਮਾਂ ਦੀ ਦਿਲੋਂ ਪਾਲਣਾ ਕਿਉਂ ਕਰਨੀ ਚਾਹੀਦੀ ਹੈ।

12. ਸਾਡੇ ਬਾਰੇ ਯਹੋਵਾਹ ਦੀ ਜਾਣਕਾਰੀ ਉਸ ਨੂੰ ਸਭ ਤੋਂ ਉੱਤਮ ਨਿਯਮ ਬਣਾਉਣ ਵਾਲਾ ਕਿਵੇਂ ਸਾਬਤ ਕਰਦੀ ਹੈ?

12ਇਹ ਨਿਯਮ ਪਰਮੇਸ਼ੁਰ ਤੋਂ ਹਨ ਜੋ ਸਾਨੂੰ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਯਹੋਵਾਹ ਸਾਡਾ ਸਿਰਜਣਹਾਰ ਹੋਣ ਦੇ ਨਾਤੇ ਸਾਡੀ ਨਸ-ਨਸ ਜਾਣਦਾ ਹੈ। (ਜ਼ਬੂਰ 139:1, 2; ਰਸੂਲਾਂ ਦੇ ਕਰਤੱਬ 17:24-28) ਸਾਕ-ਸੰਬੰਧੀ ਅਤੇ ਮਾਪੇ ਵੀ ਸਾਨੂੰ ਯਹੋਵਾਹ ਵਾਂਗ ਨਹੀਂ ਜਾਣਦੇ। ਅਸੀਂ ਤਾਂ ਖ਼ੁਦ ਵੀ ਨਹੀਂ ਆਪਣੇ ਆਪ ਨੂੰ ਯਹੋਵਾਹ ਜਿੰਨੀ ਚੰਗੀ ਤਰ੍ਹਾਂ ਜਾਣਦੇ! ਸਾਡਾ ਸਿਰਜਣਹਾਰ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਾਡੀਆਂ ਰੂਹਾਨੀ, ਭਾਵਾਤਮਕ, ਮਾਨਸਿਕ, ਅਤੇ ਸਰੀਰਕ ਜ਼ਰੂਰਤਾਂ ਕੀ ਹਨ। ਉਹ ਸਾਡੇ ਸੁਭਾਅ, ਸਾਡੀਆਂ ਖ਼ਾਹਸ਼ਾਂ, ਅਤੇ ਚਾਹਾਂ ਦਾ ਬਹੁਤ ਖ਼ਿਆਲ ਰੱਖਦਾ ਹੈ। ਯਹੋਵਾਹ ਸਾਡੀਆਂ ਕਮਜ਼ੋਰੀਆਂ ਜਾਣਦਾ ਹੈ, ਪਰ ਉਸ ਨੂੰ ਇਹ ਵੀ ਪਤਾ ਹੈ ਕਿ ਅਸੀਂ ਭਲੇ ਕੰਮ ਕਰਨ ਦੇ ਯੋਗ ਹਾਂ। ਜ਼ਬੂਰਾਂ ਦੇ ਲਿਖਾਰੀ ਨੇ ਕਿਹਾ: “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰ 103:14) ਇਸ ਲਈ ਅਸੀਂ ਰਾਜ਼ੀ-ਖ਼ੁਸ਼ੀ ਪਰਮੇਸ਼ੁਰ ਦੇ ਨਿਯਮਾਂ ਅਤੇ ਅਗਵਾਈ ਅਨੁਸਾਰ ਚੱਲਦੇ ਹੋਏ ਰੂਹਾਨੀ ਸਲਾਮਤੀ ਅਨੁਭਵ ਕਰ ਸਕਦੇ ਹਾਂ।—ਕਹਾਉਤਾਂ 3:19-26.

13. ਅਸੀਂ ਕਿਉਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਸੱਚ-ਮੁੱਚ ਸਾਡਾ ਭਲਾ ਚਾਹੁੰਦਾ ਹੈ?

