Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜਦੋਂ ਯੂਹੰਨਾ ਨੇ “ਵੱਡੀ ਭੀੜ” ਨੂੰ ਯਹੋਵਾਹ ਦੀ ਹੈਕਲ ਵਿਚ ਉਪਾਸਨਾ ਕਰਦੇ ਦੇਖਿਆ ਸੀ, ਤਾਂ ਉਹ ਹੈਕਲ ਦੇ ਕਿਹੜੇ ਹਿੱਸੇ ਵਿਚ ਖੜ੍ਹੀ ਸੀ?—ਪਰਕਾਸ਼ ਦੀ ਪੋਥੀ 7:9-15.

ਇਹ ਕਹਿਣਾ ਸਹੀ ਹੈ ਕਿ ਵੱਡੀ ਭੀੜ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦੇ ਇਕ ਜ਼ਮੀਨੀ ਵਿਹੜੇ ਵਿਚ ਯਹੋਵਾਹ ਦੀ ਭਗਤੀ ਕਰਦੀ ਹੈ, ਖ਼ਾਸ ਕਰਕੇ ਉਸ ਵਿਹੜੇ ਵਿਚ ਜਿਸ ਨੂੰ ਸੁਲੇਮਾਨ ਦੀ ਹੈਕਲ ਦੇ ਬਾਹਰਲੇ ਵਿਹੜੇ ਦੁਆਰਾ ਦਰਸਾਇਆ ਗਿਆ ਹੈ।

ਪਹਿਲਾਂ ਕਿਹਾ ਜਾਂਦਾ ਸੀ ਕਿ ਵੱਡੀ ਭੀੜ ਉਸ ਵਿਹੜੇ ਵਿਚ ਭਗਤੀ ਕਰਦੀ ਹੈ ਜਿਸ ਦੀ ਤੁਲਨਾ ਯਿਸੂ ਦੇ ਦਿਨਾਂ ਦੀ ਹੈਕਲ ਵਿਚ ਗ਼ੈਰ-ਯਹੂਦੀਆਂ ਦੇ ਵਿਹੜੇ ਨਾਲ ਕੀਤੀ ਜਾ ਸਕਦੀ ਹੈ। ਪਰ ਹੋਰ ਜ਼ਿਆਦਾ ਖੋਜ ਕਰਨ ਤੋਂ ਘੱਟੋ-ਘੱਟ ਪੰਜ ਕਾਰਨ ਸਾਮ੍ਹਣੇ ਆਏ ਹਨ ਕਿ ਇਹ ਸਮਝ ਕਿਉਂ ਸਹੀ ਨਹੀਂ ਹੈ। ਪਹਿਲਾ, ਹੇਰੋਦੇਸ ਦੀ ਹੈਕਲ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਨਾਲ ਪੂਰੀ ਤਰ੍ਹਾਂ ਨਹੀਂ ਮਿਲਦੀ-ਜੁਲਦੀ ਸੀ। ਉਦਾਹਰਣ ਲਈ, ਹੇਰੋਦੇਸ ਦੀ ਹੈਕਲ ਵਿਚ ਇਕ ਔਰਤਾਂ ਦਾ ਵਿਹੜਾ ਸੀ ਤੇ ਇਕ ਇਸਰਾਏਲ ਦਾ ਵਿਹੜਾ ਸੀ। ਔਰਤਾਂ ਦੇ ਵਿਹੜੇ ਵਿਚ ਆਦਮੀ ਤੇ ਔਰਤਾਂ ਦੋਵੇਂ ਹੀ ਜਾ ਸਕਦੇ ਸਨ, ਪਰ ਇਸਰਾਏਲ ਦੇ ਵਿਹੜੇ ਵਿਚ ਸਿਰਫ਼ ਆਦਮੀ ਹੀ ਜਾ ਸਕਦੇ ਸਨ। ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦੇ ਜ਼ਮੀਨੀ ਵਿਹੜਿਆਂ ਵਿਚ ਆਦਮੀ ਤੇ ਔਰਤਾਂ ਇਕੱਠੇ ਭਗਤੀ ਕਰਦੇ ਹਨ। (ਗਲਾਤੀਆਂ 3:28, 29) ਇਸ ਲਈ, ਅਧਿਆਤਮਿਕ ਹੈਕਲ ਵਿਚ ਔਰਤਾਂ ਦੇ ਵਿਹੜੇ ਤੇ ਇਸਰਾਏਲ ਦੇ ਵਿਹੜੇ ਵਰਗਾ ਕੋਈ ਵਿਹੜਾ ਨਹੀਂ ਹੈ।

