Skip to content

Skip to table of contents

ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ

ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ

ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਕਰਦਾ ਹੈ

ਬਾਈਬਲ ਕਹਿੰਦੀ ਹੈ ਕਿ “ਆਦਮੀ ਜੋ ਤੀਵੀਂ ਤੋਂ ਜੰਮਦਾ ਹੈ ਥੋੜਿਆਂ ਦਿਨਾਂ ਦਾ ਹੈ ਅਤੇ ਬਿਪਤਾ ਨਾਲ ਭਰਿਆ ਹੋਇਆ ਹੈ।” (ਅੱਯੂਬ 14:1) ਇਸ ਤਰ੍ਹਾਂ ਲੱਗਦਾ ਹੈ ਕਿ ਇਨਸਾਨਾਂ ਦੀ ਜ਼ਿੰਦਗੀ ਦੁੱਖਾਂ-ਤਕਲੀਫ਼ਾਂ, ਚਿੰਤਾਵਾਂ, ਅਤੇ ਪਰੇਸ਼ਾਨੀਆਂ ਨਾਲ ਭਰੀ ਹੋਈ ਹੈ। ਮੁਸ਼ਕਲਾਂ ਦੌਰਾਨ ਕਿਹੜੀ ਚੀਜ਼ ਸਾਡੀ ਅਗਵਾਈ ਕਰ ਸਕਦੀ ਹੈ ਤਾਂਕਿ ਅਸੀਂ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਚਾਲ ਚੱਲ ਸਕੀਏ?

ਅੱਯੂਬ ਨਾਂ ਦੇ ਅਮੀਰ ਬੰਦੇ ਬਾਰੇ ਸੋਚੋ ਜੋ ਕੁਝ 3,500 ਸਾਲ ਪਹਿਲਾਂ ਉਸ ਜਗ੍ਹਾ ਰਹਿੰਦਾ ਸੀ ਜੋ ਅੱਜ ਅਰਬ ਦੇਸ਼ ਹੈ। ਸ਼ਤਾਨ ਨੇ ਉਸ ਧਰਮੀ ਮਨੁੱਖ ਉੱਤੇ ਕਿੰਨੀ ਬਿਪਤਾ ਲਿਆਂਦੀ ਸੀ! ਉਸ ਦੇ ਸਾਰੇ ਜਾਨਵਰ ਮਰ ਗਏ ਅਤੇ ਉਸ ਦੇ ਪਿਆਰੇ ਬੱਚਿਆਂ ਦੀ ਵੀ ਮੌਤ ਹੋ ਗਈ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਸ਼ਤਾਨ ਨੇ ਅੱਯੂਬ ਨੂੰ ਪੈਰ ਦੀ ਤਲੀ ਤੋਂ ਲੈ ਕੇ ਸਿਰ ਦੀ ਖੋਪਰੀ ਤਕ ਫੋੜਿਆਂ ਨਾਲ ਬਰਿਆ। (ਅੱਯੂਬ, ਅਧਿਆਏ 1, 2) ਅੱਯੂਬ ਨੂੰ ਪਤਾ ਨਹੀਂ ਸੀ ਕਿ ਉਸ ਉੱਤੇ ਇੰਨੀ ਮੁਸੀਬਤ ਕਿਉਂ ਆ ਰਹੀ ਸੀ। ਫਿਰ ਵੀ “ਅੱਯੂਬ ਨੇ ਆਪਣੇ ਬੁੱਲ੍ਹਾਂ ਨਾਲ ਪਾਪ ਨਾ ਕੀਤਾ।” (ਅੱਯੂਬ 2:10) ਉਸ ਨੇ ਕਿਹਾ ਕਿ “ਮੈਂ ਆਪਣੇ ਮਰਨ ਤੀਕ ਆਪਣੀ ਖਰਿਆਈ ਨਾ ਛੱਡਾਂਗਾ।” (ਅੱਯੂਬ 27:5) ਜੀ ਹਾਂ, ਅੱਯੂਬ ਵਿਚ ਖਰਿਆਈ ਦੇ ਗੁਣ ਨੇ ਮੁਸ਼ਕਲਾਂ ਦੌਰਾਨ ਉਸ ਦੀ ਅਗਵਾਈ ਕੀਤੀ ਸੀ।

ਖਰਿਆਈ ਦਾ ਮਤਲਬ ਹੈ ਕਿ ਅਸੀਂ ਪੂਰੀ ਤਰ੍ਹਾਂ ਨੇਕ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਰਦੋਸ਼ ਹੋਈਏ। ਪਰ ਇਸ ਦਾ ਇਹ ਮਤਲਬ ਨਹੀਂ ਕਿ ਸਾਡੀ ਕਹਿਣੀ ਅਤੇ ਕਰਨੀ ਸੰਪੂਰਣ ਹੋਵੇਗੀ ਕਿਉਂਕਿ ਅਸੀਂ ਪਾਪੀ ਇਨਸਾਨ ਹਾਂ ਜੋ ਕਦੀ ਵੀ ਪਰਮੇਸ਼ੁਰ ਦੇ ਮਿਆਰਾਂ ਤੇ ਪੂਰੇ ਨਹੀਂ ਉਤਰ ਸਕਦੇ। ਇਸ ਦੀ ਬਜਾਇ, ਇਨਸਾਨਾਂ ਵਿਚ ਖਰਿਆਈ ਹੋਣ ਦਾ ਮਤਲਬ ਹੈ ਕਿ ਉਹ ਨੇਕ ਦਿਲ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਅਤੇ ਉਸ ਦੀ ਇੱਛਾ ਪੂਰੀ ਕਰਨ। ਅਜਿਹੀ ਭਗਤੀ ਹਰ ਹਾਲਤ ਵਿਚ ਅਤੇ ਹਰ ਵਕਤ ਨੇਕ ਲੋਕਾਂ ਦੀ ਅਗਵਾਈ ਕਰਦੀ ਹੈ। ਬਾਈਬਲ ਵਿਚ ਕਹਾਉਤਾਂ ਦੀ ਪੋਥੀ ਦਾ 11ਵਾਂ ਅਧਿਆਇ ਦਿਖਾਉਂਦਾ ਹੈ ਕਿ ਖਰਿਆਈ ਦਾ ਗੁਣ ਜ਼ਿੰਦਗੀ ਵਿਚ ਕਿਵੇਂ ਸਾਡੀ ਅਗਵਾਈ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਕਰਨ ਤੋਂ ਸਾਨੂੰ ਕਿਵੇਂ ਬਰਕਤਾਂ ਮਿਲਣਗੀਆਂ। ਤਾਂ ਫਿਰ ਆਓ ਆਪਾਂ ਦੇਖੀਏ ਕਿ ਉਸ ਵਿਚ ਕੀ-ਕੀ ਲਿਖਿਆ ਹੋਇਆ ਹੈ।

