Skip to content

Skip to table of contents

ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਓ

ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਓ

ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਓ

“ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।”—ਕਹਾਉਤਾਂ 21:21.

1. ਅੱਜ ਲੋਕਾਂ ਦੇ ਕਿਹੜੇ ਰਾਹਾਂ ਦੇ ਤਬਾਹਕੁਨ ਨਤੀਜੇ ਨਿਕਲੇ ਹਨ?

“ਇੱਕ ਅਜਿਹਾ ਰਾਹ ਹੈ ਜੋ ਮਨੁੱਖ ਨੂੰ ਸਿੱਧਾ ਜਾਪਦਾ ਹੈ, ਪਰ ਉਹ ਦੇ ਅੰਤ ਵਿੱਚ ਮੌਤ ਦੇ ਰਾਹ ਹਨ।” (ਕਹਾਉਤਾਂ 16:25) ਬਾਈਬਲ ਦੀ ਇਹ ਕਹਾਵਤ ਕਿੰਨੇ ਸਹੀ ਤਰੀਕੇ ਨਾਲ ਅੱਜ ਦੁਨੀਆਂ ਦੇ ਜ਼ਿਆਦਾਤਰ ਲੋਕਾਂ ਦੇ ਰਾਹਾਂ ਬਾਰੇ ਦੱਸਦੀ ਹੈ! ਆਮ ਤੌਰ ਤੇ ਲੋਕ ਉਹੀ ਕਰਦੇ ਹਨ ਜੋ ਉਨ੍ਹਾਂ ਦੀਆਂ ਨਜ਼ਰਾਂ ਵਿਚ ਠੀਕ ਹੁੰਦਾ ਹੈ ਤੇ ਉਹ ਦੂਸਰਿਆਂ ਦੀ ਬਿਲਕੁਲ ਵੀ ਪਰਵਾਹ ਨਹੀਂ ਕਰਦੇ। (ਕਹਾਉਤਾਂ 21:2) ਉਹ ਆਪਣੇ ਬੁਲ੍ਹਾਂ ਨਾਲ ਹੀ ਆਪਣੇ ਦੇਸ਼ ਦੇ ਨਿਯਮਾਂ ਤੇ ਮਿਆਰਾਂ ਦਾ ਆਦਰ ਕਰਦੇ ਹਨ, ਪਰ ਮੌਕਾ ਮਿਲਣ ਤੇ ਉਹ ਕਾਨੂੰਨ ਤੋੜਨ ਤੋਂ ਨਹੀਂ ਹਿਚਕਿਚਾਉਂਦੇ। ਇਸ ਕਰਕੇ ਅੱਜ ਪੂਰਾ ਸਮਾਜ ਖਿੰਡਿਆ ਹੋਇਆ ਹੈ ਅਤੇ ਲੋਕ ਉਲਝੇ ਹੋਏ ਤੇ ਪਰੇਸ਼ਾਨ ਹਨ।—2 ਤਿਮੋਥਿਉਸ 3:1-5.

2. ਇਨਸਾਨਜਾਤੀ ਦੀ ਭਲਾਈ ਲਈ ਅੱਜ ਕਿਸ ਚੀਜ਼ ਦੀ ਸਖ਼ਤ ਲੋੜ ਹੈ?

2 ਸਾਡੀ ਆਪਣੀ ਭਲਾਈ ਲਈ ਅਤੇ ਪੂਰੀ ਇਨਸਾਨਜਾਤੀ ਦੀ ਸ਼ਾਂਤੀ ਤੇ ਸੁਰੱਖਿਆ ਲਈ ਅਜਿਹੇ ਨਿਯਮ ਜਾਂ ਮਿਆਰ ਦੀ ਸਖ਼ਤ ਲੋੜ ਹੈ ਜੋ ਸਹੀ ਤੇ ਜਾਇਜ਼ ਹੋਵੇ ਅਤੇ ਜਿਸ ਨੂੰ ਸਾਰੇ ਲੋਕ ਸਵੀਕਾਰ ਕਰਨ ਅਤੇ ਮੰਨਣ ਲਈ ਤਿਆਰ ਹੋਣ। ਕਿਸੇ ਵੀ ਇਨਸਾਨ ਦੁਆਰਾ ਬਣਾਇਆ ਨਿਯਮ ਜਾਂ ਮਿਆਰ ਇਸ ਲੋੜ ਨੂੰ ਪੂਰਾ ਨਹੀਂ ਕਰ ਸਕਦਾ, ਭਾਵੇਂ ਉਹ ਇਨਸਾਨ ਕਿੰਨਾ ਵੀ ਅਕਲਮੰਦ ਜਾਂ ਈਮਾਨਦਾਰ ਕਿਉਂ ਨਾ ਹੋਵੇ। (ਯਿਰਮਿਯਾਹ 10:23; ਰੋਮੀਆਂ 3:10, 23) ਜੇ ਅਜਿਹਾ ਕੋਈ ਮਿਆਰ ਹੈ, ਤਾਂ ਇਹ ਕਿੱਥੇ ਹੈ ਤੇ ਕਿਹੋ ਜਿਹਾ ਹੈ? ਸ਼ਾਇਦ ਇਸ ਤੋਂ ਵੀ ਮਹੱਤਵਪੂਰਣ ਸਵਾਲ ਇਹ ਹੈ ਕਿ ਜੇ ਅਜਿਹਾ ਕੋਈ ਮਿਆਰ ਹੈ, ਤਾਂ ਕੀ ਤੁਸੀਂ ਇਸ ਨੂੰ ਖ਼ੁਸ਼ੀ-ਖ਼ੁਸ਼ੀ ਸਵੀਕਾਰ ਕਰ ਕੇ ਇਸ ਉੱਤੇ ਚੱਲੋਗੇ?

ਧਾਰਮਿਕ ਮਿਆਰ ਦੀ ਭਾਲ

3. ਕੌਣ ਉੱਤਮ ਮਿਆਰ ਬਣਾਉਣ ਦੇ ਯੋਗ ਹੈ ਜੋ ਸਾਰਿਆਂ ਨੂੰ ਸਵੀਕਾਰ ਹੋਵੇ ਤੇ ਸਾਰਿਆਂ ਲਈ ਫ਼ਾਇਦੇਮੰਦ ਹੋਵੇ ਅਤੇ ਕਿਉਂ?

