ਗਵਾਹਾਂ ਦੀ ਗਿਣਤੀ ਵਧਣ ਕਰਕੇ ਹੋਰ ਕਿੰਗਡਮ ਹਾਲਾਂ ਦੀ ਲੋੜ
“ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ”
ਗਵਾਹਾਂ ਦੀ ਗਿਣਤੀ ਵਧਣ ਕਰਕੇ ਹੋਰ ਕਿੰਗਡਮ ਹਾਲਾਂ ਦੀ ਲੋੜ
ਯਿਸੂ ਮਸੀਹ ਨੇ ਕਿਹਾ ਕਿ “ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਮਸੀਹੀ ਕਲੀਸਿਯਾ ਦੇ ਸਿਰ ਵੱਲੋਂ ਇਹ ਕਿੰਨਾ ਸੋਹਣਾ ਸੱਦਾ ਹੈ! (ਅਫ਼ਸੀਆਂ 5:23) ਜਦੋਂ ਅਸੀਂ ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰਦੇ ਹਾਂ, ਤਾਂ ਸਾਨੂੰ ਆਰਾਮ ਦੇ ਇਕ ਖ਼ਾਸ ਸ੍ਰੋਤ ਬਾਰੇ ਚੇਤਾ ਆਉਂਦਾ ਹੈ, ਯਾਨੀ ਮਸੀਹੀ ਸਭਾਵਾਂ ਤੇ ਆਪਣੇ ਭੈਣਾਂ-ਭਰਾਵਾਂ ਨਾਲ ਸੰਗਤ। ਅਸੀਂ ਜ਼ਬੂਰਾਂ ਦੇ ਲਿਖਾਰੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਜਿਸ ਨੇ ਗੀਤ ਗਾਇਆ ਸੀ: “ਵੇਖੋ, ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵੱਸਣ!”—ਜ਼ਬੂਰ 133:1.
ਸਾਡੇ ਭੈਣ-ਭਰਾ ਇਨ੍ਹਾਂ ਸਭਾਵਾਂ ਤੇ ਭਗਤੀ ਕਰਨ ਲਈ ਮਿਲਦੇ ਹਨ। ਉਹ ਸਾਡੇ ਲਈ ਸਭ ਤੋਂ ਵਧੀਆ ਸਾਥੀ ਹਨ ਅਤੇ ਉੱਥੇ ਦਾ ਰੂਹਾਨੀ ਮਾਹੌਲ ਬਹੁਤ ਸੋਹਣਾ ਹੈ। ਤਾਂ ਫਿਰ ਅਸੀਂ ਸਮਝ ਸਕਦੇ ਹਾਂ ਕਿ ਇਕ ਮਸੀਹੀ ਲੜਕੀ ਨੇ ਇਹ ਕਿਉਂ ਕਿਹਾ ਸੀ ਕਿ “ਸਾਰਾ ਦਿਨ ਮੈਂ ਸਕੂਲ ਜਾਂਦੀ ਹਾਂ, ਅਤੇ ਉੱਥੇ ਮੈਂ ਨਿਰਾਸ਼ ਹੋ ਜਾਂਦੀ ਹਾਂ। ਪਰ ਮੀਟਿੰਗਾਂ ਤੇ ਮੈਨੂੰ ਤਾਜ਼ਗੀ ਮਿਲਦੀ ਹੈ ਅਤੇ ਅਗਲੇ ਦਿਨ ਮੈਂ ਸਕੂਲ ਵਿਚ ਮੁਸ਼ਕਲਾਂ ਦਾ ਸਾਮ੍ਹਣਾ ਕਰ ਸਕਦੀ ਹਾਂ।” ਨਾਈਜੀਰੀਆ ਤੋਂ ਇਕ ਨੌਜਵਾਨ ਨੇ ਕਿਹਾ: “ਜਦੋਂ ਮੈਂ ਉਨ੍ਹਾਂ ਲੋਕਾਂ ਨਾਲ ਉੱਠਦੀ-ਬੈਠਦੀ ਹਾਂ ਜੋ ਯਹੋਵਾਹ ਨਾਲ ਪਿਆਰ ਕਰਦੇ ਹਨ, ਤਾਂ ਮੈਂ ਆਪਣੇ ਆਪ ਨੂੰ ਯਹੋਵਾਹ ਦੇ ਕਰੀਬ ਮਹਿਸੂਸ ਕਰਦੀ ਹਾਂ।”
ਯਹੋਵਾਹ ਦੇ ਗਵਾਹਾਂ ਦਾ ਸਥਾਨਕ ਕਿੰਗਡਮ ਹਾਲ ਆਪਣੇ ਇਲਾਕੇ ਵਿਚ ਸੱਚੀ ਭਗਤੀ ਦੇ ਕੇਂਦਰ ਵਜੋਂ ਇਕ ਵੱਡੀ ਜ਼ਰੂਰਤ ਪੂਰੀ ਕਰਦਾ ਹੈ। ਕਈਆਂ ਇਲਾਕਿਆਂ ਵਿਚ ਸਭਾਵਾਂ ਹਫ਼ਤੇ ਵਿਚ ਘੱਟੋ-ਘੱਟ ਦੋ ਵਾਰ ਹੁੰਦੀਆਂ ਹਨ, ਅਤੇ ਜੋ ਬਾਈਬਲ ਸਟੱਡੀ ਕਰਦੇ ਇਬਰਾਨੀਆਂ 10:24, 25.