ਖਰਿਆਈ ਦਾ ਗੁਣ ਸਾਨੂੰ ਕੰਮ-ਧੰਦਿਆਂ ਵਿਚ ਈਮਾਨਦਾਰ ਬਣਾਉਂਦਾ ਹੈ

ਪ੍ਰਾਚੀਨ ਇਸਰਾਏਲ ਦੇ ਰਾਜੇ ਸੁਲੇਮਾਨ ਨੇ ਈਮਾਨਦਾਰੀ ਦੇ ਅਸੂਲਾਂ ਬਾਰੇ ਕਾਨੂੰਨੀ ਤੌਰ ਤੇ ਗੱਲ ਨਹੀਂ ਕੀਤੀ ਸੀ। ਉਸ ਨੇ ਸ਼ਾਇਰੀ ਵਰਤਦਿਆਂ ਇਹ ਗੱਲ ਸਮਝਾਈ ਸੀ। ਉਸ ਨੇ ਕਿਹਾ: “ਛਲ ਵਾਲੀ ਤੱਕੜੀ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰੰਤੂ ਪੂਰੇ ਤੋਲ ਤੋਂ ਉਹ ਪਰਸੰਨ ਹੁੰਦਾ ਹੈ।” (ਕਹਾਉਤਾਂ 11:1) ਕਹਾਉਤਾਂ ਦੀ ਪੋਥੀ ਵਿਚ ਇਹ ਚਾਰਾਂ ਵਿੱਚੋਂ ਪਹਿਲੀ ਜਗ੍ਹਾ ਹੈ ਜਿੱਥੇ ਤੱਕੜੀ ਅਤੇ ਤੋਲ, ਜਾਂ ਵੱਟੇ ਦਾ ਜ਼ਿਕਰ ਕੀਤਾ ਗਿਆ ਹੈ। ਇਹ ਚੀਜ਼ਾਂ ਇਸ ਗੱਲ ਨੂੰ ਦਰਸਾਉਣ ਲਈ ਵਰਤੀਆਂ ਗਈਆਂ ਹਨ ਕਿ ਯਹੋਵਾਹ ਆਪਣੇ ਸੇਵਕਾਂ ਤੋਂ ਕੰਮ-ਧੰਦਿਆਂ ਵਿਚ ਈਮਾਨਦਾਰੀ ਚਾਹੁੰਦਾ ਹੈ।—ਕਹਾਉਤਾਂ 16:11; 20:10, 23.

ਅਸੀਂ ਝੂਠੀ ਤੱਕੜੀ, ਯਾਨੀ ਬੇਈਮਾਨੀ ਨਾਲ ਪੈਸਾ ਕਮਾਉਣ ਵਾਲੇ ਲੋਕਾਂ ਦੀ ਸਫ਼ਲਤਾ ਦੇਖ ਕੇ ਸ਼ਾਇਦ ਲੁਭਾਏ ਜਾ ਸਕਦੇ ਹਾਂ। ਪਰਮੇਸ਼ੁਰ ਨੇ ਇਹ ਅਸੂਲ ਸਥਾਪਿਤ ਕੀਤੇ ਹਨ ਕਿ ਕੀ ਭਲਾ ਹੈ ਤੇ ਕੀ ਬੁਰਾ ਹੈ। ਫਿਰ ਕੀ ਅਸੀਂ ਸੱਚ-ਮੁੱਚ ਇਨ੍ਹਾਂ ਅਸੂਲਾਂ ਨੂੰ ਤੋੜ ਕੇ ਆਪਣੇ ਕੰਮ-ਧੰਦਿਆਂ ਵਿਚ ਖੋਟ ਕਰਨੀ ਚਾਹੁੰਦੇ ਹਾਂ? ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਵਿਚ ਖਰਿਆਈ ਦਾ ਗੁਣ ਸਾਡੀ ਅਗਵਾਈ ਕਰੇ, ਤਾਂ ਇਸ ਦਾ ਜਵਾਬ ਹੈ ਨਹੀਂ। ਅਸੀਂ ਬੇਈਮਾਨੀ ਕਰਨ ਤੋਂ ਇਸ ਲਈ ਦੂਰ ਰਹਿੰਦੇ ਹਾਂ ਕਿਉਂਕਿ ਪੂਰਾ ਤੋਲ, ਮਤਲਬ ਈਮਾਨਦਾਰੀ ਦਾ ਗੁਣ, ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦਾ ਹੈ।

“ਦੀਨਾਂ ਦੇ ਨਾਲ ਬੁੱਧ ਹੈ”

ਰਾਜਾ ਸੁਲੇਮਾਨ ਨੇ ਅੱਗੇ ਕਿਹਾ: “ਹੰਕਾਰ ਦੇ ਨਾਲ ਖੁਆਰੀ ਆਉਂਦੀ ਹੈ, ਪਰ ਦੀਨਾਂ ਦੇ ਨਾਲ ਬੁੱਧ ਹੈ।” (ਕਹਾਉਤਾਂ 11:2) ਹੰਕਾਰ ਬਦਨਾਮੀ ਲਿਆਉਂਦਾ ਹੈ ਭਾਵੇਂ ਇਹ ਘਮੰਡ, ਅਣਆਗਿਆਕਾਰੀ, ਜਾਂ ਈਰਖਾ ਦੇ ਰੂਪ ਵਿਚ ਹੋਵੇ। ਦੂਜੇ ਪਾਸੇ ਇਹ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਅਸੀਂ ਆਪਣੀਆਂ ਕਮਜ਼ੋਰੀਆਂ ਪਛਾਣੀਏ। ਬਾਈਬਲ ਵਿਚ ਕਈ ਮਿਸਾਲਾਂ ਹਨ ਜੋ ਇਸ ਕਹਾਵਤ ਦੀ ਸੱਚਾਈ ਨੂੰ ਸੱਚ ਸਾਬਤ ਕਰਦੀਆਂ ਹਨ।

