Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਕੀ “ਯਿਸੂ ਦੇ ਨਾਂ ਵਿਚ” ਕਹਿਣ ਤੋਂ ਬਿਨਾਂ ਪ੍ਰਾਰਥਨਾ ਕਰਨੀ ਠੀਕ ਹੈ?

ਬਾਈਬਲ ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਦੇ ਅੱਗੇ ਆਉਂਦੇ ਹੋਏ ਮਸੀਹੀਆਂ ਨੂੰ ਯਿਸੂ ਦੇ ਨਾਂ ਵਿਚ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” ਉਸ ਨੇ ਇਹ ਵੀ ਕਿਹਾ ਕਿ “ਤੁਸੀਂ ਮੇਰਾ ਨਾਮ ਲੈ ਕੇ ਜੋ ਕੁਝ ਪਿਤਾ ਤੋਂ ਮੰਗੋ ਸੋ ਉਹ ਤੁਹਾਨੂੰ ਦੇਵੇ।”—ਯੂਹੰਨਾ 14:6; 15:16.

ਬਾਈਬਲ ਦਾ ਇਕ ਕੋਸ਼ ਯਿਸੂ ਦੀ ਨਿਰਾਲੀ ਪਦਵੀ ਬਾਰੇ ਕਹਿੰਦਾ ਹੈ: “ਪ੍ਰਾਰਥਨਾ ਸਿਰਫ਼ ਪਰਮੇਸ਼ੁਰ ਨੂੰ ਕੀਤੀ ਜਾਂਦੀ ਹੈ ਅਤੇ ਯਿਸੂ ਵਿਚੋਲਾ ਹੈ ਜਿਸ ਦੇ ਨਾਂ ਰਾਹੀਂ ਪ੍ਰਾਰਥਨਾ ਕੀਤੀ ਜਾਂਦੀ ਹੈ। ਇਸ ਲਈ ਸਾਰੀਆਂ ਦੁਆਵਾਂ ਜੋ ਸੰਤਾਂ ਜਾਂ ਦੂਤਾਂ ਨੂੰ ਕੀਤੀਆਂ ਜਾਂਦੀਆਂ ਹਨ ਉਹ ਸਿਰਫ਼ ਬੇਕਾਰ ਹੀ ਨਹੀਂ ਹਨ ਪਰ ਉਹ ਪਰਮੇਸ਼ੁਰ ਦਾ ਅਪਮਾਨ ਵੀ ਕਰਦੀਆਂ ਹਨ। ਕਿਸੇ ਵੀ ਜੀਵ-ਜੰਤੂ ਦੀ ਪੂਜਾ ਕਰਨੀ, ਭਾਵੇਂ ਉਹ ਕਿੰਨਾ ਵੀ ਮਹਾਨ ਕਿਉਂ ਨਾ ਹੋਵੇ, ਮੂਰਤੀ ਪੂਜਾ ਦੇ ਸਮਾਨ ਹੈ, ਅਤੇ ਪਰਮੇਸ਼ੁਰ ਦੇ ਕਾਨੂੰਨ ਵਿਚ ਇਸ ਨੂੰ ਮਨ੍ਹਾ ਕੀਤਾ ਗਿਆ ਹੈ।”

