ਟਰਟੂਲੀਅਨ ਦੇ ਅਸੰਗਤ ਵਿਚਾਰ
ਟਰਟੂਲੀਅਨ ਦੇ ਅਸੰਗਤ ਵਿਚਾਰ
‘ਇਕ ਮਸੀਹੀ ਤੇ ਇਕ ਫ਼ਿਲਾਸਫ਼ਰ ਦੇ ਆਪਸ ਵਿਚ ਕੀ ਮੇਲ ਹੋ ਸਕਦਾ ਹੈ? ਜਾਂ ਸੱਚਾਈ ਸਿਖਾਉਣ ਵਾਲੇ ਇਕ ਬੰਦੇ ਅਤੇ ਸੱਚਾਈ ਨੂੰ ਵਿਗਾੜਨ ਵਾਲੇ ਬੰਦੇ ਦੇ ਆਪਸ ਵਿਚ ਕੀ ਮੇਲ ਹੋ ਸਕਦਾ ਹੈ? ਅਫਲਾਤੂਨੀ ਖ਼ਿਆਲਾਂ ਅਤੇ ਚਰਚ ਦੀਆਂ ਸਿੱਖਿਆਵਾਂ ਵਿਚ ਕੀ ਸਹਿਮਤੀ ਹੋ ਸਕਦੀ ਹੈ?’ ਅਜਿਹੇ ਸਵਾਲ ਟਰਟੂਲੀਅਨ ਨੇ ਪੁੱਛੇ ਸਨ ਜੋ ਦੂਜੀ ਅਤੇ ਤੀਜੀ ਸਦੀ ਦਾ ਇਕ ਨਿਡਰ ਲੇਖਕ ਸੀ। ਉਹ “ਚਰਚ ਦੇ ਇਤਿਹਾਸ ਅਤੇ ਉਹ ਦੇ ਜ਼ਮਾਨੇ ਵਿਚ ਦਿੱਤੀ ਗਈ ਸਿੱਖਿਆ ਬਾਰੇ ਬਹੁਤ ਜਾਣਦਾ ਸੀ।” ਧਾਰਮਿਕ ਮਾਮਲਿਆਂ ਬਾਰੇ ਐਸੀ ਕੋਈ ਗੱਲ ਨਹੀਂ ਸੀ ਜੋ ਉਹ ਨਹੀਂ ਜਾਣਦਾ ਸੀ।
ਟਰਟੂਲੀਅਨ ਸ਼ਾਇਦ ਇਨ੍ਹਾਂ ਪੁੱਠੇ-ਸਿੱਧੇ ਕਥਨਾਂ ਲਈ ਸਭ ਤੋਂ ਜ਼ਿਆਦਾ ਮਸ਼ਹੂਰ ਸੀ ਜਿਵੇਂ ਕਿ “ਰੱਬ ਖ਼ਾਸ ਕਰਕੇ ਉਦੋਂ ਮਹਾਨ ਹੁੰਦਾ ਹੈ ਜਦੋਂ ਉਹ ਮਾਮੂਲੀ ਹੁੰਦਾ ਹੈ।” “[ਪਰਮੇਸ਼ੁਰ ਦੇ ਪੁੱਤਰ ਦੀ ਮੌਤ] ਨੂੰ ਇਸ ਕਰਕੇ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਉਸ ਦਾ ਕੋਈ ਅਰਥ ਨਹੀਂ ਹੈ।” “[ਯਿਸੂ] ਨੂੰ ਦਫ਼ਨਾਇਆ ਗਿਆ ਸੀ ਅਤੇ ਉਹ ਮੁੜ ਕੇ ਜੀ ਉੱਠਿਆ ਸੀ; ਇਹ ਤਾਂ ਹਕੀਕਤ ਹੈ, ਕਿਉਂਕਿ ਇਹ ਗੱਲ ਨਾਮੁਮਕਿਨ ਹੈ।”