ਕੋਰਹ ਨਾਂ ਦਾ ਇਕ ਮਨੁੱਖ ਲੇਵੀ ਦੇ ਕਬੀਲੇ ਤੋਂ ਸੀ। ਉਹ ਇੰਨਾ ਈਰਖਾਲੂ ਸੀ ਕਿ ਉਸ ਨੇ ਯਹੋਵਾਹ ਦੇ ਚੁਣੇ ਹੋਏ ਸੇਵਕਾਂ ਮੂਸਾ ਅਤੇ ਹਾਰੂਨ ਦੇ ਖ਼ਿਲਾਫ਼ ਇਕ ਟੋਲੀ ਨੂੰ ਉਕਸਾਇਆ ਸੀ। ਉਸ ਦੇ ਹੰਕਾਰ ਦਾ ਕੀ ਨਤੀਜਾ ਨਿਕਲਿਆ ਸੀ? ‘ਧਰਤੀ ਨੇ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਕੁਝ ਬਾਗੀਆਂ ਨੂੰ ਭੱਖ ਲਿਆ’ ਅਤੇ ਕੋਰਹ ਤੇ ਹੋਰਨਾਂ ਨੂੰ ਅੱਗ ਭਸਮ ਕਰ ਗਈ। (ਗਿਣਤੀ 16:1-3, 16-35; 26:10; ਬਿਵਸਥਾ ਸਾਰ 11:6) ਉਨ੍ਹਾਂ ਦੀ ਕਿੰਨੀ ਬਦਨਾਮੀ ਹੋਈ! ਊਜ਼ਾਹ ਨਾਂ ਦੇ ਮਨੁੱਖ ਬਾਰੇ ਵੀ ਸੋਚੋ, ਜਿਸ ਨੇ ਹੰਕਾਰ ਨਾਲ ਨੇਮ ਦੇ ਸੰਦੂਕ ਨੂੰ ਫੜ ਕੇ ਸੰਭਾਲਿਆ ਸੀ। ਉਸ ਨੂੰ ਉਸੇ ਵਕਤ ਮਾਰਿਆ ਗਿਆ ਸੀ। (2 ਸਮੂਏਲ 6:3-8) ਇਹ ਕਿੰਨਾ ਜ਼ਰੂਰੀ ਹੈ ਕਿ ਅਸੀਂ ਹੰਕਾਰ ਨਾ ਕਰੀਏ!

ਇਕ ਨਿਮਰ ਵਿਅਕਤੀ ਭਾਵੇਂ ਗ਼ਲਤੀ ਕਰ ਬੈਠੇ ਉਹ ਫਿਰ ਵੀ ਬਦਨਾਮ ਨਹੀਂ ਹੁੰਦਾ। ਅੱਯੂਬ ਨੇ ਕਈਆਂ ਗੱਲਾਂ ਵਿਚ ਇਕ ਚੰਗੀ ਮਿਸਾਲ ਕਾਇਮ ਕੀਤੀ ਸੀ ਪਰ ਉਹ ਅਪੂਰਣ ਸੀ। ਅਜ਼ਮਾਇਸ਼ਾਂ ਨੇ ਉਸ ਦੇ ਕੁਝ ਸੋਚ-ਵਿਚਾਰਾਂ ਵਿਚ ਇਕ ਵੱਡੀ ਕਮੀ ਜ਼ਾਹਰ ਕੀਤੀ ਸੀ। ਦੋਸ਼ ਲਾਉਣ ਵਾਲਿਆਂ ਨਾਲ ਆਪਣੀ ਸਫ਼ਾਈ ਪੇਸ਼ ਕਰਦੇ ਸਮੇਂ ਉਸ ਦੀ ਸੋਚਣੀ ਥੋੜ੍ਹੀ ਜਿਹੀ ਗ਼ਲਤ ਸੀ। ਉਹ ਆਪਣੇ ਆਪ ਨੂੰ ਪਰਮੇਸ਼ੁਰ ਨਾਲੋਂ ਵੀ ਧਰਮੀ ਸਮਝਦਾ ਸੀ। (ਅੱਯੂਬ 35:2, 3) ਯਹੋਵਾਹ ਨੇ ਅੱਯੂਬ ਦੀ ਸੋਚਣੀ ਨੂੰ ਕਿਵੇਂ ਸੁਧਾਰਿਆ ਸੀ?

ਯਹੋਵਾਹ ਨੇ ਧਰਤੀ, ਸਮੁੰਦਰ, ਤਾਰਿਆਂ ਨਾਲ ਭਰੇ ਆਕਾਸ਼, ਕੁਝ ਜਾਨਵਰਾਂ, ਅਤੇ ਹੋਰ ਰਚਨਾਵਾਂ ਵੱਲ ਇਸ਼ਾਰਾ ਕਰ ਕੇ ਅੱਯੂਬ ਨੂੰ ਸਿਖਾਇਆ ਕਿ ਉਹ ਪਰਮੇਸ਼ੁਰ ਵਜੋਂ ਕਿੰਨਾ ਮਹਾਨ ਹੈ ਅਤੇ ਤੁਲਨਾ ਵਿਚ ਇਨਸਾਨ ਕਿੰਨਾ ਛੋਟਾ ਹੈ। (ਅੱਯੂਬ, ਅਧਿਆਏ 38-41) ਯਹੋਵਾਹ ਨੇ ਇਹ ਨਹੀਂ ਕਿਹਾ ਕਿ ਅੱਯੂਬ ਉੱਤੇ ਦੁੱਖ ਕਿਉਂ ਆਏ ਸਨ। ਉਸ ਨੂੰ ਇਹ ਦੱਸਣ ਦੀ ਲੋੜ ਨਹੀਂ ਸੀ। ਅੱਯੂਬ ਦੀਨ ਸੀ। ਉਸ ਨੇ ਨਿਮਰਤਾ ਨਾਲ ਸਵੀਕਾਰ ਕੀਤਾ ਕਿ ਉਸ ਅਤੇ ਪਰਮੇਸ਼ੁਰ ਵਿਚ, ਅਤੇ ਉਸ ਦੀ ਅਪੂਰਣਤਾ ਤੇ ਕਮਜ਼ੋਰੀਆਂ ਅਤੇ ਯਹੋਵਾਹ ਦੀ ਧਾਰਮਿਕਤਾ ਤੇ ਸ਼ਕਤੀ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਅੱਯੂਬ ਨੇ ਕਿਹਾ: “ਏਸ ਲਈ ਮੈਂ ਆਪਣੇ ਆਪ ਤੋਂ ਘਿਣ ਕਰਦਾ ਹਾਂ, ਅਤੇ ਮੈਂ ਖ਼ਾਕ ਤੇ ਸੁਆਹ ਵਿੱਚ ਪਛਤਾਉਂਦਾ ਹਾਂ!” (ਅੱਯੂਬ 42:6) ਅੱਯੂਬ ਵਿਚ ਖਰਿਆਈ ਦੇ ਗੁਣ ਨੇ ਉਸ ਨੂੰ ਇਹ ਤਾੜਨਾ ਸਵੀਕਾਰ ਕਰਨ ਦੀ ਮਦਦ ਕੀਤੀ ਸੀ। ਸਾਡੇ ਬਾਰੇ ਕੀ? ਜ਼ਰੂਰਤ ਪੈਣ ਤੇ ਕੀ ਅਸੀਂ ਆਪਣੇ ਵਿਚ ਖਰਿਆਈ ਦੇ ਗੁਣ ਕਾਰਨ ਤਾੜਨਾ ਕਬੂਲ ਕਰਨ ਲਈ ਤਿਆਰ ਹੋਵਾਂਗੇ?

