Skip to content

Skip to table of contents

ਫ਼ਿਲਪੀਨ ਪਹਾੜਾਂ ਵਿਚ ਪਰਮੇਸ਼ੁਰ ਦੀ ਵਡਿਆਈ

ਫ਼ਿਲਪੀਨ ਪਹਾੜਾਂ ਵਿਚ ਪਰਮੇਸ਼ੁਰ ਦੀ ਵਡਿਆਈ

ਫ਼ਿਲਪੀਨ ਪਹਾੜਾਂ ਵਿਚ ਪਰਮੇਸ਼ੁਰ ਦੀ ਵਡਿਆਈ

ਜੇਕਰ ਤੁਸੀਂ ਫ਼ਿਲਪੀਨ ਨੂੰ ਇਕ ਟਾਪੂ ਦੇਸ਼ ਵਜੋਂ ਵਿਚਾਰਦੇ ਹੋ ਤਾਂ ਤੁਹਾਡਾ ਖ਼ਿਆਲ ਸਹੀ ਹੈ। ਪਰ ਇਸ ਦੇਸ਼ ਵਿਚ ਵੱਡੇ-ਵੱਡੇ ਪਹਾੜ ਵੀ ਹਨ। ਯਹੋਵਾਹ ਦੇ ਗਵਾਹਾਂ ਲਈ ਸ਼ਹਿਰਾਂ ਅਤੇ ਨੀਵੇਂ ਇਲਾਕਿਆਂ ਵਿਚ ਪ੍ਰਚਾਰ ਕਰਨਾ ਕਾਫ਼ੀ ਸੌਖਾ ਅਤੇ ਕਾਮਯਾਬ ਰਿਹਾ ਹੈ। ਪਰ ਪਹਾੜੀ ਇਲਾਕਿਆਂ ਵਿਚ ਇਕ ਹੋਰ ਹੀ ਗੱਲ ਹੈ।

ਸ਼ਾਨਦਾਰ ਪਹਾੜਾਂ ਦੇ ਨਾਲ-ਨਾਲ ਉੱਥੇ ਰੇਤ ਵਾਲੀਆਂ ਬੀਚਾਂ, ਸਮੁੰਦਰ ਵਿਚ ਮੂੰਗੇ ਦੇ ਚਟਾਨ, ਮੱਛੀਆਂ ਦਾ ਸ਼ਿਕਾਰ ਕਰਨ ਵਾਲਿਆਂ ਦੇ ਪਿੰਡ, ਅਤੇ ਟਾਪੂ ਦੇ ਮੈਦਾਨੀ ਇਲਾਕਿਆਂ ਵਿਚ ਦੌੜ-ਭੱਜ ਨਾਲ ਭਰੇ ਸ਼ਹਿਰ ਹਨ। ਇਨ੍ਹਾਂ ਪਹਾੜਾਂ ਵਿਚ ਪਰਮੇਸ਼ੁਰ ਦੇ ਰਾਜ ਦੀ “ਖ਼ੁਸ਼ ਖ਼ਬਰੀ” ਦਾ ਪ੍ਰਚਾਰ ਕਰਨਾ ਕਾਫ਼ੀ ਮੁਸ਼ਕਲ ਰਿਹਾ ਹੈ।—ਮੱਤੀ 24:14.

ਫ਼ਿਲਪੀਨ ਦੇਸ਼ 7,100 ਟਾਪੂਆਂ ਦਾ ਸਮੂਹ ਹੈ। ਇਹ ਟਾਪੂ ਦੁਨੀਆਂ ਦੀ ਉਸ ਜਗ੍ਹਾ ਵਿਚ ਹਨ ਜਿੱਥੇ ਬਹੁਤ ਹੀ ਜ਼ਿਆਦਾ ਭੁਚਾਲਾਂ ਅਤੇ ਜੁਆਲਾਮੁਖੀਆਂ ਦਾ ਡਰ ਰਹਿੰਦਾ ਹੈ ਕਿਉਂਕਿ ਜ਼ਮੀਨ ਥੱਲੇ ਹੱਲ-ਚੱਲ ਰਹਿੰਦੀ ਹੈ। ਉੱਥੇ ਦੇ ਵੱਡੇ ਟਾਪੂਆਂ ਉੱਤੇ ਪਹਾੜਾਂ ਦੀਆਂ ਉੱਚੀਆਂ-ਉੱਚੀਆਂ ਟੀਸੀਆਂ ਵਧੀਆਂ ਹਨ। ਇਸ ਕਰਕੇ ਉੱਥੇ ਬਹੁਤ ਸਾਰੇ ਜੁਆਲਾਮੁਖੀ ਪਹਾੜ ਨਜ਼ਰ ਆਉਂਦੇ ਹਨ। ਇਹ ਟਾਪੂ ਸ਼ਾਂਤ ਮਹਾਂਸਾਗਰ ਦੇ ਅੱਗ ਦੇ ਘੇਰੇ ਦੇ ਪੱਛਮ ਵਿਚ ਹਨ। ਅਜਿਹਿਆਂ ਉੱਚਿਆਂ-ਨੀਵਿਆਂ ਇਲਾਕਿਆਂ ਕਰਕੇ ਉੱਥੇ ਦੇ ਪਹਾੜੀ ਲੋਕ ਦੂਸਰਿਆਂ ਲੋਕਾਂ ਤੋਂ ਕਾਫ਼ੀ ਅੱਡਰੇ ਰਹਿੰਦੇ ਹਨ। ਉਨ੍ਹਾਂ ਤਕ ਪਹੁੰਚਣਾ ਮੁਸ਼ਕਲ ਹੈ ਕਿਉਂਕਿ ਮੋਟਰ ਗੱਡੀਆਂ ਚਲਾਉਣ ਲਈ ਇੱਥੇ ਚੰਗੀਆਂ ਸੜਕਾਂ ਨਹੀਂ ਹਨ।

ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਯਹੋਵਾਹ ਦੇ ਗਵਾਹ ਜਾਣਦੇ ਹਨ ਕਿ ਉਨ੍ਹਾਂ ਨੂੰ ‘ਸਾਰੇ ਮਨੁੱਖਾਂ’ ਤਕ ਪਹੁੰਚਣਾ ਚਾਹੀਦਾ ਹੈ। (1 ਤਿਮੋਥਿਉਸ 2:4) ਇਸ ਕਰਕੇ ਫ਼ਿਲਪੀਨ ਵਿਚ ਰਹਿਣ ਵਾਲੇ ਗਵਾਹਾਂ ਨੇ ਯਸਾਯਾਹ 42:11, 12 ਅਨੁਸਾਰ ਚੱਲਣ ਦੀ ਕੋਸ਼ਿਸ਼ ਕੀਤੀ ਹੈ: “ਸਲਾ ਦੇ ਵਾਸੀ ਜੈਕਾਰਾ ਗਜਾਉਣ, ਪਹਾੜਾਂ ਦੀਆਂ ਟੀਸੀਆਂ ਤੋਂ ਓਹ ਲਲਕਾਰਨ। ਓਹ ਯਹੋਵਾਹ ਦੀ ਮਹਿਮਾ ਕਰਨ, ਅਤੇ ਟਾਪੂਆਂ ਵਿੱਚ ਉਹ ਦੀ ਉਸਤਤ ਦਾ ਪਰਚਾਰ ਕਰਨ।”

ਪਹਾੜੀ ਲੋਕਾਂ ਤਕ ਪਹੁੰਚਣ ਦੇ ਵੱਡੇ ਜਤਨ ਅੱਜ ਤੋਂ 50 ਕੁ ਸਾਲ ਪਹਿਲਾਂ ਕੀਤੇ ਗਏ ਸਨ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਿਸ਼ਨਰੀਆਂ ਨੇ ਪ੍ਰਚਾਰ ਦੇ ਕੰਮ ਨੂੰ ਜੋਸ਼ ਨਾਲ ਅੱਗੇ ਵਧਾਇਆ। ਉੱਥੇ ਦੇ ਕਈਆਂ ਵਾਸੀਆਂ ਨੇ ਸੱਚਾਈ ਕਬੂਲ ਕਰਨ ਤੋਂ ਬਾਅਦ ਉਸ ਨੂੰ ਪਹਾੜਾਂ ਵਿਚ ਕਈਆਂ ਪਿੰਡਾਂ ਤਕ ਫੈਲਾਇਆ। ਇਸ ਦੇ ਚੰਗੇ ਨਤੀਜੇ ਨਿਕਲੇ। ਉਦਾਹਰਣ ਵਜੋਂ ਉੱਤਰੀ ਲਿਓਜ਼ੋਨ ਦੀਆਂ ਕੋਰਡਿਲਿਅਰਾ ਸੈਂਟ੍ਰਾਲ ਪਹਾੜਾਂ ਵਿਚ ਖ਼ੁਸ਼ ਖ਼ਬਰੀ ਦੇ 6,000 ਤੋਂ ਜ਼ਿਆਦਾ ਪ੍ਰਚਾਰਕ ਹਨ। ਇਨ੍ਹਾਂ ਜ਼ਿਆਦਾਤਰ ਦੇਸੀ ਲੋਕਾਂ ਵਿਚ ਈਬਾਲੋਇ, ਈਫੁਗਾਓ, ਅਤੇ ਕਾਲਿੰਗਾ ਕਬੀਲਿਆਂ ਦੇ ਲੋਕ ਹਨ।

ਪਰ ਪਹਾੜਾਂ ਵਿਚ ਅਜੇ ਵੀ ਅਜਿਹੇ ਥਾਂ ਹਨ ਜਿੱਥੇ ਪਹੁੰਚਣਾ ਮੁਸ਼ਕਲ ਹੈ। ਯਹੋਵਾਹ ਦੇ ਗਵਾਹ ਉੱਥੇ ਰਹਿਣ ਵਾਲਿਆਂ ਨੂੰ ਭੁੱਲੇ ਨਹੀਂ ਹਨ। ਉਨ੍ਹਾਂ ਤਕ ਕਿਸ ਤਰ੍ਹਾਂ ਪਹੁੰਚਿਆ ਗਿਆ ਹੈ ਅਤੇ ਇਸ ਦੇ ਕੀ ਨਤੀਜੇ ਨਿਕਲੇ ਹਨ?

ਅੰਧਵਿਸ਼ਵਾਸ ਦੇ ਥਾਂ ਸੱਚੀ ਨਿਹਚਾ

ਲਿਓਜ਼ੋਨ ਨਾਂ ਦੇ ਉੱਤਰੀ ਟਾਪੂ ਦੇ ਪਹਾੜੀ ਇਲਾਕੇ ਵਿਚ ਆਬਰਾ ਦੇ ਸੂਬੇ ਵਿਚ ਟਿੰਗੀ ਕਬੀਲੇ ਦੇ ਲੋਕ ਰਹਿੰਦੇ ਹਨ। ਇਹ ਨਾਂ ਪੁਰਾਣੀ ਮਲਾਵੀ ਬੋਲੀ ਦੇ ਟਿੰਗੀ ਸ਼ਬਦ ਤੋਂ ਸ਼ਾਇਦ ਬਣਿਆ ਹੈ ਜਿਸ ਦਾ ਮਤਲਬ ਹੈ “ਪਹਾੜ।” ਇਹ ਨਾਂ ਕਿੰਨਾ ਉਚਿਤ ਹੈ! ਇਹ ਲੋਕ ਆਪਣੇ ਆਪ ਨੂੰ ਅਤੇ ਆਪਣੀ ਬੋਲੀ ਨੂੰ ਇਟਨਗ ਵੀ ਸੱਦਦੇ ਹਨ। ਇਹ ਕਾਬੁੰਯਾਨ ਨਾਂ ਦੇ ਦੇਵਤੇ ਦੀ ਪੂਜਾ ਕਰਦੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਤੇ ਅੰਧਵਿਸ਼ਵਾਸ ਦਾ ਵੱਡਾ ਪ੍ਰਭਾਵ ਹੈ। ਉਦਾਹਰਣ ਵਜੋਂ ਜੇ ਕੋਈ ਘਰੋਂ ਜਾਣ ਤੋਂ ਪਹਿਲਾਂ ਛਿੱਕੇ ਤਾਂ ਇਸ ਨੂੰ ਬੁਰਾ ਸ਼ਗਨ ਸਮਝਿਆ ਜਾਂਦਾ ਹੈ। ਉਸ ਨੂੰ ਬਾਹਰ ਜਾਣ ਤੋਂ ਪਹਿਲਾਂ ਦੋ ਕੁ ਘੰਟੇ ਅੰਦਰ ਰੁਕਣਾ ਪੈਂਦਾ ਹੈ ਤਾਂਕਿ ਕੁਝ ਨੁਕਸਾਨ ਨਾ ਹੋਵੇ।