ਟਰਟੂਲੀਅਨ ਦੀਆਂ ਗੱਲਾਂ ਸਿਰਫ਼ ਅਜੀਬ ਹੀ ਨਹੀਂ ਸਨ। ਉਨ੍ਹਾਂ ਬਾਰੇ ਇਕ ਹੋਰ ਗੱਲ ਵੀ ਸੱਚ ਹੈ। ਭਾਵੇਂ ਕਿ ਉਹ ਆਪਣੇ ਲੇਖਾਂ ਦੁਆਰਾ ਸੱਚਾਈਆਂ ਅਤੇ ਚਰਚ ਦੀਆਂ ਸਿੱਖਿਆਵਾਂ ਨੂੰ ਬਚਾਉਣਾ ਚਾਹੁੰਦਾ ਸੀ, ਅਸਲ ਵਿਚ ਉਸ ਨੇ ਸ਼ੁੱਧ ਸੱਚਾਈਆਂ ਵਿਗਾੜੀਆਂ ਸਨ। ਈਸਾਈ-ਜਗਤ ਵਿਚ ਪੇਸ਼ ਕੀਤੀ ਗਈ ਉਸ ਦੀ ਇਕ ਮੁੱਖ ਗੱਲ ਇਕ ਐਸੀ ਥਿਊਰੀ ਸਾਬਤ ਹੋਈ ਕਿ ਬਾਅਦ ਦੇ ਲੇਖਕਾਂ ਨੇ ਇਸ ਨੂੰ ਵਰਤ ਕੇ ਤ੍ਰਿਏਕ ਦੀ ਸਿੱਖਿਆ ਨੂੰ ਅੱਗੇ ਵਧਾਇਆ। ਇਹ ਸਮਝਣ ਲਈ ਕਿ ਇਹ ਕਿਸ ਤਰ੍ਹਾਂ ਹੋਇਆ, ਆਓ ਆਪਾਂ ਪਹਿਲਾਂ ਦੇਖੀਏ ਕਿ ਟਰਟੂਲੀਅਨ ਕਿਸ ਤਰ੍ਹਾਂ ਦਾ ਬੰਦਾ ਸੀ।
“ਇਕ ਬਹੁਤ ਦਿਲਚਸਪ ਲੇਖਕ”
ਟਰਟੂਲੀਅਨ ਦੇ ਜੀਵਨ ਬਾਰੇ ਬਹੁਤ ਕੁਝ ਨਹੀਂ ਪਤਾ ਹੈ। ਕਈ ਵਿਦਵਾਨ ਕਹਿੰਦੇ ਹਨ ਕਿ ਉਸ ਦਾ ਜਨਮ 160 ਸਾ.ਯੁ. ਵਿਚ, ਉੱਤਰੀ ਅਫ਼ਰੀਕਾ ਦੇ ਕਾਰਥੇਜ ਸ਼ਹਿਰ ਵਿਚ ਹੋਇਆ ਸੀ। ਇਸ ਤਰ੍ਹਾਂ ਲੱਗਦਾ ਹੈ ਕਿ ਉਹ ਇਕ ਪੜ੍ਹਿਆ-ਲਿਖਿਆ ਬੰਦਾ ਸੀ ਅਤੇ ਆਪਣੇ ਜ਼ਮਾਨੇ ਦੇ ਗਿਆਨੀਆਂ-ਧਿਆਨੀਆਂ ਦੇ ਫ਼ਲਸਫ਼ੇ ਜਾਣਦਾ ਸੀ। ਉਹ ਸ਼ਾਇਦ ਕ੍ਰਿਸਚਿਏਨੀਟੀ ਵੱਲ ਇਸ ਕਰਕੇ ਖਿੱਚਿਆ ਗਿਆ ਕਿਉਂਕਿ ਕ੍ਰਿਸਚੀਅਨ ਲੋਕ ਆਪਣੇ ਧਰਮ ਲਈ ਸ਼ਹੀਦ ਹੋਣ ਲਈ ਤਿਆਰ ਸਨ। ਇਸ ਤਰ੍ਹਾਂ ਸ਼ਹੀਦ ਹੋਣ ਬਾਰੇ ਉਸ ਨੇ ਕਿਹਾ ਕਿ “ਇਸ ਉੱਤੇ ਗੌਰ ਕਰਨ ਤੋਂ ਬਾਅਦ ਐਸਾ ਕੌਣ ਬੰਦਾ ਹੈ ਜੋ ਇਹ ਨਹੀਂ ਪੁੱਛੇਗਾ ਕਿ ਅਸਲ ਵਿਚ ਉਨ੍ਹਾਂ ਨੂੰ ਕਿਹੜੀ ਗੱਲ ਪ੍ਰੇਰਦੀ ਹੈ? ਇਹ ਪੁੱਛਣ ਤੋਂ ਬਾਅਦ, ਕੌਣ ਹੈ ਜੋ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਨਹੀਂ ਅਪਣਾਵੇਗਾ?”
