Skip to content

Skip to table of contents

ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ

ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ

ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ

‘ਇਕ ਦੂਸਰੇ ਨਾਲ ਧੋਖਾ ਨਾ ਕਰੋ।’—ਮਲਾਕੀ 2:10, ਨਿ ਵ.

1. ਜੇ ਅਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹਾਂ, ਤਾਂ ਇਸ ਵਾਸਤੇ ਪਰਮੇਸ਼ੁਰ ਸਾਡੇ ਤੋਂ ਕੀ ਮੰਗ ਕਰਦਾ ਹੈ?

ਕੀ ਤੁਸੀਂ ਹਮੇਸ਼ਾ ਲਈ ਜੀਉਣਾ ਚਾਹੁੰਦੇ ਹੋ? ਜੇ ਤੁਸੀਂ ਬਾਈਬਲ ਵਿਚ ਵਾਅਦਾ ਕੀਤੀ ਗਈ ਉਮੀਦ ਉੱਤੇ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਸ਼ਾਇਦ ਕਹੋਗੇ, ‘ਹਾਂ, ਕਿਉਂ ਨਹੀਂ।’ ਪਰ ਜੇ ਤੁਸੀਂ ਚਾਹੁੰਦੇ ਹੋ ਕਿ ਪਰਮੇਸ਼ੁਰ ਤੁਹਾਨੂੰ ਆਪਣੇ ਨਵੇਂ ਸੰਸਾਰ ਵਿਚ ਅਨੰਤ ਜ਼ਿੰਦਗੀ ਦੇਵੇ, ਤਾਂ ਤੁਹਾਨੂੰ ਉਸ ਦੀਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ। (ਉਪਦੇਸ਼ਕ ਦੀ ਪੋਥੀ 12:13; ਯੂਹੰਨਾ 17:3) ਕੀ ਨਾਮੁਕੰਮਲ ਇਨਸਾਨਾਂ ਤੋਂ ਇਹ ਆਸ ਰੱਖਣੀ ਗ਼ਲਤ ਹੈ? ਨਹੀਂ, ਕਿਉਂਕਿ ਯਹੋਵਾਹ ਇਹ ਕਹਿੰਦੇ ਹੋਏ ਸਾਨੂੰ ਉਤਸ਼ਾਹ ਦਿੰਦਾ ਹੈ: “ਮੈਂ ਦਯਾ ਚਾਹੁੰਦਾ ਹਾਂ, ਨਾ ਬਲੀਦਾਨ, ਅਤੇ ਪਰਮੇਸ਼ੁਰ ਦਾ ਗਿਆਨ ਹੋਮ ਬਲੀਆਂ ਨਾਲੋਂ ਵਧ ਕੇ।” (ਹੋਸ਼ੇਆ 6:6) ਇਸ ਲਈ ਨਾਮੁਕੰਮਲ ਇਨਸਾਨ ਵੀ ਪਰਮੇਸ਼ੁਰ ਦੀਆਂ ਮੰਗਾਂ ਪੂਰੀਆਂ ਕਰ ਸਕਦੇ ਹਨ।

2. ਬਹੁਤ ਸਾਰੇ ਇਸਰਾਏਲੀਆਂ ਨੇ ਯਹੋਵਾਹ ਨਾਲ ਕਿਵੇਂ ਧੋਖਾ ਕੀਤਾ ਸੀ?

2 ਪਰ ਸਾਰੇ ਲੋਕ ਯਹੋਵਾਹ ਦੀ ਇੱਛਾ ਪੂਰੀ ਨਹੀਂ ਕਰਨੀ ਚਾਹੁੰਦੇ। ਹੋਸ਼ੇਆ ਦੱਸਦਾ ਹੈ ਕਿ ਬਹੁਤ ਸਾਰੇ ਇਸਰਾਏਲੀ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੁੰਦੇ ਸਨ। ਉਸ ਪੂਰੀ ਕੌਮ ਨੇ ਪਰਮੇਸ਼ੁਰ ਨਾਲ ਉਸ ਦੇ ਕਾਨੂੰਨਾਂ ਦੀ ਪਾਲਣਾ ਕਰਨ ਦਾ ਨੇਮ ਬੰਨ੍ਹਿਆ ਸੀ। (ਕੂਚ 24:1-8) ਪਰ ਜਲਦੀ ਹੀ ਉਨ੍ਹਾਂ ਨੇ ਪਰਮੇਸ਼ੁਰ ਦੇ ਕਾਨੂੰਨਾਂ ਨੂੰ ਤੋੜ ਕੇ “ਨੇਮ ਦੀ ਉਲੰਘਣਾ ਕਰਨੀ” ਸ਼ੁਰੂ ਕਰ ਦਿੱਤੀ। ਇਸ ਲਈ ਯਹੋਵਾਹ ਨੇ ਕਿਹਾ ਕਿ ਉਨ੍ਹਾਂ ਇਸਰਾਏਲੀਆਂ ਨੇ ਉਸ ਨਾਲ “ਧੋਖਾ ਕੀਤਾ।” (ਹੋਸ਼ੇਆ 6:7) ਅਤੇ ਉਸ ਸਮੇਂ ਤੋਂ ਲੈ ਕੇ ਹੁਣ ਤਕ ਬਹੁਤ ਸਾਰੇ ਲੋਕਾਂ ਨੇ ਯਹੋਵਾਹ ਨਾਲ ਧੋਖਾ ਕੀਤਾ ਹੈ। ਪਰ ਯਹੋਵਾਹ ਧੋਖੇਬਾਜ਼ੀ ਤੋਂ ਨਫ਼ਰਤ ਕਰਦਾ ਹੈ, ਚਾਹੇ ਇਹ ਉਸ ਨਾਲ ਕੀਤੀ ਜਾਵੇ ਜਾਂ ਉਨ੍ਹਾਂ ਲੋਕਾਂ ਨਾਲ ਜੋ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਸੇਵਾ ਕਰਦੇ ਹਨ।

3. ਇਸ ਲੇਖ ਵਿਚ ਅਸੀਂ ਕਿਸ ਗੱਲ ਉੱਤੇ ਚਰਚਾ ਕਰਾਂਗੇ?

3 ਇਕੱਲਾ ਹੋਸ਼ੇਆ ਹੀ ਅਜਿਹਾ ਨਬੀ ਨਹੀਂ ਸੀ ਜਿਸ ਨੇ ਧੋਖੇਬਾਜ਼ੀ ਬਾਰੇ ਯਹੋਵਾਹ ਦੇ ਨਜ਼ਰੀਏ ਬਾਰੇ ਦੱਸਿਆ ਸੀ। ਖ਼ੁਸ਼ੀਆਂ ਭਰੀ ਜ਼ਿੰਦਗੀ ਜੀਉਣ ਲਈ ਸਾਨੂੰ ਵੀ ਯਹੋਵਾਹ ਵਰਗਾ ਨਜ਼ਰੀਆ ਰੱਖਣ ਦੀ ਲੋੜ ਹੈ। ਪਿਛਲੇ ਲੇਖ ਵਿਚ ਅਸੀਂ ਮਲਾਕੀ ਦੀ ਕਿਤਾਬ ਦੇ ਪਹਿਲੇ ਅਧਿਆਇ ਤੋਂ ਇਸ ਦੇ ਭਵਿੱਖ-ਸੂਚਕ ਸੰਦੇਸ਼ ਉੱਤੇ ਚਰਚਾ ਕਰਨੀ ਸ਼ੁਰੂ ਕੀਤੀ ਸੀ। ਆਓ ਹੁਣ ਆਪਾਂ ਇਸ ਕਿਤਾਬ ਦੇ ਦੂਸਰੇ ਅਧਿਆਇ ਤੇ ਆਈਏ ਅਤੇ ਦੇਖੀਏ ਕਿ ਧੋਖੇਬਾਜ਼ੀ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਬਾਰੇ ਹੋਰ ਕੀ ਕਿਹਾ ਗਿਆ ਹੈ। ਭਾਵੇਂ ਕਿ ਮਲਾਕੀ ਬਾਬੁਲ ਦੀ ਗ਼ੁਲਾਮੀ ਤੋਂ ਛੁੱਟਣ ਤੋਂ ਕਈ ਦਹਾਕਿਆਂ ਬਾਅਦ ਦੇ ਪਰਮੇਸ਼ੁਰ ਦੇ ਲੋਕਾਂ ਦੇ ਹਾਲਾਤਾਂ ਬਾਰੇ ਗੱਲ ਕਰ ਰਿਹਾ ਸੀ, ਪਰ ਇਸ ਦੂਸਰੇ ਅਧਿਆਇ ਤੋਂ ਅੱਜ ਅਸੀਂ ਵੀ ਬਹੁਤ ਕੁਝ ਸਿੱਖ ਸਕਦੇ ਹਾਂ।

ਗੁਨਾਹਗਾਰ ਜਾਜਕ

4. ਯਹੋਵਾਹ ਨੇ ਜਾਜਕਾਂ ਨੂੰ ਕੀ ਚੇਤਾਵਨੀ ਦਿੱਤੀ ਸੀ?