ਹਨ ਉਨ੍ਹਾਂ ਨੂੰ ਭੈਣਾਂ-ਭਰਾਵਾਂ ਦੀ ਸੰਗਤ ਤੋਂ ਫ਼ਾਇਦਾ ਹਾਸਲ ਕਰਨ ਲਈ ਜਲਦ ਤੋਂ ਜਲਦ ਮੀਟਿੰਗਾਂ ਤੇ ਆਉਣ ਦਾ ਹੌਸਲਾ ਦਿੱਤਾ ਜਾਂਦਾ ਹੈ।—ਵੱਡੀ ਲੋੜ
ਲੇਕਿਨ ਅਫ਼ਸੋਸ ਦੀ ਗੱਲ ਹੈ ਕਿ ਯਹੋਵਾਹ ਦੇ ਸਾਰੇ ਗਵਾਹਾਂ ਕੋਲ ਢੁਕਵੇਂ ਕਿੰਗਡਮ ਹਾਲ ਨਹੀਂ ਹਨ। ਰਾਜ ਦੇ ਪ੍ਰਚਾਰਕਾਂ ਵਿਚ ਬਹੁਤ ਵਾਧਾ ਹੋ ਰਿਹਾ ਹੈ ਅਤੇ ਇਸ ਕਰਕੇ ਇਕ ਵੱਡੀ ਲੋੜ ਪੈਦਾ ਹੋਈ ਹੈ। ਅਜੇ ਵੀ ਹਜ਼ਾਰਾਂ ਹੀ ਕਿੰਗਡਮ ਹਾਲਾਂ ਦੀ ਜ਼ਰੂਰਤ ਹੈ, ਖ਼ਾਸ ਕਰਕੇ ਗ਼ਰੀਬ ਦੇਸ਼ਾਂ ਵਿਚ।—ਯਸਾਯਾਹ 54:2; 60:22.
