ਉਸ ਨੂੰ ਅਜੀਬ ਥਾਂ ਤੋਂ ਸੱਚਾਈ ਮਿਲੀ
ਰਾਜ ਘੋਸ਼ਕ ਰਿਪੋਰਟ ਕਰਦੇ ਹਨ
ਉਸ ਨੂੰ ਅਜੀਬ ਥਾਂ ਤੋਂ ਸੱਚਾਈ ਮਿਲੀ
ਇਹ ਪਰਮੇਸ਼ੁਰ ਦੀ ਇੱਛਾ ਹੈ ਕਿ “ਸਾਰੇ ਮਨੁੱਖ ਬਚਾਏ ਜਾਣ ਅਤੇ ਓਹ ਸਤ ਦੇ ਗਿਆਨ ਤੀਕ ਪਹੁੰਚਣ।” (1 ਤਿਮੋਥਿਉਸ 2:3, 4) ਇਸ ਟੀਚੇ ਨੂੰ ਪੂਰਾ ਕਰਨ ਲਈ ਯਹੋਵਾਹ ਦੇ ਗਵਾਹਾਂ ਨੇ ਲੱਖਾਂ ਬਾਈਬਲਾਂ ਅਤੇ ਬਾਈਬਲ-ਆਧਾਰਿਤ ਸਾਹਿੱਤ ਨੂੰ ਛਾਪਿਆ ਤੇ ਵੰਡਿਆ ਹੈ। ਇਨ੍ਹਾਂ ਪ੍ਰਕਾਸ਼ਨਾਂ ਨੇ ਕਈ ਵਾਰੀ ਸੱਚੇ ਦਿਲ ਵਾਲੇ ਲੋਕਾਂ ਦੀ ਬੜੇ ਅਜੀਬ ਤਰੀਕਿਆਂ ਨਾਲ ਸੱਚਾਈ ਸਿੱਖਣ ਵਿਚ ਮਦਦ ਕੀਤੀ ਹੈ। ਇਸ ਸੰਬੰਧੀ ਸੀਅਰਾ ਲਿਓਨ ਦੇ ਫ਼ਰੀ ਟਾਊਨ ਸ਼ਹਿਰ ਦੇ ਰਾਜ ਘੋਸ਼ਕ ਅੱਗੇ ਦਿੱਤਾ ਤਜਰਬਾ ਦੱਸਦੇ ਹਨ।
ਊਸਮਾਨ ਆਪਣੇ ਘਰ ਵਿਚ ਨੌਂ ਬੱਚਿਆਂ ਵਿੱਚੋਂ ਦੂਜਾ ਮੁੰਡਾ ਸੀ। ਇਕ ਧਾਰਮਿਕ ਘਰਾਣੇ ਵਿਚ ਪਲਿਆ ਹੋਣ ਕਰਕੇ ਉਹ ਬਾਕਾਇਦਾ ਆਪਣੇ ਪਿਤਾ ਨਾਲ ਭਗਤੀ ਕਰਨ ਜਾਂਦਾ ਸੀ। ਪਰ ਊਸਮਾਨ ਆਪਣੇ ਧਰਮ ਵਿਚ ਸਿਖਾਈ ਜਾਂਦੀ ਨਰਕ ਦੀ ਸਿੱਖਿਆ ਕਾਰਨ ਬੜਾ ਪਰੇਸ਼ਾਨ ਸੀ। ਉਸ ਨੂੰ ਸਮਝ ਨਹੀਂ ਆਉਂਦੀ ਸੀ ਕਿ ਇਕ ਦਿਆਲੂ ਪਰਮੇਸ਼ੁਰ ਕਿਵੇਂ ਬੁਰੇ ਲੋਕਾਂ ਨੂੰ ਅੱਗ ਵਿਚ ਸਾੜ ਕੇ ਤਸੀਹੇ ਦੇ ਸਕਦਾ ਹੈ। ਨਰਕ ਦੀ ਅੱਗ ਦੀ ਸਿੱਖਿਆ ਦੇ ਸੰਬੰਧ ਵਿਚ ਉਸ ਦੇ ਸਵਾਲਾਂ ਦੇ ਦਿੱਤੇ ਜਵਾਬਾਂ ਤੋਂ ਊਸਮਾਨ ਨੂੰ ਤਸੱਲੀ ਨਹੀਂ ਹੋਈ।
ਵੀਹ ਸਾਲ ਦੀ ਉਮਰ ਵਿਚ ਇਕ ਦਿਨ ਊਸਮਾਨ ਨੇ ਕੂੜੇ ਦੇ ਡੱਬੇ ਵਿਚ ਕੂੜੇ ਹੇਠ ਇਕ ਨੀਲੀ ਕਿਤਾਬ ਦੱਬੀ ਹੋਈ ਦੇਖੀ। ਕਿਤਾਬਾਂ ਦਾ ਸ਼ੌਕੀਨ ਹੋਣ ਕਰਕੇ ਉਸ ਨੇ ਇਸ ਨੂੰ ਚੁੱਕ ਕੇ ਸਾਫ਼ ਕੀਤਾ ਤੇ ਇਸ ਦੇ ਨਾਂ ਨੂੰ ਦੇਖਿਆ—ਸੱਚ ਜਿਹੜਾ ਅਨੰਤ ਜ਼ਿੰਦਗੀ ਵੱਲ ਲੈ ਜਾਂਦਾ ਹੈ। *
