ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਪਰਮੇਸ਼ੁਰ ਕੌਣ ਹੈ
ਸਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਪਰਮੇਸ਼ੁਰ ਕੌਣ ਹੈ
ਕੀ ਤੁਸੀਂ ਰਾਤ ਨੂੰ ਤਾਰਿਆਂ ਨਾਲ ਜਗਮਗਾਉਂਦੇ ਅਕਾਸ਼ ਵੱਲ ਦੇਖ ਕੇ ਅਚੰਭੇ ਨਾਲ ਨਹੀਂ ਭਰ ਜਾਂਦੇ ਹੋ? ਕੀ ਤੁਹਾਨੂੰ ਰੰਗ-ਬਰੰਗਿਆਂ ਫੁੱਲਾਂ ਦੀ ਖ਼ੁਸ਼ਬੂ ਚੰਗੀ ਲੱਗਦੀ ਹੈ? ਕੀ ਤੁਸੀਂ ਚਿੜੀਆਂ ਦੇ ਸੰਗੀਤ ਸੁਣਨੇ ਪਸੰਦ ਕਰਦੇ ਹੋ? ਕੀ ਤੁਹਾਨੂੰ ਹਵਾ ਨਾਲ ਹਿਲਦਿਆਂ ਪੱਤਿਆਂ ਦੀ ਆਵਾਜ਼ ਚੰਗੀ ਲੱਗਦੀ ਹੈ? ਅਤੇ ਉਨ੍ਹਾਂ ਵੱਡੀਆਂ-ਵੱਡੀਆਂ ਮੱਛੀਆਂ ਅਤੇ ਦੂਸਰਿਆਂ ਜੀਵ-ਜੰਤੂਆਂ ਬਾਰੇ ਜ਼ਰਾ ਸੋਚੋ ਜੋ ਸਮੁੰਦਰ ਵਿਚ ਰਹਿੰਦੇ ਹਨ। ਸਾਡੀ ਜ਼ਮੀਰ ਅਤੇ ਸਾਡਾ ਦਿਮਾਗ਼ ਸਾਨੂੰ ਹੋਰ ਵੀ ਹੈਰਾਨ ਕਰਦੇ ਹਨ। ਇਨ੍ਹਾਂ ਹੈਰਾਨਕੁਨ ਚੀਜ਼ਾਂ ਨੂੰ ਕਿਸ ਨੇ ਬਣਾਇਆ?
ਕਈ ਇਨਸਾਨ ਮੰਨਦੇ ਹਨ ਕਿ ਇਹ ਸਭ ਕੁਝ ਆਪੇ ਹੀ ਉਤਪੰਨ ਹੋਇਆ। ਪਰ ਜੇ ਇਹ ਸੱਚ ਹੈ ਤਾਂ ਇਨਸਾਨ ਪਰਮੇਸ਼ੁਰ ਨੂੰ ਕਿਉਂ ਮੰਨਦੇ ਹਨ? ਕੀ ਵੱਖ-ਵੱਖ ਰਸਾਇਣਕ ਪਦਾਰਥਾਂ ਨੇ ਆਪੇ ਹੀ ਮਿਲ ਕੇ ਸਾਡੇ ਵਿਚ ਇਕ ਆਤਮਿਕ ਜ਼ਰੂਰਤ ਪੈਦਾ ਕੀਤੀ ਸੀ?
ਪ੍ਰੋਫ਼ੈਸਰ ਐਲਿਸਟਰ ਹਾਰਡੀ ਨੇ ਰਿਸਰਚ ਕਰਨ ਤੋਂ ਬਾਅਦ ਮਨੁੱਖ ਦਾ ਆਤਮਿਕ ਸੁਭਾਅ (ਅੰਗ੍ਰੇਜ਼ੀ) ਨਾਂ ਦੀ ਆਪਣੀ ਪੁਸਤਕ ਵਿਚ ਕਿਹਾ: ‘ਧਰਮ ਹਰੇਕ ਇਨਸਾਨ ਦਾ ਤਜਰਬਾ ਹੈ, ਭਾਵੇਂ ਉਹ ਪੜ੍ਹਿਆ-ਲਿਖਿਆ, ਅਮੀਰ, ਜਾਂ ਗ਼ਰੀਬ ਹੋਵੇ।’ ਹਾਲ ਹੀ ਵਿਚ ਵਿਗਿਆਨੀਆਂ ਨੇ ਦਿਮਾਗ਼ ਦੀ ਖੋਜ ਕਰਨ ਤੋਂ ਬਾਅਦ ਕਿਹਾ ਕਿ ਹੋ ਸਕਦਾ ਹੈ ਕਿ ਇਨਸਾਨਾਂ ਨੂੰ ਸ਼ਾਇਦ ਧਰਮ ਵਿਚ “ਮੰਨਣ ਲਈ ਹੀ ਬਣਾਇਆ” ਗਿਆ ਹੈ। ਕੀ ਸਿਰਫ਼ ਪਰਮੇਸ਼ੁਰ ਹੀ ਅਸਲੀਅਤ ਹੈ (ਅੰਗ੍ਰੇਜ਼ੀ) ਨਾਂ ਦੀ ਪੁਸਤਕ ਵਿਚ ਲਿਖਿਆ ਹੈ ਕਿ ‘ਮਨੁੱਖ-ਜਾਤੀ ਦੇ ਸ਼ੁਰੂ ਤੋਂ ਹੀ ਹਰ ਸਮਾਜ ਅਤੇ ਹਰ ਯੁਗ ਨੇ ਆਪੋ ਆਪਣੇ ਧਰਮ ਰਾਹੀਂ ਜੀਉਣ ਦਾ ਕਾਰਨ ਲੱਭਣ ਦੀ ਕੋਸ਼ਿਸ਼ ਕੀਤੀ ਹੈ।’
