Skip to content

Skip to table of contents

ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?

ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?

ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ?

“ਉਹ ਦਿਨ ਆਉਂਦਾ ਹੈ, ਤੰਦੂਰ ਵਾਂਙੁ ਸਾੜਨ ਵਾਲਾ।”—ਮਲਾਕੀ 4:1.

1. ਮਲਾਕੀ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਦਾ ਕਿਵੇਂ ਵਰਣਨ ਕਰਦਾ ਹੈ?

ਪਰਮੇਸ਼ੁਰ ਨੇ ਮਲਾਕੀ ਨਬੀ ਨੂੰ ਸਾਡੇ ਨੇੜਲੇ ਭਵਿੱਖ ਵਿਚ ਵਾਪਰਨ ਵਾਲੀਆਂ ਭੈਦਾਇਕ ਘਟਨਾਵਾਂ ਬਾਰੇ ਭਵਿੱਖਬਾਣੀਆਂ ਲਿਖਣ ਲਈ ਪ੍ਰੇਰਿਆ। ਇਹ ਘਟਨਾਵਾਂ ਦੁਨੀਆਂ ਦੇ ਹਰ ਇਕ ਇਨਸਾਨ ਉੱਤੇ ਅਸਰ ਪਾਉਣਗੀਆਂ। ਮਲਾਕੀ 4:1 ਭਵਿੱਖਬਾਣੀ ਕਰਦਾ ਹੈ: “ਵੇਖੋ, ਉਹ ਦਿਨ ਆਉਂਦਾ ਹੈ, ਤੰਦੂਰ ਵਾਂਙੁ ਸਾੜਨ ਵਾਲਾ। ਸਾਰੇ ਆਕੜ ਬਾਜ਼ ਅਤੇ ਸਾਰੇ ਦੁਸ਼ਟ ਭੁਠਾ ਹੋਣਗੇ। ਉਹ ਦਿਨ ਓਹਨਾਂ ਨੂੰ ਸਾੜਨ ਲਈ ਆਉਂਦਾ ਹੈ, ਸੈਨਾਂ ਦਾ ਯਹੋਵਾਹ ਆਖਦਾ ਹੈ, ਉਹ ਓਹਨਾਂ ਲਈ ਟੁੰਡ ਮੁੰਡ ਨਾ ਛੱਡੇਗਾ।” ਇਸ ਦੁਸ਼ਟ ਰੀਤੀ-ਵਿਵਸਥਾ ਨੂੰ ਕਿਸ ਹੱਦ ਤਕ ਨਾਸ਼ ਕੀਤਾ ਜਾਵੇਗਾ? ਇਹ ਪੂਰੀ ਤਰ੍ਹਾਂ ਨਾਸ਼ ਕੀਤੀ ਜਾਵੇਗੀ ਜਿੱਦਾਂ ਇਕ ਦਰਖ਼ਤ ਦੀਆਂ ਜੜ੍ਹਾਂ ਨੂੰ ਪੁੱਟੇ ਜਾਣ ਤੇ ਉਹ ਦੁਬਾਰਾ ਕਦੀ ਨਹੀਂ ਉੱਗਦਾ।

2. ਬਾਈਬਲ ਵਿਚ ਕਈ ਆਇਤਾਂ ਯਹੋਵਾਹ ਦੇ ਦਿਨ ਦਾ ਵਰਣਨ ਕਿਵੇਂ ਕਰਦੀਆਂ ਹਨ?

2 ਤੁਸੀਂ ਸ਼ਾਇਦ ਪੁੱਛੋ ਕਿ ਮਲਾਕੀ ਨਬੀ ਕਿਹੜੇ “ਦਿਨ” ਦੀ ਭਵਿੱਖਬਾਣੀ ਕਰ ਰਿਹਾ ਹੈ? ਇਹ ਉਹੀ ਦਿਨ ਹੈ ਜਿਸ ਬਾਰੇ ਯਸਾਯਾਹ 13:9 ਵਿਚ ਦੱਸਿਆ ਗਿਆ ਹੈ: “ਵੇਖੋ, ਯਹੋਵਾਹ ਦਾ ਦਿਨ ਆਉਂਦਾ ਹੈ, ਨਿਰਦਈ, ਕਹਿਰ ਅਤੇ ਤੇਜ ਕ੍ਰੋਧ ਨਾਲ, ਭਈ ਧਰਤੀ ਨੂੰ ਵਿਰਾਨ ਕਰੇ, ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ ਕਰੇ।” ਸਫ਼ਨਯਾਹ 1:15 ਇਸ ਦਿਨ ਦਾ ਵਰਣਨ ਇੱਦਾਂ ਕਰਦਾ ਹੈ: “ਉਹ ਦਿਨ ਕਹਿਰ ਦਾ ਦਿਨ ਹੈ, ਦੁਖ ਅਤੇ ਕਸ਼ਟ ਦਾ ਦਿਨ, ਬਰਬਾਦੀ ਅਤੇ ਵਿਰਾਨੀ ਦਾ ਦਿਨ, ਅਨ੍ਹੇਰੇ ਅਤੇ ਅੰਧਕਾਰ ਦਾ ਦਿਨ, ਬੱਦਲ ਅਤੇ ਕਾਲੀਆਂ ਘਟਾਂ ਦਾ ਦਿਨ।”

“ਵੱਡਾ ਕਸ਼ਟ”

3. “ਯਹੋਵਾਹ ਦਾ ਦਿਨ” ਕੀ ਹੈ?

3 ਮਲਾਕੀ ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ “ਯਹੋਵਾਹ ਦਾ ਦਿਨ” ਉਹ ਸਮਾਂ ਹੈ ਜਿਸ ਨੂੰ “ਵੱਡਾ ਕਸ਼ਟ” ਕਿਹਾ ਜਾਂਦਾ ਹੈ। ਯਿਸੂ ਨੇ ਇਸ ਬਾਰੇ ਪਹਿਲਾਂ ਹੀ ਦੱਸਿਆ ਸੀ: “ਉਸ ਸਮੇ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਜਗਤ ਦੇ ਮੁੱਢੋਂ ਲੈ ਕੇ ਨਾ ਹੁਣ ਤੋੜੀ ਹੋਇਆ ਅਤੇ ਨਾ ਕਦੇ ਹੋਵੇਗਾ।” (ਮੱਤੀ 24:21) ਜ਼ਰਾ ਸੋਚੋ ਕਿ ਦੁਨੀਆਂ ਨੇ ਕਿੰਨਾ ਦੁੱਖ ਭੋਗਿਆ ਹੈ, ਖ਼ਾਸ ਕਰਕੇ 1914 ਤੋਂ। (ਮੱਤੀ 24:7-12) ਸਿਰਫ਼ ਦੂਸਰੇ ਵਿਸ਼ਵ ਯੁੱਧ ਵਿਚ ਹੀ ਪੰਜ ਕਰੋੜ ਤੋਂ ਜ਼ਿਆਦਾ ਜਾਨਾਂ ਗਈਆਂ! ਪਰ ‘ਵੱਡੇ ਕਸ਼ਟ’ ਵਿਚ ਇੰਨਾ ਦੁੱਖ ਹੋਵੇਗਾ ਕਿ ਉਸ ਦੀ ਤੁਲਨਾ ਵਿਚ ਅੱਜ ਦੇ ਦੁੱਖ ਕੁਝ ਵੀ ਨਹੀਂ ਹੋਣਗੇ। ਉਹ ਵੱਡਾ ਕਸ਼ਟ ਯਾਨੀ ਯਹੋਵਾਹ ਦਾ ਦਿਨ ਆਰਮਾਗੇਡਨ ਦੇ ਯੁੱਧ ਵਿਚ ਆਪਣੇ ਸਿਖਰ ਤੇ ਪਹੁੰਚੇਗਾ ਅਤੇ ਇਸ ਦੇ ਨਾਲ ਇਸ ਭੈੜੀ ਦੁਨੀਆਂ ਦੇ ਆਖ਼ਰੀ ਦਿਨ ਖ਼ਤਮ ਹੋ ਜਾਣਗੇ।—2 ਤਿਮੋਥਿਉਸ 3:1-5, 13; ਪਰਕਾਸ਼ ਦੀ ਪੋਥੀ 7:14; 16:14, 16.

