ਯਹੋਵਾਹ ਦੀ ਪ੍ਰੇਮ-ਭਰੀ-ਦਇਆ ਤੋਂ ਲਾਭ ਪ੍ਰਾਪਤ ਕਰਨਾ
ਯਹੋਵਾਹ ਦੀ ਪ੍ਰੇਮ-ਭਰੀ-ਦਇਆ ਤੋਂ ਲਾਭ ਪ੍ਰਾਪਤ ਕਰਨਾ
“ਜੋ ਕੋਈ ਬੁੱਧਵਾਨ ਹੈ ਉਹ ਏਹਨਾਂ ਗੱਲਾਂ ਨੂੰ ਮੰਨੇਗਾ, ਅਤੇ ਯਹੋਵਾਹ ਦੀ ਦਯਾ [ਯਾਨੀ ਪ੍ਰੇਮ-ਭਰੀ-ਦਇਆ] ਉੱਤੇ ਧਿਆਨ ਲਾਵੇਗਾ।”—ਜ਼ਬੂਰ 107:43.
1. ਇਬਰਾਨੀ ਸ਼ਬਦ ਜਿਸ ਦਾ ਤਰਜਮਾ ਪ੍ਰੇਮ-ਭਰੀ-ਦਇਆ ਕੀਤਾ ਗਿਆ ਹੈ, ਬਾਈਬਲ ਵਿਚ ਪਹਿਲੀ ਵਾਰ ਕਿੱਥੇ ਪਾਇਆ ਜਾਂਦਾ ਹੈ, ਅਤੇ ਇਸ ਗੁਣ ਸੰਬੰਧੀ ਅਸੀਂ ਕਿਨ੍ਹਾਂ ਸਵਾਲਾਂ ਵੱਲ ਧਿਆਨ ਦੇਵਾਂਗੇ?
ਕੁਝ 4,000 ਸਾਲ ਪਹਿਲਾਂ ਅਬਰਾਹਾਮ ਦੇ ਭਤੀਜੇ ਲੂਤ ਨੇ ਯਹੋਵਾਹ ਬਾਰੇ ਇਹ ਕਿਹਾ ਕਿ “ਤੁਸਾਂ ਆਪਣੀ ਦਯਾ [ਪ੍ਰੇਮ-ਭਰੀ-ਦਇਆ] ਨੂੰ . . . ਵਧਾਇਆ ਹੈ।” (ਉਤਪਤ 19:19) ਬਾਈਬਲ ਵਿਚ ਇਹ ਪਹਿਲੀ ਆਇਤ ਹੈ ਜਿਸ ਵਿਚ ਪ੍ਰੇਮ-ਭਰੀ-ਦਇਆ ਅਨੁਵਾਦ ਕੀਤਾ ਇਬਰਾਨੀ ਸ਼ਬਦ ਪਾਇਆ ਜਾਂਦਾ ਹੈ। ਯਾਕੂਬ, ਨਾਓਮੀ, ਦਾਊਦ, ਅਤੇ ਪਰਮੇਸ਼ੁਰ ਦੇ ਹੋਰਨਾਂ ਸੇਵਕਾਂ ਨੇ ਵੀ ਇਸ ਗੁਣ ਬਾਰੇ ਗੱਲ ਕੀਤੀ ਸੀ। (ਉਤਪਤ 32:10; ਰੂਥ 1:8; 2 ਸਮੂਏਲ 2:6) ਦਰਅਸਲ ਇਹ ਇਬਰਾਨੀ ਸ਼ਬਦ ਬਾਈਬਲ ਦੀਆਂ ਮੁਢਲੀਆਂ ਇਬਰਾਨੀ ਲਿਖਤਾਂ ਵਿਚ ਕੁਝ 250 ਵਾਰ ਪਾਇਆ ਜਾਂਦਾ ਹੈ। ਪਰ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਕੀ ਹੈ? ਇਹ ਪਿਛਲਿਆਂ ਸਮਿਆਂ ਵਿਚ ਕਿਨ੍ਹਾਂ ਉੱਤੇ ਕੀਤੀ ਗਈ ਸੀ? ਅਤੇ ਸਾਨੂੰ ਇਸ ਗੁਣ ਤੋਂ ਕੀ ਲਾਭ ਹੁੰਦਾ ਹੈ?
2. ਜਿਸ ਇਬਰਾਨੀ ਸ਼ਬਦ ਬਾਰੇ ਗੱਲ ਕੀਤੀ ਗਈ ਹੈ ਉਸ ਦਾ ਅਰਥ ਸਮਝਾਉਣਾ ਇੰਨਾ ਔਖਾ ਕਿਉਂ ਹੈ, ਅਤੇ ਇਸ ਦਾ ਤਰਜਮਾ ਕਿਵੇਂ ਕੀਤਾ ਜਾ ਸਕਦਾ ਹੈ?
2 ਜਿਸ ਇਬਰਾਨੀ ਸ਼ਬਦ ਦਾ ਤਰਜਮਾ ਅਸੀਂ ਪ੍ਰੇਮ-ਭਰੀ-ਦਇਆ ਕੀਤਾ ਹੈ ਉਸ ਸ਼ਬਦ ਦਾ ਅਰਥ ਇੰਨਾ ਡੂੰਘਾ ਹੈ ਕਿ ਜ਼ਿਆਦਾਤਰ ਭਾਸ਼ਾਵਾਂ ਵਿਚ ਇਸ ਦਾ ਤਰਜਮਾ ਸਿਰਫ਼ ਇੱਕੋ ਸ਼ਬਦ ਨਾਲ ਨਹੀਂ ਕੀਤਾ ਜਾ ਸਕਦਾ। ਇਸ ਲਈ “ਦਯਾ,” “ਭਲਿਆਈ,” “ਕਿਰਪਾ,” ਅਤੇ “ਨੇਕੀ” ਵਰਗੇ ਸ਼ਬਦ ਜੋ ਪੰਜਾਬੀ ਬਾਈਬਲ ਵਿਚ ਵਰਤੇ ਗਏ ਹਨ ਅਤੇ “ਪਿਆਰ” ਤੇ “ਵਫ਼ਾਦਾਰੀ” ਵਰਗੇ ਸ਼ਬਦ ਇਸ ਗੁਣ ਦਾ ਪੂਰਾ ਮਤਲਬ ਨਹੀਂ ਸਮਝਾਉਂਦੇ। ਲੇਕਿਨ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਵਿਚ ਇਸ ਇਬਰਾਨੀ ਸ਼ਬਦ ਦਾ ਤਰਜਮਾ “ਪ੍ਰੇਮ-ਭਰੀ-ਦਇਆ” ਕਾਫ਼ੀ ਹੱਦ ਤਕ ਇਸ ਦਾ ਪੂਰਾ ਅਰਥ ਸ਼ਾਮਲ ਕਰਦਾ ਹੈ।—ਕੂਚ 15:13; ਜ਼ਬੂਰ 5:7.
ਪਿਆਰ ਅਤੇ ਵਫ਼ਾਦਾਰੀ ਤੋਂ ਵੱਖਰਾ
3. ਪ੍ਰੇਮ-ਭਰੀ-ਦਇਆ ਅਤੇ ਪਿਆਰ ਵਿਚ ਕੀ ਫ਼ਰਕ ਹੈ?
