Skip to content

Skip to table of contents

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਪਾਠਕਾਂ ਵੱਲੋਂ ਸਵਾਲ

ਜੇ ਕੋਈ ਵਿਅਕਤੀ ਆਤਮ-ਹੱਤਿਆ ਕਰੇ, ਤਾਂ ਕੀ ਇਕ ਮਸੀਹੀ ਭਰਾ ਉਸ ਦੇ ਦਾਹ-ਸੰਸਕਾਰ ਤੇ ਭਾਸ਼ਣ ਦੇ ਸਕਦਾ ਹੈ?

ਹਰ ਮਸੀਹੀ ਭਰਾ ਨੂੰ ਇਹ ਖ਼ੁਦ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਸ ਦੀ ਜ਼ਮੀਰ ਉਸ ਨੂੰ ਅਜਿਹੇ ਵਿਅਕਤੀ ਦੇ ਦਾਹ-ਸੰਸਕਾਰ ਤੇ ਭਾਸ਼ਣ ਦੇਣ ਬਾਰੇ ਕੀ ਕਹਿੰਦੀ ਹੈ ਜਿਸ ਨੇ ਲੱਗਦਾ ਹੈ ਕਿ ਆਤਮ-ਹੱਤਿਆ ਕੀਤੀ ਹੈ। ਅਜਿਹਾ ਫ਼ੈਸਲਾ ਕਰਦੇ ਹੋਏ ਉਸ ਨੂੰ ਇਨ੍ਹਾਂ ਸਵਾਲਾਂ ਉੱਤੇ ਗੌਰ ਕਰਨਾ ਚਾਹੀਦਾ ਹੈ: ਆਤਮ-ਹੱਤਿਆ ਬਾਰੇ ਯਹੋਵਾਹ ਦਾ ਕੀ ਵਿਚਾਰ ਹੈ? ਕੀ ਉਸ ਵਿਅਕਤੀ ਨੇ ਸੱਚ-ਮੁੱਚ ਹੀ ਆਪਣੀ ਜਾਨ ਲਈ ਸੀ? ਕੀ ਉਸ ਨੇ ਆਤਮ-ਹੱਤਿਆ ਕਿਸੇ ਮਾਨਸਿਕ ਜਾਂ ਭਾਵਾਤਮਕ ਬੀਮਾਰੀ ਕਰਕੇ ਕੀਤੀ ਸੀ? ਤੁਹਾਡੇ ਇਲਾਕੇ ਵਿਚ ਆਤਮ-ਹੱਤਿਆ ਬਾਰੇ ਲੋਕਾਂ ਦਾ ਕੀ ਵਿਚਾਰ ਹੈ?

ਮਸੀਹੀ ਹੋਣ ਦੇ ਨਾਤੇ ਸਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਤਮ-ਹੱਤਿਆ ਬਾਰੇ ਯਹੋਵਾਹ ਦਾ ਕੀ ਵਿਚਾਰ ਹੈ। ਯਹੋਵਾਹ ਦੀਆਂ ਨਜ਼ਰਾਂ ਵਿਚ ਇਨਸਾਨਾਂ ਦੀਆਂ ਜਾਨਾਂ ਬਹੁਮੁੱਲੀਆਂ ਅਤੇ ਪਵਿੱਤਰ ਹਨ। (ਉਤਪਤ 9:5; ਜ਼ਬੂਰ 36:9) ਜੇ ਕੋਈ ਵਿਅਕਤੀ ਜਾਣ-ਬੁੱਝ ਕੇ ਆਪਣੀ ਜਾਨ ਲੈਂਦਾ ਹੈ ਤਾਂ ਇਹ ਇਕ ਕਿਸਮ ਦਾ ਖ਼ੂਨ ਹੈ ਅਤੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਗੁਨਾਹ ਹੈ। (ਕੂਚ 20:13; 1 ਯੂਹੰਨਾ 3:15) ਕੀ ਇਸ ਦਾ ਮਤਲਬ ਹੈ ਕਿ ਆਤਮ-ਹੱਤਿਆ ਕਰਨ ਵਾਲੇ ਦੇ ਦਾਹ-ਸੰਸਕਾਰ ਤੇ ਭਾਸ਼ਣ ਨਹੀਂ ਦਿੱਤਾ ਜਾਣਾ ਚਾਹੀਦਾ?