ਮਿਸਾਲ ਵਜੋਂ: ਕਾਂਗੋ ਲੋਕਤੰਤਰੀ ਗਣਰਾਜ ਵਿਚ 290 ਕਲੀਸਿਯਾਵਾਂ ਲਈ ਸਿਰਫ਼ ਦਸ ਕਿੰਗਡਮ ਹਾਲ ਸਨ। ਉਸ ਮੁਲਕ ਵਿਚ ਕਿੰਗਡਮ ਹਾਲਾਂ ਦੀ ਵੱਡੀ ਜ਼ਰੂਰਤ ਸੀ। ਅੰਗੋਲਾ ਵਿਚ ਥੋੜ੍ਹੇ ਜਿਹੇ ਕਿੰਗਡਮ ਹਾਲ ਹੋਣ ਕਰਕੇ ਜ਼ਿਆਦਾਤਰ ਕਲੀਸਿਯਾਵਾਂ ਸਭਾਵਾਂ ਲਈ ਬਾਹਰ ਹੀ ਇਕੱਠੀਆਂ ਮਿਲਦੀਆਂ ਹਨ। ਹੋਰ ਦੇਸ਼ਾਂ ਵਿਚ ਵੀ ਅਜਿਹੀ ਹਾਲਤ ਹੈ।
ਇਸ ਲਈ 1999 ਤੋਂ ਲੈ ਕੇ ਗ਼ਰੀਬ ਦੇਸ਼ਾਂ ਵਿਚ ਕਿੰਗਡਮ ਹਾਲ ਬਣਾਉਣ ਦੀ ਮਦਦ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ। ਅਜਿਹੇ ਦੇਸ਼ਾਂ ਵਿਚ ਉਸਾਰੀ ਦਾ ਕੰਮ ਕਰਨ ਲਈ ਤਜਰਬੇਕਾਰ ਗਵਾਹਾਂ ਨੇ ਸੇਵਾ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ ਹੈ। ਜਦੋਂ ਅਜਿਹੇ ਜਤਨਾਂ ਦੇ ਨਾਲ-ਨਾਲ ਉਨ੍ਹਾਂ ਦੇਸ਼ਾਂ ਵਿਚ ਰਹਿਣ ਵਾਲੇ ਭੈਣ-ਭਰਾ ਵੀ ਰਜ਼ਾਮੰਦੀ ਨਾਲ ਕੰਮ ਕਰਦੇ ਹਨ ਤਾਂ ਇਸ ਦੇ ਨਤੀਜੇ ਬਹੁਤ ਚੰਗੇ ਹੁੰਦੇ ਹਨ। ਸਥਾਨਕ ਭੈਣਾਂ-ਭਰਾਵਾਂ ਨੂੰ ਸਿਖਲਾਈ ਤੋਂ ਵੀ ਲਾਭ ਮਿਲਦਾ ਹੈ। ਇਸ ਸਾਰੇ ਕੰਮ ਕਰਕੇ ਉਨ੍ਹਾਂ ਦੇ ਵੱਖੋ-ਵੱਖਰੇ ਦੇਸ਼ਾਂ ਵਿਚ ਕਿੰਗਡਮ ਹਾਲ ਬਣਦੇ ਜਾ ਰਹੇ ਹਨ।
ਹਰੇਕ ਦੇਸ਼ ਵਿਚ ਉਸਾਰੀ ਕਰਨ ਦੇ ਆਪੋ-ਆਪਣੇ ਢੰਗ ਹੁੰਦੇ ਹਨ। ਉੱਥੇ ਜੋ ਵੀ ਸਾਜ਼-ਸਾਮਾਨ ਮਿਲਦਾ ਹੈ ਉਹ ਕਿੰਗਡਮ ਹਾਲ ਬਣਾਉਣ ਲਈ ਵਰਤਿਆ ਜਾਂਦਾ ਹੈ। ਟੀਚਾ ਸਿਰਫ਼ ਇਹ ਹੀ ਨਹੀਂ ਹੁੰਦਾ ਕਿ ਇਨ੍ਹਾਂ ਦੇਸ਼ਾਂ ਵਿਚ ਕਿੰਗਡਮ ਹਾਲਾਂ ਦੀ ਵੱਡੀ ਲੋੜ ਪੂਰੀ ਕੀਤੀ ਜਾਵੇ ਪਰ ਇਹ ਵੀ ਹੁੰਦਾ ਹੈ ਕਿ ਹਰ ਦੇਸ਼ ਵਿਚ ਇਨ੍ਹਾਂ ਦੀ ਦੇਖ-ਭਾਲ ਵੀ ਕੀਤੀ ਜਾਵੇ।—2 ਕੁਰਿੰਥੀਆਂ 8:14, 15.