ਦੂਜਾ, ਪਰਮੇਸ਼ੁਰ ਵੱਲੋਂ ਦਿੱਤੇ ਗਏ ਸੁਲੇਮਾਨ ਦੀ ਹੈਕਲ ਦੇ ਨਕਸ਼ੇ ਵਿਚ ਜਾਂ ਹਿਜ਼ਕੀਏਲ ਦੁਆਰਾ ਦਰਸ਼ਣ ਵਿਚ ਦੇਖੀ ਹੈਕਲ ਵਿਚ ਜਾਂ ਜ਼ਰੁੱਬਾਬਲ ਦੁਆਰਾ ਮੁੜ ਬਣਾਈ ਗਈ ਹੈਕਲ ਵਿਚ ਗ਼ੈਰ-ਯਹੂਦੀਆਂ ਦਾ ਵਿਹੜਾ ਨਹੀਂ ਸੀ। ਇਸ ਲਈ ਇਹ ਸਿੱਟਾ ਕੱਢਣ ਦਾ ਕੋਈ ਕਾਰਨ ਨਹੀਂ ਹੈ ਕਿ ਭਗਤੀ ਕਰਨ ਲਈ ਯਹੋਵਾਹ ਦੇ ਮਹਾਨ ਅਧਿਆਤਮਿਕ ਹੈਕਲ ਪ੍ਰਬੰਧ ਵਿਚ ਗ਼ੈਰ-ਯਹੂਦੀਆਂ ਦਾ ਵਿਹੜਾ ਹੋਵੇਗਾ, ਖ਼ਾਸਕਰ ਜਦੋਂ ਅਸੀਂ ਅਗਲੇ ਕਾਰਨ ਉੱਤੇ ਵਿਚਾਰ ਕਰਦੇ ਹਾਂ।

ਤੀਜਾ, ਅਦੋਮੀ ਰਾਜੇ ਹੇਰੋਦੇਸ ਨੇ ਆਪਣੀ ਵਡਿਆਈ ਲਈ ਅਤੇ ਰੋਮ ਦੀ ਖ਼ੁਸ਼ਾਮਦ ਕਰਨ ਲਈ ਗ਼ੈਰ-ਯਹੂਦੀਆਂ ਦਾ ਵਿਹੜਾ ਬਣਾਇਆ ਸੀ। ਹੇਰੋਦੇਸ ਨੇ ਸ਼ਾਇਦ 18 ਜਾਂ 17 ਸਾ.ਯੁ.ਪੂ. ਵਿਚ ਜ਼ਰੁੱਬਾਬਲ ਦੀ ਹੈਕਲ ਦੀ ਮੁਰੰਮਤ ਕਰਨੀ ਸ਼ੁਰੂ ਕੀਤੀ ਸੀ। ਦੀ ਐਂਕਰ ਬਾਈਬਲ ਡਿਕਸ਼ਨਰੀ ਕਹਿੰਦੀ ਹੈ: “ਉਸ ਸਮੇਂ ਪੱਛਮ ਵਿਚ ਵਿਸ਼ਵ ਸ਼ਕਤੀ [ਰੋਮ] ਦੀਆਂ ਉਸਾਰੀ ਰੁਚੀਆਂ . . . ਪੂਰਬੀ ਸ਼ਹਿਰਾਂ ਦੀਆਂ ਇਮਾਰਤਾਂ ਨਾਲੋਂ ਕਿਤੇ ਵੱਡੀ ਹੈਕਲ ਦੀ ਮੰਗ ਕਰਦੀਆਂ ਸਨ।” ਪਰ ਹੈਕਲ ਦੀ ਲੰਬਾਈ-ਚੌੜਾਈ ਪਹਿਲਾਂ ਹੀ ਨਿਸ਼ਚਿਤ ਸੀ। ਡਿਕਸ਼ਨਰੀ ਦੱਸਦੀ ਹੈ: “ਹਾਲਾਂਕਿ ਹੈਕਲ ਦਾ ਮਾਪ ਪਹਿਲੀਆਂ ਹੈਕਲਾਂ [ਸੁਲੇਮਾਨ ਦੀ ਅਤੇ ਜ਼ਰੁੱਬਾਬਲ ਦੀ ਹੈਕਲ] ਦੇ ਬਰਾਬਰ ਹੋਣਾ ਜ਼ਰੂਰੀ ਸੀ, ਪਰ ਹੈਕਲ ਦੀ ਪਹਾੜੀ ਦਾ ਆਕਾਰ ਵਧਾਉਣ ਦੀ ਮਨਾਹੀ ਨਹੀਂ ਸੀ।” ਇਸ ਲਈ, ਹੇਰੋਦੇਸ ਨੇ ਹੈਕਲ ਦੀ ਪਹਾੜੀ ਵਿਚ ਉਹ ਹਿੱਸਾ ਜੋੜ ਕੇ ਇਸ ਦੇ ਆਕਾਰ ਨੂੰ ਵਧਾ ਦਿੱਤਾ ਜਿਸ ਨੂੰ ਅੱਜ ਗ਼ੈਰ-ਯਹੂਦੀਆਂ ਦਾ ਵਿਹੜਾ ਕਿਹਾ ਜਾਂਦਾ ਹੈ। ਅਜਿਹੇ ਹਾਲਾਤਾਂ ਹੇਠ ਬਣਾਏ ਗਏ ਵਿਹੜੇ ਵਰਗੀ ਯਹੋਵਾਹ ਦੇ ਅਧਿਆਤਮਿਕ ਹੈਕਲ ਪ੍ਰਬੰਧ ਵਿਚ ਕੋਈ ਥਾਂ ਨਹੀਂ ਹੈ।

