Skip to content

Skip to table of contents

ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰੋ

ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰੋ

ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰੋ

‘ਯਹੋਵਾਹ ਤੈਨੂੰ ਲਾਭ ਉਠਾਉਣ ਦੀ ਸਿੱਖਿਆ ਦਿੰਦਾ ਹੈ।’—ਯਸਾਯਾਹ 48:17.

1. ਸਾਡਾ ਸਿਰਜਣਹਾਰ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ?

ਬ੍ਰਹਿਮੰਡ ਨੂੰ ਸਮਝਣ ਦੀ ਕੋਸ਼ਿਸ਼ ਵਿਚ ਵਿਗਿਆਨੀ ਬਹੁਤ ਹੀ ਮਿਹਨਤ ਕਰਦੇ ਹਨ ਅਤੇ ਉਸ ਵਿਚ ਇੰਨੀ ਸ਼ਕਤੀ ਦੇਖ ਕੇ ਉਹ ਹੱਕੇ-ਬੱਕੇ ਰਹਿ ਜਾਂਦੇ ਹਨ। ਸਾਡਾ ਸੂਰਜ ਤਾਂ ਸਿਰਫ਼ ਇਕ ਛੋਟਾ ਜਿਹਾ ਤਾਰਾ ਹੈ ਜੋ “ਹਰ ਸਕਿੰਟ 100 ਅਰਬ ਹਾਈਡ੍ਰੋਜਨ ਬੰਬਾਂ ਜਿੰਨੀ ਊਰਜਾ ਛੱਡਦਾ ਹੈ।” ਇਨ੍ਹਾਂ ਪ੍ਰਭਾਵਸ਼ਾਲੀ ਆਕਾਸ਼ੀ ਪਿੰਡਾਂ ਦਾ ਸਿਰਜਣਹਾਰ ਇਨ੍ਹਾਂ ਨੂੰ ਆਪਣੀ ਅਸੀਮ ਸ਼ਕਤੀ ਨਾਲ ਕੰਟ੍ਰੋਲ ਕਰ ਸਕਦਾ ਹੈ। (ਅੱਯੂਬ 38:32; ਯਸਾਯਾਹ 40:26) ਪਰਮੇਸ਼ੁਰ ਨੇ ਸਾਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ, ਸਹੀ ਅਤੇ ਗ਼ਲਤ ਦੀ ਪਛਾਣ, ਸੋਚ-ਸਮਝ ਕੇ ਫ਼ੈਸਲੇ ਕਰਨ ਦੀ ਸ਼ਕਤੀ, ਅਤੇ ਰੂਹਾਨੀ ਗੱਲਾਂ ਦੀ ਸਮਝ ਨਾਲ ਬਖ਼ਸ਼ਿਆ ਹੈ। ਤਾਂ ਫਿਰ ਸਾਡਾ ਸਿਰਜਣਹਾਰ ਸਾਡੀ ਅਗਵਾਈ ਕਿਸ ਤਰ੍ਹਾਂ ਕਰਦਾ ਹੈ? ਉਹ ਆਪਣਿਆਂ ਸੰਪੂਰਣ ਨਿਯਮਾਂ ਅਤੇ ਉੱਤਮ ਸਿਧਾਂਤਾਂ ਅਤੇ ਸਾਡੀ ਚੰਗੀ ਤਰ੍ਹਾਂ ਸੁਧਾਰੀ ਗਈ ਜ਼ਮੀਰ ਦੁਆਰਾ ਪਿਆਰ ਨਾਲ ਸਾਡੀ ਅਗਵਾਈ ਕਰਦਾ ਹੈ।—2 ਸਮੂਏਲ 22:31; ਰੋਮੀਆਂ 2:14, 15.

2, 3. ਕਿਹੋ ਜਿਹੀ ਆਗਿਆਕਾਰਤਾ ਤੋਂ ਪਰਮੇਸ਼ੁਰ ਖ਼ੁਸ਼ ਹੁੰਦਾ ਹੈ?

2 ਪਰਮੇਸ਼ੁਰ ਦਾ ਜੀ ਖ਼ੁਸ਼ ਹੁੰਦਾ ਹੈ ਜਦੋਂ ਸਮਝਦਾਰ ਇਨਸਾਨ ਉਸ ਦਾ ਕਹਿਣਾ ਮੰਨਣ ਲਈ ਤਿਆਰ ਹੁੰਦੇ ਹਨ। (ਕਹਾਉਤਾਂ 27:11) ਯਹੋਵਾਹ ਨੇ ਸਾਨੂੰ ਬੇਸਮਝ ਮਸ਼ੀਨਾਂ ਦੀ ਤਰ੍ਹਾਂ ਨਹੀਂ ਬਣਾਇਆ। ਉਸ ਨੇ ਸਾਨੂੰ ਆਪਣੇ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ ਤਾਂਕਿ ਅਸੀਂ ਸੋਚ-ਸਮਝ ਕੇ ਸਹੀ ਕਦਮ ਚੁੱਕ ਸਕਦੇ ਹਾਂ।—ਇਬਰਾਨੀਆਂ 5:14.

3 ਯਿਸੂ ਬਿਲਕੁਲ ਆਪਣੇ ਪਿਤਾ ਵਰਗਾ ਸੀ, ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਜੇ ਤੁਸੀਂ ਓਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤ੍ਰ ਹੋ। ਹੁਣ ਤੋਂ ਅੱਗੇ ਮੈਂ ਤੁਹਾਨੂੰ ਦਾਸ ਨਹੀਂ ਆਖਾਂਗਾ।” (ਯੂਹੰਨਾ 15:14, 15) ਪ੍ਰਾਚੀਨ ਸਮਿਆਂ ਵਿਚ ਇਕ ਨੌਕਰ ਨੂੰ ਆਪਣੇ ਮਾਲਕ ਦਾ ਹੁਕਮ ਮੰਨਣਾ ਹੀ ਪੈਂਦਾ ਸੀ। ਲੇਕਿਨ ਮਿੱਤਰਤਾ ਵਾਸਤੇ ਦਿਲ ਨੂੰ ਭਾਉਣ ਵਾਲੇ ਚੰਗੇ ਸਲੂਕ ਦੀ ਲੋੜ ਹੈ। ਅਸੀਂ ਯਹੋਵਾਹ ਨਾਲ ਮਿੱਤਰਤਾ ਕਾਇਮ ਕਰ ਸਕਦੇ ਹਾਂ। (ਯਾਕੂਬ 2:23) ਪਿਆਰ ਕਰਨ ਦੁਆਰਾ ਇਹ ਮਿੱਤਰਤਾ ਹੋਰ ਵੀ ਮਜ਼ਬੂਤ ਬਣਦੀ ਹੈ। ਯਿਸੂ ਨੇ ਪਰਮੇਸ਼ੁਰ ਦੀ ਆਗਿਆ ਦੀ ਪਾਲਣਾ ਕਰਨ ਦਾ ਸੰਬੰਧ ਪਿਆਰ ਨਾਲ ਜੋੜਿਆ ਸੀ ਜਦ ਉਸ ਨੇ ਕਿਹਾ: “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਬਚਨ ਦੀ ਪਾਲਨਾ ਕਰੇਗਾ ਅਤੇ ਮੇਰਾ ਪਿਤਾ ਉਹ ਨੂੰ ਪਿਆਰ ਕਰੇਗਾ।” (ਯੂਹੰਨਾ 14:23) ਇਸ ਲਈ ਕਿ ਪਰਮੇਸ਼ੁਰ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਡੀ ਅਗਵਾਈ ਕਰਨੀ ਚਾਹੁੰਦਾ ਹੈ ਉਹ ਸਾਨੂੰ ਉਸ ਦੀ ਆਗਿਆ ਦੀ ਪਾਲਣਾ ਕਰਨ ਦੀ ਸਲਾਹ ਦਿੰਦਾ ਹੈ।

ਪਰਮੇਸ਼ੁਰ ਦੇ ਸਿਧਾਂਤ

4. ਸਿਧਾਂਤ ਕੀ ਹਨ?

