Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਕੋਈ ਵਿਅਕਤੀ ਬਪਤਿਸਮਾ ਲੈਣਾ ਚਾਹੁੰਦਾ ਹੈ, ਪਰ ਅਪਾਹਜ ਹੋਣ ਕਰਕੇ ਜਾਂ ਉਸ ਦੀ ਸਿਹਤ ਬਹੁਤ ਹੀ ਖ਼ਰਾਬ ਹੋਣ ਕਰਕੇ ਉਸ ਲਈ ਬਪਤਿਸਮਾ ਲੈਣਾ ਮੁਸ਼ਕਲ ਹੋ ਸਕਦਾ ਹੈ, ਤਾਂ ਇਸ ਹਾਲਤ ਵਿਚ ਕੀ ਉਸ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਚੁੱਭੀ ਦੇ ਕੇ ਬਪਤਿਸਮਾ ਦੇਣਾ ਜ਼ਰੂਰੀ ਹੈ?

ਸ਼ਬਦ “ਬਪਤਿਸਮਾ ਦੇਣਾ” ਯੂਨਾਨੀ ਕ੍ਰਿਆ ਵੈਪਟੋ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ “ਡੁਬਾਉਣਾ।” (ਯੂਹੰਨਾ 13:26, ਨਿ ਵ) ਬਾਈਬਲ ਵਿਚ “ਬਪਤਿਸਮਾ ਦੇਣ” ਅਤੇ “ਚੁੱਭੀ ਦੇਣ” ਦਾ ਇੱਕੋ ਮਤਲਬ ਹੈ। ਫ਼ਿਲਿੱਪੁਸ ਦੁਆਰਾ ਹਬਸ਼ੀ ਖੋਜੇ ਨੂੰ ਦਿੱਤੇ ਬਪਤਿਸਮੇ ਦੇ ਬਾਰੇ ਰੌਦਰਹੈਮ ਦੁਆਰਾ ਅਨੁਵਾਦ ਕੀਤੀ ਬਾਈਬਲ ਦੀ ਐਮਫ਼ਾਸਾਈਜ਼ਡ ਬਾਈਬਲ ਕਹਿੰਦੀ ਹੈ: “ਉਹ ਦੋਵੇਂ ਪਾਣੀ ਵਿਚ ਗਏ, ਦੋਵੇਂ ਫਿਲਿੱਪੁਸ ਅਤੇ ਖੋਜਾ—ਅਤੇ ਉਸ ਨੇ ਉਸ ਨੂੰ ਚੁੱਭੀ ਦਿੱਤੀ।” (ਰਸੂਲਾਂ ਦੇ ਕਰਤੱਬ 8:38) ਇਸ ਲਈ ਜਦੋਂ ਇਕ ਵਿਅਕਤੀ ਨੂੰ ਬਪਤਿਸਮਾ ਦਿੱਤਾ ਜਾਂਦਾ ਹੈ, ਤਾਂ ਉਸ ਨੂੰ ਪਾਣੀ ਵਿਚ ਪੂਰੀ ਤਰ੍ਹਾਂ ਡੁਬੋਇਆ ਜਾਂਦਾ ਹੈ।—ਮੱਤੀ 3:16; ਮਰਕੁਸ 1:10.

ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ।” (ਮੱਤੀ 28:19, 20) ਇਸ ਹੁਕਮ ਅਨੁਸਾਰ, ਯਹੋਵਾਹ ਦੇ ਗਵਾਹ ਸਵਿਮਿੰਗ ਪੂਲ, ਝੀਲਾਂ, ਦਰਿਆ ਜਾਂ ਦੂਸਰੀਆਂ ਥਾਵਾਂ ਤੇ ਬਪਤਿਸਮਾ ਦੇਣ ਦਾ ਪ੍ਰਬੰਧ ਕਰਦੇ ਹਨ ਜਿੱਥੇ ਪੂਰੀ ਤਰ੍ਹਾਂ ਚੁੱਭੀ ਦੇਣ ਲਈ ਕਾਫ਼ੀ ਪਾਣੀ ਹੋਵੇ। ਕਿਉਂਕਿ ਪੂਰੀ ਤਰ੍ਹਾਂ ਚੁੱਭੀ ਲੈ ਕੇ ਬਪਤਿਸਮਾ ਲੈਣਾ ਇਕ ਬਾਈਬਲੀ ਮੰਗ ਹੈ, ਇਸ ਲਈ ਇਨਸਾਨਾਂ ਕੋਲ ਕਿਸੇ ਨੂੰ ਇਹ ਕਹਿਣ ਦਾ ਅਧਿਕਾਰ ਨਹੀਂ ਹੈ ਕਿ ਉਸ ਨੂੰ ਬਪਤਿਸਮਾ ਲੈਣ ਦੀ ਲੋੜ ਨਹੀਂ। ਇਸ ਲਈ ਇਕ ਬਹੁਤ ਹੀ ਬੀਮਾਰ ਜਾਂ ਅਪਾਹਜ ਵਿਅਕਤੀ ਨੂੰ ਵੀ ਬਪਤਿਸਮਾ ਦਿੱਤਾ ਜਾਣਾ ਚਾਹੀਦਾ ਹੈ ਭਾਵੇਂ ਇਸ ਲਈ ਕੁਝ ਖ਼ਾਸ ਪ੍ਰਬੰਧ ਹੀ ਕਰਨੇ ਪੈਣ। ਉਦਾਹਰਣ ਲਈ, ਬਿਰਧ ਵਿਅਕਤੀਆਂ ਜਾਂ ਬਹੁਤ ਹੀ ਖ਼ਰਾਬ ਸਿਹਤ ਵਾਲੇ ਵਿਅਕਤੀ ਨੂੰ ਵੱਡੇ ਬਾਥਟੱਬ ਵਿਚ ਬਪਤਿਸਮਾ ਦਿੱਤਾ ਜਾ ਸਕਦਾ ਹੈ। ਟੱਬ ਨੂੰ ਗਰਮ ਪਾਣੀ ਨਾਲ ਭਰਿਆ ਜਾ ਸਕਦਾ ਹੈ ਤੇ ਬਪਤਿਸਮਾ ਲੈਣ ਵਾਲੇ ਵਿਅਕਤੀ ਨੂੰ ਟੱਬ ਵਿਚ ਹੌਲੀ-ਹੌਲੀ ਬਿਠਾਇਆ ਜਾ ਸਕਦਾ ਹੈ। ਜਦੋਂ ਵਿਅਕਤੀ ਪਾਣੀ ਦੇ ਤਾਪਮਾਨ ਨੂੰ ਸਹਿਣ ਦੇ ਯੋਗ ਹੋ ਜਾਂਦਾ ਹੈ, ਤਾਂ ਉਸ ਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ।

ਜਿਹੜੇ ਲੋਕ ਬਹੁਤ ਹੀ ਅਪਾਹਜ ਸਨ, ਉਨ੍ਹਾਂ ਨੂੰ ਵੀ ਬਪਤਿਸਮਾ ਦਿੱਤਾ ਗਿਆ ਹੈ। ਉਦਾਹਰਣ ਲਈ, ਜਿਨ੍ਹਾਂ ਲੋਕਾਂ ਦੀ ਟ੍ਰੇਕੀਔਟਮੀ ਕੀਤੀ ਗਈ ਹੈ ਜਿਸ ਕਰਕੇ ਉਨ੍ਹਾਂ ਦੇ ਗਲੇ ਵਿਚ ਮੋਰੀ ਕੀਤੀ ਹੁੰਦੀ ਹੈ, ਜਾਂ ਜਿਨ੍ਹਾਂ ਨੂੰ ਸਾਹ ਲੈਣ ਲਈ ਮਸ਼ੀਨ ਇਸਤੇਮਾਲ ਕਰਨੀ ਪੈਂਦੀ ਹੈ, ਉਨ੍ਹਾਂ ਨੂੰ ਵੀ ਚੁੱਭੀ ਦਿੱਤੀ ਗਈ ਹੈ। ਪਰ ਅਜਿਹੇ ਵਿਅਕਤੀਆਂ ਨੂੰ ਬਪਤਿਸਮਾ ਦੇਣ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਦੀ ਲੋੜ ਹੈ। ਉਸ ਵੇਲੇ ਇਕ ਮਾਹਰ ਨਰਸ ਜਾਂ ਡਾਕਟਰ ਨੂੰ ਕੋਲ ਰੱਖਣਾ ਚੰਗੀ ਗੱਲ ਹੋਵੇਗੀ। ਜਦੋਂ ਪੂਰਾ ਧਿਆਨ ਰੱਖਿਆ ਜਾਂਦਾ ਹੈ ਜਾਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ, ਤਾਂ ਅਕਸਰ ਅਜਿਹੇ ਵਿਅਕਤੀਆਂ ਨੂੰ ਬਪਤਿਸਮਾ ਦਿੱਤਾ ਜਾ ਸਕਦਾ ਹੈ। ਇਸ ਲਈ ਜੇ ਇਕ ਵਿਅਕਤੀ ਦੀ ਬਪਤਿਸਮਾ ਲੈਣ ਦੀ ਦਿਲੀ ਇੱਛਾ ਹੈ ਤੇ ਉਹ ਖ਼ਤਰਾ ਮੁੱਲ ਲੈਣ ਲਈ ਤਿਆਰ ਹੈ, ਤਾਂ ਉਸ ਨੂੰ ਬਪਤਿਸਮਾ ਦੇਣ ਲਈ ਹਰ ਸੰਭਵ ਜਤਨ ਕੀਤਾ ਜਾਣਾ ਚਾਹੀਦਾ ਹੈ।