ਸੰਨ 1572 ਵਿਚ ਸਪੇਨੀ ਲੋਕ ਕੈਥੋਲਿਕ ਮਤ ਲੈ ਕੇ ਉੱਥੇ ਗਏ, ਪਰ ਉਹ ਟਿੰਗੀ ਲੋਕਾਂ ਨੂੰ ਸੱਚੀ ਮਸੀਹੀਅਤ ਸਿਖਾਉਣ ਵਿਚ ਨਾਕਾਮਯਾਬ ਹੋਏ। ਜਿਹੜੇ ਕੈਥੋਲਿਕ ਬਣੇ ਵੀ ਉਨ੍ਹਾਂ ਨੇ ਕਾਬੁੰਯਾਨ ਦੇਵਤੇ ਦੀ ਪੂਜਾ ਨਹੀਂ ਛੱਡੀ ਅਤੇ ਉਹ ਆਪਣੀਆਂ ਰੀਤਾਂ-ਰਵਾਜਾਂ ਅਨੁਸਾਰ ਚੱਲਦੇ ਰਹੇ। ਇਨ੍ਹਾਂ ਲੋਕਾਂ ਨੂੰ ਪਹਿਲੀ ਵਾਰ ਬਾਈਬਲ ਦੀ ਸੱਚਾਈ ਸੁਣਨ ਦਾ ਮੌਕਾ ਉਦੋਂ ਮਿਲਿਆ ਜਦੋਂ 1930 ਦੇ ਦਹਾਕੇ ਵਿਚ ਯਹੋਵਾਹ ਦੇ ਗਵਾਹ ਇਨ੍ਹਾਂ ਪਹਾੜਾਂ ਵਿਚ ਰਾਜ ਦਾ ਸੰਦੇਸ਼ ਲੈ ਕੇ ਆਏ ਸਨ। ਉਸ ਸਮੇਂ ਤੋਂ ਲੈ ਕੇ ਕਈਆਂ ਟਿੰਗੀ ਲੋਕਾਂ ਨੇ “ਪਹਾੜਾਂ ਦੀਆਂ ਟੀਸੀਆਂ ਤੋਂ” ਯਹੋਵਾਹ ਦੀ ਵਡਿਆਈ ਕਰਨੀ ਸ਼ੁਰੂ ਕੀਤੀ ਹੈ।

ਉਦਾਹਰਣ ਵਜੋਂ ਲਿੰਗਬਓਆਨ ਆਪਣੇ ਇਲਾਕੇ ਵਿਚ ਪਹਿਲਾਂ ਇਕ ਮੰਨਿਆ-ਪ੍ਰਮੰਨਿਆ ਮੁਖੀਆ ਹੁੰਦਾ ਸੀ। ਉਹ ਟਿੰਗੀ ਸਭਿਆਚਾਰ ਵਿਚ ਚੰਗੀ ਤਰ੍ਹਾਂ ਰਲਿਆ-ਮਿਲਿਆ ਸੀ। “ਮੈਂ ਵਫ਼ਾਦਾਰੀ ਨਾਲ ਟਿੰਗੀ ਰਿਵਾਜਾਂ ਦੀ ਪੈਰਵੀ ਕਰਦਾ ਹੁੰਦਾ ਸੀ। ਜੇ ਕਿਸੇ ਦੀ ਮੌਤ ਹੋ ਜਾਂਦੀ ਸੀ ਤਾਂ ਅਸੀਂ ਦਫ਼ਨਾਉਣ ਦੀ ਰਸਮ ਪੂਰੀ ਕਰਨ ਲਈ ਨੱਚਦੇ ਅਤੇ ਘੰਟੀਆਂ ਵਜਾਉਂਦੇ ਸਨ। ਅਸੀਂ ਪਸ਼ੂਆਂ ਦੀਆਂ ਬਲੀਆਂ ਵੀ ਚੜ੍ਹਾਉਂਦੇ ਸਨ। ਅਸੀਂ ਕਾਬੁੰਯਾਨ ਦੇਵਤੇ ਦੀ ਪੂਜਾ ਕਰਦੇ ਸਨ ਅਤੇ ਮੈਂ ਬਾਈਬਲ ਦੇ ਪਰਮੇਸ਼ੁਰ ਬਾਰੇ ਕੱਖ ਨਹੀਂ ਜਾਣਦਾ ਸੀ।” ਉਹ ਇਹ ਸਾਰਾ ਕੁਝ ਇਕ ਕੈਥੋਲਿਕ ਹੋਣ ਦੇ ਬਾਵਜੂਦ ਕਰਦਾ ਹੁੰਦਾ ਸੀ।