4ਦੂਸਰੇ ਅਧਿਆਇ ਦੇ ਸ਼ੁਰੂ ਵਿਚ ਯਹੋਵਾਹ ਨੇ ਯਹੂਦੀ ਜਾਜਕਾਂ ਨੂੰ ਫਿਟਕਾਰਿਆ ਕਿਉਂਕਿ ਉਨ੍ਹਾਂ ਨੇ ਉਸ ਦੇ ਧਰਮੀ ਰਾਹਾਂ ਉੱਤੇ ਚੱਲਣਾ ਛੱਡ ਦਿੱਤਾ ਸੀ। ਜੇ ਉਨ੍ਹਾਂ ਨੇ ਉਸ ਦੀ ਸਲਾਹ ਵੱਲ ਧਿਆਨ ਨਹੀਂ ਦਿੱਤਾ ਅਤੇ ਆਪਣੇ ਆਪ ਨੂੰ ਨਹੀਂ ਸੁਧਾਰਿਆ, ਤਾਂ ਉਨ੍ਹਾਂ ਨੂੰ ਇਸ ਦੇ ਬੁਰੇ ਨਤੀਜੇ ਭੁਗਤਣੇ ਪੈਣਗੇ। ਪਹਿਲੀਆਂ ਦੋ ਆਇਤਾਂ ਵੱਲ ਧਿਆਨ ਦਿਓ: ‘ਹੇ ਜਾਜਕੋ, ਤੁਹਾਡੇ ਲਈ ਇਹ ਹੁਕਮ ਹੈ। ਜੇ ਤੁਸੀਂ ਨਾ ਸੁਣੋਗੇ ਅਤੇ ਮੇਰੇ ਨਾਮ ਦੀ ਉਪਮਾ ਨੂੰ ਮਨ ਵਿੱਚ ਨਾ ਰੱਖੋਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦਿਆਂਗਾ, ਸੈਨਾਂ ਦਾ ਯਹੋਵਾਹ ਆਖਦਾ ਹੈ।’ ਜੇ ਜਾਜਕਾਂ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਨਿਯਮਾਂ ਬਾਰੇ ਸਿਖਾਇਆ ਹੁੰਦਾ ਅਤੇ ਆਪ ਵੀ ਉਨ੍ਹਾਂ ਉੱਤੇ ਚੱਲੇ ਹੁੰਦੇ, ਤਾਂ ਉਨ੍ਹਾਂ ਨੂੰ ਬਰਕਤਾਂ ਮਿਲਣੀਆਂ ਸਨ। ਪਰ ਪਰਮੇਸ਼ੁਰ ਦੀ ਇੱਛਾ ਨੂੰ ਅਣਗੌਲਿਆਂ ਕਰਨ ਕਰਕੇ ਉਨ੍ਹਾਂ ਉੱਤੇ ਸਰਾਪ ਜਾਂ ਆਫ਼ਤ ਆਵੇਗੀ। ਇੱਥੋਂ ਤਕ ਕਿ ਜਦੋਂ ਜਾਜਕ ਕਿਸੇ ਨੂੰ ਬਰਕਤਾਂ ਦਿੰਦੇ, ਤਾਂ ਉਹ ਵੀ ਸਰਾਪ ਵਿਚ ਬਦਲ ਜਾਣਗੀਆਂ।

5, 6. (ੳ) ਖ਼ਾਸ ਕਰਕੇ ਜਾਜਕ ਕਿਉਂ ਗੁਨਾਹਗਾਰ ਸਨ? (ਅ) ਯਹੋਵਾਹ ਨੇ ਜਾਜਕਾਂ ਨੂੰ ਕਿਵੇਂ ਫਿਟਕਾਰਿਆ?

5 ਖ਼ਾਸ ਕਰਕੇ ਜਾਜਕ ਕਿਉਂ ਗੁਨਾਹਗਾਰ ਸਨ? ਆਇਤ 7 ਇਸ ਬਾਰੇ ਸਾਫ਼ ਦੱਸਦੀ ਹੈ: “ਜਾਜਕ ਦੇ ਬੁੱਲ੍ਹ ਤਾਂ ਗਿਆਨ ਦੀ ਰਾਖੀ ਕਰਨ ਅਤੇ ਲੋਕ ਉਸ ਦੇ ਮੂੰਹ ਤੋਂ ਬਿਵਸਥਾ ਨੂੰ ਭਾਲਣ ਕਿਉਂ ਜੋ ਉਹ ਸੈਨਾਂ ਦੇ ਯਹੋਵਾਹ ਦਾ ਦੂਤ ਹੈ।” ਉਸ ਸਮੇਂ ਤੋਂ ਇਕ ਹਜ਼ਾਰ ਤੋਂ ਵੀ ਜ਼ਿਆਦਾ ਸਾਲ ਪਹਿਲਾਂ, ਪਰਮੇਸ਼ੁਰ ਨੇ ਮੂਸਾ ਦੇ ਰਾਹੀਂ ਇਸਰਾਏਲੀਆਂ ਨੂੰ ਆਪਣੀ ਬਿਵਸਥਾ ਦਿੱਤੀ ਸੀ। ਇਸ ਵਿਚ ਲਿਖਿਆ ਸੀ ਕਿ ਇਹ ਜਾਜਕਾਂ ਦੀ ਜ਼ਿੰਮੇਵਾਰੀ ਸੀ ਕਿ ਉਹ ‘ਇਸਰਾਏਲੀਆਂ ਨੂੰ ਉਨ੍ਹਾਂ ਸਭਨਾਂ ਬਿਧਾਂ ਨੂੰ ਜੋ ਯਹੋਵਾਹ ਨੇ ਉਨ੍ਹਾਂ ਨੂੰ ਆਖੀਆਂ ਸਨ ਸਿਖਾਉਣ।’ (ਲੇਵੀਆਂ 10:11) ਪਰ ਬੜੇ ਦੁੱਖ ਦੀ ਗੱਲ ਹੈ ਕਿ ਬਾਅਦ ਵਿਚ 2 ਇਤਹਾਸ 15:3 ਦੇ ਲਿਖਾਰੀ ਨੇ ਦੱਸਿਆ: “ਹੁਣ ਬਹੁਤ ਸਮੇਂ ਤੋਂ ਇਸਰਾਏਲ ਬਿਨਾ ਸੱਚੇ ਪਰਮੇਸ਼ੁਰ ਅਤੇ ਬਿਨਾ ਸਿਖਾਉਣ ਵਾਲੇ ਜਾਜਕ ਅਤੇ ਬਿਨਾ ਬਿਵਸਥਾ ਦੇ ਰਹੇ ਹਨ।”

