Skip to content

Skip to table of contents

ਅਪਾਹਜਪੁਣੇ ਦਾ ਅੰਤ ਕਿਵੇਂ ਹੋਵੇਗਾ

ਅਪਾਹਜਪੁਣੇ ਦਾ ਅੰਤ ਕਿਵੇਂ ਹੋਵੇਗਾ

ਅਪਾਹਜਪੁਣੇ ਦਾ ਅੰਤ ਕਿਵੇਂ ਹੋਵੇਗਾ

ਕਲਪਨਾ ਕਰੋ ਕਿ ਅੰਨ੍ਹੇ ਦੇਖ ਰਹੇ ਹਨ, ਬੋਲੇ ਹਰ ਤਰ੍ਹਾਂ ਦੀ ਆਵਾਜ਼ ਨੂੰ ਸੁਣ ਰਹੇ ਹਨ, ਗੁੰਗੇ ਖ਼ੁਸ਼ੀ ਨਾਲ ਗਾ ਰਹੇ ਹਨ ਅਤੇ ਲੰਗੜੇ ਮਜ਼ਬੂਤੀ ਨਾਲ ਖੜ੍ਹੇ ਹੋ ਕੇ ਚੱਲ-ਫਿਰ ਰਹੇ ਹਨ! ਅਸੀਂ ਡਾਕਟਰੀ ਵਿਗਿਆਨ ਦੀਆਂ ਨਵੀਆਂ ਪ੍ਰਾਪਤੀਆਂ ਦੀ ਗੱਲ ਨਹੀਂ ਕਰ ਰਹੇ, ਸਗੋਂ ਮਨੁੱਖਜਾਤੀ ਲਈ ਪਰਮੇਸ਼ੁਰ ਜੋ ਕਰਨ ਵਾਲਾ ਹੈ, ਉਸ ਦੀ ਗੱਲ ਕਰ ਰਹੇ ਹਾਂ। ਬਾਈਬਲ ਪਹਿਲਾਂ ਹੀ ਦੱਸਦੀ ਹੈ: “ਤਦ ਅੰਨ੍ਹਿਆਂ ਦੀਆਂ ਅੱਖਾਂ ਸੁਜਾਖੀਆਂ ਹੋ ਜਾਣਗੀਆਂ, ਅਤੇ ਬੋਲਿਆਂ ਦੇ ਕੰਨ ਖੁਲ੍ਹ ਜਾਣਗੇ। ਤਦ ਲੰਙਾ ਹਿਰਨ ਵਾਂਙੁ ਚੌਂਕੜੀਆਂ ਭਰੇਗਾ, ਅਤੇ ਗੁੰਗੇ ਦੀ ਜ਼ਬਾਨ ਜੈਕਾਰਾ ਗਜਾਵੇਗੀ।” (ਯਸਾਯਾਹ 35:5, 6) ਪਰ ਅਸੀਂ ਕਿਵੇਂ ਯਕੀਨ ਰੱਖ ਸਕਦੇ ਹਾਂ ਕਿ ਇਹ ਸ਼ਾਨਦਾਰ ਭਵਿੱਖਬਾਣੀ ਜ਼ਰੂਰ ਪੂਰੀ ਹੋਵੇਗੀ?

ਇਕ ਕਾਰਨ ਹੈ ਕਿ ਜਦੋਂ ਯਿਸੂ ਧਰਤੀ ਉੱਤੇ ਸੀ, ਤਾਂ ਉਸ ਨੇ ਲੋਕਾਂ ਦੀ ਹਰ ਬੀਮਾਰੀ ਤੇ ਅਪਾਹਜਪੁਣੇ ਨੂੰ ਚੰਗਾ ਕੀਤਾ ਸੀ। ਇਸ ਤੋਂ ਇਲਾਵਾ, ਉਸ ਦੇ ਜ਼ਿਆਦਾਤਰ ਚਮਤਕਾਰਾਂ ਦੇ ਬਹੁਤ ਸਾਰੇ ਚਸ਼ਮਦੀਦ ਗਵਾਹ ਸਨ—ਇੱਥੋਂ ਤਕ ਕਿ ਉਸ ਦੇ ਦੁਸ਼ਮਣਾਂ ਨੇ ਵੀ ਇਨ੍ਹਾਂ ਚਮਤਕਾਰਾਂ ਨੂੰ ਦੇਖਿਆ ਸੀ। ਦਰਅਸਲ ਘੱਟੋ-ਘੱਟ ਇਕ ਮੌਕੇ ਤੇ ਸ਼ੱਕੀ ਵਿਰੋਧੀਆਂ ਨੇ ਯਿਸੂ ਨੂੰ ਇਕ ਬਹਿਰੂਪੀਆ ਸਾਬਤ ਕਰਨ ਲਈ ਉਸ ਦੇ ਇਕ ਚੰਗਾਈ ਦੇ ਚਮਤਕਾਰ ਬਾਰੇ ਬੜੀ ਪੁੱਛ-ਗਿੱਛ ਕੀਤੀ। ਪਰ ਉਨ੍ਹਾਂ ਨੂੰ ਬੜੀ ਨਿਰਾਸ਼ਾ ਹੋਈ ਜਦੋਂ ਪੁੱਛ-ਗਿੱਛ ਤੋਂ ਇਹੀ ਸਾਬਤ ਹੋਇਆ ਕਿ ਯਿਸੂ ਨੇ ਸੱਚ-ਮੁੱਚ ਚਮਤਕਾਰ ਕੀਤਾ ਸੀ। (ਯੂਹੰਨਾ 9:1, 5-34) ਯਿਸੂ ਦੇ ਇਕ ਹੋਰ ਚਮਤਕਾਰ ਤੋਂ ਬਾਅਦ ਉਨ੍ਹਾਂ ਨੇ ਅੱਕ ਕੇ ਕਿਹਾ: “ਅਸੀਂ ਕੀ ਕਰਦੇ ਹਾਂ, ਕਿਉਂ ਜੋ ਇਹ ਮਨੁੱਖ ਬਹੁਤ ਨਿਸ਼ਾਨ ਵਿਖਾਉਂਦਾ ਹੈ?” (ਯੂਹੰਨਾ 11:47) ਪਰ ਆਮ ਲੋਕ ਉਨ੍ਹਾਂ ਵਾਂਗ ਕਠੋਰ ਨਹੀਂ ਸਨ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਯਿਸੂ ਵਿਚ ਨਿਹਚਾ ਕੀਤੀ ਸੀ।—ਯੂਹੰਨਾ 2:23; 10:41, 42; 12:9-11.

