ਮੌਤ ਬਾਰੇ ਤੁਹਾਡਾ ਕੀ ਵਿਚਾਰ ਹੈ?
ਮੌਤ ਬਾਰੇ ਤੁਹਾਡਾ ਕੀ ਵਿਚਾਰ ਹੈ?
ਰੋਜ਼-ਮੱਰਾ ਦੇ ਕੰਮ ਕਰਦਿਆਂ ਮੌਤ ਦਾ ਸਾਇਆ ਹਮੇਸ਼ਾ ਸਾਡੇ ਉੱਤੇ ਮੰਡਰਾਉਂਦਾ ਰਹਿੰਦਾ ਹੈ, ਭਾਵੇਂ ਅਸੀਂ ਕਿੰਨੇ ਹੀ ਸਿਹਤਮੰਦ ਜਾਂ ਅਮੀਰ ਕਿਉਂ ਨਾ ਹੋਈਏ। ਸੜਕ ਪਾਰ ਕਰਦੇ ਸਮੇਂ ਜਾਂ ਮੰਜੇ ਤੇ ਪਏ-ਪਏ ਵੀ ਮੌਤ ਆ ਸਕਦੀ ਹੈ। ਨਿਊਯਾਰਕ ਸਿਟੀ ਅਤੇ ਵਾਸ਼ਿੰਗਟਨ, ਡੀ.ਸੀ. ਵਿਚ 11 ਸਤੰਬਰ 2001 ਨੂੰ ਹੋਏ ਅੱਤਵਾਦੀ ਹਮਲਿਆਂ ਵਰਗੀਆਂ ਆਫ਼ਤਾਂ ਇਹ ਹਕੀਕਤ ਜ਼ਾਹਰ ਕਰਦੀਆਂ ਹਨ ਕਿ “ਛੇਕੜਲਾ ਵੈਰੀ” ਯਾਨੀ ਮੌਤ ਸਮਾਜ ਦੇ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਵਿੱਚੋਂ ਆਪਣੇ ਸ਼ਿਕਾਰ ਇਕੱਠੇ ਕਰਦੀ ਹੈ ਅਤੇ ਕਈ ਵਾਰੀ ਤਾਂ ਮਿੰਟਾਂ ਵਿਚ ਹੀ ਹਜ਼ਾਰਾਂ ਨੂੰ ਨਿਗਲ ਜਾਂਦੀ ਹੈ।—1 ਕੁਰਿੰਥੀਆਂ 15:26.
ਫਿਰ ਵੀ ਲੋਕ ਮੌਤ ਵਿਚ ਡੂੰਘੀ ਦਿਲਚਸਪੀ ਲੈਂਦੇ ਹਨ। ਸਭ ਤੋਂ ਜ਼ਿਆਦਾ ਅਖ਼ਬਾਰਾਂ ਉਦੋਂ ਵਿਕਦੀਆਂ ਹਨ ਅਤੇ ਲੋਕ ਟੈਲੀਵਿਯਨ ਨਾਲ ਚਿੰਬੜੇ ਰਹਿੰਦੇ ਹਨ ਜਦੋਂ ਮੌਤ ਦੀਆਂ ਰਿਪੋਰਟਾਂ ਦਿੱਤੀਆਂ ਜਾਂਦੀਆਂ ਹਨ, ਖ਼ਾਸਕਰ ਜਦੋਂ ਖੌਫ਼ਨਾਕ ਹਾਲਾਤਾਂ ਵਿਚ ਵੱਡੀ ਗਿਣਤੀ ਵਿਚ ਲੋਕ ਮਰਦੇ ਹਨ। ਇੰਜ ਲੱਗਦਾ ਹੈ ਜਿਵੇਂ ਲੋਕ ਮੌਤਾਂ ਦੀਆਂ ਖ਼ਬਰਾਂ ਸੁਣ-ਸੁਣ ਕੇ ਥੱਕਦੇ ਨਹੀਂ, ਭਾਵੇਂ ਇਹ ਮੌਤਾਂ ਯੁੱਧ ਵਿਚ, ਕੁਦਰਤੀ ਤਬਾਹੀ ਕਾਰਨ, ਅਪਰਾਧ ਜਾਂ ਬੀਮਾਰੀ ਕਾਰਨ ਹੋਈਆਂ ਹੋਣ। ਮੌਤ ਦਾ ਜਨੂੰਨ ਖ਼ਾਸਕਰ ਉਦੋਂ ਨਜ਼ਰ ਆਉਂਦਾ ਹੈ ਜਦੋਂ ਕਿਸੇ ਵੱਡੀ ਹਸਤੀ ਦੀ ਮੌਤ ਦੀ ਖ਼ਬਰ ਸੁਣ ਕੇ ਲੋਕਾਂ ਨੂੰ ਵੱਡਾ ਸਦਮਾ ਲੱਗਦਾ ਹੈ।