ਈਸਾਈ ਬਣਨ ਤੋਂ ਬਾਅਦ, ਟਰਟੂਲੀਅਨ ਇਕ ਬੜਾ ਗੁਣਵਾਨ ਲੇਖਕ ਬਣ ਗਿਆ। ਉਹ ਹਾਜ਼ਰ-ਜਵਾਬ ਦੇਣ ਅਤੇ ਸਿੱਧੇ-ਪੱਧਰੇ ਕਥਨ ਲਿਖਣ ਦੇ ਕਾਫ਼ੀ ਯੋਗ ਸੀ। ਇਸ ਸੰਬੰਧ ਵਿਚ ਦ ਫ਼ਾਦਰਜ਼ ਆਫ਼ ਦ ਚਰਚ ਨਾਂ ਦੀ ਪੁਸਤਕ ਕਹਿੰਦੀ ਹੈ ਕਿ ‘ਉਹ ਇਕ ਬਹੁਤ ਹੀ ਨਿਰਾਲਾ ਸ਼ਾਸਤਰੀ ਅਤੇ ਇਕ ਦਿਲਚਸਪ ਲੇਖਕ ਸੀ।’ ਇਕ ਵਿਦਵਾਨ ਦੇ ਅਨੁਸਾਰ ‘ਉਹ ਨੂੰ ਪੂਰੀਆਂ ਕਹਾਵਤਾਂ ਦੀ ਥਾਂ ਲਫ਼ਜ਼ ਜ਼ਿਆਦਾ ਸੁੱਝਦੇ ਸਨ; ਇਸ ਕਰਕੇ ਉਸ ਦੇ ਵਾਦ-ਵਿਵਾਦਾਂ ਨਾਲੋਂ ਉਸ ਦੇ ਹਾਜ਼ਰ-ਜਵਾਬ, ਮਤਲਬ ਚਤੁਰ ਲਫ਼ਜ਼ ਜ਼ਿਆਦਾ ਸਮਝ ਪੈਂਦੇ ਸਨ। ਸ਼ਾਇਦ ਇਸੇ ਕਾਰਨ ਉਸ ਦੇ ਪੂਰੇ ਹਵਾਲਿਆਂ ਦੀ ਥਾਂ ਕਈ ਵਾਰ ਉਨ੍ਹਾਂ ਵਿੱਚੋਂ ਕੁਝ ਹੀ ਲਫ਼ਜ਼ ਵਰਤੇ ਜਾਂਦੇ ਹਨ।’
ਕ੍ਰਿਸਚਿਏਨੀਟੀ ਦੀ ਸਫ਼ਾਈ ਵਿਚ
ਟਰਟੂਲੀਅਨ ਦੇ ਸਭ ਤੋਂ ਮਸ਼ਹੂਰ ਲੇਖ ਦਾ ਨਾਂ ਹੈ ਅਪੌਲੋਜੀ। ਕਿਹਾ ਜਾਂਦਾ ਹੈ ਕਿ ਕ੍ਰਿਸਚਿਏਨੀਟੀ ਦੀ ਸਫ਼ਾਈ ਵਿਚ ਉਸ ਨੇ ਇਸ ਲੇਖ ਵਿਚ ਬਹੁਤ ਜ਼ਬਰਦਸਤ ਗੱਲਾਂ ਲਿਖੀਆਂ ਸੀ। ਇਹ ਉਨੀਂ ਦਿਨੀਂ ਲਿਖਿਆ ਗਿਆ ਸੀ ਜਦੋਂ ਵਹਿਮੀ ਲੋਕ ਮਸੀਹੀਆਂ ਨੂੰ ਬਹੁਤ ਤੰਗ ਕਰਦੇ ਸਨ। ਇਨ੍ਹਾਂ ਮਸੀਹੀਆਂ ਦੇ ਬਚਾਅ ਵਿਚ ਟਰਟੂਲੀਅਨ ਨੇ ਆਪਣਾ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਨਾਲ ਐਸਾ ਵਰਤਾਉ ਨਹੀਂ ਕੀਤਾ ਜਾਣਾ ਚਾਹੀਦਾ। ਉਸ ਨੇ ਕਿਹਾ
ਕਿ ‘ਵਿਰੋਧੀ ਸੋਚਦੇ ਹਨ ਕਿ ਜਨਤਾ ਦੇ ਹਰੇਕ ਦੁਰਭਾਗ ਲਈ ਮਸੀਹੀ ਲੋਕਾਂ ਨੂੰ ਬਦਨਾਮ ਕੀਤਾ ਜਾ ਸਕਦਾ ਹੈ। ਜੇ ਨੀਲ ਦਰਿਆ ਦਾ ਪਾਣੀ ਖੇਤਾਂ ਤਕ ਨਹੀਂ ਪਹੁੰਚਦਾ, ਜੇ ਮੌਸਮ ਖ਼ਰਾਬ ਹੁੰਦਾ, ਜੇ ਕੋਈ ਭੁਚਾਲ, ਕਾਲ, ਜਾਂ ਬਵਾ ਆਉਂਦੀ, ਤਾਂ ਤੁਰੰਤ ਇਹੀ ਸ਼ੋਰ ਮੱਚ ਜਾਂਦਾ ਸੀ ਕਿ “ਮਸੀਹੀਆਂ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟ ਦਿਓ!”’