3 ਅਜਿਹਾ ਮਿਆਰ ਲੱਭਣ ਲਈ, ਜੋ ਹਰ ਇਨਸਾਨ ਨੂੰ ਸਵੀਕਾਰ ਹੋਵੇ ਤੇ ਸਾਰਿਆਂ ਲਈ ਫ਼ਾਇਦੇਮੰਦ ਹੋਵੇ, ਸਾਨੂੰ ਅਜਿਹੇ ਵਿਅਕਤੀ ਕੋਲ ਜਾਣਾ ਪਵੇਗਾ ਜਿਸ ਦੀਆਂ ਨਜ਼ਰਾਂ ਵਿਚ ਜਾਤ-ਪਾਤ, ਸਭਿਆਚਾਰ ਅਤੇ ਰਾਜਨੀਤਿਕ ਸਰਹੱਦਾਂ ਕੋਈ ਮਾਅਨੇ ਨਹੀਂ ਰੱਖਦੀਆਂ ਅਤੇ ਜੋ ਇਨਸਾਨਾਂ ਦੀ ਤਰ੍ਹਾਂ ਤੰਗ-ਨਜ਼ਰ ਅਤੇ ਕਮਜ਼ੋਰ ਨਹੀਂ ਹੈ। ਬਿਨਾਂ ਸ਼ੱਕ, ਸਿਰਫ਼ ਸਰਬਸ਼ਕਤੀਮਾਨ ਸਿਰਜਣਹਾਰ ਯਹੋਵਾਹ ਪਰਮੇਸ਼ੁਰ ਹੀ ਇਨ੍ਹਾਂ ਮੰਗਾਂ ਉੱਤੇ ਪੂਰਾ ਉਤਰਦਾ ਹੈ ਜੋ ਕਹਿੰਦਾ ਹੈ: “ਜਿਵੇਂ ਅਕਾਸ਼ ਧਰਤੀ ਤੋਂ ਉੱਚੇ ਹਨ, ਤਿਵੇਂ ਮੇਰੇ ਰਾਹ ਤੁਹਾਡੇ ਰਾਹਾਂ ਤੋਂ, ਅਤੇ ਮੇਰੇ ਖਿਆਲ ਤੁਹਾਡੇ ਖਿਆਲਾਂ ਤੋਂ ਉੱਚੇ ਹਨ।” (ਯਸਾਯਾਹ 55:9) ਇਸ ਤੋਂ ਇਲਾਵਾ, ਬਾਈਬਲ ਯਹੋਵਾਹ ਬਾਰੇ ਕਹਿੰਦੀ ਹੈ ਕਿ “ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।” (ਬਿਵਸਥਾ ਸਾਰ 32:4) ਪੂਰੀ ਬਾਈਬਲ ਵਿਚ ਯਹੋਵਾਹ ਨੂੰ “ਸਤ” ਜਾਂ “ਧਰਮੀ” ਕਿਹਾ ਗਿਆ ਹੈ। (ਕੂਚ 9:27; 2 ਇਤਹਾਸ 12:6; ਜ਼ਬੂਰ 11:7; 129:4; ਵਿਰਲਾਪ 1:18) ਜੀ ਹਾਂ, ਅਸੀਂ ਯਹੋਵਾਹ ਤੇ ਭਰੋਸਾ ਰੱਖ ਸਕਦੇ ਹਾਂ ਕਿ ਉਹੀ ਉੱਤਮ ਮਿਆਰ ਬਣਾਵੇਗਾ ਕਿਉਂਕਿ ਉਹ ਵਫ਼ਾਦਾਰ, ਇਨਸਾਫ਼ਪਸੰਦ ਅਤੇ ਧਰਮੀ ਹੈ।

4. “ਧਰਮੀ” ਸ਼ਬਦ ਦਾ ਕੀ ਮਤਲਬ ਹੈ?

4 ਇਹ ਸੱਚ ਹੈ ਕਿ ਅੱਜ ਬਹੁਤ ਸਾਰੇ ਲੋਕ ਅਜਿਹੇ ਵਿਅਕਤੀਆਂ ਨਾਲ ਘਿਰਣਾ ਕਰਦੇ ਹਨ ਜਿਹੜੇ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਜ਼ਿਆਦਾ ਧਰਮੀ ਸਮਝਦੇ ਹਨ। ਪਰ ਇਕ ਡਿਕਸ਼ਨਰੀ ਦੇ ਅਨੁਸਾਰ, “ਧਰਮੀ” ਦਾ ਮਤਲਬ ਹੈ “ਇਨਸਾਫ਼ਪਸੰਦ, ਖਰਾ, ਸਦਗੁਣੀ; ਨਿਰਦੋਸ਼, ਪਾਪ-ਰਹਿਤ; ਪਰਮੇਸ਼ੁਰੀ ਸਿਧਾਂਤਾਂ ਦੀ ਪਾਲਣਾ ਕਰਨ ਵਾਲਾ ਜਾਂ ਨੈਤਿਕਤਾ ਦੇ ਮਿਆਰਾਂ ਉੱਤੇ ਚੱਲਣ ਵਾਲਾ; ਨਿਆਂ ਜਾਂ ਸਹੀ ਕੰਮ ਕਰਨ ਵਾਲਾ।” ਕੀ ਤੁਸੀਂ ਅਜਿਹੇ ਨਿਯਮ ਜਾਂ ਮਿਆਰ ਤੋਂ ਖ਼ੁਸ਼ ਨਹੀਂ ਹੋਵੋਗੇ ਜਿਸ ਵਿਚ ਇਹ ਸਾਰੇ ਗੁਣ ਸ਼ਾਮਲ ਹੋਣ?

5. ਜਿਵੇਂ ਬਾਈਬਲ ਵਿਚ ਸਮਝਾਇਆ ਗਿਆ ਹੈ, ਧਾਰਮਿਕਤਾ ਦੇ ਗੁਣ ਦਾ ਵਰਣਨ ਕਰੋ।

5 ਧਾਰਮਿਕਤਾ ਦੇ ਗੁਣ ਬਾਰੇ ਐਨਸਾਈਕਲੋਪੀਡੀਆ ਜੁਡੇਈਕਾ ਕਹਿੰਦਾ ਹੈ: “ਧਾਰਮਿਕਤਾ ਇਕ ਗ਼ੈਰ-ਅਮਲੀ ਧਾਰਣਾ ਨਹੀਂ ਹੈ, ਪਰ ਇਹ ਸਾਰੇ ਰਿਸ਼ਤਿਆਂ ਵਿਚ ਨਿਆਂਪੂਰਣ ਤੇ ਸਹੀ ਕੰਮ ਕਰਨ ਦੁਆਰਾ ਦਿਖਾਈ ਦਿੰਦੀ ਹੈ।” ਉਦਾਹਰਣ ਲਈ, ਪਰਮੇਸ਼ੁਰ ਦੀ ਧਾਰਮਿਕਤਾ ਉਸ ਦਾ ਕੋਈ ਅੰਦਰੂਨੀ ਜਾਂ ਨਿੱਜੀ ਗੁਣ ਨਹੀਂ ਹੈ, ਜਿਵੇਂ ਉਸ ਦੀ ਪਵਿੱਤਰਤਾ ਅਤੇ ਸ਼ੁੱਧਤਾ। ਇਸ ਦੀ ਬਜਾਇ, ਇਹ ਉਸ ਦੇ ਸੁਭਾਅ ਦਾ ਪ੍ਰਗਟਾਵਾ ਹੈ ਜੋ ਕਿ ਸਹੀ ਅਤੇ ਨਿਆਂਪੂਰਣ ਕੰਮਾਂ ਦੁਆਰਾ ਨਜ਼ਰ ਆਉਂਦਾ ਹੈ। ਕਿਹਾ ਜਾ ਸਕਦਾ ਹੈ ਕਿ ਪਰਮੇਸ਼ੁਰ ਪਵਿੱਤਰ ਅਤੇ ਸ਼ੁੱਧ ਹੈ, ਇਸ ਲਈ ਉਹ ਜੋ ਵੀ ਕਰਦਾ ਹੈ ਅਤੇ ਜੋ ਕੁਝ ਉਸ ਤੋਂ ਪੈਦਾ ਹੁੰਦਾ ਹੈ, ਉਹ ਧਰਮੀ ਹੈ। ਇਸ ਕਰਕੇ ਬਾਈਬਲ ਕਹਿੰਦੀ ਹੈ ਕਿ “ਯਹੋਵਾਹ ਆਪਣੇ ਸਾਰੇ ਰਾਹਾਂ ਵਿੱਚ ਧਰਮੀ ਹੈ, ਅਤੇ ਆਪਣੇ ਸਾਰੇ ਕੰਮਾਂ ਵਿੱਚ ਦਯਾਵਾਨ ਹੈ।”—ਜ਼ਬੂਰ 145:17.

6. ਪੌਲੁਸ ਨੇ ਆਪਣੇ ਦਿਨਾਂ ਦੇ ਕੁਝ ਅਵਿਸ਼ਵਾਸੀ ਯਹੂਦੀਆਂ ਬਾਰੇ ਕੀ ਕਿਹਾ ਸੀ ਅਤੇ ਕਿਉਂ?

