ਹਮਦਰਦ ਬਣੋ
ਹਮਦਰਦ ਬਣੋ
ਹੈਲਨ ਕੈਲਰ ਨੇ ਲਿਖਿਆ ਕਿ “ਜਿੰਨੀ ਦੇਰ ਤੁਸੀਂ ਕਿਸੇ ਦਾ ਦੁੱਖ ਅਤੇ ਦਰਦ ਦੂਰ ਕਰ ਸਕਦੇ ਹੋ, ਤਾਂ ਜ਼ਿੰਦਗੀ ਜੀਉਣ ਦਾ ਫ਼ਾਇਦਾ ਹੈ।” ਉਹ ਦੁੱਖ-ਦਰਦ ਦਾ ਮਤਲਬ ਜਾਣਦੀ ਸੀ। ਜਦ ਉਹ ਸਿਰਫ਼ 19 ਮਹੀਨਿਆਂ ਦੀ ਸੀ ਤਾਂ ਬੀਮਾਰ ਹੋਣ ਕਰਕੇ ਉਹ ਅੰਨ੍ਹੀ ਅਤੇ ਬੋਲ਼ੀ ਹੋ ਗਈ। ਪਰ ਉਸ ਦੀ ਅਧਿਆਪਕਾ, ਐਨ ਸਲਿੱਵਨ, ਨੇ ਉਸ ਉੱਤੇ ਤਰਸ ਖਾ ਕੇ ਉਸ ਨੂੰ ਬ੍ਰੇਲ, ਯਾਨੀ ਅੰਨ੍ਹਿਆਂ ਲਈ ਉਭਰੇ ਅੱਖਰਾਂ ਦੀ ਛਪਾਈ, ਲਿਖਣੀ ਅਤੇ ਪੜ੍ਹਨੀ ਸਿਖਾਈ ਅਤੇ ਬਾਅਦ ਵਿਚ ਉਸ ਨੂੰ ਬੋਲਣਾ ਸਿਖਾਇਆ।
ਸ਼੍ਰੀਮਤੀ ਸਲਿੱਵਨ ਰੋਗਾਂ ਦੀਆਂ ਮਜਬੂਰੀਆਂ ਬਾਰੇ ਖ਼ੁਦ ਚੰਗੀ ਤਰ੍ਹਾਂ ਜਾਣਦੀ ਸੀ ਕਿਉਂਕਿ ਉਸ ਦੀ ਨਜ਼ਰ ਵੀ ਬਹੁਤ ਕਮਜ਼ੋਰ ਸੀ। ਪਰ ਐਨ ਨੇ ਧੀਰਜ ਨਾਲ ਹੈਲਨ ਦੇ ਹੱਥ ਤੇ ਹਰ ਅੱਖਰ ਲਿਖ-ਲਿਖ ਕੇ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ ਹਮਦਰਦ ਅਧਿਆਪਕਾ ਦੀ ਨਕਲ ਕਰ ਕੇ ਹੈਲਨ ਨੇ ਆਪਣੀ ਪੂਰੀ ਜ਼ਿੰਦਗੀ ਅੰਨ੍ਹਿਆਂ ਅਤੇ ਬੋਲ਼ਿਆਂ ਦੀ ਮਦਦ ਕਰ ਕੇ ਗੁਜ਼ਾਰਨ ਦਾ ਫ਼ੈਸਲਾ ਕੀਤਾ। ਬੜੀ ਮੁਸ਼ਕਲ ਨਾਲ ਆਪਣੀਆਂ ਕਮਜ਼ੋਰੀਆਂ ਉੱਤੇ ਕਾਬੂ ਪਾਉਣ ਕਰਕੇ ਹੈਲਨ ਨੇ ਆਪਣੇ ਵਰਗੇ ਦੂਸਰੇ ਲੋਕਾਂ ਉੱਤੇ ਤਰਸ ਖਾਧਾ ਅਤੇ ਉਨ੍ਹਾਂ ਦੀ ਮਦਦ ਕਰਨੀ ਚਾਹੀ।
ਤੁਸੀਂ ਸ਼ਾਇਦ ਦੇਖਿਆ ਹੋਵੇਗਾ ਕਿ ਇਸ ਸੰਸਾਰ ਵਿਚ, ਜਿੱਥੇ ਹਰ ਕਿਸੇ ਨੂੰ ਆਪਣੀ ਹੀ ਪਈ ਰਹਿੰਦੀ ਹੈ, ਕਿਸੇ ਦੂਸਰੇ ਦੀ ਮਦਦ ਕਰਨੀ ਅਤੇ ‘ਉਸ ਉੱਤੇ ਤਰਸ ਖਾਣਾ’ ਔਖਾ ਹੁੰਦਾ ਹੈ। (1 ਯੂਹੰਨਾ 3:17) ਪਰ ਮਸੀਹੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਹ ਆਪਣੇ ਗੁਆਂਢੀ ਨੂੰ ਪਿਆਰ ਕਰਨ ਅਤੇ ਇਕ ਦੂਜੇ ਨਾਲ ਗੂੜ੍ਹਾ ਪ੍ਰੇਮ ਰੱਖਣ। (ਮੱਤੀ 22:39; 1 ਪਤਰਸ 4:8) ਪਰ ਅਸੀਂ ਸਾਰੇ ਜਾਣਦੇ ਹਾਂ ਕਿ ਭਾਵੇਂ ਅਸੀਂ ਇਕ ਦੂਜੇ ਨਾਲ ਪਿਆਰ ਕਰਨਾ ਚਾਹੁੰਦੇ ਹਾਂ, ਅਸੀਂ ਅਕਸਰ ਦੂਸਰਿਆਂ ਦੀ ਤਕਲੀਫ਼ ਦੂਰ ਕਰਨ ਦੇ ਮੌਕੇ ਹੱਥੋਂ ਜਾਣ ਦਿੰਦੇ ਹਾਂ। ਇਸ ਤਰ੍ਹਾਂ ਕਿਉਂ ਹੁੰਦਾ ਹੈ? ਕਿਉਂਕਿ ਕਈ ਵਾਰ ਅਸੀਂ ਉਨ੍ਹਾਂ ਦੀ ਤਕਲੀਫ਼ ਬਾਰੇ ਜਾਣਦੇ ਵੀ ਨਹੀਂ ਹਾਂ। ਪਰ ਅਸੀਂ ਹਮਦਰਦ ਬਣ ਕੇ ਦੂਸਰਿਆਂ ਉੱਤੇ ਤਰਸ ਖਾਣਾ ਸਿੱਖ ਸਕਦੇ ਹਾਂ।
ਹਮਦਰਦੀ ਕੀ ਹੈ?
