Skip to content

Skip to table of contents

ਪਰਮੇਸ਼ੁਰ ਕੌਣ ਹੈ?

ਪਰਮੇਸ਼ੁਰ ਕੌਣ ਹੈ?

ਪਰਮੇਸ਼ੁਰ ਕੌਣ ਹੈ?

ਇਕ ਵਿਸ਼ਵ-ਕੋਸ਼ ਕਹਿੰਦਾ ਹੈ ਕਿ ‘ਆਮ ਤੌਰ ਤੇ ਲੋਕ ਬ੍ਰਹਿਮੰਡ ਦੀ ਸਭ ਤੋਂ ਮਹਾਨ ਸ਼ਕਤੀ ਨੂੰ ਪਰਮੇਸ਼ੁਰ ਸੱਦਦੇ ਹਨ। ਉਹ ਮੰਨਦੇ ਹਨ ਕਿ ਸਭ ਕੁਝ ਉਸ ਤੋਂ ਹੀ ਪੈਦਾ ਹੁੰਦਾ ਹੈ ਅਤੇ ਲੋਕ ਉਸ ਦੀ ਪੂਜਾ ਕਰਦੇ ਹਨ।’ ਇਕ ਸ਼ਬਦ-ਕੋਸ਼ “ਪਰਮੇਸ਼ੁਰ” ਨੂੰ “ਸਭ ਤੋਂ ਵੱਡੀ ਅਸਲੀਅਤ” ਸੱਦਦਾ ਹੈ। ਇਸ ਅਸਲੀਅਤ ਦਾ ਕਿਹੋ ਜਿਹਾ ਰੂਪ ਹੈ?

ਕੀ ਪਰਮੇਸ਼ੁਰ ਬਿਨਾਂ ਰੂਪ ਇਕ ਸ਼ਕਤੀ ਹੈ ਜਾਂ ਕੀ ਉਹ ਅਸਲੀ ਵਿਅਕਤੀ ਹੈ? ਕੀ ਉਸ ਦਾ ਕੋਈ ਨਾਂ ਵੀ ਹੈ? ਕੀ ਉਹ ਤ੍ਰਿਏਕ ਹੈ, ਜਿਵੇਂ ਕਈ ਲੋਕ ਮੰਨਦੇ ਹਨ? ਅਸੀਂ ਪਰਮੇਸ਼ੁਰ ਨੂੰ ਕਿਸ ਤਰ੍ਹਾਂ ਜਾਣ ਸਕਦੇ ਹਾਂ? ਬਾਈਬਲ ਸਾਨੂੰ ਦੱਸਦੀ ਹੈ ਕਿ “ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ।” ਇਹ ਜਾਣ ਕੇ ਉਸ ਨੂੰ ਭਾਲਣ ਲਈ ਸਾਡਾ ਹੌਸਲਾ ਵਧਦਾ ਹੈ।—ਰਸੂਲਾਂ ਦੇ ਕਰਤੱਬ 17:27.

ਬਿਨਾਂ ਰੂਪ ਇਕ ਸ਼ਕਤੀ ਜਾਂ ਅਸਲੀ ਵਿਅਕਤੀ?

ਆਮ ਤੌਰ ਤੇ ਪਰਮੇਸ਼ੁਰ ਨੂੰ ਮੰਨਣ ਵਾਲੇ ਲੋਕ ਉਸ ਨੂੰ ਇਕ ਸ਼ਕਤੀ ਸਮਝਦੇ ਹਨ ਨਾ ਕਿ ਇਕ ਵਿਅਕਤੀ। ਮਿਸਾਲ ਲਈ ਕਈਆਂ ਸਮਾਜਾਂ ਵਿਚ ਕੁਦਰਤ ਦੀਆਂ ਸ਼ਕਤੀਆਂ ਨੂੰ ਹੀ ਦੇਵੀ-ਦੇਵਤੇ ਸਮਝਿਆ ਜਾਂਦਾ ਹੈ। ਕਈਆਂ ਲੋਕਾਂ ਨੇ ਧਰਤੀ ਉੱਤੇ ਜੀਵਨ ਬਾਰੇ ਅਤੇ ਸਾਡੇ ਵਿਸ਼ਵ ਬਾਰੇ ਕਾਫ਼ੀ ਵਿਗਿਆਨਕ ਖੋਜ ਕਰ ਕੇ ਇਹ ਸਿੱਟਾ ਕੱਢਿਆ ਹੈ ਕਿ ਇਨ੍ਹਾਂ ਸਾਰੀਆਂ ਚੀਜ਼ਾਂ ਪਿੱਛੇ ਜ਼ਰੂਰ ਕਿਸੇ ਸ਼ਕਤੀ ਦਾ ਹੱਥ ਹੈ। ਪਰ ਉਹ ਕਹਿੰਦੇ ਹਨ ਕਿ ਇਸ ਸ਼ਕਤੀ ਦੀ ਕੋਈ ਸ਼ਖ਼ਸੀਅਤ ਨਹੀਂ ਹੈ।