4 ਸਿਧਾਂਤ ਕੀ ਹਨ? ਸਿੱਧ ਕੀਤੀ ਗਈ ਬਾਤ ਨੂੰ ਸਿਧਾਂਤ ਕਹਿੰਦੇ ਹਨ। ਦੂਸਰੇ ਅਸੂਲ ਜਾਂ ਨਿਯਮ ਸਿਧਾਂਤਾਂ ਉੱਤੇ ਆਧਾਰਿਤ ਕੀਤੇ ਜਾਂਦੇ ਹਨ। ਬਾਈਬਲ ਦਾ ਧਿਆਨ ਨਾਲ ਅਧਿਐਨ ਕਰਨ ਦੁਆਰਾ ਪਤਾ ਲੱਗਦਾ ਹੈ ਕਿ ਸਾਡਾ ਸਵਰਗੀ ਪਿਤਾ ਮੂਲ ਸਿਧਾਂਤ ਸਥਾਪਿਤ ਕਰਦਾ ਹੈ ਜੋ ਜ਼ਿੰਦਗੀ ਦੇ ਅਨੇਕ ਪਹਿਲੂਆਂ ਉੱਤੇ ਲਾਗੂ ਕੀਤੇ ਜਾ ਸਕਦੇ ਹਨ। ਉਸ ਨੇ ਸਾਡੀ ਸਦੀਵੀ ਭਲਾਈ ਵਾਸਤੇ ਇਨ੍ਹਾਂ ਦਾ ਪ੍ਰਬੰਧ ਕੀਤਾ ਹੈ। ਬੁੱਧੀਮਾਨ ਰਾਜਾ ਸੁਲੇਮਾਨ ਨੇ ਵੀ ਇਹੋ ਕਿਹਾ ਸੀ: “ਹੇ ਮੇਰੇ ਪੁੱਤ੍ਰ, ਸੁਣ ਅਤੇ ਮੇਰੀਆਂ ਗੱਲਾਂ ਮੰਨ ਲੈ, ਤਾਂ ਤੇਰੀ ਉਮਰ ਬਹੁਤ ਵਰਿਹਾਂ ਦੀ ਹੋਵੇਗੀ। ਮੈਂ ਤੈਨੂੰ ਬੁੱਧ ਦਾ ਰਾਹ ਦੱਸਿਆ ਹੈ, ਮੈਂ ਸਿੱਧੇ ਮਾਰਗ ਉੱਤੇ ਤੇਰੀ ਅਗਵਾਈ ਕੀਤੀ ਹੈ।” (ਕਹਾਉਤਾਂ 4:10, 11) ਯਹੋਵਾਹ ਦੇ ਖ਼ਾਸ ਸਿਧਾਂਤਾਂ ਦਾ ਉਸ ਨਾਲ ਅਤੇ ਹੋਰਨਾਂ ਇਨਸਾਨਾਂ ਨਾਲ ਸਾਡੇ ਰਿਸ਼ਤੇ ਉੱਤੇ, ਸਾਡੀ ਉਪਾਸਨਾ ਉੱਤੇ, ਅਤੇ ਸਾਡੀ ਪੂਰੀ ਜ਼ਿੰਦਗੀ ਉੱਤੇ ਪ੍ਰਭਾਵ ਪੈਂਦਾ ਹੈ। (ਜ਼ਬੂਰ 1:1) ਚਲੋ ਆਪਾਂ ਕੁਝ ਮੂਲ ਸਿਧਾਂਤਾਂ ਵੱਲ ਧਿਆਨ ਦੇਈਏ।

5. ਕੁਝ ਮੂਲ ਸਿਧਾਂਤਾਂ ਦੀਆਂ ਉਦਾਹਰਣਾਂ ਦਿਓ।

5 ਯਹੋਵਾਹ ਨਾਲ ਸਾਡੇ ਰਿਸ਼ਤੇ ਬਾਰੇ ਗੱਲ ਕਰਦੇ ਹੋਏ ਯਿਸੂ ਨੇ ਕਿਹਾ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ ਅਤੇ ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧ ਨਾਲ ਪਿਆਰ ਕਰ।” (ਮੱਤੀ 22:37) ਇਸ ਦੇ ਨਾਲ-ਨਾਲ ਪਰਮੇਸ਼ੁਰ ਅਜਿਹੇ ਸਿਧਾਂਤ ਸਥਾਪਿਤ ਕਰਦਾ ਹੈ ਜੋ ਦੂਸਰਿਆਂ ਨਾਲ ਸਾਡੇ ਰਿਸ਼ਤੇ ਉੱਤੇ ਪ੍ਰਭਾਵ ਪਾਉਂਦੇ ਹਨ, ਜਿਵੇਂ ਕਿ ਇਹ ਮੰਨਿਆ-ਪ੍ਰਮੰਨਿਆ ਅਸੂਲ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ।” (ਮੱਤੀ 7:12; ਗਲਾਤੀਆਂ 6:10; ਤੀਤੁਸ 3:2) ਸਾਡੀ ਉਪਾਸਨਾ ਦੇ ਸੰਬੰਧ ਵਿਚ ਸਾਨੂੰ ਇਹ ਸਲਾਹ ਮਿਲਦੀ ਹੈ ਕਿ “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ। ਅਤੇ ਆਪਸ ਵਿੱਚੀਂ ਇਕੱਠੇ ਹੋਣ ਨੂੰ ਨਾ ਛੱਡੀਏ।” (ਇਬਰਾਨੀਆਂ 10:24, 25) ਜ਼ਿੰਦਗੀ ਦੇ ਕੰਮਾਂ-ਕਾਰਾਂ ਬਾਰੇ ਪੌਲੁਸ ਰਸੂਲ ਨੇ ਇਹ ਕਿਹਾ: “ਭਾਵੇਂ ਤੁਸੀਂ ਖਾਂਦੇ ਭਾਵੇਂ ਪਿੰਦੇ ਭਾਵੇਂ ਕੁਝ ਹੀ ਕਰਦੇ ਹੋ ਸੱਭੋ ਕੁਝ ਪਰਮੇਸ਼ੁਰ ਦੀ ਵਡਿਆਈ ਲਈ ਕਰੋ।” (1 ਕੁਰਿੰਥੀਆਂ 10:31) ਬਾਈਬਲ ਵਿਚ ਬਹੁਤ ਸਾਰੇ ਹੋਰ ਵੀ ਸਿਧਾਂਤ ਹਨ।

6. ਸਿਧਾਂਤਾਂ ਅਤੇ ਨਿਯਮਾਂ ਵਿਚ ਕੀ ਫ਼ਰਕ ਹੈ?

6 ਸਿਧਾਂਤ ਸਿੱਧ ਕੀਤੀਆਂ ਗਈਆਂ ਬਾਤਾਂ ਹਨ ਜੋ ਅਸੀਂ ਜ਼ਿੰਦਗੀ ਉੱਤੇ ਲਾਗੂ ਕਰ ਸਕਦੇ ਹਾਂ। ਸਮਝਦਾਰ ਮਸੀਹੀ ਇਨ੍ਹਾਂ ਦੀ ਗਹਿਰੀ ਕਦਰ ਕਰਦੇ ਹਨ। ਯਹੋਵਾਹ ਨੇ ਸੁਲੇਮਾਨ ਦੁਆਰਾ ਇਹ ਕਿਹਾ: “ਮੇਰੀਆਂ ਗੱਲਾਂ ਧਿਆਨ ਨਾਲ ਸੁਣ, ਅਤੇ ਮੇਰੇ ਵਾਕਾਂ ਉੱਤੇ ਕੰਨ ਲਾ। ਓਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਪਰੋਖੇ ਨਾ ਹੋਣ ਦੇਹ, ਆਪਣੇ ਮਨ ਵਿੱਚ ਓਹਨਾਂ ਨੂੰ ਸਾਂਭ ਕੇ ਰੱਖ। ਜਿਨ੍ਹਾਂ ਨੂੰ ਓਹ ਪ੍ਰਾਪਤ ਹੁੰਦੀਆਂ ਹਨ ਉਨ੍ਹਾਂ ਦੇ ਲਈ ਜੀਉਣ ਹਨ, ਤੇ ਉਨ੍ਹਾਂ ਦੇ ਸਾਰੇ ਸਰੀਰ ਦੇ ਲਈ ਤੰਦਰੁਸਤੀ।” (ਕਹਾਉਤਾਂ 4:20-22) ਸਿਧਾਂਤਾਂ ਅਤੇ ਨਿਯਮਾਂ ਵਿਚ ਕੀ ਫ਼ਰਕ ਹੈ? ਨਿਯਮ ਜਾਂ ਕਾਨੂੰਨ ਸਿਧਾਂਤਾਂ ਉੱਤੇ ਆਧਾਰਿਤ ਕੀਤੇ ਜਾਂਦੇ ਹਨ। ਅਸੂਲ ਆਮ ਤੌਰ ਤੇ ਪੱਕੇ ਹੁੰਦੇ ਹਨ ਅਤੇ ਕਿਸੇ ਖ਼ਾਸ ਸਮੇਂ ਤੇ ਜਾਂ ਸਥਿਤੀ ਉੱਤੇ ਲਾਗੂ ਕੀਤੇ ਜਾਂਦੇ ਹਨ, ਪਰ ਸਿਧਾਂਤ ਸਦਾ ਅਟੱਲ ਰਹਿੰਦੇ ਹਨ। (ਜ਼ਬੂਰ 119:111) ਪਰਮੇਸ਼ੁਰ ਦੇ ਸਿਧਾਂਤ ਸਮੇਂ ਦੇ ਬੀਤਣ ਨਾਲ ਨਾ ਹੀ ਪੁਰਾਣੇ ਹੁੰਦੇ ਹਨ ਅਤੇ ਨਾ ਹੀ ਮਿਟਦੇ ਹਨ। ਯਸਾਯਾਹ ਨਬੀ ਦੁਆਰਾ ਕਹੇ ਗਏ ਪਰਮੇਸ਼ੁਰ ਦੇ ਸ਼ਬਦ ਬਿਲਕੁਲ ਸੱਚੇ ਹਨ: “ਘਾਹ ਸੁੱਕ ਜਾਂਦਾ ਅਤੇ ਫੁੱਲ ਕੁਮਲਾ ਜਾਂਦਾ ਹੈ, ਪਰ ਸਾਡੇ ਪਰਮੇਸ਼ੁਰ ਦਾ ਬਚਨ ਸਦਾ ਤੀਕ ਕਾਇਮ ਰਹੇਗਾ।”—ਯਸਾਯਾਹ 40:8.

ਸਿਧਾਂਤਾਂ ਨੂੰ ਮਨ ਵਿਚ ਰੱਖ ਕੇ ਕਦਮ ਚੁੱਕੋ

7. ਪਰਮੇਸ਼ੁਰ ਦੇ ਬਚਨ ਵਿਚ ਸਾਨੂੰ ਸਿਧਾਂਤਾਂ ਬਾਰੇ ਸੋਚ ਕੇ ਕੰਮ ਕਰਨ ਲਈ ਕਿਵੇਂ ਸਲਾਹ ਦਿੱਤੀ ਜਾਂਦੀ ਹੈ?

7 ‘ਸਾਡੇ ਪਰਮੇਸ਼ੁਰ ਦੇ ਬਚਨ’ ਵਿਚ ਸਾਨੂੰ ਵਾਰ-ਵਾਰ ਉਸ ਵਿਚ ਪਾਏ ਗਏ ਸਿਧਾਂਤਾਂ ਬਾਰੇ ਸੋਚ ਕੇ ਕਦਮ ਚੁੱਕਣ ਦੀ ਸਲਾਹ ਦਿੱਤੀ ਜਾਂਦੀ ਹੈ। ਜਦ ਯਿਸੂ ਨੂੰ ਮੂਸਾ ਦੀ ਬਿਵਸਥਾ ਦਾ ਸਾਰ ਦੇਣ ਲਈ ਕਿਹਾ ਗਿਆ ਸੀ ਤਾਂ ਉਸ ਨੇ ਸਿਰਫ਼ ਦੋ ਗੱਲਾਂ ਕਹੀਆਂ ਸਨ: ਇਕ ਕਿ ਸਾਨੂੰ ਯਹੋਵਾਹ ਨਾਲ ਪਿਆਰ ਕਰਨਾ ਚਾਹੀਦਾ ਹੈ ਅਤੇ ਦੂਜੀ ਕਿ ਸਾਨੂੰ ਆਪਣੇ ਗੁਆਂਢੀ ਨਾਲ ਪਿਆਰ ਕਰਨਾ ਚਾਹੀਦਾ ਹੈ। (ਮੱਤੀ 22:37-40) ਯਿਸੂ ਦੇ ਇਹ ਸ਼ਬਦ ਕੁਝ ਹੱਦ ਤਕ ਬਿਵਸਥਾ ਸਾਰ 6:4, 5 ਤੋਂ ਲਏ ਗਏ ਸਨ, ਜਿੱਥੇ ਪਹਿਲਾਂ ਬਿਵਸਥਾ ਦਾ ਸਾਰ ਦਿੱਤਾ ਗਿਆ ਸੀ: “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ। ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਮਨ, ਆਪਣੀ ਸਾਰੀ ਜਾਨ ਅਤੇ ਆਪਣੇ ਸਾਰੇ ਜ਼ੋਰ ਨਾਲ ਪਿਆਰ ਕਰੋ।” ਜ਼ਾਹਰ ਹੁੰਦਾ ਹੈ ਕਿ ਯਿਸੂ ਲੇਵੀਆਂ 19:18 ਵਿਚ ਪਾਏ ਗਏ ਪਰਮੇਸ਼ੁਰ ਦੇ ਸਿਧਾਂਤ ਬਾਰੇ ਵੀ ਗੱਲ ਕਰ ਰਿਹਾ ਸੀ। ਉਪਦੇਸ਼ਕ ਦੀ ਪੋਥੀ ਦੇ ਸਪੱਸ਼ਟ ਅਤੇ ਪ੍ਰਭਾਵਸ਼ਾਲੀ ਆਖ਼ਰੀ ਸ਼ਬਦ ਜੋ ਰਾਜਾ ਸੁਲੇਮਾਨ ਨੇ ਕਹੇ ਸਨ, ਪਰਮੇਸ਼ੁਰ ਦੇ ਕਈਆਂ ਨਿਯਮਾਂ ਦਾ ਸਾਰ ਦਿੰਦੇ ਹਨ: “ਹੁਣ ਅਸੀਂ ਸਾਰੇ ਬਚਨਾਂ ਦਾ ਸਾਰ ਸੁਣੀਏ,—ਪਰਮੇਸ਼ੁਰ ਕੋਲੋਂ ਡਰ ਅਤੇ ਉਹ ਦੀਆਂ ਆਗਿਆਂ ਨੂੰ ਮੰਨ ਕਿਉਂ ਜੋ ਇਨਸਾਨ ਦਾ ਇਹੋ ਰਿਣ ਹੈ। ਪਰਮੇਸ਼ੁਰ ਤਾਂ ਇੱਕ ਇੱਕ ਕੰਮ ਦਾ ਅਤੇ ਇੱਕ ਇੱਕ ਗੁੱਝੀ ਗੱਲ ਦਾ ਨਿਆਉਂ ਕਰੇਗਾ ਭਾਵੇਂ ਚੰਗੀ ਹੋਵੇ ਭਾਵੇਂ ਮਾੜੀ।”—ਉਪਦੇਸ਼ਕ ਦੀ ਪੋਥੀ 12:13, 14; ਮੀਕਾਹ 6:8.

8. ਪਰਮੇਸ਼ੁਰ ਦੇ ਮੂਲ ਸਿਧਾਂਤ ਚੰਗੀ ਤਰ੍ਹਾਂ ਸਮਝਣ ਵਿਚ ਸਾਡਾ ਭਲਾ ਕਿਵੇਂ ਹੁੰਦਾ ਹੈ?

8 ਜਦੋਂ ਅਸੀਂ ਅਜਿਹੇ ਮੂਲ ਸਿਧਾਂਤ ਚੰਗੀ ਤਰ੍ਹਾਂ ਸਮਝਦੇ ਹਾਂ ਤਾਂ ਖ਼ਾਸ ਅਸੂਲ ਜਾਂ ਨਿਯਮ ਸਮਝਣ ਅਤੇ ਲਾਗੂ ਕਰਨ ਵਿਚ ਵੀ ਸਾਡੀ ਮਦਦ ਹੁੰਦੀ ਹੈ। ਇਸ ਤੋਂ ਇਲਾਵਾ, ਜੇਕਰ ਅਸੀਂ ਮੂਲ ਸਿਧਾਂਤ ਚੰਗੀ ਤਰ੍ਹਾਂ ਸਮਝ ਕੇ ਸਵੀਕਾਰ ਨਹੀਂ ਕਰਦੇ ਤਾਂ ਹੋ ਸਕਦਾ ਹੈ ਕਿ ਅਸੀਂ ਸਹੀ ਫ਼ੈਸਲੇ ਨਾ ਕਰ ਸਕੀਏ ਅਤੇ ਸਾਡੀ ਨਿਹਚਾ ਸੌਖਿਆਂ ਹੀ ਕਮਜ਼ੋਰ ਹੋ ਸਕਦੀ ਹੈ। (ਅਫ਼ਸੀਆਂ 4:14) ਜੇਕਰ ਅਸੀਂ ਇਨ੍ਹਾਂ ਸਿਧਾਂਤਾਂ ਨੂੰ ਆਪਣਿਆਂ ਮਨਾਂ ਅਤੇ ਦਿਲਾਂ ਵਿਚ ਬਿਠਾਈਏ ਤਾਂ ਅਸੀਂ ਇਨ੍ਹਾਂ ਨੂੰ ਫ਼ੈਸਲੇ ਕਰਨ ਵਿਚ ਜ਼ਰੂਰ ਲਾਗੂ ਕਰਾਂਗੇ। ਜਦੋਂ ਅਸੀਂ ਇਨ੍ਹਾਂ ਨੂੰ ਸਮਝਦਾਰੀ ਨਾਲ ਲਾਗੂ ਕਰਦੇ ਹਾਂ ਤਾਂ ਅਸੀਂ ਸਫ਼ਲ ਹੁੰਦੇ ਹਾਂ।—ਯਹੋਸ਼ੁਆ 1:8; ਕਹਾਉਤਾਂ 4:1-9.