ਹਮਦਰਦੀ ਨੂੰ ਪਿਆਰ ਦੀ ਪਹਿਲੀ ਪੌੜੀ ਕਿਹਾ ਗਿਆ ਹੈ। ਇਕ ਸ਼ਬਦ ਕੋਸ਼ ਦੇ ਅਨੁਸਾਰ ਦੂਸਰੇ ਦੇ ਦੁੱਖ ਨੂੰ ਅਨੁਭਵ ਕਰਨ ਨੂੰ ਵੀ ਹਮਦਰਦੀ ਕਿਹਾ ਜਾਂਦਾ ਹੈ। ਇਸ ਕਰਕੇ ਹਮਦਰਦ ਬਣਨ ਲਈ ਸਭ ਤੋਂ ਪਹਿਲੀ ਮੰਗ ਹੈ ਕਿ ਅਸੀਂ ਦੂਸਰੇ ਦੀ ਹਾਲਤ ਨੂੰ ਸਮਝੀਏ। ਦੂਸਰੀ ਮੰਗ ਹੈ ਕਿ ਅਸੀਂ ਸਮਝੀਏ ਕਿ ਇਸ ਹਾਲਤ ਕਰਕੇ ਉਸ ਉੱਤੇ ਕੀ ਬੀਤ ਰਿਹਾ ਹੈ। ਸੋ ਹਮਦਰਦੀ ਦਾ ਮਤਲਬ ਹੋਇਆ ਕਿ ਅਸੀਂ ਦੂਸਰੇ ਦਾ ਦਰਦ ਆਪਣੇ ਦਿਲ ਵਿਚ ਮਹਿਸੂਸ ਕਰੀਏ।
ਬਾਈਬਲ ਵਿਚ ਹਮਦਰਦੀ ਦੀ ਗੱਲ ਵੱਖਰਿਆਂ-ਵੱਖਰਿਆਂ ਤਰੀਕਿਆਂ ਵਿਚ ਕੀਤੀ ਗਈ ਹੈ। ਪਤਰਸ ਰਸੂਲ ਨੇ ਮਸੀਹੀਆਂ ਨੂੰ ਕਿਹਾ ਕਿ ‘ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਅਤੇ ਤਰਸਵਾਨ ਹੋਵੋ।’ (1 ਪਤਰਸ 3:8) ਜਿਸ ਯੂਨਾਨੀ ਸ਼ਬਦ ਦਾ ਤਰਜਮਾ “ਆਪੋ ਵਿੱਚੀਂ ਦਰਦੀ” ਕੀਤਾ ਗਿਆ ਹੈ, ਉਸ ਦਾ ਅਸਲੀ ਅਰਥ ਹੈ “ਦੂਸਰੇ ਦਾ ਕਸ਼ਟ ਸਹਿਣਾ” ਜਾਂ “ਤਰਸ ਖਾਣਾ।” ਪੌਲੁਸ ਰਸੂਲ ਨੇ ਵੀ ਇਹੋ ਜਿਹਾ ਕੁਝ ਕਿਹਾ ਸੀ: “ਅਨੰਦ ਕਰਨ ਵਾਲਿਆਂ ਦੇ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ। ਆਪੋ ਵਿੱਚ ਇੱਕ ਮਨ ਹੋਵੋ।” (ਰੋਮੀਆਂ 12:15, 16) ਅਤੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਜੇ ਅਸੀਂ ਆਪਣੇ ਆਪ ਨੂੰ ਆਪਣੇ ਗੁਆਂਢੀ ਦੇ ਥਾਂ ਨਹੀਂ ਦੇਖ ਸਕਦੇ ਤਾਂ ਅਸੀਂ ਉਸ ਨੂੰ ਆਪਣੇ ਜਿਹਾ ਪਿਆਰ ਨਹੀਂ ਕਰ ਸਕਦੇ?
ਥੋੜ੍ਹੀ-ਬਹੁਤੀ ਹਮਦਰਦੀ ਸਾਡੇ ਸਾਰਿਆਂ ਵਿਚ ਹੁੰਦੀ ਹੈ। ਭੁੱਖੇ ਮਰ ਰਹੇ ਬੱਚਿਆਂ ਅਤੇ ਪਰੇਸ਼ਾਨ ਰਫਿਊਜੀਆਂ ਦੀਆਂ ਤਸਵੀਰਾਂ ਦੇਖ ਕੇ ਪੱਥਰ ਦਿਲ ਵੀ ਪਿਘਲ ਜਾਂਦੇ ਹਨ। ਕਿਹੜੀ ਮਾਂ ਦਾ ਦਿਲ ਨਹੀਂ ਤਰਸਦਾ ਜਦੋਂ ਉਹ ਆਪਣੇ ਬੱਚੇ ਨੂੰ ਰੋਂਦਿਆਂ ਦੇਖਦੀ ਹੈ? ਪਰ ਸਾਰਾ ਦੁੱਖ-ਦਰਦ ਇਕਦਮ ਨਹੀਂ ਪਛਾਣਿਆ ਜਾਂਦਾ। ਜੇਕਰ ਅਸੀਂ ਖ਼ੁਦ ਡਿਪਰੈਸ਼ਨ ਨਹੀਂ ਸਹਿਆ ਜਾਂ ਕੋਈ ਅਜਿਹੀ ਬੀਮਾਰੀ ਨਹੀਂ ਸਹੀ ਜਿਸ ਨੂੰ ਲੋਕ ਦੇਖ ਨਹੀਂ ਸਕਦੇ, ਤਾਂ ਸਾਡੇ ਲਈ ਅਜਿਹੇ ਇਨਸਾਨ ਦੇ ਦਰਦ ਦਾ ਇਹਸਾਸ ਕਰਨਾ ਕਿੰਨਾ ਮੁਸ਼ਕਲ ਹੈ ਜੋ ਅਜਿਹੀਆਂ ਤਕਲੀਫ਼ਾਂ ਦਾ ਸਾਮ੍ਹਣਾ ਕਰ ਰਿਹਾ ਹੈ। ਇਸ ਦੇ ਬਾਵਜੂਦ ਬਾਈਬਲ ਵਿਚ ਸਾਨੂੰ ਦਿਖਾਇਆ ਗਿਆ ਹੈ ਕਿ ਅਸੀਂ ਦੂਸਰਿਆਂ ਪ੍ਰਤੀ ਹਮਦਰਦ ਬਣ ਸਕਦੇ ਹਾਂ ਭਾਵੇਂ ਅਸੀਂ ਉਨ੍ਹਾਂ ਵਰਗੇ ਦੁੱਖ ਨਾ ਵੀ ਅਨੁਭਵ ਕੀਤੇ ਹੋਣ।