ਯਹੋਵਾਹ ਦੇ ਗਵਾਹ ਉਸ ਇਲਾਕੇ ਵਿਚ ਪ੍ਰਚਾਰ ਕਰਨ ਗਏ। ਉਹ ਲਿੰਗਬਓਆਨ ਨੂੰ ਮਿਲੇ ਅਤੇ ਉਨ੍ਹਾਂ ਨੇ ਉਸ ਨੂੰ ਬਾਈਬਲ ਪੜ੍ਹਨ ਦੀ ਸਲਾਹ ਦਿੱਤੀ। ਉਹ ਦੱਸਦਾ ਹੈ ਕਿ “ਬਾਈਬਲ ਪੜ੍ਹ ਕੇ ਮੈਨੂੰ ਯਕੀਨ ਹੋਇਆ ਕਿ ਯਹੋਵਾਹ ਸੱਚਾ ਪਰਮੇਸ਼ੁਰ ਹੈ।” ਇਸ ਤੋਂ ਬਾਅਦ ਲਿੰਗਬਓਆਨ ਨੇ ਯਹੋਵਾਹ ਦੇ ਇਕ ਗਵਾਹ ਨਾਲ ਬਾਈਬਲ ਸਟੱਡੀ ਕੀਤੀ ਅਤੇ ਉਸ ਨੇ ਸੱਚੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਆਪਣੇ ਪੁਰਾਣੇ ਤੌਰ-ਤਰੀਕੇ ਅਤੇ ਮੁਖੀਏ ਦੀ ਪਦਵੀ ਵੀ ਛੱਡ ਦਿੱਤੀ। ਇਸ ਗੱਲ ਕਰਕੇ ਉੱਥੇ ਦਾ ਪਾਦਰੀ ਅਤੇ ਲਿੰਗਬਓਆਨ ਦੇ ਪਹਿਲੇ ਯਾਰ-ਮਿੱਤਰ ਬੜੇ ਨਾਰਾਜ਼ ਹੋਏ। ਪਰ ਲਿੰਗਬਓਆਨ ਨੇ ਬਾਈਬਲ ਦੀ ਸੱਚਾਈ ਅਨੁਸਾਰ ਚੱਲਣ ਲਈ ਆਪਣਾ ਮਨ ਬਣਾ ਲਿਆ ਸੀ। ਹੁਣ ਉਹ ਆਪਣੀ ਕਲੀਸਿਯਾ ਵਿਚ ਇਕ ਬਜ਼ੁਰਗ ਵਜੋਂ ਸੇਵਾ ਕਰਦਾ ਹੈ।

ਸੱਤ ਦਿਨ ਅਤੇ ਛੇ ਰਾਤਾਂ

ਭਾਵੇਂ ਆਬਰਾ ਦੇ ਕੁਝ ਇਲਾਕਿਆਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਬਾਕਾਇਦਾ ਕੀਤਾ ਜਾਂਦਾ ਹੈ, ਉੱਥੇ ਦੇ ਹੋਰ ਹਿੱਸੇ ਬਹੁਤ ਹੀ ਦੂਰ-ਦੁਰਾਡੇ ਹਨ ਅਤੇ ਉੱਥੇ ਕਦੇ-ਕਦਾਈਂ ਹੀ ਪ੍ਰਚਾਰ ਕੀਤਾ ਜਾਂਦਾ ਹੈ। ਕੁਝ ਸਮੇਂ ਪਹਿਲਾਂ ਅਜਿਹੇ ਇਕ ਇਲਾਕੇ ਤਕ ਪਹੁੰਚਣ ਦਾ ਜਤਨ ਕੀਤਾ ਗਿਆ ਸੀ। ਆਬਰਾ ਦੇ ਟੀਨੇਗ ਸ਼ਹਿਰ ਦੇ ਇਕ ਇਲਾਕੇ ਵਿਚ 35 ਗਵਾਹ ਪ੍ਰਚਾਰ ਕਰਨ ਗਏ। ਇਸ ਇਲਾਕੇ ਵਿਚ 27 ਸਾਲਾਂ ਤੋਂ ਗਵਾਹੀ ਨਹੀਂ ਦਿੱਤੀ ਗਈ ਸੀ ਕਿਉਂਕਿ ਉੱਥੇ ਪ੍ਰਚਾਰ ਕਰਨ ਦੀ ਜ਼ਿਮੇਵਾਰੀ ਕਿਸੇ ਵੀ ਕਲੀਸਿਯਾ ਨੂੰ ਨਹੀਂ ਸੌਂਪੀ ਗਈ ਸੀ।

ਪ੍ਰਚਾਰ ਕਰਨ ਦੀ ਇਸ ਮੁਹਿੰਮ ਨੂੰ ਪੂਰੀ ਕਰਨ ਲਈ ਪੈਦਲ ਚੱਲ ਕੇ ਸੱਤ ਦਿਨ ਲੱਗੇ ਸਨ। ਰਾਹ ਵਿਚ ਉਨ੍ਹਾਂ ਨੂੰ ਰੱਸੇ ਦੇ ਪੁਲ ਅਤੇ ਡੂੰਘੀਆਂ ਨਦੀਆਂ ਪਾਰ ਕਰਨੀਆਂ ਪਈਆਂ। ਆਪਣਾ ਸਾਰਾ ਸਮਾਨ ਆਪ ਚੁੱਕ ਕੇ ਉਨਾਂ ਨੂੰ ਪਹਾੜੀ ਰਸਤਿਆਂ ਤੇ ਕਈ ਘੰਟਿਆਂ ਲਈ ਤੁਰਨਾ ਪਿਆ। ਉਨ੍ਹਾਂ ਨੇ 6 ਰਾਤਾਂ ਵਿੱਚੋਂ ਚਾਰ ਰਾਤਾਂ ਬਾਹਰ ਪਹਾੜੀ ਹਵਾ ਵਿਚ ਕੱਟੀਆਂ ਸਨ। ਉਨ੍ਹਾਂ ਨੇ ਇਹ ਸਾਰਾ ਕੁਝ ਕਿਉਂ ਕੀਤਾ? ਤਾਂਕਿ ਉਹ ਉਨ੍ਹਾਂ ਲੋਕਾਂ ਨੂੰ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਸਕਣ ਜਿਨ੍ਹਾਂ ਨੂੰ ਪਹਿਲਾਂ ਸੁਣਨ ਦਾ ਮੌਕਾ ਨਹੀਂ ਮਿਲਿਆ!