ਭਾਵੇਂ ਕਿ ਮਸੀਹੀਆਂ ਉੱਤੇ ਇਹ ਇਲਜ਼ਾਮ ਲਾਇਆ ਜਾਂਦਾ ਸੀ ਕਿ ਉਹ ਰੋਮੀ ਸਰਕਾਰ ਦੇ ਵਿਰੋਧੀ ਸਨ, ਟਰਟੂਲੀਅਨ ਨੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਅਸਲ ਵਿਚ ਰੋਮ ਵਿਚ ਉਹੀ ਸਭ ਤੋਂ ਜ਼ਿਆਦਾ ਇਤਬਾਰਯੋਗ ਨਾਗਰਿਕ ਸਨ। ਟਰਟੂਲੀਅਨ ਨੇ ਇਸ ਗੱਲ ਵੱਲ ਧਿਆਨ ਖਿੱਚਣ ਤੋਂ ਬਾਅਦ ਕਿ ਰੋਮ ਦੀ ਸਰਕਾਰ ਨੂੰ ਪਲਟਾਉਣ ਦੇ ਕਈ ਜਤਨ ਕੀਤੇ ਜਾ ਚੁੱਕੇ ਸਨ, ਆਪਣੇ ਵਿਰੋਧੀਆਂ ਨੂੰ ਯਾਦ ਕਰਾਇਆ ਕਿ ਇਸ ਤਰ੍ਹਾਂ ਕਰਨ ਵਾਲੇ ਗ਼ੈਰ-ਈਸਾਈ ਸਨ, ਨਾ ਕਿ ਮਸੀਹੀ ਲੋਕ। ਟਰਟੂਲੀਅਨ ਨੇ ਇਹ ਵੀ ਯਾਦ ਕਰਾਇਆ ਕਿ ਜਦੋਂ ਮਸੀਹੀਆਂ ਨੂੰ ਕਤਲ ਕੀਤਾ ਜਾਂਦਾ ਸੀ, ਤਾਂ ਅਸਲ ਵਿਚ ਦੇਸ਼ ਦਾ ਹੀ ਨੁਕਸਾਨ ਹੁੰਦਾ ਸੀ।
ਟਰਟੂਲੀਅਨ ਦੇ ਦੂਜੇ ਲੇਖਾਂ ਵਿਚ ਮਸੀਹੀ ਰਹਿਣੀ-ਬਹਿਣੀ ਬਾਰੇ ਦੱਸਿਆ ਗਿਆ ਹੈ। ਮਿਸਾਲ ਲਈ, ਟਰਟੂਲੀਅਨ ਨੇ ਆਪਣੇ ਲੇਖ ਆੱਨ ਦ ਸ਼ੋਜ਼ ਵਿਚ ਮਸੀਹੀਆਂ ਨੂੰ ਯਾਦ ਕਰਾਇਆ ਕਿ ਉਨ੍ਹਾਂ ਨੂੰ ਮਨੋਰੰਜਨ ਲਈ ਖ਼ਾਸ ਥਾਵਾਂ ਅਤੇ ਮੈਦਾਨਾਂ ਵਿਚ ਕੀਤੇ ਗਏ ਨਾਟਕਾਂ ਅਤੇ ਦੁਨਿਆਵੀ ਖੇਡਾਂ ਤੇ ਨਹੀਂ ਜਾਣਾ ਚਾਹੀਦਾ। ਸ਼ਾਇਦ ਨਵੇਂ-ਨਵੇਂ ਮਸੀਹੀਆਂ ਨੂੰ ਇਵੇਂ ਲੱਗਦਾ ਸੀ ਕਿ ਉਹ ਸਭਾਵਾਂ ਤੇ ਬਾਈਬਲ ਦੀ ਸਿੱਖਿਆ ਲੈਣ ਤੋਂ ਬਾਅਦ ਇਨ੍ਹਾਂ ਖੇਡਾਂ ਤੇ ਵੀ ਹਾਜ਼ਰ ਹੋ ਸਕਦੇ ਸਨ। ਉਨ੍ਹਾਂ ਦੇ ਖ਼ਿਆਲ ਬਦਲਣ ਲਈ ਟਰਟੂਲੀਅਨ ਨੇ ਲਿਖਿਆ ਕਿ “ਰੱਬ ਦੇ ਘਰੋਂ ਨਿਕਲ ਕੇ ਸ਼ਤਾਨ ਦੇ ਘਰ ਵੜ ਜਾਣਾ, ਮਤਲਬ ਕਿ ਧਾਰਮਿਕ ਮਾਹੌਲ ਵਿੱਚੋਂ ਨਿਕਲ ਕੇ ਕਮੀਨਿਆਂ ਕੰਮਾਂ ਵਿਚ ਲੱਗਣਾ ਕਿੰਨਾ ਭੈੜਾ ਹੈ।” ਉਹ ਨੇ ਕਿਹਾ ਕਿ “ਜੋ ਗੱਲ ਤੁਸੀਂ ਮੰਨਦੇ ਨਹੀਂ, ਉਹ ਤੁਸੀਂ ਕਰਦੇ ਕਿਉਂ ਹੋ?”