ਯਿਸੂ ਦੇ ਚਮਤਕਾਰ—ਵਿਸ਼ਵ-ਵਿਆਪੀ ਚੰਗਾਈ ਦੀ ਝਲਕ

ਯਿਸੂ ਦੇ ਚਮਤਕਾਰਾਂ ਨੇ ਸਿਰਫ਼ ਇਹੀ ਸਾਬਤ ਨਹੀਂ ਕੀਤਾ ਕਿ ਯਿਸੂ ਮਸੀਹਾ ਸੀ ਅਤੇ ਪਰਮੇਸ਼ੁਰ ਦਾ ਪੁੱਤਰ ਸੀ। ਇਨ੍ਹਾਂ ਚਮਤਕਾਰਾਂ ਨੇ ਬਾਈਬਲ ਦੇ ਵਾਅਦਿਆਂ ਵਿਚ ਵਿਸ਼ਵਾਸ ਕਰਨ ਦਾ ਆਧਾਰ ਵੀ ਮੁਹੱਈਆ ਕੀਤਾ ਕਿ ਆਗਿਆਕਾਰ ਮਨੁੱਖਜਾਤੀ ਨੂੰ ਭਵਿੱਖ ਵਿਚ ਪੂਰੀ ਤਰ੍ਹਾਂ ਚੰਗਾ ਕੀਤਾ ਜਾਵੇਗਾ। ਇਨ੍ਹਾਂ ਵਾਅਦਿਆਂ ਵਿਚ ਯਸਾਯਾਹ 35 ਦੀ ਭਵਿੱਖਬਾਣੀ ਵੀ ਸ਼ਾਮਲ ਹੈ ਜਿਸ ਦਾ ਪਹਿਲੇ ਪੈਰੇ ਵਿਚ ਜ਼ਿਕਰ ਕੀਤਾ ਗਿਆ ਸੀ। ਭਵਿੱਖ ਵਿਚ, ਪਰਮੇਸ਼ੁਰ ਤੋਂ ਡਰਨ ਵਾਲੇ ਮਨੁੱਖਾਂ ਦੀ ਸਿਹਤ ਸੰਬੰਧੀ ਯਸਾਯਾਹ 33:24 ਦੱਸਦਾ ਹੈ: “ਕੋਈ ਵਾਸੀ ਨਾ ਆਖੇਗਾ, ਮੈਂ ਬਿਮਾਰ ਹਾਂ।” ਇਸੇ ਤਰ੍ਹਾਂ ਪਰਕਾਸ਼ ਦੀ ਪੋਥੀ 21:4 ਵਾਅਦਾ ਕਰਦਾ ਹੈ: “[ਪਰਮੇਸ਼ੁਰ] ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ [ਅੱਜ ਦੀਆਂ ਮੁਸੀਬਤਾਂ ਤੇ ਦੁੱਖ] ਜਾਂਦੀਆਂ ਰਹੀਆਂ।”

ਲੋਕ ਅਕਸਰ ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਲਈ ਪ੍ਰਾਰਥਨਾ ਕਰਦੇ ਹਨ ਜਦੋਂ ਉਹ ਯਿਸੂ ਦੀ ਆਦਰਸ਼ ਪ੍ਰਾਰਥਨਾ ਦੇ ਇਹ ਸ਼ਬਦ ਦੁਹਰਾਉਂਦੇ ਹਨ: “ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਹੀ ਸੁਰਗ ਵਿੱਚ ਪੂਰੀ ਹੁੰਦੀ ਹੈ ਜਮੀਨ ਉੱਤੇ ਵੀ ਹੋਵੇ।” (ਮੱਤੀ 6:10) ਜੀ ਹਾਂ, ਪਰਮੇਸ਼ੁਰ ਦੀ ਇੱਛਾ ਵਿਚ ਇਹ ਧਰਤੀ ਅਤੇ ਮਨੁੱਖਜਾਤੀ ਵੀ ਸ਼ਾਮਲ ਹਨ। ਹਾਲਾਂਕਿ ਪਰਮੇਸ਼ੁਰ ਨੇ ਇਕ ਖ਼ਾਸ ਕਾਰਨ ਕਰਕੇ ਬੀਮਾਰੀਆਂ ਅਤੇ ਅਪਾਹਜਪੁਣੇ ਨੂੰ ਰਹਿਣ ਦਿੱਤਾ ਹੈ, ਪਰ ਬਹੁਤ ਜਲਦੀ ਇਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪਰਮੇਸ਼ੁਰ ਦੇ “ਪੈਰ ਰੱਖਣ ਦੀ ਚੌਂਕੀ” ਯਾਨੀ ਧਰਤੀ ਉੱਤੇ ਇਹ ਹਮੇਸ਼ਾ ਲਈ ਨਹੀਂ ਰਹਿਣਗੇ।—ਯਸਾਯਾਹ 66:1. *