ਇਸਰਾਏਲ ਦੇ ਰਾਜਾ ਸ਼ਾਊਲ ਬਾਰੇ ਜ਼ਰਾ ਸੋਚੋ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨੇ ਫਲਿਸਤੀਆਂ ਨਾਲ ਆਪਣੀ ਆਖ਼ਰੀ ਲੜਾਈ ਵਿਚ ਹਾਰ ਜਾਣਾ ਸੀ, ਤਾਂ ਉਹ ਇਨ੍ਹਾਂ ਵੈਰੀਆਂ ਦੇ ਹੱਥੀਂ ਨਹੀਂ ਪੈਣਾ ਚਾਹੁੰਦਾ ਸੀ। ਇਸ ਲਈ “ਸ਼ਾਊਲ ਤਲਵਾਰ ਫੜ ਕੇ ਉਹ ਦੇ ਉੱਤੇ ਡਿੱਗ ਪਿਆ।” ਜਦੋਂ ਫਲਿਸਤੀਆਂ ਨੂੰ ਉਸ ਦੀ ਲਾਸ਼ ਲੱਭੀ, ਉਨ੍ਹਾਂ ਨੇ ਉਸ ਨੂੰ ਬੈਤ-ਸ਼ਾਨ ਦੀ ਕੰਧ ਉੱਤੇ ਟੰਗ ਦਿੱਤਾ। ਜਦੋਂ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਸੁਣਿਆ ਕਿ ਫਲਿਸਤੀਆਂ ਨੇ ਕੀ ਕੀਤਾ ਉਨ੍ਹਾਂ ਨੇ ਉਸ ਦੀ ਲਾਸ਼ ਨੂੰ ਲਾਹ ਕੇ ਦਾਗ਼ ਦਿੱਤੇ। ਫਿਰ ਉਨ੍ਹਾਂ ਨੇ ਉਸ ਦੀਆਂ ਹੱਡੀਆਂ ਲੈ ਕੇ ਉਨ੍ਹਾਂ ਨੂੰ ਦੱਬ ਦਿੱਤਾ। ਉਨ੍ਹਾਂ ਨੇ ਸੱਤ ਦਿਨਾਂ ਲਈ ਵਰਤ ਵੀ ਰੱਖਿਆ, ਜੋ ਇਸਰਾਏਲੀਆਂ ਵਿਚਕਾਰ ਸੋਗ ਕਰਨ ਦੀ ਇਕ ਆਮ ਰੀਤ ਸੀ। (1 ਸਮੂਏਲ 31:4, 8-13; ਉਤਪਤ 50:10) ਜਦੋਂ ਯਹੋਵਾਹ ਦੇ ਚੁਣੇ ਹੋਏ ਰਾਜੇ ਦਾਊਦ ਨੂੰ ਪਤਾ ਲੱਗਾ ਕਿ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਕੀ ਕੀਤਾ ਸੀ, ਉਸ ਨੇ ਕਿਹਾ: “ਯਹੋਵਾਹ ਵੱਲੋਂ ਤੁਸੀਂ ਮੁਬਾਰਕ ਹੋਵੋ ਕਿਉਂ ਜੋ ਤੁਸਾਂ ਆਪਣੇ ਮਾਲਕ ਸ਼ਾਊਲ ਉੱਤੇ ਐਡੀ ਦਯਾ ਕੀਤੀ ਜੋ ਉਹ ਨੂੰ ਦੱਬ ਦਿੱਤਾ। ਹੁਣ ਯਹੋਵਾਹ ਤੁਹਾਡੇ ਉੱਤੇ ਕਿਰਪਾ ਅਤੇ ਸਚਿਆਈ ਕਰਦਾ ਰਹੇ।” (2 ਸਮੂਏਲ 2:5, 6) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਰਾਜਾ ਸ਼ਾਊਲ ਲਈ ਦਾਹ-ਸੰਸਕਾਰ ਦੀ ਇਹ ਰੀਤ ਪੂਰੀ ਕਰਨ ਦੇ ਕਾਰਨ ਯਾਬੇਸ਼ ਗਿਲਆਦ ਦੇ ਵਾਸੀਆਂ ਨੇ ਕੋਈ ਗ਼ਲਤੀ ਕੀਤੀ ਸੀ। ਇਸ ਘਟਨਾ ਦੀ ਤੁਲਨਾ ਉਨ੍ਹਾਂ ਲੋਕਾਂ ਨਾਲ ਕਰੋ ਜੋ ਆਪਣੇ ਅਪਰਾਧਾਂ ਕਰਕੇ ਦੱਬੇ ਨਹੀਂ ਗਏ ਸਨ। (ਯਿਰਮਿਯਾਹ 25:32, 33) ਇਹ ਫ਼ੈਸਲਾ ਕਰਦੇ ਹੋਏ ਕਿ ਉਹ ਆਤਮ-ਹੱਤਿਆ ਕਰਨ ਵਾਲੇ ਦੇ ਸੰਬੰਧ ਵਿਚ ਭਾਸ਼ਣ ਦੇਵੇਗਾ ਕਿ ਨਹੀਂ ਇਕ ਮਸੀਹੀ ਭਰਾ ਸ਼ਾਊਲ ਬਾਰੇ ਇਸ ਬਿਰਤਾਂਤ ਵੱਲ ਧਿਆਨ ਦੇ ਸਕਦਾ ਹੈ।

