Skip to content

Skip to table of contents

ਇਨਸਾਨਾਂ ਦੀਆਂ ਮੁਸੀਬਤਾਂ ਜਲਦੀ ਹੀ ਖ਼ਤਮ ਹੋਣ ਵਾਲੀਆਂ ਹਨ!

ਇਨਸਾਨਾਂ ਦੀਆਂ ਮੁਸੀਬਤਾਂ ਜਲਦੀ ਹੀ ਖ਼ਤਮ ਹੋਣ ਵਾਲੀਆਂ ਹਨ!

ਇਨਸਾਨਾਂ ਦੀਆਂ ਮੁਸੀਬਤਾਂ ਜਲਦੀ ਹੀ ਖ਼ਤਮ ਹੋਣ ਵਾਲੀਆਂ ਹਨ!

“ਲੋਕ-ਸੇਵਾ ਦਾ ਘੱਟ ਹੀ ਫ਼ਾਇਦਾ ਹੁੰਦਾ ਜੇ ਉਹ ਕਿਸੇ ਵੱਡੇ ਪਲਾਨ ਅਤੇ ਸਰਕਾਰੀ ਪ੍ਰਬੰਧ ਦਾ ਹਿੱਸਾ ਨਾ ਹੋਵੇ। ਇਨ੍ਹਾਂ ਜਤਨਾਂ ਵਿਚ ਲੜਾਈਆਂ-ਝਗੜਿਆਂ ਦੀਆਂ ਜੜ੍ਹਾਂ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਤਿਹਾਸ ਦੌਰਾਨ ਇਹ ਚੀਜ਼ ਵਾਰ-ਵਾਰ ਦੇਖੀ ਗਈ ਹੈ ਕਿ ਸਿਰਫ਼ ਐਸੀ ਲੋਕ-ਸੇਵਾ ਦੁਆਰਾ ਹੀ ਉਨ੍ਹਾਂ ਮੁਸ਼ਕਲਾਂ ਦਾ ਹੱਲ ਨਹੀਂ ਹੋ ਸਕਦਾ ਜੋ ਅਸਲ ਵਿਚ ਸਿਆਸੀ ਹੁੰਦੀਆਂ ਹਨ।”—ਸੰਸਾਰ ਦੇ ਰਫਿਊਜੀਆਂ ਦੀ ਹਾਲਤ 2000 (ਅੰਗ੍ਰੇਜ਼ੀ)।

ਵੱਡੇ ਤੋਂ ਵੱਡੇ ਪੈਮਾਨੇ ਤੇ ਕੀਤੀ ਗਈ ਲੋਕ-ਸੇਵਾ ਦੇ ਬਾਵਜੂਦ, ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਜਾ ਰਹੀਆਂ ਹਨ। ਕਿਸੇ ਸਥਿਰ ਸਿਆਸੀ ਹੱਲ ਦੀ ਅਸੀਂ ਬਹੁਤ ਘੱਟ ਹੀ ਆਸ ਰੱਖ ਸਕਦੇ ਹਾਂ। ਜੇ ਇਨਸਾਨ ਤੋਂ ਨਹੀਂ, ਤਾਂ ਅਸੀਂ ਹੋਰ ਕਿੱਧਰੋਂ ਆਸ ਰੱਖ ਸਕਦੇ ਹਾਂ? ਇਹ ਗੱਲ ਸਾਡੇ ਧਿਆਨਯੋਗ ਹੈ ਜੋ ਪੌਲੁਸ ਰਸੂਲ ਨੇ ਅਫ਼ਸੁਸ ਸ਼ਹਿਰ ਵਿਚ ਰਹਿੰਦੇ ਮਸੀਹੀਆਂ ਨੂੰ ਆਪਣੀ ਪੱਤਰੀ ਦੇ ਸ਼ੁਰੂ-ਸ਼ੁਰੂ ਵਿਚ ਲਿਖੀ ਸੀ। ਉੱਥੇ ਉਸ ਨੇ ਦੱਸਿਆ ਹੈ ਕਿ ਪਰਮੇਸ਼ੁਰ ਇਨਸਾਨ ਦੀਆਂ ਮੁਸ਼ਕਲਾਂ ਕਿੱਦਾਂ ਹੱਲ ਕਰੇਗਾ। ਉਹ ਇਹ ਵੀ ਸਮਝਾਉਂਦਾ ਹੈ ਕਿ ਪਰਮੇਸ਼ੁਰ ਇਹ ਕੰਮ ਪੂਰਾ ਕਰਨ ਲਈ ਕਿਹੜੀ ਜੁਗਤ ਜਾਂ ਪ੍ਰਬੰਧ ਵਰਤੇਗਾ। ਇਹ ਪ੍ਰਬੰਧ ਉਨ੍ਹਾਂ ਸਮੱਸਿਆਵਾਂ ਦੀਆਂ ਜੜ੍ਹਾਂ ਪੁੱਟ ਦੇਵੇਗਾ ਜੋ ਇਨਸਾਨ ਨੂੰ ਦੁਖੀ ਕਰਦੀਆਂ ਹਨ। ਕਿਉਂ ਨਾ ਆਪਾਂ ਉਸ ਉੱਤੇ ਗੌਰ ਕਰੀਏ ਜੋ ਪੌਲੁਸ ਨੇ ਕਿਹਾ ਸੀ। ਇਹ ਗੱਲ ਅਫ਼ਸੀਆਂ 1:3-10 ਤੇ ਦੱਸੀ ਗਈ ਹੈ।

