ਮੌਤ ਬਾਰੇ ਕੁਝ ਗ਼ਲਤ ਧਾਰਣਾਵਾਂ ਉੱਤੇ ਇਕ ਨਜ਼ਰ
ਮੌਤ ਬਾਰੇ ਕੁਝ ਗ਼ਲਤ ਧਾਰਣਾਵਾਂ ਉੱਤੇ ਇਕ ਨਜ਼ਰ
ਸਦੀਆਂ ਤੋਂ ਇਨਸਾਨ ਮੌਤ ਦੇ ਭਿਆਨਕ ਵਿਚਾਰ ਤੋਂ ਡਰਿਆ ਹੋਇਆ ਅਤੇ ਉਲਝਣ ਵਿਚ ਪਿਆ ਹੋਇਆ ਹੈ। ਇਸ ਤੋਂ ਇਲਾਵਾ, ਝੂਠੇ ਧਾਰਮਿਕ ਵਿਚਾਰਾਂ, ਪ੍ਰਚਲਿਤ ਰੀਤੀ-ਰਿਵਾਜਾਂ ਅਤੇ ਸਾਡੇ ਆਪਣੇ ਪੱਕੇ ਵਿਸ਼ਵਾਸਾਂ ਕਾਰਨ ਮੌਤ ਦਾ ਡਰ ਹੋਰ ਵੀ ਵਧ ਜਾਂਦਾ ਹੈ। ਮੌਤ ਦਾ ਖ਼ੌਫ਼ ਇਕ ਵਿਅਕਤੀ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਤੋਂ ਵਾਂਝਾ ਕਰ ਸਕਦਾ ਹੈ ਤੇ ਉਹ ਹੌਲੀ-ਹੌਲੀ ਇਹ ਵਿਸ਼ਵਾਸ ਕਰਨਾ ਛੱਡ ਦਿੰਦਾ ਹੈ ਕਿ ਜ਼ਿੰਦਗੀ ਦਾ ਕੋਈ ਮਕਸਦ ਹੈ।
ਮੌਤ ਬਾਰੇ ਕਈ ਗ਼ਲਤ ਧਾਰਣਾਵਾਂ ਫੈਲਾਉਣ ਦੇ ਦੋਸ਼ੀ ਖ਼ਾਸਕਰ ਇਸ ਦੁਨੀਆਂ ਦੇ ਮੁੱਖ ਧਰਮ ਹਨ। ਇਨ੍ਹਾਂ ਵਿੱਚੋਂ ਕੁਝ ਧਾਰਣਾਵਾਂ ਦੀ ਬਾਈਬਲ ਦੀ ਮਦਦ ਨਾਲ ਜਾਂਚ ਕਰ ਕੇ ਦੇਖੋ ਕਿ ਮੌਤ ਬਾਰੇ ਤੁਹਾਡੀਆਂ ਆਪਣੀਆਂ ਧਾਰਣਾਵਾਂ ਸਹੀ ਹਨ ਜਾਂ ਗ਼ਲਤ।
ਧਾਰਣਾ 1: ਜ਼ਿੰਦਗੀ ਦਾ ਕੁਦਰਤੀ ਅੰਤ ਮੌਤ ਹੈ।
“ਮੌਤ . . . ਸਾਡੀ ਜ਼ਿੰਦਗੀ ਦਾ ਅਿਨੱਖੜਵਾਂ ਅੰਗ ਹੈ,” ਮੌਤ—ਵਾਧੇ ਦਾ ਆਖ਼ਰੀ ਪੜਾਅ (ਅੰਗ੍ਰੇਜ਼ੀ) ਨਾਮਕ ਕਿਤਾਬ ਕਹਿੰਦੀ ਹੈ। ਇਸ ਤਰ੍ਹਾਂ ਦੀਆਂ ਟਿੱਪਣੀਆਂ ਤੋਂ ਲੋਕਾਂ ਦਾ ਆਮ ਵਿਸ਼ਵਾਸ ਪਤਾ ਲੱਗਦਾ ਹੈ ਕਿ ਮੌਤ ਹੋਣੀ ਆਮ ਗੱਲ ਹੈ ਯਾਨੀ ਸਾਰੇ ਪ੍ਰਾਣੀਆਂ ਦਾ ਕੁਦਰਤੀ ਅੰਤ ਮੌਤ ਹੈ। ਇਸ ਵਿਸ਼ਵਾਸ ਨੇ ਕਈਆਂ ਵਿਚ ਅੱਤਵਾਦੀ ਵਿਚਾਰ ਤੇ ਸੁਆਰਥੀ ਰਵੱਈਆ ਪੈਦਾ ਕੀਤਾ ਹੈ।
ਪਰ ਕੀ ਮੌਤ ਸੱਚ-ਮੁੱਚ ਜ਼ਿੰਦਗੀ ਦਾ ਕੁਦਰਤੀ ਅੰਤ ਹੈ? ਸਾਰੇ ਖੋਜਕਾਰ ਇਹ ਵਿਸ਼ਵਾਸ ਨਹੀਂ ਕਰਦੇ। ਉਦਾਹਰਣ ਲਈ, ਇਨਸਾਨੀ ਬੁਢਾਪੇ ਦਾ ਅਧਿਐਨ ਕਰਨ ਵਾਲੇ ਜੀਵ-ਵਿਗਿਆਨੀ ਕੈਲਵਿਨ ਹਾਰਲੀ ਨੇ ਇੰਟਰਵਿਊ ਵਿਚ ਕਿਹਾ ਕਿ ਉਹ ਇਹ ਵਿਸ਼ਵਾਸ ਨਹੀਂ ਕਰਦਾ ਕਿ ਇਨਸਾਨਾਂ ਨੂੰ “ਮਰਨ ਲਈ ਬਣਾਇਆ ਗਿਆ ਹੈ।” ਰੋਗ-ਵਿਗਿਆਨੀ ਵਿਲਿਅਮ ਕਲਾਰਕ ਨੇ ਕਿਹਾ: “ਮੌਤ ਜ਼ਿੰਦਗੀ ਦਾ ਅਿਨੱਖੜਵਾਂ ਅੰਗ ਨਹੀਂ ਹੈ।” ਕੈਲੇਫ਼ੋਰਨੀਆ ਦੀ ਤਕਨਾਲੋਜੀ ਸੰਸਥਾ ਦਾ ਸੀਮੌਰ ਬੈਨਜ਼ਰ ਕਹਿੰਦਾ ਹੈ ਕਿ “ਬੁੱਢੇ ਹੋਣ ਦੀ ਕਿਰਿਆ ਦੀ ਤੁਲਨਾ ਇਕ ਘੜੀ ਨਾਲ ਕਰਨ ਦੀ ਬਜਾਇ ਘਟਨਾਵਾਂ ਦੀ ਇਕ ਲੜੀ ਨਾਲ ਕੀਤੀ ਜਾ ਸਕਦੀ ਹੈ ਜਿਸ ਨੂੰ ਬਦਲਣ ਦੀ ਅਸੀਂ ਉਮੀਦ ਕਰ ਸਕਦੇ ਹਾਂ।”
ਜਦੋਂ ਵਿਗਿਆਨੀ ਇਨਸਾਨਾਂ ਦੇ ਸਰੀਰ ਦੀ ਰਚਨਾ ਦਾ ਅਧਿਐਨ ਕਰਦੇ ਹਨ, ਤਾਂ ਉਹ ਉਲਝਣ ਵਿਚ ਪੈ ਜਾਂਦੇ ਹਨ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਸਾਡੇ ਸਰੀਰ ਵਿਚ ਜੋ ਗੁਣ ਤੇ ਯੋਗਤਾਵਾਂ ਹਨ, ਉਹ 70 ਤੋਂ 80 ਸਾਲ ਦੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਨਾਲੋਂ ਕਿਤੇ ਜ਼ਿਆਦਾ ਹਨ। ਉਦਾਹਰਣ ਲਈ, ਵਿਗਿਆਨੀਆਂ ਨੇ ਖੋਜ ਕਰ ਕੇ ਪਤਾ ਲਾਇਆ ਹੈ ਕਿ ਮਨੁੱਖੀ ਦਿਮਾਗ਼ ਦੀ ਯਾਦ-ਸ਼ਕਤੀ ਅਸੀਮ ਹੈ। ਇਕ ਖੋਜਕਾਰ ਨੇ ਅੰਦਾਜ਼ਾ ਲਾਇਆ ਕਿ ਸਾਡਾ ਦਿਮਾਗ਼ ਇੰਨੀ ਜਾਣਕਾਰੀ ਆਪਣੇ ਵਿਚ ਸਮਾ ਸਕਦਾ ਹੈ ਜਿਸ ਨਾਲ “20 ਲੱਖ ਕਿਤਾਬਾਂ ਭਰ ਜਾਣਗੀਆਂ, ਯਾਨੀ ਉੱਨੀਆਂ ਕਿਤਾਬਾਂ ਜਿੰਨੀਆਂ ਕਿ ਦੁਨੀਆਂ ਦੀਆਂ ਸਭ ਤੋਂ ਵੱਡੀਆਂ ਲਾਇਬ੍ਰੇਰੀਆਂ ਵਿਚ ਹਨ।” ਕੁਝ ਤੰਤੂ-ਵਿਗਿਆਨੀ ਵਿਸ਼ਵਾਸ ਕਰਦੇ ਹਨ ਕਿ ਇਕ ਵਿਅਕਤੀ ਆਪਣੇ ਜੀਵਨ-ਕਾਲ ਦੌਰਾਨ ਆਪਣੀ ਦਿਮਾਗ਼ੀ ਯੋਗਤਾ ਦੇ 1 ਪ੍ਰਤਿਸ਼ਤ ਦਾ ਸਿਰਫ਼ 1/100 (.0001) ਹਿੱਸਾ ਹੀ ਇਸਤੇਮਾਲ ਕਰਦਾ ਹੈ। ਇਸ ਲਈ ਆਪਣੇ ਕੋਲੋਂ ਇਹ ਪੁੱਛਣਾ ਉਚਿਤ ਹੈ ਕਿ ‘ਸਾਨੂੰ ਇੰਨੀ ਜ਼ਿਆਦਾ ਯੋਗਤਾ ਵਾਲਾ ਦਿਮਾਗ਼ ਕਿਉਂ ਦਿੱਤਾ ਹੈ ਜਦ ਕਿ ਅਸੀਂ ਆਪਣੀ ਔਸਤ ਜ਼ਿੰਦਗੀ ਵਿਚ ਇਸ ਦੇ ਸਿਰਫ਼ ਛੋਟੇ ਜਿਹੇ ਹਿੱਸੇ ਨੂੰ ਹੀ ਇਸਤੇਮਾਲ ਕਰਦੇ ਹਾਂ?’