3 ਪ੍ਰੇਮ-ਭਰੀ-ਦਇਆ ਇਕ ਅਜਿਹਾ ਗੁਣ ਹੈ ਜੋ ਪਿਆਰ ਅਤੇ ਵਫ਼ਾਦਾਰੀ ਨਾਲ ਗਹਿਰਾ ਸੰਬੰਧ ਰੱਖਦਾ ਹੈ। ਪਰ ਇਹ ਗੁਣ ਇਨ੍ਹਾਂ ਗੁਣਾਂ ਨਾਲੋਂ ਮਹੱਤਵਪੂਰਣ ਤਰੀਕਿਆਂ ਵਿਚ ਵੱਖਰਾ ਵੀ ਹੈ। ਧਿਆਨ ਦਿਓ ਕਿ ਪ੍ਰੇਮ-ਭਰੀ-ਦਇਆ ਅਤੇ ਪਿਆਰ ਵਿਚ ਕੀ ਫ਼ਰਕ ਹੈ। ਪਿਆਰ ਚੀਜ਼ਾਂ ਨਾਲ ਕੀਤਾ ਜਾ ਸਕਦਾ ਹੈ। ਬਾਈਬਲ ਵਿਚ “ਮੈ ਅਤੇ ਤੇਲ ਨੂੰ ਪਿਆਰ” ਕਰਨ ਅਤੇ “ਬੁੱਧ ਨਾਲ ਪ੍ਰੀਤ” ਲਾਉਣ ਬਾਰੇ ਗੱਲ ਕੀਤੀ ਗਈ ਹੈ। (ਕਹਾਉਤਾਂ 21:17; 29:3) ਪਰ ਪ੍ਰੇਮ-ਭਰੀ-ਦਇਆ ਬੇਜਾਨ ਚੀਜ਼ਾਂ ਉੱਤੇ ਨਹੀਂ ਸਗੋਂ ਇਨਸਾਨਾਂ ਉੱਤੇ ਕੀਤੀ ਜਾਂਦੀ ਹੈ। ਮਿਸਾਲ ਲਈ ਕੂਚ 20:6 ਵਿਚ ਯਹੋਵਾਹ ਕਹਿੰਦਾ ਹੈ ਕਿ ਮੈਂ “ਹਜ਼ਾਰਾਂ ਉੱਤੇ . . . ਦਯਾ [ਯਾਨੀ ਪ੍ਰੇਮ-ਭਰੀ-ਦਇਆ] ਕਰਦਾ ਹਾਂ।” ਇੱਥੇ ਇਨਸਾਨਾਂ ਬਾਰੇ ਗੱਲ ਕੀਤੀ ਗਈ ਹੈ।
4. ਪ੍ਰੇਮ-ਭਰੀ-ਦਇਆ ਅਤੇ ਵਫ਼ਾਦਾਰੀ ਵਿਚ ਕੀ ਫ਼ਰਕ ਹੈ?
4 “ਪ੍ਰੇਮ-ਭਰੀ-ਦਇਆ” ਦਾ “ਵਫ਼ਾਦਾਰੀ” ਨਾਲੋਂ ਵੀ ਗਹਿਰਾ ਅਰਥ ਹੈ। ਕੁਝ ਭਾਸ਼ਾਵਾਂ ਵਿਚ “ਵਫ਼ਾਦਾਰੀ” ਸ਼ਬਦ ਆਮ ਤੌਰ ਤੇ ਇਕ ਸੇਵਕ ਦੇ ਆਪਣੇ ਮਾਲਕ ਪ੍ਰਤੀ ਰਵੱਈਆ ਸਮਝਾਉਣ ਲਈ ਵਰਤਿਆ ਜਾਂਦਾ ਹੈ। ਪਰ ਇਕ ਪ੍ਰੋਫ਼ੈਸਰਾਨੀ ਨੇ ਕਿਹਾ ਕਿ ਬਾਈਬਲ ਦੇ ਅਨੁਸਾਰ ਪ੍ਰੇਮ-ਭਰੀ-ਦਇਆ “ਆਮ ਤੌਰ ਤੇ ਮਾਲਕ ਦੁਆਰਾ ਆਪਣੇ ਸੇਵਕ ਉੱਤੇ ਕੀਤੀ ਜਾਂਦੀ ਹੈ: ਮਤਲਬ ਕਿ ਸ਼ਕਤੀਸ਼ਾਲੀ ਵਿਅਕਤੀ ਕਮਜ਼ੋਰ ਜਾਂ ਗ਼ਰੀਬ ਜਾਂ ਬੇਬੱਸ ਲੋਕਾਂ ਪ੍ਰਤੀ ਵਫ਼ਾਦਾਰ ਹੁੰਦਾ ਹੈ।” ਇਸ ਲਈ ਰਾਜਾ ਦਾਊਦ ਯਹੋਵਾਹ ਅੱਗੇ ਬੇਨਤੀ ਕਰ ਸਕਿਆ ਕਿ “ਆਪਣੇ ਮੁਖੜੇ ਨੂੰ ਆਪਣੇ ਦਾਸ ਉੱਤੇ ਚਮਕਾ, ਆਪਣੀ ਦਯਾ [ਪ੍ਰੇਮ-ਭਰੀ-ਦਇਆ] ਨਾਲ ਮੈਨੂੰ ਬਚਾ!” (ਜ਼ਬੂਰ 31:16) ਇੱਥੇ ਕਮਜ਼ੋਰ ਜਾਂ ਬੇਬੱਸ ਦਾਊਦ, ਸ਼ਕਤੀਸ਼ਾਲੀ ਯਹੋਵਾਹ ਪਰਮੇਸ਼ੁਰ ਅੱਗੇ ਬੇਨਤੀ ਕਰ ਰਿਹਾ ਸੀ ਕਿ ਉਸ ਉੱਤੇ ਪ੍ਰੇਮ-ਭਰੀ-ਦਇਆ ਕੀਤੀ ਜਾਵੇ। ਇਸ ਲਈ ਕਿ ਕਮਜ਼ੋਰ ਲੋਕ ਸ਼ਕਤੀਸ਼ਾਲੀ ਲੋਕਾਂ ਉੱਤੇ ਆਪਣਾ ਹੁਕਮ ਨਹੀਂ ਚਲਾ ਸਕਦੇ, ਜਦ ਪ੍ਰੇਮ-ਭਰੀ-ਦਇਆ ਕੀਤੀ ਜਾਂਦੀ ਹੈ ਤਾਂ ਇਹ ਮਜਬੂਰਨ ਨਹੀਂ ਸਗੋਂ ਦਿਲੋਂ ਕੀਤੀ ਜਾਂਦੀ ਹੈ।
5. (ੳ) ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਬਾਰੇ ਬਾਈਬਲ ਵਿਚ ਕੀ ਦੱਸਿਆ ਗਿਆ ਹੈ? (ਅ) ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਬਾਰੇ ਅਸੀਂ ਕਿਨ੍ਹਾਂ ਦੋ ਗੱਲਾਂ ਵੱਲ ਧਿਆਨ ਦੇਵਾਂਗੇ?
5 ਜ਼ਬੂਰਾਂ ਦੇ ਲਿਖਾਰੀ ਨੇ ਕਿਹਾ ਕਿ “ਜੋ ਕੋਈ ਬੁੱਧਵਾਨ ਹੈ ਉਹ . . . ਯਹੋਵਾਹ ਦੀ ਦਯਾ [ਪ੍ਰੇਮ-ਭਰੀ-ਦਇਆ] ਉੱਤੇ ਧਿਆਨ ਲਾਵੇਗਾ।” (ਜ਼ਬੂਰ 107:43) ਯਹੋਵਾਹ ਦੀ ਪ੍ਰੇਮ-ਭਰੀ-ਦਇਆ ਕਾਰਨ ਮੁਕਤੀ ਮਿਲ ਸਕਦੀ ਹੈ ਅਤੇ ਬਚਾਅ ਮਿਲ ਸਕਦਾ ਹੈ। (ਜ਼ਬੂਰ 6:4; 119:88, 159) ਇਸ ਗੁਣ ਕਾਰਨ ਸਾਡੀ ਰੱਖਿਆ ਹੁੰਦੀ ਹੈ ਅਤੇ ਸਾਡੇ ਦੁੱਖ ਦੂਰ ਹੁੰਦੇ ਹਨ। (ਜ਼ਬੂਰ 31:16, 21; 40:11; 143:12) ਇਸ ਕਾਰਨ ਸਾਡੇ ਪਾਪ ਮਾਫ਼ ਕੀਤੇ ਜਾਂਦੇ ਹਨ। (ਜ਼ਬੂਰ 25:7) ਬਾਈਬਲ ਵਿਚ ਕੁਝ ਬਿਰਤਾਂਤਾਂ ਵੱਲ ਧਿਆਨ ਦੇਣ ਦੁਆਰਾ ਅਸੀਂ ਦੇਖਾਂਗੇ ਕਿ ਯਹੋਵਾਹ ਦੀ ਪ੍ਰੇਮ-ਭਰੀ-ਦਇਆ (1) ਖ਼ਾਸ ਕੰਮਾਂ ਦੁਆਰਾ ਪ੍ਰਗਟ ਕੀਤੀ ਜਾਂਦੀ ਹੈ ਅਤੇ (2) ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਉੱਤੇ ਕੀਤੀ ਜਾਂਦੀ ਹੈ।
ਬਚਾਅ ਪ੍ਰੇਮ-ਭਰੀ-ਦਇਆ ਦਾ ਇਕ ਪ੍ਰਗਟਾਵਾ ਹੈ
6, 7. (ੳ) ਲੂਤ ਦੇ ਸੰਬੰਧ ਵਿਚ ਯਹੋਵਾਹ ਨੇ ਆਪਣੀ ਪ੍ਰੇਮ-ਭਰੀ-ਦਇਆ ਨੂੰ ਕਿਵੇਂ ਵਧਾਇਆ ਸੀ? (ਅ) ਲੂਤ ਨੇ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਬਾਰੇ ਕਦੋਂ ਜ਼ਿਕਰ ਕੀਤਾ ਸੀ?