ਚੌਥਾ, ਲਗਭਗ ਸਾਰੇ ਹੀ—ਅੰਨ੍ਹੇ, ਲੰਗੜੇ ਤੇ ਬੇਸੁੰਨਤੀ ਪਰਾਈਆਂ ਕੌਮਾਂ ਦੇ ਲੋਕ—ਗ਼ੈਰ-ਯਹੂਦੀਆਂ ਦੇ ਵਿਹੜੇ ਵਿਚ ਜਾ ਸਕਦੇ ਸਨ। (ਮੱਤੀ 21:14, 15) ਇਹ ਸੱਚ ਹੈ ਕਿ ਜਿਹੜੇ ਬੇਸੁੰਨਤੀ ਗ਼ੈਰ-ਯਹੂਦੀ ਲੋਕ ਪਰਮੇਸ਼ੁਰ ਨੂੰ ਬਲੀਦਾਨ ਚੜ੍ਹਾਉਣਾ ਚਾਹੁੰਦੇ ਸਨ, ਉਨ੍ਹਾਂ ਨੂੰ ਇਸ ਵਿਹੜੇ ਕਾਰਨ ਬਲੀਦਾਨ ਚੜ੍ਹਾਉਣ ਦਾ ਮੌਕਾ ਮਿਲਿਆ। ਇਹ ਉਹੀ ਵਿਹੜਾ ਹੈ ਜਿੱਥੇ ਯਿਸੂ ਨੇ ਕਈ ਵਾਰ ਲੋਕਾਂ ਨੂੰ ਉਪਦੇਸ਼ ਦਿੱਤਾ ਤੇ ਜਿੱਥੋਂ ਉਸ ਨੇ ਸਰਾਫ਼ਾਂ ਤੇ ਵਪਾਰੀਆਂ ਨੂੰ ਇਹ ਕਹਿੰਦੇ ਹੋਏ ਦੋ ਵਾਰ ਕੱਢ ਦਿੱਤਾ ਸੀ ਕਿ ਉਨ੍ਹਾਂ ਨੇ ਉਸ ਦੇ ਪਿਤਾ ਦੇ ਘਰ ਦਾ ਅਨਾਦਰ ਕੀਤਾ ਸੀ। (ਮੱਤੀ 21:12, 13; ਯੂਹੰਨਾ 2:14-16) ਪਰ ਦ ਜੂਇਸ਼ ਐਨਸਾਈਕਲੋਪੀਡੀਆ ਕਹਿੰਦਾ ਹੈ: “ਇਹ ਬਾਹਰਲਾ ਵਿਹੜਾ ਅਸਲ ਵਿਚ ਹੈਕਲ ਦਾ ਹਿੱਸਾ ਨਹੀਂ ਸੀ। ਇਸ ਦੀ ਮਿੱਟੀ ਪਵਿੱਤਰ ਨਹੀਂ ਸੀ ਤੇ ਇਸ ਵਿਚ ਕੋਈ ਵੀ ਆ ਸਕਦਾ ਸੀ।”