6 ਪੌਲੁਸ ਰਸੂਲ ਨੇ ਰੋਮ ਦੇ ਮਸੀਹੀਆਂ ਨੂੰ ਲਿਖੀ ਚਿੱਠੀ ਵਿਚ ਇਸ ਗੱਲ ਤੇ ਜ਼ੋਰ ਦਿੱਤਾ ਸੀ। ਕੁਝ ਅਵਿਸ਼ਵਾਸੀ ਯਹੂਦੀਆਂ ਬਾਰੇ ਉਸ ਨੇ ਲਿਖਿਆ: “ਕਿਉਂ ਜੋ ਪਰਮੇਸ਼ੁਰ ਦੇ ਧਰਮ ਤੋਂ ਅਣਜਾਣ ਹੋ ਕੇ ਅਤੇ ਆਪਣੇ ਹੀ ਧਰਮ ਨੂੰ ਦ੍ਰਿੜ੍ਹ ਕਰਨ ਦਾ ਜਤਨ ਕਰ ਕੇ ਓਹ ਪਰਮੇਸ਼ੁਰ ਦੇ ਧਰਮ ਦੇ ਅਧੀਨ ਨਾ ਹੋਏ।” (ਰੋਮੀਆਂ 10:3) ਪੌਲੁਸ ਨੇ ਇਨ੍ਹਾਂ ਬਾਰੇ ਕਿਉਂ ਕਿਹਾ ਕਿ ਉਹ “ਪਰਮੇਸ਼ੁਰ ਦੇ ਧਰਮ ਤੋਂ ਅਣਜਾਣ” ਸਨ? ਕੀ ਉਨ੍ਹਾਂ ਨੂੰ ਸ਼ਰਾ ਯਾਨੀ ਪਰਮੇਸ਼ੁਰ ਦੇ ਧਰਮੀ ਮਿਆਰਾਂ ਦੀ ਸਿੱਖਿਆ ਨਹੀਂ ਦਿੱਤੀ ਗਈ ਸੀ? ਹਾਂ, ਉਨ੍ਹਾਂ ਨੂੰ ਦਿੱਤੀ ਗਈ ਸੀ। ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਧਾਰਮਿਕਤਾ ਨੂੰ ਇਕ ਨਿੱਜੀ ਗੁਣ ਸਮਝਦੇ ਸਨ ਜੋ ਕਿ ਮਜ਼ਹਬੀ ਨਿਯਮਾਂ ਉੱਤੇ ਸਾਵਧਾਨੀ ਅਤੇ ਸਖ਼ਤੀ ਨਾਲ ਚੱਲ ਕੇ ਪੈਦਾ ਕੀਤਾ ਜਾ ਸਕਦਾ ਸੀ। ਉਹ ਦੂਸਰੇ ਲੋਕਾਂ ਨਾਲ ਪੇਸ਼ ਆਉਂਦੇ ਸਮੇਂ ਧਾਰਮਿਕਤਾ ਦੇ ਮਿਆਰ ਉੱਤੇ ਨਹੀਂ ਚੱਲਦੇ ਸਨ। ਯਿਸੂ ਮਸੀਹ ਦੇ ਦਿਨਾਂ ਦੇ ਧਾਰਮਿਕ ਆਗੂਆਂ ਵਾਂਗ, ਉਨ੍ਹਾਂ ਨੇ ਵੀ ਨਿਆਂ ਅਤੇ ਧਾਰਮਿਕਤਾ ਦਾ ਬਿਲਕੁਲ ਗ਼ਲਤ ਮਤਲਬ ਲਿਆ।—ਮੱਤੀ 23:23-28.

7. ਯਹੋਵਾਹ ਨੇ ਆਪਣੀ ਧਾਰਮਿਕਤਾ ਕਿੱਦਾਂ ਦਿਖਾਈ ਹੈ?

7 ਇਸ ਤੋਂ ਬਿਲਕੁਲ ਉਲਟ, ਯਹੋਵਾਹ ਨੇ ਆਪਣੇ ਸਾਰੇ ਕੰਮਾਂ ਵਿਚ ਧਾਰਮਿਕਤਾ ਨੂੰ ਸਪੱਸ਼ਟ ਰੂਪ ਵਿਚ ਦਿਖਾਇਆ ਹੈ। ਚਾਹੇ ਕਿ ਉਸ ਦੀ ਧਾਰਮਿਕਤਾ ਮੰਗ ਕਰਦੀ ਹੈ ਕਿ ਉਹ ਜਾਣ-ਬੁੱਝ ਕੇ ਪਾਪ ਕਰਨ ਵਾਲਿਆਂ ਦੇ ਗ਼ਲਤ ਕੰਮਾਂ ਨੂੰ ਨਜ਼ਰਅੰਦਾਜ਼ ਨਾ ਕਰੇ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਨਿਰਦਈ ਤੇ ਸਖ਼ਤ ਪਰਮੇਸ਼ੁਰ ਹੈ ਜਿਸ ਤੋਂ ਡਰਨਾ ਚਾਹੀਦਾ ਹੈ ਤੇ ਦੂਰ ਰਹਿਣਾ ਚਾਹੀਦਾ ਹੈ। ਇਸ ਤੋਂ ਉਲਟ, ਉਸ ਦੇ ਧਰਮੀ ਕੰਮਾਂ ਕਰਕੇ ਲੋਕ ਉਸ ਦੇ ਕੋਲ ਆ ਸਕਦੇ ਹਨ ਅਤੇ ਪਾਪ ਦੇ ਬੁਰੇ ਨਤੀਜੇ ਭੁਗਤਣ ਤੋਂ ਬਚ ਸਕਦੇ ਹਨ। ਇਸ ਲਈ ਇਹ ਕਹਿਣਾ ਬਿਲਕੁਲ ਸਹੀ ਹੈ ਕਿ ਯਹੋਵਾਹ “ਧਰਮੀ ਪਰਮੇਸ਼ੁਰ ਅਤੇ ਮੁਕਤੀ ਦਾਤਾ” ਹੈ।—ਯਸਾਯਾਹ 45:21.

ਧਾਰਮਿਕਤਾ ਅਤੇ ਮੁਕਤੀ

8, 9. ਬਿਵਸਥਾ ਨੇ ਕਿਨ੍ਹਾਂ ਤਰੀਕਿਆਂ ਨਾਲ ਪਰਮੇਸ਼ੁਰ ਦੀ ਧਾਰਮਿਕਤਾ ਨੂੰ ਪ੍ਰਗਟ ਕੀਤਾ?

8 ਪਰਮੇਸ਼ੁਰ ਦੀ ਧਾਰਮਿਕਤਾ ਅਤੇ ਮਨੁੱਖਾਂ ਦੀ ਮੁਕਤੀ ਲਈ ਕੀਤੇ ਪ੍ਰਬੰਧ ਵਿਚ ਸੰਬੰਧ ਨੂੰ ਸਮਝਣ ਲਈ, ਉਸ ਬਿਵਸਥਾ ਉੱਤੇ ਗੌਰ ਕਰੋ ਜੋ ਉਸ ਨੇ ਮੂਸਾ ਦੁਆਰਾ ਇਸਰਾਏਲ ਕੌਮ ਨੂੰ ਦਿੱਤੀ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਬਿਵਸਥਾ ਵਿਚ ਧਰਮੀ ਨਿਯਮ ਦਿੱਤੇ ਗਏ ਸਨ। ਆਪਣੀ ਜ਼ਿੰਦਗੀ ਦੀਆਂ ਆਖ਼ਰੀ ਘੜੀਆਂ ਵਿਚ ਮੂਸਾ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ: “ਕਿਹੜੀ ਵੱਡੀ ਕੌਮ ਹੈ ਜਿਹ ਦੇ ਕੋਲ ਬਿਧੀਆਂ ਅਤੇ ਕਨੂਨ ਐੱਨੇ ਧਾਰਮਕ ਹਨ ਜਿੰਨੀ ਏਹ ਸਾਰੀ ਬਿਵਸਥਾ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਰੱਖਦਾ ਹਾਂ?” (ਬਿਵਸਥਾ ਸਾਰ 4:8) ਕਈ ਸਦੀਆਂ ਬਾਅਦ, ਇਸਰਾਏਲ ਕੌਮ ਦੇ ਰਾਜੇ ਦਾਊਦ ਨੇ ਇਹ ਐਲਾਨ ਕੀਤਾ ਸੀ: “ਯਹੋਵਾਹ ਦੇ ਨਿਆਉਂ ਸਤ ਹਨ, ਓਹ ਨਿਰੇ ਪੁਰੇ ਧਰਮ ਹਨ।”—ਜ਼ਬੂਰ 19:9.