ਮੂਸਾ ਵੀ ਦੀਨ ਅਤੇ ਨਿਮਰ ਸੀ। ਜਦੋਂ ਉਹ ਦੂਸਰਿਆਂ ਦੀਆਂ ਸਮੱਸਿਆਵਾਂ ਸੁਲਝਾਉਂਦੇ ਹੋਏ ਆਪਣੇ ਆਪ ਨੂੰ ਥਕਾ ਰਿਹਾ ਸੀ ਉਸ ਦੇ ਸਹੁਰੇ ਯਿਥਰੋ ਨੇ ਉਸ ਨੂੰ ਸਲਾਹ ਦਿੱਤੀ ਕਿ ਉਹ ਇਸ ਕੰਮ ਵਿਚ ਹੋਰਨਾਂ ਕਾਬਲ ਮਨੁੱਖਾਂ ਨੂੰ ਕੁਝ ਜ਼ਿੰਮੇਵਾਰੀ ਸੌਂਪ ਦੇਵੇ। ਮੂਸਾ ਨੇ ਸਵੀਕਾਰ ਕੀਤਾ ਕਿ ਉਹ ਇਹ ਕੰਮ ਇਕੱਲਾ ਨਹੀਂ ਕਰ ਸਕਦਾ ਸੀ ਅਤੇ ਉਸ ਨੇ ਬੁੱਧੀਮਤਾ ਨਾਲ ਇਹ ਸਲਾਹ ਲਾਗੂ ਕੀਤੀ। (ਕੂਚ 18:17-26; ਗਿਣਤੀ 12:3) ਇਕ ਨਿਮਰ ਬੰਦਾ ਦੂਸਰਿਆਂ ਨੂੰ ਅਧਿਕਾਰ ਸੌਂਪਣ ਤੋਂ ਡਰਦਾ ਨਹੀਂ ਹੈ ਅਤੇ ਨਾ ਹੀ ਉਹ ਇਹ ਸੋਚਦਾ ਹੈ ਕਿ ਦੂਸਰੇ ਕਾਬਲ ਮਨੁੱਖਾਂ ਨੂੰ ਜ਼ਿੰਮੇਵਾਰੀ ਦੇ ਕੇ ਉਸ ਦਾ ਆਪਣਾ ਅਧਿਕਾਰ ਘੱਟ ਜਾਵੇਗਾ। (ਗਿਣਤੀ 11:16, 17, 26-29) ਬਲਕਿ ਉਹ ਜੋਸ਼ ਨਾਲ ਉਨ੍ਹਾਂ ਦੀ ਮਦਦ ਕਰਦਾ ਹੈ ਤਾਂਕਿ ਉਹ ਰੂਹਾਨੀ ਤੌਰ ਤੇ ਤਰੱਕੀ ਕਰ ਸਕਣ। (1 ਤਿਮੋਥਿਉਸ 4:15) ਇਹ ਸਾਡੇ ਬਾਰੇ ਵੀ ਸੱਚ ਹੋਣਾ ਚਾਹੀਦਾ ਹੈ।

‘ਸੰਪੂਰਨ ਆਦਮੀ ਦਾ ਰਾਹ ਸਿੱਧਾ ਹੈ’

ਸੁਲੇਮਾਨ ਸਮਝਦਾ ਸੀ ਕਿ ਖਰਿਆਈ ਦਾ ਗੁਣ ਨੇਕ ਲੋਕਾਂ ਨੂੰ ਖ਼ਤਰੇ ਜਾਂ ਬਿਪਤਾਵਾਂ ਤੋਂ ਨਹੀਂ ਬਚਾ ਸਕਦਾ। ਉਸ ਨੇ ਕਿਹਾ: “ਸਿੱਧਿਆਂ ਦੀ ਖਰਿਆਈ ਓਹਨਾਂ ਦੀ ਅਗਵਾਈ ਕਰੇਗੀ, ਪਰ ਛਲੀਆਂ ਦੀ ਟੇਢ ਉਨ੍ਹਾਂ ਦਾ ਨਾਸ ਕਰੇਗੀ।” (ਕਹਾਉਤਾਂ 11:3) ਖਰਿਆਈ ਦਾ ਗੁਣ ਨੇਕ ਲੋਕਾਂ ਦੀ ਅਗਵਾਈ ਜ਼ਰੂਰ ਕਰਦਾ ਹੈ ਤਾਂਕਿ ਉਹ ਮੁਸ਼ਕਲਾਂ ਦੌਰਾਨ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਸਕਣ ਅਤੇ ਅੰਤ ਵਿਚ ਉਨ੍ਹਾਂ ਨੂੰ ਬਰਕਤਾਂ ਮਿਲਦੀਆਂ ਹਨ। ਅੱਯੂਬ ਨੇ ਆਪਣੀ ਖਰਿਆਈ ਨਹੀਂ ਛੱਡੀ ਸੀ ਅਤੇ ਯਹੋਵਾਹ ਨੇ “ਅੱਯੂਬ ਦੀ ਆਖ਼ਰੀ ਅਵਸਥਾ ਨੂੰ ਉਹ ਦੀ ਪਹਿਲੀ ਅਵਸਥਾ ਤੋਂ ਵੱਧ ਬਰਕਤ ਦਿੱਤੀ।” (ਅੱਯੂਬ 42:12) ਛਲੀਏ ਲੋਕਾਂ ਨੂੰ ਸ਼ਾਇਦ ਲੱਗੇ ਕਿ ਉਹ ਦੂਸਰਿਆਂ ਦਾ ਨੁਕਸਾਨ ਕਰ ਕੇ ਅੱਗੇ ਵੱਧ ਰਹੇ ਹਨ ਅਤੇ ਕਾਮਯਾਬੀ ਹਾਸਲ ਕਰ ਰਹੇ ਹਨ। ਪਰ ਅੰਤ ਵਿਚ ਉਨ੍ਹਾਂ ਦੀ ਛਲ ਉਨ੍ਹਾਂ ਦਾ ਨਾਸ ਕਰੇਗੀ।