‘ਸਭਨਾਂ ਨੂੰ ਮਸੀਹ ਵਿੱਚ ਦੁਬਾਰਾ ਇਕੱਠਾ ਕਰਨਾ’

ਪੌਲੁਸ ਰਸੂਲ ਨੇ ਕਿਹਾ ਕਿ ਪਰਮੇਸ਼ੁਰ ਦੇ ਇਰਾਦੇ ਅਨੁਸਾਰ “ਸਮਿਆਂ ਦੀ ਪੂਰਨਤਾਈ ਦੀ ਜੁਗਤ,” ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦਾ ਕੀ ਅਰਥ ਹੈ? ਇਸ ਦਾ ਅਰਥ ਹੈ ਕਿ ਪਰਮੇਸ਼ੁਰ ਨੇ ਇਕ ਐਸਾ ਸਮਾਂ ਠਹਿਰਾਇਆ ਹੈ ਜਦੋਂ ਉਹ ‘ਸਭਨਾਂ ਨੂੰ ਜੋ ਸੁਰਗ ਵਿੱਚ ਅਤੇ ਜੋ ਧਰਤੀ ਉੱਤੇ ਹਨ ਮਸੀਹ ਵਿੱਚ ਦੁਬਾਰਾ ਇਕੱਠਾ ਕਰੇਗਾ।’ (ਅਫ਼ਸੀਆਂ 1:10) ਜੀ ਹਾਂ, ਪਰਮੇਸ਼ੁਰ ਨੇ ਇਕ ਪ੍ਰਬੰਧ ਸ਼ੁਰੂ ਕੀਤਾ ਹੈ ਤਾਂਕਿ ਸਵਰਗ ਵਿਚ ਅਤੇ ਧਰਤੀ ਉੱਤੇ ਮੁੜ ਕੇ ਸਭ ਕੁਝ ਉਸ ਦੇ ਹੀ ਇਖ਼ਤਿਆਰ ਹੇਠ ਲਿਆਇਆ ਜਾਵੇ। ਦਿਲਚਸਪੀ ਦੀ ਗੱਲ ਹੈ ਕਿ ‘ਦੁਬਾਰਾ ਇਕੱਠਾ ਕਰੇਗਾ’ ਸ਼ਬਦਾਂ ਬਾਰੇ ਬਾਈਬਲ ਵਿਦਵਾਨ ਜੇ. ਐਚ. ਥੇਅਰ ਨੇ ਕਿਹਾ ਕਿ ‘ਉਹ ਆਪਣੇ ਆਪ ਲਈ ਸਭ ਚੀਜ਼ਾਂ ਅਤੇ ਵਿਅਕਤੀ (ਜੋ ਹੁਣ ਤਕ ਪਾਪ ਕਰਕੇ ਅਸੰਗਤ ਹਨ) ਮਸੀਹ ਵਿਚ ਦੁਬਾਰਾ ਏਕਤਾ ਵਿਚ ਲਿਆਵੇਗਾ।’

ਇਸ ਤੋਂ ਜ਼ਾਹਰ ਹੁੰਦਾ ਹੈ ਕਿ ਮੁੱਢੋਂ ਹੀ ਏਕਤਾ ਵਿਚ ਫੁੱਟ ਪਈ ਸੀ, ਇਸੇ ਲਈ ਪਰਮੇਸ਼ੁਰ ਨੂੰ ਇਹ ਪ੍ਰਬੰਧ ਕਰਨਾ ਪਿਆ ਸੀ। ਮਨੁੱਖ ਦੇ ਇਤਿਹਾਸ ਦੇ ਸ਼ੁਰੂ ਵਿਚ ਹੀ ਸਾਡੇ ਮਾਪਿਆਂ ਨੇ, ਯਾਨੀ ਆਦਮ ਅਤੇ ਹੱਵਾਹ ਨੇ, ਸ਼ਤਾਨ ਅਰਥਾਤ ਇਬਲੀਸ ਦੇ ਮਗਰ ਲੱਗ ਕੇ ਪਰਮੇਸ਼ੁਰ ਦਾ ਵਿਰੋਧ ਕੀਤਾ। ਉਹ ਆਜ਼ਾਦੀ ਚਾਹੁੰਦੇ ਸਨ ਯਾਨੀ ਕਿ ਉਹ ਆਪ ਹੀ ਫ਼ੈਸਲਾ ਕਰਨਾ ਚਾਹੁੰਦੇ ਸਨ ਕਿ ਕੀ ਭਲਾ ਹੈ ਅਤੇ ਕੀ ਬੁਰਾ। (ਉਤਪਤ 3:1-5) ਪਰਮੇਸ਼ੁਰ ਦੇ ਨਿਆਂ ਅਨੁਸਾਰ, ਉਨ੍ਹਾਂ ਨੂੰ ਪਰਮੇਸ਼ੁਰ ਦੇ ਪਰਿਵਾਰ ਵਿੱਚੋਂ ਬਾਹਰ ਕੱਢਿਆ ਗਿਆ ਸੀ ਅਤੇ ਉਹ ਉਸ ਨਾਲ ਆਪਣੀ ਸੰਗਤ ਗੁਆ ਬੈਠੇ ਸਨ। ਉਨ੍ਹਾਂ ਕਾਰਨ ਸਾਰੀ ਮਨੁੱਖਜਾਤੀ ਪਾਪ ਵਿਚ ਡੁੱਬ ਗਈ ਅਤੇ ਅਸੀਂ ਸਾਰੇ ਹੁਣ ਦੁੱਖ ਭੁਗਤ ਰਹੇ ਹਾਂ।—ਰੋਮੀਆਂ 5:12.