9. ਬਾਈਬਲ ਦੇ ਸਿਧਾਂਤ ਸਮਝਣੇ ਅਤੇ ਲਾਗੂ ਕਰਨੇ ਹਮੇਸ਼ਾ ਸੌਖੇ ਕਿਉਂ ਨਹੀਂ ਹੁੰਦੇ?

9 ਬਾਈਬਲ ਦੇ ਸਿਧਾਂਤ ਸਮਝਣੇ ਅਤੇ ਲਾਗੂ ਕਰਨੇ ਨਿਯਮ ਲਾਗੂ ਕਰਨ ਨਾਲੋਂ ਜ਼ਿਆਦਾ ਔਖੇ ਹਨ। ਅਪੂਰਣ ਇਨਸਾਨਾਂ ਵਜੋਂ ਅਸੀਂ ਸ਼ਾਇਦ ਅਜਿਹੀ ਸੋਚ-ਸਮਝ ਵਰਤਣੀ ਨਾ ਚਾਹੀਏ ਜੋ ਸਿਧਾਂਤ ਲਾਗੂ ਕਰਨ ਵਿਚ ਜ਼ਰੂਰੀ ਹੈ। ਅਸੀਂ ਸ਼ਾਇਦ ਕਿਸੇ ਗੱਲ ਬਾਰੇ ਫ਼ੈਸਲਾ ਕਰਦੇ ਸਮੇਂ ਜਾਂ ਕਿਸੇ ਮੁਸ਼ਕਲ ਵਿਚ ਕਿਸੇ ਅਸੂਲ ਜਾਂ ਨਿਯਮ ਨੂੰ ਲਾਗੂ ਕਰਨਾ ਪਸੰਦ ਕਰੀਏ। ਹੋ ਸਕਦਾ ਹੈ ਕਿ ਕਦੇ-ਕਦੇ ਅਸੀਂ ਕਿਸੇ ਸਿਆਣੇ ਮਸੀਹੀ, ਜਾਂ ਸ਼ਾਇਦ ਕਲੀਸਿਯਾ ਦੇ ਕਿਸੇ ਬਜ਼ੁਰਗ ਦੀ ਸਲਾਹ ਲਈਏ, ਇਸ ਆਸ ਵਿਚ ਕਿ ਉਹ ਸਾਨੂੰ ਕੋਈ ਪੱਕਾ ਅਸੂਲ ਦੱਸੇਗਾ ਜੋ ਅਸੀਂ ਆਪਣੀ ਸਥਿਤੀ ਉੱਤੇ ਲਾਗੂ ਕਰ ਸਕਾਂਗੇ। ਪਰ ਬਾਈਬਲ ਵਿਚ ਅਤੇ ਬਾਈਬਲ ਉੱਤੇ ਆਧਾਰਿਤ ਪ੍ਰਕਾਸ਼ਨਾਂ ਵਿਚ ਸ਼ਾਇਦ ਸਾਨੂੰ ਕੋਈ ਪੱਕਾ ਅਸੂਲ ਨਾ ਮਿਲੇ, ਅਤੇ ਜੇ ਮਿਲੇ ਵੀ, ਤਾਂ ਹੋ ਸਕਦਾ ਹੈ ਕਿ ਅਸੀਂ ਉਸ ਨੂੰ ਹਰ ਸਥਿਤੀ ਉੱਤੇ ਲਾਗੂ ਨਾ ਕਰ ਸਕੀਏ। ਤੁਹਾਨੂੰ ਸ਼ਾਇਦ ਯਾਦ ਹੋਵੇ ਕਿ ਇਕ ਆਦਮੀ ਨੇ ਯਿਸੂ ਨੂੰ ਇਹ ਕਿਹਾ ਸੀ: “ਗੁਰੂ ਜੀ ਮੇਰੇ ਭਰਾ ਨੂੰ ਕਹੋ ਜੋ ਉਹ ਵਿਰਸਾ ਮੇਰੇ ਨਾਲ ਵੰਡ ਲਵੇ।” ਯਿਸੂ ਨੇ ਉਸ ਨੂੰ ਝਟਪਟ ਕੋਈ ਅਸੂਲ ਨਹੀਂ ਸੀ ਦਿੱਤਾ ਜੋ ਭੈਣਾਂ-ਭਰਾਵਾਂ ਦੇ ਝਗੜੇ ਸੁਲਝਾਉਣ ਵਿਚ ਲਾਗੂ ਕੀਤਾ ਜਾ ਸਕਦਾ ਸੀ। ਪਰ ਉਸ ਨੇ ਇਕ ਮੁੱਖ ਸਿਧਾਂਤ ਦਿੱਤਾ ਸੀ ਕਿ ‘ਖਬਰਦਾਰ ਰਹਿ ਅਤੇ ਸਾਰੇ ਲੋਭ ਤੋਂ ਬਚਿਆ ਰਹਿ।’ ਇਸ ਤਰ੍ਹਾਂ ਯਿਸੂ ਨੇ ਇਕ ਅਜਿਹਾ ਸਿਧਾਂਤ ਸਥਾਪਿਤ ਕੀਤਾ ਸੀ ਜੋ ਉਸ ਸਮੇਂ ਅਤੇ ਹੁਣ ਵੀ ਲਾਭਦਾਇਕ ਹੈ।—ਲੂਕਾ 12:13-15.

10. ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਲਾਗੂ ਕਰਨ ਦੁਆਰਾ ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੇ ਦਿਲ ਵਿਚ ਕੀ ਹੈ?

10 ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਕੁਝ ਲੋਕ ਸਜ਼ਾ ਦੇ ਡਰ ਕਰਕੇ ਹੀ ਨਿਯਮਾਂ ਦੀ ਪਾਲਣਾ ਕਰਦੇ ਹਨ। ਲੇਕਿਨ ਜੇ ਅਸੀਂ ਸਿਧਾਂਤਾਂ ਦਾ ਫ਼ਾਇਦਾ ਪਛਾਣੀਏ ਤਾਂ ਸਾਨੂੰ ਅਜਿਹਾ ਡਰ ਨਹੀਂ ਹੁੰਦਾ। ਸਿਧਾਂਤ ਐਸੇ ਹੀ ਹੁੰਦੇ ਹਨ ਕਿ ਉਨ੍ਹਾਂ ਤੇ ਚੱਲਣ ਵਾਲੇ ਉਨ੍ਹਾਂ ਨੂੰ ਦਿਲੋਂ ਲਾਗੂ ਕਰਨਾ ਚਾਹੁੰਦੇ ਹਨ। ਦਰਅਸਲ ਜ਼ਿਆਦਾਤਰ ਸਿਧਾਂਤ ਅਜਿਹੇ ਹਨ ਕਿ ਉਨ੍ਹਾਂ ਦੀ ਉਲੰਘਣਾ ਕਰਨ ਨਾਲ ਸਾਨੂੰ ਉਸੇ ਵੇਲੇ ਸਜ਼ਾ ਨਹੀਂ ਮਿਲਦੀ। ਇਸ ਕਰਕੇ ਸਾਨੂੰ ਇਹ ਦਿਖਾਉਣ ਦਾ ਮੌਕਾ ਮਿਲਦਾ ਹੈ ਕਿ ਅਸੀਂ ਯਹੋਵਾਹ ਦੀ ਆਗਿਆ ਦਿਲੋਂ ਮੰਨਦੇ ਹਾਂ ਕਿ ਨਹੀਂ। ਇਸ ਵਿਚ ਯੂਸੁਫ਼ ਨੇ ਪੋਟੀਫ਼ਰ ਦੀ ਤੀਵੀਂ ਦੀਆਂ ਅਨੈਤਿਕ ਹਰਕਤਾਂ ਤੋਂ ਦੂਰ ਰਹਿ ਕੇ ਸਾਡੇ ਲਈ ਇਕ ਚੰਗੀ ਮਿਸਾਲ ਕਾਇਮ ਕੀਤੀ ਸੀ। ਭਾਵੇਂ ਕਿ ਵਿਭਚਾਰ ਦੇ ਵਿਰੁੱਧ ਯਹੋਵਾਹ ਦਾ ਕੋਈ ਲਿਖਿਆ ਨਿਯਮ ਨਹੀਂ ਸੀ ਅਤੇ ਦੂਸਰੇ ਆਦਮੀ ਦੀ ਤੀਵੀਂ ਨਾਲ ਸੰਬੰਧ ਰੱਖਣ ਲਈ ਪਰਮੇਸ਼ੁਰ ਵੱਲੋਂ ਕੋਈ ਸਜ਼ਾ ਦੱਸੀ ਨਹੀਂ ਗਈ ਸੀ, ਫਿਰ ਵੀ ਯੂਸੁਫ਼ ਉਨ੍ਹਾਂ ਸਿਧਾਂਤਾਂ ਨੂੰ ਜਾਣਦਾ ਸੀ ਜੋ ਪਰਮੇਸ਼ੁਰ ਦੀ ਨਜ਼ਰ ਵਿਚ ਵਿਆਹ ਦੇ ਬੰਧਨ ਉੱਤੇ ਲਾਗੂ ਹੁੰਦੇ ਸਨ। (ਉਤਪਤ 2:24; 12:18-20) ਇਨ੍ਹਾਂ ਸਿਧਾਂਤਾਂ ਨੇ ਉਸ ਉੱਤੇ ਗਹਿਰਾ ਪ੍ਰਭਾਵ ਪਾਇਆ ਸੀ। ਇਹ ਗੱਲ ਅਸੀਂ ਉਸ ਦੇ ਜਵਾਬ ਤੋਂ ਦੇਖ ਸਕਦੇ ਹਾਂ: “ਮੈਂ ਐੱਡੀ ਵੱਡੀ ਬੁਰਿਆਈ ਅਤੇ ਪਾਪ ਪਰਮੇਸ਼ੁਰ ਦੇ ਵਿਰੁੱਧ ਕਿਵੇਂ ਕਰਾਂ?”—ਉਤਪਤ 39:9.