ਨਵੇਂ-ਨਵੇਂ ਕਿੰਗਡਮ ਹਾਲ
ਭਗਤੀ ਕਰਨ ਲਈ ਇਹ ਇਮਾਰਤਾਂ ਬਣਾਉਣ ਦਾ ਕੀ ਅਸਰ ਹੋਇਆ ਹੈ? ਸਾਲ 2001 ਦੇ ਸ਼ੁਰੂ ਵਿਚ ਮਲਾਵੀ ਤੋਂ ਇਕ ਰਿਪੋਰਟ ਨੇ ਦੱਸਿਆ: “ਇਸ ਦੇਸ਼ ਵਿਚ ਜੋ ਕੁਝ ਹੋਇਆ ਹੈ ਇਹ ਬਹੁਤ ਵਧੀਆ ਹੈ। ਅਗਲੇ ਦੋ ਮਹੀਨਿਆਂ ਵਿਚ ਹੋਰ ਵੀ ਕਿੰਗਡਮ ਹਾਲ ਬਣਾਏ ਜਾਣਗੇ।” (ਤਸਵੀਰਾਂ 1 ਅਤੇ 2) ਪਿਛਲੇ ਕੁਝ ਮਹੀਨਿਆਂ ਵਿਚ ਟੋਗੋ ਨਾਂ ਦੇ ਦੇਸ਼ ਵਿਚ ਭੈਣ-ਭਰਾ ਕਈ ਸਾਦੇ ਜਿਹੇ ਕਿੰਗਡਮ ਹਾਲ ਬਣਾ ਸਕੇ ਹਨ। (ਤਸਵੀਰ 3) ਇਨ੍ਹਾਂ ਭੈਣਾਂ-ਭਰਾਵਾਂ ਦੀ ਵਧੀਆ ਸੇਵਾ ਕਾਰਨ ਮੈਕਸੀਕੋ, ਬ੍ਰਾਜ਼ੀਲ, ਅਤੇ ਹੋਰ ਮੁਲਕਾਂ ਵਿਚ ਵੀ ਢੁਕਵੇਂ ਕਿੰਗਡਮ ਹਾਲ ਬਣ ਰਹੇ ਹਨ।
ਕਲੀਸਿਯਾ ਦੇ ਭੈਣਾਂ-ਭਰਾਵਾਂ ਨੇ ਦੇਖਿਆ ਹੈ ਕਿ ਜਦੋਂ ਕਿੰਗਡਮ ਹਾਲ ਬਣਦਾ ਹੈ, ਤਾਂ ਉਸ ਇਲਾਕੇ ਦਿਆਂ ਲੋਕਾਂ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਹੁਣ ਯਹੋਵਾਹ ਦੇ ਗਵਾਹ ਉੱਥੇ ਰਹਿਣਗੇ। ਇਸ ਤਰ੍ਹਾਂ ਲੱਗਦਾ ਹੈ ਕਿ ਕਈ ਲੋਕ ਉਦੋਂ ਤਕ ਗਵਾਹਾਂ ਨਾਲ ਸੰਗਤ ਕਰਨ ਤੋਂ ਹਿਚਕਿਚਾਉਂਦੇ ਹਨ ਜਦੋਂ ਤਕ ਭਗਤੀ ਕਰਨ ਲਈ ਕੋਈ ਚੰਗੀ
ਜਗ੍ਹਾ ਨਹੀਂ ਬਣਾਈ ਜਾਂਦੀ। ਮਲਾਵੀ ਵਿਚ ਨਾਫੀਸੀ ਕਲੀਸਿਯਾ ਤੋਂ ਇਹ ਰਿਪੋਰਟ ਮਿਲੀ: “ਸਾਡੇ ਨਵੇਂ ਕਿੰਗਡਮ ਹਾਲ ਕਰਕੇ ਬਹੁਤ ਸਾਰੇ ਲੋਕਾਂ ਨੂੰ ਵਧੀਆ ਗਵਾਹੀ ਮਿਲ ਰਹੀ ਹੈ। ਨਤੀਜੇ ਵਜੋਂ ਲੋਕਾਂ ਨਾਲ ਬਾਈਬਲ ਸਟੱਡੀ ਸ਼ੁਰੂ ਕਰਨੀ ਆਸਾਨ ਹੋ ਗਈ ਹੈ।”