ਅਜਿਹੇ ਭਰਾ ਨੂੰ ਇਸ ਬਾਰੇ ਵੀ ਸੋਚਣਾ ਚਾਹੀਦਾ ਹੈ ਕਿ ਦਾਹ-ਸੰਸਕਾਰ ਤੇ ਭਾਸ਼ਣ ਦੇਣ ਦਾ ਮਕਸਦ ਕੀ ਹੈ। ਉਨ੍ਹਾਂ ਲੋਕਾਂ ਤੋਂ ਉਲਟ ਜੋ ਮੰਨਦੇ ਹਨ ਕਿ ਇਨਸਾਨ ਦੀ ਆਤਮਾ ਅਮਰ ਹੈ, ਯਹੋਵਾਹ ਦੇ ਗਵਾਹ ਮੁਰਦਿਆਂ ਨੂੰ ਅਗਲੀ ਦੁਨੀਆਂ ਵਿਚ ਭੇਜਣ ਲਈ ਦਾਹ-ਸੰਸਕਾਰ ਨਹੀਂ ਕਰਦੇ। ਇਹ ਭਾਸ਼ਣ ਉਸ ਮੁਰਦੇ ਦੇ ਫ਼ਾਇਦੇ ਲਈ ਨਹੀਂ ਸਗੋਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਦਿੱਤਾ ਜਾਂਦਾ ਹੈ ਜੋ ਸੋਗ ਕਰ ਰਹੇ ਹੁੰਦੇ ਹਨ ਅਤੇ ਸਾਰੇ ਹਾਜ਼ਰ ਲੋਕਾਂ ਨੂੰ ਇਹ ਗਵਾਹੀ ਦੇਣ ਲਈ ਵੀ ਹੁੰਦਾ ਹੈ ਕਿ ਮੁਰਦਿਆਂ ਦੀ ਅਸਲੀ ਹਾਲਤ ਕੀ ਹੈ। (ਉਪਦੇਸ਼ਕ ਦੀ ਪੋਥੀ 9:5, 10; 2 ਕੁਰਿੰਥੀਆਂ 1:3-5) ਦਾਹ-ਸੰਸਕਾਰ ਦਾ ਇਕ ਹੋਰ ਜ਼ਰੂਰੀ ਕਾਰਨ ਇਹ ਹੁੰਦਾ ਹੈ ਕਿ ਹਾਜ਼ਰ ਲੋਕਾਂ ਦੀ ਇਸ ਗੱਲ ਉੱਤੇ ਵਿਚਾਰ ਕਰਨ ਦੀ ਮਦਦ ਕੀਤੀ ਜਾਵੇ ਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ। (ਉਪਦੇਸ਼ਕ ਦੀ ਪੋਥੀ 7:2) ਕੀ ਆਤਮ-ਹੱਤਿਆ ਕਰਨ ਵਾਲੇ ਦੇ ਦਾਹ-ਸੰਸਕਾਰ ਤੇ ਭਾਸ਼ਣ ਦੇਣ ਨਾਲ ਇਹ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਣਗੀਆਂ?