ਇਹ ਵੀ ਸੋਚੋ ਕਿ ਕਿਸੇ ਦੀ ਮੌਤ ਹੋਣ ਤੇ ਮਨੁੱਖ ਕਿਵੇਂ ਗਮ ਵਿਚ ਡੁੱਬ ਜਾਂਦਾ ਹੈ! ਜ਼ਿਆਦਾਤਰ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਪਤੀ, ਪਤਨੀ, ਜਾਂ ਬੱਚੇ ਦੀ ਮੌਤ ਦਾ ਸਭ ਤੋਂ ਗਹਿਰਾ ਸਦਮਾ ਲੱਗਦਾ ਹੈ। ਆਪਣੇ ਅਜ਼ੀਜ਼ ਦੀ ਮੌਤ ਹੋਣ ਤੋਂ ਕਾਫ਼ੀ ਸਮੇਂ ਬਾਅਦ ਵੀ ਲੋਕ ਜਜ਼ਬਾਤੀ ਤੌਰ ਤੇ ਪਰੇਸ਼ਾਨ ਰਹਿੰਦੇ ਹਨ। ਜਿਹੜੇ ਲੋਕ ਦਾਅਵਾ ਕਰਦੇ ਹਨ ਕਿ ਇਨਸਾਨਾਂ ਦਾ ਮਰਨਾ ਕੁਦਰਤੀ ਹੈ, ਉਹ
ਵੀ ਇਸ ਵਿਚਾਰ ਨੂੰ ਮੰਨਣਾ ਮੁਸ਼ਕਲ ਪਾਉਂਦੇ ਹਨ ਕਿ ਉਨ੍ਹਾਂ ਦੀ ਆਪਣੀ ਮੌਤ ਦਾ ਅਰਥ ਸਭ ਚੀਜ਼ਾਂ ਦਾ ਅੰਤ ਹੋਵੇਗਾ। ਬ੍ਰਿਟਿਸ਼ ਮੈਡੀਕਲ ਜਰਨਲ ਕਹਿੰਦਾ ਹੈ ਕਿ “ਆਮ ਤਜਰਬਾ ਦਿਖਾਉਂਦਾ ਹੈ ਕਿ ਹਰ ਇਨਸਾਨ ਲੰਮੀ ਉਮਰ ਜੀਉਣੀ ਚਾਹੁੰਦਾ ਹੈ।”ਮੌਤ ਪ੍ਰਤੀ ਇਨਸਾਨ ਦੀ ਆਮ ਪ੍ਰਤਿਕ੍ਰਿਆ, ਉਸ ਦੀ ਅਸੀਮ ਯਾਦ-ਸ਼ਕਤੀ, ਸਿੱਖਣ ਦੀ ਹੈਰਾਨੀਜਨਕ ਯੋਗਤਾ ਤੇ ਸਦਾ ਜੀਉਂਦੇ ਰਹਿਣ ਦੀ ਇੱਛਾ ਤੋਂ ਕੀ ਇਹ ਜ਼ਾਹਰ ਨਹੀਂ ਹੁੰਦਾ ਕਿ ਇਨਸਾਨ ਨੂੰ ਜੀਉਂਦਾ ਰਹਿਣ ਲਈ ਬਣਾਇਆ ਗਿਆ ਸੀ? ਜੀ ਹਾਂ, ਪਰਮੇਸ਼ੁਰ ਨੇ ਇਨਸਾਨਾਂ ਨੂੰ ਮਰਨ ਲਈ ਨਹੀਂ, ਸਗੋਂ ਹਮੇਸ਼ਾ ਜੀਉਂਦੇ ਰਹਿਣ ਲਈ ਬਣਾਇਆ ਸੀ। ਧਿਆਨ ਦਿਓ ਕਿ ਪਰਮੇਸ਼ੁਰ ਨੇ ਪਹਿਲੇ ਇਨਸਾਨੀ ਜੋੜੇ ਅੱਗੇ ਕਿਹੜਾ ਭਵਿੱਖ ਰੱਖਿਆ ਸੀ: “ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ ਉੱਤੇ ਅਰ ਅਕਾਸ਼ ਦਿਆਂ ਪੰਛੀਆਂ ਉੱਤੇ ਅਰ ਸਾਰੇ ਧਰਤੀ ਪੁਰ ਘਿੱਸਰਨ ਵਾਲਿਆਂ ਜੀਆਂ ਉੱਤੇ ਰਾਜ ਕਰੋ।” (ਉਤਪਤ 1:28) ਕਿੰਨਾ ਸ਼ਾਨਦਾਰ ਤੇ ਸਥਾਈ ਭਵਿੱਖ ਹੈ ਇਹ!
ਧਾਰਣਾ 2: ਪਰਮੇਸ਼ੁਰ ਲੋਕਾਂ ਨੂੰ ਆਪਣੇ ਕੋਲ ਲੈ ਜਾਂਦਾ ਹੈ।
ਮਰਨ ਕਿਨਾਰੇ ਪਈ ਇਕ 27 ਸਾਲਾਂ ਦੀ ਮਾਂ, ਜੋ ਆਪਣੇ ਪਿੱਛੇ ਤਿੰਨ ਬੱਚੇ ਛੱਡ ਕੇ ਜਾ ਰਹੀ ਸੀ, ਨੇ ਇਕ ਕੈਥੋਲਿਕ ਨਨ ਨੂੰ ਕਿਹਾ: “ਇੱਥੇ ਆ ਕੇ ਮੈਨੂੰ ਇਹ ਨਾ ਕਹੋ ਕਿ ਇਹ ਪਰਮੇਸ਼ੁਰ ਦੀ ਮਰਜ਼ੀ ਹੈ। . . . ਮੈਨੂੰ ਬੜਾ ਗੁੱਸਾ ਚੜ੍ਹਦਾ ਹੈ ਜਦੋਂ ਹੋਰ ਕੋਈ ਮੈਨੂੰ ਇਸ ਤਰ੍ਹਾਂ ਕਹਿੰਦਾ ਹੈ।” ਪਰ ਬਹੁਤ ਸਾਰੇ ਧਰਮ ਮੌਤ ਬਾਰੇ ਇਹੀ ਸਿੱਖਿਆ ਦਿੰਦੇ ਹਨ ਕਿ ਪਰਮੇਸ਼ੁਰ ਲੋਕਾਂ ਨੂੰ ਆਪਣੇ ਕੋਲ ਲੈ ਜਾਂਦਾ ਹੈ।