ਬਾਈਬਲ ਵਿਚ ਹਮਦਰਦੀ ਦੀਆਂ ਉਦਾਹਰਣਾਂ
ਯਹੋਵਾਹ ਪਰਮੇਸ਼ੁਰ ਹਮਦਰਦੀ ਦੀ ਉਤੱਮ ਮਿਸਾਲ ਹੈ। ਭਾਵੇਂ ਉਹ ਸੰਪੂਰਣ ਹੈ ਉਹ ਸਾਡੇ ਤੋਂ ਸੰਪੂਰਣਤਾ ਦੀ ਮੰਗ ਨਹੀਂ ਕਰਦਾ ਕਿਉਂਕਿ “ਉਹ ਤਾਂ ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ!” (ਜ਼ਬੂਰ 103:14; ਰੋਮੀਆਂ 5:12) ਇਸ ਤੋਂ ਇਲਾਵਾ ਉਹ ਸਾਡੀਆਂ ਕਮਜ਼ੋਰੀਆਂ ਬਾਰੇ ਜਾਣਦਾ ਹੈ ਅਤੇ ਇਸ ਲਈ ‘ਉਹ ਸਾਡੀ ਸ਼ਕਤੀਓਂ ਬਾਹਰ ਸਾਨੂੰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ।’ (1 ਕੁਰਿੰਥੀਆਂ 10:13) ਉਹ ਆਪਣੇ ਸੇਵਕਾਂ ਅਤੇ ਪਵਿੱਤਰ ਆਤਮਾ ਦੇ ਜ਼ਰੀਏ ਸਾਡੀ ਮਦਦ ਕਰਦਾ ਹੈ ਤਾਂਕਿ ਅਸੀਂ ਆਪਣੇ ਮਸਲੇ ਦਾ ਹੱਲ ਲੱਭ ਸਕੀਏ।—ਯਿਰਮਿਯਾਹ 25:4, 5; ਰਸੂਲਾਂ ਦੇ ਕਰਤੱਬ 5:32.
ਯਹੋਵਾਹ ਆਪਣੇ ਲੋਕਾਂ ਦਾ ਦੁੱਖ ਖ਼ੁਦ ਮਹਿਸੂਸ ਕਰਦਾ ਹੈ। ਬਾਬਲ ਤੋਂ ਵਾਪਸ ਆਏ ਯਹੂਦੀਆਂ ਨੂੰ ਉਸ ਨੇ ਕਿਹਾ: ‘ਜਿਹੜਾ ਤੁਹਾਨੂੰ ਛੋਹੰਦਾ ਹੈ ਉਹ ਮੇਰੀ ਅੱਖ ਦੀ ਕਾਕੀ ਨੂੰ ਛੋਹੰਦਾ ਹੈ।’ (ਜ਼ਕਰਯਾਹ 2:8) ਬਾਈਬਲ ਦੇ ਇਕ ਲਿਖਾਰੀ ਦਾਊਦ ਨੇ ਪਰਮੇਸ਼ੁਰ ਦੀ ਹਮਦਰਦੀ ਅਨੁਭਵ ਕੀਤੀ ਸੀ ਜਿਸ ਕਰਕੇ ਉਸ ਨੇ ਪਰਮੇਸ਼ੁਰ ਨੂੰ ਕਿਹਾ: “ਤੂੰ ਮੇਰੇ ਹੰਝੂਆਂ ਨੂੰ ਦੇਖ, ਕੀ ਉਹਨਾਂ ਦਾ ਹਿਸਾਬ ਤੇਰੀ ਪੁਸਤਕ ਵਿਚ ਨਹੀਂ ਹੈ?” (ਭਜਨ 56:8, ਪਵਿੱਤਰ ਬਾਈਬਲ ਨਵਾਂ ਅਨੁਵਾਦ) ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੇ ਈਮਾਨਦਾਰ ਰਹਿਣ ਵਾਸਤੇ ਕਾਫ਼ੀ ਅੱਥਰੂ ਵਹਾਏ ਹਨ। ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ ਯਹੋਵਾਹ ਨੂੰ ਸਾਡੇ ਹੰਝੂ ਯਾਦ ਹਨ ਜਿਵੇਂ ਕਿਤੇ ਉਨ੍ਹਾਂ ਦਾ ਹਿਸਾਬ ਪੁਸਤਕ ਵਿਚ ਲਿਖਿਆ ਗਿਆ ਹੋਵੇ!
ਆਪਣੇ ਸਵਰਗੀ ਪਿਤਾ ਵਾਂਗ ਯਿਸੂ ਮਸੀਹ ਵੀ ਦੂਸਰਿਆਂ ਦੇ ਦੁੱਖ-ਦਰਦ ਨਾਲ ਹਮਦਰਦੀ ਕਰਦਾ ਸੀ। ਉਸ ਨੇ ਇਕ ਬੋਲ਼ੇ ਆਦਮੀ ਨੂੰ ਠੀਕ ਕਰਨ ਤੋਂ ਪਹਿਲਾਂ ਉਸ ਨੂੰ ਦੂਸਰਿਆਂ ਤੋਂ ਸ਼ਾਇਦ ਇਸ ਲਈ ਅਲੱਗ ਕੀਤਾ ਸੀ ਕਿ ਜਦ ਉਸ ਨੂੰ ਸੁਣਨ ਲੱਗੇ ਤਾਂ ਉਹ ਘਬਰਾ ਨਾ ਜਾਵੇ। (ਮਰਕੁਸ 7:32-35) ਇਕ ਹੋਰ ਸਮੇਂ ਤੇ ਯਿਸੂ ਨੇ ਇਕ ਵਿਧਵਾ ਨੂੰ ਗਹੁ ਨਾਲ ਦੇਖਿਆ ਜਦ ਉਹ ਆਪਣੇ ਇਕਲੌਤੇ ਪੁੱਤਰ ਨੂੰ ਦਫ਼ਨਾਉਣ ਜਾ ਰਹੀ ਸੀ। ਯਿਸੂ ਨੇ ਇਕਦਮ ਉਸ ਦਾ ਦਰਦ ਪਛਾਣ ਕੇ ਅਰਥੀ ਦੇ ਲਾਗੇ ਆ ਕੇ, ਮੁਰਦੇ ਜਵਾਨ ਨੂੰ ਦੁਬਾਰਾ ਜ਼ਿੰਦਾ ਕਰ ਦਿੱਤਾ।—ਲੂਕਾ 7:11-16.
