Skip to content

Skip to table of contents

ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨਾ

ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨਾ

ਜੀਵਨੀ

ਆਪਣੇ ਬੱਚਿਆਂ ਦੇ ਦਿਲਾਂ ਵਿਚ ਯਹੋਵਾਹ ਲਈ ਪਿਆਰ ਪੈਦਾ ਕਰਨਾ

ਵਰਨਰ ਮੈਟਸਨ ਦੀ ਜ਼ਬਾਨੀ

ਕੁਝ ਸਾਲ ਪਹਿਲਾਂ ਮੇਰੇ ਸਭ ਤੋਂ ਵੱਡੇ ਮੁੰਡੇ ਹਾਂਸ ਵਰਨਰ ਨੇ ਮੈਨੂੰ ਇਕ ਬਾਈਬਲ ਦਿੱਤੀ ਸੀ। ਉਸ ਨੇ ਪਹਿਲੇ ਸਫ਼ੇ ਤੇ ਲਿਖਿਆ ਸੀ: “ਪਿਆਰੇ ਪਿਤਾ ਜੀ, ਮੇਰੀ ਦੁਆ ਹੈ ਕਿ ਯਹੋਵਾਹ ਦਾ ਬਚਨ ਜੀਵਨ ਦੇ ਰਾਹ ਤੇ ਚੱਲਦੇ ਰਹਿਣ ਲਈ ਹਮੇਸ਼ਾ ਸਾਡੇ ਪਰਿਵਾਰ ਨੂੰ ਸੇਧ ਦਿੰਦਾ ਰਹੇ। ਧੰਨਵਾਦ ਸਹਿਤ, ਤੁਹਾਡਾ ਵੱਡਾ ਪੁੱਤਰ।” ਮਾਪੇ ਹੀ ਸਮਝ ਸਕਦੇ ਹਨ ਕਿ ਇਨ੍ਹਾਂ ਸ਼ਬਦਾਂ ਨੇ ਮੇਰੇ ਦਿਲ ਨੂੰ ਕਿੰਨੀ ਸ਼ੁਕਰਗੁਜ਼ਾਰੀ ਤੇ ਖ਼ੁਸ਼ੀ ਨਾਲ ਭਰ ਦਿੱਤਾ ਸੀ। ਪਰ ਉਸ ਵੇਲੇ ਮੈਂ ਨਹੀਂ ਸੀ ਜਾਣਦਾ ਕਿ ਸਾਡੇ ਪਰਿਵਾਰ ਨੂੰ ਅਜੇ ਕਈ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈਣਾ ਸੀ।

ਮੈਂ 1924 ਵਿਚ ਜਰਮਨੀ ਦੀ ਹੈਂਬਰਗ ਬੰਦਰਗਾਹ ਤੋਂ ਕੁਝ 20 ਕਿਲੋਮੀਟਰ ਦੂਰ ਹੌਲਸਟਨਬੈੱਕ ਵਿਚ ਪੈਦਾ ਹੋਇਆ ਸੀ। ਮੈਨੂੰ ਮੇਰੀ ਮਾਂ ਤੇ ਨਾਨਾ ਜੀ ਨੇ ਪਾਲਿਆ-ਪੋਸਿਆ ਸੀ। ਸੰਦ ਬਣਾਉਣ ਦੀ ਸਿੱਖਿਆ ਲੈਣ ਤੋਂ ਬਾਅਦ ਮੈਂ 1942 ਵਿਚ ਵੇਰਮਾਖਤ ਯਾਨੀ ਫ਼ੌਜ ਵਿਚ ਭਰਤੀ ਹੋ ਗਿਆ। ਦੂਜੇ ਵਿਸ਼ਵ ਯੁੱਧ ਦੌਰਾਨ ਰੂਸੀ ਮੋਰਚੇ ਤੇ ਲੜਦੇ ਸਮੇਂ ਜੋ ਕੁਝ ਮੈਂ ਦੇਖਿਆ, ਉਹ ਇੰਨਾ ਭਿਆਨਕ ਸੀ ਕਿ ਉਸ ਨੂੰ ਸ਼ਬਦਾਂ ਵਿਚ ਬਿਆਨ ਕਰਦਿਆਂ ਡਰ ਲੱਗਦਾ ਹੈ। ਇਸੇ ਦੌਰਾਨ ਮੈਨੂੰ ਮਿਆਦੀ ਬੁਖ਼ਾਰ ਹੋ ਗਿਆ, ਪਰ ਇਲਾਜ ਤੋਂ ਬਾਅਦ ਮੈਨੂੰ ਫਿਰ ਮੋਰਚੇ ਉੱਤੇ ਭੇਜ ਦਿੱਤਾ ਗਿਆ। ਜਨਵਰੀ 1945 ਵਿਚ ਜਦੋਂ ਮੈਂ ਪੋਲੈਂਡ ਦੇ ਲੂਜ ਸ਼ਹਿਰ ਵਿਚ ਸੀ, ਤਾਂ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਤੇ ਮੈਨੂੰ ਮਿਲਟਰੀ ਹਸਪਤਾਲ ਵਿਚ ਦਾਖ਼ਲ ਕਰਾ ਦਿੱਤਾ ਗਿਆ। ਯੁੱਧ ਖ਼ਤਮ ਹੋਣ ਤਕ ਮੈਂ ਉੱਥੇ ਹੀ ਸੀ। ਹਸਪਤਾਲ ਵਿਚ ਤੇ ਬਾਅਦ ਵਿਚ ਨੌਲਨਗੌਮ ਦੀ ਜੇਲ੍ਹ ਵਿਚ ਮੇਰੇ ਕੋਲ ਸੋਚਣ ਲਈ ਕਾਫ਼ੀ ਸਮਾਂ ਸੀ। ਇਹ ਸਵਾਲ ਮੈਨੂੰ ਪਰੇਸ਼ਾਨ ਕਰਦੇ ਰਹਿੰਦੇ ਸਨ ਕਿ ਕੀ ਸੱਚ-ਮੁੱਚ ਕੋਈ ਪਰਮੇਸ਼ੁਰ ਹੈ? ਜੇ ਹੈ, ਤਾਂ ਉਹ ਕਿਉਂ ਐਨਾ ਅਤਿਆਚਾਰ ਹੋਣ ਦਿੰਦਾ ਹੈ?

ਸਤੰਬਰ 1947 ਵਿਚ ਜੇਲ੍ਹ ਤੋਂ ਰਿਹਾ ਹੋਣ ਤੋਂ ਜਲਦੀ ਬਾਅਦ ਮੈਂ ਕਾਰਲਾ ਨਾਲ ਵਿਆਹ ਕਰਾ ਲਿਆ। ਅਸੀਂ ਇੱਕੋ ਸ਼ਹਿਰ ਵਿਚ ਵੱਡੇ ਹੋਏ ਸਾਂ। ਕਾਰਲਾ ਕੈਥੋਲਿਕ ਧਰਮ ਨੂੰ ਮੰਨਦੀ ਸੀ, ਪਰ ਮੈਨੂੰ ਬਚਪਨ ਤੋਂ ਕਿਸੇ ਵੀ ਧਰਮ ਦੀ ਸਿੱਖਿਆ ਨਹੀਂ ਦਿੱਤੀ ਗਈ ਸੀ। ਜਿਸ ਪਾਦਰੀ ਨੇ ਸਾਡਾ ਵਿਆਹ ਕਰਾਇਆ ਸੀ, ਉਸ ਨੇ ਸਾਨੂੰ ਸਲਾਹ ਦਿੱਤੀ ਸੀ ਕਿ ਸਾਨੂੰ ਘੱਟੋ-ਘੱਟ ਹਰ ਸ਼ਾਮ ਇਕੱਠਿਆਂ ਹੀ ਪ੍ਰਭੂ ਦੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਅਸੀਂ ਉਸੇ ਤਰ੍ਹਾਂ ਕੀਤਾ ਜਿਵੇਂ ਉਸ ਨੇ ਕਿਹਾ ਸੀ, ਪਰ ਸਾਨੂੰ ਉਸ ਪ੍ਰਾਰਥਨਾ ਦਾ ਮਤਲਬ ਨਹੀਂ ਪਤਾ ਸੀ।