13ਇਹ ਨਿਯਮ ਉਸ ਤੋਂ ਆਉਂਦੇ ਹਨ ਜੋ ਸਾਡੇ ਨਾਲ ਪਿਆਰ ਕਰਦਾ ਹੈ। ਪਰਮੇਸ਼ੁਰ ਨੂੰ ਸਾਡੇ ਸਦੀਵੀ ਭਲੇ ਬਾਰੇ ਬਹੁਤ ਚਿੰਤਾ ਹੈ। ਉਸ ਨੇ ਇਕ ਬਹੁਤ ਹੀ ਵੱਡੀ ਕੁਰਬਾਨੀ ਦੇ ਕੇ “ਬਹੁਤਿਆਂ ਦੇ ਥਾਂ ਨਿਸਤਾਰੇ ਦਾ ਮੁੱਲ ਭਰਨ” ਲਈ ਆਪਣਾ ਪੁੱਤਰ ਦਿੱਤਾ ਸੀ। (ਮੱਤੀ 20:28) ਯਹੋਵਾਹ ਨੇ ਇਹ ਵਾਅਦਾ ਕੀਤਾ ਹੈ ਕਿ ਉਹ “ਤੁਹਾਡੀ ਸ਼ਕਤੀਓਂ ਬਾਹਰ ਤੁਹਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ।” (1 ਕੁਰਿੰਥੀਆਂ 10:13) ਬਾਈਬਲ ਸਾਨੂੰ ਅਹਿਸਾਸ ਦਿਲਾਉਂਦੀ ਹੈ ਕਿ “ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤਰਸ 5:7) ਯਹੋਵਾਹ ਪਰਮੇਸ਼ੁਰ ਵਾਂਗ ਹੋਰ ਕੋਈ ਨਹੀਂ ਹੈ ਜੋ ਇਨਸਾਨਾਂ ਨੂੰ ਸਹੀ ਨਿਰਦੇਸ਼ਨ ਦੇਣ ਅਤੇ ਉਨ੍ਹਾਂ ਵਿਚ ਅਸਲੀ ਦਿਲਚਸਪੀ ਲੈਣ ਲਈ ਤਿਆਰ ਹੈ। ਉਹ ਜਾਣਦਾ ਹੈ ਕਿ ਸਾਡੇ ਭਲੇ ਅਤੇ ਸੁਖ ਵਾਸਤੇ ਕੀ ਜ਼ਰੂਰੀ ਹੈ ਅਤੇ ਸਾਨੂੰ ਗਮ ਤੋਂ ਦੂਰ ਰਹਿਣ ਵਾਸਤੇ ਕੀ ਕਰਨਾ ਚਾਹੀਦਾ ਹੈ। ਭਾਵੇਂ ਕਿ ਅਸੀਂ ਪਾਪੀ ਹਾਂ ਅਤੇ ਗ਼ਲਤੀਆਂ ਕਰ ਬੈਠਦੇ ਹਾਂ, ਫਿਰ ਵੀ ਜੇ ਅਸੀਂ ਉਸ ਦੀ ਨਜ਼ਰ ਵਿਚ ਚੰਗੇ ਕੰਮ ਕਰੀਏ ਤਾਂ ਉਹ ਸਾਨੂੰ ਜੀਵਨ ਅਤੇ ਬਰਕਤਾਂ ਦੇਣ ਦੁਆਰਾ ਆਪਣਾ ਪਿਆਰ ਜ਼ਾਹਰ ਕਰਦਾ ਹੈ।—ਹਿਜ਼ਕੀਏਲ 33:11.

14. ਪਰਮੇਸ਼ੁਰ ਦੇ ਨਿਯਮਾਂ ਅਤੇ ਮਾਨਵੀ ਵਿਚਾਰਾਂ ਵਿਚਕਾਰ ਇਕ ਵੱਡਾ ਫ਼ਰਕ ਕੀ ਹੈ?