ਜੇਕਰ ਕਿਸੇ ਬਹੁਤ ਹੀ ਚੰਗੇ ਅਨੁਭਵ ਤੋਂ ਬਾਅਦ ਕੋਈ “ਯਿਸੂ ਦੇ ਨਾਂ ਵਿਚ” ਕਹਿਣ ਤੋਂ ਬਿਨਾਂ “ਯਹੋਵਾਹ ਤੇਰਾ ਧੰਨਵਾਦ” ਕਹੇ, ਤਾਂ ਕੀ ਇਹ ਗ਼ਲਤ ਹੈ? ਇਸ ਦਾ ਗ਼ਲਤ ਹੋਣਾ ਲਾਜ਼ਮੀ ਨਹੀਂ ਹੈ। ਫ਼ਰਜ਼ ਕਰੋ ਕਿ ਕੋਈ ਭੈਣ ਜਾਂ ਭਰਾ ਕਿਸੇ ਖ਼ਤਰੇ ਦੇ ਸਾਮ੍ਹਣੇ ਝੱਟ ਕਹੇ: “ਯਹੋਵਾਹ, ਮੈਨੂੰ ਬਚਾ ਲੈ!” ਤਾਂ ਯਹੋਵਾਹ ਆਪਣੇ ਸੇਵਕ ਦੀ ਦੁਆ ਸੁਣਨ ਤੋਂ ਇਨਕਾਰ ਨਹੀਂ ਕਰੇਗਾ ਸਿਰਫ਼ ਇਸ ਕਰਕੇ ਕਿ ਉਸ ਨੇ “ਯਿਸੂ ਦੇ ਨਾਂ ਵਿਚ” ਨਹੀਂ ਕਿਹਾ।

ਲੇਕਿਨ ਇਕ ਗੱਲ ਨੋਟ ਕੀਤੀ ਜਾਣੀ ਚਾਹੀਦੀ ਹੈ ਕਿ ਪਰਮੇਸ਼ੁਰ ਨਾਲ ਉੱਚੀ ਦੇਣੀ ਗੱਲ ਕਰਨ ਨਾਲ ਉਹ ਗੱਲ ਪ੍ਰਾਰਥਨਾ ਨਹੀਂ ਬਣ ਜਾਂਦੀ। ਮਿਸਾਲ ਵਜੋਂ ਹਾਬਲ ਨੂੰ ਮਾਰਨ ਤੋਂ ਬਾਅਦ ਜਦੋਂ ਯਹੋਵਾਹ ਨੇ ਕਇਨ ਨੂੰ ਸਜ਼ਾ ਦਿੱਤੀ ਤਾਂ ਕਇਨ ਨੇ ਕਿਹਾ: “ਮੇਰਾ ਡੰਡ ਸਹਿਣ ਤੋਂ ਬਾਹਰ ਹੈ। ਵੇਖ ਤੈਂ ਅੱਜ ਮੈਨੂੰ ਏਸ ਜ਼ਮੀਨ ਦੇ ਉੱਤੋਂ ਦੁਰਕਾਰ ਦਿੱਤਾ ਅਰ ਮੈਂ ਤੇਰੇ ਮੂੰਹੋਂ ਲੁਕ ਜਾਵਾਂਗਾ ਅਰ ਮੈਂ ਧਰਤੀ ਉੱਤੇ ਭਗੌੜਾ ਅਰ ਭੌਂਦੂ ਹੋਵਾਂਗਾ ਅਤੇ ਐਉਂ ਹੋਵੇਗਾ ਕਿ ਜੋ ਕੋਈ ਮੈਨੂੰ ਲੱਭੇਗਾ ਉਹ ਮੈਨੂੰ ਵੱਢ ਸੁੱਟੇਗਾ।” (ਉਤਪਤ 4:13, 14) ਭਾਵੇਂ ਕਇਨ ਯਹੋਵਾਹ ਨਾਲ ਗੱਲ ਕਰ ਰਿਹਾ ਸੀ, ਉਹ ਗੁੱਸੇ ਵਿਚ ਬੋਲ ਕੇ ਉਲਾਂਭਾ ਮਾਰ ਰਿਹਾ ਸੀ ਕਿ ਉਸ ਨੂੰ ਪਾਪ ਦੇ ਬੁਰੇ ਨਤੀਜੇ ਭੁਗਤਣੇ ਪੈਣੇ ਸਨ।

ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ “ਪਰਮੇਸ਼ੁਰ ਹੰਕਾਰੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਉੱਤੇ ਕਿਰਪਾ ਕਰਦਾ ਹੈ।” ਸਰਸਰੀ ਅਤੇ ਬੇਅਦਬੀ ਢੰਗ ਵਿਚ ਅੱਤ ਮਹਾਨ ਪਰਮੇਸ਼ੁਰ ਨਾਲ ਇਸ ਤਰੀਕੇ ਵਿਚ ਗੱਲ ਕਰਨੀ ਜਿਵੇਂ ਕਿਤੇ ਉਹ ਕੋਈ ਮਾਮੂਲੀ ਇਨਸਾਨ ਹੈ ਯਕੀਨਨ ਹੰਕਾਰ ਦਿਖਾਉਂਦਾ ਹੈ। (ਯਾਕੂਬ 4:6; ਜ਼ਬੂਰ 47:2; ਪਰਕਾਸ਼ ਦੀ ਪੋਥੀ 14:7) ਜੇ ਅਸੀਂ ਜਾਣਦੇ ਹਾਂ ਕਿ ਬਾਈਬਲ ਵਿਚ ਯਿਸੂ ਦੇ ਰੋਲ ਬਾਰੇ ਕੀ ਲਿਖਿਆ ਹੈ ਪਰ ਅਸੀਂ ਜਾਣ-ਬੁੱਝ ਕੇ ਯਿਸੂ ਮਸੀਹ ਦੀ ਕਦਰ ਕਰਨ ਤੋਂ ਬਗੈਰ ਪ੍ਰਾਰਥਨਾ ਕਰਦੇ ਹਾਂ ਤਾਂ ਇਹ ਵੀ ਨਿਰਾਦਰ ਹੋਵੇਗਾ।—ਲੂਕਾ 1:32, 33.

ਇਸ ਦਾ ਮਤਲਬ ਇਹ ਨਹੀਂ ਹੈ ਕਿ ਯਹੋਵਾਹ ਸਾਡੇ ਤੋਂ ਕੋਈ ਰਟੀ ਹੋਈ ਕਿਸਮ ਦੀ ਪ੍ਰਾਰਥਨਾ ਚਾਹੁੰਦਾ ਹੈ। ਇਨਸਾਨ ਦਾ ਦਿਲ ਸੱਚਾ ਤੇ ਸਾਫ਼ ਹੋਣਾ ਚਾਹੀਦਾ ਹੈ। (1 ਸਮੂਏਲ 16:7) ਪਹਿਲੀ ਸਦੀ ਵਿਚ ਕੁਰਨੇਲਿਯੁਸ ਨਾਂ ਦਾ ਰੋਮੀ ਪਲਟਣ ਦਾ ਸੂਬੇਦਾਰ “ਨਿੱਤ ਪਰਮੇਸ਼ੁਰ ਅੱਗੇ ਬੇਨਤੀ ਕਰਦਾ ਸੀ।” ਬੇਸੁੰਨਤੀ ਅਤੇ ਗ਼ੈਰ-ਯਹੂਦੀ ਕੁਰਨੇਲਿਯੁਸ ਯਹੋਵਾਹ ਨੂੰ ਸਮਰਪਿਤ ਨਹੀਂ ਸੀ। ਭਾਵੇਂ ਇਹ ਸੰਭਵ ਨਹੀਂ ਹੈ ਕਿ ਉਸ ਨੇ ਆਪਣੀਆਂ ਪ੍ਰਾਰਥਨਾਵਾਂ ਯਿਸੂ ਦੇ ਨਾਂ ਵਿਚ ਕੀਤੀਆਂ ਸਨ, ਉਹ ‘ਯਾਦਗੀਰੀ ਦੇ ਲਈ ਪਰਮੇਸ਼ੁਰ ਦੇ ਹਜ਼ੂਰ ਪਹੁੰਚੀਆਂ ਸਨ।’ ਉਹ ਸਵੀਕਾਰ ਕਿਉਂ ਕੀਤੀਆਂ ਗਈਆਂ ਸਨ? ਕਿਉਂਕਿ ‘ਮਨਾਂ ਦੇ ਪਰਖਣ ਵਾਲੇ’ ਨੇ ਦੇਖਿਆ ਕਿ ਕੁਰਨੇਲਿਯੁਸ ‘ਧਰਮੀ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ ਸੀ।’ (ਰਸੂਲਾਂ ਦੇ ਕਰਤੱਬ 10:2, 4; ਕਹਾਉਤਾਂ 17:3) “ਯਿਸੂ ਨਾਸਰੀ” ਬਾਰੇ ਸਿੱਖਣ ਤੋਂ ਬਾਅਦ ਕੁਰਨੇਲਿਯੁਸ ਨੇ ਪਵਿੱਤਰ ਆਤਮਾ ਪ੍ਰਾਪਤ ਕੀਤੀ ਅਤੇ ਬਪਤਿਸਮਾ ਲੈ ਕਿ ਉਹ ਯਿਸੂ ਦਾ ਚੇਲਾ ਬਣ ਗਿਆ।—ਰਸੂਲਾਂ ਦੇ ਕਰਤੱਬ 10:30-48.