ਕੀ ਸਿਰਜਣਹਾਰ ਸੱਚ-ਮੁੱਚ ਇੰਨਾ ਜ਼ਾਲਮ ਹੈ ਕਿ ਉਹ ਬੇਦਰਦੀ ਨਾਲ ਸਾਡੇ ਪਿਆਰਿਆਂ ਨੂੰ ਖੋਹ ਲੈਂਦਾ ਹੈ, ਇਹ ਜਾਣਦੇ ਹੋਏ ਕਿ ਇਸ ਨਾਲ ਸਾਡੇ ਦਿਲ ਕਿੰਨੇ ਦੁਖੀ ਹੁੰਦੇ ਹਨ? ਨਹੀਂ, ਬਾਈਬਲ ਦਾ ਪਰਮੇਸ਼ੁਰ ਇਸ ਤਰ੍ਹਾਂ ਦਾ ਪਰਮੇਸ਼ੁਰ ਨਹੀਂ ਹੈ। ਪਹਿਲਾ ਯੂਹੰਨਾ 4:8 ਅਨੁਸਾਰ “ਪਰਮੇਸ਼ੁਰ ਪ੍ਰੇਮ ਹੈ।” ਧਿਆਨ ਦਿਓ ਕਿ ਇਹ ਆਇਤ ਇਹ ਨਹੀਂ ਕਹਿੰਦੀ ਕਿ ਪਰਮੇਸ਼ੁਰ ਕੋਲ ਪ੍ਰੇਮ ਹੈ ਜਾਂ ਪਰਮੇਸ਼ੁਰ ਪ੍ਰੇਮ ਕਰਦਾ ਹੈ, ਸਗੋਂ ਇਹ ਕਹਿੰਦੀ ਹੈ ਕਿ ਪਰਮੇਸ਼ੁਰ ਪ੍ਰੇਮ ਹੈ। ਪਰਮੇਸ਼ੁਰ ਦਾ ਪ੍ਰੇਮ ਇੰਨਾ ਗਹਿਰਾ, ਇੰਨਾ ਪਵਿੱਤਰ, ਇੰਨਾ ਖਰਾ ਹੈ ਅਤੇ ਇਹ ਉਸ ਦੀ ਸ਼ਖ਼ਸੀਅਤ ਤੇ ਕੰਮਾਂ ਵਿਚ ਇੰਨਾ ਸਮਾਇਆ ਹੋਇਆ ਹੈ ਕਿ ਉਸ ਨੂੰ ਜਾਇਜ਼ ਤੌਰ ਤੇ ਪ੍ਰੇਮ ਦੀ ਮੂਰਤ ਕਿਹਾ ਜਾ ਸਕਦਾ ਹੈ। ਉਹ ਅਜਿਹਾ ਪਰਮੇਸ਼ੁਰ ਨਹੀਂ ਹੈ ਜੋ ਲੋਕਾਂ ਨੂੰ ਮਾਰ ਕੇ ਆਪਣੇ ਕੋਲ ਲੈ ਜਾਂਦਾ ਹੈ।
ਝੂਠੇ ਧਰਮਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਬਾਰੇ ਉਲਝਣ ਵਿਚ ਪਾਇਆ ਹੋਇਆ ਹੈ ਕਿ ਮਰੇ ਹੋਏ ਲੋਕ ਕਿੱਥੇ ਹਨ ਅਤੇ ਕਿਸ ਹਾਲਤ ਵਿਚ ਹਨ। ਉਹ ਸਵਰਗ, ਨਰਕ, ਪਰਗੇਟਰੀ (ਸੋਧਣ-ਸਥਾਨ), ਲਿੰਬੋ (ਬਪਤਿਸਮਾ-ਰਹਿਤ ਬੱਚਿਆਂ ਦੀਆਂ ਰੂਹਾਂ ਦੀ ਥਾਂ) ਵਰਗੀਆਂ ਡਰਾਉਣੀਆਂ ਥਾਵਾਂ ਬਾਰੇ ਸਿਖਾਉਂਦੇ ਹਨ ਜੋ ਇਨਸਾਨਾਂ ਦੀ ਸਮਝ ਤੋਂ ਪਰੇ ਹਨ। ਦੂਜੇ ਪਾਸੇ, ਬਾਈਬਲ ਸਾਨੂੰ ਦੱਸਦੀ ਹੈ ਕਿ ਮਰੇ ਹੋਏ ਬੇਸੁਧ ਹਨ; ਉਨ੍ਹਾਂ ਦੀ ਹਾਲਤ ਸੁੱਤੇ ਹੋਏ ਵਿਅਕਤੀ ਵਰਗੀ ਹੈ। (ਉਪਦੇਸ਼ਕ ਦੀ ਪੋਥੀ 9:5, 10; ਯੂਹੰਨਾ 11:11-14) ਇਸ ਲਈ ਜਿਵੇਂ ਅਸੀਂ ਗੂੜ੍ਹੀ ਨੀਂਦ ਵਿਚ ਸੁੱਤੇ ਪਏ ਵਿਅਕਤੀ ਦੀ ਚਿੰਤਾ ਨਹੀਂ ਕਰਦੇ, ਉਸੇ ਤਰ੍ਹਾਂ ਸਾਨੂੰ ਇਹ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿ ਮਰਨ ਤੋਂ ਬਾਅਦ ਸਾਨੂੰ ਕੀ ਹੁੰਦਾ ਹੈ। ਯਿਸੂ ਨੇ ਉਸ ਸਮੇਂ ਬਾਰੇ ਦੱਸਿਆ ਜਦੋਂ “ਓਹ ਸਭ ਜਿਹੜੇ ਕਬਰਾਂ ਵਿੱਚ ਹਨ” ਫਿਰਦੌਸ ਰੂਪੀ ਧਰਤੀ ਉੱਤੇ ਮੁੜ ਜ਼ਿੰਦਗੀ ਹਾਸਲ ਕਰਨ ਲਈ ਕਬਰਾਂ ਵਿੱਚੋਂ “ਨਿੱਕਲ ਆਉਣਗੇ।”—ਯੂਹੰਨਾ 5:28, 29; ਲੂਕਾ 23:43, ਨਿ ਵ.