6 ਪੰਜਵੀਂ ਸਦੀ ਸਾ.ਯੁ.ਪੂ ਵਿਚ ਮਲਾਕੀ ਦੇ ਦਿਨਾਂ ਵਿਚ ਵੀ ਜਾਜਕਾਈ ਦਾ ਇਹੋ ਹਾਲ ਸੀ। ਜਾਜਕ ਲੋਕਾਂ ਨੂੰ ਪਰਮੇਸ਼ੁਰ ਦੇ ਨਿਯਮ ਨਹੀਂ ਸਿਖਾ ਰਹੇ ਸਨ। ਇਸ ਲਈ ਜਾਜਕਾਂ ਤੋਂ ਇਸ ਦਾ ਲੇਖਾ ਲੈਣਾ ਜ਼ਰੂਰੀ ਸੀ। ਧਿਆਨ ਦਿਓ ਕਿ ਯਹੋਵਾਹ ਉਨ੍ਹਾਂ ਨਾਲ ਕਿੰਨੇ ਸਖ਼ਤ ਸ਼ਬਦਾਂ ਵਿਚ ਗੱਲ ਕਰਦਾ ਹੈ। ਮਲਾਕੀ 2:3 ਕਹਿੰਦਾ ਹੈ: “ਮੈਂ . . . ਤੁਹਾਡੇ ਮੂੰਹਾਂ ਉੱਤੇ ਗੰਦ ਅਰਥਾਤ ਤੁਹਾਡਿਆਂ ਪਰਬਾਂ ਦਾ ਗੰਦ ਸੁੱਟਾਂਗਾ।” ਇਹ ਕਿੰਨੀ ਸ਼ਰਮ ਦੀ ਗੱਲ ਸੀ ਉਨ੍ਹਾਂ ਲਈ! ਬਲੀ ਚੜ੍ਹਾਏ ਗਏ ਜਾਨਵਰਾਂ ਦਾ ਗੋਹਾ ਡੇਹਰੇ ਤੋਂ ਬਾਹਰ ਲਿਜਾ ਕੇ ਸਾੜਿਆ ਜਾਂਦਾ ਸੀ। (ਲੇਵੀਆਂ 16:27) ਪਰ ਜਦੋਂ ਯਹੋਵਾਹ ਉਨ੍ਹਾਂ ਨੂੰ ਕਹਿੰਦਾ ਹੈ ਕਿ ਗੋਹਾ ਸਾੜੇ ਜਾਣ ਦੀ ਬਜਾਇ ਉਨ੍ਹਾਂ ਦੇ ਮੂੰਹਾਂ ਤੇ ਸੁੱਟਿਆ ਜਾਵੇਗਾ, ਤਾਂ ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਉਨ੍ਹਾਂ ਨਾਲ ਅਤੇ ਉਨ੍ਹਾਂ ਦੀਆਂ ਬਲੀਆਂ ਨਾਲ ਨਫ਼ਰਤ ਸੀ ਅਤੇ ਇਹ ਉਸ ਨੂੰ ਕਬੂਲ ਨਹੀਂ ਸਨ।

7. ਯਹੋਵਾਹ ਦਾ ਗੁੱਸਾ ਬਿਵਸਥਾ ਦੇ ਸਿੱਖਿਅਕਾਂ ਉੱਤੇ ਕਿਉਂ ਭੜਕਿਆ ਸੀ?

7 ਮਲਾਕੀ ਤੋਂ ਕਈ ਸਦੀਆਂ ਪਹਿਲਾਂ, ਯਹੋਵਾਹ ਨੇ ਲੇਵੀਆਂ ਨੂੰ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਤੰਬੂ ਦੀ ਅਤੇ ਬਾਅਦ ਵਿਚ ਹੈਕਲ ਤੇ ਪਵਿੱਤਰ ਸੇਵਾ ਦੀ ਦੇਖ-ਭਾਲ ਕਰਨ। ਉਹ ਇਸਰਾਏਲ ਕੌਮ ਦੇ ਸਿੱਖਿਅਕ ਸਨ। ਜੇ ਉਹ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਦੇ, ਤਾਂ ਉਨ੍ਹਾਂ ਨੂੰ ਅਤੇ ਪੂਰੀ ਕੌਮ ਨੂੰ ਜ਼ਿੰਦਗੀ ਅਤੇ ਸ਼ਾਂਤੀ ਮਿਲਦੀ। (ਗਿਣਤੀ 3:5-8) ਪਰ ਲੇਵੀਆਂ ਨੇ ਹੌਲੀ-ਹੌਲੀ ਪਰਮੇਸ਼ੁਰ ਤੋਂ ਡਰਨਾ ਛੱਡ ਦਿੱਤਾ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਰਾਹ ਤੋਂ ਇੱਕ ਪਾਸੇ ਵੱਲ ਮੁੜ ਗਏ ਅਤੇ ਬਿਵਸਥਾ ਵਿੱਚ ਬਹੁਤਿਆਂ ਨੂੰ ਠੋਕਰ ਖੁਆਈ ਅਤੇ ਤੁਸਾਂ ਲੇਵੀ ਦੇ ਨੇਮ ਨੂੰ ਖਰਾਬ ਕੀਤਾ . . . ਤੁਸਾਂ ਮੇਰੇ ਰਾਹਾਂ ਦੀ ਪਾਲਨਾ ਨਾ ਕੀਤੀ।” (ਮਲਾਕੀ 2:8, 9) ਜਾਜਕ ਸੱਚਾਈ ਸਿਖਾਉਣ ਵਿਚ ਨਾਕਾਮਯਾਬ ਹੋ ਗਏ ਅਤੇ ਉਨ੍ਹਾਂ ਨੇ ਬਹੁਤ ਘਟੀਆ ਮਿਸਾਲ ਕਾਇਮ ਕੀਤੀ, ਜਿਸ ਕਰਕੇ ਉਨ੍ਹਾਂ ਨੇ ਬਹੁਤ ਸਾਰੇ ਇਸਰਾਏਲੀਆਂ ਨੂੰ ਗੁਮਰਾਹ ਕੀਤਾ। ਇਸ ਲਈ ਉਨ੍ਹਾਂ ਉੱਤੇ ਯਹੋਵਾਹ ਦਾ ਗੁੱਸਾ ਭੜਕਣਾ ਜਾਇਜ਼ ਸੀ।

ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣਾ

8. ਕੀ ਇਨਸਾਨਾਂ ਤੋਂ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣ ਦੀ ਆਸ ਰੱਖਣੀ ਗ਼ਲਤ ਹੈ? ਸਮਝਾਓ।

8 ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ੁਰ ਨੂੰ ਹਮਦਰਦੀ ਦਿਖਾਉਂਦੇ ਹੋਏ ਇਨ੍ਹਾਂ ਜਾਜਕਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਸੀ ਕਿਉਂਕਿ ਉਹ ਆਖ਼ਰ ਨਾਮੁਕੰਮਲ ਇਨਸਾਨ ਹੀ ਤਾਂ ਸਨ ਅਤੇ ਉਹ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣ ਦੇ ਕਾਬਲ ਨਹੀਂ ਸਨ। ਪਰ ਸੱਚਾਈ ਤਾਂ ਇਹ ਹੈ ਕਿ ਇਨਸਾਨ ਪਰਮੇਸ਼ੁਰ ਦੇ ਹੁਕਮਾਂ ਉੱਤੇ ਚੱਲ ਸਕਦੇ ਹਨ ਕਿਉਂਕਿ ਯਹੋਵਾਹ ਉਨ੍ਹਾਂ ਤੋਂ ਕਦੀ ਉਹ ਕੰਮ ਕਰਨ ਦੀ ਆਸ ਨਹੀਂ ਰੱਖੇਗਾ ਜੋ ਉਹ ਨਹੀਂ ਕਰ ਸਕਦੇ। ਉਦੋਂ ਕੁਝ ਅਜਿਹੇ ਚੰਗੇ ਜਾਜਕ ਵੀ ਰਹੇ ਹੋਣਗੇ ਜੋ ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਦੇ ਸਨ ਅਤੇ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਬਾਅਦ ਵਿਚ ਮਹਾਨ “ਪਰਧਾਨ ਜਾਜਕ” ਯਿਸੂ, ਪਰਮੇਸ਼ੁਰ ਦੇ ਮਿਆਰਾਂ ਤੇ ਜ਼ਰੂਰ ਚੱਲਿਆ ਸੀ। (ਇਬਰਾਨੀਆਂ 3:1) ਉਸ ਬਾਰੇ ਇਹ ਕਿਹਾ ਜਾ ਸਕਦਾ ਸੀ: “ਸਚਿਆਈ ਦੀ ਬਿਵਸਥਾ ਉਸ ਦੇ ਮੂੰਹ ਵਿੱਚ ਸੀ ਅਤੇ ਕੁਧਰਮ ਉਸ ਦੇ ਬੁੱਲ੍ਹਾਂ ਵਿੱਚ ਨਾ ਪਾਇਆ ਗਿਆ। ਉਹ ਸ਼ਾਂਤੀ ਅਤੇ ਸਿਧਿਆਈ ਵਿੱਚ ਮੇਰੇ ਨਾਲ ਨਾਲ ਚੱਲਦਾ ਰਿਹਾ ਅਤੇ ਬਹੁਤਿਆਂ ਨੂੰ ਬੁਰਿਆਈ ਤੋਂ ਮੋੜ ਲੈ ਆਇਆ।”—ਮਲਾਕੀ 2:6.