14ਅਸੀਂ ਪੂਰਾ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਨਿਯਮ ਅਟੱਲ ਹਨ। ਇਨ੍ਹਾਂ ਤੂਫ਼ਾਨੀ ਸਮਿਆਂ ਵਿਚ ਯਹੋਵਾਹ ਇਕ ਮਜ਼ਬੂਤ ਚਟਾਨ ਵਰਗਾ ਹੈ। ਉਹ ਆਦ ਤੋਂ ਅੰਤ ਤਕ, ਯਾਨੀ ਸਦੀਪਕਾਲ ਤਕ ਪਰਮੇਸ਼ੁਰ ਹੈ। (ਜ਼ਬੂਰ 90:2) ਆਪਣੇ ਬਾਰੇ ਉਸ ਨੇ ਕਿਹਾ: “ਮੈਂ ਯਹੋਵਾਹ ਅਟੱਲ ਹਾਂ।” (ਮਲਾਕੀ 3:6) ਬਾਈਬਲ ਵਿਚ ਦਰਜ ਕੀਤੇ ਗਏ ਪਰਮੇਸ਼ੁਰ ਦੇ ਮਿਆਰਾਂ ਉੱਤੇ ਪੂਰਾ ਭਰੋਸਾ ਰੱਖਿਆ ਜਾ ਸਕਦਾ ਹੈ, ਪਰ ਮਨੁੱਖਾਂ ਦੇ ਵਿਚਾਰ ਹਮੇਸ਼ਾ ਰੰਗ ਬਦਲਦੇ ਰਹਿੰਦੇ ਹਨ। (ਯਾਕੂਬ 1:17) ਮਿਸਾਲ ਲਈ, ਕਈਆਂ ਸਾਲਾਂ ਤੋਂ ਮਨੋਵਿਗਿਆਨੀ ਇਹੋ ਸਲਾਹ ਦਿੰਦੇ ਆਏ ਕਿ ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਉਨ੍ਹਾਂ ਨੂੰ ਖੁੱਲ੍ਹ ਦੇਣੀ ਚਾਹੀਦੀ ਹੈ, ਪਰ ਬਾਅਦ ਵਿਚ ਕਈਆਂ ਦੇ ਵਿਚਾਰ ਬਦਲ ਗਏ ਸਨ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਪਿਆ ਕਿ ਉਨ੍ਹਾਂ ਦੀ ਸਲਾਹ ਗ਼ਲਤ ਸੀ। ਇਸ ਮਾਮਲੇ ਬਾਰੇ ਦੁਨਿਆਵੀ ਸਿਧਾਂਤ ਅਤੇ ਮਿਆਰ ਹਵਾ ਦੇ ਝੌਂਕੇ ਵਾਂਗ ਬਦਲਦੇ ਰਹਿੰਦੇ ਹਨ। ਪਰ ਯਹੋਵਾਹ ਦਾ ਬਚਨ ਅਟੱਲ ਹੈ। ਸਦੀਆਂ ਤੋਂ ਬਾਈਬਲ ਵਿਚ ਦੱਸਿਆ ਗਿਆ ਹੈ ਕਿ ਬੱਚਿਆਂ ਦੀ ਪਿਆਰ ਨਾਲ ਪਰਵਰਿਸ਼ ਕਿਸ ਤਰ੍ਹਾਂ ਕੀਤੀ ਜਾਣੀ ਚਾਹੀਦੀ ਹੈ। ਪੌਲੁਸ ਰਸੂਲ ਨੇ ਲਿਖਿਆ: “ਪਿਤਾਓ, ਤੁਸੀਂ ਆਪਣਿਆਂ ਬਾਲਕਾਂ ਦਾ ਕ੍ਰੋਧ ਨਾ ਭੜਕਾਓ ਸਗੋਂ ਪ੍ਰਭੁ ਦੀ ਸਿੱਖਿਆ ਅਰ ਮੱਤ ਦੇ ਕੇ ਓਹਨਾਂ ਦੀ ਪਾਲਨਾ ਕਰੋ।” (ਅਫ਼ਸੀਆਂ 6:4) ਇਹ ਜਾਣ ਕੇ ਸਾਡਾ ਹੌਸਲਾ ਕਿੰਨਾ ਵਧਦਾ ਹੈ ਕਿ ਅਸੀਂ ਯਹੋਵਾਹ ਦੇ ਮਿਆਰਾਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਾਂ; ਉਹ ਬਿਲਕੁਲ ਅਟੱਲ ਹਨ!