ਧਾਰਣਾ 3: ਪਰਮੇਸ਼ੁਰ ਛੋਟੇ ਬੱਚਿਆਂ ਨੂੰ ਦੂਤ ਬਣਾਉਣ ਲਈ ਲੈ ਜਾਂਦਾ ਹੈ।
ਬਹੁਤ ਹੀ ਬੀਮਾਰ ਮਰੀਜ਼ਾਂ ਦਾ ਅਧਿਐਨ ਕਰਨ ਵਾਲੀ ਇਲਿਜ਼ਬਥ ਕੁਬਲਰ-ਰੌਸ ਨੇ ਧਾਰਮਿਕ ਲੋਕਾਂ ਦੀ ਇਕ ਹੋਰ ਆਮ ਧਾਰਣਾ ਬਾਰੇ ਦੱਸਿਆ। ਇਕ ਅਸਲੀ ਘਟਨਾ ਬਾਰੇ ਦੱਸਦੇ ਹੋਏ ਉਸ ਨੇ ਕਿਹਾ ਕਿ “ਜਿਸ ਬੱਚੀ ਦਾ ਭਰਾ ਮਰ ਗਿਆ ਸੀ, ਉਸ ਨੂੰ ਇਹ ਕਹਿਣਾ ਅਕਲਮੰਦੀ ਨਹੀਂ ਸੀ ਕਿ ਪਰਮੇਸ਼ੁਰ ਛੋਟੇ ਮੁੰਡਿਆਂ ਨੂੰ ਇੰਨਾ ਪਿਆਰ ਕਰਦਾ ਹੈ ਕਿ ਉਹ ਛੋਟੇ ਜਿਹੇ ਜੌਨੀ ਨੂੰ ਸਵਰਗ ਲੈ ਗਿਆ।” ਅਜਿਹੀ ਟਿੱਪਣੀ ਪਰਮੇਸ਼ੁਰ ਦੇ ਅਕਸ ਨੂੰ ਗ਼ਲਤ ਬਿਆਨ ਕਰਦੀ ਹੈ ਤੇ ਇਹ ਉਸ ਦੀ ਸ਼ਖ਼ਸੀਅਤ ਅਤੇ ਵਤੀਰੇ ਨੂੰ ਸਹੀ ਰੂਪ ਵਿਚ ਪੇਸ਼ ਨਹੀਂ ਕਰਦੀ। ਡਾਕਟਰ ਕੁਬਲਰ-ਰੌਸ ਨੇ ਅੱਗੇ ਕਿਹਾ: “ਇਸ ਕੁੜੀ ਨੇ ਵੱਡੀ ਹੋ ਕੇ ਵੀ ਪਰਮੇਸ਼ੁਰ ਉੱਤੇ ਗੁੱਸਾ ਕਰਨਾ ਨਹੀਂ ਛੱਡਿਆ ਜਿਸ ਕਰਕੇ ਤਿੰਨ ਦਹਾਕਿਆਂ ਬਾਅਦ ਜਦੋਂ ਉਸ ਦਾ ਆਪਣਾ ਛੋਟਾ ਜਿਹਾ ਪੁੱਤਰ ਮਰ ਗਿਆ, ਤਾਂ ਉਹ ਡੂੰਘੇ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ।”
ਇਕ ਹੋਰ ਦੂਤ ਬਣਾਉਣ ਵਾਸਤੇ ਪਰਮੇਸ਼ੁਰ ਕਿਉਂ ਕਿਸੇ ਬੱਚੇ ਨੂੰ ਲੈ ਜਾਵੇਗਾ—ਜਿਵੇਂ ਕਿ ਬੱਚੇ ਦੇ ਮਾਪਿਆਂ ਨਾਲੋਂ ਜ਼ਿਆਦਾ ਪਰਮੇਸ਼ੁਰ ਨੂੰ ਉਸ ਬੱਚੇ ਦੀ ਲੋੜ ਹੈ? ਜੇ ਇਹ ਸੱਚ ਹੁੰਦਾ ਕਿ ਪਰਮੇਸ਼ੁਰ ਬੱਚਿਆਂ ਨੂੰ ਲੈ ਜਾਂਦਾ ਹੈ, ਤਾਂ ਕੀ ਇਸ ਦਾ ਇਹ ਮਤਲਬ ਨਹੀਂ ਹੋਇਆ ਕਿ ਉਹ ਨਿਰਮੋਹਾ ਤੇ ਸੁਆਰਥੀ ਸਿਰਜਣਹਾਰ ਹੈ? ਪਰ ਇਸ ਧਾਰਣਾ ਤੋਂ ਉਲਟ ਬਾਈਬਲ ਕਹਿੰਦੀ ਹੈ: “ਪ੍ਰੇਮ ਪਰਮੇਸ਼ੁਰ ਤੋਂ ਹੈ।” (1 ਯੂਹੰਨਾ 4:7) ਕੀ ਪਿਆਰ ਕਰਨ ਵਾਲਾ ਪਰਮੇਸ਼ੁਰ ਮਾਪਿਆਂ ਤੋਂ ਉਨ੍ਹਾਂ ਦੇ ਬੱਚੇ ਖੋਹ ਕੇ ਉਨ੍ਹਾਂ ਨੂੰ ਇੰਨਾ ਦੁੱਖ ਦੇਵੇਗਾ ਜਦ ਕਿ ਇਕ ਆਮ ਇਨਸਾਨ ਵੀ ਇਸ ਤਰ੍ਹਾਂ ਦੀ ਹਰਕਤ ਨੂੰ ਸਹਿਣ ਨਹੀਂ ਕਰੇਗਾ?
ਤਾਂ ਫਿਰ ਬੱਚੇ ਕਿਉਂ ਮਰਦੇ ਹਨ? ਇਸ ਦਾ ਜਵਾਬ ਬਾਈਬਲ ਵਿਚ ਉਪਦੇਸ਼ਕ ਦੀ ਪੋਥੀ 9:11 (ਨਿ ਵ) ਵਿਚ ਦਿੱਤਾ ਹੈ: “ਇਨ੍ਹਾਂ ਸਭਨਾਂ ਉੱਤੇ ਸਮਾਂ ਅਤੇ ਅਣਚਿਤਵੀ ਘਟਨਾ ਵਾਪਰਦੇ ਹਨ।” ਜ਼ਬੂਰ 51:5 ਸਾਨੂੰ ਦੱਸਦਾ ਹੈ ਕਿ ਅਸੀਂ ਗਰਭ ਵਿਚ ਪੈਣ ਦੇ ਸਮੇਂ ਤੋਂ ਹੀ ਨਾਮੁਕੰਮਲ ਤੇ ਪਾਪੀ ਹਾਂ। ਇਸ ਲਈ ਕਿਸੇ ਨਾ ਕਿਸੇ ਕਾਰਨ ਕਰਕੇ ਇਨਸਾਨ ਅਖ਼ੀਰ ਮਰ ਜਾਂਦਾ ਹੈ। ਕਦੀ-ਕਦੀ ਜਨਮ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਤੇ ਬੱਚਾ ਮਰਿਆ ਪੈਦਾ ਹੁੰਦਾ ਹੈ। ਕਈ ਵਾਰੀ ਬੱਚੇ ਭਿਆਨਕ ਹਾਲਾਤਾਂ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਦੁਰਘਟਨਾਵਾਂ ਕਾਰਨ ਮਰ ਜਾਂਦੇ ਹਨ। ਪਰਮੇਸ਼ੁਰ ਅਜਿਹੀਆਂ ਘਟਨਾਵਾਂ ਲਈ ਜ਼ਿੰਮੇਵਾਰ ਨਹੀਂ ਹੈ।