9. ਅੱਜ ਕਿਨ੍ਹਾਂ ਨੇ ਵਫ਼ਾਦਾਰੀ ਨਾਲ ਸੱਚਾਈ ਨੂੰ ਫੈਲਾਇਆ ਹੈ?

9 ਪਰ ਇਨ੍ਹਾਂ ਜਾਜਕਾਂ ਦੀ ਤੁਲਨਾ ਵਿਚ ਮਸੀਹ ਦੇ ਮਸਹ ਕੀਤੇ ਹੋਏ ਭਰਾ ਜਿਨ੍ਹਾਂ ਦੀ ਸਵਰਗੀ ਆਸ਼ਾ ਹੈ, ਇਕ ਸਦੀ ਤੋਂ ਵੀ ਜ਼ਿਆਦਾ ਸਮੇਂ ਤੋਂ “ਜਾਜਕਾਂ ਦੀ ਪਵਿੱਤਰ ਮੰਡਲੀ” ਦੇ ਤੌਰ ਤੇ ਸੇਵਾ ਕਰਦੇ ਹੋਏ ‘ਪਰਮੇਸ਼ੁਰ ਨੂੰ ਭਾਉਂਦੇ ਆਤਮਕ ਬਲੀਦਾਨ ਚੜ੍ਹਾ’ ਰਹੇ ਹਨ। (1 ਪਤਰਸ 2:5) ਉਨ੍ਹਾਂ ਨੇ ਦੂਸਰਿਆਂ ਨੂੰ ਬਾਈਬਲ ਸੱਚਾਈ ਸਿਖਾਉਣ ਵਿਚ ਅਗਵਾਈ ਕੀਤੀ ਹੈ। ਜਦੋਂ ਤੁਸੀਂ ਉਨ੍ਹਾਂ ਵੱਲੋਂ ਸਿਖਾਈ ਜਾਂਦੀ ਬਾਈਬਲ ਦੀ ਸੱਚਾਈ ਦਾ ਗਿਆਨ ਲਿਆ, ਤਾਂ ਕੀ ਤੁਸੀਂ ਇਹ ਨਹੀਂ ਦੇਖਿਆ ਕਿ ਉਨ੍ਹਾਂ ਦੇ ਮੂੰਹ ਵਿਚ ਸਚਿਆਈ ਦੀ ਬਿਵਸਥਾ ਹੈ? ਉਨ੍ਹਾਂ ਨੇ ਬਹੁਤ ਸਾਰੇ ਲੋਕਾਂ ਦੀ ਝੂਠੇ ਧਾਰਮਿਕ ਵਿਸ਼ਵਾਸਾਂ ਨੂੰ ਛੱਡਣ ਵਿਚ ਮਦਦ ਕੀਤੀ ਹੈ। ਇਸ ਕਰਕੇ ਦੁਨੀਆਂ ਵਿਚ ਲੱਖਾਂ ਹੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਬਾਈਬਲ ਦੀਆਂ ਸੱਚਾਈਆਂ ਸਿੱਖੀਆਂ ਹਨ ਅਤੇ ਅਨੰਤ ਜ਼ਿੰਦਗੀ ਪ੍ਰਾਪਤ ਕਰਨ ਦੀ ਆਸ ਰੱਖਦੇ ਹਨ। ਉਹ ਅੱਗੋਂ ਹੋਰ ਲੱਖਾਂ ਲੋਕਾਂ ਨੂੰ ਸੱਚਾਈ ਸਿਖਾਉਂਦੇ ਹਨ।—ਯੂਹੰਨਾ 10:16; ਪਰਕਾਸ਼ ਦੀ ਪੋਥੀ 7:9.

ਖ਼ਬਰਦਾਰ ਰਹਿਣ ਦਾ ਕਾਰਨ

10. ਸਾਨੂੰ ਖ਼ਬਰਦਾਰ ਰਹਿਣ ਦੀ ਕਿਉਂ ਲੋੜ ਹੈ?

10 ਪਰ ਸਾਨੂੰ ਖ਼ਬਰਦਾਰ ਰਹਿਣ ਦੀ ਲੋੜ ਹੈ, ਕਿਉਂਕਿ ਹੋ ਸਕਦਾ ਹੈ ਕਿ ਅਸੀਂ ਮਲਾਕੀ 2:1-9 ਵਿਚ ਦਿੱਤੇ ਗਏ ਸਬਕ ਨੂੰ ਸਮਝਣ ਤੋਂ ਖੁੰਝ ਜਾਈਏ। ਕੀ ਅਸੀਂ ਇਸ ਗੱਲ ਦਾ ਧਿਆਨ ਰੱਖਦੇ ਹਾਂ ਕਿ ਸਾਡੇ ਬੁੱਲ੍ਹਾਂ ਵਿਚ ਕੋਈ ਕੁਧਰਮ ਨਾ ਪਾਇਆ ਜਾਵੇ? ਮਿਸਾਲ ਲਈ, ਕੀ ਸਾਡੇ ਪਰਿਵਾਰ ਦੇ ਮੈਂਬਰ ਸਾਡੀ ਗੱਲ ਤੇ ਭਰੋਸਾ ਕਰ ਸਕਦੇ ਹਨ? ਕੀ ਕਲੀਸਿਯਾ ਵਿਚ ਸਾਡੇ ਭੈਣ-ਭਰਾ ਵੀ ਸਾਡੇ ਤੇ ਭਰੋਸਾ ਕਰ ਸਕਦੇ ਹਨ? ਦੂਸਰਿਆਂ ਨੂੰ ਧੋਖਾ ਦੇਣ ਲਈ ਘੁਮਾ-ਫਿਰਾ ਕੇ ਗੱਲ ਕਰਨ ਦੀ ਆਦਤ ਪਾਉਣੀ ਆਸਾਨ ਹੈ। ਹੋ ਸਕਦਾ ਹੈ ਕਿ ਅਸੀਂ ਕਾਰੋਬਾਰ ਦੇ ਮਾਮਲੇ ਵਿਚ ਕਿਸੇ ਗੱਲ ਨੂੰ ਵਧਾ-ਚੜ੍ਹਾ ਕੇ ਦੱਸੀਏ ਜਾਂ ਕੋਈ ਗੱਲ ਲੁਕੋ ਕੇ ਰੱਖੀਏ। ਕੀ ਯਹੋਵਾਹ ਨੂੰ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਲੱਗੇਗਾ? ਅਤੇ ਜੇ ਅਸੀਂ ਇੱਦਾਂ ਕਰਦੇ ਹਾਂ, ਤਾਂ ਕੀ ਉਹ ਸਾਡੇ ਬੁੱਲ੍ਹਾਂ ਤੋਂ ਉਸਤਤ ਦੀਆਂ ਬਲੀਆਂ ਕਬੂਲ ਕਰੇਗਾ?

11. ਕਿਨ੍ਹਾਂ ਨੂੰ ਖ਼ਾਸ ਤੌਰ ਤੇ ਖ਼ਬਰਦਾਰ ਰਹਿਣ ਦੀ ਲੋੜ ਹੈ?

11 ਅੱਜ ਜਿਨ੍ਹਾਂ ਨੂੰ ਕਲੀਸਿਯਾ ਵਿਚ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਮਲਾਕੀ 2:7 ਦੀ ਸਲਾਹ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਵਿਚ ਲਿਖਿਆ ਹੈ ਕਿ ਉਨ੍ਹਾਂ ਦੇ ਬੁੱਲ੍ਹ ‘ਗਿਆਨ ਦੀ ਰਾਖੀ ਕਰਨ ਅਤੇ ਲੋਕ ਉਨ੍ਹਾਂ ਦੇ ਮੂੰਹ ਤੋਂ ਬਿਵਸਥਾ ਨੂੰ ਭਾਲਣ।’ ਇਨ੍ਹਾਂ ਸਿਖਾਉਣ ਵਾਲਿਆਂ ਉੱਤੇ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਯਾਕੂਬ 3:1 ਕਹਿੰਦਾ ਹੈ ਕਿ ਉਨ੍ਹਾਂ ਨੂੰ “ਵਧੀਕ ਸਜ਼ਾ ਮਿਲੇਗੀ।” ਭਾਵੇਂ ਉਨ੍ਹਾਂ ਨੂੰ ਜੋਸ਼ ਅਤੇ ਉਤਸ਼ਾਹ ਨਾਲ ਸਿੱਖਿਆ ਦੇਣੀ ਚਾਹੀਦੀ ਹੈ, ਪਰ ਉਨ੍ਹਾਂ ਦੀ ਸਿੱਖਿਆ ਪੂਰੀ ਤਰ੍ਹਾਂ ਪਰਮੇਸ਼ੁਰ ਦੇ ਬਚਨ ਅਤੇ ਯਹੋਵਾਹ ਦੇ ਸੰਗਠਨ ਵੱਲੋਂ ਮਿਲੀ ਜਾਣਕਾਰੀ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਉਹ ‘ਹੋਰਨਾਂ ਨੂੰ ਸਿੱਖਿਆ ਦੇਣ ਜੋਗ’ ਹੋਣਗੇ। ਇਸ ਲਈ ਉਨ੍ਹਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ: “ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਹ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦਾ ਜਥਾਰਥ ਵਖਿਆਣ ਕਰਨ ਵਾਲਾ ਹੋਵੇ।”—2 ਤਿਮੋਥਿਉਸ 2:2, 15.