ਮੁਫ਼ਤ ਵਿਚ ਦਰਦ-ਰਹਿਤ ਇਲਾਜ

ਯਿਸੂ ਨੇ ਲੋਕਾਂ ਦੀ ਹਰ ਤਰ੍ਹਾਂ ਦੀ ਬੀਮਾਰੀ ਦਾ ਬਿਨਾਂ ਦੇਰ ਕੀਤੇ ਅਤੇ ਮੁਫ਼ਤ ਵਿਚ ਦਰਦ-ਰਹਿਤ ਇਲਾਜ ਕੀਤਾ ਸੀ। ਇਸ ਚੰਗਾਈ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਜਲਦੀ ਹੀ “ਬਹੁਤ ਟੋਲੀਆਂ ਲੰਙਿਆਂ, ਅੰਨ੍ਹਿਆਂ, ਗੁੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈਕੇ ਉਹ ਦੇ ਕੋਲ ਆਈਆਂ ਅਤੇ ਉਨ੍ਹਾਂ ਨੂੰ ਉਹ ਦੇ ਚਰਨਾਂ ਉੱਤੇ ਪਾਇਆ ਅਰ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।” ਲੋਕਾਂ ਨੇ ਕਿਸ ਤਰ੍ਹਾਂ ਦਾ ਰਵੱਈਆ ਦਿਖਾਇਆ? ਮੱਤੀ ਨੇ ਆਪਣੀਆਂ ਅੱਖਾਂ ਨਾਲ ਜੋ ਕੁਝ ਦੇਖਿਆ ਸੀ ਉਸ ਬਾਰੇ ਉਹ ਅੱਗੇ ਦੱਸਦਾ ਹੈ: “ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਟੁੰਡੇ ਚੰਗੇ ਹੁੰਦੇ ਅਤੇ ਲੰਙੇ ਤੁਰਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ੁਰ ਦੀ ਵਡਿਆਈ ਕੀਤੀ।”—ਮੱਤੀ 15:30, 31.

ਧਿਆਨ ਦਿਓ ਕਿ ਯਿਸੂ ਨੇ ਬਹਿਰੂਪੀਏ ਵਾਂਗ ਚਾਲ ਖੇਡਦੇ ਹੋਏ ਲੋਕਾਂ ਨੂੰ ਭੀੜ ਵਿੱਚੋਂ ਚੁਣ-ਚੁਣ ਕੇ ਠੀਕ ਨਹੀਂ ਸੀ ਕੀਤਾ। ਇਸ ਦੀ ਬਜਾਇ, ਬੀਮਾਰਾਂ ਦੇ ਰਿਸ਼ਤੇਦਾਰਾਂ ਅਤੇ ਮਿੱਤਰਾਂ ਨੇ “ਉਨ੍ਹਾਂ ਨੂੰ [ਯਿਸੂ] ਦੇ ਚਰਨਾਂ ਉੱਤੇ ਪਾਇਆ ਅਰ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।” ਆਓ ਆਪਾਂ ਚੰਗਾ ਕਰਨ ਦੀ ਯਿਸੂ ਦੀ ਕਾਬਲੀਅਤ ਦੀਆਂ ਕੁਝ ਖ਼ਾਸ ਉਦਾਹਰਣਾਂ ਉੱਤੇ ਗੌਰ ਕਰੀਏ।