9 ਬਿਵਸਥਾ ਦੇ ਜ਼ਰੀਏ ਯਹੋਵਾਹ ਨੇ ਸਹੀ-ਗ਼ਲਤ ਦੇ ਆਪਣੇ ਮੁਕੰਮਲ ਮਿਆਰਾਂ ਬਾਰੇ ਸਪੱਸ਼ਟ ਦੱਸਿਆ। ਬਿਵਸਥਾ ਵਿਚ ਖੋਲ੍ਹ ਕੇ ਦੱਸਿਆ ਗਿਆ ਸੀ ਕਿ ਇਸਰਾਏਲੀਆਂ ਦਾ ਆਚਰਣ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਨਾ ਸਿਰਫ਼ ਧਾਰਮਿਕ ਮਾਮਲਿਆਂ ਵਿਚ, ਸਗੋਂ ਕਾਰੋਬਾਰ, ਵਿਆਹੁਤਾ ਜ਼ਿੰਦਗੀ, ਖਾਣ-ਪੀਣ, ਸਫ਼ਾਈ ਅਤੇ ਨਿਆਇਕ ਮਾਮਲਿਆਂ ਵਿਚ ਵੀ। ਬਿਵਸਥਾ ਵਿਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਅਤੇ ਕਈ ਮਾਮਲਿਆਂ ਵਿਚ ਮੌਤ ਦੀ ਸਜ਼ਾ ਦੇਣ ਦੇ ਹੁਕਮ ਵੀ ਦਿੱਤੇ ਗਏ ਸਨ। * ਪਰ ਕੀ ਬਿਵਸਥਾ ਵਿਚ ਦੱਸੀਆਂ ਪਰਮੇਸ਼ੁਰ ਦੀਆਂ ਧਰਮੀ ਮੰਗਾਂ ਲੋਕਾਂ ਲਈ ਬਹੁਤ ਸਖ਼ਤ ਅਤੇ ਭਾਰੀ ਬੋਝ ਸਨ ਅਤੇ ਕੀ ਇਹ ਉਨ੍ਹਾਂ ਦੀ ਆਜ਼ਾਦੀ ਤੇ ਖ਼ੁਸ਼ੀ ਨੂੰ ਖੋਹ ਰਹੀਆਂ ਸਨ, ਜਿਵੇਂ ਕਿ ਅੱਜ ਕਈ ਲੋਕ ਦਾਅਵਾ ਕਰਦੇ ਹਨ?

10. ਯਹੋਵਾਹ ਨੂੰ ਪਿਆਰ ਕਰਨ ਵਾਲੇ ਲੋਕ ਉਸ ਦੇ ਨਿਯਮਾਂ ਪ੍ਰਤੀ ਕੀ ਨਜ਼ਰੀਆ ਰੱਖਦੇ ਹਨ?

10 ਜਿਹੜੇ ਲੋਕ ਯਹੋਵਾਹ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਉਸ ਦੇ ਧਰਮੀ ਨਿਯਮਾਂ ਅਤੇ ਹੁਕਮਾਂ ਉੱਤੇ ਚੱਲ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਉਦਾਹਰਣ ਲਈ ਰਾਜਾ ਦਾਊਦ ਨੇ ਯਹੋਵਾਹ ਦੇ ਨਿਆਇਕ ਫ਼ੈਸਲਿਆਂ ਨੂੰ ਸਿਰਫ਼ ਸੱਚੇ ਅਤੇ ਧਰਮੀ ਹੀ ਨਹੀਂ ਕਿਹਾ, ਸਗੋਂ ਉਸ ਨੇ ਉਨ੍ਹਾਂ ਲਈ ਪਿਆਰ ਤੇ ਕਦਰ ਵੀ ਦਿਖਾਈ। ਯਹੋਵਾਹ ਦੇ ਨਿਯਮਾਂ ਅਤੇ ਨਿਆਇਕ ਫ਼ੈਸਲਿਆਂ ਬਾਰੇ ਉਸ ਨੇ ਲਿਖਿਆ: “ਓਹ ਸੋਨੇ ਨਾਲੋਂ ਸਗੋਂ ਬਹੁਤ ਕੁੰਦਨ ਸੋਨੇ ਨਾਲੋਂ ਮਨ ਭਾਉਂਦੇ ਹਨ, ਅਤੇ ਸ਼ਹਿਤ ਅਤੇ ਮਖੀਲ ਦਿਆਂ ਚੋਇਆਂ ਨਾਲੋਂ ਵੀ ਮਿੱਠੇ ਹਨ। ਨਾਲੇ ਉਨ੍ਹਾਂ ਤੋਂ ਤੇਰਾ ਦਾਸ ਚਿਤਾਇਆ ਜਾਂਦਾ ਹੈ, ਅਰ ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।”—ਜ਼ਬੂਰ 19:7, 10, 11.

11. ਬਿਵਸਥਾ ਕਿਵੇਂ ‘ਮਸੀਹ ਦੇ ਆਉਣ ਤੀਕੁਰ ਇਕ ਉਸਤਾਦ’ ਸਾਬਤ ਹੋਈ?

11 ਸਦੀਆਂ ਬਾਅਦ ਪੌਲੁਸ ਨੇ ਬਿਵਸਥਾ ਦੇ ਇਕ ਹੋਰ ਵੱਡੇ ਫ਼ਾਇਦੇ ਬਾਰੇ ਦੱਸਿਆ। ਉਸ ਨੇ ਗਲਾਤੀਆਂ ਨੂੰ ਚਿੱਠੀ ਵਿਚ ਲਿਖਿਆ: “ਸ਼ਰਾ ਮਸੀਹ ਦੇ ਆਉਣ ਤੀਕੁਰ ਸਾਡੇ ਲਈ ਨਿਗਾਹਬਾਨ [“ਉਸਤਾਦ,” ਨਿ ਵ] ਬਣੀ ਭਈ ਅਸੀਂ ਨਿਹਚਾ ਨਾਲ ਧਰਮੀ ਠਹਿਰਾਏ ਜਾਈਏ।” (ਗਲਾਤੀਆਂ 3:24) ਪੌਲੁਸ ਦੇ ਦਿਨਾਂ ਵਿਚ ਉਸਤਾਦ ਇਕ ਵੱਡੇ ਘਰਾਣੇ ਵਿਚ ਨੌਕਰ ਜਾਂ ਗ਼ੁਲਾਮ ਹੁੰਦਾ ਸੀ। ਬੱਚਿਆਂ ਦੀ ਰਾਖੀ ਕਰਨ ਤੇ ਉਨ੍ਹਾਂ ਨੂੰ ਸਕੂਲ ਲੈ ਕੇ ਜਾਣਾ ਉਸ ਦੀ ਜ਼ਿੰਮੇਵਾਰੀ ਹੁੰਦੀ ਸੀ। ਇਸੇ ਤਰ੍ਹਾਂ, ਬਿਵਸਥਾ ਨੇ ਗੁਆਂਢੀ ਕੌਮਾਂ ਦੇ ਅਨੈਤਿਕ ਕੰਮਾਂ ਤੇ ਝੂਠੇ ਧਰਮਾਂ ਤੋਂ ਇਸਰਾਏਲੀਆਂ ਦੀ ਰਾਖੀ ਕੀਤੀ ਸੀ। (ਬਿਵਸਥਾ ਸਾਰ 18:9-13; ਗਲਾਤੀਆਂ 3:23) ਇਸ ਤੋਂ ਇਲਾਵਾ, ਬਿਵਸਥਾ ਨੇ ਇਸਰਾਏਲੀਆਂ ਨੂੰ ਅਹਿਸਾਸ ਦਿਲਾਇਆ ਕਿ ਉਹ ਪਾਪੀ ਸਨ ਅਤੇ ਉਨ੍ਹਾਂ ਨੂੰ ਮਾਫ਼ੀ ਤੇ ਮੁਕਤੀ ਦੀ ਲੋੜ ਸੀ। (ਗਲਾਤੀਆਂ 3:19) ਬਲੀ ਚੜ੍ਹਾਉਣ ਦੇ ਪ੍ਰਬੰਧ ਨੇ ਰਿਹਾਈ-ਕੀਮਤ ਬਲੀਦਾਨ ਦੀ ਲੋੜ ਵੱਲ ਇਸ਼ਾਰਾ ਕੀਤਾ ਅਤੇ ਇਸ ਨੇ ਇਕ ਭਵਿੱਖ-ਸੂਚਕ ਨਮੂਨਾ ਪੇਸ਼ ਕੀਤਾ ਜਿਸ ਦੁਆਰਾ ਸੱਚੇ ਮਸੀਹੇ ਦੀ ਪਛਾਣ ਕੀਤੀ ਜਾ ਸਕਦੀ ਸੀ। (ਇਬਰਾਨੀਆਂ 10:1, 11, 12) ਇਸ ਤਰ੍ਹਾਂ, ਯਹੋਵਾਹ ਨੇ ਬਿਵਸਥਾ ਰਾਹੀਂ ਆਪਣੀ ਧਾਰਮਿਕਤਾ ਦਿਖਾਈ, ਪਰ ਇਸ ਤਰ੍ਹਾਂ ਕਰਨ ਵਿਚ ਉਸ ਨੇ ਹਮੇਸ਼ਾ ਲੋਕਾਂ ਦੀ ਭਲਾਈ ਅਤੇ ਅਨੰਤ ਮੁਕਤੀ ਨੂੰ ਧਿਆਨ ਵਿਚ ਰੱਖਿਆ।

ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਲੋਕ

12. ਬਿਵਸਥਾ ਉੱਤੇ ਧਿਆਨ ਨਾਲ ਚੱਲਣ ਨਾਲ ਇਸਰਾਏਲੀਆਂ ਨੂੰ ਕੀ ਫ਼ਾਇਦਾ ਹੋਣਾ ਸੀ?

12 ਯਹੋਵਾਹ ਨੇ ਜੋ ਬਿਵਸਥਾ ਦਿੱਤੀ ਸੀ, ਉਹ ਹਰ ਤਰ੍ਹਾਂ ਨਾਲ ਧਰਮੀ ਸੀ ਅਤੇ ਇਸ ਉੱਤੇ ਚੱਲ ਕੇ ਇਸਰਾਏਲੀ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਬਣ ਸਕਦੇ ਸਨ। ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਮੂਸਾ ਨੇ ਇਸਰਾਏਲੀਆਂ ਨੂੰ ਯਾਦ ਕਰਾਇਆ: “ਏਹ ਸਾਡਾ ਧਰਮ ਹੋਵੇਗਾ ਕਿ ਅਸੀਂ ਏਹਨਾਂ ਸਾਰਿਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਚੰਗੀ ਤਰਾਂ ਮੰਨੀਏ।” (ਬਿਵਸਥਾ ਸਾਰ 6:25) ਇਸ ਤੋਂ ਇਲਾਵਾ, ਯਹੋਵਾਹ ਨੇ ਵਾਅਦਾ ਕੀਤਾ ਸੀ: “ਤੁਸਾਂ ਮੇਰੀਆਂ ਬਿਧਾਂ ਅਤੇ ਮੇਰਿਆਂ ਨਿਆਵਾਂ ਨੂੰ ਧਿਆਨ ਰੱਖਣਾ। ਜੇ ਕੋਈ ਇਨ੍ਹਾਂ ਨੂੰ ਪੂਰਾ ਕਰੇ ਤਾਂ ਉਹ ਇਨ੍ਹਾਂ ਵਿੱਚ ਜੀਉਂਦਾ ਰਹੇਗਾ। ਮੈਂ ਹੀ ਯਹੋਵਾਹ ਹਾਂ।”—ਲੇਵੀਆਂ 18:5; ਰੋਮੀਆਂ 10:5.

13. ਕੀ ਯਹੋਵਾਹ ਆਪਣੇ ਲੋਕਾਂ ਤੋਂ ਧਰਮੀ ਬਿਵਸਥਾ ਦੀ ਪਾਲਣਾ ਕਰਨ ਦੀ ਆਸ ਰੱਖ ਕੇ ਉਨ੍ਹਾਂ ਨਾਲ ਅਨਿਆਂ ਕਰ ਰਿਹਾ ਸੀ? ਸਮਝਾਓ।

13 ਦੁੱਖ ਦੀ ਗੱਲ ਹੈ ਕਿ ਇਸਰਾਏਲੀ ਇਕ ਕੌਮ ਵਜੋਂ ‘ਏਹਨਾਂ ਸਾਰਿਆਂ ਹੁਕਮਾਂ ਨੂੰ ਯਹੋਵਾਹ ਦੇ ਅੱਗੇ ਮੰਨਣ’ ਤੋਂ ਅਸਫ਼ਲ ਹੋ ਗਏ ਜਿਸ ਕਰਕੇ ਉਨ੍ਹਾਂ ਨੂੰ ਵਾਅਦਾ ਕੀਤੀਆਂ ਹੋਈਆਂ ਬਰਕਤਾਂ ਨਹੀਂ ਮਿਲੀਆਂ। ਉਹ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਸ ਕਰਕੇ ਅਸਫ਼ਲ ਹੋ ਗਏ ਕਿਉਂਕਿ ਪਰਮੇਸ਼ੁਰ ਦੀ ਬਿਵਸਥਾ ਮੁਕੰਮਲ ਸੀ, ਪਰ ਉਹ ਮੁਕੰਮਲ ਨਹੀਂ ਸਨ। ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਅਨਿਆਈ ਅਤੇ ਕੁਧਰਮੀ ਹੈ? ਬਿਲਕੁਲ ਨਹੀਂ। ਪੌਲੁਸ ਨੇ ਲਿਖਿਆ: “ਫੇਰ ਅਸੀਂ ਕੀ ਆਖੀਏ? ਭਲਾ, ਪਰਮੇਸ਼ੁਰ ਕੋਲੋਂ ਕੁਨਿਆਉਂ ਹੁੰਦਾ ਹੈ? ਕਦੇ ਨਹੀਂ!” (ਰੋਮੀਆਂ 9:14) ਅਸਲ ਵਿਚ, ਬਿਵਸਥਾ ਦਿੱਤੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿਚ ਵੀ ਕਈ ਲੋਕ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਗਏ ਸਨ, ਭਾਵੇਂ ਉਹ ਨਾਮੁਕੰਮਲ ਅਤੇ ਪਾਪੀ ਸਨ। ਪਰਮੇਸ਼ੁਰ ਤੋਂ ਡਰਨ ਵਾਲੇ ਇਨਸਾਨਾਂ ਵਿਚ ਨੂਹ, ਅਬਰਾਹਾਮ, ਅੱਯੂਬ, ਰਾਹਾਬ ਅਤੇ ਦਾਨੀਏਲ ਸ਼ਾਮਲ ਸਨ। (ਉਤਪਤ 7:1; 15:6; ਅੱਯੂਬ 1:1; ਹਿਜ਼ਕੀਏਲ 14:14; ਯਾਕੂਬ 2:25) ਤਾਂ ਫਿਰ ਸਵਾਲ ਇਹ ਉੱਠਦਾ ਹੈ: ਕਿਸ ਆਧਾਰ ਤੇ ਇਨ੍ਹਾਂ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣਿਆ ਗਿਆ ਸੀ?

14. ਜਦੋਂ ਬਾਈਬਲ ਵਿਚ ਕਿਸੇ ਵਿਅਕਤੀ ਨੂੰ “ਧਰਮੀ” ਕਿਹਾ ਜਾਂਦਾ ਹੈ, ਤਾਂ ਇਸ ਦਾ ਕੀ ਮਤਲਬ ਹੈ?