ਧਾਰਣਾ 4: ਕੁਝ ਲੋਕਾਂ ਨੂੰ ਮੌਤ ਤੋਂ ਬਾਅਦ ਤਸੀਹੇ ਦਿੱਤੇ ਜਾਂਦੇ ਹਨ।
ਬਹੁਤ ਸਾਰੇ ਧਰਮ ਸਿਖਾਉਂਦੇ ਹਨ ਕਿ ਬੁਰੇ ਲੋਕ ਨਰਕ ਵਿਚ ਜਾਂਦੇ ਹਨ ਤੇ ਉੱਥੇ ਉਨ੍ਹਾਂ ਨੂੰ ਹਮੇਸ਼ਾ ਲਈ ਤਸੀਹੇ ਦਿੱਤੇ ਜਾਂਦੇ ਹਨ। ਕੀ ਇਹ ਸਿੱਖਿਆ ਸਹੀ ਤੇ ਬਾਈਬਲ ਉੱਤੇ ਆਧਾਰਿਤ ਹੈ? ਇਨਸਾਨ 70 ਜਾਂ 80 ਸਾਲਾਂ ਤਕ ਜੀਉਂਦਾ ਰਹਿੰਦਾ ਹੈ। ਜੇ ਕਿਸੇ ਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਜ਼ਿਆਦਾ ਬੁਰਾਈ ਕੀਤੀ ਵੀ ਸੀ, ਤਾਂ ਕੀ ਉਸ ਨੂੰ ਹਮੇਸ਼ਾ ਲਈ ਸਜ਼ਾ ਦੇਣੀ ਨਿਆਂ ਹੋਵੇਗਾ? ਨਹੀਂ। ਉਸ ਆਦਮੀ ਨੂੰ ਆਪਣੀ ਛੋਟੀ ਜਿਹੀ ਜ਼ਿੰਦਗੀ ਵਿਚ ਕੀਤੇ ਪਾਪਾਂ ਕਾਰਨ ਹਮੇਸ਼ਾ ਲਈ ਤਸੀਹੇ ਦੇਣੇ ਸਰਾਸਰ ਅਨਿਆਂ ਹੋਵੇਗਾ।
ਸਿਰਫ਼ ਪਰਮੇਸ਼ੁਰ ਹੀ ਦੱਸ ਸਕਦਾ ਹੈ ਕਿ ਮਰਨ ਤੋਂ ਬਾਅਦ ਲੋਕਾਂ ਨੂੰ ਕੀ ਹੁੰਦਾ ਹੈ ਅਤੇ ਉਸ ਨੇ ਆਪਣੇ ਬਚਨ ਬਾਈਬਲ ਵਿਚ ਇਸ ਬਾਰੇ ਦੱਸਿਆ ਹੈ। ਬਾਈਬਲ ਕਹਿੰਦੀ ਹੈ: “ਜਿੱਕਰ [ਪਸ਼ੂ] ਮਰਦਾ ਹੈ ਓਸੇ ਤਰਾਂ [ਮਨੁੱਖ] ਮਰਦਾ ਹੈ,—ਹਾਂ, ਸਭਨਾਂ ਵਿੱਚ ਇੱਕੋ ਜਿਹਾ ਸਾਹ ਹੈ . . . ਸਾਰਿਆਂ ਦੇ ਸਾਰੇ ਇੱਕੋ ਥਾਂ ਜਾਂਦੇ ਹਨ, ਸਭ ਦੇ ਸਭ ਮਿੱਟੀ ਤੋਂ ਹਨ ਅਤੇ ਸਭ ਦੇ ਸਭ ਫੇਰ ਮਿੱਟੀ ਦੇ ਵਿੱਚ ਜਾ ਰਲਦੇ ਹਨ।” (ਉਪਦੇਸ਼ਕ ਦੀ ਪੋਥੀ 3:19, 20) ਇਨ੍ਹਾਂ ਆਇਤਾਂ ਵਿਚ ਨਰਕ ਦੀ ਅੱਗ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਮੌਤ ਹੋਣ ਤੇ ਇਨਸਾਨ ਮਿੱਟੀ ਵਿਚ ਮਿਲ ਜਾਂਦਾ ਹੈ ਤੇ ਉਸ ਦਾ ਕੁਝ ਵੀ ਨਹੀਂ ਬਚਦਾ।
ਤਸੀਹੇ ਝੱਲਣ ਲਈ ਇਕ ਵਿਅਕਤੀ ਨੂੰ ਹੋਸ਼ ਵਿਚ ਹੋਣਾ ਚਾਹੀਦਾ ਹੈ। ਕੀ ਮਰੇ ਲੋਕ ਹੋਸ਼ ਵਿਚ ਹਨ? ਇਕ ਵਾਰ ਫਿਰ ਬਾਈਬਲ ਜਵਾਬ ਦਿੰਦੀ ਹੈ: “ਜੀਉਂਦੇ ਤਾਂ ਜਾਣਦੇ ਹਨ ਜੋ ਅਸੀਂ ਮਰਾਂਗੇ ਪਰ ਮੋਏ ਕੁਝ ਵੀ ਨਹੀਂ ਜਾਣਦੇ ਅਤੇ ਓਹਨਾਂ ਦੇ ਲਈ ਹੋਰ ਕੋਈ ਬਦਲਾ ਨਹੀਂ ਕਿਉਂ ਜੋ ਉਨ੍ਹਾਂ ਦਾ ਚੇਤਾ ਜਾਂਦਾ ਰਹਿੰਦਾ ਹੈ।” (ਉਪਦੇਸ਼ਕ ਦੀ ਪੋਥੀ 9:5) ਮਰੇ ਹੋਏ ਲੋਕਾਂ ਲਈ ਕਿਸੇ ਵੀ ਥਾਂ ਤੇ ਕਸ਼ਟ ਸਹਿਣਾ ਨਾਮੁਮਕਿਨ ਹੈ ਕਿਉਂਕਿ ਉਹ “ਕੁਝ ਵੀ ਨਹੀਂ ਜਾਣਦੇ।”
ਧਾਰਣਾ 5: ਮੌਤ ਦਾ ਮਤਲਬ ਹੈ ਸਾਡੀ ਹੋਂਦ ਦਾ ਹਮੇਸ਼ਾ ਲਈ ਅੰਤ।
ਸਾਡੇ ਮਰਨ ਤੇ ਸਾਡੀ ਹੋਂਦ ਖ਼ਤਮ ਹੋ ਜਾਂਦੀ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡਾ ਸਭ ਕੁਝ ਖ਼ਤਮ ਹੋ ਜਾਂਦਾ ਹੈ। ਵਫ਼ਾਦਾਰ ਅੱਯੂਬ ਜਾਣਦਾ ਸੀ ਕਿ ਉਹ ਮਰਨ ਤੋਂ ਬਾਅਦ ਕਬਰ ਯਾਨੀ ਸ਼ੀਓਲ ਵਿਚ ਜਾਵੇਗਾ। ਪਰ ਪਰਮੇਸ਼ੁਰ ਨੂੰ ਕੀਤੀ ਉਸ ਦੀ ਅੱਯੂਬ 14:13-15.