ਇਕ ਸਾਲ ਬਾਅਦ ਹਾਂਸ ਵਰਨਰ ਪੈਦਾ ਹੋਇਆ। ਲਗਭਗ ਉਸੇ ਸਮੇਂ ਮੇਰੇ ਨਾਲ ਕੰਮ ਕਰਦੇ ਵਿਲਹੇਲਮ ਆਰੈਨਸ ਨੇ ਮੈਨੂੰ ਯਹੋਵਾਹ ਦੇ ਗਵਾਹਾਂ ਨਾਲ ਮਿਲਾਇਆ। ਉਸ ਨੇ ਮੈਨੂੰ ਬਾਈਬਲ ਵਿੱਚੋਂ ਦਿਖਾਇਆ ਕਿ ਇਕ ਦਿਨ ਲੜਾਈਆਂ ਨੂੰ ਮੁਕਾ ਦਿੱਤਾ ਜਾਵੇਗਾ। (ਜ਼ਬੂਰ 46:9) ਸੰਨ 1950 ਵਿਚ ਮੈਂ ਆਪਣੀ ਜ਼ਿੰਦਗੀ ਯਹੋਵਾਹ ਨੂੰ ਸਮਰਪਿਤ ਕਰ ਦਿੱਤੀ ਤੇ ਬਪਤਿਸਮਾ ਲੈ ਲਿਆ। ਮੈਨੂੰ ਕਿੰਨੀ ਖ਼ੁਸ਼ੀ ਹੋਈ ਜਦੋਂ ਇਕ ਸਾਲ ਬਾਅਦ ਮੇਰੀ ਪਿਆਰੀ ਪਤਨੀ ਨੇ ਵੀ ਬਪਤਿਸਮਾ ਲੈ ਲਿਆ!

ਬੱਚਿਆਂ ਨੂੰ ਯਹੋਵਾਹ ਦੇ ਰਾਹਾਂ ਬਾਰੇ ਸਿਖਾਉਣਾ

ਮੈਂ ਬਾਈਬਲ ਵਿਚ ਪੜ੍ਹਿਆ ਕਿ ਵਿਆਹ ਦੀ ਸ਼ੁਰੂਆਤ ਯਹੋਵਾਹ ਨੇ ਕੀਤੀ ਸੀ। (ਉਤਪਤ 1:26-28; 2:22-24) ਆਪਣੇ ਬੱਚਿਆਂ—ਹਾਂਸ ਵਰਨਰ, ਕਾਰਲ-ਹਾਇੰਸ, ਮਿਖ਼ਾਏਲ, ਗਾਬ੍ਰੀਏਲ ਅਤੇ ਟੋਮਾਸ—ਦੇ ਪੈਦਾ ਹੋਣ ਵੇਲੇ ਮੈਂ ਵੀ ਉੱਥੇ ਮੌਜੂਦ ਸੀ। ਇਸ ਨਾਲ ਇਕ ਚੰਗਾ ਪਤੀ ਤੇ ਪਿਤਾ ਹੋਣ ਦਾ ਮੇਰਾ ਇਰਾਦਾ ਹੋਰ ਪੱਕਾ ਹੋਇਆ। ਮੈਨੂੰ ਤੇ ਕਾਰਲਾ ਨੂੰ ਆਪਣੇ ਹਰ ਇਕ ਬੱਚੇ ਦੇ ਪੈਦਾ ਹੋਣ ਤੇ ਬੜੀ ਖ਼ੁਸ਼ੀ ਹੋਈ ਸੀ।

ਨਰਮਬਰਗ ਸ਼ਹਿਰ ਵਿਚ 1953 ਨੂੰ ਹੋਇਆ ਯਹੋਵਾਹ ਦੇ ਗਵਾਹਾਂ ਦਾ ਸੰਮੇਲਨ ਸਾਡੇ ਪਰਿਵਾਰ ਲਈ ਇਕ ਮਹੱਤਵਪੂਰਣ ਮੌਕਾ ਸੀ। ਸ਼ੁੱਕਰਵਾਰ ਦੁਪਹਿਰ ਨੂੰ “ਨਵੇਂ ਸੰਸਾਰ ਦੇ ਸਮਾਜ ਵਿਚ ਬੱਚਿਆਂ ਦੀ ਪਾਲਣਾ” ਨਾਮਕ ਭਾਸ਼ਣ ਵਿਚ ਭਾਸ਼ਣਕਾਰ ਨੇ ਇਕ ਅਜਿਹੀ ਗੱਲ ਕਹੀ ਜਿਸ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ: “ਸਭ ਤੋਂ ਵੱਡੀ ਵਿਰਾਸਤ ਜੋ ਅਸੀਂ ਆਪਣੇ ਬੱਚਿਆਂ ਨੂੰ ਦੇ ਸਕਦੇ ਹਾਂ ਉਹ ਹੈ ਪਰਮੇਸ਼ੁਰ ਦੇ ਸੇਵਕ ਬਣਨ ਦੀ ਇੱਛਾ।” ਯਹੋਵਾਹ ਦੀ ਮਦਦ ਨਾਲ ਮੈਂ ਤੇ ਕਾਰਲਾ ਇਸੇ ਤਰ੍ਹਾਂ ਕਰਨਾ ਚਾਹੁੰਦੇ ਸਾਂ। ਪਰ ਕਿਵੇਂ?

ਸਭ ਤੋਂ ਪਹਿਲਾਂ ਅਸੀਂ ਸਾਰਾ ਪਰਿਵਾਰ ਮਿਲ ਕੇ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ। ਇਸ ਤਰ੍ਹਾਂ ਕਰਨ ਨਾਲ ਬੱਚਿਆਂ ਨੇ ਪ੍ਰਾਰਥਨਾ ਕਰਨ ਦੀ ਅਹਿਮੀਅਤ ਨੂੰ ਸਮਝਿਆ। ਸਾਰੇ ਬੱਚਿਆਂ ਨੇ ਬਚਪਨ ਤੋਂ ਹੀ ਸਿੱਖ ਲਿਆ ਕਿ ਖਾਣਾ ਖਾਣ ਤੋਂ ਪਹਿਲਾਂ ਅਸੀਂ ਹਮੇਸ਼ਾ ਪ੍ਰਾਰਥਨਾ ਕਰਨੀ ਹੈ। ਜਦੋਂ ਉਹ ਬਹੁਤ ਹੀ ਛੋਟੇ ਸਨ, ਤਾਂ ਉਦੋਂ ਵੀ ਉਹ ਆਪਣੀ ਦੁੱਧ ਦੀ ਬੋਤਲ ਨੂੰ ਦੇਖਦੇ ਹੀ ਆਪਣੇ ਿਨੱਕੇ-ਿਨੱਕੇ ਹੱਥਾਂ ਨੂੰ ਜੋੜ ਕੇ ਆਪਣੇ ਛੋਟੇ-ਛੋਟੇ ਸਿਰਾਂ ਨੂੰ ਝੁਕਾ ਲੈਂਦੇ ਸਨ। ਇਕ ਮੌਕੇ ਤੇ ਮੇਰੀ ਪਤਨੀ ਦੇ ਰਿਸ਼ਤੇਦਾਰਾਂ ਨੇ ਸਾਨੂੰ ਵਿਆਹ ਤੇ ਸੱਦਿਆ। ਉਹ ਯਹੋਵਾਹ ਦੇ ਗਵਾਹ ਨਹੀਂ ਸਨ। ਰਸਮ ਤੋਂ ਬਾਅਦ ਲਾੜੀ ਦੇ ਮਾਪਿਆਂ ਨੇ ਪਰਾਹੁਣਿਆਂ ਨੂੰ ਨਾਸ਼ਤੇ ਵਾਸਤੇ ਆਪਣੇ ਘਰ ਬੁਲਾਇਆ। ਸਾਰਿਆਂ ਨੇ ਪਲੇਟਾਂ ਚੁੱਕ ਲਈਆਂ। ਪਰ ਸਾਡੇ ਪੰਜ ਸਾਲ ਦੇ ਕਾਰਲ-ਹਾਇੰਸ ਨੂੰ ਇਹ ਸਹੀ ਨਹੀਂ ਲੱਗਾ। “ਕਿਰਪਾ ਕਰ ਕੇ ਪਹਿਲਾਂ ਪ੍ਰਾਰਥਨਾ ਕਰੋ,” ਉਸ ਨੇ ਕਿਹਾ। ਪਰਾਹੁਣਿਆਂ ਨੇ ਪਹਿਲਾਂ ਉਸ ਵੱਲ, ਫਿਰ ਸਾਡੇ ਵੱਲ ਤੇ ਅਖ਼ੀਰ ਮੇਜ਼ਬਾਨ ਵੱਲ ਦੇਖਿਆ। ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਖੜ੍ਹੀ ਨਾ ਹੋਵੇ, ਇਸ ਲਈ ਮੈਂ ਮੇਜ਼ਬਾਨ ਨੂੰ ਕਿਹਾ ਕਿ ਜੇ ਉਹ ਚਾਹੇ ਤਾਂ ਮੈਂ ਖਾਣੇ ਲਈ ਪ੍ਰਾਰਥਨਾ ਕਰ ਸਕਦਾ ਹਾਂ। ਮੇਜ਼ਬਾਨ ਮੰਨ ਗਿਆ।