11. ਮਸੀਹੀਆਂ ਨੂੰ ਕਿਨ੍ਹਾਂ ਗੱਲਾਂ ਵਿਚ ਯਹੋਵਾਹ ਦੇ ਸਿਧਾਂਤ ਲਾਗੂ ਕਰਨੇ ਚਾਹੀਦੇ ਹਨ?

11 ਮਸੀਹੀਆਂ ਨੂੰ ਨਿੱਜੀ ਮਾਮਲਿਆਂ ਵਿਚ ਯਾਨੀ ਕਿ ਮਨੋਰੰਜਨ, ਸੰਗੀਤ, ਕਿਤਾਬਾਂ, ਅਤੇ ਸਾਥੀਆਂ ਦੀ ਚੋਣ ਵਿਚ ਯਹੋਵਾਹ ਦੇ ਸਿਧਾਂਤ ਲਾਗੂ ਕਰਨੇ ਚਾਹੀਦੇ ਹਨ। (1 ਕੁਰਿੰਥੀਆਂ 15:33; ਫ਼ਿਲਿੱਪੀਆਂ 4:8) ਜਦੋਂ ਯਹੋਵਾਹ ਅਤੇ ਉਸ ਦੇ ਸਿਧਾਂਤਾਂ ਬਾਰੇ ਸਾਡਾ ਗਿਆਨ, ਸਾਡੀ ਸਮਝ, ਅਤੇ ਸਾਡੀ ਕਦਰ ਵਧਦੀ ਹੈ, ਤਾਂ ਸਾਡੀ ਜ਼ਮੀਰ ਇਨ੍ਹਾਂ ਸਿਧਾਂਤਾਂ ਨੂੰ ਹਰ ਹਾਲਾਤ ਵਿਚ ਲਾਗੂ ਕਰਨ ਵਿਚ ਸਾਡੀ ਮਦਦ ਕਰੇਗੀ। ਅਸੀਂ ਪਰਮੇਸ਼ੁਰ ਦੇ ਨਿਯਮਾਂ ਵਿਚ ਅਜਿਹੀ ਕੋਈ ਗੱਲ ਲੱਭਣ ਦੀ ਕੋਸ਼ਿਸ਼ ਨਹੀਂ ਕਰਾਂਗੇ ਜਿਸ ਵਜੋਂ ਅਸੀਂ ਉਨ੍ਹਾਂ ਨੂੰ ਨਾ ਲਾਗੂ ਕਰਨ ਦਾ ਬਹਾਨਾ ਬਣਾਈਏ। ਅਸੀਂ ਉਨ੍ਹਾਂ ਲੋਕਾਂ ਦੀ ਰੀਸ ਨਹੀਂ ਕਰਾਂਗੇ ਜੋ ਨਿਯਮ ਤੋੜਨ ਤੋਂ ਬਿਨਾਂ ਉਸ ਦੀ ਹੱਦ ਤਕ ਜਾਣ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਸੋਚਣਾ ਆਪਣੇ ਆਪ ਨੂੰ ਧੋਖਾ ਦੇਣਾ ਅਤੇ ਹਾਨੀਕਾਰਕ ਹੈ।—ਯਾਕੂਬ 1:22-25.

12. ਪਰਮੇਸ਼ੁਰ ਦੇ ਸਿਧਾਂਤਾਂ ਅਨੁਸਾਰ ਜੀਉਣ ਵਿਚ ਸਭ ਤੋਂ ਜ਼ਰੂਰੀ ਗੱਲ ਕੀ ਹੈ?

12 ਸਮਝਦਾਰ ਮਸੀਹੀ ਜਾਣਦੇ ਹਨ ਕਿ ਪਰਮੇਸ਼ੁਰ ਦੇ ਸਿਧਾਂਤ ਲਾਗੂ ਕਰਨ ਦਾ ਮਤਲਬ ਹੈ ਕਿ ਉਹ ਜਾਣਨ ਦੀ ਕੋਸ਼ਿਸ਼ ਕਰਨ ਕਿ ਕਿਸੇ ਮਾਮਲੇ ਬਾਰੇ ਯਹੋਵਾਹ ਕੀ ਸੋਚਦਾ ਹੈ। ਜ਼ਬੂਰਾਂ ਦਾ ਲਿਖਾਰੀ ਸਾਨੂੰ ਸਲਾਹ ਦਿੰਦਾ ਹੈ: “ਹੇ ਯਹੋਵਾਹ ਦੇ ਪ੍ਰੇਮੀਓ, ਬੁਰਿਆਈ ਤੋਂ ਘਿਣ ਕਰੋ!” (ਜ਼ਬੂਰ 97:10) ਕਹਾਉਤਾਂ 6:16-19 ਵਿਚ ਉਨ੍ਹਾਂ ਕੁਝ ਚੀਜ਼ਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਹੜੀਆਂ ਪਰਮੇਸ਼ੁਰ ਦੀ ਨਜ਼ਰ ਵਿਚ ਘਿਣਾਉਣੀਆਂ ਹਨ: “ਛੀਆਂ ਵਸਤਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਦੇ ਜੀ ਨੂੰ ਘਿਣਾਉਣੀਆਂ ਲਗਦੀਆਂ ਹਨ,—ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ੇ ਦਾ ਖ਼ੂਨ ਕਰਨ ਵਾਲੇ ਹੱਥ, ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਓਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ, ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ, ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।” ਸਾਨੂੰ ਪਤਾ ਹੈ ਕਿ ਯਹੋਵਾਹ ਇਨ੍ਹਾਂ ਜ਼ਰੂਰੀ ਗੱਲਾਂ ਬਾਰੇ ਕਿਵੇਂ ਮਹਿਸੂਸ ਕਰਦਾ ਹੈ, ਪਰ ਜਦੋਂ ਅਸੀਂ ਆਪਣੀ ਜ਼ਿੰਦਗੀ ਵਿਚ ਯਹੋਵਾਹ ਦੀ ਸੋਚਣੀ ਪ੍ਰਗਟ ਕਰਨੀ ਚਾਹੁੰਦੇ ਹਾਂ ਤਾਂ ਉਸ ਦੇ ਸਿਧਾਂਤਾਂ ਅਨੁਸਾਰ ਜੀਉਣਾ ਆਦਤ ਬਣ ਜਾਂਦੀ ਹੈ।—ਯਿਰਮਿਯਾਹ 22:16.

ਪਖੰਡ ਕਰਨ ਦੇ ਫੰਧੇ ਤੋਂ ਬਚੋ

13. ਆਪਣੇ ਪਹਾੜੀ ਉਪਦੇਸ਼ ਵਿਚ ਯਿਸੂ ਨੇ ਕਿਹੜੀ ਗੱਲ ਉੱਤੇ ਜ਼ੋਰ ਦਿੱਤਾ ਸੀ?