ਕੁਝ ਸਮੇਂ ਲਈ ਬੁਰਾਈ ਦੀ ਇਜਾਜ਼ਤ

ਕੁਝ ਲੋਕ ਸ਼ਾਇਦ ਪੁੱਛਣ ਕਿ ‘ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਤਰ੍ਹਾਂ ਕਿਉਂ ਕਰਨ ਦਿੱਤਾ? ਸਾਡੇ ਸਾਰੇ ਦੁੱਖ-ਦਰਦ ਰੋਕਣ ਲਈ ਉਸ ਨੇ ਆਪਣੀ ਸਰਬਸ਼ਕਤੀ ਵਰਤ ਕੇ ਆਪਣਾ ਇਰਾਦਾ ਕਿਉਂ ਨਹੀਂ ਪੂਰਾ ਕੀਤਾ?’ ਸ਼ਾਇਦ ਇਸ ਤਰ੍ਹਾਂ ਸੋਚਣਾ ਕੁਦਰਤੀ ਹੈ। ਪਰ ਜ਼ਬਰਦਸਤ ਸ਼ਕਤੀ ਦੀ ਐਸੀ ਵਰਤੋਂ ਕੀ ਸਾਬਤ ਕਰਦੀ? ਕੀ ਤੁਸੀਂ ਉਸ ਵਿਅਕਤੀ ਦੀ ਤਾਰੀਫ਼ ਕਰੋਗੇ ਜੋ ਕਿਸੇ ਅਸਹਿਮਤੀ ਦੀ ਪਹਿਲੀ ਨਿਸ਼ਾਨੀ ਤੇ ਹੀ ਹਰ ਵਿਰੋਧਤਾ ਨੂੰ ਕੁਚਲ ਦਿੰਦਾ ਹੈ ਕਿਉਂਕਿ ਉਸ ਕੋਲ ਇਸ ਤਰ੍ਹਾਂ ਕਰਨ ਦੀ ਸ਼ਕਤੀ ਹੈ? ਬਿਲਕੁਲ ਨਹੀਂ।

ਅਸਲ ਵਿਚ ਸ਼ਤਾਨ ਅਤੇ ਪਹਿਲੇ ਜੋੜੇ ਨੇ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਸਵਾਲ ਪੈਦਾ ਕੀਤਾ ਸੀ। ਖ਼ਾਸ ਤੌਰ ਤੇ ਉਨ੍ਹਾਂ ਨੇ ਉਸ ਦੇ ਹਕੂਮਤ ਕਰਨ ਦੇ ਹੱਕ ਬਾਰੇ ਸਵਾਲ ਪੈਦਾ ਕੀਤਾ ਸੀ ਕਿ ਉਸ ਕੋਲ ਇਹ ਹੱਕ ਹੈ ਕਿ ਨਹੀਂ। ਇਸ ਸਵਾਲ ਦਾ ਹਮੇਸ਼ਾ ਲਈ ਜਵਾਬ ਦੇਣ ਲਈ ਯਹੋਵਾਹ ਨੇ ਕੁਝ ਸਮੇਂ ਲਈ ਬਿਨਾਂ ਦਖ਼ਲ ਦੇਣ ਤੋਂ ਆਪਣੀ ਸ੍ਰਿਸ਼ਟੀ ਨੂੰ ਆਪਣੇ ਆਪ ਉੱਤੇ ਹਕੂਮਤ ਚਲਾ ਲੈਣ ਦਿੱਤੀ ਹੈ। (ਉਪਦੇਸ਼ਕ ਦੀ ਪੋਥੀ 3:1; ਲੂਕਾ 21:24) ਜਦੋਂ ਇਹ ਸਮਾਂ ਪੂਰਾ ਹੋ ਜਾਵੇਗਾ ਤਾਂ ਉਹ ਆਪਣੀ ਦਖ਼ਲ ਦੁਆਰਾ ਇਸ ਸਾਰੀ ਧਰਤੀ ਨੂੰ ਦੁਬਾਰਾ ਆਪਣੇ ਪੂਰੇ ਕੰਟ੍ਰੋਲ ਵਿਚ ਲਿਆਵੇਗਾ। ਉਦੋਂ ਤਾਈਂ ਇਹ ਬਿਲਕੁਲ ਸਪੱਸ਼ਟ ਹੋ ਜਾਵੇਗਾ ਕਿ ਉਸ ਦੀ ਹਕੂਮਤ ਦਾ ਤਰੀਕਾ ਹੀ ਸਭ ਤੋਂ ਵਧੀਆ ਤਰੀਕਾ ਹੈ ਜੋ ਇਸ ਧਰਤੀ ਦੇ ਲੋਕਾਂ ਲਈ ਸਦਾ ਲਈ ਸੁਖ-ਸ਼ਾਂਤੀ ਅਤੇ ਖ਼ੁਸ਼ੀ ਦੀ ਗਾਰੰਟੀ ਦਿੰਦਾ ਹੈ। ਫਿਰ ਸੰਸਾਰ ਦੇ ਸਾਰੇ ਜ਼ਾਲਮ ਲੋਕ ਸਦਾ ਲਈ ਖ਼ਤਮ ਕੀਤੇ ਜਾਣਗੇ।—ਜ਼ਬੂਰ 72:12-14; ਦਾਨੀਏਲ 2:44.

