Skip to content

Skip to table of contents

ਸੈਪਟੁਜਿੰਟ ਵਿਚ ਪਰਮੇਸ਼ੁਰ ਦਾ ਨਾਂ

ਸੈਪਟੁਜਿੰਟ ਵਿਚ ਪਰਮੇਸ਼ੁਰ ਦਾ ਨਾਂ

ਸੈਪਟੁਜਿੰਟ ਵਿਚ ਪਰਮੇਸ਼ੁਰ ਦਾ ਨਾਂ

ਪਰਮੇਸ਼ੁਰ ਦੇ ਨਾਂ ਯਹੋਵਾਹ ਨੂੰ ਇਕ ਚੌ-ਵਰਣੀ ਸ਼ਬਦ (Tetragrammaton) ਯਾਨੀ ਚਾਰ ਇਬਰਾਨੀ ਅੱਖਰਾਂ יהוה (ਯ ਹ ਵ ਹ) ਦੁਆਰਾ ਦਰਸਾਇਆ ਜਾਂਦਾ ਹੈ। ਕਾਫ਼ੀ ਲੰਬੇ ਸਮੇਂ ਤੋਂ ਇਹ ਮੰਨਿਆ ਜਾਂਦਾ ਸੀ ਕਿ ਸੈਪਟੁਜਿੰਟ ਵਿਚ ਇਹ ਚੌ-ਵਰਣੀ ਸ਼ਬਦ ਨਹੀਂ ਵਰਤਿਆ ਗਿਆ ਸੀ। ਇਸ ਲਈ ਇਹ ਦਲੀਲ ਦਿੱਤੀ ਜਾਂਦੀ ਸੀ ਕਿ ਜਦੋਂ ਮਸੀਹੀ ਯੂਨਾਨੀ ਸ਼ਾਸਤਰ ਨੂੰ ਲਿਖਣ ਵਾਲੇ ਲੇਖਕ ਇਬਰਾਨੀ ਸ਼ਾਸਤਰ ਦਾ ਹਵਾਲਾ ਦਿੰਦੇ ਸਨ, ਤਾਂ ਉਹ ਆਪਣੀਆਂ ਕਿਤਾਬਾਂ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਨਹੀਂ ਕਰਦੇ ਸਨ।

ਤਕਰੀਬਨ ਸੌ ਸਾਲਾਂ ਤੋਂ ਇਸ ਸੰਬੰਧੀ ਕੀਤੀਆਂ ਗਈਆਂ ਖੋਜਾਂ ਤੋਂ ਇਹ ਜ਼ਾਹਰ ਹੋਇਆ ਹੈ ਕਿ ਸੈਪਟੁਜਿੰਟ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਕੀਤਾ ਗਿਆ ਸੀ। ਇਕ ਸੋਮੇ ਦਾ ਕਹਿਣਾ ਹੈ: “ਯੂਨਾਨੀ ਰਾਜ ਵਿਚ ਰਹਿ ਰਹੇ ਯਹੂਦੀਆਂ ਦੀ ਪਰਮੇਸ਼ੁਰ ਦੇ ਪਵਿੱਤਰ ਨਾਂ ਨੂੰ ਬਚਾਈ ਰੱਖਣ ਦੀ ਇੱਛਾ ਇੰਨੀ ਡੂੰਘੀ ਸੀ ਕਿ ਇਬਰਾਨੀ ਬਾਈਬਲ ਨੂੰ ਯੂਨਾਨੀ ਵਿਚ ਅਨੁਵਾਦ ਕਰਨ ਵੇਲੇ ਉਨ੍ਹਾਂ ਨੇ ਯੂਨਾਨੀ ਲਿਖਤਾਂ ਵਿਚ ਇਬਰਾਨੀ ਚੌ-ਵਰਣੀ ਸ਼ਬਦ ਨੂੰ ਹੂ-ਬਹੂ ਕਾਪੀ ਕੀਤਾ ਸੀ।”