ਮੌਤ ਪ੍ਰਤੀ ਲੋਕਾਂ ਦੀਆਂ ਵੱਖੋ-ਵੱਖਰੀਆਂ ਪ੍ਰਤਿਕ੍ਰਿਆਵਾਂ ਇਕ ਹਕੀਕਤ ਹਨ। ਲੋਕੀ ਮੌਤ—ਦੂਜਿਆਂ ਦੀ ਮੌਤ—ਵਿਚ ਡੂੰਘੀ ਦਿਲਚਸਪੀ ਲੈਂਦੇ ਹਨ। ਪਰ ਉਹ ਆਪਣੀ ਮੌਤ ਬਾਰੇ ਗੱਲ ਕਰਨ ਤੇ ਘਬਰਾ ਜਾਂਦੇ ਹਨ। ਆਪਣੀ ਮੌਤ ਇਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਅਸੀਂ ਸੋਚਣਾ ਵੀ ਨਹੀਂ ਚਾਹੁੰਦੇ।
ਮੌਤ ਕਾਰਨ ਕਸ਼ਮਕਸ਼?
ਆਪਣੀ ਮੌਤ ਦਾ ਵਿਚਾਰ ਹਮੇਸ਼ਾ ਦੁਖਦਾਈ ਹੁੰਦਾ ਹੈ ਅਤੇ ਰਹੇਗਾ। ਇਸ ਤਰ੍ਹਾਂ ਕਿਉਂ? ਕਿਉਂਕਿ ਪਰਮੇਸ਼ੁਰ ਨੇ ਸਾਡੇ ਅੰਦਰ ਹਮੇਸ਼ਾ ਲਈ ਜੀਉਣ ਦੀ ਇੱਛਾ ਪਾਈ ਹੈ। ਉਪਦੇਸ਼ਕ ਦੀ ਪੋਥੀ 3:11 ਕਹਿੰਦਾ ਹੈ: “ਉਸ ਨੇ ਸਦੀਪਕਾਲ ਨੂੰ ਵੀ ਓਹਨਾਂ ਦੇ ਮਨ ਵਿੱਚ ਟਿਕਾ ਦਿੱਤਾ ਹੈ।” ਪਰ ਮੌਤ ਤਾਂ ਸਾਰਿਆਂ ਤੇ ਆਉਂਦੀ ਹੈ ਅਤੇ ਇਸ ਹਕੀਕਤ ਨੇ ਸਦੀਆਂ ਤੋਂ ਇਨਸਾਨਾਂ ਨੂੰ ਕਸ਼ਮਕਸ਼ ਵਿਚ ਪਾਈ ਰੱਖਿਆ ਹੈ। ਇਸ ਅੰਦਰੂਨੀ ਕਸ਼ਮਕਸ਼ ਦਾ ਜਵਾਬ ਲੱਭਣ ਲਈ ਅਤੇ ਹਮੇਸ਼ਾ ਜੀਉਂਦੇ ਰਹਿਣ ਦੀ ਕੁਦਰਤੀ ਇੱਛਾ ਨੂੰ ਸੰਤੁਸ਼ਟ ਕਰਨ ਲਈ ਮਨੁੱਖਾਂ ਨੇ ਅਮਰ ਆਤਮਾ ਅਤੇ ਪੁਨਰ-ਜਨਮ ਵਰਗੇ ਕਈ ਸਿਧਾਂਤ ਬਣਾਏ ਹਨ।