“ਜਗਤ ਦੀ ਨੀਂਹ ਧਰਨ ਤੋਂ ਅੱਗੋਂ”

ਯਹੋਵਾਹ ਨੇ ਇਹ ਸਭ ਕੁਝ ਕਰਨ ਦਾ ਇਰਾਦਾ ਬਹੁਤ ਸਮੇਂ ਪਹਿਲਾਂ ਹੀ ਕੀਤਾ ਸੀ। ਪੌਲੁਸ ਨੇ “ਜਗਤ ਦੀ ਨੀਂਹ ਧਰਨ ਤੋਂ ਅੱਗੋਂ” ਗੁਜ਼ਰੇ ਹੋਏ ਸਮੇਂ ਦਾ ਜ਼ਿਕਰ ਕੀਤਾ ਸੀ। (ਅਫ਼ਸੀਆਂ 1:4) ਇਹ ਇਸ ਧਰਤੀ ਉੱਤੇ ਆਦਮ ਅਤੇ ਹੱਵਾਹ ਦੀ ਸ੍ਰਿਸ਼ਟੀ ਤੋਂ ਪਹਿਲਾਂ ਦੀ ਗੱਲ ਨਹੀਂ ਹੈ। ਉਹ ਜਗਤ “ਬਹੁਤ ਹੀ ਚੰਗਾ” ਸੀ ਅਤੇ ਉਸ ਸਮੇਂ ਕੋਈ ਵਿਰੋਧੀ ਨਹੀਂ ਸਨ। (ਉਤਪਤ 1:31) ਫਿਰ ਪੌਲੁਸ ਕਿਹੜੇ “ਜਗਤ” ਬਾਰੇ ਗੱਲ ਕਰ ਰਿਹਾ ਸੀ? ਉਹ ਆਦਮ ਅਤੇ ਹੱਵਾਹ ਦੇ ਬੱਚਿਆਂ ਦੇ ਜਗਤ ਬਾਰੇ ਗੱਲ ਕਰ ਰਿਹਾ ਸੀ, ਮਤਲਬ ਕਿ ਪਾਪੀ ਮਨੁੱਖਜਾਤੀ ਦੇ ਜਗਤ ਬਾਰੇ ਜਿਨ੍ਹਾਂ ਸਾਮ੍ਹਣੇ ਮੁਕਤੀ ਦੀ ਉਮੀਦ ਪੇਸ਼ ਕੀਤੀ ਗਈ ਸੀ। ਆਦਮ ਦੀ ਔਲਾਦ ਪੈਦਾ ਹੋਣ ਤੋਂ ਪਹਿਲਾਂ ਹੀ ਯਹੋਵਾਹ ਜਾਣਦਾ ਸੀ ਕਿ ਉਹ ਇਸ ਮਾਮਲੇ ਨੂੰ ਕਿਸ ਤਰੀਕੇ ਸੁਧਾਰੇਗਾ ਤਾਂਕਿ ਯੋਗ ਇਨਸਾਨਾਂ ਨੂੰ ਛੁਟਕਾਰਾ ਮਿਲ ਸਕੇ।—ਰੋਮੀਆਂ 8:20.

ਇਸ ਦਾ ਇਹ ਮਤਲਬ ਨਹੀਂ ਹੈ ਕਿ ਵਿਸ਼ਵ ਦੇ ਸਰਬਸ਼ਕਤੀਮਾਨ ਨੂੰ ਇਨਸਾਨਾਂ ਵਾਂਗ ਮਾਮਲਿਆਂ ਨੂੰ ਸੁਧਾਰਨ ਦੀ ਲੋੜ ਹੈ। ਇਨਸਾਨ ਇਹ ਜਾਣਦੇ ਹੋਏ ਕਿ ਕੋਈ-ਨ-ਕੋਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ, ਪਹਿਲਾਂ ਹੀ ਕਿਸੇ ਚਾਰੇ ਬਾਰੇ ਸੋਚਦੇ ਹਨ। ਪਰ ਸਰਬਸ਼ਕਤੀਮਾਨ ਪਰਮੇਸ਼ੁਰ ਕੇਵਲ ਆਪਣਾ ਇਰਾਦਾ ਬਣਾਉਂਦਾ ਹੈ ਅਤੇ ਉਸ ਨੂੰ ਪੂਰਾ ਕਰਦਾ ਹੈ। ਫਿਰ ਵੀ ਪੌਲੁਸ ਇਹ ਗੱਲ ਸਾਨੂੰ ਸਮਝਾਉਂਦਾ ਹੈ ਕਿ ਯਹੋਵਾਹ ਨੇ ਕਿਸ ਤਰ੍ਹਾਂ ਇਸ ਮਾਮਲੇ ਨੂੰ ਸੁਧਾਰਨ ਦਾ ਫ਼ੈਸਲਾ ਕੀਤਾ ਤਾਂਕਿ ਸਾਨੂੰ ਸਦਾ ਲਈ ਤਕਲੀਫ਼ਾਂ ਤੋਂ ਛੁਟਕਾਰਾ ਮਿਲ ਸਕੇ। ਸੁਧਾਰ ਕਰਨ ਦੇ ਕੀ ਪ੍ਰਬੰਧ ਹਨ?

ਸੁਖ-ਸ਼ਾਂਤੀ ਕੌਣ ਲਿਆਵੇਗਾ?