4. ਜਦੋਂ ਯਹੋਵਾਹ ਦਾ ਦਿਨ ਖ਼ਤਮ ਹੋਵੇਗਾ, ਤਾਂ ਉਸ ਵੇਲੇ ਤਕ ਕੀ ਹੋ ਚੁੱਕਾ ਹੋਵੇਗਾ?

4 ਯਹੋਵਾਹ ਦੇ ਉਸ ਦਿਨ ਦੇ ਅੰਤ ਵਿਚ ਸ਼ਤਾਨ ਦੀ ਦੁਨੀਆਂ ਅਤੇ ਇਸ ਦੇ ਸਾਰੇ ਹਿਮਾਇਤੀ ਨਾਸ਼ ਹੋ ਚੁੱਕੇ ਹੋਣਗੇ। ਸਭ ਤੋਂ ਪਹਿਲਾਂ ਸਾਰੇ ਝੂਠੇ ਧਰਮ ਖ਼ਤਮ ਕੀਤੇ ਜਾਣਗੇ। ਇਸ ਤੋਂ ਬਾਅਦ, ਯਹੋਵਾਹ ਸ਼ਤਾਨ ਦੇ ਆਰਥਿਕ ਅਤੇ ਰਾਜਨੀਤਿਕ ਸੰਗਠਨਾਂ ਨੂੰ ਨਾਸ਼ ਕਰੇਗਾ। (ਪਰਕਾਸ਼ ਦੀ ਪੋਥੀ 17:12-14; 19:17, 18) ਹਿਜ਼ਕੀਏਲ ਭਵਿੱਖਬਾਣੀ ਕਰਦਾ ਹੈ: “ਓਹ ਆਪਣੀ ਚਾਂਦੀ ਗਲੀਆਂ ਵਿੱਚ ਸੁੱਟ ਦੇਣਗੇ ਅਤੇ ਉਨ੍ਹਾਂ ਦਾ ਸੋਨਾ ਅਸ਼ੁੱਧ ਵਸਤੂਆਂ ਵਾਂਗਰ ਹੋਵੇਗਾ, ਯਹੋਵਾਹ ਦੇ ਕਹਿਰ ਵਾਲੇ ਦਿਨ ਉਨ੍ਹਾਂ ਦੀ ਚਾਂਦੀ ਅਤੇ ਉਨ੍ਹਾਂ ਦਾ ਸੋਨਾ ਉਨ੍ਹਾਂ ਨੂੰ ਨਹੀਂ ਛੁਡਾ ਸੱਕੇਗਾ।” (ਹਿਜ਼ਕੀਏਲ 7:19) ਉਸ ਦਿਨ ਬਾਰੇ ਸਫ਼ਨਯਾਹ 1:14 ਕਹਿੰਦਾ ਹੈ: “ਯਹੋਵਾਹ ਦਾ ਮਹਾਨ ਦਿਨ ਨੇੜੇ ਹੈ, ਉਹ ਨੇੜੇ ਹੈ ਅਤੇ ਬਹੁਤ ਛੇਤੀ ਕਰਦਾ ਹੈ।” ਬਾਈਬਲ ਯਹੋਵਾਹ ਦੇ ਦਿਨ ਬਾਰੇ ਜੋ ਕਹਿੰਦੀ ਹੈ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਸਾਨੂੰ ਪਰਮੇਸ਼ੁਰ ਦੀਆਂ ਧਾਰਮਿਕ ਮੰਗਾਂ ਪੂਰੀਆਂ ਕਰਨ ਦਾ ਪੱਕਾ ਇਰਾਦਾ ਕਰਨਾ ਚਾਹੀਦਾ ਹੈ।

5. ਜਿਹੜੇ ਯਹੋਵਾਹ ਦੇ ਨਾਂ ਦਾ ਭੈ ਮੰਨਦੇ ਹਨ, ਉਹ ਕਿਸ ਚੀਜ਼ ਨੂੰ ਅਨੁਭਵ ਕਰ ਰਹੇ ਹਨ?

5 ਇਹ ਦੱਸਣ ਤੋਂ ਬਾਅਦ ਕਿ ਯਹੋਵਾਹ ਦੇ ਦਿਨ ਵਿਚ ਸ਼ਤਾਨ ਦੀ ਦੁਨੀਆਂ ਦੇ ਨਾਲ ਕੀ ਹੋਵੇਗਾ, ਮਲਾਕੀ 4:2 ਵਿਚ ਯਹੋਵਾਹ ਅੱਗੇ ਕਹਿੰਦਾ ਹੈ: “ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹ ਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਙੁ ਬਾਹਰ ਨਿੱਕਲੋਗੇ ਅਤੇ ਕੁੱਦੋਗੇ।” “ਧਰਮ ਦਾ ਸੂਰਜ” ਯਿਸੂ ਮਸੀਹ ਹੈ। ਉਹ ਅਧਿਆਤਮਿਕ ਤੌਰ ਤੇ “ਜਗਤ ਦਾ ਚਾਨਣ” ਹੈ। (ਯੂਹੰਨਾ 8:12) ਯਿਸੂ ਆਪਣੀਆਂ ਕਿਰਨਾਂ ਦੇ ਨਾਲ ਚੰਗਾ ਕਰਦਾ ਹੈ—ਅੱਜ ਉਹ ਸਾਨੂੰ ਅਧਿਆਤਮਿਕ ਤੌਰ ਤੇ ਤੰਦਰੁਸਤ ਕਰਦਾ ਹੈ ਅਤੇ ਫਿਰ ਨਵੀਂ ਦੁਨੀਆਂ ਵਿਚ ਉਹ ਸਾਨੂੰ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਚੰਗਾ ਕਰੇਗਾ। ਯਹੋਵਾਹ ਕਹਿੰਦਾ ਹੈ ਕਿ ਚੰਗੇ ਕੀਤੇ ਗਏ ਲੋਕ ਉਨ੍ਹਾਂ ‘ਵੱਛਿਆਂ ਵਾਂਙੁ ਬਾਹਰ ਨਿੱਕਲਣਗੇ ਅਤੇ ਕੁੱਦਣਗੇ’ ਜੋ ਵਾੜੇ ਵਿੱਚੋਂ ਛੱਡੇ ਜਾਣ ਤੇ ਬਹੁਤ ਖ਼ੁਸ਼ ਹੁੰਦੇ ਹਨ।

6. ਯਹੋਵਾਹ ਦੇ ਸੇਵਕ ਕਿਹੜੀ ਜਿੱਤ ਦਾ ਜਸ਼ਨ ਮਨਾਉਣਗੇ?

6 ਉਨ੍ਹਾਂ ਦਾ ਕੀ ਹੋਵੇਗਾ ਜਿਹੜੇ ਯਹੋਵਾਹ ਦੀਆਂ ਮੰਗਾਂ ਨੂੰ ਅਣਗੌਲਿਆਂ ਕਰਦੇ ਹਨ? ਮਲਾਕੀ 4:3 ਕਹਿੰਦਾ ਹੈ: “ਤੁਸੀਂ [ਪਰਮੇਸ਼ੁਰ ਦੇ ਸੇਵਕ] ਦੁਸ਼ਟਾਂ ਨੂੰ ਮਿੱਧੋਗੇ, ਓਹ ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠ ਦੀ ਸੁਆਹ ਹੋਣਗੇ ਉਸ ਦਿਨ ਜਦ ਮੈਂ ਕੰਮ ਕਰਾਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।” ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਲੋਕ ਸ਼ਤਾਨ ਦੇ ਸੰਸਾਰ ਨੂੰ ਨਾਸ਼ ਕਰਨ ਵਿਚ ਹਿੱਸਾ ਨਹੀਂ ਲੈਣਗੇ। ਇਸ ਦੀ ਬਜਾਇ ਉਹ ਯਹੋਵਾਹ ਦੇ ਦਿਨ ਤੋਂ ਬਾਅਦ ਜਿੱਤ ਦਾ ਜਸ਼ਨ ਮਨਾ ਕੇ ਲਾਖਣਿਕ ਤੌਰ ਤੇ ‘ਦੁਸ਼ਟਾਂ ਨੂੰ ਮਿੱਧਣਗੇ।’ ਲਾਲ ਸਮੁੰਦਰ ਵਿਚ ਫ਼ਿਰਊਨ ਦੀ ਫ਼ੌਜ ਦੇ ਡੁੱਬ ਜਾਣ ਤੋਂ ਬਾਅਦ ਵੱਡਾ ਜਸ਼ਨ ਮਨਾਇਆ ਗਿਆ ਸੀ। (ਕੂਚ 15:1-21) ਇਸੇ ਤਰ੍ਹਾਂ, ਵੱਡੇ ਕਸ਼ਟ ਦੌਰਾਨ ਸ਼ਤਾਨ ਅਤੇ ਉਸ ਦੀ ਦੁਨੀਆਂ ਦੇ ਨਾਸ਼ ਹੋ ਜਾਣ ਤੋਂ ਬਾਅਦ ਵੀ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ। ਯਹੋਵਾਹ ਦੇ ਦਿਨ ਵਿੱਚੋਂ ਬਚਣ ਵਾਲੇ ਵਫ਼ਾਦਾਰ ਸੇਵਕ ਖ਼ੁਸ਼ੀ ਦੇ ਮਾਰੇ ਕਹਿਣਗੇ: “ਅਸੀਂ ਉਹ ਦੀ ਮੁਕਤੀ ਵਿੱਚ ਖੁਸ਼ੀ ਮਨਾਈਏ ਅਤੇ ਅਨੰਦ ਕਰੀਏ।” (ਯਸਾਯਾਹ 25:9) ਜਦੋਂ ਯਹੋਵਾਹ ਦੇ ਰਾਜ ਕਰਨ ਦੇ ਤਰੀਕੇ ਨੂੰ ਸਹੀ ਸਿੱਧ ਕਰ ਦਿੱਤਾ ਜਾਵੇਗਾ ਅਤੇ ਸ਼ਾਂਤੀ ਨਾਲ ਜ਼ਿੰਦਗੀ ਗੁਜ਼ਾਰਨ ਲਈ ਧਰਤੀ ਸਾਫ਼ ਕੀਤੀ ਜਾ ਚੁੱਕੀ ਹੋਵੇਗੀ, ਤਾਂ ਉਸ ਵੇਲੇ ਚਾਰੇ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ!

ਈਸਾਈ-ਜਗਤ ਇਸਰਾਏਲ ਦੀ ਨਕਲ ਕਰਦਾ ਹੈ

7, 8. ਮਲਾਕੀ ਦੇ ਸਮੇਂ ਵਿਚ ਇਸਰਾਏਲ ਦੀ ਅਧਿਆਤਮਿਕ ਹਾਲਤ ਬਾਰੇ ਦੱਸੋ।

7 ਜਿਹੜੇ ਲੋਕ ਯਹੋਵਾਹ ਦੀ ਸੇਵਾ ਕਰਦੇ ਹਨ, ਉਨ੍ਹਾਂ ਉੱਤੇ ਯਹੋਵਾਹ ਦੀ ਮਿਹਰ ਹੁੰਦੀ ਹੈ ਅਤੇ ਜਿਹੜੇ ਸੇਵਾ ਨਹੀਂ ਕਰਦੇ, ਉਨ੍ਹਾਂ ਉੱਤੇ ਉਸ ਦੀ ਮਿਹਰ ਨਹੀਂ ਹੁੰਦੀ। ਜਦੋਂ ਮਲਾਕੀ ਨੇ ਆਪਣੀ ਕਿਤਾਬ ਲਿਖੀ ਸੀ, ਉਦੋਂ ਵੀ ਇਹ ਗੱਲ ਸੱਚ ਸਾਬਤ ਹੋਈ ਸੀ। ਸਾਲ 537 ਸਾ.ਯੁ.ਪੂ. ਵਿਚ ਇਸਰਾਏਲ ਕੌਮ ਦੇ ਬਚੇ ਹੋਏ ਲੋਕਾਂ ਨੂੰ 70 ਸਾਲਾਂ ਬਾਅਦ ਬਾਬਲ ਦੀ ਗ਼ੁਲਾਮੀ ਤੋਂ ਵਾਪਸ ਆਪਣੇ ਦੇਸ਼ ਲਿਆਂਦਾ ਗਿਆ ਸੀ। ਪਰ ਅਗਲੀ ਸਦੀ ਦੌਰਾਨ, ਇਹ ਵਾਪਸ ਆਏ ਲੋਕ ਹੌਲੀ-ਹੌਲੀ ਧਰਮ-ਤਿਆਗ ਅਤੇ ਦੁਸ਼ਟਤਾ ਦੇ ਰਾਹ ਉੱਤੇ ਚੱਲਣ ਲੱਗ ਪਏ। ਜ਼ਿਆਦਾਤਰ ਲੋਕ ਯਹੋਵਾਹ ਦੇ ਨਾਂ ਦਾ ਅਨਾਦਰ ਕਰ ਰਹੇ ਸਨ; ਉਸ ਦੇ ਧਰਮੀ ਨਿਯਮਾਂ ਨੂੰ ਤੋੜ ਰਹੇ ਸਨ; ਅੰਨ੍ਹੇ, ਲੰਗੜੇ ਤੇ ਬੀਮਾਰ ਜਾਨਵਰਾਂ ਨੂੰ ਬਲੀ ਚੜ੍ਹਾਉਣ ਲਈ ਲਿਆ ਕੇ ਉਸ ਦੀ ਹੈਕਲ ਨੂੰ ਗੰਦਾ ਕਰ ਰਹੇ ਸਨ; ਅਤੇ ਆਪਣੀ ਜਵਾਨੀ ਦੀਆਂ ਤੀਵੀਆਂ ਨੂੰ ਤਲਾਕ ਦੇ ਰਹੇ ਸਨ।

8 ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਮੈਂ ਨਿਆਉਂ ਲਈ ਤੁਹਾਡੇ ਨੇੜੇ ਆਵਾਂਗਾ ਅਤੇ ਮੈਂ ਚੁਸਤ ਗਵਾਹ ਹੋਵਾਂਗਾ ਜਾਦੂਗਰਾਂ, ਵਿਭਚਾਰੀਆਂ ਅਤੇ ਝੂਠੀ ਸੌਂਹ ਖਾਣ ਵਾਲਿਆਂ ਦੇ ਵਿਰੁੱਧ ਅਤੇ ਮਜੂਰ ਨੂੰ ਮਜੂਰੀ ਲਈ ਦੁਖ ਦੇਣ ਵਾਲਿਆਂ ਦੇ ਵਿਰੁੱਧ, ਵਿੱਧਵਾ ਅਤੇ ਅਨਾਥ ਨੂੰ ਦੁਖ ਦੇਣ ਵਾਲਿਆਂ ਦੇ ਵਿਰੁੱਧ ਜੋ ਪਰਦੇਸੀ ਨੂੰ ਮੋੜ ਦਿੰਦੇ ਹਨ ਅਤੇ ਮੈਥੋਂ ਨਹੀਂ ਡਰਦੇ . . . ਕਿਉਂ ਜੋ ਮੈਂ ਯਹੋਵਾਹ ਅਟੱਲ ਹਾਂ।” (ਮਲਾਕੀ 3:5, 6) ਪਰ ਫਿਰ ਵੀ ਯਹੋਵਾਹ ਨੇ ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਜਿਹੜੇ ਆਪਣੇ ਬੁਰੇ ਰਾਹ ਤੋਂ ਮੁੜਨ ਨੂੰ ਤਿਆਰ ਸਨ: “ਤੁਸੀਂ ਮੇਰੀ ਵੱਲ ਮੁੜੋ ਤਾਂ ਮੈਂ ਤੁਹਾਡੀ ਵੱਲ ਮੁੜਾਂਗਾ।”—ਮਲਾਕੀ 3:7.