6 ਬਾਈਬਲ ਦੇ ਉਨ੍ਹਾਂ ਬਿਰਤਾਂਤਾਂ ਦੀ ਜਾਂਚ ਕਰ ਕੇ ਜਿਨ੍ਹਾਂ ਵਿਚ ਇਸ ਗੁਣ ਦਾ ਜ਼ਿਕਰ ਕੀਤਾ ਗਿਆ ਹੈ ਅਸੀਂ ਚੰਗੀ ਤਰ੍ਹਾਂ ਦੇਖ ਸਕਾਂਗੇ ਕਿ ਯਹੋਵਾਹ ਪ੍ਰੇਮ-ਭਰੀ-ਦਇਆ ਕਿਸ ਹੱਦ ਤਕ ਕਰਦਾ ਹੈ। ਉਤਪਤ 14:1-16 ਵਿਚ ਅਸੀਂ ਪੜ੍ਹਦੇ ਹਾਂ ਕਿ ਦੁਸ਼ਮਣ ਫ਼ੌਜਾਂ ਅਬਰਾਹਾਮ ਦੇ ਭਤੀਜੇ ਲੂਤ ਨੂੰ ਆਪਣੇ ਨਾਲ ਲੈ ਗਈਆਂ ਸਨ। ਪਰ ਅਬਰਾਹਾਮ ਲੂਤ ਨੂੰ ਬਚਾ ਕੇ ਲੈ ਆਇਆ ਸੀ। ਇਕ ਵਾਰ ਫਿਰ ਲੂਤ ਦੀ ਜਾਨ ਖ਼ਤਰੇ ਵਿਚ ਪੈ ਗਈ ਸੀ ਜਦ ਯਹੋਵਾਹ ਨੇ ਸਦੂਮ ਸ਼ਹਿਰ ਦੇ ਦੁਸ਼ਟ ਲੋਕਾਂ ਦਾ ਨਾਸ਼ ਕਰਨ ਦਾ ਫ਼ੈਸਲਾ ਕੀਤਾ ਸੀ, ਜਿੱਥੇ ਲੂਤ ਅਤੇ ਉਸ ਦਾ ਪਰਿਵਾਰ ਰਹਿੰਦੇ ਸਨ।—ਉਤਪਤ 18:20-22; 19:12, 13.
7 ਸਦੂਮ ਦੇ ਨਾਸ਼ ਹੋਣ ਤੋਂ ਪਹਿਲਾਂ ਯਹੋਵਾਹ ਦੇ ਦੂਤਾਂ ਨੇ ਲੂਤ ਅਤੇ ਉਸ ਦੇ ਪਰਿਵਾਰ ਨੂੰ ਸਹੀ-ਸਲਾਮਤ ਸ਼ਹਿਰੋਂ ਬਾਹਰ ਲਿਆਂਦਾ। ਉਸ ਸਮੇਂ ਲੂਤ ਨੇ ਕਿਹਾ: “ਤੁਹਾਡੇ ਦਾਸ ਉੱਤੇ ਤੁਹਾਡੀ ਕਿਰਪਾ ਦੀ ਨਿਗਾਹ ਹੋਈ ਹੈ ਅਰ ਤੁਸਾਂ ਆਪਣੀ ਦਯਾ [ਪ੍ਰੇਮ-ਭਰੀ-ਦਇਆ] ਨੂੰ ਜੋ ਮੇਰੀ ਜਾਨ ਨੂੰ ਜੀਉਂਦਾ ਰੱਖਣ ਲਈ ਮੇਰੇ ਉੱਤੇ ਕੀਤੀ ਵਧਾਇਆ ਹੈ।” (ਉਤਪਤ 19:16, 19) ਇਨ੍ਹਾਂ ਸ਼ਬਦਾਂ ਨਾਲ ਲੂਤ ਨੇ ਸਵੀਕਾਰ ਕੀਤਾ ਕਿ ਉਸ ਨੂੰ ਬਚਾ ਕੇ ਯਹੋਵਾਹ ਨੇ ਉਸ ਉੱਤੇ ਸੱਚ-ਮੁੱਚ ਪ੍ਰੇਮ-ਭਰੀ-ਦਇਆ ਕੀਤੀ ਸੀ। ਇਸ ਘਟਨਾ ਵਿਚ ਯਹੋਵਾਹ ਨੇ ਆਪਣੀ ਪ੍ਰੇਮ-ਭਰੀ-ਦਇਆ ਬਚਾਅ ਕਰਨ ਦੁਆਰਾ ਪ੍ਰਗਟ ਕੀਤੀ ਸੀ।—2 ਪਤਰਸ 2:7.
ਯਹੋਵਾਹ ਦੀ ਪ੍ਰੇਮ-ਭਰੀ-ਦਇਆ ਅਤੇ ਉਸ ਦੀ ਅਗਵਾਈ
8, 9. (ੳ) ਅਬਰਾਹਾਮ ਦੇ ਨੌਕਰ ਨੂੰ ਕਿਹੜਾ ਕੰਮ ਸੌਂਪਿਆ ਗਿਆ ਸੀ? (ਅ) ਨੌਕਰ ਨੇ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਲਈ ਪ੍ਰਾਰਥਨਾ ਕਿਉਂ ਕੀਤੀ ਸੀ, ਅਤੇ ਪ੍ਰਾਰਥਨਾ ਕਰਦੇ ਸਮੇਂ ਕੀ ਹੋਇਆ?
8ਉਤਪਤ ਦੇ 24ਵੇਂ ਅਧਿਆਇ ਵਿਚ ਅਸੀਂ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਦੇ ਇਕ ਹੋਰ ਪ੍ਰਗਟਾਵੇ ਬਾਰੇ ਪੜ੍ਹਦੇ ਹਾਂ। ਇਹ ਬਿਰਤਾਂਤ ਦੱਸਦਾ ਹੈ ਕਿ ਅਬਰਾਹਾਮ ਨੇ ਆਪਣੇ ਨੌਕਰ ਨੂੰ ਕਿਹਾ ਕਿ ਉਹ ਉਸ ਦੇਸ਼ ਨੂੰ ਜਾਵੇ ਜਿੱਥੇ ਅਬਰਾਹਾਮ ਦੇ ਰਿਸ਼ਤੇਦਾਰ ਰਹਿੰਦੇ ਸਨ ਅਤੇ ਉਸ ਦੇ ਪੁੱਤਰ ਇਸਹਾਕ ਲਈ ਪਤਨੀ ਲਿਆਵੇ। (2-4 ਆਇਤਾਂ) ਇਹ ਕੰਮ ਬਹੁਤ ਹੀ ਔਖਾ ਸੀ ਪਰ ਨੌਕਰ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਯਹੋਵਾਹ ਦਾ ਦੂਤ ਉਸ ਦੀ ਅਗਵਾਈ ਕਰੇਗਾ। (7 ਆਇਤ) ਆਖ਼ਰਕਾਰ ਨੌਕਰ “ਨਾਹੋਰ ਦੇ ਨਗਰ” ਤੋਂ ਬਾਹਰ (ਹਾਰਾਨ ਜਾਂ ਕਿਸੇ ਲਾਗਲੇ ਨਗਰ) ਪਹੁੰਚਿਆ ਜਦ ਤੀਵੀਆਂ ਪਾਣੀ ਭਰਨ ਲਈ ਨਿਕਲੀਆਂ ਸਨ। (10, 11 ਆਇਤਾਂ) ਜਦ ਉਸ ਨੇ ਤੀਵੀਆਂ ਨਜ਼ਦੀਕ ਆਉਂਦੀਆਂ ਦੇਖੀਆਂ ਉਸ ਨੂੰ ਪਤਾ ਸੀ ਕਿ ਉਸ ਦੇ ਮਕਸਦ ਦਾ ਸਫ਼ਲ ਹੋਣ ਦਾ ਅਹਿਮ ਸਮਾਂ ਆ ਪਹੁੰਚਿਆ ਸੀ। ਪਰ ਉਹ ਸਹੀ ਔਰਤ ਦੀ ਚੋਣ ਕਿਸ ਤਰ੍ਹਾਂ ਕਰ ਸਕਦਾ ਸੀ?