ਜਿਵੇਂ ਇਕ ਮਾਂ ਆਪਣੇ ਬੱਚੇ ਦੀ ਪੀੜ ਖ਼ੁਦ ਮਹਿਸੂਸ ਕਰਦੀ ਹੈ, ਉਸੇ ਤਰ੍ਹਾਂ ਯਿਸੂ ਆਪਣੇ ਚੇਲਿਆਂ ਦਾ ਦਰਦ ਖ਼ੁਦ ਮਹਿਸੂਸ ਕਰਦਾ ਸੀ। ਯਿਸੂ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਸ ਨੇ ਸੌਲੁਸ ਨੂੰ ਦੰਮਿਸਕ ਦੇ ਰਾਹ ਵਿਚ ਦਰਸ਼ਣ ਦਿੱਤਾ। ਸੌਲੁਸ ਯਿਸੂ ਦੇ ਚੇਲਿਆਂ ਨੂੰ ਸਤਾਉਂਦਾ ਸੀ ਅਤੇ ਯਿਸੂ ਨੇ ਉਸ ਨੂੰ ਦੱਸਿਆ ਕਿ ਉਹ ਇਸ ਬਾਰੇ ਕਿਸ ਤਰ੍ਹਾਂ ਮਹਿਸੂਸ ਕਰਦਾ ਸੀ। ਉਸ ਨੇ ਕਿਹਾ: “ਮੈਂ ਯਿਸੂ ਹਾਂ ਜਿਹ ਨੂੰ ਤੂੰ ਸਤਾਉਂਦਾ ਹੈਂ।” (ਰਸੂਲਾਂ ਦੇ ਕਰਤੱਬ 9:3-5) ਇਸ ਤੋਂ ਦੇਖਿਆ ਜਾ ਸਕਦਾ ਹੈ ਕਿ ਸਾਡਾ ਸਵਰਗੀ ਪ੍ਰਧਾਨ ਜਾਜਕ, ਯਿਸੂ “ਸਾਡੀਆਂ ਦੁਰਬਲਤਾਈਆਂ ਵਿੱਚ ਸਾਡਾ ਦਰਦੀ” ਹੈ, ਜਾਂ ਨਵੇਂ ਅਨੁਵਾਦ ਅਨੁਸਾਰ ‘ਉਹ ਸਾਡੇ ਨਾਲ ਸਾਡੀਆਂ ਕਮਜ਼ੋਰੀਆਂ ਵਿਚ ਹਮਦਰਦੀ ਕਰਦਾ ਹੈ।’—ਇਬਰਾਨੀਆਂ 4:15.
ਸੌਲੁਸ, ਯਾਨੀ ਪੌਲੁਸ ਰਸੂਲ ਨੇ ਦੂਸਰਿਆਂ ਦਾ ਦੁੱਖ-ਦਰਦ ਮਹਿਸੂਸ ਕਰਨਾ ਸਿੱਖਿਆ ਸੀ। ਉਸ ਨੇ ਕਿਹਾ: “ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ?” (2 ਕੁਰਿੰਥੀਆਂ 11:29) ਜਦ ਇਕ ਦੂਤ ਨੇ ਪੌਲੁਸ ਅਤੇ ਸੀਲਾਸ ਨੂੰ ਫ਼ਿਲਿੱਪੀ ਕੈਦਖ਼ਾਨੇ ਵਿੱਚੋਂ ਚਮਤਕਾਰੀ ਢੰਗ ਨਾਲ ਆਜ਼ਾਦ ਕੀਤਾ ਸੀ ਤਾਂ ਪੌਲੁਸ ਨੇ ਸਭ ਤੋਂ ਪਹਿਲਾਂ ਜੇਲ੍ਹਰ ਨੂੰ ਯਕੀਨ ਦਿਲਾਇਆ ਸੀ ਕਿ ਕੋਈ ਕੈਦੀ ਭੱਜਿਆ ਨਹੀਂ ਸੀ। ਉਸ ਨੇ ਸਿਆਣ ਲਿਆ ਸੀ ਕਿ ਜੇਲ੍ਹਰ ਆਪਣੀ ਜਾਨ ਲੈ ਲਵੇਗਾ। ਪੌਲੁਸ ਜਾਣਦਾ ਸੀ ਕਿ ਰੋਮੀ ਦਸਤੂਰ ਮੁਤਾਬਕ ਜੇਲ੍ਹਰ ਨੂੰ ਸਖ਼ਤ ਸਜ਼ਾ ਦਿੱਤੀ ਜਾਂਦੀ ਸੀ ਜੇਕਰ ਉਸ ਦੀ ਨਿਗਰਾਨੀ ਅਧੀਨ ਕੋਈ ਕੈਦੀ ਭੱਜ ਨਿਕਲੇ, ਖ਼ਾਸ ਕਰਕੇ ਜੇਕਰ ਉਸ ਨੂੰ ਅਜਿਹਾ ਹੁਕਮ ਦਿੱਤਾ ਗਿਆ ਹੋਵੇ ਕਿ ਉਹ ਕੈਦੀ ਦੀ ਚੌਕਸੀ ਨਾਲ ਰਖਵਾਲੀ ਕਰੇ। (ਰਸੂਲਾਂ ਦੇ ਕਰਤੱਬ 16:24-28) ਪੌਲੁਸ ਨੇ ਜੇਲ੍ਹਰ ਦੀ ਜਾਨ ਬਚਾਈ ਅਤੇ ਇਸ ਦਾ ਉਸ ਤੇ ਇੰਨਾ ਵੱਡਾ ਅਸਰ ਪਿਆ ਕਿ ਉਹ ਅਤੇ ਉਸ ਦੇ ਸਾਰੇ ਘਰ ਵਾਲੇ ਮਸੀਹੀ ਬਣ ਗਏ।—ਰਸੂਲਾਂ ਦੇ ਕਰਤੱਬ 16:30-34.