ਖੱਬੇ ਪਾਸੇ ਦਿਖਾਇਆ ਗਿਆ ਪਪਾਇਰਸ ਦਾ ਟੁਕੜਾ ਇਸ ਦੀ ਇਕ ਉਦਾਹਰਣ ਹੈ। (ਅਜਿਹੇ ਕਈ ਟੁਕੜੇ ਅਜੇ ਤਕ ਹੋਂਦ ਵਿਚ ਹਨ।) ਇਹ ਟੁਕੜਾ ਔਕਸੀਰਿੰਕਸ, ਮਿਸਰ ਵਿੱਚੋਂ ਲੱਭਿਆ ਸੀ ਜਿਸ ਨੂੰ 3522 ਨੰਬਰ ਦਿੱਤਾ ਗਿਆ ਅਤੇ ਇਹ ਟੁਕੜਾ ਪਹਿਲੀ ਸਦੀ ਸਾ.ਯੁ. ਦਾ ਹੈ। * ਇਸ ਦੀ ਲੰਬਾਈ 2.5 ਇੰਚ ਅਤੇ ਚੌੜਾਈ 4 ਇੰਚ ਹੈ ਅਤੇ ਇਸ ਵਿਚ ਅੱਯੂਬ 42:11, 12 ਦੀਆਂ ਆਇਤਾਂ ਦਰਜ ਹਨ। ਚੌ-ਵਰਣੀ ਸ਼ਬਦ, ਜਿਸ ਦੁਆਲੇ ਗੋਲਾ ਬਣਾਇਆ ਗਿਆ ਹੈ, ਪੁਰਾਣੇ ਇਬਰਾਨੀ ਅੱਖਰਾਂ ਵਿਚ ਹੀ ਕਾਪੀ ਕੀਤਾ ਗਿਆ ਹੈ। *

ਤਾਂ ਫਿਰ, ਕੀ ਮਸੀਹੀ ਯੂਨਾਨੀ ਸ਼ਾਸਤਰ ਦੀਆਂ ਪਹਿਲੀਆਂ ਕਾਪੀਆਂ ਵਿਚ ਪਰਮੇਸ਼ੁਰ ਦਾ ਨਾਂ ਇਸਤੇਮਾਲ ਕੀਤਾ ਗਿਆ ਸੀ? ਵਿਦਵਾਨ ਜਾਰਜ ਹਾਵਰਡ ਕਹਿੰਦਾ ਹੈ: “ਕਿਉਂਕਿ ਚੌ-ਵਰਣੀ ਸ਼ਬਦ ਯੂਨਾਨੀ ਬਾਈਬਲ [ਸੈਪਟੁਜਿੰਟ], ਜੋ ਕਿ ਮੁਢਲੇ ਚਰਚ ਦੀ ਬਾਈਬਲ ਸੀ, ਵਿਚ ਇਸਤੇਮਾਲ ਕੀਤਾ ਗਿਆ ਸੀ, ਇਸ ਲਈ ਇਹ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਨਵੇਂ ਨੇਮ ਦੇ ਲੇਖਕਾਂ ਨੇ ਇਬਰਾਨੀ ਸ਼ਾਸਤਰ ਦਾ ਹਵਾਲਾ ਦਿੰਦੇ ਸਮੇਂ ਬਾਈਬਲ ਵਿਚ ਇਸ ਚੌ-ਵਰਣੀ ਸ਼ਬਦ ਨੂੰ ਵਰਤਿਆ ਸੀ।” ਇਸ ਤਰ੍ਹਾਂ ਲੱਗਦਾ ਹੈ ਕਿ ਕੁਝ ਸਮੇਂ ਬਾਅਦ ਹੀ ਨਕਲਨਵੀਸਾਂ ਨੇ ਪਰਮੇਸ਼ੁਰ ਦੇ ਨਾਂ ਦੀ ਜਗ੍ਹਾ ਕਿਰਿਓਸ (ਪ੍ਰਭੂ) ਜਾਂ ਥੀਓਸ (ਪਰਮੇਸ਼ੁਰ) ਵਰਗੇ ਸ਼ਬਦ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਸਨ।

[ਫੁਟਨੋਟ]

^ ਪੈਰਾ 4 ਔਕਸੀਰਿੰਕਸ ਵਿਚ ਮਿਲੇ ਪਪਾਇਰਸ ਦੇ ਟੁਕੜਿਆਂ ਬਾਰੇ ਹੋਰ ਜਾਣਕਾਰੀ ਲੈਣ ਲਈ ਪਹਿਰਾਬੁਰਜ, 15 ਫਰਵਰੀ 1992 (ਅੰਗ੍ਰੇਜ਼ੀ), ਸਫ਼ੇ 26-8 ਦੇਖੋ।

^ ਪੈਰਾ 4 ਪੁਰਾਣੇ ਯੂਨਾਨੀ ਅਨੁਵਾਦਾਂ ਵਿਚ ਪਰਮੇਸ਼ੁਰ ਦੇ ਨਾਂ ਦੀਆਂ ਹੋਰ ਉਦਾਹਰਣਾਂ ਦੇਖਣ ਲਈ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ—ਵਿਦ ਰੈਫ਼ਰੈਂਸਿਸ ਵਿਚ ਅਪੈਂਡਿਕਸ 1C ਦੇਖੋ।

[ਸਫ਼ੇ 30 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

Courtesy of the Egypt Exploration Society