ਬੇਨਿਨ ਵਿਚ ਕ੍ਰੇਕ ਕਲੀਸਿਯਾ ਦੇ ਭੈਣਾਂ-ਭਰਾਵਾਂ ਦਾ ਪਹਿਲਾਂ ਬਹੁਤ ਮਖੌਲ ਉਡਾਇਆ ਜਾਂਦਾ ਸੀ ਕਿਉਂਕਿ ਉਨ੍ਹਾਂ ਦਾ ਪੁਰਾਣਾ ਕਿੰਗਡਮ ਹਾਲ ਕਈਆਂ ਚਰਚਾਂ ਨਾਲੋਂ ਬਿਲਕੁਲ ਸਿੱਧਾ-ਸਾਦਾ ਸੀ। (ਤਸਵੀਰ 4) ਹੁਣ ਉਸ ਕਲੀਸਿਯਾ ਕੋਲ ਸੋਹਣਾ ਅਤੇ ਨਵਾਂ ਕਿੰਗਡਮ ਹਾਲ ਹੈ ਜੋ ਸੱਚੀ ਉਪਾਸਨਾ ਨੂੰ ਸਾਧੇ ਪਰ ਸ਼ਾਨਦਾਰ ਤਰੀਕੇ ਨਾਲ ਦਰਸਾਉਂਦਾ ਹੈ। (ਤਸਵੀਰ 5) ਇਸ ਕਲੀਸਿਯਾ ਵਿਚ ਰਾਜ ਦੇ 34 ਪ੍ਰਚਾਰਕ ਹਨ ਅਤੇ ਹਰ ਐਤਵਾਰ ਨੂੰ ਕੁਝ 73 ਲੋਕ ਮੀਟਿੰਗ ਤੇ ਆਉਂਦੇ ਹਨ। ਪਰ ਇਸ ਕਿੰਗਡਮ ਹਾਲ ਦੇ ਉਦਘਾਟਨ ਤੇ 651 ਲੋਕ ਹਾਜ਼ਰ ਹੋਏ। ਖ਼ਾਸ ਕਰਕੇ
ਸ਼ਹਿਰ ਦੇ ਉਹ ਲੋਕ ਆਏ ਸਨ ਜੋ ਇਹ ਦੇਖ ਕੇ ਹੈਰਾਨ ਹੋਏ ਕਿ ਗਵਾਹ ਇੰਨੀ ਛੇਤੀ ਇਕ ਹਾਲ ਬਣਾ ਸਕੇ ਸਨ। ਹਾਲ ਹੀ ਵਿਚ ਉਸਾਰੀ ਦੇ ਕੰਮ ਉੱਤੇ ਵਿਚਾਰ ਕਰਦੇ ਹੋਏ ਜ਼ਿਮਬਾਬਵੇ ਦੇ ਸ਼ਾਖ਼ਾ ਦਫ਼ਤਰ ਨੇ ਲਿਖਿਆ: “ਨਵੇਂ ਕਿੰਗਡਮ ਹਾਲ ਦੇ ਬਣਨ ਤੋਂ ਬਾਅਦ ਇਕ ਮਹੀਨੇ ਦੇ ਵਿਚ-ਵਿਚ ਸਭਾਵਾਂ ਦੀ ਹਾਜ਼ਰੀ ਆਮ ਤੌਰ ਤੇ ਦੁਗਣੀ ਹੋ ਜਾਂਦੀ ਹੈ।”—ਤਸਵੀਰਾਂ 6 ਅਤੇ 7.ਬਿਨਾਂ ਸ਼ੱਕ ਨਵੇਂ ਕਿੰਗਡਮ ਹਾਲ ਅਜਿਹੇ ਥਾਂ ਹਨ ਜਿੱਥੇ ਮਸੀਹੀਆਂ ਅਤੇ ਦਿਲਚਸਪੀ ਲੈਣ ਵਾਲੇ ਲੋਕਾਂ ਨੂੰ ਰੂਹਾਨੀ ਤੌਰ ਤੇ ਤਾਜ਼ਗੀ ਮਿਲਦੀ ਹੈ। ਯੂਕਰੇਨ ਵਿਚ ਜਦੋਂ ਇਕ ਕਲੀਸਿਯਾ ਨੇ ਆਪਣਾ ਨਵਾਂ ਕਿੰਗਡਮ ਹਾਲ ਵਰਤਣਾ ਸ਼ੁਰੂ ਕੀਤਾ ਤਾਂ ਇਕ ਗਵਾਹ ਨੇ ਕਿਹਾ ਕਿ “ਅਸੀਂ ਹੁਣ ਬਹੁਤ ਖ਼ੁਸ਼ ਹਾਂ। ਅਸੀਂ ਆਪਣੀ ਅੱਖੀਂ ਦੇਖਿਆ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਮਦਦ ਕਿਸ ਤਰ੍ਹਾਂ ਕਰਦਾ ਹੈ।”