ਉਸ ਮੌਕੇ ਤੇ ਮੈਨੂੰ ਯਿਸੂ ਦੇ ਇਹ ਸ਼ਬਦ ਚੇਤੇ ਆਏ: “ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਤੈਂ ਉਸਤਤ ਪੂਰੀ ਕਰਵਾਈ।” (ਮੱਤੀ 21:16) ਸਾਨੂੰ ਯਕੀਨ ਹੈ ਕਿ ਸਾਡੀਆਂ ਬਾਕਾਇਦਾ ਕੀਤੀਆਂ ਦਿਲੀ ਪ੍ਰਾਰਥਨਾਵਾਂ ਨੇ ਬੱਚਿਆਂ ਦੀ ਯਹੋਵਾਹ ਨੂੰ ਇਕ ਪ੍ਰੇਮਮਈ ਸਵਰਗੀ ਪਿਤਾ ਦੇ ਰੂਪ ਵਿਚ ਦੇਖਣ ਵਿਚ ਮਦਦ ਕੀਤੀ ਹੈ।

ਯਹੋਵਾਹ ਪ੍ਰਤੀ ਸਾਡੀ ਜ਼ਿੰਮੇਵਾਰੀ

ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਪਿਆਰ ਪੈਦਾ ਕਰਨ ਲਈ ਬਾਕਾਇਦਾ ਪਰਮੇਸ਼ੁਰ ਦਾ ਬਚਨ ਪੜ੍ਹਨਾ ਤੇ ਅਧਿਐਨ ਕਰਨਾ ਵੀ ਜ਼ਰੂਰੀ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਅਸੀਂ ਹਰ ਹਫ਼ਤੇ ਸੋਮਵਾਰ ਸ਼ਾਮ ਨੂੰ ਪਰਿਵਾਰਕ ਅਧਿਐਨ ਕਰਦੇ ਸਾਂ। ਸਾਡੇ ਸਭ ਤੋਂ ਵੱਡੇ ਤੇ ਸਭ ਤੋਂ ਛੋਟੇ ਬੱਚੇ ਵਿਚ ਨੌਂ ਸਾਲ ਦਾ ਫ਼ਰਕ ਹੋਣ ਕਰਕੇ ਬੱਚਿਆਂ ਦੀਆਂ ਲੋੜਾਂ ਬਹੁਤ ਹੀ ਵੱਖਰੀਆਂ-ਵੱਖਰੀਆਂ ਸਨ। ਇਸ ਲਈ ਸਾਰੇ ਬੱਚਿਆਂ ਨਾਲ ਇੱਕੋ ਜਿਹੀ ਸਾਮੱਗਰੀ ਦਾ ਅਧਿਐਨ ਕਰਨਾ ਹਮੇਸ਼ਾ ਸੰਭਵ ਨਹੀਂ ਹੁੰਦਾ ਸੀ।

ਉਦਾਹਰਣ ਲਈ, ਜਿਨ੍ਹਾਂ ਬੱਚਿਆਂ ਦੀ ਉਮਰ ਅਜੇ ਸਕੂਲ ਜਾਣ ਦੀ ਨਹੀਂ ਸੀ, ਉਨ੍ਹਾਂ ਨੂੰ ਅਸੀਂ ਸੌਖੀ ਸਿੱਖਿਆ ਦਿੰਦੇ ਸਾਂ। ਕਾਰਲਾ ਉਨ੍ਹਾਂ ਨਾਲ ਸਿਰਫ਼ ਬਾਈਬਲ ਦੇ ਇਕ ਹਵਾਲੇ ਉੱਤੇ ਵਿਚਾਰ ਕਰਦੀ ਸੀ ਜਾਂ ਉਨ੍ਹਾਂ ਨੂੰ ਬਾਈਬਲ ਆਧਾਰਿਤ ਪ੍ਰਕਾਸ਼ਨਾਂ ਵਿਚ ਦਿੱਤੀਆਂ ਤਸਵੀਰਾਂ ਦਿਖਾਉਂਦੀ ਸੀ। ਮੈਨੂੰ ਅਜੇ ਵੀ ਯਾਦ ਹੈ ਕਿ ਸਾਡੇ ਛੋਟੇ ਬੱਚੇ ਸਵੇਰੇ-ਸਵੇਰੇ ਆ ਕੇ ਸਾਨੂੰ ਜਗਾ ਦਿੰਦੇ ਸਨ ਤੇ ਸਾਡੇ ਬਿਸਤਰੇ ਉੱਤੇ ਚੜ੍ਹ ਕੇ ਸਾਨੂੰ ਨਵਾਂ ਸੰਸਾਰ ਨਾਮਕ ਕਿਤਾਬ ਵਿੱਚੋਂ ਆਪਣੀਆਂ ਮਨ-ਪਸੰਦ ਤਸਵੀਰਾਂ ਦਿਖਾਉਂਦੇ ਹੁੰਦੇ ਸਨ। *