ਪਰਮੇਸ਼ੁਰ ਦੀ ਆਗਿਆ ਪਾਲਣ ਵਾਲਿਆਂ ਲਈ ਬਰਕਤਾਂ

15, 16. (ੳ) ਯਹੋਵਾਹ ਦੇ ਮਿਆਰ ਲਾਗੂ ਕਰਨ ਦਾ ਚੰਗਾ ਨਤੀਜਾ ਕੀ ਹੈ? (ਅ) ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਚੱਲਣ ਨਾਲ ਵਿਆਹ ਦਾ ਬੰਧਨ ਮਜ਼ਬੂਤ ਕਿਵੇਂ ਹੋ ਸਕਦਾ ਹੈ?

15 ਯਸਾਯਾਹ ਨਬੀ ਰਾਹੀਂ ਪਰਮੇਸ਼ੁਰ ਨੇ ਕਿਹਾ: ‘ਮੇਰਾ ਬਚਨ ਜੋ ਮੇਰੇ ਮੂੰਹੋਂ ਨਿੱਕਲਦਾ ਹੈ, ਉਹ ਸਫ਼ਲ ਹੋਏਗਾ।’ (ਯਸਾਯਾਹ 55:11) ਇਸੇ ਤਰ੍ਹਾਂ ਜਦੋਂ ਅਸੀਂ ਉਸ ਦੇ ਬਚਨ ਵਿਚ ਪਾਏ ਗਏ ਮਿਆਰਾਂ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਵੀ ਸਫ਼ਲ ਹੋਵਾਂਗੇ, ਭਲੇ ਕੰਮ ਕਰਾਂਗੇ, ਅਤੇ ਸੁਖ ਪਾਵਾਂਗੇ।