9 ਅਬਰਾਹਾਮ ਦਾ ਨੌਕਰ ਜਾਣਦਾ ਸੀ ਕਿ ਉਸ ਨੂੰ ਪਰਮੇਸ਼ੁਰ ਦੀ ਮਦਦ ਦੀ ਜ਼ਰੂਰਤ ਸੀ, ਇਸ ਲਈ ਉਸ ਨੇ ਪ੍ਰਾਰਥਨਾ ਕੀਤੀ: “ਹੇ ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦੇ ਪਰਮੇਸ਼ੁਰ ਅੱਜ ਮੇਰਾ ਸਭ ਕਾਰਜ ਸੁਫਲ ਕਰ ਅਤੇ ਮੇਰੇ ਸਵਾਮੀ ਅਬਰਾਹਾਮ ਉੱਤੇ ਦਇਆ [ਪ੍ਰੇਮ-ਭਰੀ-ਦਇਆ] ਕਰ।” (12 ਆਇਤ) ਯਹੋਵਾਹ ਨੇ ਆਪਣੀ ਪ੍ਰੇਮ-ਭਰੀ-ਦਇਆ ਕਿਵੇਂ ਪ੍ਰਗਟ ਕੀਤੀ ਸੀ? ਨੌਕਰ ਨੇ ਇਕ ਖ਼ਾਸ ਨਿਸ਼ਾਨੀ ਮੰਗੀ ਸੀ ਜਿਸ ਦੁਆਰਾ ਉਹ ਉਸ ਔਰਤ ਨੂੰ ਪਛਾਣ ਸਕਦਾ ਸੀ ਜਿਸ ਨੂੰ ਪਰਮੇਸ਼ੁਰ ਨੇ ਚੁਣਿਆ ਸੀ। (13, 14 ਆਇਤਾਂ) ਇਕ ਔਰਤ ਨੇ ਬਿਲਕੁਲ ਉਹੀ ਕੀਤਾ ਜਿਸ ਦੀ ਉਸ ਨੇ ਯਹੋਵਾਹ ਕੋਲੋਂ ਮੰਗ ਕੀਤੀ ਸੀ। ਇਵੇਂ ਲੱਗਦਾ ਸੀ ਜਿਵੇਂ ਉਸ ਔਰਤ ਨੇ ਹੀ ਨੌਕਰ ਦੀ ਪ੍ਰਾਰਥਨਾ ਸੁਣ ਲਈ ਸੀ! (15-20 ਆਇਤਾਂ) ਨੌਕਰ “ਵੱਡੇ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ” ਅਤੇ ਹੱਕਾ-ਬੱਕਾ ਰਹਿ ਗਿਆ। ਪਰ ਨੌਕਰ ਨੇ ਅਜੇ ਕੁਝ ਜ਼ਰੂਰੀ ਗੱਲਾਂ ਪਤਾ ਕਰਨੀਆਂ ਸਨ। ਕੀ ਇਹ ਸੋਹਣੀ-ਸੁਨੱਖੀ ਔਰਤ ਅਬਰਾਹਾਮ ਦੇ ਰਿਸ਼ਤੇਦਾਰਾਂ ਵਿੱਚੋਂ ਸੀ? ਕੀ ਇਹ ਹਾਲੇ ਕੁਆਰੀ ਸੀ? ਇਸ ਲਈ ਨੌਕਰ “ਇਸ ਗੱਲ ਦੇ ਜਾਣਨ ਨੂੰ ਭਈ ਯਹੋਵਾਹ ਨੇ ਉਸ ਦਾ ਸਫਰ ਸੁਫਲ ਕੀਤਾ ਹੈ ਕਿ ਨਹੀਂ” ਚੁੱਪ ਰਿਹਾ।—16, 21 ਆਇਤਾਂ।
10. ਅਬਰਾਹਾਮ ਦੇ ਨੌਕਰ ਨੇ ਇਹ ਕਿਉਂ ਕਿਹਾ ਕਿ ਯਹੋਵਾਹ ਨੇ ਉਸ ਦੇ ਮਾਲਕ ਉੱਤੇ ਪ੍ਰੇਮ-ਭਰੀ-ਦਇਆ ਕੀਤੀ ਸੀ?
10 ਫਿਰ ਕੁਝ ਸਮੇਂ ਬਾਅਦ ਉਸ ਮੁਟਿਆਰ ਨੇ ਦੱਸਿਆ ਕਿ ਉਹ “ਬਥੂਏਲ ਦੀ ਧੀ” ਸੀ “ਜਿਸ ਨੂੰ ਮਿਲਕਾਹ ਨੇ [ਅਬਰਾਹਾਮ ਦੇ ਭਰਾ] ਨਾਹੋਰ ਤੋਂ ਜਣਿਆ।” (ਉਤਪਤ 11:26; 24:24) ਉਸ ਵੇਲੇ ਨੌਕਰ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣ ਲਈ ਸੀ। ਖ਼ੁਸ਼ੀ ਦੇ ਮਾਰੇ ਉਸ ਨੇ ਮੱਥਾ ਟੇਕਿਆ ਅਤੇ ਕਿਹਾ: “ਯਹੋਵਾਹ ਮੇਰੇ ਸਵਾਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ ਜਿਸ ਮੇਰੇ ਸਵਾਮੀ ਅਬਰਾਹਾਮ ਤੋਂ ਆਪਣੀ ਕਿਰਪਾ [ਪ੍ਰੇਮ-ਭਰੀ-ਦਇਆ] ਅਰ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਰ ਮੈਂ ਰਾਹ ਵਿੱਚ ਹੀ ਸਾਂ ਕਿ ਯਹੋਵਾਹ ਨੇ ਮੈਨੂੰ ਮੇਰੇ ਸਵਾਮੀ ਦੇ ਭਰਾਵਾਂ ਦੇ ਘਰ ਦੇ ਰਾਹ ਪਾਇਆ।” (27 ਆਇਤ) ਅਗਵਾਈ ਕਰਨ ਦੁਆਰਾ ਪਰਮੇਸ਼ੁਰ ਨੇ ਉਸ ਨੌਕਰ ਦੇ ਮਾਲਕ ਅਬਰਾਹਾਮ ਉੱਤੇ ਪ੍ਰੇਮ-ਭਰੀ-ਦਇਆ ਕੀਤੀ।
ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਕਾਰਨ ਛੁਟਕਾਰਾ ਅਤੇ ਬਚਾਅ
11, 12. (ੳ) ਯੂਸੁਫ਼ ਨੇ ਕਿਨ੍ਹਾਂ ਪਰੀਖਿਆਵਾਂ ਦੌਰਾਨ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਅਨੁਭਵ ਕੀਤੀ ਸੀ? (ਅ) ਯੂਸੁਫ਼ ਦੇ ਸੰਬੰਧ ਵਿਚ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਕਿਵੇਂ ਪ੍ਰਗਟ ਕੀਤੀ ਗਈ ਸੀ?