13 ਸਿਧਾਂਤ ਜਾਣਨ ਅਤੇ ਲਾਗੂ ਕਰਨ ਦੁਆਰਾ ਅਸੀਂ ਪਖੰਡੀ ਉਪਾਸਨਾ ਦੇ ਫੰਧੇ ਤੋਂ ਬਚਾਂਗੇ। ਸਿਧਾਂਤ ਲਾਗੂ ਕਰਨ ਅਤੇ ਸਖ਼ਤੀ ਨਾਲ ਹੁਕਮਾਂ ਦੀ ਪਾਲਣਾ ਕਰਨ ਵਿਚ ਬਹੁਤ ਫ਼ਰਕ ਹੈ। ਇਹ ਗੱਲ ਯਿਸੂ ਨੇ ਪਹਾੜੀ ਉਪਦੇਸ਼ ਵਿਚ ਸਾਫ਼-ਸਾਫ਼ ਦੱਸੀ ਸੀ। (ਮੱਤੀ 5:17-48) ਯਾਦ ਰੱਖੋ ਕਿ ਯਿਸੂ ਦੇ ਸੁਣਨ ਵਾਲੇ ਯਹੂਦੀ ਲੋਕ ਸਨ, ਇਸ ਲਈ ਉਨ੍ਹਾਂ ਨੂੰ ਮੂਸਾ ਦੀ ਬਿਵਸਥਾ ਅਨੁਸਾਰ ਜੀਉਣਾ ਚਾਹੀਦਾ ਸੀ। ਪਰ ਬਿਵਸਥਾ ਪ੍ਰਤੀ ਉਨ੍ਹਾਂ ਦੀ ਸੋਚਣੀ ਬਹੁਤ ਵਿਗੜੀ ਹੋਈ ਸੀ। ਉਹ ਬਿਵਸਥਾ ਦੇ ਅਸਲੀ ਅਰਥ ਨੂੰ ਭੁੱਲ ਕੇ ਹੁਕਮਾਂ ਦੀ ਪਾਲਣਾ ਕਰਨ ਉੱਤੇ ਸਖ਼ਤੀ ਨਾਲ ਜ਼ੋਰ ਦਿੰਦੇ ਸਨ। ਅਤੇ ਪਰਮੇਸ਼ੁਰ ਵੱਲੋਂ ਸਿੱਖਿਆ ਸਵੀਕਾਰ ਕਰਨ ਦੀ ਬਜਾਇ ਉਹ ਆਪਣੇ ਬਣਾਏ ਗਏ ਰੀਤ-ਰਿਵਾਜਾਂ ਅਨੁਸਾਰ ਚੱਲਣਾ ਪਸੰਦ ਕਰਦੇ ਸਨ। (ਮੱਤੀ 12:9-12; 15:1-9) ਨਤੀਜੇ ਵਜੋਂ ਆਮ ਲੋਕਾਂ ਨੂੰ ਸਿਧਾਂਤਾਂ ਉੱਤੇ ਸੋਚ-ਵਿਚਾਰ ਕਰਨਾ ਨਹੀਂ ਸਿਖਾਇਆ ਗਿਆ ਸੀ।

14. ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਸਿਧਾਂਤਾਂ ਬਾਰੇ ਸੋਚਣਾ ਕਿਵੇਂ ਸਿਖਾਇਆ?

14 ਯਿਸੂ ਦੂਸਰਿਆਂ ਵਰਗਾ ਨਹੀਂ ਸੀ। ਉਸ ਨੇ ਪਹਾੜੀ ਉਪਦੇਸ਼ ਵਿਚ ਜ਼ਿੰਦਗੀ ਦੀਆਂ ਪੰਜ ਗੱਲਾਂ ਬਾਰੇ ਸਿਧਾਂਤ ਸਥਾਪਿਤ ਕੀਤੇ ਸਨ: ਗੁੱਸਾ, ਵਿਆਹ ਅਤੇ ਤਲਾਕ, ਵਾਅਦੇ, ਬਦਲਾ ਲੈਣਾ, ਅਤੇ ਪਿਆਰ ਤੇ ਨਫ਼ਰਤ। ਹਰ ਇਕ ਗੱਲ ਵਿਚ ਉਸ ਨੇ ਸਿਧਾਂਤ ਲਾਗੂ ਕਰਨ ਦਾ ਫ਼ਾਇਦਾ ਸਮਝਾਇਆ। ਇਸ ਤਰ੍ਹਾਂ ਯਿਸੂ ਨੇ ਆਪਣੇ ਚੇਲਿਆਂ ਲਈ ਅੱਗੇ ਨਾਲੋਂ ਵੀ ਉੱਚੇ ਨੈਤਿਕ ਮਿਆਰ ਸਥਾਪਿਤ ਕੀਤੇ ਸਨ। ਮਿਸਾਲ ਲਈ ਵਿਭਚਾਰ ਦੇ ਮਾਮਲੇ ਬਾਰੇ ਉਸ ਨੇ ਸਾਡੇ ਲਈ ਅਜਿਹਾ ਸਿਧਾਂਤ ਸਥਾਪਿਤ ਕੀਤਾ ਸੀ ਜੋ ਸਾਡੇ ਚਾਲ-ਚੱਲਣ ਦੇ ਨਾਲ-ਨਾਲ ਸਾਡੀਆਂ ਸੋਚਾਂ ਅਤੇ ਇੱਛਾਵਾਂ ਦੀ ਵੀ ਰਾਖੀ ਕਰਦਾ ਹੈ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:28.

15. ਅਸੀਂ ਹਰ ਗੱਲ ਨੂੰ ਕਾਨੂੰਨੀ ਰੂਪ ਦੇਣ ਤੋਂ ਕਿਵੇਂ ਦੂਰ ਰਹਿ ਸਕਦੇ ਹਾਂ?

15 ਇਸ ਮਿਸਾਲ ਤੋਂ ਪਤਾ ਲੱਗਦਾ ਹੈ ਕਿ ਸਾਨੂੰ ਯਹੋਵਾਹ ਦੇ ਸਿਧਾਂਤਾਂ ਦਾ ਅਸਲੀ ਅਰਥ ਕਦੇ ਨਹੀਂ ਭੁੱਲਣਾ ਚਾਹੀਦਾ। ਸਾਨੂੰ ਉੱਪਰੋਂ-ਉੱਪਰੋਂ ਆਪਣੇ ਆਪ ਨੂੰ ਨੈਤਿਕ ਤੌਰ ਤੇ ਸ਼ੁੱਧ ਦਿਖਾਉਣ ਦੁਆਰਾ ਪਰਮੇਸ਼ੁਰ ਦੀ ਕਿਰਪਾ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਯਿਸੂ ਨੇ ਪਰਮੇਸ਼ੁਰ ਦੀ ਦਇਆ ਅਤੇ ਉਸ ਦੇ ਪਿਆਰ ਵੱਲ ਧਿਆਨ ਦੇ ਕੇ ਅਜਿਹੇ ਪਖੰਡੀ ਰਵੱਈਏ ਨੂੰ ਗ਼ਲਤ ਸਾਬਤ ਕੀਤਾ ਸੀ। (ਮੱਤੀ 12:7; ਲੂਕਾ 6:1-11) ਬਾਈਬਲ ਦੇ ਸਿਧਾਂਤ ਲਾਗੂ ਕਰਨ ਦੁਆਰਾ ਅਸੀਂ ਦੂਸਰਿਆਂ ਉੱਤੇ ਹੁਕਮ ਨਹੀਂ ਚਲਾਵਾਂਗੇ ਅਤੇ ਨਾ ਹੀ ਆਪਣੇ ਆਪ ਤੋਂ ਨਿਯਮਾਂ ਦੀ ਕਿਸੇ ਲੰਬੀ-ਚੌੜੀ ਸੂਚੀ ਦੀ ਪਾਲਣਾ ਕਰਨ ਦੀ ਮੰਗ ਕਰਾਂਗੇ। ਬਾਈਬਲ ਵਿਚ ਸਾਨੂੰ ਇਸ ਤਰ੍ਹਾਂ ਨਹੀਂ ਸਿਖਾਇਆ ਗਿਆ। ਅਸੀਂ ਭਗਤੀ ਦਾ ਪਖੰਡ ਕਰਨ ਦੀ ਬਜਾਇ ਪਿਆਰ ਦੇ ਸਿਧਾਂਤਾਂ ਅਤੇ ਪਰਮੇਸ਼ੁਰ ਦੀ ਆਗਿਆ ਮੰਨਣ ਵੱਲ ਜ਼ਿਆਦਾ ਧਿਆਨ ਦੇਵਾਂਗੇ।—ਲੂਕਾ 11:42.