ਅੰਨ੍ਹਾਪਣ: ਯਿਸੂ ਜਦੋਂ ਯਰੂਸ਼ਲਮ ਵਿਚ ਸੀ, ਤਾਂ ਉਸ ਨੇ ਇਕ ‘ਜਮਾਂਦਰੂ ਅੰਨ੍ਹੇ’ ਆਦਮੀ ਨੂੰ ਸੁਜਾਖਾ ਕੀਤਾ ਸੀ। ਇਹ ਆਦਮੀ ਸ਼ਹਿਰ ਵਿਚ ਅੰਨ੍ਹੇ ਭਿਖਾਰੀ ਵਜੋਂ ਜਾਣਿਆ ਜਾਂਦਾ ਸੀ। ਇਸ ਲਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਲੋਕਾਂ ਵਿਚ ਕਿੰਨੀ ਖਲਬਲੀ ਮਚੀ ਹੋਣੀ ਜਦੋਂ ਉਨ੍ਹਾਂ ਨੇ ਇਸ ਆਦਮੀ ਨੂੰ ਸੁਜਾਖਾ ਹੋ ਕੇ ਚੱਲਦੇ-ਫਿਰਦੇ ਦੇਖਿਆ! ਪਰ ਸਾਰਿਆਂ ਨੂੰ ਖ਼ੁਸ਼ੀ ਨਹੀਂ ਹੋਈ ਸੀ। ਕੁਝ ਸਮਾਂ ਪਹਿਲਾਂ ਯਿਸੂ ਨੇ ਉੱਘੇ ਤੇ ਅਸਰ-ਰਸੂਖ ਵਾਲੇ ਯਹੂਦੀ ਪੰਥ ਦੇ ਫ਼ਰੀਸੀਆਂ ਦੀ ਦੁਸ਼ਟਤਾ ਦਾ ਪਰਦਾ ਫ਼ਾਸ਼ ਕੀਤਾ ਸੀ ਜਿਸ ਕਰਕੇ ਕੁਝ ਫ਼ਰੀਸੀ ਯਿਸੂ ਵਿਚ ਕਿਸੇ ਧੋਖੇਬਾਜ਼ੀ ਦਾ ਸਬੂਤ ਲੱਭਣ ਲਈ ਉਸ ਦੇ ਪਿੱਛੇ ਪਏ ਹੋਏ ਸਨ। (ਯੂਹੰਨਾ 8:13, 42-44; 9:1, 6-31) ਇਸ ਲਈ ਹੁਣ ਉਨ੍ਹਾਂ ਨੇ ਚੰਗਾ ਕੀਤੇ ਗਏ ਆਦਮੀ ਕੋਲੋਂ ਸਵਾਲ ਪੁੱਛੇ, ਫਿਰ ਉਸ ਦੇ ਮਾਪਿਆਂ ਤੋਂ ਤੇ ਫਿਰ ਮੁੜ ਉਸੇ ਆਦਮੀ ਤੋਂ ਪੁੱਛ-ਗਿੱਛ ਕੀਤੀ। ਪਰ ਫ਼ਰੀਸੀਆਂ ਦੀ ਇਸ ਪੁੱਛ-ਗਿੱਛ ਤੋਂ ਇਹੀ ਸਾਬਤ ਹੋਇਆ ਕਿ ਯਿਸੂ ਨੇ ਸੱਚ-ਮੁੱਚ ਚਮਤਕਾਰ ਕੀਤਾ ਸੀ। ਇਸ ਗੱਲ ਨੇ ਉਨ੍ਹਾਂ ਨੂੰ ਗੁੱਸਾ ਚੜ੍ਹਾ ਦਿੱਤਾ। ਇਨ੍ਹਾਂ ਧਾਰਮਿਕ ਪਖੰਡੀਆਂ ਦੀ ਦੁਸ਼ਟਤਾ ਤੋਂ ਹੈਰਾਨ ਹੋ ਕੇ ਉਸ ਚੰਗੇ ਕੀਤੇ ਗਏ ਆਦਮੀ ਨੇ ਕਿਹਾ: “ਜਗਤ ਦੇ ਮੁੱਢੋਂ ਇਹ ਕਦੇ ਨਹੀਂ ਸੁਣਿਆ ਗਿਆ ਜੋ ਕਿਨ੍ਹੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ! ਜੇ ਇਹ ਪਰਮੇਸ਼ੁਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸੱਕਦਾ।” (ਯੂਹੰਨਾ 9:32, 33) ਨਿਹਚਾ ਦੇ ਇਸ ਖਰੇ ਤੇ ਬੁੱਧੀਮਾਨ ਪ੍ਰਗਟਾਵੇ ਕਾਰਨ ਫ਼ਰੀਸੀਆਂ ਨੇ “ਉਸ ਨੂੰ ਛੇਕ ਦਿੱਤਾ,” ਜਿਸ ਦਾ ਮਤਲਬ ਹੈ ਕਿ ਉਨ੍ਹਾਂ ਨੇ ਉਸ ਆਦਮੀ ਨੂੰ ਸਮਾਜ ਵਿੱਚੋਂ ਕੱਢ ਦਿੱਤਾ।—ਯੂਹੰਨਾ 9:22, 34.

ਬੋਲਾਪਣ: ਯਿਸੂ ਜਦੋਂ ਯਰਦਨ ਨਦੀ ਦੇ ਪੂਰਬ ਵਿਚ ਸਥਿਤ ਦਿਕਾਪੁਲਿਸ ਵਿਚ ਸੀ, ਤਾਂ ‘ਲੋਕ ਇੱਕ ਬੋਲੇ ਨੂੰ ਜਿਹੜਾ ਥਥਲਾ ਵੀ ਸੀ ਉਹ ਦੇ ਕੋਲ ਲਿਆਏ।’ (ਮਰਕੁਸ 7:31, 32) ਯਿਸੂ ਨੇ ਨਾ ਸਿਰਫ਼ ਉਸ ਬੋਲੇ ਆਦਮੀ ਨੂੰ ਚੰਗਾ ਕੀਤਾ, ਸਗੋਂ ਉਸ ਦੀਆਂ ਭਾਵਨਾਵਾਂ ਦਾ ਖ਼ਿਆਲ ਵੀ ਰੱਖਿਆ ਜੋ ਸ਼ਾਇਦ ਭੀੜ ਨੂੰ ਵੇਖ ਕੇ ਘਬਰਾਇਆ ਹੋਇਆ ਸੀ। ਬਾਈਬਲ ਦੱਸਦੀ ਹੈ ਕਿ ਯਿਸੂ ਬੋਲੇ ਆਦਮੀ ਨੂੰ “ਭੀੜ ਤੋਂ ਅਲੱਗ ਲੈ ਗਿਆ” ਤੇ ਉਸ ਨੂੰ ਚੰਗਾ ਕੀਤਾ। ਇਕ ਵਾਰ ਫਿਰ ਚਸ਼ਮਦੀਦ ਗਵਾਹ “ਡਾਢੇ ਹੈਰਾਨ ਹੋ ਕੇ ਬੋਲੇ ਕਿ ਉਹ ਨੇ ਸੱਭੋ ਕੁਝ ਅੱਛਾ ਕੀਤਾ ਹੈ! ਉਹ ਬੋਲਿਆਂ ਨੂੰ ਸੁਣਨ ਅਤੇ ਗੁੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!”—ਮਰਕੁਸ 7:33-37.