ਇਨ੍ਹਾਂ ਸ਼ਬਦਾਂ ਉੱਤੇ ਗੌਰ ਕਰੋ ਜੋ ਇਕ ਪੜ੍ਹੇ-ਲਿਖੇ ਆਦਮੀ ਨੇ 2,000 ਸਾਲ ਪਹਿਲਾਂ ਲਿਖੇ ਸਨ: “ਹਰੇਕ ਘਰ ਤਾਂ ਕਿਸੇ ਨਾ ਕਿਸੇ ਦਾ ਬਣਾਇਆ ਹੋਇਆ ਹੁੰਦਾ ਹੈ ਪਰ ਜਿਹ ਨੇ ਸੱਭੋ ਕੁਝ ਬਣਾਇਆ ਉਹ ਪਰਮੇਸ਼ੁਰ ਹੈ।” (ਇਬਰਾਨੀਆਂ 3:4) ਅਸਲ ਵਿਚ ਬਾਈਬਲ ਦੀ ਪਹਿਲੀ ਆਇਤ ਕਹਿੰਦੀ ਹੈ ਕਿ “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।”—ਉਤਪਤ 1:1.
ਪਰ ਪਰਮੇਸ਼ੁਰ ਕੌਣ ਹੈ? ਲੋਕ ਇਸ ਸਵਾਲ ਦੇ ਵੱਖਰੇ-ਵੱਖਰੇ ਜਵਾਬ ਦਿੰਦੇ ਹਨ। ਜਦੋਂ ਯੋਸ਼ੀ ਨਾਂ ਦੇ ਇਕ ਜਪਾਨੀ ਗੱਭਰੂ ਨੂੰ ਪੁੱਛਿਆ ਗਿਆ ਕਿ ਪਰਮੇਸ਼ੁਰ ਕੌਣ ਹੈ, ਉਸ ਨੇ ਕਿਹਾ ਕਿ “ਮੈਨੂੰ ਪੱਕਾ ਨਹੀਂ ਪਤਾ। ਮੈਂ ਤਾਂ ਇਕ ਬੋਧੀ ਹਾਂ, ਅਤੇ ਮੇਰੇ ਲਈ ਇਹ ਜਾਣਨਾ ਕੋਈ ਵੱਡੀ ਗੱਲ ਨਹੀਂ ਹੈ ਕਿ ਪਰਮੇਸ਼ੁਰ ਕੌਣ ਹੈ।” ਪਰ ਯੋਸ਼ੀ ਨੇ ਇਹ ਗੱਲ ਮੰਨੀ ਕਿ ਕਈਆਂ ਲੋਕਾਂ ਦੇ ਭਾਣੇ ਮਹਾਤਮਾ ਬੁੱਧ ਹੀ ਰੱਬ ਹੈ। ਨਿੱਕ ਨਾਂ ਦਾ ਪੈਂਹਠਾਂ ਕੁ ਸਾਲਾਂ ਦਾ ਇਕ ਬਿਜ਼ਨਿਸਮੈਨ ਰੱਬ ਨੂੰ ਮੰਨਦਾ ਹੈ ਅਤੇ ਉਸ ਦੇ ਅਨੁਸਾਰ ਉਹ ਸਰਬਸ਼ਕਤੀਮਾਨ ਹੈ। ਜਦੋਂ ਨਿੱਕ ਨੂੰ ਪੁੱਛਿਆ ਗਿਆ ਕਿ ਉਹ ਪਰਮੇਸ਼ੁਰ ਬਾਰੇ ਕੀ ਜਾਣਦਾ ਹੈ, ਤਾਂ ਉਸ ਨੇ ਕੁਝ ਦੇਰ ਤਕ ਸੋਚ ਕੇ ਫਿਰ ਜਵਾਬ ਦਿੱਤਾ ਕਿ “ਇਸ ਸਵਾਲ ਦਾ ਜਵਾਬ ਬਹੁਤ ਹੀ