ਪਰ ਕੀ ਸ੍ਰਿਸ਼ਟੀ ਦੀਆਂ ਗੁੰਝਲਦਾਰ ਚੀਜ਼ਾਂ ਸਾਨੂੰ ਇਹ ਨਹੀਂ ਸਿਖਾਉਂਦੀਆਂ ਕਿ ਉਨ੍ਹਾਂ ਨੂੰ ਉਤਪੰਨ ਕਰਨ ਵਾਲਾ ਬਹੁਤ ਹੀ ਬੁੱਧੀਮਾਨ ਹੈ? ਬੁੱਧ ਲਈ ਇਕ ਦਿਮਾਗ਼ ਦੀ ਜ਼ਰੂਰਤ ਹੁੰਦੀ ਹੈ। ਪਰਮੇਸ਼ੁਰ ਦਾ ਹੀ ਵਧੀਆ ਦਿਮਾਗ਼ ਇਸ ਸਾਰੀ ਸ੍ਰਿਸ਼ਟੀ ਲਈ ਜ਼ਿੰਮੇਵਾਰ ਹੈ। ਜੀ ਹਾਂ, ਪਰਮੇਸ਼ੁਰ ਦਾ ਸਰੀਰ ਹੈ, ਪਰ ਸਾਡੇ ਵਰਗਾ ਨਹੀਂ। ਉਸ ਦਾ ਇਕ ਆਤਮਿਕ ਸਰੀਰ ਹੈ। ਬਾਈਬਲ ਦੇ ਅਨੁਸਾਰ “ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਸਰੀਰ ਵੀ ਹੈ।” (1 ਕੁਰਿੰਥੀਆਂ 15:44) ਪਰਮੇਸ਼ੁਰ ਦੇ ਰੂਪ ਬਾਰੇ ਸਮਝਾਉਂਦੇ ਹੋਏ ਬਾਈਬਲ ਕਹਿੰਦੀ ਹੈ ਕਿ “ਪਰਮੇਸ਼ੁਰ ਆਤਮਾ ਹੈ।” (ਯੂਹੰਨਾ 4:24) ਆਤਮਾ ਦਾ ਰੂਪ ਸਾਡੇ ਰੂਪ ਨਾਲੋਂ ਬਹੁਤ ਹੀ ਵੱਖਰਾ ਹੁੰਦਾ ਹੈ ਅਤੇ ਅਸੀਂ ਉਸ ਨੂੰ ਦੇਖ ਨਹੀਂ ਸਕਦੇ। (ਯੂਹੰਨਾ 1:18) ਆਤਮਿਕ ਪ੍ਰਾਣੀ ਵੀ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਨਹੀਂ ਦੇਖ ਸਕਦੇ। ਇਹ “ਪਰਮੇਸ਼ੁਰ ਦੇ ਪੁੱਤ੍ਰ” ਹਨ ਅਤੇ ਇਨ੍ਹਾਂ ਨੂੰ ਦੂਤ ਸੱਦਿਆ ਗਿਆ ਹੈ।—ਅੱਯੂਬ 1:6; 2:1.

ਇਸ ਲਈ ਕਿ ਪਰਮੇਸ਼ੁਰ ਇਕ ਆਤਮਿਕ ਸਰੀਰ ਵਾਲਾ ਅਨਾਦੀ ਵਿਅਕਤੀ ਹੈ, ਅਸੀਂ ਪੂਰੇ ਯਕੀਨ ਨਾਲ ਕਹਿ ਸਕਦੇ ਹਾਂ ਕਿ ਉਸ ਦੇ ਰਹਿਣ ਦੀ ਵੀ ਇਕ ਜਗ੍ਹਾ ਹੈ। ਆਤਮਿਕ ਲੋਕ ਦਾ ਜ਼ਿਕਰ ਕਰਦਿਆਂ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ੁਰ ਆਪਣੇ “ਸੁਰਗੀ ਭਵਨ” ਵਿਚ ਵੱਸਦਾ ਹੈ। (1 ਰਾਜਿਆਂ 8:43) ਨਾਲੇ ਬਾਈਬਲ ਦੇ ਇਕ ਲਿਖਾਰੀ ਪੌਲੁਸ ਨੇ ਕਿਹਾ ਕਿ ‘ਮਸੀਹ ਸੁਰਗ ਵਿੱਚ ਗਿਆ ਭਈ ਹੁਣ ਸਾਡੇ ਲਈ ਪਰਮੇਸ਼ੁਰ ਦੇ ਸਨਮੁਖ ਪੇਸ਼ ਹੋਵੇ।’—ਇਬਰਾਨੀਆਂ 9:24.