ਹਮਦਰਦੀ ਪੈਦਾ ਕਰਨੀ
ਬਾਈਬਲ ਵਿਚ ਵਾਰ-ਵਾਰ ਕਿਹਾ ਗਿਆ ਹੈ ਕਿ ਸਾਨੂੰ ਆਪਣੇ ਸਵਰਗੀ ਪਿਤਾ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਨਕਲ ਕਰਨੀ ਚਾਹੀਦੀ ਹੈ। ਇਸ ਲਈ ਸਾਨੂੰ ਹਮਦਰਦੀ ਦਾ ਗੁਣ ਪੈਦਾ ਕਰਨ ਦੀ ਜ਼ਰੂਰਤ ਹੈ। ਇਹ ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ? ਤਿੰਨ ਮੁੱਖ ਤਰੀਕੇ ਹਨ ਜਿਨ੍ਹਾਂ ਦੇ ਜ਼ਰੀਏ ਅਸੀਂ ਦੂਸਰਿਆਂ ਦਾ ਦੁੱਖ-ਦਰਦ ਸਿਆਣ ਸਕਦੇ ਹਾਂ। ਪਹਿਲਾ: ਸੁਣਨ ਦੁਆਰਾ, ਦੂਸਰਾ: ਗਹੁ ਨਾਲ ਦੇਖਣ ਦੁਆਰਾ, ਅਤੇ ਤੀਸਰਾ: ਆਪਣੀ ਕਲਪਨਾ-ਸ਼ਕਤੀ ਵਰਤਣ ਦੁਆਰਾ।
ਸੁਣੋ। ਦੂਸਰਿਆਂ ਦੀ ਗੱਲ ਚੰਗੀ ਤਰ੍ਹਾਂ ਸੁਣਨ ਨਾਲ ਅਸੀਂ ਜਾਣ ਲੈਂਦੇ ਹਾਂ ਕਿ ਉਨ੍ਹਾਂ ਨੂੰ ਕਿਹੜੀਆਂ ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਅਤੇ ਜਦ ਅਸੀਂ ਪੂਰਾ ਧਿਆਨ ਲਾ ਕੇ ਉਨ੍ਹਾਂ ਦੀ ਸੁਣਦੇ ਹਾਂ ਤਾਂ ਉਹ ਵੀ ਆਪਣਾ ਦਿਲ ਖੋਲ੍ਹ ਕੇ ਸਾਡੇ ਨਾਲ ਗੱਲ ਕਰਨ ਲਈ ਰਾਜ਼ੀ ਹੁੰਦੇ ਹਨ। ਮਿਰਿਅਮ ਦੱਸਦੀ ਹੈ ਕਿ “ਮੈਂ ਕਲੀਸਿਯਾ ਦੇ ਇਸੇ ਬਜ਼ੁਰਗ ਨਾਲ ਸਿਰਫ਼ ਤਦ ਗੱਲ ਕਰ ਸਕਦੀ ਹਾਂ ਜਦੋਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਉਹ ਮੇਰੀ ਸੁਣੇਗਾ ਅਤੇ ਸੱਚ-ਮੁੱਚ ਮੇਰੇ ਮਸਲੇ ਨੂੰ ਸਮਝੇਗਾ। ਉਸ ਉੱਤੇ ਮੇਰਾ ਭਰੋਸਾ ਹੋਰ ਵੀ ਵੱਧ ਜਾਂਦਾ ਹੈ ਜਦ ਉਹ ਚੰਗੇ ਸਵਾਲ ਪੁੱਛ ਕੇ ਜ਼ਾਹਰ ਕਰਦਾ ਹੈ ਕਿ ਉਹ ਸੱਚ-ਮੁੱਚ ਮੇਰੀ ਗੱਲ ਵੱਲ ਧਿਆਨ ਦੇ ਰਿਹਾ ਹੈ।”
ਗਹੁ ਨਾਲ ਦੇਖੋ। ਕਈਆਂ ਲੋਕਾਂ ਲਈ ਆਪਣੇ ਦਿਲ ਦੀ ਗੱਲ ਦੱਸਣੀ ਮੁਸ਼ਕਲ ਹੁੰਦੀ ਹੈ। ਪਰ ਗਹੁ ਨਾਲ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਹੈ ਜਦ ਕੋਈ ਭੈਣ ਜਾਂ ਭਰਾ ਉਦਾਸ ਹੁੰਦਾ ਹੈ, ਜਦ ਕੋਈ ਨੌਜਵਾਨ ਚੁਪ-ਚਪੀਤਾ ਰਹਿੰਦਾ ਹੈ, ਜਾਂ ਕਿਸੇ ਭੈਣ-ਭਰਾ ਦਾ ਜੋਸ਼ ਠੰਢਾ ਪੈ ਜਾਂਦਾ ਹੈ। ਮਾਪਿਆਂ ਲਈ ਇਹ ਖ਼ਾਸ ਕਰਕੇ ਜ਼ਰੂਰੀ ਹੈ ਕਿ ਉਹ ਮਸਲੇ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਨਿਸ਼ਾਨੀਆਂ ਨੂੰ ਪਛਾਣ ਲੈਣ। ਮੱਰੀ ਨਾਂ ਦੀ ਲੜਕੀ ਦੱਸਦੀ ਹੈ ਕਿ “ਕਿਸੇ-ਨ-ਕਿਸੇ ਤਰ੍ਹਾਂ ਮੇਰੀ ਮੰਮੀ ਮੇਰੇ ਗੱਲ ਕਰਨ ਤੋਂ ਪਹਿਲਾਂ ਹੀ ਜਾਣ ਲੈਂਦੀ ਹੈ ਕਿ ਮੈਂ ਕੀ ਕਹਿਣ ਵਾਲੀ ਹਾਂ। ਇਸ ਲਈ ਮੈਂ ਆਸਾਨੀ ਨਾਲ ਉਸ ਨਾਲ ਆਪਣੇ ਮਸਲਿਆਂ ਬਾਰੇ ਗੱਲ ਕਰ ਸਕਦੀ ਹਾਂ।”