ਸੱਚਾਈ ਦੀ ਸਫ਼ਾਈ ਕਰਦਿਆਂ ਉਸ ਨੂੰ ਭ੍ਰਿਸ਼ਟ ਕੀਤਾ
ਟਰਟੂਲੀਅਨ ਨੇ ਆਪਣਾ ਇਕ ਲੇਖ ਇਵੇਂ ਸ਼ੁਰੂ ਕੀਤਾ: “ਸ਼ਤਾਨ ਨੇ ਅਨੇਕ ਤਰੀਕਿਆਂ ਵਿਚ ਸੱਚਾਈ ਦਾ ਵਿਰੋਧ ਕੀਤਾ ਹੈ। ਕਈ ਵਾਰ ਉਸ ਨੇ ਸੱਚਾਈ ਦੀ ਸਫ਼ਾਈ ਕਰਦਿਆਂ ਉਸ ਦਾ ਨਾਸ ਕੀਤਾ ਹੈ।” ਇਸ ਲੇਖ ਵਿਚ ਪ੍ਰਾਕਸੀਅਸ ਨਾਂ ਦੇ ਬੰਦੇ ਬਾਰੇ ਲਿਖਿਆ ਗਿਆ ਹੈ। ਉਸ ਬਾਰੇ ਸਾਨੂੰ ਬਹੁਤ ਕੁਝ ਨਹੀਂ ਪਤਾ, ਪਰ ਟਰਟੂਲੀਅਨ ਨੂੰ ਪਰਮੇਸ਼ੁਰ ਅਤੇ ਮਸੀਹ ਬਾਰੇ ਉਸ ਦੇ ਵਿਚਾਰ ਚੰਗੇ ਨਹੀਂ ਲੱਗੇ। ਟਰਟੂਲੀਅਨ ਅਨੁਸਾਰ ਸ਼ਤਾਨ ਕ੍ਰਿਸਚਿਏਨੀਟੀ ਨੂੰ ਵਿਗਾੜਨ ਲਈ ਪ੍ਰਾਕਸੀਅਸ ਨੂੰ ਵਰਤ ਰਿਹਾ ਸੀ।
ਉਸ ਸਮੇਂ ਦੇ ਈਸਾਈਆਂ ਦੀ ਸਮਝ ਵਿਚ ਪਰਮੇਸ਼ੁਰ ਅਤੇ ਯਿਸੂ ਦੇ ਰਿਸ਼ਤੇ ਬਾਰੇ ਬਹੁਤ ਗੜਬੜ ਸੀ। ਖ਼ਾਸ ਕਰਕੇ ਯੂਨਾਨੀ ਈਸਾਈਆਂ ਨੂੰ ਇਹ ਮੰਨਣਾ ਬਹੁਤ ਮੁਸ਼ਕਲ ਲੱਗਦਾ ਸੀ ਕਿ ਇੱਕੋ ਪਰਮੇਸ਼ੁਰ ਹੈ ਅਤੇ ਯਿਸੂ ਮੁਕਤੀਦਾਤਾ ਹੈ। ਪ੍ਰਾਕਸੀਅਸ ਨੇ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਯਿਸੂ ਸਿਰਫ਼ ਪਰਮੇਸ਼ੁਰ ਦਾ ਅਵਤਾਰ ਹੀ ਸੀ ਪਰ ਅਸਲ ਵਿਚ ਇਨ੍ਹਾਂ ਵਿਚ ਕੋਈ ਫ਼ਰਕ ਨਹੀਂ ਸੀ। ਇਸ ਥਿਊਰੀ ਅਨੁਸਾਰ, ਪਰਮੇਸ਼ੁਰ ਨੇ “ਸ੍ਰਿਸ਼ਟੀ ਸਾਜਦਿਆਂ, ਨਾਲੇ ਬਿਵਸਥਾ ਦੇਣ ਦੇ ਸਮੇਂ ਆਪਣੇ ਆਪ ਨੂੰ ਪਿਤਾ ਦੇ ਰੂਪ ਵਿਚ ਪ੍ਰਗਟ ਕੀਤਾ, ਯਿਸੂ ਮਸੀਹ ਵਿਚ ਆਪਣੇ ਆਪ ਨੂੰ ਪੁੱਤਰ ਦੇ ਤੌਰ ਤੇ ਪ੍ਰਗਟ ਕੀਤਾ, ਅਤੇ ਸਵਰਗ ਨੂੰ ਚੜ੍ਹਦੇ ਹੋਏ ਮਸੀਹ ਵਿਚ ਆਪਣੇ ਆਪ ਨੂੰ ਪਵਿੱਤਰ ਆਤਮਾ ਦੇ ਤੌਰ ਤੇ ਪ੍ਰਗਟ ਕੀਤਾ।”