ਬਾਈਬਲ ਵਿਚ ਸ਼ਬਦ “ਆਤਮਾ” ਇਕ ਹੋਰ ਤਰੀਕੇ ਵਿਚ ਵੀ ਵਰਤਿਆ ਜਾਂਦਾ ਹੈ। ਪਰਮੇਸ਼ੁਰ ਨੂੰ ਪ੍ਰਾਰਥਨਾ ਵਿਚ ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਤੂੰ ਆਪਣਾ ਆਤਮਾ ਘੱਲਦਾ ਹੈਂ, ਓਹ ਉਤਪੰਨ ਹੋ ਜਾਂਦੇ ਹਨ।” (ਜ਼ਬੂਰ 104:30) ਇਹ ਆਤਮਾ ਪਰਮੇਸ਼ੁਰ ਖ਼ੁਦ ਨਹੀਂ ਹੈ ਪਰ ਇਕ ਸ਼ਕਤੀ ਹੈ ਜੋ ਪਰਮੇਸ਼ੁਰ ਘੱਲਦਾ ਹੈ, ਜਾਂ ਆਪਣੇ ਮਕਸਦ ਪੂਰੇ ਕਰਨ ਲਈ ਵਰਤਦਾ ਹੈ। ਪਰਮੇਸ਼ੁਰ ਨੇ ਧਰਤੀ, ਆਕਾਸ਼, ਅਤੇ ਸਾਰੇ ਜੀਵ-ਜੰਤੂਆਂ ਨੂੰ ਸ੍ਰਿਸ਼ਟ ਕਰਨ ਲਈ ਇਹੀ ਸ਼ਕਤੀ ਵਰਤੀ ਸੀ। (ਉਤਪਤ 1:2; ਜ਼ਬੂਰ 33:6) ਉਸ ਦੀ ਆਤਮਾ ਨੂੰ ਪਵਿੱਤਰ ਆਤਮਾ ਸੱਦਿਆ ਜਾਂਦਾ ਹੈ। ਪਰਮੇਸ਼ੁਰ ਨੇ ਬਾਈਬਲ ਦੇ ਲਿਖਾਰੀਆਂ ਨੂੰ ਆਪਣੀ ਪਵਿੱਤਰ ਆਤਮਾ ਨਾਲ ਪ੍ਰੇਰਿਆ ਸੀ। (2 ਪਤਰਸ 1:20, 21) ਅਸੀਂ ਪਵਿੱਤਰ ਆਤਮਾ ਜਾਂ ਪਰਮੇਸ਼ੁਰ ਦੀ ਇਸ ਸ਼ਕਤੀ ਨੂੰ ਦੇਖ ਨਹੀਂ ਸਕਦੇ ਜਿਸ ਨਾਲ ਉਹ ਆਪਣੇ ਮਕਸਦ ਪੂਰੇ ਕਰਦਾ ਹੈ।

ਪਰਮੇਸ਼ੁਰ ਦਾ ਨਿਆਰਾ ਨਾਂ

ਆਗੂਰ ਨਾਂ ਦੇ ਬਾਈਬਲ ਦੇ ਇਕ ਲਿਖਾਰੀ ਨੇ ਪੁੱਛਿਆ ਕਿ “ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨ੍ਹਿਆ? ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ? ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤ੍ਰ ਦਾ ਕੀ ਨਾਮ ਹੈ?” (ਕਹਾਉਤਾਂ 30:4) ਅਸਲ ਵਿਚ ਆਗੂਰ ਪੁੱਛ ਰਿਹਾ ਸੀ ਕਿ ‘ਕੀ ਤੁਸੀਂ ਉਸ ਇਨਸਾਨ ਜਾਂ ਉਸ ਦੇ ਪਰਿਵਾਰ ਨੂੰ ਜਾਣਦੇ ਹੋ ਜਿਸ ਨੇ ਇਹ ਸਭ ਕੁਝ ਸਾਜਿਆ ਹੈ?’ ਸਿਰਫ਼ ਪਰਮੇਸ਼ੁਰ ਹੀ ਕੁਦਰਤੀ ਸ਼ਕਤੀਆਂ ਨੂੰ ਆਪਣੇ ਕਾਬੂ ਵਿਚ ਰੱਖ ਸਕਦਾ ਹੈ। ਜਦ ਕਿ ਸ੍ਰਿਸ਼ਟੀ ਤੋਂ ਸਾਨੂੰ ਪਰਮੇਸ਼ੁਰ ਬਾਰੇ ਕਾਫ਼ੀ ਸਬੂਤ ਮਿਲਦਾ ਹੈ, ਇਹ ਸਾਨੂੰ ਪਰਮੇਸ਼ੁਰ ਦਾ ਨਾਂ ਨਹੀਂ ਦੱਸ ਸਕਦੀ। ਅਸਲ ਵਿਚ ਅਸੀਂ ਪਰਮੇਸ਼ੁਰ ਦਾ ਨਾਂ ਕਦੇ ਵੀ ਨਹੀਂ ਜਾਣ ਸਕਦੇ ਸੀ ਜੇਕਰ ਉਹ ਆਪ ਹੀ ਸਾਨੂੰ ਇਹ ਪ੍ਰਗਟ ਨਾ ਕਰਦਾ। ਲੇਕਿਨ ਉਸ ਨੇ ਸਾਨੂੰ ਆਪਣਾ ਨਾਂ ਪ੍ਰਗਟ ਕੀਤਾ ਹੈ। ਸਾਡਾ ਸ੍ਰਿਸ਼ਟੀਕਰਤਾ ਕਹਿੰਦਾ ਹੈ ਕਿ “ਮੈਂ ਯਹੋਵਾਹ ਹਾਂ, ਏਹੋ ਈ ਮੇਰਾ ਨਾਮ ਹੈ।”—ਯਸਾਯਾਹ 42:8.