ਬੁੱਧੀਮਾਨ ਰਾਜੇ ਨੇ ਕਿਹਾ: “ਕ੍ਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ, ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ।” (ਕਹਾਉਤਾਂ 11:4) ਇਹ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇ ਅਸੀਂ ਨਿੱਜੀ ਅਧਿਐਨ ਕਰਨ, ਪ੍ਰਾਰਥਨਾ ਕਰਨ, ਸਭਾਵਾਂ ਵਿਚ ਹਾਜ਼ਰ ਹੋਣ, ਅਤੇ ਪ੍ਰਚਾਰ ਦਾ ਕੰਮ ਕਰਨ ਦੀ ਬਜਾਇ ਧਨ-ਦੌਲਤ ਦੇ ਪਿੱਛੇ ਲੱਗੇ ਰਹੀਏ। ਇਹੋ ਚੀਜ਼ਾਂ ਤਾਂ ਪਰਮੇਸ਼ੁਰ ਲਈ ਸਾਡੇ ਪ੍ਰੇਮ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਸਾਡੀ ਭਗਤੀ ਦਾ ਹਿੱਸਾ ਹਨ! ਦੌਲਤ ਦੀ ਕੋਈ ਵੀ ਕੀਮਤ ਸਾਨੂੰ ਆਉਣ ਵਾਲੇ ਵੱਡੇ ਕਸ਼ਟ ਤੋਂ ਨਹੀਂ ਬਚਾ ਸਕੇਗੀ। (ਮੱਤੀ 24:21) ਸਿਰਫ਼ ਨੇਕ ਲੋਕਾਂ ਦੀ ਧਾਰਮਿਕਤਾ ਉਨ੍ਹਾਂ ਨੂੰ ਬਚਾਵੇਗੀ। (ਪਰਕਾਸ਼ ਦੀ ਪੋਥੀ 7:9, 14) ਇਸ ਲਈ ਬੁੱਧੀਮਤਾ ਦੀ ਗੱਲ ਹੋਵੇਗੀ ਜੇ ਅਸੀਂ ਸਫ਼ਨਯਾਹ ਦੀ ਗੱਲ ਵੱਲ ਧਿਆਨ ਦੇਈਏ: “ਏਸ ਤੋਂ ਪਹਿਲਾਂ ਕਿ ਯਹੋਵਾਹ ਦੇ ਕ੍ਰੋਧ ਦਾ ਦਿਨ ਤੁਹਾਡੇ ਉੱਤੇ ਆਵੇ! ਤੁਸੀਂ ਯਹੋਵਾਹ ਨੂੰ ਭਾਲੋ, ਹੇ ਧਰਤੀ ਦੇ ਸਾਰੇ ਮਸਕੀਨੋ, ਜਿਨ੍ਹਾਂ ਨੇ ਉਹ ਦੇ ਫ਼ਰਮਾਨਾਂ ਨੂੰ ਮੰਨਿਆ ਹੈ, ਧਰਮ ਨੂੰ ਭਾਲੋ, ਮਸਕੀਨੀ ਨੂੰ ਭਾਲੋ।” (ਸਫ਼ਨਯਾਹ 2:2, 3) ਇਸ ਸਮੇਂ ਤੋਂ ਪਹਿਲਾਂ ਆਓ ਆਪਾਂ ‘ਆਪਣੇ ਮਾਲ ਨਾਲ ਯਹੋਵਾਹ ਦੀ ਮਹਿਮਾ ਕਰੀਏ।’—ਕਹਾਉਤਾਂ 3:9.

ਸੁਲੇਮਾਨ ਨੇ ਨੇਕ ਅਤੇ ਦੁਸ਼ਟ ਲੋਕਾਂ ਦੇ ਭਵਿੱਖ ਦੀ ਤੁਲਨਾ ਕੀਤੀ ਅਤੇ ਇਸ ਤਰ੍ਹਾਂ ਕਰਨ ਨਾਲ ਉਸ ਨੇ ਧਾਰਮਿਕਤਾ ਦਾ ਪਿੱਛਾ ਕਰਨ ਦੇ ਲਾਭ ਉੱਤੇ ਜ਼ੋਰ ਦਿੱਤਾ। ਉਸ ਨੇ ਕਿਹਾ: “ਸੰਪੂਰਨ ਆਦਮੀ ਦਾ ਧਰਮ ਉਹ ਦਾ ਰਾਹ ਸਿੱਧਾ ਰੱਖੇਗਾ, ਪਰ ਦੁਸ਼ਟ ਜਨ ਆਪਣੀ ਦੁਸ਼ਟਤਾਈ ਨਾਲ ਹੀ ਡਿੱਗ ਪਵੇਗਾ। ਸਿੱਧਿਆਂ ਦਾ ਧਰਮ ਓਹਨਾਂ ਨੂੰ ਛੁਡਾਉਂਦਾ ਹੈ, ਪਰ ਛਲੀਏ ਆਪਣੀ ਹੀ ਲੋਚ ਵਿੱਚ ਫ਼ਸ ਜਾਂਦੇ ਹਨ। ਜਦ ਦੁਸ਼ਟ ਜਨ ਮਰਦਾ ਹੈ ਤਦ ਉਹ ਦੀ ਉਡੀਕ ਵੀ ਮਿਟ ਜਾਂਦੀ ਹੈ, ਅਤੇ ਬੁਰਿਆਰਾਂ ਦੀ ਆਸ ਦਾ ਨਾਸ ਹੋ ਜਾਂਦਾ ਹੈ। ਧਰਮੀ ਬਿਪਤਾ ਤੋਂ ਛੁਡਾਇਆ ਜਾਂਦਾ ਹੈ, ਪਰ ਦੁਸ਼ਟ ਓਸੇ ਵਿੱਚ ਆ ਪੈਂਦਾ ਹੈ।” (ਕਹਾਉਤਾਂ 11:5-8) ਨੇਕ ਇਨਸਾਨ ਨਾ ਹੀ ਰਾਹ ਵਿਚ ਡਿੱਗਦਾ ਹੈ ਅਤੇ ਨਾ ਹੀ ਉਹ ਆਪਣਿਆਂ ਹੀ ਕੰਮਾਂ ਵਿਚ ਫਸਦਾ ਹੈ। ਉਸ ਦਾ ਰਾਹ ਸਿੱਧਾ ਹੁੰਦਾ ਹੈ। ਅੰਤ ਵਿਚ ਨੇਕ ਲੋਕਾਂ ਨੂੰ ਬਿਪਤਾ ਵਿੱਚੋਂ ਬਚਾਇਆ ਜਾਂਦਾ ਹੈ। ਦੁਸ਼ਟ ਲੋਕ ਭਾਵੇਂ ਬਲਵਾਨ ਲੱਗਣ ਉਨ੍ਹਾਂ ਦਾ ਕੋਈ ਬਚਾਅ ਨਹੀਂ ਹੁੰਦਾ।