9. ਮਲਾਕੀ ਦੀਆਂ ਭਵਿੱਖਬਾਣੀਆਂ ਦੀ ਪਹਿਲੀ ਪੂਰਤੀ ਕਿਵੇਂ ਹੋਈ ਸੀ?

9 ਇਨ੍ਹਾਂ ਸ਼ਬਦਾਂ ਦੀ ਪੂਰਤੀ ਪਹਿਲੀ ਸਦੀ ਵਿਚ ਵੀ ਹੋਈ ਸੀ। ਕੁਝ ਯਹੂਦੀ ਯਹੋਵਾਹ ਦੀ ਉਪਾਸਨਾ ਕਰਦੇ ਸਨ ਅਤੇ ਉਹ ਆਤਮਾ ਨਾਲ ਮਸਹ ਕੀਤੇ ਹੋਏ ਮਸੀਹੀਆਂ ਦੀ ਇਕ ਨਵੀਂ “ਕੌਮ” ਦਾ ਹਿੱਸਾ ਬਣੇ। ਬਾਅਦ ਵਿਚ ਇਸ ਵਿਚ ਗ਼ੈਰ-ਯਹੂਦੀ ਲੋਕ ਵੀ ਸ਼ਾਮਲ ਕੀਤੇ ਗਏ ਸਨ। ਪਰ ਜ਼ਿਆਦਾਤਰ ਇਸਰਾਏਲੀਆਂ ਨੇ ਯਿਸੂ ਨੂੰ ਠੁਕਰਾ ਦਿੱਤਾ ਸੀ। ਇਸ ਲਈ ਯਿਸੂ ਨੇ ਉਸ ਇਸਰਾਏਲ ਕੌਮ ਨੂੰ ਕਿਹਾ ਸੀ: “ਵੇਖੋ ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।” (ਮੱਤੀ 23:38; 1 ਕੁਰਿੰਥੀਆਂ 16:22) ਜਿਵੇਂ ਮਲਾਕੀ 4:1 ਵਿਚ ਦੱਸਿਆ ਗਿਆ ਸੀ, 70 ਸਾ.ਯੁ. ਵਿਚ ਇਸਰਾਏਲ ਉੱਤੇ ‘ਤੰਦੂਰ ਵਾਂਙੁ ਸਾੜਨ ਵਾਲਾ ਦਿਨ ਆਇਆ।’ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਨਾਸ਼ ਕਰ ਦਿੱਤਾ ਗਿਆ। ਕਿਹਾ ਜਾਂਦਾ ਹੈ ਕਿ ਉਸ ਸਮੇਂ ਕਾਲ, ਸੱਤਾ ਹਾਸਲ ਕਰਨ ਲਈ ਲੜਾਈਆਂ ਅਤੇ ਰੋਮੀ ਫ਼ੌਜਾਂ ਦੇ ਹਮਲਿਆਂ ਕਾਰਨ ਦਸ ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਪਰ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਸਨ, ਉਹ ਉਸ ਕਸ਼ਟ ਤੋਂ ਬਚ ਗਏ।—ਮਰਕੁਸ 13:14-20.

10. ਆਮ ਲੋਕ ਅਤੇ ਪਾਦਰੀ ਵਰਗ ਕਿਵੇਂ ਪਹਿਲੀ ਸਦੀ ਦੇ ਇਸਰਾਏਲ ਦੀ ਨਕਲ ਕਰਦੇ ਹਨ?

10 ਅੱਜ ਮਨੁੱਖਜਾਤੀ ਅਤੇ ਖ਼ਾਸ ਕਰਕੇ ਈਸਾਈ-ਜਗਤ ਉਸ ਪਹਿਲੀ ਸਦੀ ਦੀ ਇਸਰਾਏਲ ਕੌਮ ਵਰਗੇ ਹਨ। ਈਸਾਈ-ਜਗਤ ਦੇ ਆਗੂ ਅਤੇ ਲੋਕ ਯਿਸੂ ਦੁਆਰਾ ਸਿਖਾਈਆਂ ਗਈਆਂ ਪਰਮੇਸ਼ੁਰੀ ਸੱਚਾਈਆਂ ਦੀ ਬਜਾਇ ਆਪਣੇ ਧਾਰਮਿਕ ਵਿਸ਼ਵਾਸਾਂ ਨੂੰ ਤਰਜੀਹ ਦਿੰਦੇ ਹਨ। ਖ਼ਾਸ ਕਰਕੇ ਪਾਦਰੀ ਵਰਗ ਇਹ ਗ਼ਲਤ ਕੰਮ ਕਰ ਰਿਹਾ ਹੈ। ਉਹ ਯਹੋਵਾਹ ਦਾ ਨਾਂ ਇਸਤੇਮਾਲ ਕਰਨ ਤੋਂ ਇਨਕਾਰ ਕਰਦੇ ਹਨ ਅਤੇ ਆਪਣੀਆਂ ਬਾਈਬਲਾਂ ਵਿੱਚੋਂ ਵੀ ਉਨ੍ਹਾਂ ਨੇ ਇਹ ਨਾਂ ਮਿਟਾ ਦਿੱਤਾ ਹੈ। ਉਹ ਗ਼ਲਤ ਸਿੱਖਿਆਵਾਂ ਦੇ ਕੇ ਯਹੋਵਾਹ ਦਾ ਅਨਾਦਰ ਕਰਦੇ ਹਨ, ਜਿਵੇਂ ਨਰਕ ਦੀ ਅੱਗ ਵਿਚ ਤਸੀਹੇ, ਤ੍ਰਿਏਕਵਾਦ, ਅਮਰ ਆਤਮਾ ਅਤੇ ਵਿਕਾਸਵਾਦ। ਇਸ ਤਰ੍ਹਾਂ ਕਰ ਕੇ ਉਹ ਮਲਾਕੀ ਦੇ ਦਿਨਾਂ ਦੇ ਜਾਜਕਾਂ ਵਾਂਗ ਯਹੋਵਾਹ ਨੂੰ ਉਹ ਮਹਿਮਾ ਨਹੀਂ ਦਿੰਦੇ ਜਿਸ ਦਾ ਉਹ ਹੱਕਦਾਰ ਹੈ।

11. ਸੰਸਾਰ ਦੇ ਧਰਮ ਕਿਵੇਂ ਦਿਖਾਉਂਦੇ ਹਨ ਕਿ ਉਹ ਅਸਲ ਵਿਚ ਕਿਸ ਦੀ ਭਗਤੀ ਕਰਦੇ ਹਨ?

