‘ਓਹ ਤਹਿ ਵਿੱਚ ਚਲੇ ਗਏ’
‘ਓਹ ਤਹਿ ਵਿੱਚ ਚਲੇ ਗਏ’
“ਡੁੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਓਹ ਪੱਥਰ ਵਾਂਙੁ ਤਹਿ ਵਿੱਚ ਚਲੇ ਗਏ।”
ਮੂਸਾ ਅਤੇ ਇਸਰਾਏਲੀਆਂ ਨੇ ਇਹ ਗੀਤ ਗਾ ਕੇ ਲਾਲ ਸਮੁੰਦਰ ਵਿੱਚੋਂ ਪਾਰ ਲੰਘ ਜਾਣ ਅਤੇ ਉਨ੍ਹਾਂ ਦਾ ਪਿੱਛਾ ਕਰ ਰਹੇ ਮਿਸਰੀ ਦੁਸ਼ਮਣਾਂ—ਫ਼ਿਰਊਨ ਅਤੇ ਉਸ ਦੀ ਫ਼ੌਜ—ਦੇ ਡੁੱਬ ਜਾਣ ਦਾ ਜਸ਼ਨ ਮਨਾਇਆ।—ਕੂਚ 15:4, 5.
ਉਸ ਹੈਰਾਨੀਜਨਕ ਘਟਨਾ ਨੂੰ ਦੇਖਣ ਵਾਲੇ ਹਰੇਕ ਵਿਅਕਤੀ ਲਈ ਇਹ ਇਕ ਜ਼ਬਰਦਸਤ ਸਬਕ ਸੀ। ਕੋਈ ਵੀ ਯਹੋਵਾਹ ਦੇ ਅਧਿਕਾਰ ਨੂੰ ਲਲਕਾਰ ਕੇ ਜਾਂ ਇਸ ਦਾ ਵਿਰੋਧ ਕਰ ਕੇ ਜੀਉਂਦਾ ਨਹੀਂ ਰਹਿ ਸਕਦਾ। ਪਰ ਕੁਝ ਹੀ ਮਹੀਨਿਆਂ ਬਾਅਦ ਉੱਘੇ ਇਸਰਾਏਲੀਆਂ—ਕੋਰਹ, ਦਾਥਾਨ, ਅਬੀਰਾਮ ਅਤੇ ਉਨ੍ਹਾਂ ਦੇ 250 ਹਿਮਾਇਤੀਆਂ—ਨੇ ਸਭ ਦੇ ਸਾਮ੍ਹਣੇ ਪਰਮੇਸ਼ੁਰ ਵੱਲੋਂ ਮੂਸਾ ਤੇ ਹਾਰੂਨ ਨੂੰ ਦਿੱਤੇ ਅਧਿਕਾਰ ਨੂੰ ਲਲਕਾਰਿਆ ਸੀ।—ਗਿਣਤੀ 16:1-3.