ਇਬਰਾਨੀ ਸ਼ਾਸਤਰ ਵਿਚ ਪਰਮੇਸ਼ੁਰ ਦਾ ਨਿਆਰਾ ਨਾਂ ਤਕਰੀਬਨ 7,000 ਵਾਰ ਪਾਇਆ ਜਾਂਦਾ ਹੈ। ਯਿਸੂ ਮਸੀਹ ਨੇ ਇਸ ਨਾਂ ਬਾਰੇ ਦੂਜਿਆਂ ਨੂੰ ਪ੍ਰਚਾਰ ਕੀਤਾ ਅਤੇ ਇਸ ਨਾਂ ਦੀ ਵਡਿਆਈ ਕੀਤੀ ਸੀ। (ਯੂਹੰਨਾ 17:6, 26) ਬਾਈਬਲ ਦੀ ਅਖ਼ੀਰਲੀ ਪੋਥੀ ਵਿਚ ਇਸ ਨਾਂ ਦਾ ਛੋਟਾ ਰੂਪ “ਯਾਹ,” “ਹਲਲੂਯਾਹ” ਸ਼ਬਦ ਵਿਚ ਪਾਇਆ ਜਾਂਦਾ ਹੈ ਜਿਸ ਸ਼ਬਦ ਦਾ ਅਰਥ ਹੈ “ਯਾਹ ਦੀ ਉਸਤਤ ਕਰੋ।” (ਪਰਕਾਸ਼ ਦੀ ਪੋਥੀ 19:1-6) ਪਰ ਅੱਜ-ਕੱਲ੍ਹ ਕਈਆਂ ਬਾਈਬਲਾਂ ਵਿਚ ਇਹ ਨਾਂ ਹੈ ਹੀ ਨਹੀਂ। ਇਸ ਨਾਂ ਦੇ ਥਾਂ ਤੇ ਉਨ੍ਹਾਂ ਵਿਚ ਸਿਰਫ਼ “ਪ੍ਰਭੂ” ਜਾਂ “ਪਰਮੇਸ਼ੁਰ” ਹੀ ਵਰਤਿਆ ਗਿਆ ਹੈ। ਕੁਝ ਵਿਦਵਾਨ ਕਹਿੰਦੇ ਹਨ ਕਿ ਪਰਮੇਸ਼ੁਰ ਦੇ ਨਾਂ ਨੂੰ ਸ਼ਾਇਦ ਯਾਹਵੇਹ ਉਚਾਰਿਆ ਜਾਂਦਾ ਸੀ।

ਸੰਸਾਰ ਵਿਚ ਸਰਬਸ਼ਕਤੀਮਾਨ ਦੇ ਨਾਂ ਬਾਰੇ ਇੰਨੇ ਵੱਖਰੇ-ਵੱਖਰੇ ਵਿਚਾਰ ਕਿਉਂ ਹਨ? ਇਹ ਮਸਲਾ ਸਦੀਆਂ ਪੁਰਾਣਾ ਹੈ ਜਦੋਂ ਯਹੂਦੀ ਲੋਕਾਂ ਨੇ ਵਹਿਮ ਕਾਰਨ ਪਰਮੇਸ਼ੁਰ ਦਾ ਨਾਂ ਲੈਣਾ ਛੱਡ ਦਿੱਤਾ ਸੀ। ਉਹ ਇਬਰਾਨੀ ਵਿਚ “ਸਰਬਸ਼ਕਤੀਮਾਨ ਪ੍ਰਭੂ” ਕਹਿਣ ਲੱਗ ਪਏ ਜਦੋਂ ਵੀ ਪੋਥੀਆਂ ਵਿਚ ਪਰਮੇਸ਼ੁਰ ਦਾ ਨਾਂ ਆਉਂਦਾ ਸੀ। ਇਹ ਦੇਖਦਿਆਂ ਕਿ ਬਾਈਬਲੀ ਇਬਰਾਨੀ ਸ੍ਵਰ-ਅੱਖਰਾਂ ਤੋਂ ਬਿਨਾਂ ਲਿਖੀ ਜਾਂਦੀ ਸੀ, ਇਹ ਸਹੀ-ਸਹੀ ਜਾਣਨਾ ਮੁਸ਼ਕਲ ਹੈ ਕਿ ਮੂਸਾ, ਦਾਊਦ, ਜਾਂ ਪ੍ਰਾਚੀਨ ਸਮਿਆਂ ਦੇ ਦੂਜੇ ਲੋਕ ਕਿਸ ਤਰ੍ਹਾਂ ਇਸ ਨਾਂ ਨੂੰ ਕਹਿੰਦੇ ਸਨ। ਪਰ ਪੰਜਾਬੀ ਭਾਸ਼ਾ ਵਿਚ ਪਰਮੇਸ਼ੁਰ ਦਾ ਨਾਂ ਯਹੋਵਾਹ ਕਈ ਸਦੀਆਂ ਤੋਂ ਸੁਣਿਆ ਗਿਆ ਹੈ। ਦੂਜੀਆਂ ਭਾਸ਼ਾਵਾਂ ਵਿਚ ਵੀ ਇਹ ਨਾਂ ਇਵੇਂ ਹੀ ਕਿਹਾ ਜਾਂਦਾ ਹੈ।—ਕੂਚ 6:3; ਯਸਾਯਾਹ 26:4.