16 ਧਿਆਨ ਦਿਓ ਕਿ ਪਰਮੇਸ਼ੁਰ ਦੇ ਨਿਯਮਾਂ ਅਨੁਸਾਰ ਚੱਲਣ ਨਾਲ ਵਿਆਹ ਦਾ ਬੰਧਨ ਕਿਵੇਂ ਮਜ਼ਬੂਤ ਹੁੰਦਾ ਹੈ। ਪੌਲੁਸ ਨੇ ਲਿਖਿਆ: “ਵਿਆਹ ਕਰਨਾ ਸਭਨਾਂ ਵਿੱਚ ਆਦਰ ਜੋਗ ਗਿਣਿਆ ਜਾਵੇ ਅਤੇ ਵਿਛਾਉਣਾ ਬੇਦਾਗ ਰਹੇ ਕਿਉਂ ਜੋ ਪਰਮੇਸ਼ੁਰ ਹਰਾਮਕਾਰਾਂ ਅਤੇ ਵਿਭਚਾਰੀਆਂ ਦਾ ਨਿਆਉਂ ਕਰੇਗਾ।” (ਇਬਰਾਨੀਆਂ 13:4) ਤੀਵੀਂ-ਆਦਮੀ ਨੂੰ ਇਕ ਦੂਜੇ ਨਾਲ ਪਿਆਰ ਅਤੇ ਇਕ ਦੂਜੇ ਦਾ ਆਦਰ ਕਰਨਾ ਚਾਹੀਦਾ ਹੈ: “ਤੁਸਾਂ ਵਿੱਚੋਂ ਭੀ ਹਰੇਕ ਆਪੋ ਆਪਣੀ ਪਤਨੀ ਨਾਲ ਆਪਣੇ ਹੀ ਜਿਹਾ ਪ੍ਰੇਮ ਕਰੇ ਅਰ ਪਤਨੀ ਆਪਣੇ ਪਤੀ ਦਾ ਮਾਨ ਕਰੇ।” (ਅਫ਼ਸੀਆਂ 5:33) ਜਿਸ ਪ੍ਰੇਮ ਦੀ ਜ਼ਰੂਰਤ ਹੈ ਉਸ ਦਾ ਵਰਣਨ 1 ਕੁਰਿੰਥੀਆਂ 13:4-8 ਵਿਚ ਇਸ ਤਰ੍ਹਾਂ ਕੀਤਾ ਗਿਆ ਹੈ: “ਪ੍ਰੇਮ ਧੀਰਜਵਾਨ ਅਤੇ ਕਿਰਪਾਲੂ ਹੈ। ਪ੍ਰੇਮ ਖੁਣਸ ਨਹੀਂ ਕਰਦਾ। ਪ੍ਰੇਮ ਫੁੱਲਦਾ ਨਹੀਂ, ਪ੍ਰੇਮ ਫੂੰ ਫੂੰ ਨਹੀਂ ਕਰਦਾ। ਕੁਚੱਜਿਆਂ ਨਹੀਂ ਕਰਦਾ, ਆਪ ਸੁਆਰਥੀ ਨਹੀਂ, ਚਿੜ੍ਹਦਾ ਨਹੀਂ, ਬੁਰਾ ਨਹੀਂ ਮੰਨਦਾ। ਉਹ ਕੁਧਰਮ ਤੋਂ ਅਨੰਦ ਨਹੀਂ ਹੁੰਦਾ ਸਗੋਂ ਸਚਿਆਈ ਨਾਲ ਅਨੰਦ ਹੁੰਦਾ ਹੈ। ਸਭ ਕੁਝ ਝੱਲ ਲੈਂਦਾ, ਸਭਨਾਂ ਗੱਲਾਂ ਦੀ ਪਰਤੀਤ ਕਰਦਾ, ਸਭਨਾਂ ਗੱਲਾਂ ਦੀ ਆਸ ਰੱਖਦਾ, ਸਭ ਕੁਝ ਸਹਿ ਲੈਂਦਾ। ਪ੍ਰੇਮ ਕਦੇ ਟਲਦਾ ਨਹੀਂ।” ਜਿਸ ਵਿਆਹ-ਸ਼ਾਦੀ ਵਿਚ ਅਜਿਹਾ ਪਿਆਰ ਹੋਵੇ ਉਹ ਕਦੇ ਟੁੱਟੇਗਾ ਨਹੀਂ।

17. ਸ਼ਰਾਬ ਪੀਣ ਬਾਰੇ ਯਹੋਵਾਹ ਦੇ ਮਿਆਰ ਲਾਗੂ ਕਰਨ ਤੋਂ ਕਿਹੜੇ ਫ਼ਾਇਦੇ ਹੁੰਦੇ ਹਨ?

17 ਯਹੋਵਾਹ ਨਸ਼ੇਬਾਜ਼ੀ ਨੂੰ ਬਿਲਕੁਲ ਹੀ ਨਹੀਂ ਪਸੰਦ ਕਰਦਾ ਹੈ। ਇਸ ਤੋਂ ਸਾਨੂੰ ਹੋਰ ਸਬੂਤ ਮਿਲਦਾ ਹੈ ਕਿ ਯਹੋਵਾਹ ਦੇ ਮਿਆਰ ਸਾਡੇ ਭਲੇ ਲਈ ਹਨ। ਉਸ ਦੀ ਨਜ਼ਰ ਵਿਚ ‘ਬਹੁਤੀ ਪੀਣੀ’ ਵੀ ਗ਼ਲਤ ਹੈ। (1 ਤਿਮੋਥਿਉਸ 3:3, 8; ਰੋਮੀਆਂ 13:13) ਜੋ ਲੋਕ ਇਸ ਗੱਲ ਵਿਚ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨੂੰ ਜ਼ਿਆਦਾ ਸ਼ਰਾਬ ਪੀਣ ਕਾਰਨ ਬੀਮਾਰੀਆਂ ਲੱਗ ਜਾਂਦੀਆਂ ਹਨ। ਬਾਈਬਲ ਦੀ ਸਲਾਹ ਲਾਗੂ ਕਰਨ ਦੀ ਬਜਾਇ ਕਈ ਲੋਕ ਦਿਲ ਬਹਿਲਾਉਣ ਲਈ ਸ਼ਰਾਬ ਪੀਂਦੇ ਹਨ ਅਤੇ ਉਨ੍ਹਾਂ ਨੂੰ ਹੌਲੀ-ਹੌਲੀ ਜ਼ਿਆਦਾ ਪੀਣ ਦੀ ਆਦਤ ਪੈ ਜਾਂਦੀ ਹੈ। ਜ਼ਿਆਦਾ ਪੀਣ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਸਕਦੀਆਂ ਹਨ। ਸ਼ਾਇਦ ਤੁਹਾਡੀ ਇੱਜ਼ਤ ਨਾ ਕੀਤੀ ਜਾਵੇ, ਪਰਿਵਾਰ ਦੇ ਜੀਆਂ ਨਾਲ ਤੁਹਾਡਾ ਰਿਸ਼ਤਾ ਵਿਗੜ ਜਾਂ ਟੁੱਟ ਜਾਵੇ, ਤੁਹਾਡੀ ਕਮਾਈ ਖੂਹ ਵਿਚ ਪੈ ਜਾਵੇ, ਅਤੇ ਤੁਸੀਂ ਨੌਕਰੀ ਖੋਹ ਬੈਠੋ। (ਕਹਾਉਤਾਂ 23:19-21, 29-35) ਇਸ ਲਈ ਸ਼ਰਾਬ ਪੀਣ ਬਾਰੇ ਯਹੋਵਾਹ ਦੇ ਮਿਆਰ ਸੱਚ-ਮੁੱਚ ਸਾਡੇ ਭਲੇ ਲਈ ਹਨ!