ਪੌਲੁਸ ਨੇ ਸਮਝਾਇਆ ਕਿ ਮਸੀਹ ਦੇ ਮਸਹ ਕੀਤੇ ਹੋਏ ਚੇਲਿਆਂ ਨੇ ਇਕ ਖ਼ਾਸ ਤਰ੍ਹਾਂ ਆਦਮ ਦੇ ਪਾਪ ਤੋਂ ਸਾਨੂੰ ਛੁਟਕਾਰਾ ਦੁਆਉਣ ਵਿਚ ਹਿੱਸਾ ਲੈਣਾ ਹੈ। ਪੌਲੁਸ ਨੇ ਕਿਹਾ ਕਿ ਯਹੋਵਾਹ ਨੇ ‘ਸਾਨੂੰ ਮਸੀਹ ਵਿੱਚ ਚੁਣ ਲਿਆ,’ ਤਾਂਕਿ ਅਸੀਂ ਯਿਸੂ ਦੇ ਨਾਲ ਸਵਰਗੀ ਰਾਜ ਵਿਚ ਹਕੂਮਤ ਕਰ ਸਕੀਏ। ਇਸ ਬਾਰੇ ਹੋਰ ਸਮਝ ਦਿੰਦਿਆਂ ਪੌਲੁਸ ਨੇ ਕਿਹਾ ਕਿ ਯਹੋਵਾਹ ਨੇ “ਯਿਸੂ ਮਸੀਹ ਦੇ ਰਾਹੀਂ ਆਪਣੇ ਲਈ ਸਾਨੂੰ ਲੇਪਾਲਕ ਪੁੱਤ੍ਰ ਹੋਣ ਨੂੰ ਅੱਗੋਂ ਹੀ ਠਹਿਰਾਇਆ।” (ਅਫ਼ਸੀਆਂ 1:4, 5) ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਨੇ ਇਸ ਗਰੁੱਪ ਦੇ ਇਕੱਲੇ-ਇਕੱਲੇ ਇਨਸਾਨ ਨੂੰ ਅੱਗੋਂ ਹੀ ਚੁਣ ਲਿਆ ਸੀ। ਪਰ ਉਸ ਨੇ ਵਫ਼ਾਦਾਰ ਲੋਕਾਂ ਦੇ ਇਕ ਖ਼ਾਸ ਗਰੁੱਪ ਨੂੰ ਅੱਗੋਂ ਚੁਣਿਆ ਸੀ ਜੋ ਮਸੀਹ ਦੇ ਨਾਲ ਸ਼ਤਾਨ ਅਰਥਾਤ ਇਬਲੀਸ ਨਾਲੇ ਆਦਮ ਅਤੇ ਹੱਵਾਹ ਦੁਆਰਾ ਹੋਏ ਨੁਕਸਾਨ ਨੂੰ ਮਿਟਾਉਣਗੇ।—ਲੂਕਾ 12:32; ਇਬਰਾਨੀਆਂ 2:14-18.

ਮੁੱਢ ਵਿਚ ਪਰਮੇਸ਼ੁਰ ਦੀ ਸਰਬਸੱਤਾ ਦਾ ਵਿਰੋਧ ਕਰਦਿਆਂ ਸ਼ਤਾਨ ਨੇ ਇਹ ਸੰਕੇਤ ਕੀਤਾ ਸੀ ਕਿ ਰੱਬ ਦੁਆਰਾ ਬਣਾਏ ਹੋਏ ਬੰਦਿਆਂ ਵਿਚ ਕਮੀਆਂ ਸਨ ਅਤੇ ਜੇ ਉਨ੍ਹਾਂ ਉੱਤੇ ਹੱਦੋਂ ਵੱਧ ਤੰਗੀਆਂ ਲਿਆਂਦੀਆਂ ਜਾਣ, ਜਾਂ ਉਨ੍ਹਾਂ ਨੂੰ ਕਿਸੇ ਚੀਜ਼ ਦੁਆਰਾ ਲਲਚਾਇਆ ਜਾਵੇ, ਤਾਂ ਉਹ ਸਾਰੇ ਦੇ ਸਾਰੇ ਰੱਬ ਦੇ ਰਾਜ ਤੋਂ ਮੂੰਹ ਫੇਰ ਲੈਣਗੇ। (ਅੱਯੂਬ 1:7-12; 2:2-5) ਸਮਾਂ ਬੀਤਣ ਨਾਲ, ਯਹੋਵਾਹ ਪਰਮੇਸ਼ੁਰ ਨੇ ਇਕ ਬਹੁਤ ਹੀ ਵੱਡੇ ਤਰੀਕੇ ਵਿਚ ਆਪਣੀ “ਕਿਰਪਾ ਦੀ ਮਹਿਮਾ” ਪ੍ਰਗਟ ਕੀਤੀ ਜਦੋਂ ਉਸ ਨੇ ਧਰਤੀ ਉੱਤੇ ਇਨਸਾਨਾਂ ਵਿਚ ਭਰੋਸਾ ਦਿਖਾਇਆ ਅਤੇ ਆਦਮ ਦੇ ਪਾਪੀ ਪਰਿਵਾਰ ਵਿੱਚੋਂ ਕੁਝ ਵਿਅਕਤੀਆਂ ਨੂੰ ਆਪਣੀ ਰੂਹਾਨੀ ਔਲਾਦ ਵਜੋਂ ਅਪਣਾ ਲਿਆ। ਇਹ ਕਿੰਨੀ ਹੈਰਾਨੀ ਦੀ ਗੱਲ ਹੈ! ਇਸ ਛੋਟੇ ਜਿਹੇ ਗਰੁੱਪ ਨੂੰ ਸਵਰਗ ਵਿਚ ਲਿਜਾਇਆ ਜਾਵੇਗਾ। ਪਰ ਉਨ੍ਹਾਂ ਨੂੰ ਸਵਰਗ ਨੂੰ ਕਿਉਂ ਲਿਜਾਇਆ ਜਾਵੇਗਾ?—ਅਫ਼ਸੀਆਂ 1:3-6; ਯੂਹੰਨਾ 14:2, 3; 1 ਥੱਸਲੁਨੀਕੀਆਂ 4:15-17; 1 ਪਤਰਸ 1:3, 4.

