Skip to content

Skip to table of contents

ਕੀ ਤੁਸੀਂ ਸੋਚ-ਵਿਚਾਰ ਕੇ ਫ਼ੈਸਲਾ ਕਰਦੇ ਹੋ?

ਕੀ ਤੁਸੀਂ ਸੋਚ-ਵਿਚਾਰ ਕੇ ਫ਼ੈਸਲਾ ਕਰਦੇ ਹੋ?

ਕੀ ਤੁਸੀਂ ਸੋਚ-ਵਿਚਾਰ ਕੇ ਫ਼ੈਸਲਾ ਕਰਦੇ ਹੋ?

ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਦਾ ਦੇ ਜੀਵਨ ਦੀ ਉਮੀਦ ਦਿੱਤੀ ਸੀ, ਪਰ ਉਸ ਨੇ ਉਨ੍ਹਾਂ ਨੂੰ ਇਹ ਵੀ ਕਿਹਾ ਸੀ ਕਿ ਉਹ ਸੋਚ-ਵਿਚਾਰ ਕੇ ਮਸੀਹੀ ਬਣਨ ਦਾ ਫ਼ੈਸਲਾ ਕਰਨ। ਇਸ ਗੱਲ ਨੂੰ ਸਮਝਾਉਣ ਲਈ ਉਸ ਨੇ ਪੁੱਛਿਆ: “ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ [ਜਾਂ ਸੋਚ-ਵਿਚਾਰ] ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ?” (ਲੂਕਾ 14:28) ਯਿਸੂ ਕਿਸ ਬਾਰੇ ਸੋਚ-ਵਿਚਾਰ ਕਰਨ ਦੀ ਗੱਲ ਕਰ ਰਿਹਾ ਸੀ?

ਸਾਰੇ ਮਸੀਹੀ ਅਜ਼ਮਾਇਸ਼ਾਂ ਦਾ ਸਾਮ੍ਹਣਾ ਕਰਦੇ ਹਨ ਜਿਨ੍ਹਾਂ ਵਿੱਚੋਂ ਕੁਝ ਅਜ਼ਮਾਇਸ਼ਾਂ ਬਹੁਤ ਹੀ ਔਖੀਆਂ ਹੁੰਦੀਆਂ ਹਨ। (ਜ਼ਬੂਰ 34:19; ਮੱਤੀ 10:36) ਇਸ ਲਈ ਸਾਨੂੰ ਮਾਨਸਿਕ ਤੇ ਅਧਿਆਤਮਿਕ ਤੌਰ ਤੇ ਤਿਆਰ ਹੋਣ ਦੀ ਲੋੜ ਹੈ ਤਾਂਕਿ ਵਿਰੋਧ ਜਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨ ਵੇਲੇ ਸਾਨੂੰ ਕੋਈ ਹੈਰਾਨੀ ਨਾ ਹੋਵੇ। ਸਾਨੂੰ ਇਸ ਬਾਰੇ ਪਹਿਲਾਂ ਹੀ ਸੋਚ-ਵਿਚਾਰ ਕਰਨਾ ਚਾਹੀਦਾ ਹੈ ਕਿ ਯਿਸੂ ਦੇ ਚੇਲੇ ਹੋਣ ਕਰਕੇ ਸਾਨੂੰ ਅਜਿਹੀਆਂ ਚੁਣੌਤੀਆਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ੁਰ ਸਾਨੂੰ ਉਹ ਇਨਾਮ ਦੇਵੇਗਾ ਜੋ ਸਾਨੂੰ ਮੌਜੂਦਾ ਦੁਨੀਆਂ ਨਹੀਂ ਦੇ ਸਕਦੀ, ਯਾਨੀ ਪਾਪ ਤੇ ਮੌਤ ਤੋਂ ਮੁਕਤੀ। ਜੀ ਹਾਂ, ਪਰਮੇਸ਼ੁਰ ਸਾਡੇ ਉੱਤੇ ਜੋ ਵੀ ਅਜ਼ਮਾਇਸ਼ ਆਉਣ ਦਿੰਦਾ ਹੈ, ਭਾਵੇਂ ਇਹ ਮੌਤ ਹੀ ਹੋਵੇ, ਉਹ ਸਾਨੂੰ ਸਦੀਵੀ ਨੁਕਸਾਨ ਨਹੀਂ ਪਹੁੰਚਾ ਸਕਦੀ ਜੇ ਅਸੀਂ ਪਰਮੇਸ਼ੁਰ ਦੀ ਸੇਵਾ ਕਰਦੇ ਰਹੀਏ।—2 ਕੁਰਿੰਥੀਆਂ 4:16-18; ਫ਼ਿਲਿੱਪੀਆਂ 3:8.

ਸਾਡੀ ਨਿਹਚਾ ਐਨੀ ਮਜ਼ਬੂਤ ਕਿਵੇਂ ਬਣ ਸਕਦੀ ਹੈ? ਜਦੋਂ ਅਸੀਂ ਗ਼ਲਤ ਕੰਮ ਕਰਨ ਦੇ ਜ਼ਬਰਦਸਤ ਦਬਾਅ ਦੇ ਬਾਵਜੂਦ ਸਹੀ ਫ਼ੈਸਲਾ ਕਰਦੇ ਹਾਂ, ਮਸੀਹੀ ਅਸੂਲਾਂ ਉੱਤੇ ਡਟੇ ਰਹਿੰਦੇ ਹਾਂ ਜਾਂ ਪਰਮੇਸ਼ੁਰ ਦੀ ਇੱਛਾ ਅਨੁਸਾਰ ਕੰਮ ਕਰਦੇ ਹਾਂ, ਤਾਂ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ। ਜਦੋਂ ਅਸੀਂ ਆਪਣੀ ਵਫ਼ਾਦਾਰੀ ਦੇ ਕਾਰਨ ਯਹੋਵਾਹ ਦੀਆਂ ਬਰਕਤਾਂ ਨੂੰ ਖ਼ੁਦ ਮਹਿਸੂਸ ਕਰਦੇ ਹਾਂ, ਤਾਂ ਸਾਡੀ ਨਿਹਚਾ ਵਧਦੀ ਜਾਂਦੀ ਹੈ। ਇਸ ਤਰ੍ਹਾਂ ਅਸੀਂ ਯਿਸੂ, ਉਸ ਦੇ ਪਹਿਲੇ ਚੇਲਿਆਂ ਅਤੇ ਪੂਰੇ ਇਤਿਹਾਸ ਦੌਰਾਨ ਉਨ੍ਹਾਂ ਸਾਰੇ ਆਦਮੀਆਂ ਤੇ ਔਰਤਾਂ ਦੀ ਨਿਹਚਾ ਦੀ ਰੀਸ ਕਰਦੇ ਹਾਂ ਜਿਨ੍ਹਾਂ ਨੇ ਪਰਮੇਸ਼ੁਰ ਦੀ ਸੇਵਾ ਕਰਨ ਦਾ ‘ਸੋਚ-ਵਿਚਾਰ ਕੇ ਫ਼ੈਸਲਾ’ ਕੀਤਾ ਸੀ।—ਮਰਕੁਸ 1:16-20; ਇਬਰਾਨੀਆਂ 11:4, 7, 17, 24, 25, 32-38.