ਭਾਵੇਂ ਕਿ ਸਾਨੂੰ ਇਹ ਚੰਗੀ ਤਰ੍ਹਾਂ ਨਹੀਂ ਪਤਾ ਕਿ ਪ੍ਰਾਚੀਨ ਇਬਰਾਨੀ ਵਿਚ ਇਹ ਨਾਂ ਕਿਵੇਂ ਕਿਹਾ ਜਾਂਦਾ ਸੀ, ਅਸੀਂ ਇਸ ਦਾ ਅਰਥ ਜਾਣਦੇ ਹਾਂ। ਹਾਂ ਇਸ ਦਾ ਅਰਥ ਹੈ “ਉਹ ਬਣਾਉਂਦਾ ਹੈ।” ਇਸ ਤਰ੍ਹਾਂ ਯਹੋਵਾਹ ਪਰਮੇਸ਼ੁਰ ਆਪਣੇ ਆਪ ਨੂੰ ਮਹਾਨ ਕਰਤਾਪੂਰਖ ਵਜੋਂ ਪ੍ਰਗਟ ਕਰਦਾ ਹੈ ਅਤੇ ਆਪਣੇ ਮਕਸਦਾਂ ਅਤੇ ਇਰਾਦਿਆਂ ਨੂੰ ਅਸਲੀਅਤ ਬਣਾਉਣ ਦਾ ਵਾਅਦਾ ਕਰਦਾ ਹੈ। ਸਿਰਫ਼ ਉਸ ਸੱਚੇ ਪਰਮੇਸ਼ੁਰ ਦਾ ਹੀ ਇਸ ਨਾਂ ਉੱਤੇ ਹੱਕ ਹੈ ਜਿਸ ਕੋਲ ਇਹ ਵਾਅਦਾ ਨਿਭਾਉਣ ਦੀ ਸ਼ਕਤੀ ਹੈ।—ਯਸਾਯਾਹ 55:11.

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਸਰਬਸ਼ਕਤੀਮਾਨ ਪਰਮੇਸ਼ੁਰ ਦਾ ਨਾਂ ਯਹੋਵਾਹ ਉਸ ਨੂੰ ਦੂਜਿਆਂ ਦੇਵਤਿਆਂ ਤੋਂ ਵੱਖਰਾ ਕਰਦਾ ਹੈ। ਇਸੇ ਕਰਕੇ ਇਹ ਨਾਂ ਬਾਈਬਲ ਵਿਚ ਇੰਨੀ ਵਾਰ ਪਾਇਆ ਜਾਂਦਾ ਹੈ। ਜਦ ਕਿ ਬਾਈਬਲ ਦੇ ਕਈ ਤਰਜਮੇ ਇਹ ਨਾਂ ਨਹੀਂ ਵਰਤਦੇ, ਜ਼ਬੂਰਾਂ ਦੀ ਪੋਥੀ 83:18 ਵਿਚ ਸਾਫ਼-ਸਾਫ਼ ਇਹ ਲਿਖਿਆ ਹੋਇਆ ਹੈ ਕਿ “ਤੂੰ ਹੀ ਜਿਹ ਦਾ ਨਾਮ ਯਹੋਵਾਹ ਹੈ ਸਾਰੀ ਧਰਤੀ ਉੱਤੇ ਅੱਤ ਮਹਾਨ ਹੈਂ!” ਆਪਣੀ ਪ੍ਰਚਾਰ ਦੀ ਸੇਵਾ ਦੌਰਾਨ, ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਸੀ ਕਿ “ਤੁਸੀਂ ਇਸ ਬਿਧ ਨਾਲ ਪ੍ਰਾਰਥਨਾ ਕਰੋ,—ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਇਸ ਲਈ ਪ੍ਰਾਰਥਨਾ ਕਰਦਿਆਂ ਜਾਂ ਲੋਕਾਂ ਨਾਲ ਉਸ ਬਾਰੇ ਗੱਲਾਂ ਕਰਦਿਆਂ ਸਾਨੂੰ ਪਰਮੇਸ਼ੁਰ ਦਾ ਨਾਂ ਵਰਤਣਾ ਚਾਹੀਦਾ ਹੈ। ਸਾਨੂੰ ਉਸ ਦੀ ਉਸਤਤ ਕਰਨੀ ਚਾਹੀਦੀ ਹੈ।

ਕੀ ਯਿਸੂ ਪਰਮੇਸ਼ੁਰ ਹੈ?