“ਨਗਰ ਬਾਗ ਬਾਗ ਹੁੰਦਾ ਹੈ”

ਨੇਕ ਲੋਕਾਂ ਦੀ ਖਰਿਆਈ ਦਾ ਅਤੇ ਦੁਸ਼ਟ ਲੋਕਾਂ ਦੀ ਬੁਰਾਈ ਦਾ ਦੂਸਰਿਆਂ ਉੱਤੇ ਅਸਰ ਪੈਂਦਾ ਹੈ। ਇਸਰਾਏਲ ਦੇ ਰਾਜੇ ਨੇ ਕਿਹਾ: “ਬੇਧਰਮੀ ਆਪਣੇ ਮੂੰਹ ਨਾਲ ਆਪਣੇ ਗੁਆਂਢੀ ਦਾ ਨਾਸ ਕਰਦਾ ਹੈ, ਪਰ ਧਰਮੀ ਗਿਆਨ ਦੇ ਕਾਰਨ ਛੁਡਾਏ ਜਾਂਦੇ ਹਨ।” (ਕਹਾਉਤਾਂ 11:9) ਕੌਣ ਇਸ ਗੱਲ ਦਾ ਇਨਕਾਰ ਕਰ ਸਕਦਾ ਹੈ ਕਿ ਤੁਹਮਤ ਲਾਉਣੀ, ਚੁਗ਼ਲੀਆਂ ਕਰਨੀਆਂ, ਅਤੇ ਫਜ਼ੂਲ ਗੱਲਾਂ ਕਰਨੀਆਂ ਦੂਸਰਿਆਂ ਦਾ ਨੁਕਸਾਨ ਕਰ ਸਕਦੀਆਂ ਹਨ? ਦੂਜੇ ਪਾਸੇ ਧਰਮੀ ਇਨਸਾਨ ਦੀ ਬੋਲੀ ਪਵਿੱਤਰ ਹੁੰਦੀ ਹੈ ਅਤੇ ਉਹ ਸੋਚ-ਸਮਝ ਕੇ ਬੋਲਦਾ ਹੈ। ਗਿਆਨ ਉਸ ਨੂੰ ਛੁਡਾਉਂਦਾ ਹੈ ਕਿਉਂਕਿ ਉਸ ਵਿਚ ਖਰਿਆਈ ਦਾ ਗੁਣ ਸਬੂਤ ਦਿੰਦਾ ਹੈ ਕਿ ਉਸ ਉੱਤੇ ਦੋਸ਼ ਲਾਉਣ ਵਾਲੇ ਝੂਠ ਬੋਲ ਰਹੇ ਹਨ।

ਰਾਜੇ ਨੇ ਅੱਗੇ ਕਿਹਾ: “ਜਦ ਧਰਮੀਆਂ ਨੂੰ ਸੁਖ ਹੁੰਦਾ ਹੈ ਤਦ ਨਗਰ ਬਾਗ ਬਾਗ ਹੁੰਦਾ ਹੈ, ਪਰ ਜਦ ਦੁਸ਼ਟਾਂ ਦਾ ਨਾਸ ਹੁੰਦਾ, ਤਾਂ ਜੈਕਾਰੇ ਹੁੰਦੇ ਹਨ!” (ਕਹਾਉਤਾਂ 11:10) ਆਮ ਤੌਰ ਤੇ ਧਰਮੀ ਲੋਕ ਦੂਸਰਿਆਂ ਨੂੰ ਪਸੰਦ ਹੁੰਦੇ ਹਨ ਅਤੇ ਉਹ ਆਪਣੇ ਗੁਆਂਢੀਆਂ ਨੂੰ ਖ਼ੁਸ਼ ਕਰਦੇ ਹਨ। ਪਰ ਕੋਈ ਵੀ “ਦੁਸ਼ਟਾਂ” ਨੂੰ ਪਸੰਦ ਨਹੀਂ ਕਰਦਾ। ਜਦੋਂ ਕੋਈ ਦੁਸ਼ਟ ਇਨਸਾਨ ਮਰ ਜਾਂਦਾ ਹੈ, ਤਾਂ ਆਮ ਕਰਕੇ ਲੋਕ ਉਸ ਦਾ ਸੋਗ ਨਹੀਂ ਕਰਦੇ। ਜਦੋਂ ਯਹੋਵਾਹ ‘ਦੁਸ਼ਟ ਲੋਕਾਂ ਨੂੰ ਧਰਤੀ ਉੱਤੋਂ ਕੱਟੇਗਾ ਅਤੇ ਛਲੀਏ ਨੂੰ ਉਸ ਵਿੱਚੋਂ ਪੁੱਟੇਗਾ’ ਤਾਂ ਉਦੋਂ ਕੋਈ ਵੀ ਨਹੀਂ ਸੋਗ ਕਰੇਗਾ। (ਕਹਾਉਤਾਂ 2:21, 22) ਇਸ ਦੀ ਬਜਾਇ ਲੋਕ ਖ਼ੁਸ਼ ਹੋਣਗੇ ਕਿ ਇਹ ਲੋਕ ਖ਼ਤਮ ਕੀਤੇ ਗਏ ਹਨ। ਪਰ ਸਾਡੇ ਬਾਰੇ ਕੀ? ਸਾਨੂੰ ਇਸ ਉੱਤੇ ਗੌਰ ਕਰਨਾ ਚਾਹੀਦਾ ਹੈ: ਕੀ ਅਸੀਂ ਦੂਸਰਿਆਂ ਦੀ ਖ਼ੁਸ਼ੀ ਨੂੰ ਵਧਾਉਂਦੇ ਹਾਂ?

“ਨਗਰ ਦਾ ਵਾਧਾ ਹੁੰਦਾ ਹੈ”

ਇਕ ਨਗਰ ਉੱਤੇ ਨੇਕ ਅਤੇ ਦੁਸ਼ਟ ਲੋਕਾਂ ਦੇ ਅਸਰ ਬਾਰੇ ਹੋਰ ਫ਼ਰਕ ਦਿਖਾਉਣ ਲਈ ਸੁਲੇਮਾਨ ਨੇ ਕਿਹਾ: “ਸਚਿਆਰਾਂ ਦੀਆਂ ਅਸੀਸਾਂ ਨਾਲ ਨਗਰ ਦਾ ਵਾਧਾ ਹੁੰਦਾ ਹੈ, ਪਰ ਦੁਸ਼ਟਾਂ ਦੇ ਬੋਲਾਂ ਨਾਲ ਉਹ ਢਹੀ ਜਾਂਦਾ ਹੈ।”ਕਹਾਉਤਾਂ 11:11.