ਭਾਵੇਂ ਕਿ ਇਸ ਮੁਹਿੰਮ ਤੇ ਜਾਣ ਵਾਲੇ ਹਿੰਮਤੀ ਗਵਾਹ ਖਾਣ-ਪੀਣ ਲਈ ਕਾਫ਼ੀ ਕੁਝ ਨਾਲ ਲੈ ਕੇ ਗਏ ਸਨ, ਉਹ ਪੂਰੇ ਸਮੇਂ ਜੋਗਾ ਨਹੀਂ ਚੁੱਕ ਸਕੇ ਸਨ। ਪਰ ਇਸ ਨੇ ਉਨ੍ਹਾਂ ਲਈ ਕੋਈ ਔਕੜ ਨਹੀਂ ਖੜ੍ਹੀ ਕੀਤੀ ਕਿਉਂਕਿ ਲੋਕ ਬਾਈਬਲ ਬਾਰੇ ਪੁਸਤਕਾਂ ਦੇ ਵੱਟੇ ਉਨ੍ਹਾਂ ਨੂੰ ਖਾਣਾ ਦੇਣ ਲਈ ਤਿਆਰ ਸਨ। ਗਵਾਹਾਂ ਨੂੰ ਮੱਛੀ, ਹਿਰਨ ਦਾ ਮਾਸ, ਅਤੇ ਖੇਤਾਂ ਤੇ ਫਾਰਮਾਂ ਤੋਂ ਕਾਫ਼ੀ ਕੁਝ ਮਿਲਿਆ। ਭਾਵੇਂ ਉਨ੍ਹਾਂ ਨੂੰ ਕਾਫ਼ੀ ਖੇਚਲ ਜਰਨੀ ਪਈ, ਉਨ੍ਹਾਂ ਨੇ ਕਿਹਾ: “ਇਹ ਕੰਮ ਕਰ ਕੇ ਜੋ ਤੰਗੀਆਂ ਅਸੀਂ ਸਹੀਆਂ ਉਨ੍ਹਾਂ ਤੋਂ ਸਾਨੂੰ ਕਿਤੇ ਵੱਧ ਖ਼ੁਸ਼ੀ ਮਿਲੀ ਹੈ।”

ਸੱਤਾਂ ਦਿਨਾਂ ਦੌਰਾਨ ਇਨ੍ਹਾਂ ਗਵਾਹਾਂ ਨੇ ਦਸਾਂ ਪਿੰਡਾਂ ਵਿਚ ਪ੍ਰਚਾਰ ਕੀਤਾ ਅਤੇ 60 ਕਿਤਾਬਾਂ, 186 ਰਸਾਲੇ, 50 ਬ੍ਰੋਸ਼ਰ, ਅਤੇ ਕਈ ਟ੍ਰੈਕਟ ਵੰਡੇ ਸਨ। ਉਨ੍ਹਾਂ ਨੇ ਲੋਕਾਂ ਦੇ 74 ਸਮੂਹਾਂ ਨੂੰ ਦਿਖਾਇਆ ਸੀ ਕਿ ਬਾਈਬਲ ਸਟੱਡੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਟੀਨੇਗ ਸ਼ਹਿਰ ਦੇ ਅਧਿਕਾਰੀਆਂ ਅਤੇ ਹੋਰ ਉੱਘੇ ਵਾਸੀਆਂ ਨੇ ਕਲੀਸਿਯਾ ਦੀ ਮੀਟਿੰਗ ਲਗਾਉਣ ਦੀ ਮੰਗ ਕੀਤੀ ਅਤੇ ਉਸ ਮੀਟਿੰਗ ਵਿਚ 78 ਲੋਕ ਆਏ। ਹਾਜ਼ਰੀਨ ਵਿੱਚੋਂ ਜ਼ਿਆਦਾਤਰ ਲੋਕ ਅਧਿਆਪਕ ਅਤੇ ਪੁਲਸੀਏ ਸਨ। ਉਮੀਦ ਹੈ ਕਿ ਕਈ ਹੋਰ ਟਿੰਗੀ ਲੋਕ ਅਜੇ ਉਨ੍ਹਾਂ ਨਾਲ ਆ ਮਿਲਣਗੇ ਜੋ ਪਹਾੜਾਂ ਤੋਂ ਯਹੋਵਾਹ ਦੀ ਵਡਿਆਈ ਕਰਦੇ ਅਤੇ ‘ਜੈਕਾਰਾ ਗਜਾਉਂਦੇ’ ਹਨ।

ਸੋਨੇ ਨਾਲੋਂ ਵਧੀਆ

ਫ਼ਿਲਪੀਨ ਦੇ ਦੱਖਣ ਵੱਲ ਕੁਝ ਟਾਪੂ ਹਨ ਜਿੱਥੇ ਸਪੇਨੀ ਲੋਕਾਂ ਨੂੰ ਸੋਨਾ ਲੱਭਿਆ ਸੀ। ਇਸ ਕਰਕੇ ਇਨ੍ਹਾਂ ਦਾ ਨਾਂ ਮਿੰਡੋਰੋ ਰੱਖਿਆ ਗਿਆ। ਇਹ ਨਾਂ ਸਪੇਨੀ ਮਿਨਾ ਡੀ ਓਰੋ ਸ਼ਬਦਾਂ ਤੋਂ ਬਣਿਆ ਹੋਇਆ ਹੈ ਜਿਸ ਦਾ ਮਤਲਬ ਹੈ ਸੋਨੇ ਦਾ ਖ਼ਜ਼ਾਨਾ। ਲੇਕਿਨ ਹੁਣ ਇਨ੍ਹਾਂ ਟਾਪੂਆਂ ਉੱਤੇ ਸੋਨੇ ਨਾਲੋਂ ਕੁਝ ਵਧੀਆ ਲੱਭਿਆ ਜਾ ਰਿਹਾ ਹੈ, ਯਾਨੀ ਅਜਿਹੇ ਲੋਕ ਜੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ।

ਮਿੰਡੋਰੋ ਦੇ ਅੰਦਰਲੇ ਜੰਗਲ ਵਿਚ ਕੁਝ 1,25,000 ਦੇਸੀ ਲੋਕ ਰਹਿੰਦੇ ਹਨ ਜਿਨ੍ਹਾਂ ਨੂੰ ਮਾਨੰਗਯਾਨ ਸੱਦਿਆ ਜਾਂਦਾ ਹੈ। ਇਹ ਲੋਕ ਸਾਦੀ ਜਿਹੀ ਜ਼ਿੰਦਗੀ ਗੁਜ਼ਾਰਦੇ ਹਨ। ਇਨ੍ਹਾਂ ਦੀ ਆਪਣੀ ਹੀ ਬੋਲੀ ਹੈ ਅਤੇ ਇਹ ਦੂਸਰਿਆਂ ਨਾਲ ਬਹੁਤਾ ਮਿਲਦੇ-ਜੁਲਦੇ ਨਹੀਂ ਹਨ। ਇਹ ਲੋਕ ਕਈਆਂ ਦੇਵੀ-ਦੇਵਤਿਆਂ ਅਤੇ ਨਿਰਜੀਵਾਂ ਨੂੰ ਆਤਮਾਧਾਰੀ ਜਾਣ ਕੇ ਪੂਜਦੇ ਹਨ, ਅਤੇ ਇਹ ਭੂਤ-ਪ੍ਰੇਤਾਂ ਵਿਚ ਵੀ ਵਿਸ਼ਵਾਸ ਕਰਦੇ ਹਨ।