12. ਜਿਨ੍ਹਾਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਉਨ੍ਹਾਂ ਨੂੰ ਕਿਸ ਗੱਲ ਤੋਂ ਖ਼ਬਰਦਾਰ ਰਹਿਣਾ ਚਾਹੀਦਾ ਹੈ?

12 ਜੇ ਅਸੀਂ ਖ਼ਬਰਦਾਰ ਨਹੀਂ ਰਹਿੰਦੇ, ਤਾਂ ਹੋ ਸਕਦਾ ਹੈ ਕਿ ਅਸੀਂ ਸਿਖਾਉਂਦੇ ਵੇਲੇ ਆਪਣੇ ਵਿਚਾਰਾਂ ਨੂੰ ਪੇਸ਼ ਕਰਨ ਲੱਗ ਪਈਏ। ਇਸ ਤਰ੍ਹਾਂ ਕਰਨ ਵੱਲ ਖ਼ਾਸਕਰ ਉਸ ਵਿਅਕਤੀ ਦਾ ਰੁਝਾਨ ਹੋ ਸਕਦਾ ਹੈ ਜੋ ਆਪਣੇ ਵਿਚਾਰਾਂ ਤੇ ਹੱਦੋਂ ਵੱਧ ਭਰੋਸਾ ਰੱਖਦਾ ਹੈ, ਭਾਵੇਂ ਇਹ ਯਹੋਵਾਹ ਦੇ ਸੰਗਠਨ ਦੀਆਂ ਸਿੱਖਿਆਵਾਂ ਤੋਂ ਉਲਟ ਹੀ ਕਿਉਂ ਨਾ ਹੋਣ। ਪਰ ਮਲਾਕੀ ਦਾ ਦੂਸਰਾ ਅਧਿਆਇ ਦਿਖਾਉਂਦਾ ਹੈ ਕਿ ਅਸੀਂ ਕਲੀਸਿਯਾ ਵਿਚ ਸਿਖਾਉਣ ਵਾਲਿਆਂ ਤੋਂ ਆਸ ਰੱਖ ਸਕਦੇ ਹਾਂ ਕਿ ਉਹ ਪਰਮੇਸ਼ੁਰ ਦਾ ਗਿਆਨ ਦੇਣ, ਨਾ ਕਿ ਆਪਣੇ ਵਿਚਾਰ ਜੋ ਭੇਡਾਂ ਲਈ ਠੋਕਰ ਦਾ ਕਾਰਨ ਬਣ ਸਕਦੇ ਹਨ। ਯਿਸੂ ਨੇ ਕਿਹਾ ਸੀ: “ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਨਿਹਚਾ ਕਰਦੇ ਹਨ ਇੱਕ ਨੂੰ ਠੋਕਰ ਖੁਆਵੇ ਉਹ ਦੇ ਲਈ ਚੰਗਾ ਸੀ ਜੋ ਖਰਾਸ ਦਾ ਪੁੜ ਉਹ ਦੇ ਗਲ ਵਿੱਚ ਬੰਨ੍ਹਿਆ ਜਾਂਦਾ ਅਤੇ ਉਹ ਸਮੁੰਦਰ ਦੇ ਡੂੰਘਾਣ ਵਿੱਚ ਡੋਬਿਆ ਜਾਂਦਾ।”—ਮੱਤੀ 18:6.

ਅਵਿਸ਼ਵਾਸੀ ਨਾਲ ਵਿਆਹ ਕਰਨਾ

13, 14. ਮਲਾਕੀ ਨੇ ਕਿਹੜੀ ਧੋਖੇਬਾਜ਼ੀ ਬਾਰੇ ਦੱਸਿਆ?

13ਦੂਸਰੇ ਅਧਿਆਇ ਦੀ ਆਇਤ 10 ਤੋਂ ਅੱਗੇ ਮਲਾਕੀ ਸਿੱਧਾ ਧੋਖੇਬਾਜ਼ੀ ਉੱਤੇ ਚਰਚਾ ਕਰਦਾ ਹੈ। ਉਹ ਦੋ ਅਜਿਹੇ ਸੰਬੰਧਿਤ ਕੰਮਾਂ ਵੱਲ ਧਿਆਨ ਦਿਵਾਉਂਦਾ ਹੈ ਜਿਨ੍ਹਾਂ ਲਈ “ਬੇਪਰਤੀਤੀ” ਜਾਂ ਧੋਖਾ ਸ਼ਬਦ ਵਾਰ-ਵਾਰ ਵਰਤਿਆ ਗਿਆ ਹੈ। ਪਹਿਲਾਂ ਧਿਆਨ ਦਿਓ ਕਿ ਮਲਾਕੀ ਆਪਣੀ ਸਲਾਹ ਇਨ੍ਹਾਂ ਸਵਾਲਾਂ ਨਾਲ ਸ਼ੁਰੂ ਕਰਦਾ ਹੈ: “ਕੀ ਅਸਾਂ ਸਾਰਿਆਂ ਦਾ ਇੱਕੋ ਹੀ ਪਿਤਾ ਨਹੀਂ ਅਤੇ ਕੀ ਇੱਕੋ ਹੀ ਪਰਮੇਸ਼ੁਰ ਨੇ ਸਾਨੂੰ ਨਹੀਂ ਸਾਜਿਆ? ਫੇਰ ਕਿਉਂ ਅਸੀਂ ਆਪਣੇ ਭਰਾਵਾਂ ਤੋਂ ਬੇਪਰਤੀਤੇ ਹੋ ਕੇ [“ਇਕ ਦੂਸਰੇ ਨਾਲ ਧੋਖਾ ਕਰ ਕੇ,” ਨਿ ਵ] ਆਪਣੇ ਪਿਉ ਦਾਦਿਆਂ ਦੇ ਨੇਮ ਨੂੰ ਪਲੀਤ ਕਰਦੇ ਹਾਂ?” ਫਿਰ ਆਇਤ 11 ਕਹਿੰਦੀ ਹੈ ਕਿ ਇਸਰਾਏਲ ਦੀ ਧੋਖੇਬਾਜ਼ੀ “ਯਹੋਵਾਹ ਦੀ ਪਵਿੱਤਰਤਾਈ” ਨੂੰ ਪਲੀਤ ਕਰਨ ਦੇ ਬਰਾਬਰ ਸੀ। ਉਹ ਕਿਹੜੇ ਗੰਭੀਰ ਪਾਪ ਕਰ ਰਹੇ ਸਨ? ਇਸ ਆਇਤ ਵਿਚ ਇਕ ਪਾਪ ਬਾਰੇ ਦੱਸਿਆ ਗਿਆ ਹੈ ਕਿ ਉਹ ‘ਓਪਰੇ ਦਿਓਤੇ ਦੀ ਧੀ ਨੂੰ ਵਿਆਹ ਲਿਆਏ’ ਸਨ।