ਨਗਰ ਦੇ ਨੇਕ ਵਾਸੀ ਸੁਖ-ਸ਼ਾਂਤੀ ਫੈਲਾਉਂਦੇ ਹਨ ਅਤੇ ਬਾਕੀ ਲੋਕਾਂ ਦਾ ਹੌਸਲਾ ਵਧਾਉਂਦੇ ਹਨ। ਇਸ ਤਰ੍ਹਾਂ ਨਗਰ ਦਾ ਵਾਧਾ ਹੁੰਦਾ ਹੈ। ਜਿਹੜੇ ਲੋਕ ਤੁਹਮਤ-ਭਰੀਆਂ, ਦੁਖਦਾਇਕ, ਅਤੇ ਗ਼ਲਤ ਗੱਲਾਂ ਕਰਦੇ ਹਨ ਉਹ ਗੜਬੜ, ਉਦਾਸੀ, ਫੁੱਟ, ਅਤੇ ਮੁਸੀਬਤ ਪੈਦਾ ਕਰਦੇ ਹਨ। ਇਹ ਖ਼ਾਸ ਕਰਕੇ ਉਦੋਂ ਸੱਚ ਹੁੰਦਾ ਹੈ ਜਦੋਂ ਇਨ੍ਹਾਂ ਲੋਕਾਂ ਦੀ ਕੋਈ ਉੱਚੀ ਪਦਵੀ ਹੁੰਦੀ ਹੈ। ਅਜਿਹੇ ਨਗਰ ਵਿਚ ਗੜਬੜ, ਵਿਗਾੜ, ਅਨੈਤਿਕਤਾ, ਅਤੇ ਸ਼ਾਇਦ ਮਾਲੀ ਨੁਕਸਾਨ ਵੀ ਹੋਵੇ।

ਕਹਾਉਤਾਂ 11:11 ਦਾ ਅਸੂਲ ਯਹੋਵਾਹ ਦੇ ਲੋਕਾਂ ਉੱਤੇ ਵੀ ਲਾਗੂ ਹੁੰਦਾ ਹੈ ਕਿਉਂਕਿ ਉਹ ਨਗਰ ਵਰਗੀਆਂ ਕਲੀਸਿਯਾਵਾਂ ਵਿਚ ਇਕ ਦੂਜੇ ਨਾਲ ਸੰਗਤ ਕਰਦੇ ਹਨ। ਉਨ੍ਹਾਂ ਕਲੀਸਿਯਾਵਾਂ ਵਿਚ ਜਿੱਥੇ ਧਰਮੀ ਲੋਕ ਵੱਸਦੇ ਹਨ ਅਤੇ ਖਰਿਆਈ ਨੇਕ ਲੋਕਾਂ ਦੀ ਅਗਵਾਈ ਕਰਦੀ ਹੈ, ਉੱਥੇ ਲੋਕ ਖ਼ੁਸ਼ ਤੇ ਵਿਅਸਤ ਹੁੰਦੇ ਹਨ, ਅਤੇ ਦੂਸਰਿਆਂ ਦੀ ਮਦਦ ਕਰਦੇ ਹਨ ਜਿਸ ਦੇ ਨਤੀਜੇ ਵਜੋਂ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ। ਯਹੋਵਾਹ ਅਜਿਹੀਆਂ ਕਲੀਸਿਯਾਵਾਂ ਨੂੰ ਬਰਕਤ ਦਿੰਦਾ ਹੈ ਅਤੇ ਉਹ ਰੂਹਾਨੀ ਤੌਰ ਤੇ ਮਜ਼ਬੂਤ ਹੁੰਦੀਆਂ ਹਨ। ਜਿਹੜੇ ਕੁਝ ਲੋਕ ਸ਼ਾਇਦ ਅਸੰਤੁਸ਼ਟ ਹੋਣ, ਦੂਸਰਿਆਂ ਵਿਚ ਨੁਕਸ ਕੱਢਣ, ਅਤੇ ਬੁੜ-ਬੁੜ ਕਰਨ, ਉਹ “ਕੁੜੱਤਣ ਦੀ ਜੜ੍ਹ” ਵਰਗੇ ਹਨ ਜੋ ਫੈਲ ਕੇ ਹੋਰਨਾਂ ਵਿਚ ਵੀ ਜ਼ਹਿਰ ਭਰ ਸਕਦੇ ਹਨ। (ਇਬਰਾਨੀਆਂ 12:15) ਕਈ ਵਾਰ ਅਜਿਹੇ ਲੋਕ ਅਧਿਕਾਰ ਅਤੇ ਆਪਣੀ ਵਡਿਆਈ ਚਾਹੁੰਦੇ ਹਨ। ਉਹ ਝੂਠ ਫੈਲਾਉਂਦੇ ਹਨ ਕਿ ਕਲੀਸਿਯਾ ਵਿਚ ਬਜ਼ੁਰਗ ਬੇਇਨਸਾਫ਼ੀ, ਪੱਖ-ਪਾਤ, ਅਤੇ ਇਸ ਤਰ੍ਹਾਂ ਦੇ ਕੰਮ ਕਰਦੇ ਹਨ। ਉਨ੍ਹਾਂ ਦੀਆਂ ਗੱਲਾਂ ਕਲੀਸਿਯਾ ਵਿਚ ਫੁੱਟ ਪਾ ਸਕਦੀਆਂ ਹਨ। ਸਾਨੂੰ ਉਨ੍ਹਾਂ ਦੀਆਂ ਗੱਲਾਂ ਸੁਣਨੀਆਂ ਨਹੀਂ ਚਾਹੀਦੀਆਂ ਪਰ ਸਾਨੂੰ ਕਲੀਸਿਯਾ ਵਿਚ ਸ਼ਾਂਤੀ ਅਤੇ ਏਕਤਾ ਵਧਾਉਂਦੇ  ਹੋਏ  ਰੂਹਾਨੀ  ਇਨਸਾਨ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਸੁਲੇਮਾਨ ਨੇ ਅੱਗੇ ਕਿਹਾ: “ਜਿਹੜਾ ਆਪਣੇ ਗੁਆਂਢੀ ਨੂੰ ਤੁੱਛ ਜਾਣਦਾ ਹੈ ਉਹ ਨਿਰਬੁੱਧ ਹੈ, ਪਰ ਬੁੱਧ ਵਾਲਾ ਪੁਰਸ਼ ਚੁੱਪ ਕਰ ਰਹਿੰਦਾ ਹੈ। ਬਕਵਾਸੀ ਛਿਪੀਆਂ ਗੱਲਾਂ ਨੂੰ ਪਰਗਟ ਕਰਦਾ ਹੈ, ਪਰ ਮਾਤਬਰ ਰੂਹ ਵਾਲਾ ਗੱਲ ਨੂੰ ਲੁਕੋ ਰੱਖਦਾ ਹੈ।”ਕਹਾਉਤਾਂ 11:12, 13.

