“ਤੂੰ ਸਤਵੰਤੀ ਇਸਤ੍ਰੀ ਹੈਂ”
“ਤੂੰ ਸਤਵੰਤੀ ਇਸਤ੍ਰੀ ਹੈਂ”
ਇਹ ਸ਼ਬਦ ਰੂਥ ਨਾਂ ਦੀ ਇਕ ਜਵਾਨ ਮੋਆਬਣ ਨੂੰ ਕਹੇ ਗਏ ਸਨ। ਉਹ ਇਕ ਵਿਧਵਾ ਸੀ ਜਿਸ ਦੀ ਸੱਸ ਨਾਓਮੀ ਨਾਂ ਦੀ ਇਕ ਇਸਰਾਏਲੀ ਸੀ। ਰੂਥ ਨੂੰ ਕੁਝ 3000 ਸਾਲ ਪਹਿਲਾਂ ਸਤਵੰਤੀ ਕਿਹਾ ਗਿਆ ਸੀ ਜਦੋਂ ਨਿਆਈਆਂ ਦੇ ਸਮੇਂ ਉਹ ਇਸਰਾਏਲ ਵਿਚ ਰਹਿੰਦੀ ਸੀ। (ਰੂਥ 3:11) ਉਸ ਨੇ ਇਹ ਨੇਕਨਾਮੀ ਕਿਸ ਤਰ੍ਹਾਂ ਕਮਾਈ ਸੀ? ਉਸ ਦੀ ਮਿਸਾਲ ਤੋਂ ਕਿਨ੍ਹਾਂ ਨੂੰ ਲਾਭ ਮਿਲ ਸਕਦਾ ਹੈ?
ਰੂਥ “ਆਲਸ ਦੀ ਰੋਟੀ” ਖਾਣ ਵਾਲੀ ਨਹੀਂ ਸੀ, ਸਗੋਂ ਉਹ ਖੇਤਾਂ ਵਿਚ ਬਹੁਤ ਮਿਹਨਤ ਕਰਦੀ ਸੀ ਜਿਸ ਲਈ ਉਸ ਦੀ ਸਿਫ਼ਤ ਕੀਤੀ ਜਾਂਦੀ ਸੀ। ਭਾਵੇਂ ਉਸ ਨੂੰ ਕੰਮ ਘਟਾਉਣ ਦਾ ਮੌਕਾ ਮਿਲਿਆ ਸੀ, ਫਿਰ ਵੀ ਉਹ ਪੂਰੀ ਮਿਹਨਤ ਕਰਦੀ ਰਹੀ। ਬਾਈਬਲ ਉਸ ਪਤਨੀ ਬਾਰੇ ਗੱਲ ਕਰਦੀ ਹੇ ਜਿਹੜੀ ਕਾਬਲ, ਨੇਕ, ਅਤੇ ਮਿਹਨਤੀ ਹੈ ਅਤੇ ਰੂਥ ਨੇ ਬਿਲਕੁਲ ਇਸ ਤਰ੍ਹਾਂ ਦੇ ਗੁਣ ਦਿਖਾਏ ਸਨ।—ਕਹਾਉਤਾਂ 31:10-31; ਰੂਥ 2:7, 15-17.
ਲੇਕਿਨ ਰੂਥ ਨੇ ਖ਼ਾਸ ਕਰਕੇ ਆਪਣੇ ਰੂਹਾਨੀ ਗੁਣਾਂ ਕਾਰਨ ਇੰਨੀ ਵੱਡੀ ਨੇਕਨਾਮੀ ਕਮਾਈ ਸੀ। ਉਹ ਨਿਮਰ ਸੀ, ਅਤੇ ਆਪਣੇ ਆਪ ਬਾਰੇ ਸੋਚਣ ਦੀ ਬਜਾਇ ਉਸ ਨੇ ਆਪਣੀ ਸੱਸ ਉੱਤੇ ਪ੍ਰੇਮ-ਭਰੀ-ਦਇਆ ਕੀਤੀ ਸੀ। ਆਪਣੇ ਮਾਪੇ ਛੱਡ ਕੇ ਉਹ ਪਰਦੇਸ ਗਈ ਜਿੱਥੇ ਉਸ ਨੂੰ ਦੁਬਾਰਾ ਵਿਆਹ ਕਰਾ ਕੇ ਸੁਖੀ ਜੀਵਨ ਪਾਉਣ ਦੀ ਉਮੀਦ ਨਹੀਂ ਸੀ। ਫਿਰ ਵੀ ਉਸ ਨੇ ਨਾਓਮੀ ਦਾ ਸਾਥ ਨਹੀਂ ਛੱਡਿਆ। ਇਸ ਦੇ ਨਾਲ-ਨਾਲ ਰੂਥ ਆਪਣੀ ਸੱਸ ਦੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਵੀ ਕਰਨੀ ਚਾਹੁੰਦੀ ਸੀ। ਰੂਥ ਬਾਰੇ ਬਾਈਬਲ ਕਹਿੰਦੀ ਹੈ ਕਿ ਉਹ ਨਾਓਮੀ ਲਈ “ਸੱਤਾਂ ਪੁੱਤ੍ਰਾਂ ਨਾਲੋਂ ਚੰਗੀ” ਸੀ।—ਰੂਥ 1:16, 17; 2:11, 12; 4:15.
ਇਨਸਾਨਾਂ ਦੀ ਨਜ਼ਰ ਵਿਚ ਰੂਥ ਦਾ ਨੇਕਨਾਮ ਸੀ, ਪਰ ਇਸ ਤੋਂ ਵੱਧ ਪਰਮੇਸ਼ੁਰ ਨੇ ਉਸ ਦੇ ਸਦਗੁਣਾਂ ਦੀ ਕਦਰ ਕੀਤੀ ਸੀ। ਉਸ ਨੇ ਰੂਥ ਨੂੰ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣਨ ਦੀ ਬਰਕਤ ਦਿੱਤੀ ਸੀ। (ਮੱਤੀ 1:5; 1 ਪਤਰਸ 3:4) ਰੂਥ ਦੀ ਵਧੀਆ ਮਿਸਾਲ ਸਿਰਫ਼ ਮਸੀਹੀ ਭੈਣਾਂ ਲਈ ਹੀ ਨਹੀਂ ਸਗੋਂ ਉਨ੍ਹਾਂ ਸਾਰਿਆਂ ਲਈ ਹੈ ਜੋ ਪਰਮੇਸ਼ੁਰ ਦੀ ਸੇਵਾ ਕਰਨ ਦਾ ਦਾਅਵਾ ਕਰਦੇ ਹਨ!