ਯਹੋਵਾਹ ਪਰਮੇਸ਼ੁਰ ਸਾਨੂੰ ਸਾਫ਼-ਸਾਫ਼ ਦੱਸਦਾ ਹੈ ਕਿ ਯਿਸੂ ਕੌਣ ਹੈ। ਮੱਤੀ ਦੀ ਇੰਜੀਲ ਸਾਨੂੰ ਦੱਸਦੀ ਹੈ ਕਿ ਯਿਸੂ ਦੇ ਬਪਤਿਸਮੇ ਤੋਂ ਬਾਅਦ “ਇੱਕ ਸੁਰਗੀ ਬਾਣੀ ਆਈ ਕਿ ਇਹ ਮੇਰਾ ਪਿਆਰਾ ਪੁੱਤ੍ਰ ਹੈ ਜਿਸ ਤੋਂ ਮੈਂ ਪਰਸਿੰਨ ਹਾਂ।” (ਮੱਤੀ 3:16, 17) ਜੀ ਹਾਂ, ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ।

ਪਰ ਕੁਝ ਧਾਰਮਿਕ ਲੋਕ ਮੰਨਦੇ ਹਨ ਕਿ ਯਿਸੂ ਹੀ ਪਰਮੇਸ਼ੁਰ ਹੈ। ਦੂਜੇ ਮੰਨਦੇ ਹਨ ਕਿ ਪਰਮੇਸ਼ੁਰ ਤ੍ਰਿਏਕ ਹੈ। ਇਸ ਸਿੱਖਿਆ ਅਨੁਸਾਰ, “ਪਿਤਾ, ਪੁੱਤਰ, ਤੇ ਪਵਿੱਤਰ ਆਤਮਾ ਪਰਮੇਸ਼ੁਰ ਹਨ, ਪਰ ਪਰਮੇਸ਼ੁਰ ਇੱਕੋ ਹੈ, ਤਿੰਨ ਨਹੀਂ।” ਇਕ ਕੈਥੋਲਿਕ ਕੋਸ਼ ਅਨੁਸਾਰ ਇਹ ਮੰਨਿਆ ਜਾਂਦਾ ਹੈ ਕਿ ਉਹ ਤਿੰਨੋਂ ‘ਸਦਾ ਇਕੱਠੇ ਅਤੇ ਬਰਾਬਰ ਹਨ।’ ਕੀ ਐਸੇ ਵਿਚਾਰ ਸਹੀ ਹਨ?

ਯਹੋਵਾਹ ਬਾਰੇ ਬਾਈਬਲ ਕਹਿੰਦੀ ਹੈ ਕਿ “ਆਦ ਤੋਂ ਅੰਤ ਤੀਕ ਤੂੰ ਹੀ ਪਰਮੇਸ਼ੁਰ ਹੈਂ।” (ਜ਼ਬੂਰ 90:2) ਉਹ ‘ਜੁੱਗਾਂ ਦਾ ਮਹਾਰਾਜ’ ਹੈ ਜਿਸ ਦਾ ਨਾ ਕੋਈ ਸ਼ੁਰੂ ਅਤੇ ਨਾ ਹੀ ਕੋਈ ਅੰਤ ਹੈ। (1 ਤਿਮੋਥਿਉਸ 1:17) ਪਰ ਯਿਸੂ “ਸਾਰੀ ਸਰਿਸ਼ਟ ਵਿੱਚੋਂ ਜੇਠਾ ਹੈ,” ਅਤੇ “ਪਰਮੇਸ਼ੁਰ ਦੀ ਸਰਿਸ਼ਟ ਦਾ ਮੁੱਢ ਹੈ।” (ਕੁਲੁੱਸੀਆਂ 1:13-15; ਪਰਕਾਸ਼ ਦੀ ਪੋਥੀ 3:14) ਯਿਸੂ ਨੇ ਆਪਣੇ ਪਿਤਾ ਨੂੰ ਪਰਮੇਸ਼ੁਰ ਸੱਦਿਆ ਅਤੇ ਕਿਹਾ ਕਿ “ਪਿਤਾ ਮੈਥੋਂ ਵੱਡਾ ਹੈ।” (ਯੂਹੰਨਾ 14:28) ਯਿਸੂ ਨੇ ਇਹ ਵੀ ਸਮਝਾਇਆ ਕਿ ਕਈ ਗੱਲਾਂ ਐਸੀਆਂ ਸਨ ਜੋ ਨਾ ਉਹ ਅਤੇ ਨਾ ਹੀ ਦੂਤ ਜਾਣਦੇ ਸਨ ਪਰ ਕੇਵਲ ਪਰਮੇਸ਼ੁਰ ਹੀ ਜਾਣਦਾ ਸੀ। (ਮਰਕੁਸ 13:32) ਇਸ ਦੇ ਇਲਾਵਾ ਯਿਸੂ ਨੇ ਆਪਣੇ ਪਿਤਾ ਨੂੰ ਪ੍ਰਾਰਥਨਾ ਵਿਚ ਕਿਹਾ ਕਿ “ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ।” (ਲੂਕਾ 22:42) ਜੇ ਉਹ ਆਪਣੇ ਆਪ ਤੋਂ ਕਿਸੇ ਵਡੇਰੇ ਵਿਅਕਤੀ ਨੂੰ ਨਹੀਂ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਹ ਕਿਹ ਨੂੰ ਪ੍ਰਾਰਥਨਾ ਕਰ ਰਿਹਾ ਸੀ? ਅਤੇ ਪਰਮੇਸ਼ੁਰ ਹੀ ਸੀ ਜਿਸ ਨੇ ਯਿਸੂ ਨੂੰ ਮੌਤ ਤੋਂ ਜੀ ਉਠਾਇਆ ਸੀ, ਨਾ ਕਿ ਯਿਸੂ ਨੇ ਆਪਣੇ ਆਪ ਨੂੰ ਜੀ ਉਠਾਇਆ ਸੀ।—ਰਸੂਲਾਂ ਦੇ ਕਰਤੱਬ 2:32.