18. ਕੀ ਪੈਸਿਆਂ ਦੇ ਮਾਮਲਿਆਂ ਵਿਚ ਪਰਮੇਸ਼ੁਰ ਦੇ ਮਿਆਰ ਲਾਭਦਾਇਕ ਹਨ? ਸਮਝਾਓ।

18 ਪੈਸਿਆਂ ਦੇ ਮਾਮਲਿਆਂ ਵਿਚ ਵੀ ਯਹੋਵਾਹ ਦੇ ਮਿਆਰ ਬਹੁਤ ਲਾਭਦਾਇਕ ਸਾਬਤ ਹੋਏ ਹਨ। ਬਾਈਬਲ ਮਸੀਹੀਆਂ ਨੂੰ ਈਮਾਨਦਾਰ ਅਤੇ ਮਿਹਨਤੀ ਹੋਣ ਦੀ ਸਲਾਹ ਦਿੰਦੀ ਹੈ। (ਲੂਕਾ 16:10; ਅਫ਼ਸੀਆਂ 4:28; ਕੁਲੁੱਸੀਆਂ 3:23) ਕਈਆਂ ਮਸੀਹੀਆਂ ਨੂੰ ਕੰਮ ਤੇ ਪ੍ਰਮੋਸ਼ਨ ਮਿਲੀ ਹੈ ਜਾਂ ਉਨ੍ਹਾਂ ਨੂੰ ਨੌਕਰੀ ਤੇ ਰੱਖਿਆ ਗਿਆ ਹੈ ਜਦ ਕਿ ਦੂਸਰਿਆਂ ਨੂੰ ਕੰਮ ਤੋਂ ਛੁੱਟੀ ਮਿਲੀ ਹੈ, ਕਿਉਂਕਿ ਉਹ ਇਹ ਸਲਾਹ ਲਾਗੂ ਕਰਦੇ ਹਨ। ਇਸੇ ਤਰ੍ਹਾਂ ਬਾਈਬਲ ਦੀ ਸਲਾਹ ਮੰਨਣ ਦੁਆਰਾ ਜੋ ਵਿਅਕਤੀ ਜੂਏਬਾਜ਼ੀ, ਸਿਗਰਟ ਪੀਣ, ਅਤੇ ਡ੍ਰੱਗਜ਼ ਤੋਂ ਦੂਰ ਰਹਿੰਦਾ ਹੈ ਉਹ ਆਪਣੇ ਪੈਸੇ ਬਰਬਾਦ ਨਹੀਂ ਕਰਦਾ। ਤੁਸੀਂ ਸ਼ਾਇਦ ਹੋਰ ਵੀ ਉਦਾਹਰਣਾਂ ਦੇ ਸਕਦੇ ਹੋ ਜੋ ਦਿਖਾਉਂਦੀਆਂ ਹਨ ਕਿ ਪਰਮੇਸ਼ੁਰ ਦੇ ਮਿਆਰ ਸੱਚ-ਮੁੱਚ ਫ਼ਾਇਦੇਮੰਦ ਹਨ।

19, 20. ਪਰਮੇਸ਼ੁਰ ਦੇ ਮਿਆਰ ਸਵੀਕਾਰ ਕਰ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦਾ ਕੀ ਫ਼ਾਇਦਾ ਹੈ?

19 ਪਾਪੀ ਹੋਣ ਕਰਕੇ ਅਸੀਂ ਆਸਾਨੀ ਨਾਲ ਪਰਮੇਸ਼ੁਰ ਦੇ ਨਿਯਮ ਭੁੱਲ ਸਕਦੇ ਹਾਂ। ਸੀਨਈ ਪਹਾੜ ਸਾਮ੍ਹਣੇ ਖੜ੍ਹੇ ਇਸਰਾਏਲੀਆਂ ਬਾਰੇ ਸੋਚੋ। ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ ਸੀ: “ਜੇ ਤੁਸੀਂ ਮੇਰੀ ਅਵਾਜ਼ ਦੇ ਸਰੋਤੇ ਹੋਵੋਗੇ ਅਰ ਮੇਰੇ ਨੇਮ ਦੀ ਮਨੌਤ ਕਰੋਗੇ ਤਾਂ ਤੁਸੀਂ ਸਾਰੀਆਂ ਕੌਮਾਂ ਵਿੱਚੋਂ ਮੇਰੀ ਨਿਜੀ ਪਰਜਾ ਹੋਵੋਗੇ।” ਉਨ੍ਹਾਂ ਨੇ ਜਵਾਬ ਦਿੱਤਾ: “ਸਭ ਕੁਝ ਜੋ ਯਹੋਵਾਹ ਬੋਲਿਆ ਹੈ ਅਸੀਂ ਕਰਾਂਗੇ।” ਪਰ ਉਨ੍ਹਾਂ ਨੇ ਇਸ ਤਰ੍ਹਾਂ ਬਿਲਕੁਲ ਹੀ ਨਹੀਂ ਕੀਤਾ! (ਕੂਚ 19:5, 8; ਜ਼ਬੂਰ 106:12-43) ਇਸ ਲਈ ਚਲੋ ਆਪਾਂ ਪਰਮੇਸ਼ੁਰ ਦੇ ਮਿਆਰ ਸਵੀਕਾਰ ਕਰ ਕੇ ਉਨ੍ਹਾਂ ਨੂੰ ਆਪਣੇ ਜੀਵਨ ਵਿਚ ਲਾਗੂ ਵੀ ਕਰੀਏ।