ਕਦੀ-ਕਦੀ ਜੇਕਰ ਕਿਸੇ ਮਾਨੰਗਯਾਨ ਨੂੰ ਰੋਜ਼ੀ-ਰੋਟੀ ਕਮਾਉਣ ਦੀ ਜ਼ਰੂਰਤ ਪਵੇ ਤਾਂ ਉਹ ਜੰਗਲ ਛੱਡ ਕੇ ਸਮੁੰਦਰ ਲਾਗੇ ਕੰਮ ਲੱਭਣ ਚਲਾ ਜਾਂਦਾ ਹੈ। ਪਾਈਲਿੰਗ ਨਾਂ ਦੇ ਆਦਮੀ ਨਾਲ ਇਸ ਤਰ੍ਹਾਂ ਹੀ ਹੋਇਆ। ਉਹ ਮਾਨੰਗਯਾਨੀਆਂ ਵਿੱਚੋਂ ਬਟੋਂਗੋਨ ਸਮੂਹ ਦਾ ਹੈ ਜਿਸ ਦੇ ਲੋਕ ਆਮ ਤੌਰ ਤੇ ਧੋਤੀਆਂ ਬੰਨ੍ਹਦੇ ਹਨ। ਉਹ ਆਪਣੇ ਲੋਕਾਂ ਨਾਲ ਪਹਾੜੀ ਜੰਗਲਾਂ ਵਿਚ ਜੰਮਿਆ-ਪਲਿਆ ਸੀ, ਅਤੇ ਬਟੋਂਗੋਨ ਰੀਤਾਂ-ਰਿਵਾਜਾਂ ਅਨੁਸਾਰ ਚੱਲਦਾ ਸੀ। ਚੰਗੀ ਫ਼ਸਲ ਲੱਗਣ ਲਈ ਬਟੋਂਗੋਨ ਰੀਤ ਮੁਤਾਬਕ ਪੁਜਾਰੀ ਕੁੱਕੜ ਕੱਟਦੇ ਹਨ ਅਤੇ ਪ੍ਰਾਰਥਨਾ ਕਰਦੇ ਹੋਏ ਉਸ ਦਾ ਲਹੂ ਪਾਣੀ ਵਿਚ ਟਪਕਣ ਦਿੰਦੇ ਹਨ।

ਪਾਈਲਿੰਗ ਹੁਣ ਇਨ੍ਹਾਂ ਰੀਤਾਂ-ਰਿਵਾਜਾਂ ਅਨੁਸਾਰ ਨਹੀਂ ਚੱਲਦਾ। ਪਰ ਕਿਉਂ ਨਹੀਂ? ਜਦ ਉਹ ਨੀਵੇਂ ਇਲਾਕੇ ਕੰਮ ਲੱਭਣ ਉਤਰਿਆ ਸੀ ਤਾਂ ਉਸ ਨੇ ਯਹੋਵਾਹ ਦੇ ਗਵਾਹਾਂ ਦੇ ਪਰਿਵਾਰਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ। ਗਵਾਹਾਂ ਦੇ ਇਕ ਪਰਿਵਾਰ ਨੇ ਇਸ ਨੂੰ ਚੰਗਾ ਮੌਕਾ ਸਮਝ ਕੇ ਪਾਈਲਿੰਗ ਨਾਲ ਬਾਈਬਲ ਦੀ ਸੱਚਾਈ ਬਾਰੇ ਗੱਲ ਸ਼ੁਰੂ ਕਰ ਦਿੱਤੀ। ਉਸ ਨੇ ਧਰਤੀ ਅਤੇ ਇਨਸਾਨਾਂ ਦੇ ਸੰਬੰਧ ਵਿਚ ਯਹੋਵਾਹ ਦੇ ਮਕਸਦ ਬਾਰੇ ਜੋ ਸੁਣਿਆ ਉਸ ਨੂੰ ਚੰਗਾ ਲੱਗਿਆ। ਉਨ੍ਹਾਂ ਨੇ ਪਾਈਲਿੰਗ ਲਈ ਛੋਟੇ ਸਕੂਲ ਜਾਣ ਦਾ ਇੰਤਜ਼ਾਮ ਕਰਨ ਦੇ ਨਾਲ-ਨਾਲ ਉਸ ਨਾਲ ਬਾਈਬਲ ਸਟੱਡੀ ਵੀ ਸ਼ੁਰੂ ਕੀਤੀ। ਪਾਈਲਿੰਗ ਨੇ 24 ਸਾਲਾਂ ਦੀ ਉਮਰ ਤੇ ਯਹੋਵਾਹ ਦੇ ਗਵਾਹ ਵਜੋਂ ਬਪਤਿਸਮਾ ਲਿਆ। ਤੀਹਾਂ ਸਾਲਾਂ ਦੀ ਉਮਰ ਤੇ ਉਹ ਵੱਡੇ ਸਕੂਲ ਦੀ ਦੂਜੀ ਜਮਾਤ ਵਿਚ ਪੜ੍ਹਦਾ ਸੀ ਅਤੇ ਉਸ ਨੇ ਸਕੂਲ ਨੂੰ ਆਪਣਾ ਪ੍ਰਚਾਰ ਕਰਨ ਦਾ ਖੇਤਰ ਬਣਾਇਆ। ਹੁਣ ਲੋਕ ਉਸ ਨੂੰ ਰੋਲਾਂਡੋ ਸੱਦਦੇ ਹਨ ਜੋ ਕਿ ਨੀਵੇਂ ਇਲਾਕੇ ਵਿਚ ਆਮ ਨਾਂ ਹੈ।