ਪ੍ਰਾਰਥਨਾ ਨੂੰ ਸੁਣੋ: “ਕਾਸ਼ ਕਿ ਤੂੰ ਮੈਨੂੰ ਪਤਾਲ ਵਿੱਚ ਲੁਕਾ ਦੇਵੇਂ, ਅਤੇ ਮੈਨੂੰ ਛਿਪਾ ਰੱਖੇਂ ਜਦ ਤੀਕ ਤੇਰਾ ਕ੍ਰੋਧ ਨਾ ਹਟੇ, ਅਤੇ ਮੇਰੇ ਲਈ ਖਾਸ ਵੇਲਾ ਠਹਿਰਾਵੇਂ ਅਤੇ ਮੈਨੂੰ ਚੇਤੇ ਰੱਖੇਂ! ਜੇ ਪੁਰਖ ਮਰ ਜਾਵੇ ਤਾਂ ਉਹ ਫੇਰ ਜੀਵੇਗਾ? . . . ਤੂੰ ਪੁਕਾਰੇਂਗਾ ਅਤੇ ਮੈਂ ਤੈਨੂੰ ਉੱਤਰ ਦਿਆਂਗਾ।”—ਅੱਯੂਬ ਨੂੰ ਵਿਸ਼ਵਾਸ ਸੀ ਕਿ ਜੇ ਉਹ ਮੌਤ ਤਕ ਵਫ਼ਾਦਾਰ ਰਿਹਾ, ਤਾਂ ਪਰਮੇਸ਼ੁਰ ਉਸ ਨੂੰ ਚੇਤੇ ਰੱਖੇਗਾ ਅਤੇ ਸਮਾਂ ਆਉਣ ਤੇ ਉਸ ਨੂੰ ਮੁੜ ਜੀਉਂਦਾ ਕਰੇਗਾ। ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਸਾਰੇ ਸੇਵਕ ਇਹੀ ਵਿਸ਼ਵਾਸ ਕਰਦੇ ਸਨ। ਯਿਸੂ ਨੇ ਖ਼ੁਦ ਇਸ ਉਮੀਦ ਨੂੰ ਪੱਕਾ ਕੀਤਾ ਸੀ ਅਤੇ ਦਿਖਾਇਆ ਸੀ ਕਿ ਪਰਮੇਸ਼ੁਰ ਮਰੇ ਲੋਕਾਂ ਨੂੰ ਜੀ ਉਠਾਉਣ ਵਿਚ ਉਸ ਨੂੰ ਇਸਤੇਮਾਲ ਕਰੇਗਾ। ਮਸੀਹ ਦੇ ਆਪਣੇ ਸ਼ਬਦ ਸਾਨੂੰ ਇਹ ਭਰੋਸਾ ਦਿੰਦੇ ਹਨ: “ਉਹ ਘੜੀ ਆਉਂਦੀ ਹੈ ਜਿਹ ਦੇ ਵਿੱਚ ਓਹ ਸਭ ਜਿਹੜੇ ਕਬਰਾਂ ਵਿੱਚ ਹਨ [ਯਿਸੂ] ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ ਜਿਨ੍ਹਾਂ ਨੇ ਭਲਿਆਈ ਕੀਤੀ ਹੈ ਸੋ ਜੀਉਣ ਦੀ ਕਿਆਮਤ ਲਈ ਅਰ ਜਿਨ੍ਹਾਂ ਨੇ ਬੁਰਿਆਈ ਕੀਤੀ ਹੈ ਉਹ ਨਿਆਉਂ ਦੀ ਕਿਆਮਤ ਲਈ।”—ਯੂਹੰਨਾ 5:28, 29.
ਬਹੁਤ ਜਲਦੀ ਪਰਮੇਸ਼ੁਰ ਹਰ ਤਰ੍ਹਾਂ ਦੀ ਬੁਰਾਈ ਨੂੰ ਖ਼ਤਮ ਕਰੇਗਾ ਅਤੇ ਸਵਰਗੀ ਹਕੂਮਤ ਅਧੀਨ ਨਵੀਂ ਦੁਨੀਆਂ ਦੀ ਸਥਾਪਨਾ ਕਰੇਗਾ। (ਜ਼ਬੂਰ 37:10, 11; ਦਾਨੀਏਲ 2:44; ਪਰਕਾਸ਼ ਦੀ ਪੋਥੀ 16:14, 16) ਸਾਰੀ ਧਰਤੀ ਫਿਰਦੌਸ ਬਣ ਜਾਵੇਗੀ ਤੇ ਇਸ ਉੱਤੇ ਉਹ ਲੋਕ ਰਹਿਣਗੇ ਜੋ ਪਰਮੇਸ਼ੁਰ ਦੀ ਸੇਵਾ ਕਰਦੇ ਹਨ। ਬਾਈਬਲ ਵਿਚ ਅਸੀਂ ਪੜ੍ਹਦੇ ਹਾਂ: “ਮੈਂ ਸਿੰਘਾਸਣ ਤੋਂ ਇੱਕ ਵੱਡੀ ਅਵਾਜ਼ ਇਹ ਆਖਦੇ ਸੁਣੀ ਭਈ ਵੇਖ, ਪਰਮੇਸ਼ੁਰ ਦਾ ਡੇਰਾ ਮਨੁੱਖਾਂ ਦੇ ਨਾਲ ਹੈ ਅਤੇ ਉਹ ਓਹਨਾਂ ਨਾਲ ਡੇਰਾ ਕਰੇਗਾ ਅਤੇ ਓਹ ਉਸ ਦੀ ਪਰਜਾ ਹੋਣਗੇ ਅਤੇ ਪਰਮੇਸ਼ੁਰ ਆਪ ਓਹਨਾਂ ਦਾ ਪਰਮੇਸ਼ੁਰ ਹੋ ਕੇ ਓਹਨਾਂ ਦੇ ਨਾਲ ਰਹੇਗਾ। ਅਤੇ ਉਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ।”—ਪਰਕਾਸ਼ ਦੀ ਪੋਥੀ 21:3, 4.