11 ਜਦੋਂ 1914 ਵਿਚ ਅੰਤ ਦੇ ਦਿਨ ਸ਼ੁਰੂ ਹੋਏ, ਤਾਂ ਇਸ ਸੰਸਾਰ ਦੇ ਧਰਮਾਂ ਨੇ ਅਤੇ ਖ਼ਾਸ ਕਰਕੇ ਈਸਾਈ-ਜਗਤ ਨੇ ਦਿਖਾ ਦਿੱਤਾ ਕਿ ਉਹ ਅਸਲ ਵਿਚ ਕਿਸ ਦੀ ਭਗਤੀ ਕਰ ਰਹੇ ਸਨ। ਦੋਵੇਂ ਵਿਸ਼ਵ ਯੁੱਧਾਂ ਦੌਰਾਨ ਉਨ੍ਹਾਂ ਨੇ ਆਪਣੇ ਮੈਂਬਰਾਂ ਨੂੰ ਉਕਸਾਇਆ ਕਿ ਉਹ ਦੇਸ਼ ਦੀ ਖ਼ਾਤਰ ਲੜਨ, ਭਾਵੇਂ ਇਸ ਦੇ ਲਈ ਉਨ੍ਹਾਂ ਨੂੰ ਆਪਣੇ ਹੀ ਧਰਮ ਦੇ ਲੋਕਾਂ ਦਾ ਕਤਲ ਕਿਉਂ ਨਾ ਕਰਨਾ ਪਵੇ। ਪਰਮੇਸ਼ੁਰ ਦਾ ਬਚਨ ਸਾਫ਼ ਦੱਸਦਾ ਹੈ ਕਿ ਕਿਹੜੇ ਲੋਕ ਯਹੋਵਾਹ ਦਾ ਹੁਕਮ ਮੰਨਦੇ ਹਨ ਅਤੇ ਕਿਹੜੇ ਨਹੀਂ: “ਇਸ ਤੋਂ ਪਰਮੇਸ਼ੁਰ ਦੇ ਬਾਲਕ ਅਤੇ ਸ਼ਤਾਨ ਦੇ ਬਾਲਕ ਪਰਗਟ ਹੁੰਦੇ ਹਨ। ਹਰ ਕੋਈ ਜਿਹੜਾ ਧਰਮ ਨਹੀਂ ਕਰਦਾ ਪਰਮੇਸ਼ੁਰ ਤੋਂ ਨਹੀਂ ਅਤੇ ਨਾ ਉਹ ਜਿਹੜਾ ਆਪਣੇ ਭਰਾ ਨਾਲ ਪ੍ਰੇਮ ਨਹੀਂ ਰੱਖਦਾ ਹੈ। ਕਿਉਂ ਜੋ ਉਹ ਸਮਾਚਾਰ ਜਿਹੜਾ ਤੁਸਾਂ ਮੁੱਢੋਂ ਸੁਣਿਆ ਸੋ ਇਹ ਹੈ ਭਈ ਅਸੀਂ ਇੱਕ ਦੂਏ ਨਾਲ ਪ੍ਰੇਮ ਰੱਖੀਏ। ਤਿਵੇਂ ਨਹੀਂ ਜਿਵੇਂ ਕਇਨ ਓਸ ਦੁਸ਼ਟ ਤੋਂ ਸੀ ਅਤੇ ਆਪਣੇ ਭਰਾ ਨੂੰ ਮਾਰ ਸੁੱਟਿਆ।”—1 ਯੂਹੰਨਾ 3:10-12.

ਭਵਿੱਖਬਾਣੀ ਨੂੰ ਪੂਰਾ ਕਰਨਾ

12, 13. ਅੱਜ ਦੇ ਦਿਨਾਂ ਵਿਚ ਪਰਮੇਸ਼ੁਰ ਦੇ ਸੇਵਕਾਂ ਨੇ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ ਹਨ?

12 ਜਦੋਂ 1918 ਵਿਚ ਪਹਿਲਾ ਵਿਸ਼ਵ ਯੁੱਧ ਖ਼ਤਮ ਹੋਇਆ, ਤਾਂ ਯਹੋਵਾਹ ਦੇ ਸੇਵਕ ਦੇਖ ਸਕਦੇ ਸਨ ਕਿ ਪਰਮੇਸ਼ੁਰ ਨੇ ਈਸਾਈ-ਜਗਤ ਨੂੰ ਅਤੇ ਬਾਕੀ ਸਾਰੇ ਝੂਠੇ ਧਰਮਾਂ ਨੂੰ ਦੋਸ਼ੀ ਠਹਿਰਾਇਆ ਸੀ। ਉਸ ਸਮੇਂ ਤੋਂ ਧਰਮੀ ਲੋਕਾਂ ਨੂੰ ਇਹ ਸੱਦਾ ਦਿੱਤਾ ਜਾਣ ਲੱਗਾ: “ਹੇ ਮੇਰੀ ਪਰਜਾ, ਉਹ ਦੇ ਵਿੱਚੋਂ ਨਿੱਕਲ ਆਓ! ਮਤੇ ਤੁਸੀਂ ਉਹ ਦਿਆਂ ਪਾਪਾਂ ਦੇ ਭਾਗੀ ਬਣੋ, ਮਤੇ ਤੁਸੀਂ ਉਹ ਦੀਆਂ ਬਵਾਂ ਵਿੱਚ ਸਾਂਝੀ ਹੋਵੋ! ਉਹ ਦੇ ਪਾਪ ਤਾਂ ਅਕਾਸ਼ ਨੂੰ ਅੱਪੜ ਪਏ ਹਨ, ਅਤੇ ਪਰਮੇਸ਼ੁਰ ਨੇ ਉਹ ਦੇ ਕੁਧਰਮ ਚੇਤੇ ਕੀਤੇ ਹਨ।” (ਪਰਕਾਸ਼ ਦੀ ਪੋਥੀ 18:4, 5) ਜਿਹੜੇ ਲੋਕ ਸੱਚ-ਮੁੱਚ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਸਨ ਉਨ੍ਹਾਂ ਨੂੰ ਝੂਠੇ ਧਰਮ ਦੇ ਕਲੰਕਾਂ ਤੋਂ ਹੌਲੀ-ਹੌਲੀ ਸ਼ੁੱਧ ਕੀਤਾ ਗਿਆ ਅਤੇ ਉਹ ਸਥਾਪਿਤ ਹੋ ਚੁੱਕੇ ਰਾਜ ਦੀ ਖ਼ੁਸ਼ ਖ਼ਬਰੀ ਦੁਨੀਆਂ ਭਰ ਵਿਚ ਸੁਣਾਉਣ ਦੇ ਕੰਮ ਵਿਚ ਜੁੱਟ ਗਏ ਜੋ ਕਿ ਇਸ ਦੁਸ਼ਟ ਰੀਤੀ-ਵਿਵਸਥਾ ਦੇ ਅੰਤ ਤੋਂ ਪਹਿਲਾਂ ਪੂਰਾ ਕੀਤਾ ਜਾਣਾ ਹੈ।—ਮੱਤੀ 24:14.

13 ਇਸ ਤਰ੍ਹਾਂ ਮਲਾਕੀ 4:5 ਦੀ ਭਵਿੱਖਬਾਣੀ ਪੂਰੀ ਹੋਈ ਜਿਸ ਵਿਚ ਯਹੋਵਾਹ ਨੇ ਕਿਹਾ ਸੀ: “ਵੇਖੋ, ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਘੱਲਾਂਗਾ ਏਸ ਤੋਂ ਪਹਿਲਾਂ ਕਿ ਯਹੋਵਾਹ ਦਾ ਵੱਡਾ ਅਤੇ ਭੈ ਦਾਇਕ ਦਿਨ ਆਵੇ।” ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਕੰਮ ਨਾਲ ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਹੋਈ ਸੀ। ਯੂਹੰਨਾ ਨੇ ਏਲੀਯਾਹ ਵਰਗਾ ਕੰਮ ਕੀਤਾ ਜਦੋਂ ਉਸ ਨੇ ਬਿਵਸਥਾ ਦੇ ਵਿਰੁੱਧ ਕੀਤੇ ਪਾਪਾਂ ਤੋਂ ਤੋਬਾ ਕਰਨ ਵਾਲੇ ਯਹੂਦੀਆਂ ਨੂੰ ਬਪਤਿਸਮਾ ਦਿੱਤਾ ਸੀ। ਇਸ ਨਾਲੋਂ ਵੀ ਮਹੱਤਵਪੂਰਣ ਗੱਲ ਇਹ ਸੀ ਕਿ ਯੂਹੰਨਾ ਨੇ ਲੋਕਾਂ ਨੂੰ ਯਿਸੂ ਦੇ ਆਉਣ ਲਈ ਤਿਆਰ ਕੀਤਾ ਸੀ। ਪਰ ਯੂਹੰਨਾ ਦੇ ਕੰਮ ਰਾਹੀਂ ਮਲਾਕੀ ਦੀ ਭਵਿੱਖਬਾਣੀ ਦੀ ਸਿਰਫ਼ ਪਹਿਲੀ ਪੂਰਤੀ ਹੋਈ ਸੀ। ਜਦੋਂ ਯਿਸੂ ਨੇ ਯੂਹੰਨਾ ਨੂੰ ਦੂਸਰਾ ਏਲੀਯਾਹ ਕਿਹਾ ਸੀ, ਤਾਂ ਉਸ ਨੇ ਇਹ ਵੀ ਸੰਕੇਤ ਕੀਤਾ ਸੀ ਕਿ “ਏਲੀਯਾਹ” ਦੇ ਕੰਮ ਵਰਗਾ ਇਕ ਹੋਰ ਕੰਮ ਭਵਿੱਖ ਵਿਚ ਵੀ ਕੀਤਾ ਜਾਵੇਗਾ।—ਮੱਤੀ 17:11, 12.