‘ਇਹ ਕਿਹੜਾ ਸੱਚ ਹੈ?’ ਊਸਮਾਨ ਨੇ ਸੋਚਿਆ। ਬੜੀ ਉਤਸੁਕਤਾ ਨਾਲ ਉਹ ਕਿਤਾਬ ਨੂੰ ਘਰ ਲੈ ਗਿਆ ਅਤੇ ਇੱਕੋ ਵਾਰੀ ਬੈਠ ਕੇ ਪੂਰੀ ਕਿਤਾਬ ਪੜ੍ਹ ਲਈ। ਉਹ ਇਹ ਪੜ੍ਹ ਕੇ ਬਹੁਤ ਹੀ ਖ਼ੁਸ਼ ਹੋਇਆ ਕਿ ਪਰਮੇਸ਼ੁਰ ਦਾ ਇਕ ਨਾਂ ਹੈ—ਯਹੋਵਾਹ! (ਜ਼ਬੂਰ 83:18) ਊਸਮਾਨ ਨੇ ਇਹ ਵੀ ਸਿੱਖਿਆ ਕਿ ਪਰਮੇਸ਼ੁਰ ਦਾ ਮੁੱਖ ਗੁਣ ਪਿਆਰ ਹੈ, ਇਸ ਲਈ ਅੱਗ ਵਿਚ ਲੋਕਾਂ ਨੂੰ ਤਸੀਹੇ ਦੇਣ ਦੇ ਵਿਚਾਰ ਤੋਂ ਵੀ ਉਸ ਨੂੰ ਘਿਰਣਾ ਹੈ। (ਯਿਰਮਿਯਾਹ 32:35; 1 ਯੂਹੰਨਾ 4:8) ਆਖ਼ਰ ਵਿਚ ਊਸਮਾਨ ਨੇ ਪੜ੍ਹਿਆ ਕਿ ਯਹੋਵਾਹ ਜਲਦੀ ਹੀ ਇਸ ਧਰਤੀ ਨੂੰ ਫਿਰਦੌਸ ਬਣਾ ਦੇਵੇਗਾ ਜਿਸ ਉੱਤੇ ਲੋਕ ਸਦਾ ਲਈ ਜੀਉਂਦੇ ਰਹਿਣਗੇ। (ਜ਼ਬੂਰ 37:29; ਪਰਕਾਸ਼ ਦੀ ਪੋਥੀ 21:3, 4) ਇਕ ਦਿਆਲੂ ਤੇ ਪ੍ਰੇਮਮਈ ਪਰਮੇਸ਼ੁਰ ਵੱਲੋਂ ਕਿੰਨਾ ਹੀ ਸ਼ਾਨਦਾਰ ਸੱਚ! ਊਸਮਾਨ ਨੇ ਦਿਲੋਂ ਯਹੋਵਾਹ ਦਾ ਧੰਨਵਾਦ ਕੀਤਾ ਕਿ ਉਸ ਨੇ ਉਸ ਦੀ ਇਕ ਅਜੀਬ ਥਾਂ ਤੋਂ ਸੱਚਾਈ ਲੱਭਣ ਵਿਚ ਮਦਦ ਕੀਤੀ।
ਕੁਝ ਦਿਨਾਂ ਬਾਅਦ ਕੁਝ ਦੋਸਤਾਂ ਦੀ ਮਦਦ ਨਾਲ ਊਸਮਾਨ ਨੇ ਯਹੋਵਾਹ ਦੇ ਗਵਾਹਾਂ ਦੇ ਕਿੰਗਡਮ ਹਾਲ ਦਾ ਪਤਾ ਲਾ ਲਿਆ ਤੇ ਪਹਿਲੀ ਵਾਰੀ ਸਭਾ ਵਿਚ ਗਿਆ। ਉੱਥੇ ਉਸ ਨੇ ਇਕ ਗਵਾਹ ਨੂੰ ਉਸ ਨਾਲ ਬਾਈਬਲ ਸਟੱਡੀ ਕਰਨ ਲਈ ਕਿਹਾ। ਪਰਿਵਾਰ ਵੱਲੋਂ ਸਖ਼ਤ ਵਿਰੋਧ ਦੇ ਬਾਵਜੂਦ, ਊਸਮਾਨ ਨੇ ਅਧਿਆਤਮਿਕ ਤੌਰ ਤੇ ਚੰਗੀ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ। (ਮੱਤੀ 10:36) ਅੱਜ ਉਹ ਕਲੀਸਿਯਾ ਵਿਚ ਇਕ ਬਜ਼ੁਰਗ ਦੇ ਤੌਰ ਤੇ ਸੇਵਾ ਕਰਦਾ ਹੈ। ਇਹ ਸਭ ਕੁਝ ਇਕ ਕੂੜੇ ਦੇ ਡੱਬੇ ਵਿੱਚੋਂ ਬਾਈਬਲ ਪ੍ਰਕਾਸ਼ਨ ਮਿਲਣ ਕਰਕੇ ਹੋਇਆ!
[ਫੁਟਨੋਟ]
^ ਪੈਰਾ 5 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ 1968 ਵਿਚ ਛਾਪੀ ਗਈ ਸੀ।