[ਸਫ਼ਾ 10, 11 ਉੱਤੇ ਡੱਬੀ/ਤਸਵੀਰਾਂ]
ਖੁੱਲ੍ਹੇ-ਡੁੱਲ੍ਹੇ ਹੱਥ ਦੀ ਕਦਰ ਕੀਤੀ ਜਾਂਦੀ ਹੈ
ਸੰਸਾਰ ਭਰ ਵਿਚ ਯਹੋਵਾਹ ਦੇ ਗਵਾਹ ਹੋਰ ਕਿੰਗਡਮ ਹਾਲਾਂ ਦੀ ਜ਼ਰੂਰਤ ਪੂਰੀ ਕਰ ਰਹੇ ਹਨ। ਉਹ ਇਹ ਤਰੱਕੀ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਅਤੇ ਇਸ ਲਈ ਕਿ ਬਹੁਤ ਸਾਰੇ ਦੇਸ਼ਾਂ ਵਿਚ ਯਹੋਵਾਹ ਦੇ ਸੇਵਕਾਂ ਦੀ ਗਿਣਤੀ ਵਿਚ ਵਾਧਾ ਹੋ ਰਿਹਾ ਹੈ ਅਗਾਹਾਂ ਨੂੰ ਨਵੇਂ ਕਿੰਗਡਮ ਹਾਲਾਂ ਦੀ ਲੋੜ ਪਵੇਗੀ। ਸੰਨ 2001 ਦੇ ਸੇਵਾ ਸਾਲ ਦੌਰਾਨ ਹਰ ਹਫ਼ਤੇ ਔਸਤਨ 32 ਕਲੀਸਿਯਾਵਾਂ ਬਣੀਆਂ ਸਨ! ਇਨ੍ਹਾਂ ਕਲੀਸਿਯਾਵਾਂ ਦੇ ਭੈਣਾਂ-ਭਰਾਵਾਂ ਨੂੰ ਭਗਤੀ ਕਰਨ ਲਈ ਥਾਂ ਚਾਹੀਦੇ ਹਨ ਜਿੱਥੇ ਉਹ ਇਕੱਠੇ ਹੋ ਸਕਦੇ ਹਨ।
ਸ਼ਾਇਦ ਇਹ ਸਵਾਲ ਉੱਠੇ ਕਿ ‘ਅਸੀਂ ਨਵੇਂ ਕਿੰਗਡਮ ਹਾਲ ਬਣਾਉਣ ਦੇ ਨਾਲ-ਨਾਲ ਹੋਰ ਅਜਿਹੇ ਕੰਮਾਂ ਦਾ ਖ਼ਰਚਾ ਕਿਵੇਂ ਉਠਾਉਂਦੇ ਹਾਂ, ਖ਼ਾਸ ਕਰਕੇ ਉਨ੍ਹਾਂ ਦੇਸ਼ਾਂ ਵਿਚ ਜਿੱਥੇ ਭਰਾ ਗ਼ਰੀਬ ਹਨ?’ ਇਸ ਦਾ ਜਵਾਬ ਹੈ ਪਰਮੇਸ਼ੁਰ ਦੀ ਮਦਦ ਅਤੇ ਇਨਸਾਨਾਂ ਦੇ ਖੁੱਲ੍ਹੇ-ਡੁੱਲ੍ਹੇ ਹੱਥ।