20 ਯਹੋਵਾਹ ਦੇ ਨਿਯਮ ਸੱਚ-ਮੁੱਚ ਬੇਮਿਸਾਲ ਹਨ। ਇਨ੍ਹਾਂ ਨੂੰ ਆਪਣੇ ਜੀਵਨ ਵਿਚ ਧਿਆਨ ਨਾਲ ਲਾਗੂ ਕਰਨ ਦੁਆਰਾ ਸਾਡਾ ਭਲਾ ਹੋਵੇਗਾ ਅਤੇ ਅਸੀਂ ਸੁਖ ਪਾਵਾਂਗੇ। (ਜ਼ਬੂਰ 19:7-11) ਇਸ ਤਰ੍ਹਾਂ ਕਰਨ ਲਈ ਸਾਨੂੰ ਪਰਮੇਸ਼ੁਰ ਦੇ ਸਿਧਾਂਤਾਂ ਦੇ ਫ਼ਾਇਦੇ ਵੀ ਸਮਝਣੇ ਚਾਹੀਦੇ ਹਨ। ਅਗਲੇ ਲੇਖ ਵਿਚ ਇਸ ਵਿਸ਼ੇ ਬਾਰੇ ਗੱਲ ਕੀਤੀ ਜਾਵੇਗੀ।

[ਫੁਟਨੋਟ]

^ ਪੈਰਾ 6 “ਮਸੀਹ ਦੀ ਸ਼ਰਾ” ਬਾਰੇ ਹੋਰ ਜਾਣਕਾਰੀ ਹਾਸਲ ਕਰਨ ਲਈ ਪਹਿਰਾਬੁਰਜ 1 ਸਤੰਬਰ 1996, ਸਫ਼ੇ 14-24 ਦੇਖੋ।

ਕੀ ਤੁਹਾਨੂੰ ਯਾਦ ਹੈ?

• ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ ਹਨ?

• ਸਾਨੂੰ ਕਿਨ੍ਹਾਂ ਕਾਰਨਾਂ ਕਰਕੇ ਯਹੋਵਾਹ ਦੇ ਨਿਯਮਾਂ ਦੀ ਪਾਲਣਾ ਦਿਲੋਂ ਕਰਨੀ ਚਾਹੀਦੀ ਹੈ?

• ਪਰਮੇਸ਼ੁਰ ਦੇ ਨਿਯਮ ਸਾਡੇ ਭਲੇ ਲਈ ਕਿਉਂ ਹਨ?

[ਸਵਾਲ]

[ਸਫ਼ੇ 13 ਉੱਤੇ ਤਸਵੀਰ]

ਯਹੋਵਾਹ ਦੇ ਨਿਯਮਾਂ ਦੀ ਪਾਲਣਾ ਕਰਨ ਨਾਲ ਅਬਰਾਹਾਮ ਨੂੰ ਬਹੁਤ ਬਰਕਤਾਂ ਮਿਲੀਆਂ ਸਨ

[ਸਫ਼ੇ 15 ਉੱਤੇ ਤਸਵੀਰਾਂ]

ਅੱਜ-ਕੱਲ੍ਹ ਦੀ ਨੱਠ-ਭੱਜ ਭਰੀ ਜ਼ਿੰਦਗੀ ਦੀਆਂ ਚਿੰਤਾਵਾਂ ਕਾਰਨ ਕਈ ਲੋਕ ਪਰਮੇਸ਼ੁਰ ਦੇ ਨਿਯਮ ਭੁੱਲ ਜਾਂਦੇ ਹਨ

[ਸਫ਼ੇ 17 ਉੱਤੇ ਤਸਵੀਰ]

ਇਕ ਵੱਡੇ ਪਹਾੜ ਤੇ ਚਾਨਣ ਦੇ ਮੁਨਾਰੇ ਵਾਂਗ, ਪਰਮੇਸ਼ੁਰ ਦੇ ਨਿਯਮ ਅਟੱਲ ਹਨ