ਅਧਰੰਗ: ਯਿਸੂ ਜਦੋਂ ਕਫ਼ਰਨਾਹੂਮ ਵਿਚ ਸੀ, ਤਾਂ ਲੋਕ ਮੰਜੀ ਉੱਤੇ ਇਕ ਅਧਰੰਗੀ ਨੂੰ ਉਸ ਕੋਲ ਲੈ ਕੇ ਆਏ। (ਮੱਤੀ 9:2) ਆਇਤਾਂ 6 ਤੋਂ 8 ਦੱਸਦੀਆਂ ਹਨ ਕਿ ਉਸ ਤੋਂ ਬਾਅਦ ਕੀ ਹੋਇਆ। “[ਯਿਸੂ] ਨੇ ਅਧਰੰਗੀ ਨੂੰ ਕਿਹਾ, ਉੱਠ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾਹ। ਤਾਂ ਉਹ ਉੱਠ ਕੇ ਆਪਣੇ ਘਰ ਨੂੰ ਤੁਰ ਗਿਆ। ਅਤੇ ਭੀੜ ਇਹ ਵੇਖ ਕੇ ਡਰ ਗਈ ਅਰ ਪਰਮੇਸ਼ੁਰ ਦੀ ਵਡਿਆਈ ਕੀਤੀ ਜੋ ਉਹ ਨੇ ਮਨੁੱਖਾਂ ਨੂੰ ਐੱਨਾ ਇਖ਼ਤਿਆਰ ਦਿੱਤਾ।” ਇਹ ਚਮਤਕਾਰ ਵੀ ਯਿਸੂ ਦੇ ਚੇਲਿਆਂ ਅਤੇ ਉਸ ਦੇ ਵੈਰੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ ਸੀ। ਧਿਆਨ ਦਿਓ ਕਿ ਨਫ਼ਰਤ ਅਤੇ ਪੱਖਪਾਤ ਵਿਚ ਅੰਨ੍ਹੇ ਹੋਏ ਫ਼ਰੀਸੀਆਂ ਤੋਂ ਉਲਟ, ਯਿਸੂ ਦੇ ਚੇਲਿਆਂ ਨੇ ਸਭ ਕੁਝ ਦੇਖ ਕੇ “ਪਰਮੇਸ਼ੁਰ ਦੀ ਵਡਿਆਈ ਕੀਤੀ।”

ਰੋਗ: “ਇੱਕ ਕੋੜ੍ਹੀ ਨੇ [ਯਿਸੂ] ਦੇ ਕੋਲ ਆਣ ਕੇ ਉਹ ਦੀ ਮਿੰਨਤ ਕੀਤੀ ਅਰ ਉਹ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਆਖਿਆ, ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸੱਕਦਾ ਹੈਂ। ਅਤੇ ਉਸ ਨੇ ਤਰਸ ਖਾ ਕੇ ਆਪਣਾ ਹੱਥ ਲੰਮਾ ਕੀਤਾ ਅਰ ਉਹ ਨੂੰ ਛੋਹ ਕੇ ਕਿਹਾ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾਹ। ਤਾਂ ਝੱਟ ਉਹ ਦਾ ਕੋੜ੍ਹ ਜਾਂਦਾ ਰਿਹਾ।” (ਮਰਕੁਸ 1:40-42) ਧਿਆਨ ਦਿਓ ਕਿ ਯਿਸੂ ਨੇ ਇਸ ਆਦਮੀ ਨੂੰ ਕੁੜ-ਕੁੜ ਕੇ ਨਹੀਂ ਸਗੋਂ ਦਿਲੋਂ ਤਰਸ ਖਾ ਕੇ ਚੰਗਾ ਕੀਤਾ ਸੀ। ਜ਼ਰਾ ਸੋਚੋ, ਜੇ ਤੁਸੀਂ ਕੋੜ੍ਹੀ ਹੁੰਦੇ। ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਜੇ ਤੁਹਾਨੂੰ ਤੁਰੰਤ ਬਿਨਾਂ ਦੁੱਖ ਲਾਏ ਇਸ ਭਿਆਨਕ ਰੋਗ ਤੋਂ ਚੰਗਾ ਕਰ ਦਿੱਤਾ ਜਾਂਦਾ ਜੋ ਹੌਲੀ-ਹੌਲੀ ਤੁਹਾਡੇ ਸਰੀਰ ਨੂੰ ਘੁਣ ਵਾਂਗ ਖਾ ਰਿਹਾ ਸੀ ਅਤੇ ਜਿਸ ਕਰਕੇ ਤੁਹਾਨੂੰ ਸਮਾਜ ਵਿੱਚੋਂ ਕੱਢ ਦਿੱਤਾ ਗਿਆ ਸੀ? ਤਾਂ ਫਿਰ ਤੁਸੀਂ ਸਮਝ ਸਕਦੇ ਹੋ ਕਿ ਚਮਤਕਾਰੀ ਢੰਗ ਨਾਲ ਚੰਗੇ ਕੀਤੇ ਇਕ ਹੋਰ ਕੋੜ੍ਹੀ ਨੇ ਕਿਉਂ “ਮੂੰਹ ਦੇ ਭਾਰ [ਯਿਸੂ] ਦੇ ਪੈਰੀਂ ਪੈ ਕੇ ਉਹ ਦਾ ਸ਼ੁਕਰ ਕੀਤਾ।”—ਲੂਕਾ 17:12-16.

ਜ਼ਖ਼ਮ: ਯਿਸੂ ਨੂੰ ਗਿਰਫ਼ਤਾਰ ਕਰਨ ਅਤੇ ਸੂਲੀ ਚੜ੍ਹਾਉਣ ਤੋਂ ਪਹਿਲਾਂ ਉਸ ਦਾ ਆਖ਼ਰੀ ਚਮਤਕਾਰ ਵੀ ਚੰਗਾਈ ਦਾ ਕੰਮ ਸੀ। ਯਿਸੂ ਨੂੰ ਗਿਰਫ਼ਤਾਰ ਕਰਨ ਆਏ ਸਿਪਾਹੀਆਂ ਖ਼ਿਲਾਫ਼ ਗੁੱਸੇ ਵਿਚ ਆ ਕੇ ਪਤਰਸ ਰਸੂਲ ਨੇ “ਤਲਵਾਰ ਜੋ ਉਹ ਦੇ ਕੋਲ ਸੀ ਧੂਈ ਅਤੇ ਸਰਦਾਰ ਜਾਜਕ ਦੇ ਚਾਕਰ ਉੱਤੇ ਚਲਾਈ ਅਰ ਉਹ ਦਾ ਸੱਜਾ ਕੰਨ ਉਡਾ ਦਿੱਤਾ।” (ਯੂਹੰਨਾ 18:3-5, 10) ਲੂਕਾ ਦੀ ਕਿਤਾਬ ਵਿਚ ਇਹੀ ਬਿਰਤਾਂਤ ਸਾਨੂੰ ਦੱਸਦਾ ਹੈ ਕਿ ਯਿਸੂ ਨੇ “ਉਹ ਦਾ ਕੰਨ ਛੋਹ ਕੇ ਉਸ ਨੂੰ ਚੰਗਾ ਕੀਤਾ।” (ਲੂਕਾ 22:50, 51) ਇਸ ਵਾਰ ਵੀ ਇਹ ਦਿਆਲੂ ਕੰਮ ਯਿਸੂ ਦੇ ਮਿੱਤਰਾਂ ਅਤੇ ਵੈਰੀਆਂ ਯਾਨੀ ਉਸ ਨੂੰ ਫੜਨ ਆਏ ਲੋਕਾਂ ਦੇ ਸਾਮ੍ਹਣੇ ਕੀਤਾ ਗਿਆ ਸੀ।