ਤਾਂ ਫਿਰ ਬਾਈਬਲ ਅਨੁਸਾਰ ਯਹੋਵਾਹ ਸਰਬਸ਼ਕਤੀਮਾਨ ਪਰਮੇਸ਼ੁਰ ਹੈ ਅਤੇ ਯਿਸੂ ਉਸ ਦਾ ਪੁੱਤਰ ਹੈ। ਯਿਸੂ ਦੇ ਇਸ ਧਰਤੀ ਉੱਤੇ ਆਉਣ ਤੋਂ ਪਹਿਲਾਂ ਜਾਂ ਉਸ ਦੀ ਪ੍ਰਚਾਰ ਸੇਵਾ ਦੌਰਾਨ, ਪਿਤਾ ਅਤੇ ਪੁੱਤਰ ਦੋਵੇਂ ਕਦੇ ਵੀ ਬਰਾਬਰ ਨਹੀਂ ਸਨ। ਉਸ ਦੇ ਜੀ ਉਠਾਏ ਜਾਣ ਤੋਂ ਬਾਅਦ ਵੀ ਯਿਸੂ ਆਪਣੇ ਪਿਤਾ ਦੇ ਬਰਾਬਰ ਨਹੀਂ ਸੀ। (1 ਕੁਰਿੰਥੀਆਂ 11:3; 15:28) ਪਵਿੱਤਰ ਆਤਮਾ ਤ੍ਰਿਏਕ ਦਾ ਤੀਜਾ ਹਿੱਸਾ ਸਮਝਿਆ ਜਾਂਦਾ ਹੈ, ਪਰ ਜਿਸ ਤਰ੍ਹਾਂ ਅਸੀਂ ਦੇਖ ਚੁੱਕੇ ਹਾਂ ਇਹ ਇਕ ਵਿਅਕਤੀ ਨਹੀਂ ਹੈ। ਸਗੋਂ ਇਹ ਇਕ ਸ਼ਕਤੀ ਹੈ ਜੋ ਪਰਮੇਸ਼ੁਰ ਆਪਣੇ ਇਰਾਦੇ ਪੂਰੇ ਕਰਨ ਲਈ ਵਰਤਦਾ ਹੈ। ਜੀ ਹਾਂ, ਤ੍ਰਿਏਕ ਦੀ ਸਿੱਖਿਆ ਬਾਈਬਲ ਤੋਂ ਨਹੀਂ ਹੈ। ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।”—ਬਿਵਸਥਾ ਸਾਰ 6:4.

ਪਰਮੇਸ਼ੁਰ ਨੂੰ ਹੋਰ ਵੀ ਬਿਹਤਰ ਜਾਣੋ

ਪਰਮੇਸ਼ੁਰ ਨਾਲ ਪ੍ਰੇਮ ਕਰਨ ਅਤੇ ਸਿਰਫ਼ ਉਸ ਦੀ ਭਗਤੀ ਕਰਨ ਲਈ, ਜਿਸ ਦੇ ਉਹ ਯੋਗ ਹੈ, ਸਾਨੂੰ ਉਸ ਨੂੰ ਚੰਗੀ ਤਰ੍ਹਾਂ ਜਾਣਨ ਦੀ ਜ਼ਰੂਰਤ ਹੈ। ਅਸੀਂ ਪਰਮੇਸ਼ੁਰ ਨੂੰ ਹੋਰ ਵੀ ਬਿਹਤਰ ਕਿਸ ਤਰ੍ਹਾਂ ਜਾਣ ਸਕਦੇ ਹਾਂ? ਬਾਈਬਲ ਕਹਿੰਦੀ ਹੈ: “ਜਗਤ ਦੇ ਉਤਪਤ ਹੋਣ ਤੋਂ ਉਹ ਦਾ ਅਣਡਿੱਠ ਸੁਭਾਉ ਅਰਥਾਤ ਉਹ ਦੀ ਅਨਾਦੀ ਸਮਰੱਥਾ ਅਤੇ ਈਸ਼ੁਰਤਾਈ ਉਹ ਦੀ ਰਚਨਾ ਤੋਂ ਚੰਗੀ ਤਰਾਂ ਦਿੱਸ ਪੈਂਦੀ ਹੈ।” (ਰੋਮੀਆਂ 1:20) ਪਰਮੇਸ਼ੁਰ ਨੂੰ ਹੋਰ ਵੀ ਬਿਹਤਰ ਜਾਣਨ ਦਾ ਇਕ ਤਰੀਕਾ ਹੈ ਕਿ ਅਸੀਂ ਉਸ ਦੀਆਂ ਰਚਨਾਵਾਂ ਦੀ ਕਦਰ ਕਰਨ ਦੇ ਨਾਲ-ਨਾਲ ਉਨ੍ਹਾਂ ਉੱਤੇ ਚੰਗੀ ਤਰ੍ਹਾਂ ਗੌਰ ਕਰੀਏ।