ਪੌਲੁਸ ਨੇ ਕਿਹਾ ਹੈ ਕਿ ਪਰਮੇਸ਼ੁਰ ਦੇ ਅਪਣਾਏ ਹੋਏ ਇਹ ਪੁੱਤਰ ਸਵਰਗੀ ਰਾਜ ਵਿਚ “ਮਸੀਹ ਦੇ ਨਾਲ ਸਾਂਝੇ ਅਧਕਾਰੀ” ਹੋਣਗੇ। (ਰੋਮੀਆਂ 8:14-17) ਉਹ ਪਾਤਸ਼ਾਹਾਂ ਅਤੇ ਜਾਜਕਾਂ ਵਜੋਂ ਲੋਕਾਂ ਨੂੰ ਦੁੱਖ-ਤਕਲੀਫ਼ਾਂ ਤੋਂ ਛੁਟਕਾਰਾ ਦਿਲਾਉਣਗੇ। (ਪਰਕਾਸ਼ ਦੀ ਪੋਥੀ 5:10) ਇਹ ਗੱਲ ਤਾਂ ਸੱਚ ਹੈ ਕਿ “ਸਾਰੀ ਸਰਿਸ਼ਟੀ ਰਲ ਕੇ ਹੁਣ ਤੀਕ ਹਾਹੁਕੇ ਭਰਦੀ ਹੈ ਅਤੇ ਉਹ ਨੂੰ ਪੀੜਾਂ ਲੱਗੀਆਂ ਹੋਈਆਂ ਹਨ।” ਪਰ ਖ਼ਾਸ ਤੌਰ ਤੇ ਚੁਣੇ ਹੋਏ ਪਰਮੇਸ਼ੁਰ ਦੇ ਇਹ ਪੁੱਤਰ ਹੁਣ ਜਲਦੀ ਹੀ ਯਿਸੂ ਮਸੀਹ ਦੇ ਨਾਲ ਕੰਮ ਕਰਨਗੇ ਅਤੇ ਸਾਰੇ ਆਗਿਆਕਾਰ ਲੋਕ ‘ਬਿਨਾਸ ਦੀ ਗੁਲਾਮੀ ਤੋਂ ਛੁੱਟ ਕੇ ਫਿਰ ਤੋਂ ਪਰਮੇਸ਼ੁਰ ਦੇ ਬਾਲਕਾਂ ਦੀ ਵਡਿਆਈ ਦੀ ਅਜ਼ਾਦੀ ਨੂੰ ਪ੍ਰਾਪਤ ਕਰਨਗੇ।’—ਰੋਮੀਆਂ 8:18-22.

“ਨਿਸਤਾਰਾ”

ਇਹ ਸਭ ਕੁਝ ਸਿਰਫ਼ ਯਿਸੂ ਮਸੀਹ ਦੇ ਰਿਹਾਈ ਬਲੀਦਾਨ ਕਰਕੇ ਹੀ ਮੁੰਮਕਿਨ ਹੋਇਆ ਹੈ। ਇਹ ਮਨੁੱਖਜਾਤੀ, ਮਤਲਬ ਕਿ ਯੋਗ ਲੋਕਾਂ ਪ੍ਰਤੀ ਪਰਮੇਸ਼ੁਰ ਦੀ ਵੱਡੀ ਕਿਰਪਾ ਦਾ ਸਭ ਤੋਂ ਪ੍ਰਭਾਵਸ਼ਾਲੀ ਸਬੂਤ ਹੈ। ਪੌਲੁਸ ਨੇ ਲਿਖਿਆ: [ਯਿਸੂ ਮਸੀਹ] ਦੇ ਵਿੱਚ ਉਸ ਦੇ ਲਹੂ ਦੇ ਦੁਆਰਾ ਸਾਨੂੰ ਨਿਸਤਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਹ ਦੀ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ।”ਅਫ਼ਸੀਆਂ 1:7.

ਯਿਸੂ ਮਸੀਹ ਪਰਮੇਸ਼ੁਰ ਦੇ ਮਕਸਦਾਂ ਨੂੰ ਸਿਰੇ ਚਾੜ੍ਹੇਗਾ। (ਇਬਰਾਨੀਆਂ 2:10) ਯਿਸੂ ਦੇ ਰਿਹਾਈ ਬਲੀਦਾਨ ਕਰਕੇ ਹੀ ਯਹੋਵਾਹ ਕਾਨੂੰਨੀ ਤੌਰ ਤੇ ਆਦਮ ਦੀ ਕੁਝ ਸੰਤਾਨ ਨੂੰ ਅਪਣਾ ਕੇ ਆਪਣੇ ਸਵਰਗੀ ਪਰਿਵਾਰ ਵਿਚ ਲਿਜਾ ਸਕਦਾ ਹੈ ਅਤੇ ਮਨੁੱਖਜਾਤੀ ਨੂੰ ਆਦਮ-ਸੰਬੰਧੀ ਪਾਪ ਦੀਆਂ ਖ਼ਰਾਬੀਆਂ ਤੋਂ ਛੁਡਾ ਸਕਦਾ ਹੈ। ਇਵੇਂ ਕਰਨ ਨਾਲ ਉਸ ਨੇ ਆਪਣੇ ਕਾਨੂੰਨਾਂ ਅਤੇ ਅਸੂਲਾਂ ਦੀ ਪਾਲਣਾ ਕੀਤੀ। (ਮੱਤੀ 20:28; 1 ਤਿਮੋਥਿਉਸ 2:6) ਯਹੋਵਾਹ ਨੇ ਸਭ ਕੁਝ ਆਪਣੀ ਧਾਰਮਿਕਤਾ ਅਤੇ ਆਪਣੇ ਸੰਪੂਰਣ ਨਿਆਂ ਅਨੁਸਾਰ ਕੀਤਾ ਹੈ।—ਰੋਮੀਆਂ 3:22-26.