“ਨਿਰਬੁੱਧ” ਇਨਸਾਨ ਬਿਨਾਂ ਸੋਚੇ-ਸਮਝੇ ਕਿੰਨਾ ਨੁਕਸਾਨ ਕਰ ਸਕਦਾ ਹੈ! ਉਹ ਬਕਵਾਸ ਕਰ ਕੇ ਤੁਹਮਤ ਲਾਉਂਦਾ ਹੈ ਅਤੇ ਗਾਲ੍ਹਾਂ ਕੱਢਦਾ ਹੈ। ਬਜ਼ੁਰਗਾਂ ਨੂੰ ਅਜਿਹੇ ਬੁਰੇ ਅਸਰਾਂ ਨੂੰ ਜਲਦੀ ਖ਼ਤਮ ਕਰਨ ਦੀ ਲੋੜ ਹੈ। “ਨਿਰਬੁੱਧ” ਤੋਂ ਉਲਟ ਬੁੱਧਵਾਨ ਜਾਣਦਾ ਹੈ ਕਿ ਉਸ ਨੂੰ ਚੁੱਪ ਕਦੋਂ ਰਹਿਣਾ ਚਾਹੀਦਾ ਹੈ। ਉਹ ਕਿਸੇ ਦੀ ਗੱਲ ਦਾ ਭੇਤ ਨਹੀਂ ਦੱਸਦਾ। ਉਹ ਇਹ ਵੀ ਜਾਣਦਾ ਹੈ ਕਿ ਬੇਲਗਾਮ ਜ਼ਬਾਨ ਬਹੁਤ ਨੁਕਸਾਨ ਕਰ ਸਕਦੀ ਹੈ, ਇਸ ਲਈ ਉਹ “ਮਾਤਬਰ ਰੂਹ ਵਾਲਾ” ਹੁੰਦਾ ਹੈ। ਉਹ ਭੈਣਾਂ-ਭਰਾਵਾਂ ਪ੍ਰਤੀ ਵਫ਼ਾਦਾਰ ਰਹਿੰਦਾ ਹੈ ਅਤੇ ਉਹ ਅਜਿਹੀ ਕੋਈ ਗੱਲ ਨਹੀਂ ਦੱਸਦਾ ਜੋ ਉਨ੍ਹਾਂ ਨੂੰ ਖ਼ਤਰੇ ਵਿਚ ਪਾ ਸਕਦੀ ਹੈ। ਖਰਿਆਈ ਰੱਖਣ ਵਾਲੇ ਅਜਿਹੇ ਵਿਅਕਤੀ ਕਲੀਸਿਯਾ ਲਈ ਇਕ ਵੱਡੀ ਬਰਕਤ ਹਨ!

ਨੇਕ ਲੋਕਾਂ ਦੇ ਰਾਹ ਵਿਚ ਚੱਲਣ ਦੀ ਸਾਡੀ ਮਦਦ ਕਰਨ ਲਈ ਯਹੋਵਾਹ ਸਾਨੂੰ ਬਹੁਤ ਸਾਰਾ ਰੂਹਾਨੀ ਭੋਜਨ ਦਿੰਦਾ ਹੈ, ਜੋ “ਮਾਤਬਰ ਅਤੇ ਬੁੱਧਵਾਨ ਨੌਕਰ” ਤਿਆਰ ਕਰਦਾ ਹੈ। (ਮੱਤੀ 24:45) ਸਾਡੀਆਂ ਨਗਰ ਵਰਗੀਆਂ ਕਲੀਸਿਯਾਵਾਂ ਵਿਚ ਮਸੀਹੀ ਬਜ਼ੁਰਗ ਵੀ ਸਾਡੀ ਸਹਾਇਤਾ ਕਰਦੇ ਹਨ। (ਅਫ਼ਸੀਆਂ 4:11-13) ਅਸੀਂ ਇਨ੍ਹਾਂ ਲਈ ਕਿੰਨੇ ਧੰਨਵਾਦੀ ਹਾਂ ਕਿਉਂਕਿ “ਜਦੋਂ ਅਗਵਾਈ ਨਹੀਂ [ਹੁੰਦੀ] ਤਾਂ ਲੋਕ ਡਿੱਗ ਪੈਂਦੇ ਹਨ, ਪਰ ਬਹੁਤੇ ਸਲਾਹੂਆਂ ਨਾਲ ਬਚਾਉ ਹੈ।” (ਕਹਾਉਤਾਂ 11:14) ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਜੋ ਵੀ ਹੋਵੇ ਅਸੀਂ ‘ਖਰਿਆਈ ਨਾਲ ਹੀ ਚੱਲਾਂਗੇ।’—ਜ਼ਬੂਰ 26:1.

[ਸਫ਼ੇ 26 ਉੱਤੇ ਸੁਰਖੀ]

ਇਹ ਕਿੰਨੀ ਮੂਰਖਤਾ ਦੀ ਗੱਲ ਹੋਵੇਗੀ ਜੇ ਅਸੀਂ ਰੂਹਾਨੀ ਚੀਜ਼ਾਂ ਦੀ ਬਜਾਇ ਧਨ-ਦੌਲਤ ਦੇ ਪਿੱਛੇ ਲੱਗੇ ਰਹੀਏ!

[ਸਫ਼ੇ 24 ਉੱਤੇ ਤਸਵੀਰਾਂ]

ਅੱਯੂਬ ਵਿਚ ਖਰਿਆਈ ਦੇ ਗੁਣ ਨੇ ਉਸ ਦੀ ਅਗਵਾਈ ਕੀਤੀ ਸੀ ਅਤੇ ਯਹੋਵਾਹ ਨੇ ਉਸ ਨੂੰ ਬਰਕਤ ਦਿੱਤੀ

[ਸਫ਼ੇ 25 ਉੱਤੇ ਤਸਵੀਰ]

ਊਜ਼ਾਹ ਆਪਣੇ ਹੰਕਾਰ ਲਈ ਮਾਰਿਆ ਗਿਆ ਸੀ