14. ਇਸ ਦੁਨੀਆਂ ਦੇ ਅੰਤ ਤੋਂ ਪਹਿਲਾਂ ਕਿਹੜਾ ਜ਼ਰੂਰੀ ਕੰਮ ਪੂਰਾ ਕੀਤਾ ਜਾਵੇਗਾ?

14 ਮਲਾਕੀ ਦੀ ਭਵਿੱਖਬਾਣੀ ਤੋਂ ਪਤਾ ਲੱਗਦਾ ਹੈ ਕਿ ਏਲੀਯਾਹ ਦਾ ਇਹ ਮਹਾਨ ਕੰਮ ‘ਯਹੋਵਾਹ ਦੇ ਵੱਡੇ ਅਤੇ ਭੈ ਦਾਇਕ ਦਿਨ’ ਤੋਂ ਪਹਿਲਾਂ ਕੀਤਾ ਜਾਵੇਗਾ। ਉਹ ਦਿਨ ਆਰਮਾਗੇਡਨ ਦੀ ਲੜਾਈ ਯਾਨੀ ਸਰਬਸ਼ਕਤੀਮਾਨ ਪਰਮੇਸ਼ੁਰ ਦੇ ਵੱਡੇ ਦਿਹਾੜੇ ਦੇ ਯੁੱਧ ਨਾਲ ਆਪਣੇ ਸਿਖਰ ਤੇ ਪਹੁੰਚੇਗਾ ਜੋ ਕਿ ਬਹੁਤ ਜਲਦੀ ਸ਼ੁਰੂ ਹੋਣ ਵਾਲਾ ਹੈ। ਇਸ ਦਾ ਮਤਲਬ ਹੈ ਕਿ ਇਸ ਦੁਸ਼ਟ ਦੁਨੀਆਂ ਦੇ ਅੰਤ ਅਤੇ ਪਰਮੇਸ਼ੁਰ ਦੇ ਸਵਰਗੀ ਰਾਜ ਦੇ ਰਾਜੇ ਯਿਸੂ ਮਸੀਹ ਵੱਲੋਂ ਇਸ ਧਰਤੀ ਉੱਤੇ ਸ਼ਾਸਨ ਸ਼ੁਰੂ ਕਰਨ ਤੋਂ ਪਹਿਲਾਂ, ਏਲੀਯਾਹ ਦੇ ਕੰਮ ਵਰਗਾ ਇਕ ਕੰਮ ਕੀਤਾ ਜਾਵੇਗਾ। ਇਸ ਭਵਿੱਖਬਾਣੀ ਦੀ ਪੂਰਤੀ ਵਿਚ, ਯਹੋਵਾਹ ਵੱਲੋਂ ਇਸ ਭੈੜੀ ਦੁਨੀਆਂ ਦਾ ਨਾਸ਼ ਕਰਨ ਤੋਂ ਪਹਿਲਾਂ, ਅੱਜ ਏਲੀਯਾਹ ਵਰਗ ਅਤੇ ਧਰਤੀ ਉੱਤੇ ਜੀਉਣ ਦੀ ਆਸ ਰੱਖਣ ਵਾਲੇ ਹੋਰ ਲੱਖਾਂ ਮਸੀਹੀ ਜੋਸ਼ ਨਾਲ ਸੱਚੀ ਉਪਾਸਨਾ ਨੂੰ ਮੁੜ ਬਹਾਲ ਕਰਨ, ਯਹੋਵਾਹ ਦੇ ਨਾਂ ਦੀ ਵਡਿਆਈ ਕਰਨ ਅਤੇ ਭੇਡਾਂ ਵਰਗੇ ਲੋਕਾਂ ਨੂੰ ਬਾਈਬਲ ਸੱਚਾਈਆਂ ਸਿਖਾਉਣ ਦੇ ਕੰਮ ਵਿਚ ਲੱਗੇ ਹੋਏ ਹਨ।

ਯਹੋਵਾਹ ਆਪਣੇ ਸੇਵਕਾਂ ਨੂੰ ਬਰਕਤ ਦਿੰਦਾ ਹੈ

15. ਯਹੋਵਾਹ ਆਪਣੇ ਸੇਵਕਾਂ ਨੂੰ ਕਿਵੇਂ ਯਾਦ ਰੱਖਦਾ ਹੈ?

15 ਯਹੋਵਾਹ ਉਨ੍ਹਾਂ ਨੂੰ ਬਰਕਤ ਦਿੰਦਾ ਹੈ ਜਿਹੜੇ ਉਸ ਦੀ ਭਗਤੀ ਕਰਦੇ ਹਨ। ਮਲਾਕੀ 3:16 ਕਹਿੰਦਾ ਹੈ: “ਤਦ ਯਹੋਵਾਹ ਦਾ ਭੈ ਮੰਨਣ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ। ਯਹੋਵਾਹ ਨੇ ਧਿਆਨ ਦੇ ਕੇ ਸੁਣੀਆਂ ਤਾਂ ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗੀਰੀ ਦੀ ਪੁਸਤਕ ਲਿਖੀ ਗਈ।” ਹਾਬਲ ਦੇ ਸਮੇਂ ਤੋਂ, ਪਰਮੇਸ਼ੁਰ ਲਾਖਣਿਕ ਤੌਰ ਤੇ ਇਕ ਕਿਤਾਬ ਵਿਚ ਉਨ੍ਹਾਂ ਲੋਕਾਂ ਦੇ ਨਾਂ ਲਿਖ ਰਿਹਾ ਹੈ ਜਿਨ੍ਹਾਂ ਨੂੰ ਉਹ ਅਨੰਤ ਜ਼ਿੰਦਗੀ ਦੇਣ ਲਈ ਯਾਦ ਰੱਖੇਗਾ। ਇਨ੍ਹਾਂ ਲੋਕਾਂ ਨੂੰ ਯਹੋਵਾਹ ਕਹਿੰਦਾ ਹੈ: “ਸਾਰੇ ਦਸਵੰਧ ਮੇਰੇ ਮੋਦੀ ਖ਼ਾਨੇ ਵਿੱਚ ਲਿਆਓ ਤਾਂ ਜੋ ਮੇਰੇ ਭਵਨ ਵਿੱਚ ਭੋਜਨ ਹੋਵੇ ਅਤੇ ਉਸੇ ਨਾਲ ਮੈਨੂੰ ਜ਼ਰਾ ਪਰਤਾਓ, . . . ਕਿ ਮੈਂ ਤੁਹਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹਾਂ ਕਿ ਨਹੀਂ ਭਈ ਤੁਹਾਡੇ ਲਈ ਬਰਕਤ ਵਰ੍ਹਾਵਾਂ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇਗਾ!”—ਮਲਾਕੀ 3:10.

16, 17. ਯਹੋਵਾਹ ਨੇ ਆਪਣੇ ਲੋਕਾਂ ਉੱਤੇ ਅਤੇ ਉਨ੍ਹਾਂ ਦੇ ਕੰਮ ਉੱਤੇ ਕਿਵੇਂ ਬਰਕਤ ਪਾਈ ਹੈ?