11 ਹੁਣ ਚਲੋ ਆਪਾਂ ਉਤਪਤ ਦੇ 39ਵੇਂ ਅਧਿਆਇ ਵੱਲ ਧਿਆਨ ਦੇਈਏ। ਇਸ ਅਧਿਆਇ ਵਿਚ ਅਬਰਾਹਾਮ ਦੇ ਪੜਪੋਤੇ ਯੂਸੁਫ਼ ਬਾਰੇ ਗੱਲ ਕੀਤੀ ਗਈ ਹੈ, ਜਿਸ ਨੂੰ ਮਿਸਰ ਵਿਚ ਇਕ ਗ਼ੁਲਾਮ ਵਜੋਂ ਵੇਚਿਆ ਗਿਆ ਸੀ। ਫਿਰ ਵੀ “ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ।” (1, 2 ਆਇਤਾਂ) ਯੂਸੁਫ਼ ਦਾ ਮਿਸਰੀ ਮਾਲਕ ਪੋਟੀਫ਼ਰ ਵੀ ਇਸ ਨਤੀਜੇ ਤੇ ਪਹੁੰਚਿਆ ਸੀ ਕਿ ਯਹੋਵਾਹ ਯੂਸੁਫ਼ ਦੇ ਅੰਗ ਸੰਗ ਸੀ। (3 ਆਇਤ) ਪਰ ਯੂਸੁਫ਼ ਨੂੰ ਇਕ ਬਹੁਤ ਹੀ ਵੱਡੀ ਪਰੀਖਿਆ ਦਾ ਸਾਮ੍ਹਣਾ ਕਰਨਾ ਪਿਆ। ਉਸ ਉੱਤੇ ਪੋਟੀਫ਼ਰ ਦੀ ਪਤਨੀ ਨਾਲ ਛੇੜਖਾਨੀ ਕਰਨ ਦਾ ਝੂਠਾ ਇਲਜ਼ਾਮ ਲਾਇਆ ਗਿਆ ਸੀ ਅਤੇ ਉਸ ਨੂੰ ਕੈਦ ਵਿਚ ਸੁੱਟਿਆ ਗਿਆ ਸੀ। (7-20 ਆਇਤਾਂ) ਇਸ “ਭੋਰੇ ਵਿੱਚ” ‘ਉਨ੍ਹਾਂ ਨੇ ਉਹ ਦੇ ਪੈਰਾਂ ਨੂੰ ਬੇੜੀਆਂ ਨਾਲ ਦੁਖ ਦਿੱਤਾ, ਅਤੇ ਉਹ ਲੋਹੇ ਵਿੱਚ ਜਕੜਿਆ ਗਿਆ।’—ਉਤਪਤ 40:15; ਜ਼ਬੂਰ 105:18.
12 ਇਸ ਮੁਸ਼ਕਲਾਂ-ਭਰੇ ਸਮੇਂ ਦੌਰਾਨ ਕੀ ਹੋਇਆ ਸੀ? “ਯਹੋਵਾਹ ਯੂਸੁਫ਼ ਦੇ ਸੰਗ ਸੀ ਅਰ ਉਸ ਨੇ ਉਸ ਉੱਤੇ ਕਿਰਪਾ [ਪ੍ਰੇਮ-ਭਰੀ-ਦਇਆ] ਕੀਤੀ।” (21ੳ ਆਇਤ) ਪ੍ਰੇਮ-ਭਰੀ-ਦਇਆ ਦੇ ਇਕ ਖ਼ਾਸ ਪ੍ਰਗਟਾਵੇ ਕਾਰਨ ਕਈ ਗੱਲਾਂ ਸ਼ੁਰੂ ਹੋਈਆਂ ਜਿਨ੍ਹਾਂ ਕਰਕੇ ਯੂਸੁਫ਼ ਨੂੰ ਮੁਸ਼ਕਲਾਂ ਤੋਂ ਛੁਟਕਾਰਾ ਮਿਲਿਆ। ਯਹੋਵਾਹ ਨੇ ‘ਕੈਦਖਾਨੇ ਦੇ ਦਰੋਗ਼ੇ ਦੀਆਂ ਅੱਖਾਂ ਵਿੱਚ ਯੂਸੁਫ਼ ਲਈ ਦਯਾ ਪਾਈ।’ (21ਅ ਆਇਤ) ਨਤੀਜੇ ਵਜੋਂ ਦਰੋਗੇ ਨੇ ਯੂਸੁਫ਼ ਨੂੰ ਇਕ ਵੱਡੀ ਜ਼ਿੰਮੇਵਾਰੀ ਦਿੱਤੀ। (22 ਆਇਤ) ਫਿਰ ਯੂਸੁਫ਼ ਦੀ ਮੁਲਾਕਾਤ ਉਸ ਆਦਮੀ ਨਾਲ ਹੋਈ ਜਿਸ ਨੇ ਕਾਫ਼ੀ ਸਮੇਂ ਬਾਅਦ ਮਿਸਰ ਦੇ ਰਾਜੇ ਫਿਰਊਨ ਕੋਲ ਉਸ ਬਾਰੇ ਗੱਲ ਕੀਤੀ ਸੀ। (ਉਤਪਤ 40:1-4, 9-15; 41:9-14) ਇਸ ਤੋਂ ਬਾਅਦ ਫਿਰਊਨ ਨੇ ਯੂਸੁਫ਼ ਨੂੰ ਮਿਸਰ ਵਿਚ ਆਪਣੇ ਅਧੀਨ ਇਕ ਰਾਜਾ ਬਣਾਇਆ। ਅਤੇ ਜਦ ਮਿਸਰ ਵਿਚ ਕਾਲ ਪਿਆ ਤਾਂ ਯੂਸੁਫ਼ ਇਸ ਹੈਸੀਅਤ ਵਿਚ ਲੋਕਾਂ ਦੀਆਂ ਜਾਨਾਂ ਬਚਾਉਣ ਦਾ ਕੰਮ ਕਰ ਸਕਿਆ। (ਉਤਪਤ 41:37-55) ਯੂਸੁਫ਼ 17 ਸਾਲਾਂ ਦਾ ਸੀ ਜਦ ਇਹ ਮੁਸ਼ਕਲਾਂ ਸ਼ੁਰੂ ਹੋਈਆਂ ਅਤੇ ਉਸ ਨੇ 12 ਸਾਲਾਂ ਲਈ ਇਨ੍ਹਾਂ ਦਾ ਸਾਮ੍ਹਣਾ ਕੀਤਾ! (ਉਤਪਤ 37:2, 4; 41:46) ਪਰ ਇਨ੍ਹਾਂ ਦੁੱਖ-ਭਰਿਆਂ ਸਾਲਾਂ ਦੌਰਾਨ ਯਹੋਵਾਹ ਪਰਮੇਸ਼ੁਰ ਨੇ ਯੂਸੁਫ਼ ਉੱਤੇ ਪ੍ਰੇਮ-ਭਰੀ-ਦਇਆ ਕੀਤੀ। ਉਸ ਨੇ ਯੂਸੁਫ਼ ਦੀ ਰਾਖੀ ਕਰ ਕੇ ਉਸ ਨੂੰ ਬਰਬਾਦ ਨਹੀਂ ਹੋਣ ਦਿੱਤਾ ਅਤੇ ਆਪਣੇ ਮਕਸਦ ਵਿਚ ਖ਼ਾਸ ਹਿੱਸਾ ਲੈਣ ਵਾਸਤੇ ਬਚਾਇਆ।
ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਸਦਾ ਦੀ ਹੈ
13. (ੳ) ਜ਼ਬੂਰ 136 ਵਿਚ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਬਾਰੇ ਕੀ-ਕੀ ਕਿਹਾ ਗਿਆ ਹੈ? (ਅ) ਪ੍ਰੇਮ-ਭਰੀ-ਦਇਆ ਕਿਸ ਤਰ੍ਹਾਂ ਪ੍ਰਗਟ ਕੀਤੀ ਜਾਂਦੀ ਹੈ?