ਮੁਸ਼ਕਲ ਹੈ। ਮੈਂ ਤਾਂ ਬਸ ਇਹ ਹੀ ਜਾਣਦਾ ਹਾਂ ਕਿ ਰੱਬ ਹੈ।”ਕੁਝ ਲੋਕ ‘ਕਰਤਾਰ ਨੂੰ ਛੱਡ ਕੇ ਸਰਿਸ਼ਟੀ ਦੀ ਪੂਜਾ ਕਰਦੇ ਹਨ।’ (ਰੋਮੀਆਂ 1:25) ਲੱਖਾਂ ਹੀ ਲੋਕ ਮਰੇ ਹੋਏ ਰਿਸ਼ਤੇਦਾਰਾਂ ਨੂੰ ਪੂਜਦੇ ਹਨ। ਉਨ੍ਹਾਂ ਦੇ ਖ਼ਿਆਲ ਵਿਚ ਪਰਮੇਸ਼ੁਰ ਉਨ੍ਹਾਂ ਦੀ ਪਹੁੰਚ ਤੋਂ ਬਹੁਤ ਦੂਰ ਹੈ। ਹਿੰਦੂ ਧਰਮ ਵਿਚ ਬਾਹਲੇ ਦੇਵੀ-ਦੇਵਤੇ ਹਨ। ਯਿਸੂ ਦੇ ਰਸੂਲਾਂ ਦੇ ਜ਼ਮਾਨੇ ਵਿਚ ਦਿਔਸ ਅਤੇ ਹਰਮੇਸ ਵਰਗੇ ਅਨੇਕ ਦੇਵੀ-ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ। (ਰਸੂਲਾਂ ਦੇ ਕਰਤੱਬ 14:11, 12) ਈਸਾਈ-ਜਗਤ ਦੇ ਕਈ ਚਰਚ ਇਹ ਸਿੱਖਿਆ ਦਿੰਦੇ ਹਨ ਕਿ ਪਰਮੇਸ਼ੁਰ ਤ੍ਰਿਏਕ ਹੈ, ਮਤਲਬ ਕਿ ਪਰਮੇਸ਼ੁਰ ਵਿਚ ਪਿਤਾ, ਪੁੱਤਰ, ਤੇ ਪਵਿੱਤਰ ਆਤਮਾ ਸੰਮਿਲਿਤ ਹਨ।
ਅਸਲ ਵਿਚ ਬਾਈਬਲ ਦੱਸਦੀ ਹੈ ਕਿ “ਬਾਹਲੇ ਦਿਓਤੇ ਅਤੇ ਬਾਹਲੇ ਸੁਆਮੀ ਹਨ।” ਪਰ ਉਹ ਇਹ ਕਹਿੰਦੀ ਹੈ ਕਿ “ਸਾਡੇ ਭਾਣੇ ਇੱਕੋ ਪਰਮੇਸ਼ੁਰ ਹੈ ਜੋ ਪਿਤਾ ਹੈ ਜਿਸ ਤੋਂ ਸੱਭੋ ਕੁਝ ਹੋਇਆ ਹੈ।” (1 ਕੁਰਿੰਥੀਆਂ 8:5, 6) ਸੱਚ-ਮੁੱਚ ਸਿਰਫ਼ ਇੱਕੋ ਹੀ ਪਰਮੇਸ਼ੁਰ ਹੈ। ਪਰ ਉਹ ਕੌਣ ਹੈ? ਉਸ ਦਾ ਕੀ ਰੂਪ ਹੈ? ਸਾਡੇ ਲਈ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨਾ ਜ਼ਰੂਰੀ ਹੈ। ਖ਼ੁਦ ਪ੍ਰਾਰਥਨਾ ਕਰਦਿਆਂ ਯਿਸੂ ਨੇ ਪਰਮੇਸ਼ੁਰ ਨੂੰ ਕਿਹਾ ਸੀ ਕਿ “ਸਦੀਪਕ ਜੀਉਣ ਇਹ ਹੈ ਕਿ ਓਹ ਤੈਨੂੰ ਜੋ ਸੱਚਾ ਵਾਹਿਦ ਪਰਮੇਸ਼ੁਰ ਹੈ ਅਤੇ ਯਿਸੂ ਮਸੀਹ ਨੂੰ ਜਿਹ ਨੂੰ ਤੈਂ ਘੱਲਿਆ ਜਾਣਨ।” (ਯੂਹੰਨਾ 17:3) ਪਰਮੇਸ਼ੁਰ ਬਾਰੇ ਸੱਚਾਈ ਜਾਣਨੀ ਬਹੁਤ ਜ਼ਰੂਰੀ ਹੈ; ਇਹ ਸਾਡੀ ਸਦਾ ਦੀ ਜ਼ਿੰਦਗੀ ਦਾ ਸਵਾਲ ਹੈ।
[ਸਫ਼ੇ 3 ਉੱਤੇ ਤਸਵੀਰ]
ਇਨ੍ਹਾਂ ਨੂੰ ਕਿਸ ਨੇ ਬਣਾਇਆ?
[ਕ੍ਰੈਡਿਟ ਲਾਈਨ]
ਵ੍ਹੇਲ ਮੱਛੀ: Courtesy of Tourism Queensland