14 ਦੂਸਰੇ ਸ਼ਬਦਾਂ ਵਿਚ, ਕੁਝ ਇਸਰਾਏਲੀ ਜਿਹੜੇ ਯਹੋਵਾਹ ਦੀ ਸਮਰਪਿਤ ਕੌਮ ਦਾ ਹਿੱਸਾ ਸਨ, ਉਨ੍ਹਾਂ ਤੀਵੀਆਂ ਨੂੰ ਵਿਆਹ ਲਿਆਏ ਸਨ ਜਿਹੜੀਆਂ ਯਹੋਵਾਹ ਦੀ ਭਗਤੀ ਨਹੀਂ ਕਰਦੀਆਂ ਸਨ। ਸੰਦਰਭ ਤੋਂ ਸਾਨੂੰ ਪਤਾ ਲੱਗਦਾ ਹੈ ਇਹ ਮਾਮਲਾ ਇੰਨਾ ਗੰਭੀਰ ਕਿਉਂ ਸੀ। ਆਇਤ 10 ਕਹਿੰਦੀ ਹੈ ਕਿ ਉਨ੍ਹਾਂ ਸਾਰਿਆਂ ਦਾ ਇਕ ਪਿਤਾ ਸੀ। ਇਹ ਪਿਤਾ ਨਾ ਤਾਂ ਯਾਕੂਬ ਸੀ (ਜਿਸ ਨੂੰ ਬਾਅਦ ਵਿਚ ਇਸਰਾਏਲ ਨਾਂ ਦਿੱਤਾ ਗਿਆ), ਨਾ ਹੀ ਅਬਰਾਹਾਮ ਤੇ ਨਾ ਹੀ ਆਦਮ ਸੀ। ਮਲਾਕੀ 1:6 ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਦਾ “ਇੱਕੋ ਹੀ ਪਿਤਾ” ਸੀ। ਇਸਰਾਏਲ ਕੌਮ ਦਾ ਯਹੋਵਾਹ ਨਾਲ ਇਕ ਰਿਸ਼ਤਾ ਸੀ, ਕੁਝ ਹੱਦ ਤਕ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਬੰਨ੍ਹੇ ਗਏ ਨੇਮ ਕਰਕੇ। ਇਸ ਨੇਮ ਦਾ ਇਕ ਕਾਨੂੰਨ ਇਹ ਸੀ: “ਨਾ ਓਹਨਾਂ [ਵਿਦੇਸ਼ੀਆਂ] ਨਾਲ ਵਿਆਹ ਕਰੋ, ਨਾ ਕੋਈ ਉਸ ਦੇ ਪੁੱਤ੍ਰ ਨੂੰ ਆਪਣੀ ਧੀ ਦੇਵੇ, ਨਾ ਕੋਈ ਆਪਣੇ ਪੁੱਤ੍ਰ ਲਈ ਉਸ ਦੀ ਧੀ ਲਵੇ।”—ਬਿਵਸਥਾ ਸਾਰ 7:3.

15. (ੳ) ਕੁਝ ਮਸੀਹੀ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾਉਣ ਲਈ ਕਿਹੜੀਆਂ ਦਲੀਲਾਂ ਦੇ ਸਕਦੇ ਹਨ? (ਅ) ਯਹੋਵਾਹ ਵਿਆਹ ਦੇ ਸੰਬੰਧ ਵਿਚ ਆਪਣਾ ਨਜ਼ਰੀਆ ਕਿਵੇਂ ਪ੍ਰਗਟ ਕਰਦਾ ਹੈ?

15 ਅੱਜ ਕੁਝ ਲੋਕ ਸ਼ਾਇਦ ਇਹ ਦਲੀਲ ਦੇਣ: ‘ਜਿਹੜੀ ਕੁੜੀ ਮੈਨੂੰ ਪਸੰਦ ਹੈ ਉਹ ਬਹੁਤ ਚੰਗੀ ਹੈ। ਬਾਅਦ ਵਿਚ ਉਹ ਸੱਚਾਈ ਨੂੰ ਵੀ ਅਪਣਾ ਲਵੇਗੀ।’ ਅਜਿਹੀ ਸੋਚਣੀ ਪਰਮੇਸ਼ੁਰ ਵੱਲੋਂ ਦਿੱਤੀ ਇਸ ਚੇਤਾਵਨੀ ਨੂੰ ਪੱਕਾ ਕਰਦੀ ਹੈ: “ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ।” (ਯਿਰਮਿਯਾਹ 17:9) ਅਵਿਸ਼ਵਾਸੀਆਂ ਨਾਲ ਵਿਆਹ ਕਰਾਉਣ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਮਲਾਕੀ 2:12 ਵਿਚ ਦੱਸਿਆ ਗਿਆ ਹੈ: ‘ਯਹੋਵਾਹ ਹਰੇਕ ਨੂੰ ਜਿਹੜਾ ਇਹ ਕੰਮ ਕਰਦਾ ਹੈ ਕੱਟ ਦੇਵੇਗਾ।’ ਇਸ ਲਈ ਮਸੀਹੀਆਂ ਨੂੰ “ਕੇਵਲ ਪ੍ਰਭੁ ਵਿੱਚ” ਵਿਆਹ ਕਰਾਉਣ ਦੀ ਪ੍ਰੇਰਣਾ ਦਿੱਤੀ ਜਾਂਦੀ ਹੈ। (1 ਕੁਰਿੰਥੀਆਂ 7:39) ਮਸੀਹੀ ਪ੍ਰਬੰਧ ਅਧੀਨ, ਜਦੋਂ ਇਕ ਵਿਸ਼ਵਾਸੀ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਦਾ ਹੈ, ਤਾਂ ਉਸ ਨੂੰ “ਕੱਟ” ਨਹੀਂ ਦਿੱਤਾ ਜਾਂਦਾ। ਪਰ ਜੇ ਵਿਆਹੁਤਾ ਸਾਥੀ ਸੱਚਾਈ ਨੂੰ ਨਹੀਂ ਅਪਣਾਉਂਦਾ, ਤਾਂ ਉਸ ਵੇਲੇ ਉਸ ਦਾ ਕੀ ਬਣੇਗਾ ਜਦੋਂ ਪਰਮੇਸ਼ੁਰ ਜਲਦੀ ਹੀ ਇਸ ਰੀਤੀ-ਵਿਵਸਥਾ ਨੂੰ ਨਾਸ਼ ਕਰ ਦੇਵੇਗਾ?—ਜ਼ਬੂਰ 37:37, 38.

ਆਪਣੇ ਵਿਆਹੁਤਾ ਸਾਥੀ ਨਾਲ ਬਦਸਲੂਕੀ

16, 17. ਕੁਝ ਲੋਕਾਂ ਨੇ ਧੋਖੇਬਾਜ਼ੀ ਦਾ ਕਿਹੜਾ ਰਾਹ ਫੜਿਆ ਸੀ?

16 ਮਲਾਕੀ ਹੁਣ ਦੂਜੀ ਤਰ੍ਹਾਂ ਦੀ ਧੋਖੇਬਾਜ਼ੀ ਬਾਰੇ ਗੱਲ ਕਰਦਾ ਹੈ: ਆਪਣੇ ਵਿਆਹੁਤਾ ਸਾਥੀ ਨਾਲ ਬਦਸਲੂਕੀ ਕਰਨੀ, ਖ਼ਾਸ ਕਰਕੇ ਬਿਨਾਂ ਜਾਇਜ਼ ਕਾਰਨ ਦੇ ਤਲਾਕ ਦੇਣਾ। ਦੂਸਰੇ ਅਧਿਆਇ ਦੀ ਚੌਦਵੀਂ ਆਇਤ ਕਹਿੰਦੀ ਹੈ: “ਯਹੋਵਾਹ ਤੇਰੇ ਵਿੱਚ ਅਤੇ ਤੇਰੀ ਜੁਆਨੀ ਦੀ ਤੀਵੀਂ ਵਿੱਚ ਗਵਾਹ ਹੈ ਕਿਉਂ ਜੋ ਤੈਂ ਉਸ ਦੇ ਨਾਲ ਬੇਪਰਤੀਤੀ [“ਧੋਖਾ,” ਨਿ ਵ] ਕੀਤੀ, ਭਾਵੇਂ ਉਹ ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ ਹੈ।” ਆਪਣੀਆਂ ਪਤਨੀਆਂ ਨਾਲ ਧੋਖਾ ਕਰ ਕੇ ਯਹੂਦੀ ਪਤੀਆਂ ਨੇ ਯਹੋਵਾਹ ਦੀ ਜਗਵੇਦੀ ਨੂੰ ‘ਅੰਝੂਆਂ ਨਾਲ ਢੱਕ’ ਦਿੱਤਾ ਸੀ। (ਮਲਾਕੀ 2:13) ਇਹ ਆਦਮੀ ਨਾਜਾਇਜ਼ ਕਾਰਨਾਂ ਕਰਕੇ ਆਪਣੀ ਜਵਾਨੀ ਦੀਆਂ ਪਤਨੀਆਂ ਨੂੰ ਤਲਾਕ ਦੇ ਰਹੇ ਸਨ, ਸ਼ਾਇਦ ਨੌਜਵਾਨ ਕੁੜੀਆਂ ਜਾਂ ਗ਼ੈਰ-ਯਹੂਦੀ ਤੀਵੀਆਂ ਨਾਲ ਵਿਆਹ ਕਰਾਉਣ ਲਈ। ਅਤੇ ਭ੍ਰਿਸ਼ਟ ਜਾਜਕਾਂ ਨੇ ਇਹ ਸਭ ਕੁਝ ਹੋਣ ਦਿੱਤਾ! ਪਰ ਮਲਾਕੀ 2:16 ਐਲਾਨ ਕਰਦਾ ਹੈ: “ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ, ਮੈਨੂੰ ਤਿਆਗ ਪੱਤ੍ਰ ਤੋਂ ਘਿਣ ਆਉਂਦੀ ਹੈ।” ਬਾਅਦ ਵਿਚ ਯਿਸੂ ਨੇ ਦੱਸਿਆ ਕਿ ਅਨੈਤਿਕਤਾ ਹੀ ਇੱਕੋ-ਇਕ ਜਾਇਜ਼ ਕਾਰਨ ਹੈ ਜਿਸ ਦੇ ਆਧਾਰ ਤੇ ਨਿਰਦੋਸ਼ ਵਿਆਹੁਤਾ ਸਾਥੀ ਤਲਾਕ ਲੈ ਸਕਦਾ ਹੈ ਅਤੇ ਦੂਸਰਾ ਵਿਆਹ ਕਰ ਸਕਦਾ ਹੈ।—ਮੱਤੀ 19:9.