14 ਜਦੋਂ ਬਾਈਬਲ ਕਿਸੇ ਵਿਅਕਤੀ ਨੂੰ “ਧਰਮੀ” ਕਹਿੰਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਪਾਪ-ਰਹਿਤ ਹੈ ਜਾਂ ਮੁਕੰਮਲ ਹੈ। ਇਸ ਦੀ ਬਜਾਇ, ਇਸ ਦਾ ਮਤਲਬ ਹੈ ਪਰਮੇਸ਼ੁਰ ਅਤੇ ਇਨਸਾਨਾਂ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਪੂਰਾ ਕਰਨਾ। ਉਦਾਹਰਣ ਲਈ, ਨੂਹ ਨੂੰ “ਧਰਮੀ ਮਨੁੱਖ” ਅਤੇ “ਆਪਣੀ ਪੀੜ੍ਹੀ ਵਿੱਚ ਸੰਪੂਰਣ” ਕਿਹਾ ਗਿਆ ਸੀ ਕਿਉਂਕਿ “ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਤਿਵੇਂ ਉਸ ਨੇ ਕੀਤਾ।” (ਉਤਪਤ 6:9, 22; ਮਲਾਕੀ 3:18) ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਮਾਤਾ-ਪਿਤਾ, ਜ਼ਕਰਯਾਹ ਅਤੇ ਇਲੀਸਬਤ “ਪਰਮੇਸ਼ੁਰ ਦੇ ਅੱਗੇ ਧਰਮੀ ਸਨ ਅਰ ਪ੍ਰਭੁ ਦੇ ਸਾਰੇ ਹੁਕਮਾਂ ਅਤੇ ਬਿਧਾਂ ਤੇ ਨਿਰਦੋਖ ਚੱਲਦੇ ਸਨ।” (ਲੂਕਾ 1:6) ਅਤੇ ਇਕ ਗ਼ੈਰ-ਇਸਰਾਏਲੀ ਇਤਾਲਵੀ ਅਫ਼ਸਰ ਕੁਰਨੇਲਿਯੁਸ ਨੂੰ “ਧਰਮੀ ਪੁਰਖ ਅਤੇ ਪਰਮੇਸ਼ੁਰ ਦਾ ਭੌ ਕਰਨ ਵਾਲਾ” ਕਿਹਾ ਗਿਆ ਸੀ।—ਰਸੂਲਾਂ ਦੇ ਕਰਤੱਬ 10:22.

15. ਧਾਰਮਿਕਤਾ ਦਾ ਕਿਸ ਚੀਜ਼ ਨਾਲ ਡੂੰਘਾ ਸੰਬੰਧ ਹੈ?

15 ਇਸ ਤੋਂ ਇਲਾਵਾ, ਇਨਸਾਨ ਦੀ ਧਾਰਮਿਕਤਾ ਦਾ ਮਤਲਬ ਸਿਰਫ਼ ਯਹੋਵਾਹ ਦੀਆਂ ਮੰਗਾਂ ਪੂਰੀਆਂ ਕਰਨੀਆਂ ਹੀ ਨਹੀਂ ਹੈ, ਸਗੋਂ ਧਾਰਮਿਕਤਾ ਦਾ ਇਸ ਗੱਲ ਨਾਲ ਡੂੰਘਾ ਸੰਬੰਧ ਹੈ ਕਿ ਉਸ ਦੇ ਦਿਲ ਵਿਚ ਕੀ ਹੈ, ਯਾਨੀ ਉਹ ਯਹੋਵਾਹ ਤੇ ਉਸ ਦੇ ਵਾਅਦਿਆਂ ਵਿਚ ਕਿੰਨੀ ਨਿਹਚਾ ਕਰਦਾ ਹੈ ਤੇ ਇਨ੍ਹਾਂ ਦੀ ਕਿੰਨੀ ਕਦਰ ਕਰਦਾ ਹੈ ਤੇ ਯਹੋਵਾਹ ਨਾਲ ਕਿੰਨਾ ਪਿਆਰ ਕਰਦਾ ਹੈ। ਬਾਈਬਲ ਦੱਸਦੀ ਹੈ ਕਿ ਅਬਰਾਹਾਮ ਨੇ “ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ।” (ਉਤਪਤ 15:6) ਅਬਰਾਹਾਮ ਨੂੰ ਸਿਰਫ਼ ਪਰਮੇਸ਼ੁਰ ਦੀ ਹੋਂਦ ਵਿਚ ਹੀ ਨਿਹਚਾ ਨਹੀਂ ਸੀ, ਸਗੋਂ “ਸੰਤਾਨ” ਸੰਬੰਧੀ ਉਸ ਦੇ ਵਾਅਦੇ ਵਿਚ ਵੀ ਨਿਹਚਾ ਸੀ। (ਉਤਪਤ 3:15; 12:2; 15:5; 22:18) ਅਜਿਹੀ ਨਿਹਚਾ ਅਤੇ ਇਸ ਦੇ ਮੁਤਾਬਕ ਕੰਮ ਕਰਨ ਕਰਕੇ, ਅਬਰਾਹਾਮ ਤੇ ਦੂਸਰੇ ਵਫ਼ਾਦਾਰ ਲੋਕਾਂ ਦਾ ਯਹੋਵਾਹ ਨਾਲ ਚੰਗਾ ਰਿਸ਼ਤਾ ਕਾਇਮ ਹੋ ਸਕਿਆ ਤੇ ਯਹੋਵਾਹ ਨੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ, ਭਾਵੇਂ ਕਿ ਉਹ ਨਾਮੁਕੰਮਲ ਸਨ।—ਜ਼ਬੂਰ 36:10; ਰੋਮੀਆਂ 4:20-22.

16. ਰਿਹਾਈ-ਕੀਮਤ ਵਿਚ ਨਿਹਚਾ ਰੱਖਣ ਦਾ ਕੀ ਨਤੀਜਾ ਨਿਕਲਿਆ ਹੈ?

16 ਅਖ਼ੀਰ, ਇਨਸਾਨਾਂ ਨੂੰ ਯਿਸੂ ਮਸੀਹ ਦੇ ਰਿਹਾਈ-ਕੀਮਤ ਬਲੀਦਾਨ ਵਿਚ ਨਿਹਚਾ ਕਰਨ ਕਰਕੇ ਧਰਮੀ ਗਿਣਿਆ ਜਾਵੇਗਾ। ਪਹਿਲੀ ਸਦੀ ਦੇ ਮਸੀਹੀਆਂ ਬਾਰੇ ਪੌਲੁਸ ਨੇ ਲਿਖਿਆ: “ਉਹ ਦੀ ਕਿਰਪਾ ਨਾਲ ਉਸ ਨਿਸਤਾਰੇ ਦੇ ਕਾਰਨ ਜੋ ਮਸੀਹ ਯਿਸੂ ਤੋਂ ਹੁੰਦਾ ਹੈ ਓਹ ਮੁਖ਼ਤ ਧਰਮੀ ਗਿਣੇ ਜਾਂਦੇ ਹਨ।” (ਰੋਮੀਆਂ 3:24) ਪੌਲੁਸ ਉਨ੍ਹਾਂ ਮਸੀਹੀਆਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੂੰ ਸਵਰਗੀ ਰਾਜ ਵਿਚ ਮਸੀਹ ਦੇ ਸਾਥੀ ਵਾਰਸ ਬਣਨ ਲਈ ਚੁਣਿਆ ਗਿਆ ਸੀ। ਪਰ ਯਿਸੂ ਦੇ ਰਿਹਾਈ-ਕੀਮਤ ਬਲੀਦਾਨ ਕਰਕੇ ਹੋਰ ਲੱਖਾਂ ਲੋਕਾਂ ਨੂੰ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾਣ ਦਾ ਮੌਕਾ ਮਿਲਿਆ। ਯੂਹੰਨਾ ਰਸੂਲ ਨੇ ਦਰਸ਼ਣ ਵਿਚ “ਇੱਕ ਵੱਡੀ ਭੀੜ . . . ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ ਚਿੱਟੇ ਬਸਤਰ ਪਹਿਨੇ . . . ਸਿੰਘਾਸਣ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਖੜੀ” ਦੇਖੀ। ਚਿੱਟੇ ਕੱਪੜੇ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੁੱਧ ਅਤੇ ਧਰਮੀ ਹਨ ਕਿਉਂਕਿ “ਓਹਨਾਂ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ।”—ਪਰਕਾਸ਼ ਦੀ ਪੋਥੀ 7:9, 14.

ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਓ

17. ਧਾਰਮਿਕਤਾ ਉੱਤੇ ਚੱਲਣ ਲਈ ਕਿਹੜੇ ਕਦਮ ਚੁੱਕਣ ਦੀ ਲੋੜ ਹੈ?

17 ਯਹੋਵਾਹ ਨੇ ਪਿਆਰ ਦਿਖਾਉਂਦੇ ਹੋਏ ਆਪਣੇ ਪੁੱਤਰ ਯਿਸੂ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਇਨਸਾਨ ਉਸ ਦੀਆਂ ਨਜ਼ਰਾਂ ਵਿਚ ਧਰਮੀ ਗਿਣੇ ਜਾ ਸਕਣ, ਪਰ ਇਸ ਕੁਰਬਾਨੀ ਦੇ ਫ਼ਾਇਦੇ ਸਾਨੂੰ ਆਪਣੇ ਆਪ ਹੀ ਨਹੀਂ ਮਿਲਦੇ। ਹਰ ਵਿਅਕਤੀ ਨੂੰ ਇਸ ਰਿਹਾਈ-ਕੀਮਤ ਵਿਚ ਨਿਹਚਾ ਕਰਨ, ਪਰਮੇਸ਼ੁਰ ਦੀ ਇੱਛਾ ਅਨੁਸਾਰ ਜ਼ਿੰਦਗੀ ਜੀਉਣ, ਯਹੋਵਾਹ ਨੂੰ ਆਪਣਾ ਸਮਰਪਣ ਕਰਨ ਅਤੇ ਇਸ ਦੇ ਪ੍ਰਤੀਕ ਵਜੋਂ ਪਾਣੀ ਦਾ ਬਪਤਿਸਮਾ ਲੈਣ ਦੀ ਲੋੜ ਹੈ। ਇਸ ਤੋਂ ਬਾਅਦ ਉਸ ਨੂੰ ਧਾਰਮਿਕਤਾ ਉੱਤੇ ਚੱਲਦੇ ਰਹਿਣਾ ਹੈ ਅਤੇ ਦੂਸਰੇ ਅਧਿਆਤਮਿਕ ਗੁਣਾਂ ਨੂੰ ਵੀ ਆਪਣੇ ਵਿਚ ਪੈਦਾ ਕਰਨਾ ਹੈ। ਸਵਰਗੀ ਜ਼ਿੰਦਗੀ ਦੀ ਆਸ਼ਾ ਰੱਖਣ ਵਾਲੇ ਬਪਤਿਸਮਾ-ਪ੍ਰਾਪਤ ਮਸੀਹੀ, ਤਿਮੋਥਿਉਸ ਨੂੰ ਪੌਲੁਸ ਨੇ ਇਹ ਨਸੀਹਤ ਦਿੱਤੀ: “ਧਰਮ, ਭਗਤੀ, ਨਿਹਚਾ, ਪ੍ਰੇਮ, ਧੀਰਜ, ਨਰਮਾਈ ਦੇ ਮਗਰ ਲੱਗਾ ਰਹੁ।” (1 ਤਿਮੋਥਿਉਸ 6:11; 2 ਤਿਮੋਥਿਉਸ 2:22) ਯਿਸੂ ਨੇ ਵੀ ਲਗਾਤਾਰ ਜਤਨ ਕਰਦੇ ਰਹਿਣ ਦੀ ਲੋੜ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਸੀ: “ਤੁਸੀਂ ਪਹਿਲਾਂ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਭਾਲ ਕਰਦੇ ਰਹੋ।” ਅਸੀਂ ਸ਼ਾਇਦ ਪਰਮੇਸ਼ੁਰ ਦੇ ਰਾਜ ਦੀਆਂ ਬਰਕਤਾਂ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ ਕਰਦੇ ਹੋਈਏ, ਪਰ ਕੀ ਅਸੀਂ ਯਹੋਵਾਹ ਦੇ ਧਰਮੀ ਰਾਹਾਂ ਉੱਤੇ ਚੱਲਣ ਦੀ ਵੀ ਉੱਨੀ ਹੀ ਸਖ਼ਤ ਮਿਹਨਤ ਕਰਦੇ ਹਾਂ?—ਮੱਤੀ 6:33, ਨਿ ਵ.

18. (ੳ) ਧਾਰਮਿਕਤਾ ਉੱਤੇ ਚੱਲਣਾ ਕਿਉਂ ਆਸਾਨ ਨਹੀਂ ਹੈ? (ਅ) ਲੂਤ ਦੀ ਉਦਾਹਰਣ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

18 ਪਰ ਧਾਰਮਿਕਤਾ ਉੱਤੇ ਚੱਲਣਾ ਆਸਾਨ ਨਹੀਂ ਹੈ ਕਿਉਂਕਿ ਅਸੀਂ ਸਾਰੇ ਨਾਮੁਕੰਮਲ ਹਾਂ ਅਤੇ ਕੁਧਰਮੀ ਕੰਮ ਕਰਨੇ ਸਾਡਾ ਕੁਦਰਤੀ ਸੁਭਾਅ ਹੈ। (ਯਸਾਯਾਹ 64:6) ਇਸ ਤੋਂ ਇਲਾਵਾ, ਅਸੀਂ ਅਜਿਹੇ ਲੋਕਾਂ ਵਿਚ ਰਹਿੰਦੇ ਹਾਂ ਜਿਹੜੇ ਯਹੋਵਾਹ ਦੇ ਧਰਮੀ ਰਾਹਾਂ ਦੀ ਬਿਲਕੁਲ ਪਰਵਾਹ ਨਹੀਂ ਕਰਦੇ। ਸਾਡੇ ਹਾਲਾਤ ਲੂਤ ਦੇ ਹਾਲਾਤਾਂ ਨਾਲ ਬਿਲਕੁਲ ਮਿਲਦੇ-ਜੁਲਦੇ ਹਨ ਜਿਹੜਾ ਸਦੂਮ ਨਾਂ ਦੇ ਬਦਨਾਮ ਸ਼ਹਿਰ ਵਿਚ ਰਹਿੰਦਾ ਸੀ। ਪਤਰਸ ਰਸੂਲ ਨੇ ਸਮਝਾਇਆ ਕਿ ਕਿਉਂ ਯਹੋਵਾਹ ਨੇ ਆਉਣ ਵਾਲੇ ਨਾਸ਼ ਤੋਂ ਲੂਤ ਨੂੰ ਬਚਾਉਣਾ ਠੀਕ ਸਮਝਿਆ ਸੀ। ਪਤਰਸ ਨੇ ਦੱਸਿਆ: “ਉਹ ਧਰਮੀ ਪੁਰਖ ਉਨ੍ਹਾਂ ਵਿੱਚ ਵਸਦਿਆਂ ਵੇਖ ਸੁਣ ਕੇ ਦਿਨੋ ਦਿਨ ਆਪਣੀ ਧਰਮੀ ਜਾਨ ਨੂੰ ਉਨ੍ਹਾਂ ਦਿਆਂ ਭੈੜਿਆਂ ਕਰਮਾਂ ਤੋਂ ਦੁਖੀ ਕਰਦਾ ਸੀ।” (2 ਪਤਰਸ 2:7, 8) ਇਸ ਲਈ ਸਾਨੂੰ ਸਾਰਿਆਂ ਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ: ‘ਕੀ ਮੈਂ ਆਪਣੇ ਦਿਲ ਵਿਚ ਉਨ੍ਹਾਂ ਅਨੈਤਿਕ ਕੰਮਾਂ ਦੀ ਹਾਮੀ ਭਰਦਾ ਹੈ ਜਿਹੜੇ ਦੁਨੀਆਂ ਵਿਚ ਹੋ ਰਹੇ ਹਨ? ਕੀ ਮੈਂ ਹਰਮਨ-ਪਿਆਰੇ ਪਰ ਹਿੰਸਕ ਮਨੋਰੰਜਨ ਜਾਂ ਖੇਡਾਂ ਨੂੰ ਸਿਰਫ਼ ਘਟੀਆ ਹੀ ਸਮਝਦਾ ਹਾਂ? ਜਾਂ ਕੀ ਮੈਂ ਲੂਤ ਵਾਂਗ ਅਜਿਹੇ ਕੁਧਰਮੀ ਕੰਮਾਂ ਕਰਕੇ ਦੁਖੀ ਹੁੰਦਾ ਹਾਂ?’