ਜੇ ਅੱਜ-ਕੱਲ੍ਹ ਤੁਸੀਂ ਰੋਲਾਂਡੋ ਨੂੰ ਮਿਲੋ ਤਾਂ ਤੁਹਾਨੂੰ ਇਕ ਪਾਈਨੀਅਰ ਮਿਲੇਗਾ ਜਿਸ ਨੇ ਸੂਟ-ਬੂਟ ਪਾਏ ਹੋਏ ਹਨ ਅਤੇ ਜੋ ਮਿੰਡੋਰੋ ਦੀ ਇਕ ਕਲੀਸਿਯਾ ਵਿਚ ਸਹਾਇਕ ਸੇਵਕ ਵਜੋਂ ਸੇਵਾ ਕਰਦਾ ਹੈ। ਹਾਲ ਹੀ ਦੇ ਸਮੇਂ ਵਿਚ ਰੋਲਾਂਡੋ ਪਹਾੜਾਂ ਨੂੰ ਵਾਪਸ ਗਿਆ। ਕੀ ਉਹ ਉੱਥੇ ਇਸ ਲਈ ਗਿਆ ਸੀ ਕਿ ਉਹ ਬਟੋਂਗੋਨ ਰੀਤਾਂ-ਰਿਵਾਜਾਂ ਵਿਚ ਹਿੱਸਾ ਲੈ ਸਕੇ? ਨਹੀਂ, ਉਹ ਉੱਥੇ ਲੋਕਾਂ ਨੂੰ ਬਾਈਬਲ ਤੋਂ ਸੱਚਾਈ ਦੱਸਣ ਗਿਆ ਸੀ ਜੋ ਉਨ੍ਹਾਂ ਨੂੰ ਜੀਵਨ ਬਖ਼ਸ਼ ਸਕਦੀ ਹੈ।

ਕਿੰਗਡਮ ਹਾਲ ਲਈ ਬੇਤਾਬ

ਬੁਕਿਡਨੋਨ ਦਾ ਸੂਬਾ ਮਿੰਡਾਨੋ ਟਾਪੂ ਦੇ ਦੱਖਣ ਵਿਚ ਹੈ। ਸੇਬੁਆਨੋ ਬੋਲੀ ਵਿਚ ਇਸ ਸੂਬੇ ਦੇ ਨਾਂ ਦਾ ਮਤਲਬ “ਪਹਾੜਾਂ ਦੇ ਲੋਕ” ਹੈ। ਇਸ ਇਲਾਕੇ ਵਿਚ ਪਹਾੜਾਂ, ਵਾਦੀਆਂ, ਘਾਟੀਆਂ, ਨਦੀਆਂ, ਅਤੇ ਪਧਰੇ ਥਾਂ ਵੀ ਹਨ। ਇੱਥੇ ਦੇ ਹਰੇ-ਭਰੇ ਖੇਤਾਂ ਵਿਚ ਅਨਾਨਾਸ, ਮੱਕੀ, ਕਾਫ਼ੀ, ਚਾਵਲ, ਅਤੇ ਕੇਲੇ ਲੱਗਦੇ ਹਨ। ਇੱਥੇ ਟਾਲਾਂਡਿਗ ਅਤੇ ਹਿਗਾਓਨੋਨ ਨਾਂ ਦੇ ਪਹਾੜੀ ਕਬੀਲੇ ਰਹਿੰਦੇ ਹਨ। ਇਨ੍ਹਾਂ ਲੋਕਾਂ ਨੂੰ ਵੀ ਯਹੋਵਾਹ ਬਾਰੇ ਸਿੱਖਣ ਦੀ ਜ਼ਰੂਰਤ ਹੈ। ਹਾਲ ਹੀ ਦੇ ਸਮੇਂ ਵਿਚ ਟਾਲਾਕਾਗ ਸ਼ਹਿਰ ਦੇ ਲਾਗੇ ਇਕ ਅਜੀਬ ਤਰੀਕੇ ਵਿਚ ਯਹੋਵਾਹ ਬਾਰੇ ਸਿੱਖਿਆ ਦੇਣ ਦਾ ਮੌਕਾ ਮਿਲਿਆ।

ਠੰਢੇ ਮੌਸਮ ਵਿਚ ਪਹਾੜਾਂ ਵਿਚ ਜਾਣ ਵਾਲੇ ਗਵਾਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਉੱਥੇ ਦੇ ਵਾਸੀ ਸਰਬਸ਼ਕਤੀਮਾਨ ਪਿਤਾ ਪਰਮੇਸ਼ੁਰ ਵਿਚ ਵਿਸ਼ਵਾਸ ਤਾਂ ਕਰਦੇ ਸਨ, ਪਰ ਉਹ ਉਸ ਦਾ ਨਾਂ ਨਹੀਂ ਜਾਣਦੇ ਸਨ। ਉਹ ਤਕਰੀਬਨ ਆਪਣਾ ਪੂਰਾ ਸਮਾਂ ਜੰਗਲ ਵਿਚ ਗੁਜ਼ਾਰਦੇ ਸਨ ਅਤੇ ਇਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਦਾ ਇਹ ਉਨ੍ਹਾਂ ਦਾ ਪਹਿਲਾਂ ਮੌਕਾ ਸੀ। ਉਨ੍ਹਾਂ ਨੂੰ ਪਰਮੇਸ਼ੁਰ ਦਾ ਨਾਂ ਅਤੇ ਉਸ ਦੇ ਰਾਜ ਦੇ ਸੰਬੰਧ ਵਿਚ ਉਸ ਦਾ ਮਕਸਦ ਦੱਸਿਆ ਗਿਆ। ਇਹ ਗੱਲਾਂ ਸੁਣ ਕੇ ਲੋਕ ਬਹੁਤ ਹੀ ਖ਼ੁਸ਼ ਹੋਏ। ਇਸ ਕਰਕੇ ਫ਼ੈਸਲਾ ਕੀਤਾ ਗਿਆ ਕਿ ਇਸ ਪਿੰਡ ਵਿਚ ਇਨ੍ਹਾਂ ਲੋਕਾਂ ਨਾਲ ਦੁਬਾਰਾ ਮੁਲਾਕਾਤਾਂ ਕੀਤੀਆਂ ਜਾਣ।