13 ਯਹੋਵਾਹ ਨੇ ਇਸਰਾਏਲੀ ਲੋਕਾਂ ਉੱਤੇ ਵਾਰ-ਵਾਰ ਪ੍ਰੇਮ-ਭਰੀ-ਦਇਆ ਕੀਤੀ ਸੀ। ਜ਼ਬੂਰ 136 ਦੱਸਦਾ ਹੈ ਕਿ ਆਪਣੀ ਪ੍ਰੇਮ-ਭਰੀ-ਦਇਆ ਅਨੁਸਾਰ ਉਸ ਨੇ ਉਨ੍ਹਾਂ ਦਾ ਬਚਾਅ ਕੀਤਾ (10-15 ਆਇਤਾਂ), ਉਨ੍ਹਾਂ ਦੀ ਅਗਵਾਈ ਕੀਤੀ (16 ਆਇਤ), ਅਤੇ ਉਨ੍ਹਾਂ ਦੀ ਰਾਖੀ ਕੀਤੀ। (17-20 ਆਇਤਾਂ) ਪਰਮੇਸ਼ੁਰ ਨੇ ਆਪਣੀ ਪ੍ਰੇਮ-ਭਰੀ-ਦਇਆ ਕੁਝ ਖ਼ਾਸ ਇਨਸਾਨਾਂ ਉੱਤੇ ਵੀ ਕੀਤੀ ਹੈ। ਜੋ ਵਿਅਕਤੀ ਕਿਸੇ ਦੂਸਰੇ ਇਨਸਾਨ ਉੱਤੇ ਪ੍ਰੇਮ-ਭਰੀ-ਦਇਆ ਕਰਦਾ ਹੈ, ਉਹ ਰਜ਼ਾਮੰਦੀ ਨਾਲ ਉਸ ਦੀ ਕੋਈ ਖ਼ਾਸ ਜ਼ਰੂਰਤ ਪੂਰੀ ਕਰ ਕੇ ਇਹ ਪ੍ਰਗਟ ਕਰਦਾ ਹੈ। ਬਾਈਬਲ ਬਾਰੇ ਇਕ ਕਿਤਾਬ ਅਨੁਸਾਰ ਪ੍ਰੇਮ-ਭਰੀ-ਦਇਆ “ਇਕ ਅਜਿਹਾ ਪ੍ਰਗਟਾਵਾ ਹੈ ਜੋ ਜ਼ਿੰਦਗੀ ਵਿਚ ਸੁਖ ਪੈਦਾ ਕਰਦਾ ਹੈ। ਇਕ ਅਜਿਹਾ ਭਲਾ ਕੰਮ ਜੋ ਕਿਸੇ ਬਦਨਸੀਬ ਅਤੇ ਦੁਖੀ ਇਨਸਾਨ ਲਈ ਕੀਤਾ ਜਾਂਦਾ ਹੈ।” ਇਕ ਵਿਦਵਾਨ ਸਮਝਾਉਂਦਾ ਹੈ ਕਿ ਪ੍ਰੇਮ-ਭਰੀ-ਦਇਆ “ਕੰਮਾਂ ਦੁਆਰਾ ਪਿਆਰ ਦਾ ਪ੍ਰਗਟਾਵਾ ਹੈ।”
14, 15. ਅਸੀਂ ਯਕੀਨ ਨਾਲ ਕਿਉਂ ਕਹਿ ਸਕਦੇ ਹਾਂ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲੂਤ ਉਸ ਦਾ ਪਿਆਰਾ ਸੇਵਕ ਸੀ?
14 ਉਤਪਤ ਦੇ ਬਿਰਤਾਂਤ ਸਾਨੂੰ ਦਿਖਾਉਂਦੇ ਹਨ ਕਿ ਯਹੋਵਾਹ ਉਸ ਨਾਲ ਪਿਆਰ ਕਰਨ ਵਾਲਿਆਂ ਉੱਤੇ ਹਮੇਸ਼ਾ ਆਪਣੀ ਪ੍ਰੇਮ-ਭਰੀ-ਦਇਆ ਪ੍ਰਗਟ ਕਰਦਾ ਹੈ। ਲੂਤ, ਅਬਰਾਹਾਮ, ਅਤੇ ਯੂਸੁਫ਼ ਨੇ ਵੱਖੋ-ਵੱਖਰੇ ਹਾਲਾਤਾਂ ਅਤੇ ਵੱਖੋ-ਵੱਖਰੀਆਂ ਅਜ਼ਮਾਇਸ਼ਾਂ ਦਾ ਸਾਮ੍ਹਣਾ ਕੀਤਾ ਸੀ। ਉਹ ਪਾਪੀ ਇਨਸਾਨ ਸਨ, ਪਰ ਯਹੋਵਾਹ ਦੀ ਨਜ਼ਰ ਵਿਚ ਉਹ ਉਸ ਦੇ ਪਿਆਰੇ ਸੇਵਕ ਸਨ ਅਤੇ ਉਨ੍ਹਾਂ ਨੂੰ ਉਸ ਦੀ ਮਦਦ ਦੀ ਲੋੜ ਸੀ। ਸਾਨੂੰ ਇਸ ਗੱਲ ਤੋਂ ਕਿੰਨਾ ਦਿਲਾਸਾ ਮਿਲਦਾ ਹੈ ਕਿ ਸਾਡਾ ਸਵਰਗੀ ਪਿਤਾ ਅਜਿਹੇ ਲੋਕਾਂ ਉੱਤੇ ਪ੍ਰੇਮ-ਭਰੀ-ਦਇਆ ਕਰਦਾ ਹੈ।
15 ਲੂਤ ਨੇ ਨਾਸਮਝੀ ਨਾਲ ਕੁਝ ਫ਼ੈਸਲੇ ਕੀਤੇ ਸਨ ਜਿਸ ਦੇ ਨਤੀਜੇ ਵਜੋਂ ਉਸ ਨੂੰ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਸੀ। (ਉਤਪਤ 13:12, 13; 14:11, 12) ਪਰ ਉਸ ਵਿਚ ਕਈ ਬਹੁਤ ਹੀ ਵਧੀਆ ਗੁਣ ਵੀ ਸਨ। ਜਦ ਪਰਮੇਸ਼ੁਰ ਦੇ ਦੋ ਦੂਤ ਸਦੂਮ ਨੂੰ ਆਏ ਸਨ ਤਾਂ ਲੂਤ ਨੇ ਉਨ੍ਹਾਂ ਦੀ ਚੰਗੀ ਤਰ੍ਹਾਂ ਨਾਲ ਦੇਖ-ਭਾਲ ਕੀਤੀ ਸੀ। (ਉਤਪਤ 19:1-3) ਨਿਹਚਾ ਦਿਖਾਉਂਦੇ ਹੋਏ ਉਸ ਨੇ ਆਪਣੇ ਜਵਾਈਆਂ ਨੂੰ ਸਦੂਮ ਉੱਤੇ ਆਉਣ ਵਾਲੇ ਨਾਸ਼ ਬਾਰੇ ਚੇਤਾਵਨੀ ਦਿੱਤੀ ਸੀ। (ਉਤਪਤ 19:14) ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਲੂਤ ਕਿਹੋ ਜਿਹਾ ਆਦਮੀ ਸੀ? ਇਸ ਦਾ ਜਵਾਬ 2 ਪਤਰਸ 2:7-9 ਵਿਚ ਮਿਲਦਾ ਹੈ, ਜਿੱਥੇ ਅਸੀਂ ਪੜ੍ਹਦੇ ਹਾਂ ਕਿ “[ਯਹੋਵਾਹ ਨੇ] ਲੂਤ ਨੂੰ ਜਿਹੜਾ ਧਰਮੀ ਸੀ ਅਤੇ ਦੁਸ਼ਟਾਂ ਦੇ ਲੁੱਚਪੁਣੇ ਦੀ ਚਾਲ ਤੋਂ ਜਿੱਚ ਹੁੰਦਾ ਸੀ ਬਚਾ ਲਿਆ। (ਕਿਉਂ ਜੋ ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਉਨ੍ਹਾਂ ਦਿਆਂ ਭੈੜਿਆਂ ਕਰਮਾਂ ਤੋਂ ਦੁਖੀ ਕਰਦਾ ਸੀ)। ਤਾਂ ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ . . . ਜਾਣਦਾ ਹੈ!” ਜੀ ਹਾਂ, ਲੂਤ ਧਰਮੀ ਸੀ ਅਤੇ ਇਨ੍ਹਾਂ ਆਇਤਾਂ ਤੋਂ ਪਤਾ ਲੱਗਦਾ ਹੈ ਕਿ ਉਹ ਪਰਮੇਸ਼ੁਰ ਦਾ ਸੱਚਾ ਭਗਤ ਸੀ। ਉਸ ਵਾਂਗ ਅਸੀਂ ਵੀ “ਪਵਿੱਤਰ ਚਲਣ ਅਤੇ ਭਗਤੀ” ਕਰਨ ਦੁਆਰਾ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਦਾ ਆਨੰਦ ਮਾਣਦੇ ਹਾਂ।—2 ਪਤਰਸ 3:11, 12.