ਜੀ ਹਾਂ, ਜਿੰਨੀ ਬਾਰੀਕੀ ਨਾਲ ਅਸੀਂ ਯਿਸੂ ਦੇ ਚਮਤਕਾਰਾਂ ਦੀ ਜਾਂਚ ਕਰਾਂਗੇ, ਸਾਨੂੰ ਉੱਨਾ ਹੀ ਜ਼ਿਆਦਾ ਯਕੀਨ ਹੁੰਦਾ ਜਾਵੇਗਾ ਕਿ ਇਹ ਚਮਤਕਾਰ ਸੱਚ-ਮੁੱਚ ਹੋਏ ਸਨ। (2 ਤਿਮੋਥਿਉਸ 3:16) ਜਿਵੇਂ ਸ਼ੁਰੂ ਵਿਚ ਦੱਸਿਆ ਗਿਆ ਸੀ, ਅਜਿਹਾ ਅਧਿਐਨ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੋਵੇਗੀ ਕਿ ਪਰਮੇਸ਼ੁਰ ਆਗਿਆਕਾਰ ਇਨਸਾਨਾਂ ਨੂੰ ਚੰਗਾ ਕਰਨ ਦਾ ਆਪਣਾ ਵਾਅਦਾ ਜ਼ਰੂਰ ਪੂਰਾ ਕਰੇਗਾ। ਬਾਈਬਲ ਦੱਸਦੀ ਹੈ ਕਿ ਮਸੀਹੀ ਨਿਹਚਾ “ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ।” (ਟੇਢੇ ਟਾਈਪ ਸਾਡੇ।) (ਇਬਰਾਨੀਆਂ 11:1) ਇਸ ਤੋਂ ਸਪੱਸ਼ਟ ਹੈ ਕਿ ਪਰਮੇਸ਼ੁਰ ਅੱਖਾਂ ਬੰਦ ਕਰ ਕੇ ਨਿਹਚਾ ਕਰਨ ਲਈ ਨਹੀਂ, ਸਗੋਂ ਸਬੂਤ ਉੱਤੇ ਆਧਾਰਿਤ ਪੱਕੀ ਨਿਹਚਾ ਕਰਨ ਲਈ ਉਤਸ਼ਾਹਿਤ ਕਰਦਾ ਹੈ। (1 ਯੂਹੰਨਾ 4:1) ਅਜਿਹੀ ਨਿਹਚਾ ਪੈਦਾ ਕਰਨ ਨਾਲ ਅਸੀਂ ਅਧਿਆਤਮਿਕ ਤੌਰ ਤੇ ਹੋਰ ਜ਼ਿਆਦਾ ਮਜ਼ਬੂਤ, ਸਿਹਤਮੰਦ ਅਤੇ ਖ਼ੁਸ਼ ਹੋਵਾਂਗੇ।—ਮੱਤੀ 5:3, ਨਿ ਵ; ਰੋਮੀਆਂ 10:17.

ਅਧਿਆਤਮਿਕ ਚੰਗਾਈ ਨੂੰ ਪਹਿਲ ਦਿਓ!

ਕਈ ਸਰੀਰਕ ਤੌਰ ਤੇ ਸਿਹਤਮੰਦ ਲੋਕ ਖ਼ੁਸ਼ ਨਹੀਂ ਹਨ। ਕੁਝ ਲੋਕ ਆਤਮ-ਹੱਤਿਆ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ ਕਿਉਂਕਿ ਭਵਿੱਖ ਵਿਚ ਉਨ੍ਹਾਂ ਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਜਾਂ ਉਹ ਸਮੱਸਿਆਵਾਂ ਦੇ ਬੋਝ ਥੱਲੇ ਦੱਬੇ ਹੋਏ ਮਹਿਸੂਸ ਕਰਦੇ ਹਨ। ਇਕ ਤਰੀਕੇ ਨਾਲ ਉਹ ਅਧਿਆਤਮਿਕ ਤੌਰ ਤੇ ਅਪਾਹਜ ਹਨ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਹ ਅਪਾਹਜਪੁਣਾ ਸਰੀਰਕ ਅਪਾਹਜਪੁਣੇ ਤੋਂ ਕਿਤੇ ਜ਼ਿਆਦਾ ਗੰਭੀਰ ਹੈ। (ਯੂਹੰਨਾ 9:41) ਦੂਜੇ ਪਾਸੇ, ਪਹਿਲੇ ਲੇਖ ਵਿਚ ਜ਼ਿਕਰ ਕੀਤੇ ਕ੍ਰਿਸਚਨ ਅਤੇ ਜੂਨੀਅਰ ਵਰਗੇ ਬਹੁਤ ਸਾਰੇ ਅਪਾਹਜ ਲੋਕ ਖ਼ੁਸ਼ ਹਨ ਤੇ ਉਨ੍ਹਾਂ ਦੀ ਜ਼ਿੰਦਗੀ ਮਕਸਦ ਭਰੀ ਹੈ। ਕਿਉਂ? ਕਿਉਂਕਿ ਉਹ ਅਧਿਆਤਮਿਕ ਤੌਰ ਤੇ ਸਿਹਤਮੰਦ ਹਨ ਅਤੇ ਉਨ੍ਹਾਂ ਨੂੰ ਬਾਈਬਲ ਵਿਚ ਦਿੱਤੀ ਗਈ ਪੱਕੀ ਉਮੀਦ ਤੋਂ ਤਾਕਤ ਮਿਲੀ ਹੈ।