ਪੰਜਵਾਂ, “ਹੈਕਲ” ਅਨੁਵਾਦ ਕੀਤਾ ਗਿਆ ਯੂਨਾਨੀ ਸ਼ਬਦ (hi·e·ron’) ਜੋ ਗ਼ੈਰ-ਯਹੂਦੀਆਂ ਦੇ ਵਿਹੜੇ ਦੇ ਸੰਬੰਧ ਵਿਚ ਵਰਤਿਆ ਗਿਆ ਹੈ, ਉਹ “ਸਿਰਫ਼ ਹੈਕਲ ਦੀ ਇਮਾਰਤ ਨੂੰ ਨਹੀਂ ਸਗੋਂ ਹੈਕਲ ਦੇ ਪੂਰੇ ਇਲਾਕੇ ਨੂੰ ਸੰਕੇਤ ਕਰਦਾ ਹੈ,” ਬਾਰਕਲੀ ਐੱਮ. ਨਿਊਮਨ ਤੇ ਫਿੱਲਿਪ ਸੀ. ਸਟਾਈਨ ਦੁਆਰਾ ਲਿਖੀ ਅ ਹੈਂਡਬੁਕ ਔਨ ਦ ਗੌਸਪਲ ਆਫ਼ ਮੈਥਿਊ ਕਹਿੰਦੀ ਹੈ। ਇਸ ਦੇ ਉਲਟ, ਵੱਡੀ ਭੀੜ ਬਾਰੇ ਯੂਹੰਨਾ ਦੇ ਦਰਸ਼ਣ ਵਿਚ “ਹੈਕਲ” ਲਈ ਵਰਤਿਆ ਗਿਆ ਯੂਨਾਨੀ ਸ਼ਬਦ (na·os’) ਇਕ ਖ਼ਾਸ ਜਗ੍ਹਾ ਨੂੰ ਸੂਚਿਤ ਕਰਦਾ ਹੈ। ਯਰੂਸ਼ਲਮ ਦੀ ਹੈਕਲ ਦੇ ਸੰਬੰਧ ਵਿਚ ਇਹ ਸ਼ਬਦ ਆਮ ਤੌਰ ਤੇ ਅੱਤ ਪਵਿੱਤਰ ਸਥਾਨ, ਹੈਕਲ ਦੀ ਇਮਾਰਤ, ਜਾਂ ਹੈਕਲ ਦੇ ਹੋਰ ਥਾਵਾਂ ਨੂੰ ਸੰਕੇਤ ਕਰਦਾ ਹੈ।—ਮੱਤੀ 27:5, 51; ਲੂਕਾ 1:9, 21; ਯੂਹੰਨਾ 2:20.

ਵੱਡੀ ਭੀੜ ਦੇ ਮੈਂਬਰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਦੇ ਹਨ। ਉਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ ਜਿਸ ਕਰਕੇ ਉਹ ਅਧਿਆਤਮਿਕ ਤੌਰ ਤੇ ਸਾਫ਼ ਹਨ। ਇਸ ਲਈ ਉਨ੍ਹਾਂ ਨੂੰ ਪਰਮੇਸ਼ੁਰ ਦੇ ਮਿੱਤਰ ਬਣਨ ਤੇ ਵੱਡੀ ਬਿਪਤਾ ਵਿੱਚੋਂ ਬਚਣ ਲਈ ਧਰਮੀ ਠਹਿਰਾਇਆ ਗਿਆ ਹੈ। (ਯਾਕੂਬ 2:23, 25) ਕਈ ਤਰੀਕਿਆਂ ਨਾਲ ਉਹ ਇਸਰਾਏਲ ਵਿਚ ਉਨ੍ਹਾਂ ਯਹੂਦੀ ਧਰਮ ਅਪਣਾਉਣ ਵਾਲੇ ਲੋਕਾਂ ਵਰਗੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਬਿਵਸਥਾ ਦੇ ਨੇਮ ਦੇ ਅਧੀਨ ਕਰ ਲਿਆ ਸੀ ਤੇ ਇਸਰਾਏਲੀਆਂ ਨਾਲ ਮਿਲ ਕੇ ਪਰਮੇਸ਼ੁਰ ਦੀ ਭਗਤੀ ਕਰਦੇ ਸਨ।