ਆਪਣੀ ਕਲਪਨਾ-ਸ਼ਕਤੀ ਵਰਤੋ। ਹਮਦਰਦੀ ਪੈਦਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਆਪ ਤੋਂ ਇਹ ਪੁੱਛਣਾ: ‘ਜੇ ਮੈਂ ਇਸ ਹਾਲਤ ਵਿਚ ਹੁੰਦਾ, ਤਾਂ ਮੈਨੂੰ ਕਿਸ ਤਰ੍ਹਾਂ ਲੱਗਦਾ? ਮੈਂ ਕੀ ਕਰਦਾ? ਮੈਨੂੰ ਕਿਸ ਚੀਜ਼ ਦੀ ਜ਼ਰੂਰਤ ਹੁੰਦੀ?’ ਅੱਯੂਬ ਦੇ ਤਿੰਨ ਝੂਠੇ ਮਿੱਤਰ ਆਪਣੇ ਆਪ ਨੂੰ ਉਸ ਦੇ ਥਾਂ ਨਾ ਪਾ ਸਕੇ। ਇਸ ਕਰਕੇ ਉਨ੍ਹਾਂ ਨੇ ਮੰਨ ਲਿਆ ਕਿ ਉਹ ਪਾਪੀ ਸੀ ਅਤੇ ਉਸ ਉੱਤੇ ਪਾਪ ਕਰਨ ਦਾ ਦੋਸ਼ ਲਾਇਆ।
ਅਪੂਰਣ ਇਨਸਾਨਾਂ ਵਾਸਤੇ ਕਿਸੇ ਵਿਚ ਗ਼ਲਤੀ ਕੱਢਣੀ ਜ਼ਿਆਦਾ ਆਸਾਨ ਹੈ, ਪਰ ਇਹ ਸਮਝਣਾ ਔਖਾ ਹੈ ਕਿ ਉਸ ਨੇ ਗ਼ਲਤੀ ਕਿਉਂ ਕੀਤੀ। ਪਰ ਜੇ ਅਸੀਂ ਦੂਸਰੇ ਦੀ ਤਕਲੀਫ਼ ਸਮਝਣ ਅਤੇ ਮਹਿਸੂਸ ਕਰਨ ਦੀ ਕੋਸ਼ਿਸ਼ ਕਰੀਏ, ਤਾਂ ਅਸੀਂ ਉਸ ਵਿਚ ਨੁਕਸ ਕੱਢਣ ਦੀ ਬਜਾਇ ਉਸ ਉੱਤੇ ਤਰਸ ਖਾਵਾਂਗੇ। ਹੁਆਨ ਨਾਂ ਦੇ ਇਕ ਤਜਰਬੇਕਾਰ ਬਜ਼ੁਰਗ ਨੇ ਕਿਹਾ: “ਜੇਕਰ ਮੈਂ ਕਿਸੇ ਦੀ ਗੱਲ ਧਿਆਨ ਨਾਲ ਸੁਣਾ ਅਤੇ ਸੁਝਾਅ ਦੇਣ ਤੋਂ ਪਹਿਲਾਂ ਮਾਮਲੇ ਨੂੰ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਾਂ, ਤਾਂ ਮੈਂ ਚੰਗੀ ਸਲਾਹ ਦੇ ਸਕਦਾ ਹਾਂ।”
ਇਸ ਸੰਬੰਧ ਵਿਚ ਯਹੋਵਾਹ ਦੇ ਗਵਾਹਾਂ ਦੁਆਰਾ ਵੰਡੀਆਂ ਗਈਆਂ ਕਿਤਾਬਾਂ-ਪੁਸਤਕਾਂ ਨੇ ਬਹੁਤ ਸਾਰਿਆਂ ਲੋਕਾਂ ਦੀ ਮਦਦ ਕੀਤੀ ਹੈ। ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲਿਆਂ ਨੇ ਡਿਪਰੈਸ਼ਨ ਅਤੇ ਬਾਲ ਦੁਰਵਿਹਾਰ ਵਰਗੇ ਤਰ੍ਹਾਂ-ਤਰ੍ਹਾਂ ਦੇ ਗੁੰਝਲਦਾਰ ਵਿਸ਼ਿਆਂ ਉੱਤੇ ਚਰਚਾ ਕੀਤੀ ਹੈ। ਇਸ ਤਰ੍ਹਾਂ ਦੀ ਜਾਣਕਾਰੀ ਹਾਸਲ ਕਰ ਕੇ ਅਸੀਂ ਦੂਸਰਿਆਂ ਦਾ ਦੁੱਖ-ਦਰਦ ਸਮਝਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਪ੍ਰਸ਼ਨ ਜੋ ਨੌਜਵਾਨ ਪੁੱਛਦੇ ਹਨ—ਉੱਤਰ ਜੋ ਕੰਮ ਕਰਦੇ ਹਨ (ਅੰਗ੍ਰੇਜ਼ੀ) ਨਾਮਕ ਕਿਤਾਬ ਤੋਂ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਮਦਦ ਮਿਲੀ ਹੈ।
ਮਸੀਹੀ ਕੰਮ ਕਰਨ ਵਿਚ ਹਮਦਰਦੀ ਕੰਮ ਆਉਂਦੀ ਹੈ
ਜੇਕਰ ਸਾਡੇ ਹੱਥ ਵਿਚ ਖਾਣ ਨੂੰ ਕੁਝ ਹੋਵੇ, ਤਾਂ ਅਸੀਂ ਕਿਸੇ ਭੁੱਖੇ ਮਰ ਰਹੇ ਬੱਚੇ ਨੂੰ ਜ਼ਰੂਰ ਕੁਝ ਦੇਵਾਂਗੇ। ਜੇਕਰ ਅਸੀਂ ਹਮਦਰਦ ਹਾਂ ਤਾਂ ਅਸੀਂ ਕਿਸੇ ਦੀ ਰੂਹਾਨੀ ਜ਼ਰੂਰਤ ਵੀ ਪਛਾਣ ਲਵਾਂਗੇ। ਬਾਈਬਲ ਵਿਚ ਸਾਨੂੰ ਯਿਸੂ ਬਾਰੇ ਦੱਸਿਆ ਜਾਂਦਾ ਹੈ ਕਿ “ਜਾਂ ਉਹ ਨੇ ਭੀੜਾਂ ਵੇਖੀਆਂ ਤਾਂ ਉਸ ਨੂੰ ਉਨ੍ਹਾਂ ਉੱਤੇ ਤਰਸ ਆਇਆ ਕਿਉਂ ਜੋ ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਅੱਜ-ਕੱਲ੍ਹ ਲੱਖਾਂ ਹੀ ਲੋਕਾਂ ਦੀ ਰੂਹਾਨੀ ਦਸ਼ਾ ਇਸੇ ਤਰ੍ਹਾਂ ਦੀ ਹੈ ਅਤੇ ਉਨ੍ਹਾਂ ਨੂੰ ਮਦਦ ਦੀ ਜ਼ਰੂਰਤ ਹੈ।