ਵਧੀਆ ਫਲ

16. ਬਾਈਬਲ ਦੇ ਕੁਝ ਨਿਯਮ ਕਿਨ੍ਹਾਂ ਸਿਧਾਂਤਾਂ ਉੱਤੇ ਆਧਾਰਿਤ ਹਨ?

16 ਅਸੀਂ ਯਹੋਵਾਹ ਦੀ ਆਗਿਆ ਮੰਨਣ ਦੀ ਕੋਸ਼ਿਸ਼ ਕਰਦੇ ਹਾਂ ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਯਾਦ ਰੱਖੀਏ ਕਿ ਉਸ ਦੇ ਨਿਯਮ ਖ਼ਾਸ ਸਿਧਾਂਤਾਂ ਉੱਤੇ ਆਧਾਰਿਤ ਹਨ। ਮਿਸਾਲ ਲਈ ਮਸੀਹੀਆਂ ਨੂੰ ਮੂਰਤੀ-ਪੂਜਾ, ਵਿਭਚਾਰ, ਅਤੇ ਖ਼ੂਨ ਦੀ ਕੁਵਰਤੋਂ ਤੋਂ ਦੂਰ ਰਹਿਣਾ ਚਾਹੀਦਾ ਹੈ। (ਰਸੂਲਾਂ ਦੇ ਕਰਤੱਬ 15:28, 29) ਮਸੀਹੀਆਂ ਲਈ ਇਹ ਹੁਕਮ ਕਿਨ੍ਹਾਂ ਸਿਧਾਂਤਾਂ ਤੇ ਆਧਾਰਿਤ ਹਨ? ਪਰਮੇਸ਼ੁਰ ਕੋਲ ਸਾਡੇ ਤੋਂ ਅਣਵੰਡੀ ਭਗਤੀ ਮੰਗਣ ਦਾ ਹੱਕ ਹੈ; ਸਾਨੂੰ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ; ਅਤੇ ਯਹੋਵਾਹ ਸਾਡਾ ਜੀਵਨ-ਦਾਤਾ ਹੈ। (ਉਤਪਤ 2:24; ਕੂਚ 20:5; ਜ਼ਬੂਰ 36:9) ਜੇਕਰ ਅਸੀਂ ਇਨ੍ਹਾਂ ਸਿਧਾਂਤਾਂ ਦੀ ਕਦਰ ਕਰੀਏ ਤਾਂ ਇਨ੍ਹਾਂ ਦੇ ਨਾਲ ਲੱਗਦੇ ਨਿਯਮਾਂ ਦੀ ਪਾਲਣਾ ਕਰਨੀ ਸਾਡੇ ਲਈ ਕੁਝ ਹੱਦ ਤਕ ਸੌਖੀ ਹੋਵੇਗੀ।

17. ਬਾਈਬਲ ਦੇ ਸਿਧਾਂਤ ਸਮਝਣ ਅਤੇ ਲਾਗੂ ਕਰਨ ਨਾਲ ਕਿਹੜੇ ਚੰਗੇ ਨਤੀਜੇ ਨਿਕਲ ਸਕਦੇ ਹਨ?

17 ਜਿਉਂ-ਜਿਉਂ ਅਸੀਂ ਬੁਨਿਆਦੀ ਸਿਧਾਂਤ ਸਮਝ ਕੇ ਲਾਗੂ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਇਹ ਸਾਡੇ ਭਲੇ ਲਈ ਹਨ। ਪਰਮੇਸ਼ੁਰ ਦੇ ਲੋਕ ਰੂਹਾਨੀ ਬਰਕਤਾਂ ਦੇ ਨਾਲ-ਨਾਲ ਦੂਸਰੀਆਂ ਬਰਕਤਾਂ ਦਾ ਵੀ ਆਨੰਦ ਮਾਣਦੇ ਹਨ। ਮਿਸਾਲ ਲਈ ਜੋ ਸਿਗਰਟ ਨਹੀਂ ਪੀਂਦੇ, ਜ਼ਨਾਹ ਨਹੀਂ ਕਰਦੇ, ਅਤੇ ਖ਼ੂਨ ਨਹੀਂ ਲੈਂਦੇ ਉਹ ਕੁਝ ਬੀਮਾਰੀਆਂ ਤੋਂ ਆਪਣਾ ਬਚਾਅ ਕਰਦੇ ਹਨ। ਇਸੇ ਤਰ੍ਹਾਂ ਪਰਮੇਸ਼ੁਰ ਦੀ ਸਿੱਖਿਆ ਅਨੁਸਾਰ ਜੀਉਣ ਦੁਆਰਾ ਸਾਡਾ ਭਲਾ ਹੁੰਦਾ ਹੈ: ਅਸੀਂ ਪੈਸੇ-ਸੰਬੰਧੀ ਮੁਸ਼ਕਲਾਂ ਟਾਲ ਸਕਦੇ ਹਾਂ, ਅਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਹੋਰਨਾਂ ਲੋਕਾਂ ਨਾਲ ਬਿਹਤਰ ਰਿਸ਼ਤੇ ਬਣਾ ਸਕਦੇ ਹਾਂ। ਅਜਿਹੇ ਨਤੀਜੇ ਦਿਖਾਉਂਦੇ ਹਨ ਕਿ ਯਹੋਵਾਹ ਦੇ ਸਿਧਾਂਤ ਸੱਚ-ਮੁੱਚ ਸਾਡੇ ਫ਼ਾਇਦੇ ਲਈ ਹਨ। ਪਰ ਅਸੀਂ ਪਰਮੇਸ਼ੁਰ ਦੇ ਸਿਧਾਂਤ ਸਿਰਫ਼ ਅਜਿਹੇ ਫ਼ਾਇਦੇ ਪ੍ਰਾਪਤ ਕਰਨ ਲਈ ਹੀ ਨਹੀਂ ਲਾਗੂ ਕਰਦੇ। ਸੱਚੇ ਮਸੀਹੀ ਯਹੋਵਾਹ ਦੀ ਆਗਿਆ ਇਸ ਲਈ ਮੰਨਦੇ ਹਨ ਕਿਉਂਕਿ ਉਹ ਉਸ ਨਾਲ ਪਿਆਰ ਕਰਦੇ ਹਨ, ਪਰਮੇਸ਼ੁਰ ਉਨ੍ਹਾਂ ਦੀ ਭਗਤੀ ਦਾ ਹੱਕਦਾਰ ਹੈ, ਅਤੇ ਇਸ ਤਰ੍ਹਾਂ ਕਰਨਾ ਠੀਕ ਹੈ।—ਪਰਕਾਸ਼ ਦੀ ਪੋਥੀ 4:11.

18. ਮਸੀਹੀਆਂ ਵਜੋਂ ਸਫ਼ਲ ਹੋਣ ਵਾਸਤੇ ਸਾਨੂੰ ਕਿਵੇਂ ਜੀਉਣਾ ਚਾਹੀਦਾ ਹੈ?

18 ਬਾਈਬਲ ਦੇ ਸਿਧਾਂਤ ਆਪਣੇ ਜੀਵਨ ਵਿਚ ਲਾਗੂ ਕਰਨ ਦੁਆਰਾ ਸਾਨੂੰ ਸਭ ਤੋਂ ਵਧੀਆ ਜ਼ਿੰਦਗੀ ਮਿਲਦੀ ਹੈ, ਜਿਸ ਨੂੰ ਦੇਖ ਕੇ ਸ਼ਾਇਦ ਦੂਸਰੇ ਲੋਕ ਵੀ ਪਰਮੇਸ਼ੁਰ ਦੇ ਰਾਹ ਉੱਤੇ ਚੱਲਣ ਲੱਗਣ। ਇਸ ਤੋਂ ਵੀ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਪਰਮੇਸ਼ੁਰ ਦੀ ਵਡਿਆਈ ਕਰਾਂਗੇ। ਅਸੀਂ ਜਾਣਦੇ ਹਾਂ ਕਿ ਯਹੋਵਾਹ ਸੱਚ-ਮੁੱਚ ਸਾਡੇ ਨਾਲ ਪਿਆਰ ਕਰਦਾ ਹੈ ਅਤੇ ਸਾਡਾ ਭਲਾ ਚਾਹੁੰਦਾ ਹੈ। ਜਦੋਂ ਅਸੀਂ ਬਾਈਬਲ ਦੇ ਸਿਧਾਂਤਾਂ ਅਨੁਸਾਰ ਫ਼ੈਸਲੇ ਕਰਦੇ ਹਾਂ ਅਤੇ ਯਹੋਵਾਹ ਦੀ ਅਸੀਸ ਮਹਿਸੂਸ ਕਰਦੇ ਹਾਂ ਤਾਂ ਅਸੀਂ ਉਸ ਦੇ ਹੋਰ ਵੀ ਨਜ਼ਦੀਕ ਹੁੰਦੇ ਹਾਂ। ਜੀ ਹਾਂ, ਇਸ ਤਰ੍ਹਾਂ ਸਾਡੇ ਸਵਰਗੀ ਪਿਤਾ ਨਾਲ ਸਾਡਾ ਰਿਸ਼ਤਾ ਹੋਰ ਵੀ ਗੂੜ੍ਹਾ ਹੁੰਦਾ ਹੈ।

ਕੀ ਤੁਹਾਨੂੰ ਯਾਦ ਹੈ?