17 ਮਲਾਕੀ ਦੇ ਸ਼ਬਦਾਂ ਉੱਤੇ ਵਿਚਾਰ ਕਰੋ ਅਤੇ ਦੇਖੋ ਕਿ ਇਹ ਕਿੱਦਾਂ ਦਿਲਾਂ ਨੂੰ ਛੁੰਹਦੇ ਹਨ ਅਤੇ ਦਇਆ ਦੀ ਭਾਵਨਾ ਜਗਾਉਂਦੇ ਹਨ। ਉਸ ਨੇ “ਤੇਰੀ ਸਾਥਣ ਅਤੇ ਤੇਰੇ ਨੇਮ ਦੀ ਤੀਵੀਂ” ਵਰਗੇ ਸ਼ਬਦ ਵਰਤੇ। ਹਰ ਆਦਮੀ ਨੇ ਆਪਣੀ ਇਕ ਸੰਗੀ ਉਪਾਸਕ, ਇਕ ਇਸਰਾਏਲਣ ਨਾਲ ਵਿਆਹ ਕੀਤਾ ਸੀ ਜਿਸ ਨੂੰ ਉਸ ਨੇ ਇਕ ਪਿਆਰੀ ਜੀਵਨ ਸਾਥਣ ਵਜੋਂ ਚੁਣਿਆ ਸੀ। ਵਿਆਹ ਸ਼ਾਇਦ ਉਦੋਂ ਹੋਇਆ ਸੀ ਜਦੋਂ ਉਹ ਦੋਵੇਂ ਅਜੇ ਜਵਾਨ ਸਨ। ਪਰ ਸਮੇਂ ਦੇ ਬੀਤਣ ਅਤੇ ਉਨ੍ਹਾਂ ਦੇ ਬੁੱਢੇ ਹੋ ਜਾਣ ਦਾ ਇਹ ਮਤਲਬ ਨਹੀਂ ਸੀ ਕਿ ਵਿਆਹ ਦਾ ਨੇਮ ਹੁਣ ਖ਼ਤਮ ਹੋ ਗਿਆ ਸੀ।

18. ਧੋਖੇਬਾਜ਼ੀ ਦੇ ਸੰਬੰਧ ਵਿਚ ਮਲਾਕੀ ਦੀ ਸਲਾਹ ਅੱਜ ਕਿਨ੍ਹਾਂ ਤਰੀਕਿਆਂ ਨਾਲ ਲਾਗੂ ਹੁੰਦੀ ਹੈ?

18 ਇਨ੍ਹਾਂ ਮਾਮਲਿਆਂ ਦੇ ਸੰਬੰਧ ਵਿਚ ਦਿੱਤੀ ਇਹ ਸਲਾਹ ਅੱਜ ਵੀ ਲਾਗੂ ਹੁੰਦੀ ਹੈ। ਇਹ ਕਿੰਨੀ ਅਫ਼ਸੋਸ ਦੀ ਗੱਲ ਹੈ ਕਿ ਕੁਝ ਮਸੀਹੀ ਸਿਰਫ਼ ਪ੍ਰਭੂ ਵਿਚ ਵਿਆਹ ਕਰਾਉਣ ਦੀ ਪਰਮੇਸ਼ੁਰ ਦੀ ਹਿਦਾਇਤ ਨੂੰ ਨਹੀਂ ਮੰਨਦੇ ਹਨ। ਅਤੇ ਇਹ ਵੀ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਲੋਕ ਆਪਣੇ ਵਿਆਹੁਤਾ ਬੰਧਨ ਨੂੰ ਮਜ਼ਬੂਤ ਰੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਇਸ ਦੀ ਬਜਾਇ, ਉਹ ਕਈ ਤਰ੍ਹਾਂ ਦੇ ਬਹਾਨੇ ਬਣਾਉਂਦੇ ਹਨ ਅਤੇ ਅਜਿਹਾ ਰਾਹ ਅਪਣਾਉਂਦੇ ਹਨ ਜਿਸ ਦੀ ਪਰਮੇਸ਼ੁਰ ਨਿੰਦਾ ਕਰਦਾ ਹੈ। ਉਹ ਦੂਸਰਾ ਵਿਆਹ ਕਰਾਉਣ ਲਈ ਗ਼ੈਰ-ਬਾਈਬਲੀ ਕਾਰਨਾਂ ਕਰਕੇ ਆਪਣੇ ਵਿਆਹੁਤਾ ਸਾਥੀ ਨੂੰ ਤਲਾਕ ਦੇ ਦਿੰਦੇ ਹਨ। ਇਹ ਕੰਮ ਕਰ ਕੇ ਉਨ੍ਹਾਂ ਨੇ “ਯਹੋਵਾਹ ਨੂੰ ਅਕਾ ਦਿੱਤਾ” ਹੈ। ਮਲਾਕੀ ਦੇ ਦਿਨਾਂ ਵਿਚ ਪਰਮੇਸ਼ੁਰ ਦੀ ਸਲਾਹ ਨੂੰ ਅਣਗੌਲਿਆਂ ਕਰਨ ਵਾਲਿਆਂ ਨੇ ਇਹ ਕਹਿਣ ਦੀ ਵੀ ਹਿੰਮਤ ਕੀਤੀ ਕਿ ਯਹੋਵਾਹ ਉਨ੍ਹਾਂ ਨਾਲ ਬੇਇਨਸਾਫ਼ੀ ਕਰ ਰਿਹਾ ਸੀ। ਇਕ ਤਰੀਕੇ ਨਾਲ ਉਹ ਕਹਿ ਰਹੇ ਸਨ: “ਇਨਸਾਫ਼ ਦਾ ਪਰਮੇਸ਼ੁਰ ਕਿੱਥੇ ਹੈ?” ਕਿੰਨੀ ਘਟੀਆ ਸੋਚ! ਆਓ ਆਪਾਂ ਕਦੇ ਇਸ ਫੰਦੇ ਵਿਚ ਨਾ ਫਸੀਏ।—ਮਲਾਕੀ 2:17.

19. ਪਤੀ-ਪਤਨੀਆਂ ਨੂੰ ਪਰਮੇਸ਼ੁਰ ਦੀ ਆਤਮਾ ਕਿਵੇਂ ਮਿਲ ਸਕਦੀ ਹੈ?