ਕਾਰਲਾ ਨੇ ਬੜੀ ਮੁਹਾਰਤ ਤੇ ਧੀਰਜ ਨਾਲ ਬੱਚਿਆਂ ਨੂੰ ਸਿਖਾਇਆ ਕਿ ਉਨ੍ਹਾਂ ਨੂੰ ਯਹੋਵਾਹ ਨੂੰ ਕਿਉਂ ਪਿਆਰ ਕਰਨਾ ਚਾਹੀਦਾ ਹੈ। ਸੁਣਨ ਨੂੰ ਤਾਂ ਇਹ ਬੜਾ ਆਸਾਨ ਲੱਗਦਾ ਹੈ, ਪਰ ਅਸਲ ਵਿਚ ਸਾਡਾ ਪੂਰਾ ਧਿਆਨ, ਸਮਾਂ ਅਤੇ ਤਾਕਤ ਇਸੇ ਕੰਮ ਵਿਚ ਲੱਗ ਜਾਂਦਾ ਸੀ। ਤਾਂ ਵੀ ਅਸੀਂ ਹਿੰਮਤ ਨਹੀਂ ਹਾਰੀ। ਇਸ ਤੋਂ ਪਹਿਲਾਂ ਕਿ ਯਹੋਵਾਹ ਨੂੰ ਨਾ ਜਾਣਨ ਵਾਲੇ ਲੋਕ ਉਨ੍ਹਾਂ ਉੱਤੇ ਪ੍ਰਭਾਵ ਪਾਉਣ, ਅਸੀਂ ਉਨ੍ਹਾਂ ਦੇ ਕੋਮਲ ਦਿਲਾਂ ਵਿਚ ਯਹੋਵਾਹ ਦੇ ਅਸੂਲ ਬਿਠਾਉਣੇ ਚਾਹੁੰਦੇ ਸਾਂ। ਇਸ ਕਰਕੇ ਜਦੋਂ ਤੋਂ ਬੱਚਿਆਂ ਨੇ ਬੈਠਣਾ ਸਿੱਖਿਆ, ਉਦੋਂ ਤੋਂ ਹੀ ਅਸੀਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਰੇ ਬੱਚੇ ਪਰਿਵਾਰਕ ਅਧਿਐਨ ਲਈ ਹਾਜ਼ਰ ਰਹਿਣ।

ਮਾਪੇ ਹੋਣ ਦੇ ਨਾਤੇ, ਮੈਂ ਤੇ ਕਾਰਲਾ ਨੇ ਭਗਤੀ ਦੇ ਮਾਮਲੇ ਵਿਚ ਆਪਣੇ ਬੱਚਿਆਂ ਲਈ ਚੰਗੀ ਮਿਸਾਲ ਕਾਇਮ ਕਰਨ ਦੀ ਅਹਿਮੀਅਤ ਨੂੰ ਪਛਾਣਿਆ। ਇਸ ਲਈ ਅਸੀਂ ਖਾਂਦੇ ਸਮੇਂ, ਬਾਗ਼ਬਾਨੀ ਕਰਦੇ ਸਮੇਂ ਜਾਂ ਸੈਰ ਕਰਦੇ ਸਮੇਂ ਹਰੇਕ ਬੱਚੇ ਦਾ ਯਹੋਵਾਹ ਨਾਲ ਰਿਸ਼ਤਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦੇ ਸਾਂ। (ਬਿਵਸਥਾ ਸਾਰ 6:6, 7) ਅਸੀਂ ਨਿਸ਼ਚਿਤ ਕਰਦੇ ਸਾਂ ਕਿ ਹਰ ਬੱਚੇ ਕੋਲ ਬਚਪਨ ਤੋਂ ਹੀ ਆਪਣੀ ਬਾਈਬਲ ਹੋਵੇ। ਇਸ ਤੋਂ ਇਲਾਵਾ, ਰਸਾਲੇ ਮਿਲਣ ਤੇ ਮੈਂ ਪਰਿਵਾਰ ਦੇ ਹਰ ਮੈਂਬਰ ਦੀ ਕਾਪੀ ਉੱਤੇ ਉਨ੍ਹਾਂ ਦਾ ਨਾਂ ਲਿਖ ਦਿੰਦਾ ਸੀ। ਇਸ ਤਰ੍ਹਾਂ ਬੱਚਿਆਂ ਨੇ ਆਪਣੀਆਂ ਕਿਤਾਬਾਂ ਤੇ ਰਸਾਲਿਆਂ ਦੀ ਪਛਾਣ ਕਰਨੀ ਸਿੱਖੀ। ਅਸੀਂ ਜਾਗਰੂਕ ਬਣੋ! ਰਸਾਲਿਆਂ ਵਿੱਚੋਂ ਬੱਚਿਆਂ ਨੂੰ ਕੁਝ ਲੇਖ ਪੜ੍ਹਨ ਲਈ ਦਿੰਦੇ ਸਾਂ। ਫਿਰ ਐਤਵਾਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਉਹ ਸਾਨੂੰ ਦੱਸਦੇ ਸਨ ਕਿ ਉਨ੍ਹਾਂ ਨੇ ਇਨ੍ਹਾਂ ਲੇਖਾਂ ਵਿੱਚੋਂ ਕੀ ਸਮਝਿਆ।

ਬੱਚਿਆਂ ਵੱਲ ਲੋੜੀਂਦਾ ਧਿਆਨ ਦੇਣਾ

ਪਰ ਹਾਲਾਤ ਹਮੇਸ਼ਾ ਇੰਨੇ ਸੁਖਾਵੇਂ ਨਹੀਂ ਸਨ। ਜਦੋਂ ਬੱਚੇ ਵੱਡੇ ਹੋਣ ਲੱਗੇ, ਤਾਂ ਅਸੀਂ ਦੇਖਿਆ ਕਿ ਉਨ੍ਹਾਂ ਦੇ ਦਿਲਾਂ ਵਿਚ ਯਹੋਵਾਹ ਦਾ ਪਿਆਰ ਪੈਦਾ ਕਰਨ ਲਈ ਸਾਨੂੰ ਇਹ ਵੀ ਜਾਣਨ ਦੀ ਲੋੜ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ਕੀ ਸੀ। ਇਸ ਦਾ ਮਤਲਬ ਕਿ ਉਨ੍ਹਾਂ ਦੀ ਗੱਲ ਸੁਣਨ ਦੀ ਲੋੜ ਸੀ। ਕਦੀ-ਕਦੀ ਸਾਡੇ ਬੱਚੇ ਮਹਿਸੂਸ ਕਰਦੇ ਸਨ ਕਿ ਅਸੀਂ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਰਹੇ ਸਾਂ। ਇਸ ਲਈ ਮੈਂ ਤੇ ਕਾਰਲਾ ਬੈਠ ਕੇ ਬੱਚਿਆਂ ਨਾਲ ਇਸ ਬਾਰੇ ਗੱਲ ਕਰਦੇ ਸਾਂ। ਪਰਿਵਾਰਕ ਅਧਿਐਨ ਤੋਂ ਬਾਅਦ ਅੱਧਾ ਘੰਟਾ ਅਸੀਂ ਖ਼ਾਸ ਕਰਕੇ ਇਸੇ ਕੰਮ ਲਈ ਰੱਖਿਆ ਸੀ। ਅਸੀਂ ਬੱਚਿਆਂ ਨੂੰ ਖੁੱਲ੍ਹ ਦਿੱਤੀ ਹੋਈ ਸੀ ਕਿ ਉਹ ਜੋ ਵੀ ਕਹਿਣਾ ਚਾਹੁੰਦੇ ਸਨ ਕਹਿ ਸਕਦੇ ਸਨ।