16. ਬਾਈਬਲ ਵਿਚ ਅਬਰਾਹਾਮ ਅਤੇ ਯੂਸੁਫ਼ ਬਾਰੇ ਕਿਹੜੀਆਂ ਚੰਗੀਆਂ ਗੱਲਾਂ ਕਹੀਆਂ ਗਈਆਂ ਹਨ?
ਉਤਪਤ ਦੇ 24ਵੇਂ ਅਧਿਆਇ ਦੇ ਬਿਰਤਾਂਤ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਅਬਰਾਹਾਮ ਦਾ ਯਹੋਵਾਹ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਸੀ। ਪਹਿਲੀ ਆਇਤ ਵਿਚ ਦੱਸਿਆ ਗਿਆ ਹੈ ਕਿ “ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ।” ਅਬਰਾਹਾਮ ਦੇ ਨੌਕਰ ਨੇ ਯਹੋਵਾਹ ਨੂੰ “ਮੇਰੇ ਸਵਾਮੀ ਅਬਰਾਹਾਮ ਦਾ ਪਰਮੇਸ਼ੁਰ” ਸੱਦਿਆ ਸੀ। (12, 27 ਆਇਤਾਂ) ਚੇਲੇ ਯਾਕੂਬ ਨੇ ਕਿਹਾ ਕਿ ਅਬਰਾਹਾਮ ‘ਧਰਮੀ ਠਹਿਰਾਇਆ ਗਿਆ’ ਸੀ ਅਤੇ “ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ।” (ਯਾਕੂਬ 2:21-23) ਯੂਸੁਫ਼ ਬਾਰੇ ਵੀ ਅਸੀਂ ਇਸੇ ਤਰ੍ਹਾਂ ਕਹਿ ਸਕਦੇ ਹਾਂ। ਉਤਪਤ ਦੇ 39ਵੇਂ ਅਧਿਆਇ ਵਿਚ ਯਹੋਵਾਹ ਅਤੇ ਯੂਸੁਫ਼ ਦੇ ਨਜ਼ਦੀਕੀ ਰਿਸ਼ਤੇ ਉੱਤੇ ਜ਼ੋਰ ਦਿੱਤਾ ਗਿਆ ਹੈ। (2, 3, 21, 23 ਆਇਤਾਂ) ਇਸ ਤੋਂ ਇਲਾਵਾ ਚੇਲੇ ਇਸਤੀਫ਼ਾਨ ਨੇ ਯੂਸੁਫ਼ ਬਾਰੇ ਕਿਹਾ ਕਿ “ਪਰਮੇਸ਼ੁਰ ਉਹ ਦੇ ਨਾਲ ਸੀ।”—ਰਸੂਲਾਂ ਦੇ ਕਰਤੱਬ 7:9.
1617. ਅਸੀਂ ਲੂਤ, ਅਬਰਾਹਾਮ, ਅਤੇ ਯੂਸੁਫ਼ ਦੀਆਂ ਮਿਸਾਲਾਂ ਤੋਂ ਕੀ ਸਿੱਖ ਸਕਦੇ ਹਾਂ?
17 ਜਿਨ੍ਹਾਂ ਵਿਅਕਤੀਆਂ ਵੱਲ ਅਸੀਂ ਧਿਆਨ ਦਿੱਤਾ ਹੈ ਉਨ੍ਹਾਂ ਉੱਤੇ ਪ੍ਰੇਮ-ਭਰੀ-ਦਇਆ ਇਸ ਲਈ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਦਾ ਯਹੋਵਾਹ ਪਰਮੇਸ਼ੁਰ ਨਾਲ ਇਕ ਗੂੜ੍ਹਾ ਰਿਸ਼ਤਾ ਸੀ ਅਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਮਕਸਦ ਪੂਰਾ ਕਰਨ ਵਿਚ ਹਿੱਸਾ ਲਿਆ ਸੀ। ਉਨ੍ਹਾਂ ਉੱਤੇ ਅਜਿਹੀਆਂ ਮੁਸ਼ਕਲਾਂ ਆਈਆਂ ਸਨ ਜਿਨ੍ਹਾਂ ਦਾ ਉਹ ਆਪਣੇ ਆਪ ਸਾਮ੍ਹਣਾ ਨਹੀਂ ਕਰ ਸਕਦੇ ਸਨ। ਲੂਤ ਦੀ ਜਾਨ ਖ਼ਤਰੇ ਵਿਚ ਸੀ, ਅਬਰਾਹਾਮ ਦੀ ਵੰਸ਼ਾਵਲੀ ਖ਼ਤਮ ਹੋਣ ਵਾਲੀ ਸੀ, ਅਤੇ ਯੂਸੁਫ਼ ਨੇ ਹਾਲੇ ਪਰਮੇਸ਼ੁਰ ਦਾ ਮਕਸਦ ਪੂਰਾ ਕਰਨਾ ਸੀ। ਸਿਰਫ਼ ਯਹੋਵਾਹ ਹੀ ਇਨ੍ਹਾਂ ਧਰਮੀ ਬੰਦਿਆਂ ਦੀ ਮਦਦ ਕਰ ਸਕਦਾ ਸੀ, ਅਤੇ ਉਸ ਨੇ ਆਪਣੀ ਪ੍ਰੇਮ-ਭਰੀ-ਦਇਆ ਪ੍ਰਗਟ ਕਰ ਕੇ ਬਿਲਕੁਲ ਇਸੇ ਤਰ੍ਹਾਂ ਹੀ ਕੀਤਾ ਸੀ। ਜੇਕਰ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਦੀ ਪ੍ਰੇਮ-ਭਰੀ-ਦਇਆ ਸਾਡੇ ਉੱਤੇ ਸਦਾ ਲਈ ਰਹੇ, ਤਾਂ ਸਾਨੂੰ ਵੀ ਉਸ ਨਾਲ ਇਕ ਗੂੜ੍ਹਾ ਰਿਸ਼ਤਾ ਕਾਇਮ ਕਰ ਕੇ ਉਸ ਦੀ ਇੱਛਿਆ ਪੂਰੀ ਕਰਦੇ ਰਹਿਣਾ ਚਾਹੀਦਾ ਹੈ।—ਅਜ਼ਰਾ 7:28; ਜ਼ਬੂਰ 18:50.
ਪਰਮੇਸ਼ੁਰ ਦੀ ਕਿਰਪਾ ਉਸ ਦੇ ਸੇਵਕਾਂ ਉੱਤੇ ਹੈ
18. ਬਾਈਬਲ ਦੇ ਕੁਝ ਹਵਾਲੇ ਯਹੋਵਾਹ ਦੀ ਪ੍ਰੇਮ-ਭਰੀ-ਦਇਆ ਬਾਰੇ ਕੀ ਦੱਸਦੇ ਹਨ?