ਯਹੋਵਾਹ ਦੇ ਗਵਾਹਾਂ ਨਾਲ ਕਈ ਵਾਰ ਮਿਲਣ ਤੋਂ ਬਾਅਦ ਪਿੰਡ ਦਿਆਂ ਲੋਕਾਂ ਨੇ ਉਨ੍ਹਾਂ ਨੂੰ “ਘਰ” ਬਣਾਉਣ ਲਈ ਜ਼ਮੀਨ ਦਿੱਤੀ। ਗਵਾਹਾਂ ਨੇ ਬੜੀ ਖ਼ੁਸ਼ੀ ਨਾਲ ਜ਼ਮੀਨ ਕਬੂਲ ਕਰ ਲਈ। ਇਹ ਜ਼ਮੀਨ ਸਭ ਤੋਂ ਉੱਚੀ ਪਹਾੜੀ ਤੇ ਸੀ ਅਤੇ ਇਸ ਤੋਂ ਸੜਕ ਨਜ਼ਰ ਆਉਂਦੀ ਸੀ। ਇਹ “ਘਰ” ਲੱਕੜ, ਬਾਂਸ, ਅਤੇ ਪਾਮ ਦਰਖ਼ਤ ਦੇ ਪੱਤਿਆਂ ਨਾਲ ਬਣਾਇਆ ਗਿਆ ਸੀ। ਇਸ ਨੂੰ ਪੂਰਾ ਕਰਨ ਵਾਸਤੇ ਤਿੰਨ ਮਹੀਨੇ ਅਤੇ ਦਸ ਦਿਨ ਲੱਗੇ ਸਨ। ਇਸ ਦੇ ਸਾਮ੍ਹਣੇ ਸਾਈਨ-ਬੋਰਡ ਉੱਤੇ ਸਾਫ਼-ਸਾਫ਼ ਲਿਖਿਆ ਸੀ: “ਯਹੋਵਾਹ ਦੇ ਗਵਾਹਾਂ ਦਾ ਕਿੰਗਡਮ ਹਾਲ।” ਕਿੰਨੀ ਅਜੀਬ ਗੱਲ ਹੈ ਕਿ ਕਲੀਸਿਯਾ ਬਣਨ ਤੋਂ ਪਹਿਲਾਂ ਇਕ ਕਿੰਗਡਮ ਹਾਲ ਬਣਾਇਆ ਗਿਆ!

ਹੁਣ ਇਕ ਸਹਾਇਕ ਸੇਵਕ ਅਤੇ ਕਲੀਸਿਯਾ ਦਾ ਇਕ ਬਜ਼ੁਰਗ, ਜੋ ਪਾਇਨੀਅਰ ਵੀ ਹੈ, ਉੱਥੇ ਰਹਿਣ ਗਏ ਹਨ। ਉਨ੍ਹਾਂ ਦੋਹਾਂ ਭਰਾਵਾਂ ਨੇ ਲਾਗੇ ਦੇ ਇਲਾਕੇ ਦੇ ਗਵਾਹਾਂ ਨਾਲ ਪ੍ਰਚਾਰ ਦਾ ਕੰਮ ਕੀਤਾ ਤਾਂਕਿ ਉੱਥੇ ਇਕ ਕਲੀਸਿਯਾ ਸਥਾਪਿਤ ਕੀਤੀ ਜਾ ਸਕੇ। ਅਗਸਤ 1998 ਵਿਚ ਇਹ ਕਲੀਸਿਯਾ ਇਕ ਅਸਲੀਅਤ ਬਣੀ। ਉਸ ਕਿੰਗਡਮ ਹਾਲ ਵਿਚ ਹੁਣ ਇਕ ਛੋਟੀ ਜਿਹੀ ਕਲੀਸਿਯਾ ਪਹਾੜੀ ਲੋਕਾਂ ਦੀ ਮਦਦ ਕਰ ਰਹੀ ਹੈ ਤਾਂਕਿ ਉਹ ਬਾਈਬਲ ਦੀ ਸੱਚਾਈ ਸਿੱਖ ਸਕਣ।

ਯਹੋਵਾਹ ਨੇ ਫ਼ਿਲਪੀਨ ਵਿਚ ਆਪਣੇ ਸੇਵਕਾਂ ਨੂੰ ਬੜੇ ਜ਼ੋਰਦਾਰ ਤਰੀਕੇ ਵਿਚ ਵਰਤਿਆ ਹੈ ਤਾਂਕਿ ਉਹ ਪਹਾੜੀ ਲੋਕਾਂ ਤਕ ਸੱਚਾਈ ਫੈਲਾ ਸਕਣ ਭਾਵੇਂ ਪਹਾੜਾਂ ਤਕ ਪਹੁੰਚਣਾ ਮੁਸ਼ਕਲ ਰਿਹਾ ਹੈ। ਸਾਨੂੰ ਯਸਾਯਾਹ 52:7 ਦੀ ਗੱਲ ਯਾਦ ਆਉਂਦੀ ਹੈ, ਜਿੱਥੇ ਲਿਖਿਆ ਹੈ: “ਜਿਹੜਾ ਖੁਸ਼ ਖਬਰੀ ਲੈ ਆਉਂਦਾ ਹੈ, ਉਹ ਦੇ ਪੈਰ ਪਹਾੜਾਂ ਉੱਤੇ ਕਿੰਨੇ ਫੱਬਦੇ ਹਨ!”

[ਸਫ਼ੇ 11 ਉੱਤੇ ਨਕਸ਼ੇ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਆਬਰਾ

ਮਿੰਡੋਰੋ

ਬੁਕਿਡਨੋਨ

[ਕ੍ਰੈਡਿਟ ਲਾਈਨ]

Globe: Mountain High Maps® Copyright © 1997 Digital Wisdom, Inc.

[ਸਫ਼ੇ 10 ਉੱਤੇ ਤਸਵੀਰਾਂ]

ਪਹਾੜਾਂ ਉੱਤੇ ਪ੍ਰਚਾਰ ਕਰਨ ਲਈ ਕਈ ਘੰਟੇ ਉੱਚਿਆਂ-ਨੀਵਿਆਂ ਥਾਵਾਂ ਤੇ ਤੁਰਨਾ ਪੈਂਦਾ ਹੈ

[ਸਫ਼ੇ 10 ਉੱਤੇ ਤਸਵੀਰ]

ਪਹਾੜੀ ਨਹਿਰ ਵਿਚ ਬਪਤਿਸਮਾ