ਉਦਾਹਰਣ ਲਈ ਸਾਡੇ ਦੋ ਛੋਟੇ ਬੱਚਿਆਂ ਟੋਮਾਸ ਤੇ ਗਾਬ੍ਰੀਏਲ ਨੇ ਮਹਿਸੂਸ ਕੀਤਾ ਕਿ ਅਸੀਂ ਉਨ੍ਹਾਂ ਦੇ ਵੱਡੇ ਭਰਾ ਨੂੰ ਜ਼ਿਆਦਾ ਪਿਆਰ ਕਰਦੇ ਸਾਂ। ਇਕ ਵਾਰੀ ਉਨ੍ਹਾਂ ਨੇ ਕਿਹਾ: “ਡੈਡੀ, ਅਸੀਂ ਸੋਚਦੇ ਹਾਂ ਕਿ ਤੁਸੀਂ ਤੇ ਮੰਮੀ ਹਾਂਸ ਵਰਨਰ ਨੂੰ ਹਮੇਸ਼ਾ ਆਪਣੀ ਮਨ-ਮਰਜ਼ੀ ਕਰਨ ਦਿੰਦੇ ਹੋ।” ਪਹਿਲਾਂ ਤਾਂ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਾ ਹੋਇਆ। ਪਰ ਮਾਮਲੇ ਦੀ ਨਿਰਪੱਖਤਾ ਨਾਲ ਜਾਂਚ ਕਰਨ ਤੋਂ ਬਾਅਦ ਮੈਨੂੰ ਤੇ ਕਾਰਲਾ ਨੂੰ ਮੰਨਣਾ ਪਿਆ ਕਿ ਬੱਚੇ ਸਹੀ ਕਹਿ ਰਹੇ ਸਨ। ਇਸ ਲਈ ਅਸੀਂ ਬੱਚਿਆਂ ਨਾਲ ਇੱਕੋ ਜਿਹਾ ਵਤੀਰਾ ਰੱਖਣ ਲਈ ਹੋਰ ਮਿਹਨਤ ਕੀਤੀ।

ਕਈ ਵਾਰੀ ਮੈਂ ਬੱਚਿਆਂ ਨੂੰ ਗੁੱਸੇ ਵਿਚ ਆ ਕੇ ਜਾਂ ਨਾਜਾਇਜ਼ ਤੌਰ ਤੇ ਸਜ਼ਾ ਦਿੱਤੀ। ਅਜਿਹੇ ਮੌਕਿਆਂ ਤੇ ਮਾਪੇ ਹੋਣ ਦੇ ਨਾਤੇ ਅਸੀਂ ਮਾਫ਼ੀ ਮੰਗਣੀ ਸਿੱਖੀ। ਉਸ ਤੋਂ ਬਾਅਦ ਅਸੀਂ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਸਾਂ। ਇਹ ਜ਼ਰੂਰੀ ਸੀ ਕਿ ਬੱਚਿਆਂ ਨੂੰ ਪਤਾ ਲੱਗੇ ਕਿ ਉਨ੍ਹਾਂ ਦਾ ਪਿਤਾ ਯਹੋਵਾਹ ਕੋਲੋਂ ਤੇ ਆਪਣੇ ਬੱਚਿਆਂ ਕੋਲੋਂ ਮਾਫ਼ੀ ਮੰਗਣ ਲਈ ਤਿਆਰ ਸੀ। ਨਤੀਜੇ ਵਜੋਂ, ਸਾਡੇ ਵਿਚਕਾਰ ਨਿੱਘਾ ਤੇ ਦੋਸਤਾਨਾ ਰਿਸ਼ਤਾ ਕਾਇਮ ਹੋ ਗਿਆ। ਉਹ ਅਕਸਰ ਸਾਨੂੰ ਕਹਿੰਦੇ ਸਨ ਕਿ “ਤੁਸੀਂ ਸਾਡੇ ਸਭ ਤੋਂ ਚੰਗੇ ਦੋਸਤ ਹੋ।” ਇਹ ਸੁਣ ਕੇ ਸਾਨੂੰ ਬੜੀ ਖ਼ੁਸ਼ੀ ਹੁੰਦੀ ਸੀ।

ਮਿਲ ਕੇ ਕੰਮ ਕਰਨ ਨਾਲ ਪਰਿਵਾਰ ਵਿਚ ਏਕਤਾ ਵਧਦੀ ਹੈ। ਇਸ ਲਈ ਅਸੀਂ ਘਰ ਵਿਚ ਸਾਰਿਆਂ ਨੂੰ ਕੰਮ ਵੰਡਿਆ ਹੋਇਆ ਸੀ। ਹਾਂਸ ਵਰਨਰ ਨੂੰ ਹਫ਼ਤੇ ਵਿਚ ਇਕ ਵਾਰ ਬਾਜ਼ਾਰ ਜਾ ਕੇ ਚੀਜ਼ਾਂ ਖ਼ਰੀਦਣ ਦਾ ਕੰਮ ਦਿੱਤਾ ਗਿਆ ਸੀ। ਇਸ ਦਾ ਮਤਲਬ ਕਿ ਉਸ ਨੂੰ ਚੀਜ਼ਾਂ ਦੀ ਲਿਸਟ ਦੇ ਨਾਲ ਕੁਝ ਪੈਸੇ ਦਿੱਤੇ ਜਾਂਦੇ ਸਨ। ਇਕ ਵਾਰ ਅਸੀਂ ਉਸ ਨੂੰ ਨਾ ਲਿਸਟ ਤੇ ਨਾ ਹੀ ਪੈਸੇ ਦਿੱਤੇ। ਉਸ ਨੇ ਆਪਣੀ ਮੰਮੀ ਕੋਲੋਂ ਇਸ ਬਾਰੇ ਪੁੱਛਿਆ। ਉਸ ਦੀ ਮੰਮੀ ਨੇ ਕਿਹਾ ਕਿ ਸਾਡੇ ਕੋਲ ਅਜੇ ਪੈਸੇ ਨਹੀਂ ਸਨ। ਖ਼ੈਰ, ਬੱਚੇ ਆਪਸ ਵਿਚ ਘੁਸਰ-ਮੁਸਰ ਕਰਨ ਲੱਗ ਪਏ ਤੇ ਫਿਰ ਸਾਰੇ ਜਣੇ ਆਪਣਾ-ਆਪਣਾ ਗੱਲਾ ਕੱਢ ਲਿਆਏ ਤੇ ਮੇਜ਼ ਉੱਤੇ ਖਾਲੀ ਕਰ ਦਿੱਤੇ। “ਮੰਮੀ ਹੁਣ ਅਸੀਂ ਬਾਜ਼ਾਰ ਜਾ ਸਕਦੇ ਹਾਂ!” ਉਨ੍ਹਾਂ ਨੇ ਖ਼ੁਸ਼ ਹੋ ਕੇ ਕਿਹਾ। ਜੀ ਹਾਂ, ਬੱਚਿਆਂ ਨੇ ਮੁਸ਼ਕਲ ਘੜੀਆਂ ਵਿਚ ਮਦਦ ਕਰਨੀ ਸਿੱਖ ਲਈ ਜਿਸ ਨਾਲ ਸਾਡਾ ਪਰਿਵਾਰ ਹੋਰ ਮਜ਼ਬੂਤ ਹੋ ਗਿਆ।

ਜਦੋਂ ਸਾਡੇ ਮੁੰਡੇ ਜਵਾਨ ਹੋ ਗਏ, ਤਾਂ ਉਹ ਕੁੜੀਆਂ ਵਿਚ ਦਿਲਚਸਪੀ ਲੈਣ ਲੱਗ ਪਏ। ਉਦਾਹਰਣ ਲਈ, ਟੋਮਾਸ ਇਕ 16 ਸਾਲ ਦੀ ਗਵਾਹ ਕੁੜੀ ਵਿਚ ਬੜੀ ਦਿਲਚਸਪੀ ਲੈਣ ਲੱਗ ਪਿਆ। ਮੈਂ ਉਸ ਨੂੰ ਸਮਝਾਇਆ ਕਿ ਜੇ ਉਹ ਸੱਚ-ਮੁੱਚ ਉਸ ਕੁੜੀ ਨੂੰ ਚਾਹੁੰਦਾ ਹੈ, ਤਾਂ ਉਸ ਨੂੰ ਉਸ ਕੁੜੀ ਨਾਲ ਵਿਆਹ ਕਰਾਉਣ ਅਤੇ ਪਤਨੀ ਤੇ ਬੱਚਿਆਂ ਦੀ ਜ਼ਿੰਮੇਵਾਰੀ ਉਠਾਉਣ ਲਈ ਤਿਆਰ ਹੋਣਾ ਚਾਹੀਦਾ ਹੈ। ਟੋਮਾਸ ਨੇ ਮਹਿਸੂਸ ਕੀਤਾ ਕਿ ਉਹ ਵਿਆਹ ਲਈ ਤਿਆਰ ਨਹੀਂ ਸੀ ਕਿਉਂਕਿ ਉਹ ਅਜੇ ਸਿਰਫ਼ 18 ਸਾਲਾਂ ਦਾ ਸੀ।