ਯਿਸੂ ਦੇ ਜ਼ਮਾਨੇ ਵਾਂਗ ਸ਼ਾਇਦ ਸਾਨੂੰ ਵੀ ਕੁਝ ਲੋਕਾਂ ਦੇ ਦਿਲਾਂ ਤਕ ਪਹੁੰਚਣ ਲਈ ਊਚ-ਨੀਚ ਅਤੇ ਰਸਮ-ਰਿਵਾਜਾਂ ਦਾ ਸਾਮ੍ਹਣਾ ਕਰਨਾ ਪਵੇ। ਪ੍ਰਚਾਰ ਕਰਦੇ ਹੋਏ ਯਹੋਵਾਹ ਦਾ ਇਕ ਹਮਦਰਦ ਸੇਵਕ ਆਪਣੇ ਸੰਦੇਸ਼ ਨੂੰ ਮਿੱਠਾ ਬਣਾਉਣ ਲਈ ਉਨ੍ਹਾਂ ਵਿਸ਼ਿਆਂ ਬਾਰੇ ਗੱਲ ਕਰੇਗਾ ਜਿਨ੍ਹਾਂ ਬਾਰੇ ਲੋਕ ਗੱਲ ਕਰਨੀ ਚਾਹੁੰਦੇ ਹਨ। (ਰਸੂਲਾਂ ਦੇ ਕਰਤੱਬ 17:22, 23; 1 ਕੁਰਿੰਥੀਆਂ 9:20-23) ਜੇਕਰ ਅਸੀਂ ਹਮਦਰਦੀ ਨਾਲ ਕਿਸੇ ਦੀ ਭਲਾਈ ਕਰੀਏ ਤਾਂ ਫ਼ਿਲਿੱਪੀ ਕੈਦਖ਼ਾਨੇ ਦੇ ਜੇਲ੍ਹਰ ਵਾਂਗ ਲੋਕ ਰਾਜ ਦਾ ਸੰਦੇਸ਼ ਸੁਣਨ ਲਈ ਹੋਰ ਰਾਜ਼ੀ ਹੋਣਗੇ।
ਹਮਦਰਦ ਬਣਨ ਨਾਲ ਅਸੀਂ ਕਲੀਸਿਯਾ ਵਿਚ ਭੈਣਾਂ-ਭਰਾਵਾਂ ਦੀਆਂ ਕਮਜ਼ੋਰੀਆਂ ਨੂੰ ਮਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ। ਜੇਕਰ ਅਸੀਂ ਉਸ ਭੈਣ-ਭਰਾ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜਿਸ ਨੇ ਸਾਨੂੰ ਨਾਰਾਜ਼ ਕੀਤਾ ਹੈ, ਤਾਂ ਹੋ ਸਕਦਾ ਹੈ ਕਿ ਅਸੀਂ ਆਸਾਨੀ ਨਾਲ ਉਸ ਨੂੰ ਮਾਫ਼ ਕਰ ਸਕਾਂਗੇ। ਜੇਕਰ ਅਸੀਂ ਉਸ ਭੈਣ-ਭਰਾ ਦੀ ਹਾਲਤ ਵਿਚ ਹੁੰਦੇ ਤਾਂ ਸ਼ਾਇਦ ਅਸੀਂ ਵੀ ਉਸ ਵਾਂਗ ਕਰਦੇ। ਯਹੋਵਾਹ ਦੀ ਹਮਦਰਦੀ ਕਰਕੇ ਉਸ ਨੂੰ “ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ।” ਤਾਂ ਫਿਰ ਕੀ ਸਾਨੂੰ ਹਮਦਰਦ ਬਣ ਕੇ ਦੂਸਰਿਆਂ ਦੀਆਂ ਗ਼ਲਤੀਆਂ ਨਜ਼ਰਅੰਦਾਜ਼ ਕਰ ਕੇ “ਇੱਕ ਦੂਏ ਨੂੰ ਮਾਫ਼” ਨਹੀਂ ਕਰ ਦੇਣਾ ਚਾਹੀਦਾ?—ਜ਼ਬੂਰ 103:14; ਕੁਲੁੱਸੀਆਂ 3:13.
ਜੇ ਅਸੀਂ ਗ਼ਲਤੀ ਕਰਨ ਵਾਲੇ ਦੇ ਜਜ਼ਬਾਤ ਅਤੇ ਕਮਜ਼ੋਰੀਆਂ ਸਮਝਦੇ ਹਾਂ, ਤਾਂ ਤਾੜਨਾ ਦਿੰਦੇ ਸਮੇਂ ਅਸੀਂ ਬੜੇ ਪਿਆਰ ਨਾਲ ਉਸ ਨਾਲ ਗੱਲ ਕਰਾਂਗੇ। ਇਕ ਹਮਦਰਦ ਬਜ਼ੁਰਗ ਆਪਣੇ ਆਪ ਨੂੰ ਯਾਦ ਦਿਲਾਉਂਦਾ ਹੈ ਕਿ ‘ਮੈਂ ਵੀ ਗ਼ਲਤੀ ਕਰ ਸਕਦਾ ਹਾਂ। ਮੈਂ ਵੀ ਇਸ ਦੀ ਜਗ੍ਹਾ ਹੋ ਸਕਦਾ ਹਾਂ।’ ਇਸੇ ਕਰਕੇ ਪੌਲੁਸ ਨੇ ਇਹ ਸਲਾਹ ਦਿੱਤੀ: “ਅਜਿਹੇ ਮਨੁੱਖ ਨੂੰ ਨਰਮਾਈ ਦੇ ਸੁਭਾਉ ਨਾਲ ਸੁਧਾਰੋ ਅਤੇ ਤੂੰ ਆਪਣੇ ਆਪ ਵੱਲ ਧਿਆਨ ਰੱਖ ਮਤੇ ਤੂੰ ਵੀ ਪਰਤਾਵੇ ਵਿੱਚ ਪਵੇਂ।”—ਗਲਾਤੀਆਂ 6:1.
ਭਾਵੇਂ ਕੋਈ ਲੋੜਵੰਦ ਭੈਣ-ਭਰਾ ਸਾਡੇ ਤੋਂ ਮਦਦ ਨਾ ਵੀ ਮੰਗੇ, ਜੇ ਇਹ ਸਾਡੇ ਵੱਸ ਵਿਚ ਹੋਵੇ ਤਾਂ ਅਸੀਂ ਹਮਦਰਦ ਬਣ ਕੇ ਉਸ ਦੀ ਮਦਦ ਜ਼ਰੂਰ ਕਰਾਂਗੇ। ਯੂਹੰਨਾ ਰਸੂਲ ਨੇ ਲਿਖਿਆ: “ਜਿਸ ਕਿਸੇ ਕੋਲ ਸੰਸਾਰ ਦੇ ਪਦਾਰਥ ਹੋਣ ਅਤੇ ਉਹ ਆਪਣੇ ਭਰਾ ਨੂੰ ਲੋੜਵੰਦ ਵੇਖ ਕੇ ਓਸ ਉੱਤੇ ਤਰਸ ਨਾ ਖਾਵੇ ਤਾਂ ਉਹ ਦੇ ਵਿੱਚ ਪਰਮੇਸ਼ੁਰ ਦਾ ਪ੍ਰੇਮ ਕਿਵੇਂ ਰਹਿੰਦਾ ਹੈ? . . . ਅਸੀਂ ਗੱਲੀਂ ਅਤੇ ਜਬਾਨੀ ਨਹੀਂ ਸਗੋਂ ਕਰਨੀ ਅਤੇ ਸਚਿਆਈ ਤੋਂ ਪ੍ਰੇਮ ਕਰੀਏ।”—1 ਯੂਹੰਨਾ 3:17, 18.