ਅਖ਼ੀਰ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਕੋਈ ਇਨਸਾਨ ਫ਼ੈਸਲਾ ਨਹੀਂ ਕਰਦਾ ਕਿ ਪਰਮੇਸ਼ੁਰ ਕਿਹੜੀਆਂ ਪ੍ਰਾਰਥਨਾਵਾਂ ਸੁਣਦਾ ਹੈ ਅਤੇ ਕਿਹੜੀਆਂ ਨਹੀਂ ਸੁਣਦਾ। ਜੇਕਰ ਕਦੇ-ਕਦਾਈਂ ਇਕ ਮਸੀਹੀ “ਯਿਸੂ ਦੇ ਨਾਂ ਵਿਚ” ਵਰਗੇ ਸ਼ਬਦ ਕਹਿਣ ਤੋਂ ਬਿਨਾਂ ਪ੍ਰਾਰਥਨਾ ਕਰੇ ਤਾਂ ਉਸ ਨੂੰ ਦੋਸ਼ੀ ਮਹਿਸੂਸ ਕਰਨ ਦੀ ਜ਼ਰੂਰਤ ਨਹੀਂ ਹੈ। ਯਹੋਵਾਹ ਸਾਡੀਆਂ ਕਮੀਆਂ ਨਾਲ ਚੰਗੀ ਤਰ੍ਹਾਂ ਜਾਣੂ ਹੈ ਅਤੇ ਉਹ ਸਾਡੀ ਮਦਦ ਕਰਨੀ ਚਾਹੁੰਦਾ ਹੈ। (ਜ਼ਬੂਰ 103:12-14) ਤਾਂ ਫਿਰ ਅਸੀਂ ਪੂਰਾ ਯਕੀਨ ਕਰ ਸਕਦੇ ਹਾਂ ਕਿ ਜੇਕਰ ਅਸੀਂ “ਪਰਮੇਸ਼ੁਰ ਦੇ ਪੁੱਤ੍ਰ” ਵਿਚ ਨਿਹਚਾ ਕਰੀਏ, ਤਾਂ “ਜੇ ਅਸੀਂ ਉਹ ਦੀ ਇੱਛਿਆ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ।” (1 ਯੂਹੰਨਾ 5:13, 14) ਖ਼ਾਸ ਕਰਕੇ ਜਦੋਂ ਅਸੀਂ ਹੋਰਨਾਂ ਸਾਮ੍ਹਣੇ ਦੂਸਰਿਆਂ ਲਈ ਪ੍ਰਾਰਥਨਾ ਕਰਦੇ ਹਾਂ ਤਾਂ ਸਾਨੂੰ ਯਹੋਵਾਹ ਦੇ ਮਕਸਦ ਵਿਚ ਯਿਸੂ ਦੀ ਭੂਮਿਕਾ ਦੀ ਕਦਰ ਕਰਨੀ ਚਾਹੀਦੀ ਹੈ ਜੋ ਬਾਈਬਲ ਵਿਚ ਦੱਸੀ ਗਈ ਹੈ। ਯਿਸੂ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰ ਕੇ ਸਾਨੂੰ ਆਗਿਆਕਾਰੀ ਨਾਲ ਯਿਸੂ ਦਾ ਆਦਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।