ਮਨੁੱਖਾਂ ਦੀ ਅਨੋਖੀ ਲੋੜ ਬਾਰੇ ਦੱਸਦੇ ਹੋਏ ਯਿਸੂ ਨੇ ਕਿਹਾ: “ਇਨਸਾਨ ਨਿਰੀ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ੁਰ ਦੇ ਮੁਖੋਂ ਨਿੱਕਲਦਾ ਹੈ।” (ਮੱਤੀ 4:4) ਜੀ ਹਾਂ, ਜਾਨਵਰਾਂ ਤੋਂ ਉਲਟ, ਇਨਸਾਨਾਂ ਨੂੰ ਸਿਰਫ਼ ਸਰੀਰਕ ਭੋਜਨ ਦੀ ਹੀ ਨਹੀਂ, ਸਗੋਂ ਕਿਸੇ ਹੋਰ ਚੀਜ਼ ਦੀ ਵੀ ਲੋੜ ਹੈ। ਪਰਮੇਸ਼ੁਰ ਦੇ “ਸਰੂਪ” ਉੱਤੇ ਰਚੇ ਹੋਣ ਕਾਰਨ ਸਾਨੂੰ ਅਧਿਆਤਮਿਕ ਭੋਜਨ ਯਾਨੀ ਪਰਮੇਸ਼ੁਰ ਦਾ ਗਿਆਨ ਲੈਣ ਦੀ ਲੋੜ ਹੈ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਪਰਮੇਸ਼ੁਰ ਦੇ ਮਕਸਦ ਵਿਚ ਤੇ ਉਸ ਦੀ ਮਰਜ਼ੀ ਪੂਰੀ ਕਰਨ ਵਿਚ ਸਾਡੀ ਕੀ ਭੂਮਿਕਾ ਹੈ। (ਉਤਪਤ 1:27; ਯੂਹੰਨਾ 4:34) ਪਰਮੇਸ਼ੁਰ ਦਾ ਗਿਆਨ ਸਾਡੀਆਂ ਜ਼ਿੰਦਗੀਆਂ ਨੂੰ ਮਕਸਦ ਦਿੰਦਾ ਹੈ ਅਤੇ ਸਾਨੂੰ ਪਰਮੇਸ਼ੁਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦਾ ਹੈ। ਇਹ ਫਿਰਦੌਸ ਰੂਪੀ ਧਰਤੀ ਉੱਤੇ ਸਦਾ ਦੀ ਜ਼ਿੰਦਗੀ ਜੀਉਣ ਦਾ ਆਧਾਰ ਵੀ ਦਿੰਦਾ ਹੈ। “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।”—ਯੂਹੰਨਾ 17:3.

ਇਹ ਧਿਆਨ ਦੇਣ ਯੋਗ ਗੱਲ ਹੈ ਕਿ ਯਿਸੂ ਦੇ ਦਿਨਾਂ ਵਿਚ ਲੋਕ ਉਸ ਨੂੰ “ਚੰਗਾ ਕਰਨ ਵਾਲੇ” ਵਜੋਂ ਨਹੀਂ ਸਗੋਂ “ਗੁਰੂ” ਕਹਿ ਕੇ ਸੰਬੋਧਿਤ ਕਰਦੇ ਸਨ। (ਲੂਕਾ 3:12; 7:40) ਕਿਉਂ? ਕਿਉਂਕਿ ਯਿਸੂ ਨੇ ਲੋਕਾਂ ਨੂੰ ਮਨੁੱਖਜਾਤੀ ਦੀਆਂ ਸਮੱਸਿਆਵਾਂ ਦੇ ਸਥਾਈ ਹੱਲ—ਪਰਮੇਸ਼ੁਰ ਦੇ ਰਾਜ—ਬਾਰੇ ਸਿਖਾਇਆ ਸੀ। (ਲੂਕਾ 4:43; ਯੂਹੰਨਾ 6:26, 27) ਯਿਸੂ ਦੇ ਹੱਥਾਂ ਵਿਚ ਇਹ ਸਵਰਗੀ ਸਰਕਾਰ ਪੂਰੀ ਧਰਤੀ ਉੱਤੇ ਰਾਜ ਕਰੇਗੀ ਅਤੇ ਧਰਮੀ ਮਨੁੱਖਾਂ ਅਤੇ ਉਨ੍ਹਾਂ ਦੇ ਜ਼ਮੀਨੀ ਘਰ ਦੀ ਮੁੜ-ਬਹਾਲੀ ਸੰਬੰਧੀ ਬਾਈਬਲ ਦੇ ਸਾਰੇ ਵਾਅਦੇ ਪੂਰੇ ਕਰੇਗੀ। (ਪਰਕਾਸ਼ ਦੀ ਪੋਥੀ 11:15) ਇਸ ਕਰਕੇ ਯਿਸੂ ਨੇ ਆਪਣੀ ਆਦਰਸ਼ ਪ੍ਰਾਰਥਨਾ ਵਿਚ ਪਰਮੇਸ਼ੁਰ ਦੇ ਰਾਜ ਦੇ ਆਉਣ ਦਾ ਸੰਬੰਧ ਧਰਤੀ ਉੱਤੇ ਪਰਮੇਸ਼ੁਰ ਦੀ ਇੱਛਾ ਪੂਰੀ ਹੋਣ ਦੇ ਨਾਲ ਜੋੜਿਆ ਸੀ।—ਮੱਤੀ 6:10.