“ਕਰਨੀ ਅਤੇ ਸਚਿਆਈ ਤੋਂ ਪ੍ਰੇਮ” ਕਰਨ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਭਰਾ ਦੀ ਲੋੜ ਜਾਣਨੀ ਪਵੇਗੀ। ਕੀ ਅਸੀਂ ਗਹੁ ਨਾਲ ਦੂਸਰਿਆਂ ਦੀਆਂ ਜ਼ਰੂਰਤਾਂ ਪਛਾਣਦੇ ਹਾਂ ਤਾਂਕਿ ਅਸੀਂ ਉਨ੍ਹਾਂ ਦੀ ਮਦਦ ਕਰ ਸਕੀਏ? ਹਮਦਰਦ ਹੋਣ ਦਾ ਅਸਲੀ ਮਤਲਬ ਇਹੋ ਹੈ।
ਹਮਦਰਦੀ ਪੈਦਾ ਕਰੋ
ਭਾਵੇਂ ਅਸੀਂ ਕੁਦਰਤੀ ਤੌਰ ਤੇ ਇੰਨੇ ਹਮਦਰਦ ਨਾ ਵੀ ਹੋਈਏ, ਅਸੀਂ ਹਮਦਰਦੀ ਪੈਦਾ ਕਰ ਸਕਦੇ ਹਾਂ। ਜੇ ਅਸੀਂ ਧਿਆਨ ਨਾਲ ਸੁਣੀਏ, ਗਹੁ ਨਾਲ ਦੇਖੀਏ, ਅਤੇ ਆਪਣੇ ਆਪ ਨੂੰ ਅਕਸਰ ਦੂਸਰੇ ਦੇ ਥਾਂ ਵਿਚ ਹੋਣ ਦੀ ਕਲਪਨਾ ਕਰੀਏ, ਤਾਂ ਅਸੀਂ ਜ਼ਿਆਦਾ ਹਮਦਰਦ ਬਣ ਸਕਾਂਗੇ। ਇਸ ਦੇ ਨਤੀਜੇ ਵਜੋਂ ਅਸੀਂ ਆਪਣੇ ਬੱਚਿਆਂ ਨਾਲ, ਆਪਣੇ ਭੈਣਾਂ-ਭਰਾਵਾਂ ਨਾਲ, ਅਤੇ ਆਪਣੇ ਗੁਆਂਢੀਆਂ ਨਾਲ ਜ਼ਿਆਦਾ ਪਿਆਰ ਅਤੇ ਦਇਆ ਕਰਾਂਗੇ।
ਹਮਦਰਦੀ ਪੈਦਾ ਕਰਨ ਦੀ ਆਪਣੀ ਕੋਸ਼ਿਸ਼ ਵਿਚ ਖ਼ੁਦਗਰਜ਼ੀ ਨੂੰ ਰੁਕਾਵਟ ਨਾ ਪਾਉਣ ਦਿਓ। ਪੌਲੁਸ ਨੇ ਲਿਖਿਆ: “ਤੁਹਾਡੇ ਵਿੱਚੋਂ ਹਰੇਕ ਜਣਾ ਆਪਣੇ ਹੀ ਹਾਲ ਉੱਤੇ ਨਹੀਂ ਸਗੋਂ ਹਰੇਕ ਦੂਜਿਆਂ ਦੇ ਹਾਲ ਉੱਤੇ ਵੀ ਨਿਗਾਹ ਕਰੇ।” (ਫ਼ਿਲਿੱਪੀਆਂ 2:4) ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪ੍ਰਧਾਨ ਜਾਜਕ, ਯਿਸੂ ਮਸੀਹ, ਦੀ ਹਮਦਰਦੀ ਕਰਕੇ ਹੀ ਸਾਡੇ ਸਾਮ੍ਹਣੇ ਅਨੰਤ ਜ਼ਿੰਦਗੀ ਦੀ ਉਮੀਦ ਹੈ। ਇਸ ਕਰਕੇ ਅਸੀਂ ਵੀ ਹਮਦਰਦੀ ਪੈਦਾ ਕਰਨ ਲਈ ਜ਼ਿੰਮੇਵਾਰ ਹਾਂ। ਸਾਡੀ ਹਮਦਰਦੀ ਸਾਨੂੰ ਚੰਗੇ ਗਵਾਹ ਅਤੇ ਚੰਗੇ ਮਾਪੇ ਬਣਾਵੇਗੀ। ਇਸ ਤੋਂ ਇਲਾਵਾ ਹਮਦਰਦੀ ਸਾਨੂੰ ਸਿਖਾਵੇਗੀ ਕਿ “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।”—ਰਸੂਲਾਂ ਦੇ ਕਰਤੱਬ 20:35.
[ਸਫ਼ੇ 25 ਉੱਤੇ ਤਸਵੀਰ]
ਹਮਦਰਦੀ ਦਾ ਮਤਲਬ ਹੈ ਕਿਸੇ ਦੀਆਂ ਲੋੜਾਂ ਪਛਾਣਨੀਆਂ ਤਾਂਕਿ ਅਸੀਂ ਉਸ ਦੀ ਮਦਦ ਕਰ ਸਕੀਏ
[ਸਫ਼ੇ 26 ਉੱਤੇ ਤਸਵੀਰ]
ਕੀ ਅਸੀਂ ਇਕ ਮਾਂ ਵਰਗੀ ਹਮਦਰਦੀ ਪੈਦਾ ਕਰ ਸਕਦੇ ਹਾਂ ਜੋ ਉਹ ਕੁਦਰਤੀ ਤੌਰ ਤੇ ਆਪਣੇ ਬੱਚੇ ਵਾਸਤੇ ਮਹਿਸੂਸ ਕਰਦੀ ਹੈ?