19 ਪਰ ਦੂਸਰੇ ਪਾਸੇ, ਮਲਾਕੀ ਨੇ ਕੁਝ ਪਤੀਆਂ ਦੀ ਸ਼ਲਾਘਾ ਵੀ ਕੀਤੀ ਕਿਉਂਕਿ ਉਨ੍ਹਾਂ ਨੇ ਆਪਣੀਆਂ ਪਤਨੀਆਂ ਨਾਲ ਧੋਖਾ ਨਹੀਂ ਕੀਤਾ। ਉਨ੍ਹਾਂ ਵਿਚ “ਰੂਹ [“ਪਰਮੇਸ਼ੁਰ ਦੀ ਪਵਿੱਤਰ ਆਤਮਾ,” ਨਿ ਵ] ਬਾਕੀ” ਸੀ। (ਆਇਤ 15) ਇਹ ਬਹੁਤ ਖ਼ੁਸ਼ੀ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਸੰਗਠਨ ਵਿਚ ਅੱਜ ਅਜਿਹੇ ਬਹੁਤ ਸਾਰੇ ਆਦਮੀ ਹਨ ਜਿਹੜੇ ‘ਆਪਣੀਆਂ ਪਤਨੀਆਂ ਦਾ ਆਦਰ ਕਰਦੇ ਹਨ।’ (1 ਪਤਰਸ 3:7) ਉਹ ਆਪਣੀਆਂ ਪਤਨੀਆਂ ਨੂੰ ਮਾਰਦੇ-ਕੁੱਟਦੇ ਨਹੀਂ ਜਾਂ ਗਾਲਾਂ ਨਹੀਂ ਕੱਢਦੇ। ਉਹ ਉਨ੍ਹਾਂ ਨੂੰ ਗ਼ੈਰ-ਕੁਦਰਤੀ ਸੰਭੋਗ ਕਰਨ ਲਈ ਮਜਬੂਰ ਨਹੀਂ ਕਰਦੇ ਤੇ ਨਾ ਹੀ ਦੂਸਰੀਆਂ ਤੀਵੀਆਂ ਨਾਲ ਕਲੋਲਾਂ ਕਰ ਕੇ ਜਾਂ ਅਸ਼ਲੀਲ ਤਸਵੀਰਾਂ ਦੇਖ ਕੇ ਆਪਣੀਆਂ ਪਤਨੀਆਂ ਦਾ ਅਪਮਾਨ ਕਰਦੇ ਹਨ। ਯਹੋਵਾਹ ਦੇ ਸੰਗਠਨ ਵਿਚ ਬਹੁਤ ਸਾਰੀਆਂ ਵਫ਼ਾਦਾਰ ਮਸੀਹੀ ਪਤਨੀਆਂ ਵੀ ਹਨ ਜਿਹੜੀਆਂ ਪਰਮੇਸ਼ੁਰ ਅਤੇ ਉਸ ਦੇ ਨਿਯਮਾਂ ਪ੍ਰਤੀ ਵਫ਼ਾਦਾਰ ਰਹਿੰਦੀਆਂ ਹਨ। ਇਹ ਸਾਰੇ ਆਦਮੀ ਤੇ ਤੀਵੀਆਂ ਜਾਣਦੇ ਹਨ ਕਿ ਪਰਮੇਸ਼ੁਰ ਕਿਸ ਚੀਜ਼ ਨਾਲ ਨਫ਼ਰਤ ਕਰਦਾ ਹੈ ਅਤੇ ਉਹ ਵੀ ਪਰਮੇਸ਼ੁਰ ਵਾਂਗ ਸੋਚਦੇ ਅਤੇ ਕੰਮ ਕਰਦੇ ਹਨ। ‘ਪਰਮੇਸ਼ੁਰ ਦੇ ਹੁਕਮ ਮੰਨਦੇ’ ਹੋਏ ਅਤੇ ਉਸ ਦੀ ਪਵਿੱਤਰ ਆਤਮਾ ਦੀ ਮਦਦ ਨਾਲ ਤੁਸੀਂ ਵੀ ਉਨ੍ਹਾਂ ਵਰਗੇ ਬਣੋ।—ਰਸੂਲਾਂ ਦੇ ਕਰਤੱਬ 5:29.

20. ਸਾਰੀ ਮਨੁੱਖਜਾਤੀ ਨੂੰ ਨੇੜਲੇ ਭਵਿੱਖ ਵਿਚ ਕਿਸ ਚੀਜ਼ ਦਾ ਸਾਮ੍ਹਣਾ ਕਰਨਾ ਪਵੇਗਾ?

20 ਜਲਦੀ ਹੀ ਯਹੋਵਾਹ ਪੂਰੇ ਸੰਸਾਰ ਦਾ ਨਿਆਂ ਕਰੇਗਾ। ਹਰ ਇਨਸਾਨ ਨੂੰ ਆਪਣੇ ਵਿਸ਼ਵਾਸਾਂ ਅਤੇ ਕੰਮਾਂ ਦਾ ਲੇਖਾ ਦੇਣਾ ਪਵੇਗਾ। “ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।” (ਰੋਮੀਆਂ 14:12) ਇਸ ਲਈ ਇਕ ਬਹੁਤ ਹੀ ਮਹੱਤਵਪੂਰਣ ਸਵਾਲ ਖੜ੍ਹਾ ਹੁੰਦਾ ਹੈ: ਯਹੋਵਾਹ ਦੇ ਦਿਨ ਵਿੱਚੋਂ ਕੌਣ ਬਚੇਗਾ? ਇਸ ਲੜੀ ਦਾ ਤੀਸਰਾ ਅਤੇ ਆਖ਼ਰੀ ਲੇਖ ਇਸ ਵਿਸ਼ੇ ਉੱਤੇ ਚਰਚਾ ਕਰੇਗਾ।

ਕੀ ਤੁਸੀਂ ਸਮਝਾ ਸਕਦੇ ਹੋ?

• ਯਹੋਵਾਹ ਨੇ ਇਸਰਾਏਲ ਦੇ ਜਾਜਕਾਂ ਨੂੰ ਕਿਉਂ ਫਿਟਕਾਰਿਆ ਸੀ?

• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੇ ਮਿਆਰ ਇੰਨੇ ਉੱਚੇ ਨਹੀਂ ਹਨ ਕਿ ਇਨਸਾਨ ਉਨ੍ਹਾਂ ਉੱਤੇ ਚੱਲ ਹੀ ਨਾ ਸਕਣ?

• ਸਿੱਖਿਆ ਦੇਣ ਵੇਲੇ ਸਾਨੂੰ ਕਿਉਂ ਖ਼ਬਰਦਾਰ ਰਹਿਣਾ ਚਾਹੀਦਾ ਹੈ?

• ਯਹੋਵਾਹ ਖ਼ਾਸ ਕਰਕੇ ਕਿਹੜੇ ਦੋ ਕੰਮਾਂ ਨੂੰ ਨਿੰਦਦਾ ਹੈ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਮਲਾਕੀ ਦੇ ਦਿਨਾਂ ਵਿਚ ਜਾਜਕਾਂ ਨੂੰ ਪਰਮੇਸ਼ੁਰ ਦੇ ਰਾਹਾਂ ਉੱਤੇ ਨਾ ਚੱਲਣ ਕਰਕੇ ਫਿਟਕਾਰਿਆ ਗਿਆ ਸੀ

[ਸਫ਼ੇ 16 ਉੱਤੇ ਤਸਵੀਰ]

ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਰਾਹਾਂ ਦੀ ਸਿੱਖਿਆ ਦੇਈਏ, ਨਾ ਕਿ ਆਪਣੇ ਵਿਚਾਰਾਂ ਨੂੰ ਫੈਲਾਈਏ

[ਸਫ਼ੇ 18 ਉੱਤੇ ਤਸਵੀਰਾਂ]

ਯਹੋਵਾਹ ਨੇ ਉਨ੍ਹਾਂ ਇਸਰਾਏਲੀਆਂ ਨੂੰ ਫਿਟਕਾਰਿਆ ਜਿਨ੍ਹਾਂ ਨੇ ਛੋਟੀ-ਛੋਟੀ ਗੱਲ ਤੇ ਆਪਣੀਆਂ ਪਤਨੀਆਂ ਨੂੰ ਤਲਾਕ ਦੇ ਕੇ ਗ਼ੈਰ-ਯਹੂਦੀ ਤੀਵੀਆਂ ਨਾਲ ਵਿਆਹ ਕਰਾਇਆ

[ਸਫ਼ੇ 18 ਉੱਤੇ ਤਸਵੀਰ]

ਅੱਜ ਮਸੀਹੀ ਆਪਣੇ ਵਿਆਹ ਦੇ ਨੇਮ ਦਾ ਆਦਰ ਕਰਦੇ ਹਨ