16 ਯਹੋਵਾਹ ਨੇ ਸੱਚ-ਮੁੱਚ ਆਪਣੇ ਸੇਵਕਾਂ ਨੂੰ ਬਰਕਤ ਦਿੱਤੀ ਹੈ। ਕਿਵੇਂ? ਇਕ ਤਰੀਕਾ ਹੈ ਕਿ ਉਸ ਨੇ ਉਨ੍ਹਾਂ ਨੂੰ ਆਪਣੇ ਮਕਸਦਾਂ ਬਾਰੇ ਜ਼ਿਆਦਾ ਜਾਣਕਾਰੀ ਦਿੱਤੀ ਹੈ। (ਕਹਾਉਤਾਂ 4:18; ਦਾਨੀਏਲ 12:10) ਦੂਸਰਾ ਤਰੀਕਾ ਹੈ ਕਿ ਉਨ੍ਹਾਂ ਦੇ ਪ੍ਰਚਾਰ ਕੰਮ ਦੇ ਬਹੁਤ ਚੰਗੇ ਨਤੀਜੇ ਨਿਕਲੇ ਹਨ। ਬਹੁਤ ਸਾਰੇ ਸੱਚੇ ਦਿਲ ਵਾਲੇ ਲੋਕ ਹੁਣ ਉਨ੍ਹਾਂ ਨਾਲ ਸੱਚੀ ਭਗਤੀ ਕਰ ਰਹੇ ਹਨ। ਇਹ ਸਾਰੇ ਲੋਕ “ਇੱਕ ਵੱਡੀ ਭੀੜ” ਦਾ ਹਿੱਸਾ ਹਨ ਜਿਹੜੀ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ” ਨਿਕਲੀ ਹੈ। ਉਹ “ਵੱਡੀ ਅਵਾਜ਼ ਨਾਲ ਪੁਕਾਰ ਕੇ ਕਹਿੰਦੇ ਹਨ,—ਮੁਕਤੀ ਸਾਡੇ ਪਰਮੇਸ਼ੁਰ ਵੱਲੋਂ, ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਅਤੇ ਲੇਲੇ ਵੱਲੋਂ ਹੈ।” (ਪਰਕਾਸ਼ ਦੀ ਪੋਥੀ 7:9, 10) ਇਹ ਵੱਡੀ ਭੀੜ ਅਦਭੁਤ ਤਰੀਕੇ ਨਾਲ ਵਧਦੀ ਆਈ ਹੈ। ਅੱਜ ਪੂਰੀ ਦੁਨੀਆਂ ਵਿਚ 93,000 ਤੋਂ ਜ਼ਿਆਦਾ ਕਲੀਸਿਯਾਵਾਂ ਵਿਚ 60 ਲੱਖ ਤੋਂ ਜ਼ਿਆਦਾ ਲੋਕ ਸਰਗਰਮੀ ਨਾਲ ਯਹੋਵਾਹ ਦੀ ਸੇਵਾ ਕਰ ਰਹੇ ਹਨ!

17 ਇਸ ਤੋਂ ਇਲਾਵਾ, ਯਹੋਵਾਹ ਨੇ ਇਸ ਗੱਲ ਵਿਚ ਵੀ ਬਰਕਤ ਪਾਈ ਹੈ ਕਿ ਯਹੋਵਾਹ ਦੇ ਗਵਾਹ ਸਭ ਤੋਂ ਜ਼ਿਆਦਾ ਵੰਡੇ ਜਾਂਦੇ ਬਾਈਬਲ ਪ੍ਰਕਾਸ਼ਨ ਛਾਪਦੇ ਹਨ। ਇਸ ਵੇਲੇ, ਹਰ ਮਹੀਨੇ ਪਹਿਰਾਬੁਰਜ ਦੀਆਂ 144 ਭਾਸ਼ਾਵਾਂ ਵਿਚ ਅਤੇ ਜਾਗਰੂਕ ਬਣੋ! ਰਸਾਲਿਆਂ ਦੀਆਂ 87 ਭਾਸ਼ਾਵਾਂ ਵਿਚ ਨੌਂ ਕਰੋੜ ਕਾਪੀਆਂ ਛਾਪੀਆਂ ਜਾਂਦੀਆਂ ਹਨ। ਬਾਈਬਲ ਅਧਿਐਨ ਲਈ ਤਿਆਰ ਕੀਤੀ ਗਈ ਕਿਤਾਬ ਸੱਚ ਜਿਹੜਾ ਅਨੰਤ ਜ਼ਿੰਦਗੀ ਵਲ ਲੈ ਜਾਂਦਾ ਹੈ 1968 ਵਿਚ ਛਪੀ ਸੀ ਅਤੇ 117 ਭਾਸ਼ਾਵਾਂ ਵਿਚ ਇਸ ਦੀਆਂ ਦਸ ਕਰੋੜ ਸੱਤ ਲੱਖ ਤੋਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ ਸਨ। ਸਾਲ 1982 ਵਿਚ ਰਿਲੀਸ ਹੋਈ ਕਿਤਾਬ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਦੀਆਂ 131 ਭਾਸ਼ਾਵਾਂ ਵਿਚ ਅੱਠ ਕਰੋੜ ਇਕ ਲੱਖ ਤੋਂ ਜ਼ਿਆਦਾ ਕਾਪੀਆਂ ਵੰਡੀਆਂ ਗਈਆਂ ਸਨ। ਅਤੇ ਗਿਆਨ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ ਕਿਤਾਬ 1995 ਵਿਚ ਰਿਲੀਸ ਹੋਈ ਸੀ ਅਤੇ ਹੁਣ ਤਕ ਇਸ ਦੀਆਂ 154 ਭਾਸ਼ਾਵਾਂ ਵਿਚ ਅੱਠ ਕਰੋੜ ਪੰਜ ਲੱਖ ਤੋਂ ਜ਼ਿਆਦਾ ਕਾਪੀਆਂ ਛਪ ਚੁੱਕੀਆਂ ਹਨ। ਸਾਲ 1996 ਵਿਚ ਛਾਪੇ ਗਏ ਬਰੋਸ਼ਰ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ? ਦੀਆਂ ਹੁਣ ਤਕ 244 ਭਾਸ਼ਾਵਾਂ ਵਿਚ 15 ਕਰੋੜ ਕਾਪੀਆਂ ਵੰਡੀਆਂ ਜਾ ਚੁੱਕੀਆਂ ਹਨ।

18. ਅਸੀਂ ਵਿਰੋਧ ਦੇ ਬਾਵਜੂਦ ਅਧਿਆਤਮਿਕ ਤਰੱਕੀ ਦਾ ਕਿਉਂ ਆਨੰਦ ਮਾਣਦੇ ਹਾਂ?

18 ਭਾਵੇਂ ਸ਼ਤਾਨ ਦਾ ਸੰਸਾਰ ਲੰਬੇ ਸਮੇਂ ਤੋਂ ਸਾਡਾ ਸਖ਼ਤ ਵਿਰੋਧ ਕਰਦਾ ਆਇਆ ਹੈ, ਪਰ ਉਹ ਇਸ ਅਧਿਆਤਮਿਕ ਤਰੱਕੀ ਨੂੰ ਨਹੀਂ ਰੋਕ ਸਕਿਆ। ਇਸ ਨਾਲ ਯਸਾਯਾਹ 54:17 ਦੀ ਗੱਲ ਸੱਚ ਸਾਬਤ ਹੁੰਦੀ ਹੈ: “ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਉਂ ਲਈ ਉੱਠੇ, ਤੂੰ ਦੋਸ਼ੀ ਠਹਿਰਾਵੇਂਗੀ,—ਏਹ ਯਹੋਵਾਹ ਦੇ ਦਾਸਾਂ ਦਾ ਅਧਿਕਾਰ ਹੈ, ਅਤੇ ਉਨ੍ਹਾਂ ਦਾ ਧਰਮ ਮੈਥੋਂ ਹੈ, ਯਹੋਵਾਹ ਦਾ ਵਾਕ ਹੈ।” ਯਹੋਵਾਹ ਦੇ ਸੇਵਕਾਂ ਨੂੰ ਇਹ ਦੇਖ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਉਨ੍ਹਾਂ ਉੱਤੇ ਮਲਾਕੀ 3:17 ਦੀ ਭਵਿੱਖਬਾਣੀ ਦੀ ਵੱਡੀ ਪੂਰਤੀ ਹੋ ਰਹੀ ਹੈ ਜਿਸ ਵਿਚ ਲਿਖਿਆ ਹੈ: “ਸੈਨਾਂ ਦਾ ਯਹੋਵਾਹ ਆਖਦਾ ਹੈ, ਓਹ ਮੇਰੇ ਲਈ ਹੋਣਗੇ ਅਰਥਾਤ ਮੇਰੀ ਖਾਸ ਮਲਕੀਅਤ ਜਿਸ ਦਿਨ ਮੈਂ ਇਹ ਕਰਾਂ।”

ਯਹੋਵਾਹ ਦੀ ਸੇਵਾ ਖ਼ੁਸ਼ੀ ਨਾਲ ਕਰਨੀ

19. ਜਿਹੜੇ ਲੋਕ ਯਹੋਵਾਹ ਦੀ ਸੇਵਾ ਕਰਦੇ ਹਨ, ਉਹ ਉਨ੍ਹਾਂ ਨਾਲੋਂ ਕਿਵੇਂ ਵੱਖਰੇ ਹਨ ਜਿਹੜੇ ਯਹੋਵਾਹ ਦੀ ਸੇਵਾ ਨਹੀਂ ਕਰਦੇ?