ਇਸ ਸ਼ਾਨਦਾਰ ਉਮੀਦ ਬਾਰੇ ਸਿੱਖਣ ਤੋਂ ਬਾਅਦ ਬਹੁਤ ਸਾਰੇ ਅਪਾਹਜ ਲੋਕਾਂ ਦੇ ਦੁੱਖ ਦੇ ਹੰਝੂ ਖ਼ੁਸ਼ੀ ਦੇ ਹੰਝੂਆਂ ਵਿਚ ਬਦਲ ਗਏ। (ਲੂਕਾ 6:21) ਅਸਲ ਵਿਚ ਪਰਮੇਸ਼ੁਰ ਨਾ ਸਿਰਫ਼ ਬੀਮਾਰੀਆਂ ਅਤੇ ਅਪਾਹਜਪੁਣੇ ਨੂੰ ਖ਼ਤਮ ਕਰੇਗਾ, ਸਗੋਂ ਇਨ੍ਹਾਂ ਮਨੁੱਖੀ ਦੁੱਖਾਂ ਦੀ ਜੜ੍ਹ ਯਾਨੀ ਪਾਪ ਨੂੰ ਵੀ ਮਿਟਾ ਸੁੱਟੇਗਾ। ਪਹਿਲਾਂ ਜ਼ਿਕਰ ਕੀਤੇ ਹਵਾਲੇ ਯਸਾਯਾਹ 33:24 ਅਤੇ ਮੱਤੀ 9:2-7 ਬੀਮਾਰੀਆਂ ਦਾ ਸੰਬੰਧ ਸਾਡੀ ਪਾਪੀ ਹਾਲਤ ਨਾਲ ਜੋੜਦੇ ਹਨ। (ਰੋਮੀਆਂ 5:12) ਇਸ ਤਰ੍ਹਾਂ, ਜਦੋਂ ਪਾਪ ਨੂੰ ਖ਼ਤਮ ਕੀਤਾ ਜਾਵੇਗਾ, ਤਾਂ ਮਨੁੱਖਜਾਤੀ “ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ” ਦਾ ਆਨੰਦ ਮਾਣੇਗੀ—ਅਜਿਹੀ ਆਜ਼ਾਦੀ ਜਿਸ ਵਿਚ ਤਨ-ਮਨ ਮੁਕੰਮਲ ਹੋ ਜਾਣਗੇ।—ਰੋਮੀਆਂ 8:21.

ਜਿਹੜੇ ਲੋਕ ਚੰਗੀ ਸਿਹਤ ਦਾ ਆਨੰਦ ਮਾਣਦੇ ਹਨ, ਉਹ ਅਕਸਰ ਇਸ ਬਾਰੇ ਘੱਟ ਹੀ ਸੋਚਦੇ ਹਨ। ਪਰ ਜਿਨ੍ਹਾਂ ਨੂੰ ਅਪਾਹਜ ਹੋਣ ਦਾ ਸਦਮਾ ਲੱਗਾ ਹੈ ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਸਿਹਤ ਅਤੇ ਜ਼ਿੰਦਗੀ ਦੀ ਅਹਿਮੀਅਤ ਜਾਣਦੇ ਹਨ ਅਤੇ ਇਹ ਵੀ ਜਾਣਦੇ ਹਨ ਕਿ ਕਿਵੇਂ ਅਚਾਨਕ ਹਾਲਾਤ ਬਦਲ ਸਕਦੇ ਹਨ। (ਉਪਦੇਸ਼ਕ ਦੀ ਪੋਥੀ 9:11) ਇਸ ਲਈ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਪਾਠਕਾਂ ਵਿੱਚੋਂ ਜਿਹੜੇ ਅਪਾਹਜ ਹਨ, ਉਹ ਬਾਈਬਲ ਵਿਚ ਦਰਜ ਪਰਮੇਸ਼ੁਰ ਦੇ ਸ਼ਾਨਦਾਰ ਵਾਅਦਿਆਂ ਵੱਲ ਖ਼ਾਸ ਧਿਆਨ ਦੇਣਗੇ। ਇਨ੍ਹਾਂ ਵਾਅਦਿਆਂ ਦੀ ਪੂਰਤੀ ਨੂੰ ਯਕੀਨੀ ਬਣਾਉਣ ਲਈ ਯਿਸੂ ਨੇ ਆਪਣੀ ਜ਼ਿੰਦਗੀ ਦਿੱਤੀ। ਇਸ ਤੋਂ ਬਿਹਤਰ ਗਾਰੰਟੀ ਹੋਰ ਕਿਹੜੀ ਹੋ ਸਕਦੀ ਹੈ?—ਮੱਤੀ 8:16, 17; ਯੂਹੰਨਾ 3:16.

[ਫੁਟਨੋਟ]

^ ਪੈਰਾ 6 ਪਰਮੇਸ਼ੁਰ ਨੇ ਦੁੱਖਾਂ ਨੂੰ ਕਿਉਂ ਰਹਿਣ ਦਿੱਤਾ ਹੈ, ਇਸ ਬਾਰੇ ਜਾਣਨ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪਿਆ ਬਰੋਸ਼ਰ ਕੀ ਪਰਮੇਸ਼ੁਰ ਸੱਚ-ਮੁੱਚ ਸਾਡੀ ਪਰਵਾਹ ਕਰਦਾ ਹੈ? ਦੇਖੋ।