ਪਰ ਸਾਨੂੰ ਰਚਨਾ ਤੋਂ ਹੀ ਨਹੀਂ ਸਭ ਕੁਝ ਪਤਾ ਚੱਲਦਾ ਜੋ ਸਾਨੂੰ ਪਰਮੇਸ਼ੁਰ ਬਾਰੇ ਜਾਣਨ ਦੀ ਲੋੜ ਹੈ। ਮਿਸਾਲ ਲਈ, ਸਾਨੂੰ ਇਹ ਬਾਈਬਲ ਤੋਂ ਹੀ ਪਤਾ ਚੱਲ ਸਕਦਾ ਹੈ ਕਿ ਪਰਮੇਸ਼ੁਰ ਇਕ ਅਸਲੀ ਆਤਮਿਕ ਵਿਅਕਤੀ ਹੈ ਜਿਸ ਦਾ ਇਕ ਨਿਆਰਾ ਨਾਂ ਹੈ। ਅਸਲ ਵਿਚ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣਨ ਲਈ ਬਾਈਬਲ ਦਾ ਅਧਿਐਨ ਕਰਨਾ ਹੀ ਸਭ ਤੋਂ ਵਧੀਆ ਤਰੀਕਾ ਹੈ। ਬਾਈਬਲ ਵਿਚ ਯਹੋਵਾਹ ਸਾਨੂੰ ਦੱਸਦਾ ਹੈ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ੁਰ ਹੈ। ਉਹ ਸਾਨੂੰ ਆਪਣੇ ਮਕਸਦ ਬਾਰੇ ਦੱਸਦਾ ਹੈ ਅਤੇ ਆਪਣੇ ਤੌਰ-ਤਰੀਕਿਆਂ ਬਾਰੇ ਵੀ ਸਿੱਖਿਆ ਦਿੰਦਾ ਹੈ। (ਆਮੋਸ 3:7; 2 ਤਿਮੋਥਿਉਸ 3:16, 17) ਅਸੀਂ ਕਿੰਨੇ ਖ਼ੁਸ਼ ਹਾਂ ਕਿ ਪਰਮੇਸ਼ੁਰ ਚਾਹੁੰਦਾ ਹੈ ਕਿ ਮਨੁੱਖ “ਸਤ ਦੇ ਗਿਆਨ ਤੀਕ ਪਹੁੰਚਣ” ਤਾਂਕਿ ਉਹ ਉਸ ਦੇ ਪ੍ਰੇਮ ਭਰੇ ਪ੍ਰਬੰਧਾਂ ਤੋਂ ਲਾਭ ਉਠਾ ਸਕਣ! (1 ਤਿਮੋਥਿਉਸ 2:4) ਫਿਰ ਆਓ ਆਪਾਂ ਯਹੋਵਾਹ ਬਾਰੇ ਪੂਰੀ ਸਿੱਖਿਆ ਲੈਣ ਲਈ ਪੂਰਾ ਜਤਨ ਕਰੀਏ।

[ਸਫ਼ੇ 5 ਉੱਤੇ ਤਸਵੀਰ]

ਪਰਮੇਸ਼ੁਰ ਨੇ ਆਪਣੀ ਪਵਿੱਤਰ ਆਤਮਾ ਰਾਹੀਂ ਧਰਤੀ ਨੂੰ ਰਚਿਆ ਅਤੇ ਬਾਈਬਲ ਲਿਖਾਉਣ ਲਈ ਮਨੁੱਖਾਂ ਨੂੰ ਪ੍ਰੇਰਿਆ

[ਸਫ਼ੇ 5 ਉੱਤੇ ਤਸਵੀਰ]

ਸਵਰਗ ਤੋਂ ਇਕ ਬਾਣੀ ਆਈ ਕਿ ‘ਇਹ ਮੇਰਾ ਪੁੱਤ੍ਰ ਹੈ’

[ਸਫ਼ੇ 7 ਉੱਤੇ ਤਸਵੀਰ]

ਯਿਸੂ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ ਜੋ ਵਿਅਕਤੀ ਉਸ ਤੋਂ ਵਡੇਰਾ ਹੈ

[ਸਫ਼ੇ 7 ਉੱਤੇ ਤਸਵੀਰ]

ਯਿਸੂ ਨੇ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸਿਆ

[ਸਫ਼ੇ 7 ਉੱਤੇ ਤਸਵੀਰ]

ਅਸੀਂ ਪਰਮੇਸ਼ੁਰ ਨੂੰ ਹੋਰ ਵੀ ਬਿਹਤਰ ਜਾਣ ਸਕਦੇ ਹਾਂ