19. ਜੇ ਅਸੀਂ ਪਰਮੇਸ਼ੁਰ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਉਂਦੇ ਹਾਂ, ਤਾਂ ਸਾਨੂੰ ਕਿਹੜੀਆਂ ਬਰਕਤਾਂ ਮਿਲਣਗੀਆਂ?

19 ਇਨ੍ਹਾਂ ਖ਼ਤਰਨਾਕ ਤੇ ਡਾਵਾਂ-ਡੋਲ ਹਾਲਾਤਾਂ ਵਿਚ, ਯਹੋਵਾਹ ਦੀ ਧਾਰਮਿਕਤਾ ਵਿਚ ਖ਼ੁਸ਼ੀ ਮਨਾਉਣੀ ਸਾਡੇ ਲਈ ਸਭ ਤੋਂ ਵੱਡੀ ਸੁਰੱਖਿਆ ਹੈ। ਰਾਜਾ ਦਾਊਦ ਨੇ ਇਹ ਸਵਾਲ ਪੁੱਛਿਆ ਕਿ “ਹੇ ਯਹੋਵਾਹ, ਤੇਰੇ ਡੇਹਰੇ ਵਿੱਚ ਕੌਣ ਟਿਕੇਗਾ? ਤੇਰੇ ਪਵਿੱਤਰ ਪਹਾੜ ਉੱਤੇ ਕੌਣ ਵੱਸੇਗਾ?” ਉਸ ਨੇ ਹੀ ਇਸ ਦਾ ਜਵਾਬ ਦਿੱਤਾ: ‘ਉਹੋ ਜਿਹੜਾ ਸਿੱਧੀ ਚਾਲ ਚੱਲਦਾ ਅਤੇ ਨੇਕੀ [“ਧਾਰਮਿਕਤਾ,” ਨਿ ਵ] ਕਰਦਾ ਹੈ।’ (ਜ਼ਬੂਰ 15:1, 2) ਪਰਮੇਸ਼ੁਰ ਦੀ ਧਾਰਮਿਕਤਾ ਉੱਤੇ ਚੱਲਣ ਅਤੇ ਇਸ ਵਿਚ ਖ਼ੁਸ਼ੀ ਮਨਾਉਣ ਨਾਲ ਅਸੀਂ ਉਸ ਨਾਲ ਇਕ ਚੰਗਾ ਰਿਸ਼ਤਾ ਕਾਇਮ ਰੱਖ ਸਕਾਂਗੇ ਅਤੇ ਉਸ ਦੀ ਮਿਹਰ ਅਤੇ ਬਰਕਤਾਂ ਦਾ ਆਨੰਦ ਮਾਣਦੇ ਰਹਾਂਗੇ। ਇਸ ਤਰ੍ਹਾਂ ਅਸੀਂ ਜ਼ਿੰਦਗੀ ਵਿਚ ਸੰਤੁਸ਼ਟ ਹੋਵਾਂਗੇ, ਸਾਨੂੰ ਆਪਣੇ ਤੇ ਮਾਣ ਹੋਵੇਗਾ ਅਤੇ ਅਸੀਂ ਮਨ ਦੀ ਸ਼ਾਂਤੀ ਪ੍ਰਾਪਤ ਕਰਾਂਗੇ। ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਜਿਹੜਾ ਧਰਮ ਅਤੇ ਦਯਾ ਦਾ ਪਿੱਛਾ ਕਰਦਾ ਹੈ, ਉਹ ਜੀਉਣ, ਧਰਮ ਅਤੇ ਆਦਰ ਪਾਉਂਦਾ ਹੈ।” (ਕਹਾਉਤਾਂ 21:21) ਇਸ ਤੋਂ ਇਲਾਵਾ, ਸਹੀ ਕੰਮ ਕਰਨ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨ ਨਾਲ ਦੂਜਿਆਂ ਨਾਲ ਸਾਡਾ ਰਿਸ਼ਤਾ ਚੰਗਾ ਹੋਵੇਗਾ ਅਤੇ ਅਸੀਂ ਨੈਤਿਕ ਅਤੇ ਅਧਿਆਤਮਿਕ ਤੌਰ ਤੇ ਸਾਫ਼-ਸੁਥਰੀ ਜ਼ਿੰਦਗੀ ਜੀਵਾਂਗੇ। ਜ਼ਬੂਰਾਂ ਦੇ ਲਿਖਾਰੀ ਨੇ ਇਹ ਐਲਾਨ ਕੀਤਾ: “ਧੰਨ ਓਹ ਜਿਹੜੇ ਨਿਆਉਂ ਦੀ ਪਾਲਨਾ ਕਰਦੇ ਹਨ, ਅਤੇ ਉਹ ਜਿਹੜਾ ਹਰ ਵੇਲੇ ਧਰਮ ਕਮਾਉਂਦਾ ਹੈ!”—ਜ਼ਬੂਰ 106:3.

[ਫੁਟਨੋਟ]

^ ਪੈਰਾ 9 ਮੂਸਾ ਦੀ ਬਿਵਸਥਾ ਵਿਚ ਦਿੱਤੇ ਨਿਯਮਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਕਿਤਾਬ ਸ਼ਾਸਤਰ ਉੱਤੇ ਅੰਤਰਦ੍ਰਿਸ਼ਟੀ (ਅੰਗ੍ਰੇਜ਼ੀ), ਅੰਕ 2, ਸਫ਼ੇ 214-20 ਉੱਤੇ ਲੇਖ “ਬਿਵਸਥਾ ਨੇਮ ਦੀਆਂ ਕੁਝ ਵਿਸ਼ੇਸ਼ਤਾਵਾਂ” ਦੇਖੋ।

ਕੀ ਤੁਸੀਂ ਸਮਝਾ ਸਕਦੇ ਹੋ?

• ਧਾਰਮਿਕਤਾ ਕੀ ਹੈ?

• ਮੁਕਤੀ ਦਾ ਪਰਮੇਸ਼ੁਰ ਦੀ ਧਾਰਮਿਕਤਾ ਨਾਲ ਕੀ ਸੰਬੰਧ ਹੈ?

• ਕਿਸ ਆਧਾਰ ਤੇ ਪਰਮੇਸ਼ੁਰ ਇਨਸਾਨਾਂ ਨੂੰ ਧਰਮੀ ਕਹਿੰਦਾ ਹੈ?

• ਅਸੀਂ ਯਹੋਵਾਹ ਦੀ ਧਾਰਮਿਕਤਾ ਵਿਚ ਕਿਵੇਂ ਖ਼ੁਸ਼ੀ ਮਨਾ ਸਕਦੇ ਹਾਂ?

[ਸਵਾਲ]

[ਸਫ਼ੇ 15 ਉੱਤੇ ਤਸਵੀਰਾਂ]

ਰਾਜਾ ਦਾਊਦ ਨੇ ਪਰਮੇਸ਼ੁਰ ਦੇ ਨਿਯਮਾਂ ਪ੍ਰਤੀ ਦਿਲੋਂ ਪਿਆਰ ਦਿਖਾਇਆ

[ਸਫ਼ੇ 16 ਉੱਤੇ ਤਸਵੀਰਾਂ]

ਨੂਹ, ਅਬਰਾਹਾਮ, ਜ਼ਕਰਯਾਹ, ਇਲੀਸਬਤ ਅਤੇ ਕੁਰਨੇਲਿਯੁਸ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ  ਗਿਣੇ ਗਏ। ਕੀ ਤੁਸੀਂ ਇਸ ਦਾ ਕਾਰਨ ਜਾਣਦੇ ਹੋ?