ਟਰਟੂਲੀਅਨ ਨੇ ਸਮਝਾਇਆ ਕਿ ਬਾਈਬਲ ਸਾਫ਼-ਸਾਫ਼ ਦਿਖਾਉਂਦੀ ਹੈ ਕਿ ਪਿਤਾ ਅਤੇ ਪੁੱਤਰ ਦੋ ਵਿਅਕਤੀ ਹਨ। ਪਹਿਲਾ ਕੁਰਿੰਥੀਆਂ 15:27, 28 ਦਾ ਹਵਾਲਾ ਦਿੰਦਿਆਂ ਉਸ ਨੇ ਸਮਝਾਇਆ ਕਿ ‘ਇਹ ਜ਼ਰੂਰੀ ਹੈ ਕਿ ਸੱਭੋ ਕੁਝ ਅਧੀਨ ਕਰਨ ਵਾਲਾ ਅਤੇ ਜਿਸ ਦੇ ਅਧੀਨ ਸੱਭੋ ਕੁਝ ਕੀਤਾ ਜਾਂਦਾ ਹੈ ਉਹ ਦੋ ਅਲੱਗ-ਅਲੱਗ ਵਿਅਕਤੀ ਹੋਣਗੇ।’ ਟਰਟੂਲੀਅਨ ਨੇ ਯਿਸੂ ਦੇ ਸ਼ਬਦਾਂ ਵੱਲ ਧਿਆਨ ਖਿੱਚਿਆ ਕਿ “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28) ਇਬਰਾਨੀ ਸ਼ਾਸਤਰ ਤੋਂ ਜ਼ਬੂਰ 8:5 ਵਰਗੇ ਹਵਾਲੇ ਵਰਤ ਕੇ ਉਸ ਨੇ ਸਮਝਾਇਆ ਕਿ ਬਾਈਬਲ ਪੁੱਤਰ ਨੂੰ ਪਿਤਾ ਨਾਲੋਂ “ਛੋਟਾ” ਦਿਖਾਉਂਦੀ ਹੈ। ਉਸ ਨੇ ਸਿੱਟਾ ਕੱਢਿਆ ਕਿ “ਪਿਤਾ ਅਤੇ ਪੁੱਤਰ ਦੋ ਵਿਅਕਤੀ ਹਨ।” “ਪੈਦਾ ਕਰਨ ਵਾਲਾ ਅਤੇ ਪੈਦਾ ਹੋਣ ਵਾਲਾ ਦੋ ਜਣੇ ਹੁੰਦੇ ਹਨ; ਭੇਜਣ ਵਾਲਾ ਅਤੇ ਭੇਜਿਆ ਗਿਆ ਦੋ ਜਣੇ ਹੁੰਦੇ ਹਨ; ਨਾਲੇ, ਬਣਾਉਣ ਵਾਲਾ ਅਤੇ ਜਿਸ ਰਾਹੀਂ ਕੋਈ ਚੀਜ਼ ਬਣਾਈ ਜਾਂਦੀ ਹੈ ਦੋ ਜਣੇ ਹੁੰਦੇ ਹਨ।”
ਟਰਟੂਲੀਅਨ ਅਨੁਸਾਰ ਪੁੱਤਰ ਆਪਣੇ ਪਿਤਾ ਦੇ ਅਧੀਨ ਸੀ। ਪਰ ਗ਼ਲਤ ਵਿਚਾਰਾਂ ਨੂੰ ਸੁਧਾਰਨ ਦੀ ਕੋਸ਼ਿਸ਼ ਵਿਚ ਉਹ “ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਹਨ ਉਨ੍ਹਾਂ ਤੋਂ ਪਰੇ” ਚੱਲਿਆ ਗਿਆ। (1 ਕੁਰਿੰਥੀਆਂ 4:6) ਜਿਉਂ-ਜਿਉਂ ਟਰਟੂਲੀਅਨ ਨੇ ਭੁਲੇਖੇ ਵਿਚ ਇਕ ਹੋਰ ਥਿਊਰੀ ਰਾਹੀਂ ਯਿਸੂ ਦੀ ਈਸ਼ਵਰਤਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ, ਉਸ ਨੇ ਇਹ ਸ਼ਬਦ ਜੋੜੇ “ਤਿੰਨਾਂ ਵਿਅਕਤੀਆਂ ਦਾ ਇਕ ਰੂਪ।” ਇਹੀ ਵਿਚਾਰ ਵਰਤਦਿਆਂ ਉਸ ਨੇ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਤਿੰਨ ਅਲੱਗ-ਅਲੱਗ ਵਿਅਕਤੀ ਸਨ ਪਰ ਉਹ ਇੱਕੋ ਈਸ਼ਵਰੀ ਰੂਪ ਵਿਚ ਵੱਸਦੇ ਸਨ। ਟਰਟੂਲੀਅਨ ਪਹਿਲਾ ਬੰਦਾ ਸੀ ਜਿਸ ਨੇ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਇਕੱਠਿਆਂ ਲਈ “ਤ੍ਰਿਏਕ” ਸ਼ਬਦ ਦਾ ਲਾਤੀਨੀ ਰੂਪ ਵਰਤਿਆ।
ਦੁਨਿਆਵੀ ਫ਼ਲਸਫ਼ਿਆਂ ਤੋਂ ਖ਼ਬਰਦਾਰ ਰਹੋ
ਟਰਟੂਲੀਅਨ “ਤਿੰਨਾਂ ਵਿਅਕਤੀਆਂ ਦਾ ਇਕ ਰੂਪ” ਦੀ ਥਿਊਰੀ ਕਿੱਦਾਂ ਬਣਾ ਸਕਿਆ? ਇਸ ਦਾ ਜਵਾਬ ਫ਼ਲਸਫ਼ੇ ਬਾਰੇ ਟਰਟੂਲੀਅਨ ਦੇ ਵਿਚਾਰਾਂ ਤੋਂ ਪਾਇਆ ਜਾਂਦਾ ਹੈ, ਅਤੇ ਉਸ ਦੇ ਇਹ ਵਿਚਾਰ ਵੀ ਉਹ ਬਹੁਤ ਹੀ ਅਜੀਬ ਸਨ। ਟਰਟੂਲੀਅਨ ਨੇ ਫ਼ਲਸਫ਼ਿਆਂ ਨੂੰ ‘ਮਨੁੱਖਾਂ ਅਤੇ ਪਿਸ਼ਾਚਾਂ ਦੇ ਸਿਧਾਂਤ’ ਸੱਦਿਆ ਸੀ। ਉਸ ਨੇ ਖੁੱਲ੍ਹੇ-ਆਮ ਇਸ ਗੱਲ ਦਾ ਵਿਰੋਧ ਕੀਤਾ ਕਿ ਮਸੀਹੀ ਸਿੱਖਿਆਵਾਂ ਨੂੰ ਸਹੀ ਠਹਿਰਾਉਣ ਲਈ ਫ਼ਲਸਫ਼ਿਆਂ ਦੀ ਵਰਤੋਂ ਕੀਤੀ ਜਾ ਰਹੀ ਸੀ। ਉਸ ਨੇ ਕਿਹਾ ਕਿ “ਸਤੋਇਕ, ਅਫਲਾਤੂਨੀ, ਅਤੇ ਬਣਾਉਟੀ ਗੱਲਾਂ ਨਾਲ ਭਰੀ ਹੋਈ ਭ੍ਰਿਸ਼ਟ ਕ੍ਰਿਸਚਿਏਨੀਟੀ ਤੋਂ ਦੂਰ ਰਹੋ।” ਪਰ ਟਰਟੂਲੀਅਨ ਨੇ ਆਪ ਹੀ ਦੁਨਿਆਵੀ ਫ਼ਲਸਫ਼ਿਆਂ ਨੂੰ ਕਾਫ਼ੀ ਵਰਤਿਆ ਸੀ ਜਦੋਂ ਉਹ ਉਸ ਦੇ ਆਪਣੇ ਵਿਚਾਰਾਂ ਨਾਲ ਰਲਦੇ-ਮਿਲਦੇ ਸਨ।—ਕੁਲੁੱਸੀਆਂ 2:8.