18 ਯਹੋਵਾਹ ਦੀ ਪ੍ਰੇਮ-ਭਰੀ-ਦਇਆ ਨਾਲ ‘ਧਰਤੀ ਭਰੀ ਹੋਈ ਹੈ।’ (ਜ਼ਬੂਰ 119:64) ਅਤੇ ਅਸੀਂ ਪਰਮੇਸ਼ੁਰ ਦੇ ਇਸ ਗੁਣ ਦੀ ਬਹੁਤ ਹੀ ਕਦਰ ਕਰਦੇ ਹਾਂ! ਅਸੀਂ ਦਿਲੋਂ ਜ਼ਬੂਰਾਂ ਦੇ ਲਿਖਾਰੀ ਦੇ ਸ਼ਬਦਾਂ ਅਨੁਸਾਰ ਚੱਲਦੇ ਹਾਂ: “ਕਾਸ਼ ਕਿ ਓਹ ਯਹੋਵਾਹ ਦੀ ਦਯਾ [ਪ੍ਰੇਮ-ਭਰੀ-ਦਇਆ] ਦਾ ਧੰਨਵਾਦ ਕਰਦੇ, ਅਤੇ ਆਦਮ ਵੰਸੀਆਂ ਲਈ ਉਹ ਦੇ ਅਚਰਜ ਕੰਮਾਂ ਦਾ!” (ਜ਼ਬੂਰ 107:8, 15, 21, 31) ਅਸੀਂ ਖ਼ੁਸ਼ ਹੁੰਦੇ ਹਾਂ ਕਿ ਯਹੋਵਾਹ ਆਪਣੇ ਪਿਆਰੇ ਸੇਵਕਾਂ ਉੱਤੇ ਪ੍ਰੇਮ-ਭਰੀ-ਦਇਆ ਕਰਦਾ ਹੈ, ਚਾਹੇ ਨਿੱਜੀ ਤੌਰ ਤੇ ਜਾਂ ਇਕ ਸਮੂਹ ਵਜੋਂ। ਪ੍ਰਾਰਥਨਾ ਕਰਦੇ ਹੋਏ ਦਾਨੀਏਲ ਨਬੀ ਨੇ ਯਹੋਵਾਹ ਨੂੰ ਕਿਹਾ: “ਹੇ ਪ੍ਰਭੁ, ਜਿਹੜਾ ਵੱਡਾ ਅਤੇ ਭਿਆਣਕ ਪਰਮੇਸ਼ੁਰ ਹੈਂ ਅਤੇ ਉਸ ਨੇਮ ਨੂੰ ਆਪਣੇ ਪ੍ਰੀਤਮਾਂ ਦੇ ਨਾਲ ਅਤੇ ਜਿਹੜੇ ਤੇਰੇ ਆਗਿਆਕਾਰੀ ਹਨ ਉਨ੍ਹਾਂ ਦੇ ਨਾਲ ਚੇਤੇ ਰੱਖਦਾ ਹੈਂ ਅਤੇ ਉਨ੍ਹਾਂ ਉੱਤੇ ਦਯਾ [ਪ੍ਰੇਮ-ਭਰੀ-ਦਇਆ] ਰੱਖਦਾ ਹੈਂ।” (ਦਾਨੀਏਲ 9:4) ਰਾਜਾ ਦਾਊਦ ਨੇ ਪ੍ਰਾਰਥਨਾ ਕੀਤੀ: ‘ਆਪਣੇ ਮੰਨਣ ਵਾਲਿਆਂ ਦੇ ਲਈ ਆਪਣੀ ਪ੍ਰੇਮ-ਭਰੀ-ਦਇਆ ਵਧਾਈ ਜਾ।’ (ਜ਼ਬੂਰ 36:10) ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਯਹੋਵਾਹ ਆਪਣੇ ਸੇਵਕਾਂ ਉੱਤੇ ਪ੍ਰੇਮ-ਭਰੀ-ਦਇਆ ਕਰਦਾ ਹੈ!—1 ਰਾਜਿਆਂ 8:23; 1 ਇਤਹਾਸ 17:13.
19. ਅਸੀਂ ਅਗਲੇ ਲੇਖ ਵਿਚ ਕਿਨ੍ਹਾਂ ਸਵਾਲਾਂ ਉੱਤੇ ਵਿਚਾਰ ਕਰਾਂਗੇ?
19 ਯਹੋਵਾਹ ਦੇ ਲੋਕਾਂ ਵਜੋਂ ਸਾਡੇ ਉੱਤੇ ਸੱਚ-ਮੁੱਚ ਉਸ ਦੀ ਕਿਰਪਾ ਹੈ! ਇਹ ਸੱਚ ਹੈ ਕਿ ਪਰਮੇਸ਼ੁਰ ਨੇ ਆਮ ਮਨੁੱਖਜਾਤੀ ਨਾਲ ਪਿਆਰ ਕੀਤਾ ਹੈ, ਪਰ ਅਸੀਂ ਆਪਣੇ ਸਵਰਗੀ ਪਿਤਾ ਦੀ ਪ੍ਰੇਮ-ਭਰੀ-ਦਇਆ ਕਾਰਨ ਖ਼ਾਸ ਬਰਕਤਾਂ ਦਾ ਆਨੰਦ ਮਾਣਦੇ ਹਾਂ। (ਯੂਹੰਨਾ 3:16) ਔਖਿਆਂ ਸਮਿਆਂ ਵਿਚ ਯਹੋਵਾਹ ਦਾ ਇਹ ਬਹੁਮੁੱਲਾ ਗੁਣ ਸਾਡੀ ਬਹੁਤ ਹੀ ਮਦਦ ਕਰਦਾ ਹੈ। (ਜ਼ਬੂਰ 36:7) ਪਰ ਅਸੀਂ ਯਹੋਵਾਹ ਪਰਮੇਸ਼ੁਰ ਵਾਂਗ ਦੂਸਰਿਆਂ ਉੱਤੇ ਪ੍ਰੇਮ-ਭਰੀ-ਦਇਆ ਕਿਵੇਂ ਕਰ ਸਕਦੇ ਹਾਂ? ਕੀ ਅਸੀਂ ਖ਼ੁਦ ਇਹ ਗੁਣ ਪ੍ਰਗਟ ਕਰਦੇ ਹਾਂ? ਅਗਲੇ ਲੇਖ ਵਿਚ ਇਨ੍ਹਾਂ ਅਤੇ ਹੋਰਨਾਂ ਸਵਾਲਾਂ ਉੱਤੇ ਵਿਚਾਰ ਕੀਤਾ ਜਾਵੇਗਾ।
ਕੀ ਤੁਹਾਨੂੰ ਯਾਦ ਹੈ?
• ਅਸੀਂ ਉਸ ਇਬਰਾਨੀ ਸ਼ਬਦ ਬਾਰੇ ਕੀ ਸਿੱਖਿਆ ਹੈ ਜਿਸ ਦਾ ਤਰਜਮਾ ਪ੍ਰੇਮ-ਭਰੀ-ਦਇਆ ਕੀਤਾ ਗਿਆ ਹੈ?
• ਪਿਆਰ ਅਤੇ ਵਫ਼ਾਦਾਰੀ ਦੇ ਗੁਣਾਂ ਤੋਂ ਪ੍ਰੇਮ-ਭਰੀ-ਦਇਆ ਦਾ ਗੁਣ ਕਿਵੇਂ ਵੱਖਰਾ ਹੈ?
• ਯਹੋਵਾਹ ਨੇ ਲੂਤ, ਅਬਰਾਹਾਮ, ਅਤੇ ਯੂਸੁਫ਼ ਉੱਤੇ ਪ੍ਰੇਮ-ਭਰੀ-ਦਇਆ ਕਿਵੇਂ ਕੀਤੀ ਸੀ?
• ਯਹੋਵਾਹ ਦੀ ਪ੍ਰੇਮ-ਭਰੀ-ਦਇਆ ਦੇ ਪ੍ਰਗਟਾਵਿਆਂ ਤੋਂ ਸਾਨੂੰ ਕਿਹੜਾ ਭਰੋਸਾ ਮਿਲਦਾ ਹੈ?
[ਸਵਾਲ]
[ਸਫ਼ੇ 13 ਉੱਤੇ ਤਸਵੀਰ]
ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਨੇ ਲੂਤ ਉੱਤੇ ਕਿਵੇਂ ਪ੍ਰੇਮ-ਭਰੀ-ਦਇਆ ਕੀਤੀ ਸੀ?
[ਸਫ਼ੇ 15 ਉੱਤੇ ਤਸਵੀਰਾਂ]
ਪ੍ਰੇਮ-ਭਰੀ-ਦਇਆ ਪ੍ਰਗਟ ਕਰ ਕੇ ਯਹੋਵਾਹ ਨੇ ਅਬਰਾਹਾਮ ਦੇ ਨੌਕਰ ਦੀ ਅਗਵਾਈ ਕੀਤੀ ਸੀ
[ਸਫ਼ੇ 16 ਉੱਤੇ ਤਸਵੀਰਾਂ]
ਯਹੋਵਾਹ ਨੇ ਯੂਸੁਫ਼ ਦੀ ਰੱਖਿਆ ਕਰ ਕੇ ਉਸ ਉੱਤੇ ਪ੍ਰੇਮ-ਭਰੀ-ਦਇਆ ਕੀਤੀ ਸੀ