• ਸਿਧਾਂਤ ਕੀ ਹੈ?

• ਸਿਧਾਂਤਾਂ ਅਤੇ ਨਿਯਮਾਂ ਵਿਚ ਕੀ ਫ਼ਰਕ ਹੈ?

• ਸਿਧਾਂਤਾਂ ਬਾਰੇ ਸੋਚ ਕੇ ਕਦਮ ਚੁੱਕਣ ਦਾ ਕੀ ਫ਼ਾਇਦਾ ਹੈ?

[ਸਵਾਲ]

[ਸਫ਼ੇ 20 ਉੱਤੇ ਡੱਬੀ]

ਵਿਲਸਨ ਨਾਂ ਦੇ ਭਰਾ, ਜੋ ਘਾਨਾ ਤੋਂ ਹੈ, ਨੂੰ ਦੱਸਿਆ ਗਿਆ ਸੀ ਕਿ ਕੁਝ ਦਿਨਾਂ ਬਾਅਦ ਉਸ ਨੂੰ ਨੌਕਰੀ ਤੋਂ ਜਵਾਬ ਦਿੱਤਾ ਜਾਵੇਗਾ। ਕੰਮ ਦੇ ਆਖ਼ਰੀ ਦਿਨ ਤੇ ਉਸ ਨੂੰ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਦੀ ਕਾਰ ਧੋਣ ਦਾ ਕੰਮ ਦਿੱਤਾ ਗਿਆ ਸੀ। ਜਦੋਂ ਵਿਲਸਨ ਨੂੰ ਕਾਰ ਵਿੱਚੋਂ ਵੱਡੀ ਰਕਮ ਲੱਭੀ ਤਾਂ ਉਸ ਦੇ ਮਾਲਕ ਨੇ ਉਸ ਨੂੰ ਕਿਹਾ ਕਿ ਇਹ ਪੈਸੇ ਤੈਨੂੰ ਰੱਬ ਵੱਲੋਂ ਮਿਲੇ ਹਨ ਕਿਉਂਕਿ ਅੱਜ ਨੌਕਰੀ ਤੇ ਤੇਰਾ ਆਖ਼ਰੀ ਦਿਨ ਹੈ। ਪਰ ਵਿਲਸਨ ਨੇ ਈਮਾਨਦਾਰੀ ਬਾਰੇ ਬਾਈਬਲ ਦੇ ਸਿਧਾਂਤ ਲਾਗੂ ਕਰ ਕੇ ਡਾਇਰੈਕਟਰ ਨੂੰ ਪੈਸੇ ਵਾਪਸ ਦੇ ਦਿੱਤੇ। ਉਹ ਬੜਾ ਹੈਰਾਨ ਅਤੇ ਬਹੁਤ ਹੀ ਪ੍ਰਭਾਵਿਤ ਹੋਇਆ ਅਤੇ ਉਸ ਨੇ ਵਿਲਸਨ ਨੂੰ ਇਸ ਸਮੇਂ ਪੱਕੀ ਨੌਕਰੀ ਦੇਣ ਦੇ ਨਾਲ-ਨਾਲ ਕੰਪਨੀ ਵਿਚ ਉਸ ਨੂੰ ਸਟਾਫ਼ ਦੇ ਸੀਨੀਅਰ ਮੈਂਬਰ ਵਜੋਂ ਪ੍ਰਮੋਸ਼ਨ ਵੀ ਦਿੱਤੀ।—ਅਫ਼ਸੀਆਂ 4:28.

[ਸਫ਼ੇ 21 ਉੱਤੇ ਡੱਬੀ]

ਰੂਕੀਆ ਨਾਂ ਦੀ ਅਲਬਾਨੀ ਔਰਤ 60 ਸਾਲਾਂ ਦੀ ਉਮਰ ਤੋਂ ਉੱਪਰ ਹੈ। ਘਰ ਵਿਚ ਕਿਸੇ ਝਗੜੇ ਕਾਰਨ ਉਸ ਦਾ ਆਪਣੇ ਭਰਾ ਨਾਲ 17 ਸਾਲਾਂ ਤੋਂ ਬੋਲਚਾਲ ਬੰਦ ਸੀ। ਫਿਰ ਉਹ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰਨ ਲੱਗ ਪਈ ਅਤੇ ਉਸ ਨੇ ਸਿੱਖਿਆ ਕਿ ਸੱਚੇ ਮਸੀਹੀਆਂ ਨੂੰ ਦੂਸਰਿਆਂ ਨਾਲ ਸ਼ਾਂਤੀ ਕਾਇਮ ਕਰਨੀ ਚਾਹੀਦੀ ਹੈ ਅਤੇ ਦਿਲ ਵਿਚ ਗੁੱਸਾ ਨਹੀਂ ਰੱਖਣਾ ਚਾਹੀਦਾ। ਇਸ ਬਾਰੇ ਉਸ ਨੇ ਸਾਰੀ ਰਾਤ ਪ੍ਰਾਰਥਨਾ ਕੀਤੀ। ਦੂਜੇ ਦਿਨ ਉਹ ਤੁਰ ਕੇ ਆਪਣੇ ਭਰਾ ਦੇ ਘਰ ਗਈ ਅਤੇ ਉਸ ਦਾ ਦਿਲ ਧਕ-ਧਕ ਕਰ ਰਿਹਾ ਸੀ। ਉਸ ਦੀ ਭਤੀਜੀ ਨੇ ਦਰਵਾਜ਼ਾ ਖੋਲ੍ਹਿਆ ਅਤੇ ਹੈਰਾਨੀ ਨਾਲ ਉਸ ਨੇ ਰੂਕੀਆ ਨੂੰ ਪੁੱਛਿਆ: “ਤੁਸੀਂ ਇੱਥੇ ਕੀ ਕਰ ਰਹੇ ਹੋ, ਕੀ ਕੋਈ ਮਰ ਗਿਆ ਹੈ?” ਰੂਕੀਆ ਨੇ ਉਸ ਨੂੰ ਆਪਣੇ ਭਰਾ ਨੂੰ ਬੁਲਾਉਣ ਲਈ ਕਿਹਾ। ਉਸ ਨੇ ਸ਼ਾਂਤੀ ਨਾਲ ਸਮਝਾਇਆ ਕਿ ਬਾਈਬਲ ਦੇ ਸਿਧਾਂਤ ਅਤੇ ਯਹੋਵਾਹ ਬਾਰੇ ਸਿੱਖ ਕੇ ਉਹ ਆਪਣੇ ਭਰਾ ਨਾਲ ਸੁਲ੍ਹਾ ਕਰਨੀ ਚਾਹੁੰਦੀ ਸੀ। ਹੰਝੂ ਵਹਾ ਕੇ ਅਤੇ ਜੱਫੀਆਂ ਪਾ ਕੇ ਉਨ੍ਹਾਂ ਨੇ ਇਸ ਮੌਕੇ ਦੀ ਖ਼ੁਸ਼ੀ ਮਨਾਈ!—ਰੋਮੀਆਂ 12:17, 18.

[ਸਫ਼ੇ 23 ਉੱਤੇ ਤਸਵੀਰ]

ਮੱਤੀ 5:27, 28

[ਸਫ਼ੇ 23 ਉੱਤੇ ਤਸਵੀਰ]

ਮੱਤੀ 5:3

[ਸਫ਼ੇ 23 ਉੱਤੇ ਤਸਵੀਰ]

ਮੱਤੀ 5:24

[ਸਫ਼ੇ 23 ਉੱਤੇ ਤਸਵੀਰ]

‘ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ੍ਹ ਗਿਆ ਅਰ ਜਦ ਬੈਠਾ ਤਦ ਉਹ ਦੇ ਚੇਲੇ ਉਹ ਦੇ ਕੋਲ ਆਏ। ਅਤੇ ਉਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।’—ਮੱਤੀ 5:1, 2