ਯਹੋਵਾਹ ਆਪਣੇ ਵਾਅਦੇ ਦਾ ਪੱਕਾ ਹੈ ਅਤੇ ਉਹ ਆਪਣੀ ਪਵਿੱਤਰ ਆਤਮਾ ਆਪਣੇ ਸੇਵਕਾਂ ਉੱਤੇ ਵਹਾਉਂਦਾ ਹੈ। ਇਸ ਤਰ੍ਹਾਂ ਉਸ ਦੇ ਲੋਕ “ਪਰਉਪਕਾਰੀ ਅਤੇ ਸ਼ੁਭ ਕਰਮਾਂ ਵਿੱਚ ਧਨੀ ਅਤੇ ਦਾਨ ਕਰਨ ਵਿੱਚ ਸਖ਼ੀ ਅਤੇ ਵੰਡਣ ਨੂੰ ਤਿਆਰ” ਹੁੰਦੇ ਹਨ। (1 ਤਿਮੋਥਿਉਸ 6:18) ਪਰਮੇਸ਼ੁਰ ਦੀ ਆਤਮਾ ਯਹੋਵਾਹ ਦੇ ਗਵਾਹਾਂ ਨੂੰ ਹਰ ਤਰ੍ਹਾਂ ਰਾਜ ਦੇ ਪ੍ਰਚਾਰ ਵਿਚ ਹਿੱਸਾ ਲੈਣ ਲਈ ਪ੍ਰੇਰਦੀ ਹੈ ਅਤੇ ਉਹ ਮਸੀਹੀ ਕੰਮਾਂ ਵਿਚ ਆਪਣਾ ਤਨ-ਮਨ-ਧਨ ਲਾਉਂਦੇ ਹਨ।
ਦਰਿਆ-ਦਿਲ ਗਵਾਹ ਅਤੇ ਹੋਰ ਲੋਕ ਵੀ ਵਾਧੇ ਅਤੇ ਉਸਾਰੀ ਦੇ ਕੰਮ ਲਈ ਚੰਦਾ ਦਿੰਦੇ ਹਨ। ਉਹ ਸਿਰਫ਼ ਆਪਣੀ ਕਲੀਸਿਯਾ ਵਿਚ ਹੀ ਨਹੀਂ ਖ਼ਰਚਿਆਂ ਲਈ ਪੈਸੇ ਦਿੰਦੇ ਪਰ ਉਹ ਧਰਤੀ ਦੇ ਦੂਸਰੇ ਥਾਵਾਂ ਵਿਚ ਵੀ ਉਸਾਰੀ ਦੇ ਕੰਮ ਲਈ ਚੰਦਾ ਦਿੰਦੇ ਹਨ।
ਹਰੇਕ ਕਲੀਸਿਯਾ ਵਿਚ ਡੱਬੇ ਹੁੰਦੇ ਹਨ ਜਿਨ੍ਹਾਂ ਉੱਤੇ ਲਿਖਿਆ ਹੋਇਆ ਹੈ: “ਵਿਸ਼ਵ-ਵਿਆਪੀ ਕੰਮ ਲਈ ਚੰਦਾ।—ਮੱਤੀ 24:14.” ਜੇ ਕੋਈ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਡੱਬਿਆਂ ਵਿਚ ਪੈਸੇ ਪਾ ਸਕਦਾ ਹੈ। (2 ਰਾਜਿਆਂ 12:9) ਸਾਰੇ ਚੰਦੇ ਦੀ ਕਦਰ ਕੀਤੀ ਜਾਂਦੀ ਹੈ, ਚਾਹੇ ਉਹ ਬਹੁਤ ਹੋਵੇ ਜਾਂ ਥੋੜ੍ਹਾ। (ਮਰਕੁਸ 12:42-44) ਜ਼ਰੂਰਤ ਅਨੁਸਾਰ, ਇਹ ਪੈਸੇ ਤਰ੍ਹਾਂ-ਤਰ੍ਹਾਂ ਦੇ ਕੰਮਾਂ ਲਈ ਵਰਤੇ ਜਾਂਦੇ ਹਨ ਅਤੇ ਇਸ ਵਿਚ ਕਿੰਗਡਮ ਹਾਲ ਬਣਾਉਣ ਦਾ ਕੰਮ ਵੀ ਸ਼ਾਮਲ ਹੈ। ਅਜਿਹਾ ਪੈਸਾ ਯਹੋਵਾਹ ਦੇ ਗਵਾਹਾਂ ਦੇ ਕਿਸੇ ਮੈਨੇਜਰ ਲਈ ਤਨਖ਼ਾਹ ਵਾਸਤੇ ਨਹੀਂ ਵਰਤਿਆ ਜਾਂਦਾ ਕਿਉਂਕਿ ਉਨ੍ਹਾਂ ਵਿਚਕਾਰ ਅਜਿਹੇ ਲੋਕ ਨਹੀਂ ਹੁੰਦੇ।