ਪੂਰੇ ਪਰਿਵਾਰ ਨੇ ਮਿਲ ਕੇ ਤਰੱਕੀ ਕੀਤੀ

ਛੋਟੀ ਉਮਰ ਵਿਚ ਹੀ ਇਕ-ਇਕ ਕਰਕੇ ਸਾਡੇ ਸਾਰੇ ਬੱਚੇ ਦੈਵ-ਸ਼ਾਸਕੀ ਸੇਵਕਾਈ ਸਕੂਲ ਵਿਚ ਦਾਖ਼ਲ ਹੋ ਗਏ। ਅਸੀਂ ਧਿਆਨ ਨਾਲ ਉਨ੍ਹਾਂ ਦੇ ਭਾਸ਼ਣਾਂ ਨੂੰ ਸੁਣਦੇ ਸਾਂ ਅਤੇ ਸਾਨੂੰ ਇਹ ਦੇਖ ਕੇ ਬੜਾ ਹੌਸਲਾ ਮਿਲਦਾ ਸੀ ਕਿ ਸਾਡੇ ਬੱਚੇ ਪਰਮੇਸ਼ੁਰ ਨੂੰ ਦਿਲੋਂ ਪਿਆਰ ਕਰਦੇ ਸਨ। ਸਰਕਟ ਤੇ ਜ਼ਿਲ੍ਹਾ ਨਿਗਾਹਬਾਨ ਕਦੇ-ਕਦੇ ਸਾਡੇ ਨਾਲ ਆ ਕੇ ਰਹਿੰਦੇ ਹੁੰਦੇ ਸਨ ਅਤੇ ਉਹ ਸਾਨੂੰ ਆਪਣੇ ਤਜਰਬੇ ਜਾਂ ਬਾਈਬਲ ਵਿੱਚੋਂ ਕੁਝ ਪੜ੍ਹ ਕੇ ਸੁਣਾਉਂਦੇ ਹੁੰਦੇ ਸਨ। ਉਨ੍ਹਾਂ ਨੇ ਅਤੇ ਉਨ੍ਹਾਂ ਦੀਆਂ ਪਤਨੀਆਂ ਨੇ ਸਾਡੇ ਦਿਲਾਂ ਵਿਚ ਪੂਰੇ ਸਮੇਂ ਦੀ ਸੇਵਕਾਈ ਕਰਨ ਦੀ ਇੱਛਾ ਪੈਦਾ ਕਰ ਦਿੱਤੀ।

ਅਸੀਂ ਸੰਮੇਲਨਾਂ ਦੀ ਬੇਸਬਰੀ ਨਾਲ ਉਡੀਕ ਕਰਦੇ ਸਾਂ। ਸਾਡੇ ਬੱਚਿਆਂ ਦੇ ਦਿਲਾਂ ਵਿਚ ਪਰਮੇਸ਼ੁਰ ਦੇ ਸੇਵਕ ਬਣਨ ਦੀ ਇੱਛਾ ਪੈਦਾ ਕਰਨ ਵਿਚ ਇਹ ਸੰਮੇਲਨ ਅਹਿਮ ਭੂਮਿਕਾ ਨਿਭਾਉਂਦੇ ਸਨ। ਬੈਜ ਕਾਰਡ ਲਗਾ ਕੇ ਸੰਮੇਲਨਾਂ ਵਿਚ ਜਾਣਾ ਬੱਚਿਆਂ ਲਈ ਬਹੁਤ ਹੀ ਖ਼ੁਸ਼ੀ ਦਾ ਮੌਕਾ ਹੁੰਦਾ ਸੀ। ਸਾਨੂੰ ਬੜੀ ਖ਼ੁਸ਼ੀ ਹੋਈ ਜਦੋਂ ਹਾਂਸ ਵਰਨਰ ਨੇ 10 ਸਾਲ ਦੀ ਉਮਰ ਵਿਚ ਬਪਤਿਸਮਾ ਲਿਆ। ਕਈਆਂ ਨੇ ਕਿਹਾ ਕਿ ਯਹੋਵਾਹ ਨੂੰ ਆਪਣਾ ਸਮਰਪਣ ਕਰਨ ਲਈ ਉਸ ਦੀ ਉਮਰ ਅਜੇ ਬੜੀ ਛੋਟੀ ਸੀ, ਪਰ 50 ਸਾਲ ਦਾ ਹੋਣ ਤੇ ਉਸ ਨੇ ਮੈਨੂੰ ਕਿਹਾ ਕਿ ਉਹ ਬੜਾ ਸ਼ੁਕਰਗੁਜ਼ਾਰ ਸੀ ਕਿ ਉਹ 40 ਸਾਲਾਂ ਤੋਂ ਯਹੋਵਾਹ ਦੀ ਸੇਵਾ ਕਰਦਾ ਆ ਰਿਹਾ ਹੈ।

ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ ਕਿ ਯਹੋਵਾਹ ਨਾਲ ਨਿੱਜੀ ਰਿਸ਼ਤਾ ਕਾਇਮ ਕਰਨਾ ਬੜਾ ਮਹੱਤਵਪੂਰਣ ਹੈ, ਪਰ ਅਸੀਂ ਕਦੇ ਵੀ ਉਨ੍ਹਾਂ ਨੂੰ ਸਮਰਪਣ ਕਰਨ ਲਈ ਮਜਬੂਰ ਨਹੀਂ ਕੀਤਾ। ਇਸ ਲਈ ਅਸੀਂ ਬੜੇ ਖ਼ੁਸ਼ ਹੋਏ ਜਦੋਂ ਬਾਅਦ ਵਿਚ ਸਾਡੇ ਦੂਜੇ ਬੱਚਿਆਂ ਨੇ ਵੀ ਬਪਤਿਸਮਾ ਲੈ ਲਿਆ।

ਅਸੀਂ ਆਪਣਾ ਬੋਝ ਯਹੋਵਾਹ ਉੱਤੇ ਸੁੱਟਣਾ ਸਿੱਖਿਆ

ਸਾਡੀ ਖ਼ੁਸ਼ੀ ਦੀ ਉਦੋਂ ਕੋਈ ਹੱਦ ਨਾ ਰਹੀ ਜਦੋਂ ਹਾਂਸ ਵਰਨਰ 1971 ਵਿਚ ਵਾਚਟਾਵਰ ਬਾਈਬਲ ਸਕੂਲ ਆਫ਼ ਗਿਲਿਅਡ ਦੀ 51ਵੀਂ ਕਲਾਸ ਤੋਂ ਗ੍ਰੈਜੂਏਟ ਹੋਇਆ ਤੇ ਉਸ ਨੂੰ ਸਪੇਨ ਵਿਚ ਮਿਸ਼ਨਰੀ ਦੇ ਤੌਰ ਤੇ ਸੇਵਾ ਕਰਨ ਲਈ ਭੇਜਿਆ ਗਿਆ। ਇਕ-ਇਕ ਕਰਕੇ ਦੂਜੇ ਬੱਚਿਆਂ ਨੇ ਵੀ ਕੁਝ ਸਮੇਂ ਤਕ ਪੂਰੇ ਸਮੇਂ ਦੀ ਸੇਵਕਾਈ ਕੀਤੀ ਜਿਸ ਨਾਲ ਸਾਨੂੰ ਮਾਪੇ ਹੋਣ ਦੇ ਨਾਤੇ ਬੜੀ ਖ਼ੁਸ਼ੀ ਹੋਈ। ਇਸੇ ਸਮੇਂ ਦੌਰਾਨ ਹਾਂਸ ਵਰਨਰ ਨੇ ਮੈਨੂੰ ਬਾਈਬਲ ਦਿੱਤੀ ਸੀ ਜਿਸ ਦਾ ਮੈਂ ਸ਼ੁਰੂ ਵਿਚ ਜ਼ਿਕਰ ਕੀਤਾ ਸੀ। ਇੰਜ ਲੱਗਦਾ ਸੀ ਕਿ ਸਾਡੇ ਸਾਰੇ ਪਰਿਵਾਰ ਦੇ ਵਿਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਸਨ।

ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਯਹੋਵਾਹ ਉੱਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਭਰੋਸਾ ਰੱਖਣ ਦੀ ਜ਼ਰੂਰਤ ਸੀ। ਕਿਉਂ? ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਅਜਿਹੀਆਂ ਮੁਸ਼ਕਲਾਂ ਦਾ ਸਾਮ੍ਹਣਾ ਕਰਦੇ ਦੇਖਿਆ ਜਿਨ੍ਹਾਂ ਨੇ ਉਨ੍ਹਾਂ ਦੀ ਨਿਹਚਾ ਨੂੰ ਬੁਰੀ ਤਰ੍ਹਾਂ ਪਰਖਿਆ। ਉਦਾਹਰਣ ਲਈ, ਸਾਡੀ ਪਿਆਰੀ ਧੀ ਗਾਬ੍ਰੀਏਲ ਮੁਸ਼ਕਲਾਂ ਤੋਂ ਬਚੀ ਹੋਈ ਨਹੀਂ ਸੀ। ਉਸ ਦਾ ਵਿਆਹ 1976 ਵਿਚ ਲੋਟਾਰ ਨਾਲ ਹੋਇਆ ਸੀ। ਵਿਆਹ ਤੋਂ ਜਲਦੀ ਬਾਅਦ ਉਹ ਬੀਮਾਰ ਹੋ ਗਿਆ। ਉਹ ਦਿਨ-ਬ-ਦਿਨ ਕਮਜ਼ੋਰ ਹੁੰਦਾ ਗਿਆ ਤੇ ਗਾਬ੍ਰੀਏਲ ਉਸ ਦੀ ਮੌਤ ਤਕ ਉਸ ਦੀ ਦੇਖ-ਭਾਲ ਕਰਦੀ ਰਹੀ। ਪਰਿਵਾਰ ਦੇ ਇਕ ਸਿਹਤਮੰਦ ਮੈਂਬਰ ਨੂੰ ਬੀਮਾਰ ਹੁੰਦੇ ਅਤੇ ਮਰਦੇ ਦੇਖ ਕੇ ਸਾਨੂੰ ਅਹਿਸਾਸ ਹੋਇਆ ਕਿ ਸਾਨੂੰ ਯਹੋਵਾਹ ਦੇ ਪ੍ਰੇਮਮਈ ਸਹਾਰੇ ਦੀ ਕਿੰਨੀ ਜ਼ਿਆਦਾ ਲੋੜ ਸੀ।—ਯਸਾਯਾਹ 33:2.

ਯਹੋਵਾਹ ਦੇ ਸੰਗਠਨ ਵਿਚ ਸੇਵਾ ਕਰਨ ਦੇ ਮੌਕੇ

ਮੈਨੂੰ 1955 ਵਿਚ ਕਲੀਸਿਯਾ ਸੇਵਕ (ਜਿਸ ਨੂੰ ਅੱਜ ਪ੍ਰਧਾਨ ਨਿਗਾਹਬਾਨ ਕਿਹਾ ਜਾਂਦਾ ਹੈ) ਨਿਯੁਕਤ ਕੀਤਾ ਗਿਆ ਸੀ, ਪਰ ਮੈਂ ਆਪਣੇ ਆਪ ਨੂੰ ਇਸ ਜ਼ਿੰਮੇਵਾਰੀ ਦੇ ਕਾਬਲ ਨਹੀਂ ਸਮਝਦਾ ਸੀ। ਕਲੀਸਿਯਾ ਵਿਚ ਬਹੁਤ ਸਾਰਾ ਕੰਮ ਸੀ ਤੇ ਇਸ ਕੰਮ ਨੂੰ ਪੂਰਾ ਕਰਨ ਦਾ ਇੱਕੋ-ਇਕ ਤਰੀਕਾ ਸੀ ਕਿ ਕੁਝ ਦਿਨ ਸਵੇਰੇ ਚਾਰ ਵਜੇ ਉੱਠਿਆ ਜਾਵੇ। ਮੇਰੀ ਪਤਨੀ ਤੇ ਬੱਚੇ ਮੇਰੀ ਬੜੀ ਮਦਦ ਕਰਦੇ ਸਨ। ਜਿਸ ਸ਼ਾਮ ਉਹ ਮੈਨੂੰ ਕਲੀਸਿਯਾ ਦਾ ਕੰਮ ਕਰਦਿਆਂ ਦੇਖਦੇ ਸਨ, ਉਹ ਮੈਨੂੰ ਪਰੇਸ਼ਾਨ ਨਹੀਂ ਕਰਦੇ ਸਨ।

ਪਰ ਅਸੀਂ ਜਿੰਨਾ ਹੋ ਸਕਿਆ, ਅਸੀਂ ਆਪਣੇ ਵਿਹਲੇ ਸਮੇਂ ਨੂੰ ਇਕੱਠਿਆਂ ਗੁਜ਼ਾਰਿਆ। ਕਦੀ-ਕਦੀ ਮੇਰਾ ਮਾਲਕ ਮੈਨੂੰ ਆਪਣੀ ਕਾਰ ਦੇ ਦਿੰਦਾ ਸੀ ਤਾਂਕਿ ਮੈਂ ਆਪਣੇ ਪਰਿਵਾਰ ਨੂੰ ਘੁੰਮਾਉਣ-ਫਿਰਾਉਣ ਲਈ ਕਿਤੇ ਲੈ ਜਾਵਾਂ। ਬੱਚਿਆਂ ਨੇ ਉਨ੍ਹਾਂ ਮੌਕਿਆਂ ਦਾ ਆਨੰਦ ਮਾਣਿਆ ਜਦੋਂ ਅਸੀਂ ਜੰਗਲ ਵਿਚ ਪਹਿਰਾਬੁਰਜ ਦਾ ਅਧਿਐਨ ਕਰਦੇ ਹੁੰਦੇ ਸਾਂ। ਅਸੀਂ ਇਕੱਠਿਆਂ ਨੇ ਹਾਇਕਿੰਗ ਵੀ ਕੀਤੀ। ਜੰਗਲਾਂ ਵਿਚ ਚੱਲਦੇ-ਚੱਲਦੇ ਮੈਂ ਕਦੀ-ਕਦੀ ਆਪਣਾ ਮਾਊਥ ਆਰਗਨ ਵਜਾਉਂਦਾ ਹੁੰਦਾ ਸੀ ਤੇ ਬਾਕੀ ਸਾਰੇ ਮਿਲ ਕੇ ਗਾਣੇ ਗਾਉਂਦੇ ਸਨ।