ਡਰ ਤੋਂ ਆਜ਼ਾਦੀ
ਪੁਨਰ-ਉਥਾਨ ਦੀ ਉਮੀਦ ਦਾ ਗਿਆਨ ਅਤੇ ਇਸ ਉਮੀਦ ਨੂੰ ਦੇਣ ਵਾਲੇ ਪਰਮੇਸ਼ੁਰ ਬਾਰੇ ਗਿਆਨ ਲੈਣ ਨਾਲ ਸਾਨੂੰ ਹੌਸਲਾ ਮਿਲ ਸਕਦਾ ਹੈ। ਯਿਸੂ ਨੇ ਵਾਅਦਾ ਕੀਤਾ: “[ਤੁਸੀਂ] ਸਚਿਆਈ ਨੂੰ ਜਾਣੋਗੇ ਅਤੇ ਸਚਿਆਈ ਤੁਹਾਨੂੰ ਅਜ਼ਾਦ ਕਰੇਗੀ।” (ਯੂਹੰਨਾ 8:32) ਇਸ ਵਿਚ ਮੌਤ ਦੇ ਡਰ ਤੋਂ ਆਜ਼ਾਦ ਹੋਣਾ ਵੀ ਸ਼ਾਮਲ ਹੈ। ਸਿਰਫ਼ ਯਹੋਵਾਹ ਹੀ ਬੁਢਾਪੇ ਅਤੇ ਮੌਤ ਨੂੰ ਖ਼ਤਮ ਕਰ ਸਕਦਾ ਹੈ ਤੇ ਸਾਨੂੰ ਸਦਾ ਦੀ ਜ਼ਿੰਦਗੀ ਦੇ ਸਕਦਾ ਹੈ। ਕੀ ਤੁਸੀਂ ਪਰਮੇਸ਼ੁਰ ਦੇ ਵਾਅਦਿਆਂ ਵਿਚ ਵਿਸ਼ਵਾਸ ਕਰ ਸਕਦੇ ਹੋ? ਜੀ ਹਾਂ, ਤੁਸੀਂ ਕਰ ਸਕਦੇ ਹੋ ਕਿਉਂਕਿ ਪਰਮੇਸ਼ੁਰ ਦਾ ਬਚਨ ਹਮੇਸ਼ਾ ਸੱਚ ਸਾਬਤ ਹੁੰਦਾ ਹੈ। (ਯਸਾਯਾਹ 55:11) ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਇਨਸਾਨਾਂ ਲਈ ਪਰਮੇਸ਼ੁਰ ਦੇ ਮਕਸਦਾਂ ਬਾਰੇ ਹੋਰ ਸਿੱਖੋ। ਤੁਹਾਡੀ ਮਦਦ ਕਰ ਕੇ ਯਹੋਵਾਹ ਦੇ ਗਵਾਹਾਂ ਨੂੰ ਬੜੀ ਖ਼ੁਸ਼ੀ ਹੋਵੇਗੀ।
[ਸਫ਼ੇ 6 ਉੱਤੇ ਸੁਰਖੀ]
ਮੌਤ ਦਾ ਖ਼ੌਫ਼ ਇਕ ਵਿਅਕਤੀ ਨੂੰ ਜ਼ਿੰਦਗੀ ਦਾ ਆਨੰਦ ਮਾਣਨ ਤੋਂ ਵਾਂਝਾ ਕਰ ਸਕਦਾ ਹੈ
[ਸਫ਼ੇ 7 ਉੱਤੇ ਚਾਰਟ]
ਮੌਤ ਬਾਰੇ ਕੁਝ ਆਮ ਧਾਰਣਾਵਾਂ ਬਾਈਬਲ ਕੀ ਕਹਿੰਦੀ ਹੈ?
●ਜ਼ਿੰਦਗੀ ਦਾ ਕੁਦਰਤੀ ਅੰਤ ਮੌਤ ਹੈ ਉਤਪਤ 1:28; 2:17; ਰੋਮੀਆਂ 5:12
●ਪਰਮੇਸ਼ੁਰ ਲੋਕਾਂ ਨੂੰ ਆਪਣੇ ਕੋਲ ਲੈ ਜਾਂਦਾ ਹੈ ਅੱਯੂਬ 34:15; ਜ਼ਬੂਰ 37:11, 29; 115:16
●ਪਰਮੇਸ਼ੁਰ ਛੋਟੇ ਬੱਚਿਆਂ ਨੂੰ ਦੂਤ ਬਣਾਉਣ ਲਈ ਲੈ ਜਾਂਦਾ ਹੈ ਜ਼ਬੂਰ 51:5; 104:1, 4; ਇਬਰਾਨੀਆਂ 1:7, 14
●ਕੁਝ ਲੋਕਾਂ ਨੂੰ ਮੌਤ ਤੋਂ ਬਾਅਦ ਤਸੀਹੇ ਦਿੱਤੇ ਜਾਂਦੇ ਹਨ ਜ਼ਬੂਰ 146:4; ਉਪਦੇਸ਼ਕ ਦੀ ਪੋਥੀ 9:5, 10; ਰੋਮੀਆਂ 6:23
●ਮੌਤ ਦਾ ਮਤਲਬ ਹੈ ਸਾਡੀ ਹੋਂਦ ਦਾ ਹਮੇਸ਼ਾ ਲਈ ਅੰਤ ਅੱਯੂਬ 14:14, 15; ਯੂਹੰਨਾ 3:16; 17:3; ਰਸੂਲਾਂ ਦੇ ਕਰਤੱਬ 24:15
[ਸਫ਼ੇ 8 ਉੱਤੇ ਤਸਵੀਰ]
ਮੌਤ ਬਾਰੇ ਸੱਚ ਜਾਣਨ ਨਾਲ ਅਸੀਂ ਡਰ ਤੋਂ ਆਜ਼ਾਦ ਹੋ ਜਾਂਦੇ ਹਾਂ
[ਸਫ਼ੇ 5 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
Barrators—Giampolo/The Doré Illustrations For Dante’s Divine Comedy/Dover Publications Inc.