ਪਰਮੇਸ਼ੁਰ ਦੀ ‘ਇੱਛਿਆ ਦਾ ਭੇਤ’

ਹਜ਼ਾਰਾਂ ਹੀ ਸਾਲਾਂ ਲਈ ਪਰਮੇਸ਼ੁਰ ਨੇ ਇਹ ਪੂਰੀ ਤਰ੍ਹਾਂ ਨਹੀਂ ਪ੍ਰਗਟ ਕੀਤਾ ਸੀ ਕਿ ਉਹ ਇਸ ਧਰਤੀ ਉੱਤੇ ਆਪਣਾ ਮਕਸਦ ਕਿਵੇਂ ਪੂਰਾ ਕਰੇਗਾ। ਪਹਿਲੀ ਸਦੀ ਵਿਚ ਉਸ ਨੇ “ਆਪਣੀ ਇੱਛਿਆ ਦੇ ਭੇਤ ਨੂੰ [ਮਸੀਹੀਆਂ] ਉੱਤੇ ਪਰਗਟ ਕੀਤਾ।” (ਅਫ਼ਸੀਆਂ 1:9) ਪੌਲੁਸ ਅਤੇ ਉਸ ਦੇ ਮਸਹ ਕੀਤੇ ਹੋਏ ਮਸੀਹੀ ਭਰਾ ਇਹ ਚੰਗੀ ਤਰ੍ਹਾਂ ਸਮਝਦੇ ਸਨ ਕਿ ਪਰਮੇਸ਼ੁਰ ਦੇ ਇਰਾਦਿਆਂ ਵਿਚ ਯਿਸੂ ਮਸੀਹ ਨੇ ਕੀ ਵਧੀਆ ਕੰਮ ਕਰਨਾ ਸੀ। ਉਹ ਇਹ ਗੱਲ ਵੀ ਸਮਝਣ ਲੱਗ ਪਏ ਕਿ ਮਸੀਹ ਦੇ ਸੰਗੀ ਅਧਿਕਾਰੀਆਂ ਵਜੋਂ ਉਨ੍ਹਾਂ ਵਾਸਤੇ ਉਸ ਸਵਰਗੀ ਰਾਜ ਵਿਚ ਕੀ ਖ਼ਾਸ ਕੰਮ ਹੈ। (ਅਫ਼ਸੀਆਂ 3:5, 6, 8-11) ਸੱਚ-ਮੁੱਚ ਯਿਸੂ ਮਸੀਹ ਅਤੇ ਉਸ ਦੇ ਸਾਥੀ ਹਾਕਮਾਂ ਦੇ ਹੱਥਾਂ ਵਿਚ ਰਾਜ ਸਰਕਾਰ ਹੀ ਉਹ ਜ਼ਰੀਆ ਹੈ ਜਿਸ ਦੁਆਰਾ ਪਰਮੇਸ਼ੁਰ ਸਵਰਗ ਵਿਚ ਨਾਲੇ ਧਰਤੀ ਉੱਤੇ ਸਦਾ ਲਈ ਸ਼ਾਂਤੀ ਲਿਆਵੇਗਾ। (ਮੱਤੀ 6:9, 10) ਉਸੇ ਰਾਜ ਰਾਹੀਂ ਯਹੋਵਾਹ ਇਸ ਧਰਤੀ ਨੂੰ ਉਸ ਤਰ੍ਹਾਂ ਦੀ ਬਣਾ ਦੇਵੇਗਾ ਜਿਸ ਤਰ੍ਹਾਂ ਦੀ ਉਹ ਪਹਿਲਾਂ ਚਾਹੁੰਦਾ ਸੀ।—ਯਸਾਯਾਹ 45:18; 65:21-23; ਰਸੂਲਾਂ ਦੇ ਕਰਤੱਬ 3:21.