ਮੈਨੂੰ 1978 ਵਿਚ ਉਪ ਸਰਕਟ ਨਿਗਾਹਬਾਨ (ਸਫ਼ਰੀ ਸੇਵਕ) ਨਿਯੁਕਤ ਕੀਤਾ ਗਿਆ। ਮੈਂ ਪਰੇਸ਼ਾਨ ਹੋ ਕੇ ਪ੍ਰਾਰਥਨਾ ਕੀਤੀ: “ਯਹੋਵਾਹ, ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਕੰਮ ਦੇ ਲਾਇਕ ਹਾਂ। ਪਰ ਜੇ ਤੂੰ ਚਾਹੁੰਦਾ ਹੈ ਕਿ ਮੈਂ ਕੋਸ਼ਿਸ਼ ਕਰਾਂ, ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਾਂਗਾ।” ਦੋ ਸਾਲਾਂ ਬਾਅਦ 54 ਸਾਲ ਦੀ ਉਮਰ ਵਿਚ ਮੈਂ ਆਪਣਾ ਛੋਟਾ ਜਿਹਾ ਬਿਜ਼ਨਿਸ ਆਪਣੇ ਛੋਟੇ ਮੁੰਡੇ ਟੋਮਾਸ ਨੂੰ ਸੰਭਾਲ ਦਿੱਤਾ।

ਸਾਡੇ ਸਾਰੇ ਬੱਚੇ ਵੱਡੇ ਹੋ ਚੁੱਕੇ ਸਨ ਜਿਸ ਕਰਕੇ ਮੈਂ ਤੇ ਕਾਰਲਾ ਯਹੋਵਾਹ ਦੀ ਸੇਵਾ ਵਿਚ ਹੋਰ ਜ਼ਿਆਦਾ ਸਮਾਂ ਬਿਤਾ ਸਕਦੇ ਸਾਂ। ਉਸੇ ਸਾਲ ਮੈਨੂੰ ਸਰਕਟ ਨਿਗਾਹਬਾਨ ਨਿਯੁਕਤ ਕੀਤਾ ਗਿਆ ਅਤੇ ਮੈਂ ਹੈਂਬਰਗ ਦੇ ਇਕ ਹਿੱਸੇ ਦਾ ਅਤੇ ਪੂਰੇ ਸਲੈਸਵਿਗ-ਹੂਲਸਟਿਨ ਦਾ ਦੌਰਾ ਕੀਤਾ। ਕਿਉਂਕਿ ਸਾਨੂੰ ਬੱਚਿਆਂ ਨੂੰ ਪਾਲਣ-ਪੋਸਣ ਦਾ ਤਜਰਬਾ ਸੀ, ਇਸ ਲਈ ਅਸੀਂ ਮਾਪਿਆਂ ਤੇ ਉਨ੍ਹਾਂ ਦੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਸਕੇ। ਕਈ ਭਰਾ ਸਾਨੂੰ ਆਪਣੇ ਸਰਕਟ ਮਾਪੇ ਕਹਿੰਦੇ ਸਨ।

ਸਰਕਟ ਕੰਮ ਵਿਚ ਦਸ ਸਾਲ ਮੇਰਾ ਸਾਥ ਦੇਣ ਤੋਂ ਬਾਅਦ, ਕਾਰਲਾ ਨੂੰ ਇਕ ਓਪਰੇਸ਼ਨ ਕਰਾਉਣਾ ਪਿਆ। ਉਸੇ ਸਾਲ ਡਾਕਟਰਾਂ ਨੂੰ ਪਤਾ ਲੱਗਾ ਕਿ ਮੇਰੇ ਦਿਮਾਗ਼ ਵਿਚ ਰਸੌਲੀ ਸੀ। ਇਸ ਲਈ ਮੈਂ ਸਰਕਟ ਨਿਗਾਹਬਾਨ ਵਜੋਂ ਸੇਵਾ ਕਰਨੀ ਛੱਡ ਦਿੱਤੀ ਤੇ ਦਿਮਾਗ਼ ਦਾ ਓਪਰੇਸ਼ਨ ਕਰਵਾਇਆ। ਤਿੰਨ ਸਾਲ ਮਗਰੋਂ ਮੈਂ ਫਿਰ ਥੋੜ੍ਹੇ ਸਮੇਂ ਲਈ ਸਰਕਟ ਨਿਗਾਹਬਾਨ ਵਜੋਂ ਕੰਮ ਕੀਤਾ। ਮੇਰੀ ਤੇ ਕਾਰਲਾ ਦੀ ਉਮਰ ਹੁਣ 70 ਸਾਲਾਂ ਤੋਂ ਉੱਤੇ ਹੈ ਤੇ ਅਸੀਂ ਸਰਕਟ ਕੰਮ ਛੱਡ ਦਿੱਤਾ ਹੈ। ਯਹੋਵਾਹ ਨੇ ਸਾਡੀ ਇਹ ਦੇਖਣ ਵਿਚ ਮਦਦ ਕੀਤੀ ਕਿ ਉਸ ਜ਼ਿੰਮੇਵਾਰੀ ਨੂੰ ਫੜੀ ਰੱਖਣ ਦਾ ਕੋਈ ਫ਼ਾਇਦਾ ਨਹੀਂ ਹੈ ਜਿਸ ਨੂੰ ਮੈਂ ਪੂਰਾ ਨਹੀਂ ਕਰ ਸਕਦਾ ਸੀ।

ਜਦੋਂ ਅਸੀਂ ਪਿੱਛੇ ਮੁੜ ਕੇ ਦੇਖਦੇ ਹਾਂ, ਤਾਂ ਅਸੀਂ ਯਹੋਵਾਹ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਸਾਡੇ ਬੱਚਿਆਂ ਦੇ ਦਿਲਾਂ ਵਿਚ ਸੱਚਾਈ ਲਈ ਪਿਆਰ ਪੈਦਾ ਕਰਨ ਵਿਚ ਸਾਡੀ ਮਦਦ ਕੀਤੀ ਹੈ। (ਕਹਾਉਤਾਂ 22:6) ਯਹੋਵਾਹ ਨੇ ਹਮੇਸ਼ਾ ਸਾਡੀ ਅਗਵਾਈ ਕੀਤੀ ਤੇ ਸਾਨੂੰ ਸਿਖਲਾਈ ਦਿੱਤੀ ਹੈ ਤੇ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਿਚ ਸਾਡੀ ਮਦਦ ਕੀਤੀ ਹੈ। ਹੁਣ ਭਾਵੇਂ ਅਸੀਂ ਬੁੱਢੇ ਹੋ ਗਏ ਹਾਂ ਤੇ ਬੀਮਾਰ ਰਹਿੰਦੇ ਹਾਂ, ਪਰ ਯਹੋਵਾਹ ਲਈ ਸਾਡਾ ਪਿਆਰ ਪਹਿਲਾਂ ਵਾਂਗ ਹੀ ਜਵਾਨ ਤੇ ਜ਼ਿੰਦਾ ਹੈ।—ਰੋਮੀਆਂ 12:10, 11.

[ਫੁਟਨੋਟ]

^ ਪੈਰਾ 15 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ ਜੋ ਹੁਣ ਉਪਲਬਧ ਨਹੀਂ ਹੈ।

[ਸਫ਼ੇ 26 ਉੱਤੇ ਤਸਵੀਰ]

ਸੰਨ 1965 ਵਿਚ ਸਾਡਾ ਪਰਿਵਾਰ ਹੈਂਬਰਗ ਦੀ ਐਲਬ ਨਦੀ ਦੇ ਕਿਨਾਰੇ ਟਹਿਲਦਾ ਹੋਇਆ

[ਸਫ਼ੇ 28 ਉੱਤੇ ਤਸਵੀਰ]

ਸੰਨ 1998 ਨੂੰ ਬਰਲਿਨ ਵਿਚ ਹੋਏ ਅੰਤਰਰਾਸ਼ਟਰੀ ਸੰਮੇਲਨ ਵਿਚ ਪਰਿਵਾਰ ਦੇ ਕੁਝ ਮੈਂਬਰ

[ਸਫ਼ੇ 29 ਉੱਤੇ ਤਸਵੀਰ]

ਆਪਣੀ ਪਤਨੀ ਕਾਰਲਾ ਨਾਲ