19 ਯਹੋਵਾਹ ਦੇ ਵਫ਼ਾਦਾਰ ਸੇਵਕਾਂ ਅਤੇ ਸ਼ਤਾਨ ਦੀ ਦੁਨੀਆਂ ਦੇ ਲੋਕਾਂ ਵਿਚਕਾਰ ਫ਼ਰਕ ਦਿਨ-ਬ-ਦਿਨ ਸਪੱਸ਼ਟ ਹੁੰਦਾ ਜਾ ਰਿਹਾ ਹੈ। ਮਲਾਕੀ 3:18 ਨੇ ਭਵਿੱਖਬਾਣੀ ਕੀਤੀ: “ਤੁਸੀਂ . . . ਧਰਮੀ ਅਰ ਦੁਸ਼ਟ ਵਿੱਚ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਵਿੱਚ ਅਤੇ ਜਿਹੜਾ ਸੇਵਾ ਨਹੀਂ ਕਰਦਾ ਉਹ ਦੇ ਵਿੱਚ ਪਰਖ ਕਰੋਗੇ।” ਉਨ੍ਹਾਂ ਵਿਚ ਇਕ ਫ਼ਰਕ ਇਹ ਹੈ ਕਿ ਜਿਹੜੇ ਯਹੋਵਾਹ ਦੀ ਸੇਵਾ ਕਰਦੇ ਹਨ, ਉਹ ਬਹੁਤ ਖ਼ੁਸ਼ੀ ਨਾਲ ਸੇਵਾ ਕਰਦੇ ਹਨ। ਇਸ ਦਾ ਇਕ ਕਾਰਨ ਇਹ ਹੈ ਕਿ ਉਨ੍ਹਾਂ ਕੋਲ ਸ਼ਾਨਦਾਰ ਭਵਿੱਖ ਦੀ ਉਮੀਦ ਹੈ। ਉਨ੍ਹਾਂ ਨੂੰ ਯਹੋਵਾਹ ਦੇ ਇਸ ਵਾਅਦੇ ਵਿਚ ਪੂਰਾ ਭਰੋਸਾ ਹੈ: “ਵੇਖੋ ਤਾਂ, ਮੈਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਉਤਪੰਨ ਕਰਦਾ ਹਾਂ, ਅਤੇ ਪਹਿਲੀਆਂ ਚੀਜ਼ਾਂ ਚੇਤੇ ਨਾ ਆਉਣਗੀਆਂ, ਨਾ ਮਨ ਉੱਤੇ ਹੀ ਚੜ੍ਹਨਗੀਆਂ। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ, ਉਸ ਤੋਂ ਤੁਸੀਂ ਜੁੱਗੋ ਜੁੱਗ ਖੁਸ਼ੀ ਮਨਾਓ।”—ਯਸਾਯਾਹ 65:17, 18; ਜ਼ਬੂਰ 37:10, 11, 29; ਪਰਕਾਸ਼ ਦੀ ਪੋਥੀ 21:4, 5.

20. ਅਸੀਂ ਕਿਉਂ ਖ਼ੁਸ਼ ਲੋਕ ਹਾਂ?

20 ਸਾਨੂੰ ਯਹੋਵਾਹ ਦੇ ਵਾਅਦੇ ਉੱਤੇ ਪੂਰਾ ਯਕੀਨ ਹੈ ਕਿ ਉਹ ਆਪਣੇ ਮਹਾਨ ਦਿਨ ਤੇ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਏਗਾ ਅਤੇ ਉਨ੍ਹਾਂ ਨੂੰ ਨਵੀਂ ਦੁਨੀਆਂ ਵਿਚ ਜ਼ਿੰਦਗੀ ਦੇਵੇਗਾ। (ਸਫ਼ਨਯਾਹ 2:3; ਪਰਕਾਸ਼ ਦੀ ਪੋਥੀ 7:13, 14) ਪਰ ਜੇ ਕੋਈ ਨਵੀਂ ਦੁਨੀਆਂ ਦੇ ਆਉਣ ਤੋਂ ਪਹਿਲਾਂ ਹੀ ਬੁਢਾਪੇ, ਬੀਮਾਰੀ ਜਾਂ ਕਿਸੇ ਹਾਦਸੇ ਕਾਰਨ ਮਰ ਜਾਂਦਾ ਹੈ, ਤਾਂ ਯਹੋਵਾਹ ਉਸ ਨੂੰ ਸਦਾ ਦੀ ਜ਼ਿੰਦਗੀ ਦੇਣ ਲਈ ਦੁਬਾਰਾ ਜੀ ਉਠਾਉਣ ਦਾ ਵਾਅਦਾ ਕਰਦਾ ਹੈ। (ਯੂਹੰਨਾ 5:28, 29; ਤੀਤੁਸ 1:2) ਇਸ ਲਈ, ਯਹੋਵਾਹ ਦੇ ਦਿਨ ਦੀ ਉਡੀਕ ਕਰਦੇ ਹੋਏ, ਭਾਵੇਂ ਅਸੀਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਸਾਮ੍ਹਣਾ ਕਰਦੇ ਹਾਂ, ਫਿਰ ਵੀ ਅਸੀਂ ਇਸ ਧਰਤੀ ਉੱਤੇ ਸਭ ਤੋਂ ਖ਼ੁਸ਼ ਇਨਸਾਨ ਹਾਂ।

ਤੁਸੀਂ ਕਿਵੇਂ ਜਵਾਬ ਦਿਓਗੇ?

• “ਯਹੋਵਾਹ ਦਾ ਦਿਨ” ਕੀ ਹੈ?

• ਸੰਸਾਰ ਦੇ ਧਰਮ ਪ੍ਰਾਚੀਨ ਇਸਰਾਏਲ ਕੌਮ ਦੀ ਕਿਵੇਂ ਨਕਲ ਕਰਦੇ ਹਨ?

• ਯਹੋਵਾਹ ਦੇ ਸੇਵਕ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਕਰ ਰਹੇ ਹਨ?

• ਯਹੋਵਾਹ ਨੇ ਆਪਣੇ ਲੋਕਾਂ ਨੂੰ ਕਿਵੇਂ ਬਰਕਤ ਦਿੱਤੀ ਹੈ?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਪਹਿਲੀ ਸਦੀ ਦਾ ਯਰੂਸ਼ਲਮ ‘ਤੰਦੂਰ ਵਾਂਙੁ ਸੜ ਗਿਆ’

[ਸਫ਼ੇ 23 ਉੱਤੇ ਤਸਵੀਰਾਂ]

ਯਹੋਵਾਹ ਉਨ੍ਹਾਂ ਲੋਕਾਂ ਦੀ ਦੇਖ-ਭਾਲ ਕਰਦਾ ਹੈ ਜਿਹੜੇ ਉਸ ਦੀ ਸੇਵਾ ਕਰਦੇ ਹਨ

[ਸਫ਼ੇ 24 ਉੱਤੇ ਤਸਵੀਰਾਂ]

ਆਪਣੀ ਸ਼ਾਨਦਾਰ ਉਮੀਦ ਕਰਕੇ ਯਹੋਵਾਹ ਦੇ ਸੇਵਕ ਸਹੀ ਮਾਅਨਿਆਂ ਵਿਚ ਖ਼ੁਸ਼ ਹਨ