ਜੋ ਵੀ ਹੋਵੇ, ਮੌਤ ਇਕ ਦੁਖਦਾਈ ਤੇ ਖ਼ੌਫ਼ਨਾਕ ਘਟਨਾ ਹੈ ਅਤੇ ਹਰ ਇਨਸਾਨ ਮੌਤ ਤੋਂ ਡਰਦਾ ਹੈ। ਇਸ ਲਈ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ ਹੈ ਕਿ ਇਨਸਾਨ ਮੌਤ ਨੂੰ ਇਕ ਚੁਣੌਤੀ ਸਮਝਦਾ ਹੈ। ਮੌਤ ਇਕ ਗੱਲ ਜ਼ਰੂਰ ਜ਼ਾਹਰ ਕਰਦੀ ਹੈ ਕਿ ਧਨ-ਦੌਲਤ ਅਤੇ ਤਾਕਤ ਦਾ ਪਿੱਛਾ ਕਰਨ ਵਿਚ ਜ਼ਿੰਦਗੀ ਲਾਉਣੀ ਵਿਅਰਥ ਹੈ।
ਮੌਤ ਵੇਲੇ ਇਕੱਲੇ?
ਪੁਰਾਣੇ ਜ਼ਮਾਨੇ ਵਿਚ ਬਹੁਤ ਹੀ ਬੀਮਾਰ ਜਾਂ ਜ਼ਖ਼ਮੀ ਵਿਅਕਤੀ ਆਮ ਤੌਰ ਤੇ ਆਪਣੇ ਘਰ ਦੇ ਸ਼ਾਂਤ ਮਾਹੌਲ ਵਿਚ ਦਮ ਤੋੜਦਾ ਸੀ। ਬਾਈਬਲ ਸਮਿਆਂ ਵਿਚ ਅਕਸਰ ਇੱਦਾਂ ਹੁੰਦਾ ਸੀ ਤੇ ਅੱਜ ਵੀ ਕੁਝ ਸਭਿਆਚਾਰਾਂ ਵਿਚ ਇਸੇ ਤਰ੍ਹਾਂ ਹੁੰਦਾ ਹੈ। ਉਤਪਤ 49:1, 2, 33) ਅਜਿਹੇ ਹਾਲਾਤਾਂ ਵਿਚ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਕੇ ਮਰੀਜ਼ ਦੀ ਦੇਖ-ਭਾਲ ਕਰਦੇ ਹਨ ਤੇ ਬੱਚਿਆਂ ਨੂੰ ਵੀ ਗੱਲਬਾਤ ਵਿਚ ਸ਼ਾਮਲ ਕਰਦੇ ਹਨ। ਇਸ ਨਾਲ ਪਰਿਵਾਰ ਦਾ ਹਰ ਮੈਂਬਰ ਮਹਿਸੂਸ ਕਰਦਾ ਹੈ ਕਿ ਉਹ ਇਸ ਦੁੱਖ ਦੀ ਘੜੀ ਵਿਚ ਇਕੱਲਾ ਨਹੀਂ ਹੈ ਅਤੇ ਉਹ ਇਕ-ਦੂਜੇ ਨੂੰ ਹੌਸਲਾ ਦਿੰਦੇ ਹਨ ਤੇ ਦੁੱਖ ਸਾਂਝਾ ਕਰਦੇ ਹਨ।
(ਪਰ ਇਸ ਤੋਂ ਉਲਟ ਕੁਝ ਸਮਾਜਾਂ ਵਿਚ ਮੌਤ ਬਾਰੇ ਗੱਲ ਕਰਨ ਦੀ ਮਨਾਹੀ ਹੁੰਦੀ ਹੈ ਤੇ ਇਸ ਨੂੰ ਦੁਖਦਾਈ ਸਮਝਿਆ ਜਾਂਦਾ ਹੈ। ਬੱਚਿਆਂ ਨੂੰ ਗੱਲਬਾਤ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਕਿਉਂਕਿ ਉਹ ਮੰਨਦੇ ਹਨ ਕਿ ਇਸ ਨਾਲ ਬੱਚਿਆਂ ਦੇ ਮਨਾਂ ਤੇ “ਭਾਰੀ” ਬੋਝ ਪਵੇਗਾ। ਅੱਜ-ਕੱਲ੍ਹ ਲੋਕ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਮਰਦੇ ਹਨ ਤੇ ਮਰਨ ਵੇਲੇ ਉਹ ਅਕਸਰ ਇਕੱਲੇ ਹੁੰਦੇ ਹਨ। ਹਾਲਾਂਕਿ ਜ਼ਿਆਦਾਤਰ ਲੋਕ ਸ਼ਾਂਤੀ ਨਾਲ ਆਪਣੇ ਘਰ ਮਰਨਾ ਚਾਹੁੰਦੇ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਦੇ ਘਰ ਦੇ ਉਨ੍ਹਾਂ ਦੀ ਦੇਖ-ਭਾਲ ਕਰਨ, ਪਰ ਕਈਆਂ ਲਈ ਇਹ ਕੌੜੀ ਸੱਚਾਈ ਹੈ ਕਿ ਉਹ ਹਸਪਤਾਲ ਵਿਚ ਮਰਦੇ ਹਨ ਜਦੋਂ ਉਨ੍ਹਾਂ ਦਾ ਦੁੱਖ ਘੱਟ ਕਰਨ ਅਤੇ ਉਨ੍ਹਾਂ ਨੂੰ ਸਹਾਰਾ ਦੇਣ ਲਈ ਡਰਾਉਣੀਆਂ ਡਾਕਟਰੀ ਮਸ਼ੀਨਾਂ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਨਹੀਂ ਹੁੰਦਾ ਹੈ। ਦੂਜੇ ਪਾਸੇ, ਲੱਖਾਂ ਹੀ ਲੋਕ ਜਾਤੀ-ਨਾਸ਼, ਕਾਲ, ਏਡਜ਼, ਘਰੇਲੂ ਯੁੱਧ ਜਾਂ ਘੋਰ ਗ਼ਰੀਬੀ ਦਾ ਸ਼ਿਕਾਰ ਹੋ ਕੇ ਗੁਮਨਾਮੀ ਵਿਚ ਮਰ ਜਾਂਦੇ ਹਨ।
ਇਕ ਵਿਚਾਰਨਯੋਗ ਵਿਸ਼ਾ
ਬਾਈਬਲ ਮੌਤ ਬਾਰੇ ਸੋਚ-ਵਿਚਾਰ ਕਰਨ ਤੋਂ ਮਨ੍ਹਾ ਨਹੀਂ ਕਰਦੀ। ਅਸਲ ਵਿਚ ਉਪਦੇਸ਼ਕ ਦੀ ਪੋਥੀ 7:2 ਸਾਨੂੰ ਦੱਸਦਾ ਹੈ: “ਸਿਆਪੇ ਵਾਲੇ ਘਰ ਦੇ ਵਿੱਚ ਜਾਣਾ ਨਿਉਂਦੇ ਵਾਲੇ ਘਰ ਵਿੱਚ ਵੜਨ ਨਾਲੋਂ ਚੰਗਾ ਹੈ, ਕਿਉਂ ਜੋ ਸਾਰਿਆਂ ਲੋਕਾਂ ਦਾ ਅੰਤ ਇਹੋ ਹੈ।” ਜਦੋਂ ਅਸੀਂ ਕਿਸੇ ਦੀ ਮੌਤ ਦੀ ਖ਼ਬਰ ਸੁਣਦੇ ਹਾਂ, ਤਾਂ ਸਾਨੂੰ ਆਪਣੀਆਂ ਰੋਜ਼ਾਨਾ ਦੀਆਂ ਚਿੰਤਾਵਾਂ ਜਾਂ ਕੰਮਾਂ ਨੂੰ ਛੱਡ ਕੇ ਇਸ ਛੋਟੇ ਜਿਹੇ ਜੀਵਨ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਸਾਨੂੰ ਆਪਣੀ ਜ਼ਿੰਦਗੀ ਮਕਸਦਪੂਰਣ ਤਰੀਕੇ ਨਾਲ ਜੀਉਣ ਦੀ ਪ੍ਰੇਰਣਾ ਮਿਲ ਸਕਦੀ ਹੈ। ਅਸੀਂ ਇਸ ਨੂੰ ਐਵੇਂ ਬਰਬਾਦ ਨਹੀਂ ਕਰਾਂਗੇ ਜਾਂ ਫ਼ਜ਼ੂਲ ਨਹੀਂ ਗੁਆਵਾਂਗੇ।
ਤੁਸੀਂ ਮੌਤ ਬਾਰੇ ਕੀ ਸੋਚਦੇ ਹੋ? ਕੀ ਤੁਸੀਂ ਕਦੇ ਸੋਚ-ਵਿਚਾਰ ਕੀਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਅੰਤ ਬਾਰੇ ਕਿਵੇਂ ਮਹਿਸੂਸ ਕਰਦੇ ਹੋ ਅਤੇ ਕੀ ਵਿਸ਼ਵਾਸ ਕਰਦੇ ਹੋ, ਤੁਹਾਡੀਆਂ ਕੀ ਉਮੀਦਾਂ ਹਨ ਅਤੇ ਤੁਸੀਂ ਕਿਨ੍ਹਾਂ ਗੱਲਾਂ ਤੋਂ ਡਰਦੇ ਹੋ?
ਜ਼ਿੰਦਗੀ ਦੀ ਤਰ੍ਹਾਂ, ਮੌਤ ਨੂੰ ਸਮਝਣਾ ਤੇ ਸਮਝਾਉਣਾ ਵੀ ਇਨਸਾਨ ਦੇ ਵੱਸ ਦੀ ਗੱਲ ਨਹੀਂ ਹੈ। ਸਿਰਫ਼ ਸਾਡਾ ਸਿਰਜਣਹਾਰ ਹੀ ਇਸ ਬਾਰੇ ਦੱਸ ਸਕਦਾ ਹੈ। ਉਹੀ “ਜੀਉਣ ਦਾ ਚਸ਼ਮਾ” ਹੈ ਅਤੇ ਸਿਰਫ਼ ਉਹ ਹੀ “ਮੌਤ ਤੋਂ ਰਿਹਾਈ” ਦੇ ਸਕਦਾ ਹੈ। (ਜ਼ਬੂਰ 36:9; 68:20) ਹਾਲਾਂਕਿ ਇਹ ਗੱਲ ਅਜੀਬ ਲੱਗ ਸਕਦੀ ਹੈ, ਪਰ ਪਰਮੇਸ਼ੁਰ ਦੇ ਬਚਨ ਦੀ ਮਦਦ ਨਾਲ ਮੌਤ ਬਾਰੇ ਕੁਝ ਆਮ ਵਿਸ਼ਵਾਸਾਂ ਦੀ ਧਿਆਨ ਨਾਲ ਜਾਂਚ ਕਰਨ ਨਾਲ ਸਾਨੂੰ ਦਿਲਾਸਾ ਤੇ ਉਤਸ਼ਾਹ ਮਿਲ ਸਕਦਾ ਹੈ। ਸਾਨੂੰ ਪਤਾ ਲੱਗੇਗਾ ਕਿ ਮੌਤ ਸਭ ਚੀਜ਼ਾਂ ਦਾ ਅੰਤ ਨਹੀਂ ਹੈ।
[ਸਫ਼ੇ 4 ਉੱਤੇ ਸੁਰਖੀ]
ਮੌਤ ਕਦੇ ਵੀ ਆ ਸਕਦੀ ਹੈ, ਇਸ ਗੱਲ ਨੂੰ ਯਾਦ ਰੱਖਣ ਨਾਲ ਸਾਨੂੰ ਆਪਣੀ ਜ਼ਿੰਦਗੀ ਜ਼ਿਆਦਾ ਮਕਸਦਪੂਰਣ ਤਰੀਕੇ ਨਾਲ ਜੀਉਣ ਦੀ ਪ੍ਰੇਰਣਾ ਮਿਲਦੀ ਹੈ