ਇਕ ਪੁਸਤਕ ਅਨੁਸਾਰ “ਤ੍ਰਿਏਕ ਦੀ ਥਿਊਰੀ ਨੂੰ ਅੱਗੇ ਵਧਾਉਣ ਲਈ ਯੂਨਾਨੀ ਖ਼ਿਆਲਾਂ ਦੀ ਮਦਦ ਚਾਹੀਦੀ ਸੀ।” ਦ ਥੀਉਲੋਜੀ ਆਫ਼ ਟਰਟੂਲੀਅਨ ਨਾਂ ਦੀ ਪੁਸਤਕ ਕਹਿੰਦੀ ਹੈ ਕਿ ‘ਕਾਨੂੰਨੀ ਅਤੇ ਫ਼ਲਸਫ਼ਾ ਸੰਬੰਧੀ ਖ਼ਿਆਲਾਂ ਦੀ ਰਲਾਵਟ ਕਾਰਨ ਹੀ ਟਰਟੂਲੀਅਨ ਤ੍ਰਿਏਕ ਦੀ ਸਿੱਖਿਆ ਦਾ ਮੁਢਲਾ ਰੂਪ ਪੇਸ਼ ਕਰ ਸਕਿਆ। ਇਸ ਸਿੱਖਿਆ ਵਿਚ ਨੁਕਸਾਂ ਦੇ ਬਾਵਜੂਦ ਵੀ, ਬਾਅਦ ਵਿਚ ਨਾਈਸੀਆਈ ਸਭਾ ਵਿਚ ਪੇਸ਼ ਕੀਤੇ ਜਾਣ ਤੇ ਇਹ ਤ੍ਰਿਏਕ ਦੀ ਸਿੱਖਿਆ ਦਾ ਆਧਾਰ ਬਣ ਗਿਆ।’ ਇਸ ਤਰ੍ਹਾਂ, ਟਰਟੂਲੀਅਨ ਦੇ “ਤਿੰਨਾਂ ਵਿਅਕਤੀਆਂ ਦਾ ਇਕ ਰੂਪ” ਫਾਰਮੂਲੇ ਨੇ ਸਾਰੇ ਈਸਾਈ-ਜਗਤ ਵਿਚ ਇਸ ਗ਼ਲਤ ਸਿੱਖਿਆ ਨੂੰ ਫੈਲਾ ਦਿੱਤਾ।
ਟਰਟੂਲੀਅਨ ਦੂਜਿਆਂ ਤੇ ਇਲਜ਼ਾਮ ਲਾਉਂਦਾ ਸੀ ਕਿ ਉਨ੍ਹਾਂ ਨੇ ਸੱਚਾਈ ਦੀ ਸਫ਼ਾਈ ਕਰਦਿਆਂ ਉਸ ਨੂੰ ਭ੍ਰਿਸ਼ਟ ਕੀਤਾ ਹੈ। ਅਫ਼ਸੋਸ ਦੀ ਗੱਲ ਹੈ ਕਿ ਉਸ ਨੇ ਬਾਈਬਲ ਤੋਂ ਪਰਮੇਸ਼ੁਰ ਦੀਆਂ ਸੱਚਾਈਆਂ ਨੂੰ ਇਨਸਾਨਾਂ ਦਿਆਂ ਫ਼ਲਸਫ਼ਿਆਂ ਨਾਲ ਰਲਾ ਕਿ ਆਪ ਵੀ ਉਹੀ ਕੁਝ ਕੀਤਾ। ਆਓ ਆਪਾਂ ਬਾਈਬਲ ਤੋਂ ਇਸ ਚੇਤਾਵਨੀ ਵੱਲ ਧਿਆਨ ਦੇਈਏ ਤਾਂਕਿ ਸਾਡੇ ਨਾਲ ਇਵੇਂ ਨਾ ਹੋਵੇ ਕਿ ਅਸੀਂ ‘ਭਰਮਾਉਣ ਵਾਲੀਆਂ ਰੂਹਾਂ ਅਤੇ ਭੂਤਾਂ ਦੀਆਂ ਸਿੱਖਿਆਂ ਵੱਲ ਚਿੱਤ ਲਾ ਕੇ ਨਿਹਚਾ ਤੋਂ ਫਿਰ ਜਾਈਏ।’—1 ਤਿਮੋਥਿਉਸ 4:1.
[ਸਫ਼ੇ 29, 30 ਉੱਤੇ ਤਸਵੀਰਾਂ]
ਭਾਵੇਂ ਕਿ ਟਰਟੂਲੀਅਨ ਨੇ ਫ਼ਲਸਫ਼ਿਆਂ ਦਾ ਵਿਰੋਧ ਕੀਤਾ, ਉਸ ਨੇ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਣ ਲਈ ਇਹੀ ਵਰਤੇ
[ਕ੍ਰੈਡਿਟ ਲਾਈਨ]
ਸਫ਼ੇ 29 ਅਤੇ 30: © Cliché Bibliothèque nationale de France, Paris
[ਸਫ਼ੇ 31 ਉੱਤੇ ਤਸਵੀਰ]
ਸੱਚੇ ਮਸੀਹੀ ਬਾਈਬਲ ਦੀ ਸੱਚਾਈ ਨੂੰ ਮਨੁੱਖਾਂ ਦੇ ਫ਼ਲਸਫ਼ਿਆਂ ਨਾਲ ਨਹੀਂ ਰਲਾਉਂਦੇ