ਯਹੋਵਾਹ ਦੀ ਹਿਦਾਇਤ ਅਨੁਸਾਰ, ਮੂਸਾ ਨੇ ਇਸਰਾਏਲੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ ਬਾਗ਼ੀਆਂ ਦੇ ਤੰਬੂਆਂ ਤੋਂ ਇਕ ਪਾਸੇ ਹੋ ਜਾਣ। ਦਾਥਾਨ ਅਤੇ ਅਬੀਰਾਮ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੇ ਆਪਣਾ ਰਵੱਈਆ ਨਹੀਂ ਬਦਲਿਆ। ਫਿਰ ਮੂਸਾ ਨੇ ਐਲਾਨ ਕੀਤਾ ਕਿ ਯਹੋਵਾਹ ਆਪਣੇ ਤਰੀਕੇ ਨਾਲ ਲੋਕਾਂ ਨੂੰ ਦਿਖਾ ਦੇਵੇਗਾ ਕਿ ਇਨ੍ਹਾਂ ਮਨੁੱਖਾਂ ਨੇ “ਯਹੋਵਾਹ ਨੂੰ ਤੁੱਛ ਜਾਤਾ ਹੈ!” ਉਸ ਵੇਲੇ ਯਹੋਵਾਹ ਨੇ ਉਨ੍ਹਾਂ ਦੇ ਪੈਰਾਂ ਹੇਠਲੀ ਜ਼ਮੀਨ ਨੂੰ ਪਾੜ ਦਿੱਤਾ। “ਓਹ ਅਤੇ ਉਨ੍ਹਾਂ ਦੇ ਨਾਲ ਦੇ ਜੀਉਂਦੇ ਜੀ ਪਤਾਲ ਵਿੱਚ ਉਤਰ ਗਏ ਅਤੇ ਧਰਤੀ ਉਨ੍ਹਾਂ ਉੱਤੇ ਮਿਲ ਗਈ।” ਕੋਰਹ ਅਤੇ ਦੂਜੇ ਬਾਗ਼ੀਆਂ ਬਾਰੇ ਕੀ? “ਯਹੋਵਾਹ ਵੱਲੋਂ ਅੱਗ ਨਿੱਕਲੀ ਅਤੇ ਉਨ੍ਹਾਂ ਢਾਈ ਸੌ ਮਨੁੱਖਾਂ ਨੂੰ ਜਿਹੜੇ ਧੂਪ ਧੁਖਾਉਂਦੇ ਸਨ ਭਸਮ ਕਰ ਗਈ।”—ਗਿਣਤੀ 16:23-35; 26:10.
ਫ਼ਿਰਊਨ ਤੇ ਉਸ ਦੀਆਂ ਫ਼ੌਜਾਂ ਅਤੇ ਉਜਾੜ ਵਿਚ ਬਗਾਵਤ ਕਰਨ ਵਾਲੇ ਲੋਕ, ਸਾਰੇ ਹੀ ਨਾਸ਼ ਹੋ ਗਏ ਕਿਉਂਕਿ ਉਨ੍ਹਾਂ ਨੇ ਯਹੋਵਾਹ ਦੇ ਅਧਿਕਾਰ ਨੂੰ ਅਤੇ ਉਸ ਦੀ ਅਗਵਾਈ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਲਈ ਜਿਹੜੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਦੀ ਸੁਰੱਖਿਆ ਹਾਸਲ ਕਰਨੀ ਚਾਹੁੰਦੇ ਹਨ, ਉਨ੍ਹਾਂ ਲਈ ਯਹੋਵਾਹ ਬਾਰੇ ਸਿੱਖਣਾ ਅਤੇ ਉਸ ਨੂੰ “ਸਰਬ ਸ਼ਕਤੀਮਾਨ” ਤੇ “ਅੱਤ ਮਹਾਨ” ਮੰਨ ਕੇ ਉਸ ਦੀ ਆਗਿਆ ਮੰਨਣੀ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਕਰ ਕੇ ਉਹ ਯਹੋਵਾਹ ਦੇ ਇਨ੍ਹਾਂ ਹੌਸਲਾਦਾਇਕ ਸ਼ਬਦਾਂ ਉੱਤੇ ਪੂਰਾ ਭਰੋਸਾ ਰੱਖ ਸਕਦੇ ਹਨ: “ਤੇਰੇ ਮੁੱਢ ਹਜ਼ਾਰ ਅਤੇ ਤੇਰੇ ਸੱਜੇ ਹੱਥ ਦਸ ਹਜ਼ਾਰ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਵੇਗੀ। ਕੇਵਲ ਤੂੰ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ, ਅਤੇ ਦੁਸ਼ਟਾਂ ਦਾ ਬਦਲਾ ਵੇਖੇਂਗਾ। ਹੇ ਯਹੋਵਾਹ, ਤੂੰ ਤਾਂ ਮੇਰੀ ਪਨਾਹਗਾਹ ਹੈਂ,—ਤੈਂ ਅੱਤ ਮਹਾਨ ਨੂੰ ਆਪਣੀ ਵੱਸੋਂ ਕਰ ਲਿਆ ਹੈ।”—ਜ਼ਬੂਰ 91:1, 7-9.