ਪਰ ਯਹੂਦੀ ਧਰਮ ਅਪਣਾਉਣ ਵਾਲੇ ਲੋਕ ਅੰਦਰਲੇ ਵਿਹੜੇ ਵਿਚ ਸੇਵਾ ਨਹੀਂ ਕਰਦੇ ਸਨ ਜਿੱਥੇ ਜਾਜਕ ਸੇਵਾ ਕਰਦੇ ਸਨ। ਇਸੇ ਤਰ੍ਹਾਂ, ਵੱਡੀ ਭੀੜ ਦੇ ਮੈਂਬਰ ਯਹੋਵਾਹ ਦੀ ਮਹਾਨ ਅਧਿਆਤਮਿਕ ਹੈਕਲ ਦੇ ਅੰਦਰਲੇ ਵਿਹੜੇ ਵਿਚ ਨਹੀਂ ਹਨ। ਇਹ ਵਿਹੜਾ ਧਰਤੀ ਉੱਤੇ “ਜਾਜਕਾਂ ਦੀ ਪਵਿੱਤਰ ਮੰਡਲੀ” ਦੇ ਮੈਂਬਰਾਂ ਦੀ ਸਥਿਤੀ ਨੂੰ ਦਰਸਾਉਂਦਾ ਹੈ, ਕਿਉਂਜੋ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਉਸ ਦੇ ਸੰਪੂਰਣ, ਧਰਮੀ ਪੁੱਤਰ ਹਨ। (1 ਪਤਰਸ 2:5) ਪਰ ਜਿਵੇਂ ਸਵਰਗੀ ਬਜ਼ੁਰਗ ਨੇ ਯੂਹੰਨਾ ਨੂੰ ਕਿਹਾ ਸੀ, ਵੱਡੀ ਭੀੜ ਦਰਅਸਲ ਹੈਕਲ ਦੇ ਵਿਚ ਹੈ, ਨਾ ਕਿ ਹੈਕਲ ਦੇ ਬਾਹਰ ਗ਼ੈਰ-ਯਹੂਦੀਆਂ ਦੇ ਅਧਿਆਤਮਿਕ ਵਿਹੜੇ ਵਿਚ। ਇਹ ਕਿੰਨਾ ਵੱਡਾ ਸਨਮਾਨ ਹੈ! ਇਹ ਸਾਰਿਆਂ ਨੂੰ ਹਰ ਸਮੇਂ ਅਧਿਆਤਮਿਕ ਤੇ ਨੈਤਿਕ ਸ਼ੁੱਧਤਾ ਬਣਾਈ ਰੱਖਣ ਦੀ ਲੋੜ ਉੱਤੇ ਜ਼ੋਰ ਦਿੰਦਾ ਹੈ।

ਸਫ਼ਾ 31 ਉੱਤੇ ਡਾਇਆਗ੍ਰਾਮ/ਤਸਵੀਰ]

(ਪੂਰੀ ਜਾਣਕਾਰੀ ਲਈ ਛਪਿਆ ਪ੍ਰਕਾਸ਼ਨ ਦੇਖੋ)

ਸੁਲੇਮਾਨ ਦੀ ਹੈਕਲ

1. ਹੈਕਲ ਦੀ ਇਮਾਰਤ

2. ਅੰਦਰਲਾ ਵਿਹੜਾ

3. ਬਾਹਰਲਾ ਵਿਹੜਾ

4. ਹੈਕਲ ਦੇ ਵਿਹੜੇ ਨੂੰ ਜਾਂਦੀ ਪੌੜੀ