ਕੀ ਪੂਰੇ ਸੰਸਾਰ ਵਿਚ ਕੀਤੇ ਗਏ ਕੰਮ ਲਈ ਚੰਦੇ ਦਾ ਫ਼ਾਇਦਾ ਹੁੰਦਾ ਹੈ? ਜੀ ਹਾਂ। ਲਾਈਬੀਰੀਆ ਇਕ ਅਜਿਹਾ ਮੁਲਕ ਹੈ ਜਿੱਥੇ ਘਰੇਲੂ ਯੁੱਧ ਲੱਗਾ ਹੋਇਆ ਹੈ। ਉੱਥੇ ਦੇ ਸ਼ਾਖ਼ਾ ਦਫ਼ਤਰ ਤੋਂ ਰਿਪੋਰਟ ਮਿਲੀ ਕਿ ਭੈਣ-ਭਰਾ ਬੇਰੋਜ਼ਗਾਰੀ ਅਤੇ ਪੈਸਿਆਂ ਦੀ ਤੰਗੀ ਦਾ ਸਾਮ੍ਹਣਾ ਕਰ ਰਹੇ ਹਨ। ਇਸ ਮੁਲਕ ਵਿਚ ਯਹੋਵਾਹ ਦੇ ਲੋਕ ਭਗਤੀ ਕਰਨ ਲਈ ਢੁਕਵੇਂ ਥਾਂ ਕਿਵੇਂ ਹਾਸਲ ਕਰ ਸਕਦੇ ਸਨ? ਸ਼ਾਖ਼ਾ ਦਫ਼ਤਰ ਤੋਂ ਰਿਪੋਰਟ ਨੇ ਕਿਹਾ ਕਿ “ਹੋਰ ਦੇਸ਼ਾਂ ਦੇ ਭੈਣਾਂ-ਭਰਾਵਾਂ ਦਾ ਖੁੱਲ੍ਹ-ਦਿਲਾ ਦਾਨ ਇਸ ਕੰਮ ਲਈ ਵਰਤਿਆ ਜਾਵੇਗਾ। ਇਹ ਕਿੰਨਾ ਵਧੀਆ ਅਤੇ ਪਿਆਰ-ਭਰਿਆ ਇੰਤਜ਼ਾਮ ਹੈ!”
ਉੱਥੇ ਦੇ ਭੈਣ-ਭਰਾ ਵੀ ਚੰਦਾ ਦਿੰਦੇ ਹਨ, ਭਾਵੇਂ ਕਿ ਉਨ੍ਹਾਂ ਕੋਲ ਬਹੁਤੇ ਪੈਸੇ ਨਹੀਂ ਹਨ। ਸੀਅਰਾ ਲਿਓਨ ਦੇ ਅਫ਼ਰੀਕੀ ਦੇਸ਼ ਤੋਂ ਇਹ ਰਿਪੋਰਟ ਮਿਲੀ: “ਇੱਥੇ ਦੇ ਭਰਾ ਕਿੰਗਡਮ ਹਾਲ ਬਣਾਉਣ ਦੇ ਕੰਮ ਵਿਚ ਪੂਰੀ ਮਿਹਨਤ ਕਰਨ ਅਤੇ ਪੈਸੇ ਦੇਣ ਲਈ ਖ਼ੁਸ਼ ਹਨ।”
ਅੰਤ ਵਿਚ, ਇਸ ਉਸਾਰੀ ਦੇ ਕੰਮ ਦੁਆਰਾ ਯਹੋਵਾਹ ਦੀ ਵਡਿਆਈ ਹੁੰਦੀ ਹੈ। ਲਾਈਬੀਰੀਆ ਤੋਂ ਭਰਾ ਜੋਸ਼ ਨਾਲ ਕਹਿੰਦੇ ਹਨ: “ਪੂਰੇ ਦੇਸ਼ ਵਿਚ ਉਪਾਸਨਾ ਕਰਨ ਦੇ ਸੋਹਣੇ ਥਾਂ ਬਣਾਉਣ ਨਾਲ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸੱਚੀ ਭਗਤੀ ਹਮੇਸ਼ਾ ਲਈ ਰਹੇਗੀ ਅਤੇ ਇਹ ਕੰਮ ਸਾਡੇ ਪਰਮੇਸ਼ੁਰ ਦੇ ਉੱਤਮ ਨਾਂ ਨੂੰ ਰੋਸ਼ਨ ਕਰੇਗਾ।”