ਇਸ ਧਰਤੀ ਤੋਂ ਸਾਰੀ ਬੇਇਨਸਾਫ਼ੀ ਅਤੇ ਜ਼ੁਲਮ ਨੂੰ ਮਿਟਾਉਣ ਦਾ ਉਸ ਦਾ ਠਹਿਰਾਇਆ ਹੋਇਆ ਸਮਾਂ ਬਹੁਤ ਜਲਦੀ ਆਉਣ ਵਾਲਾ ਹੈ। ਪਰ ਅਸਲ ਵਿਚ ਯਹੋਵਾਹ ਨੇ ਸੁਧਾਰਨ ਦਾ ਇਹ ਕੰਮ ਪੰਤੇਕੁਸਤ 33 ਸਾ.ਯੁ. ਵਿਚ ਸ਼ੁਰੂ ਕੀਤਾ ਸੀ। ਕਿਵੇਂ? ਉਹ ਨੇ ਉਦੋਂ “ਸਭਨਾਂ ਨੂੰ ਜੋ ਸੁਰਗ ਵਿੱਚ” ਹਨ, ਯਾਨੀ ਜੋ ਮਸੀਹ ਦੇ ਨਾਲ ਸਵਰਗ ਵਿਚ ਸ਼ਾਸਨ ਕਰਨਗੇ, ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਨ੍ਹਾਂ ਵਿਚ ਅਫ਼ਸੁਸ ਦੇ ਮਸੀਹੀ ਵੀ ਸ਼ਾਮਲ ਸਨ। (ਅਫ਼ਸੀਆਂ 2:4-7) ਪਰ ਹਾਲ ਹੀ ਵਿਚ ਯਹੋਵਾਹ ਉਨ੍ਹਾਂ ‘ਸਭਨਾ ਨੂੰ ਜੋ ਧਰਤੀ ਉੱਤੇ ਹਨ’ ਇਕੱਠਾ ਕਰ ਰਿਹਾ ਹੈ। (ਅਫ਼ਸੀਆਂ 1:10) ਹੁਣ ਸੰਸਾਰ ਭਰ ਵਿਚ ਯਹੋਵਾਹ ਪ੍ਰਚਾਰ ਕਰਵਾ ਰਿਹਾ ਹੈ ਜਿਸ ਰਾਹੀਂ ਸਾਰੀਆਂ ਕੌਮਾਂ ਨੂੰ ਯਿਸੂ ਮਸੀਹ ਦੇ ਹੱਥਾਂ ਵਿਚ ਰਾਜ ਸਰਕਾਰ ਦੀ ਖ਼ੁਸ਼ ਖ਼ਬਰੀ ਬਾਰੇ ਪਤਾ ਚੱਲ ਰਿਹਾ ਹੈ। ਖ਼ੁਸ਼ ਖ਼ਬਰੀ ਨੂੰ ਸਵੀਕਾਰ ਕਰਨ ਵਾਲੇ ਲੋਕ ਹੁਣ ਵੀ ਰੂਹਾਨੀ ਤੌਰ ਤੇ ਸੁਰੱਖਿਆ ਪਾ ਰਹੇ ਹਨ ਅਤੇ ਚੰਗਾ ਕੀਤੇ ਜਾਂਦੇ ਹਨ। (ਯੂਹੰਨਾ 10:16) ਜਲਦੀ ਹੀ ਉਹ ਸਾਰੇ ਫਿਰਦੌਸ ਵਿਚ ਅਨਿਆਂ ਅਤੇ ਕਸ਼ਟ ਤੋਂ ਪੂਰਾ ਛੁਟਕਾਰਾ ਪਾਉਣਗੇ।—2 ਪਤਰਸ 3:13; ਪਰਕਾਸ਼ ਦੀ ਪੋਥੀ 11:18.

ਲੋਕ-ਸੇਵਾ ਦੁਆਰਾ ਇਸ ਸੰਸਾਰ ਦੇ ਦੁੱਖ ਦੂਰ ਕਰਨ ਵਿਚ “ਬੇਹੱਦ ਮਿਹਨਤ” ਕੀਤੀ ਗਈ ਹੈ। (ਸੰਸਾਰ ਦੇ ਬੱਚਿਆਂ ਦੀ ਹਾਲਤ 2000 [ਅੰਗ੍ਰੇਜ਼ੀ]) ਪਰ ਸਵਰਗੀ ਰਾਜ ਸਰਕਾਰ ਦੁਆਰਾ ਯਿਸੂ ਮਸੀਹ ਅਤੇ ਉਸ ਦੇ ਸਾਥੀ ਹਾਕਮ ਜਲਦੀ ਹੀ ਇਕ ਵੱਡਾ ਕਦਮ ਲੈਣ ਵਾਲੇ ਹਨ। ਉਹ ਲੜਾਈਆਂ ਅਤੇ ਦੂਜਿਆਂ ਕਸ਼ਟਾਂ ਦੀਆਂ ਜੜ੍ਹਾਂ ਪੁੱਟ ਸੁੱਟਣਗੇ। ਉਹ ਸਾਰਿਆਂ ਇਨਸਾਨਾਂ ਦੀਆਂ ਮੁਸੀਬਤਾਂ ਖ਼ਤਮ ਕਰ ਦੇਣਗੇ!—ਪਰਕਾਸ਼ ਦੀ ਪੋਥੀ 21:1-4.

[ਸਫ਼ੇ 4 ਉੱਤੇ ਤਸਵੀਰ]

ਲੋਕ-ਸੇਵਾ ਦੁਆਰਾ ਮਨੁੱਖਜਾਤੀ ਦੀਆਂ ਮੁਸੀਬਤਾਂ ਦੂਰ ਨਹੀਂ ਹੋਈਆਂ

[ਸਫ਼ੇ 6 ਉੱਤੇ ਤਸਵੀਰ]

ਮਸੀਹ ਦੇ ਰਿਹਾਈ ਬਲੀਦਾਨ ਨੇ ਮਨੁੱਖਜਾਤੀ ਨੂੰ ਆਦਮ ਦੇ ਪਾਪ ਤੋਂ ਛੁਟਕਾਰਾ ਦਿਲਾਇਆ

[ਸਫ਼ੇ 7 ਉੱਤੇ ਤਸਵੀਰ]

ਅੱਜ ਵੀ ਅਸੀਂ ਰੂਹਾਨੀ ਤੌਰ ਤੇ ਸੁਰੱਖਿਅਤ ਰੱਖੇ ਅਤੇ ਚੰਗੇ ਕੀਤੇ ਜਾ ਸਕਦੇ ਹਾਂ

[ਸਫ਼ੇ 7 ਉੱਤੇ ਤਸਵੀਰ]

ਜਲਦੀ ਹੀ ਮਸੀਹਾਈ ਰਾਜ ਦੁਆਰਾ ਮੁਸੀਬਤਾਂ ਤੋਂ ਪੂਰਾ ਛੁਟਕਾਰਾ ਮਿਲੇਗਾ