ਇਹ ਸੱਚ ਹੈ ਕਿ ਕੁਝ ਲੋਕ ਸ਼ਾਇਦ ਸੋਚਣ ਕਿ ਇਸ ਵਿਅਕਤੀ ਨੇ ਤਾਂ ਜਾਣ-ਬੁੱਝ ਕੇ ਆਪਣੀ ਜਾਨ ਲਈ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਪਤਾ ਸੀ ਕਿ ਉਹ ਯਹੋਵਾਹ ਵਿਰੁੱਧ ਪਾਪ ਕਰ ਰਿਹਾ ਹੈ। ਪਰ ਕੀ ਇਸ ਗੱਲ ਦਾ ਪੱਕਾ ਸਬੂਤ ਦਿੱਤਾ ਜਾ ਸਕਦਾ ਹੈ? ਕੀ ਇਹ ਹੋ ਸਕਦਾ ਹੈ ਕਿ ਉਸ ਨੇ ਬਿਨਾਂ ਸੋਚੇ-ਸਮਝ ਇਹ ਕਦਮ ਚੁੱਕ ਲਿਆ ਹੋਵੇ? ਕਈ ਲੋਕ ਜੋ ਆਤਮ-ਹੱਤਿਆ ਕਰਨ ਬਾਰੇ ਸੋਚਦੇ ਹਨ ਆਪਣਾ ਇਰਾਦਾ ਬਦਲ ਲੈਂਦੇ ਹਨ ਅਤੇ ਇਹ ਕਦਮ ਨਹੀਂ ਚੁੱਕਦੇ। ਕੋਈ ਵਿਅਕਤੀ ਆਪਣੀ ਕਰਨੀ ਲਈ ਮਰਨ ਤੋਂ ਬਾਅਦ ਪਛਤਾਵਾ ਨਹੀਂ ਕਰ ਸਕਦਾ।

ਇਕ ਹੋਰ ਜ਼ਰੂਰੀ ਗੱਲ ਹੈ ਕਿ ਆਤਮ-ਹੱਤਿਆ ਕਰਨ ਵਾਲੇ ਕਈ ਲੋਕ ਮਾਨਸਿਕ ਜਾਂ ਭਾਵਾਤਮਕ ਤੌਰ ਤੇ ਬੀਮਾਰ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ ਅਸਲ ਵਿਚ ਆਤਮ-ਹੱਤਿਆ ਦੇ ਸ਼ਿਕਾਰ ਸੱਦਿਆ ਜਾ ਸਕਦਾ ਹੈ। ਕੁਝ ਅੰਕੜਿਆਂ ਦੇ ਮੁਤਾਬਕ ਆਤਮ-ਹੱਤਿਆ ਕਰਨ ਵਾਲਿਆਂ ਵਿੱਚੋਂ 90 ਫੀ ਸਦੀ ਲੋਕਾਂ ਨੂੰ ਕੋਈ ਮਾਨਸਿਕ ਜਾਂ ਭਾਵਾਤਮਕ ਬੀਮਾਰੀ ਹੁੰਦੀ ਹੈ, ਜਾਂ ਉਹ ਕਿਸੇ ਨਸ਼ੇ ਦੇ ਆਦੀ ਹੁੰਦੇ ਹਨ। ਕੀ ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰੇਗਾ ਜੋ ਦਿਮਾਗ਼ ਵਿਚ ਕੋਈ ਨੁਕਸ ਹੋਣ ਕਰਕੇ ਆਪਣਾ ਖ਼ੂਨ ਕਰ ਬੈਠਦੇ ਹਨ? ਅਸੀਂ ਨਹੀਂ ਕਹਿ ਸਕਦੇ ਕਿ ਮਰੇ ਹੋਏ ਵਿਅਕਤੀ ਨੇ ਯਹੋਵਾਹ ਦੀਆਂ ਨਜ਼ਰਾਂ ਵਿਚ ਅਜਿਹਾ ਕੋਈ ਪਾਪ ਕੀਤਾ ਹੈ ਜਿਸ ਦੀ ਕੋਈ ਮਾਫ਼ੀ ਨਹੀਂ ਮਿਲ ਸਕਦੀ। ਇਕ ਮਸੀਹੀ ਭਰਾ ਸ਼ਾਇਦ ਮਰੇ ਹੋਏ ਵਿਅਕਤੀ ਦੇ ਹਾਲਾਤ ਅਤੇ ਉਸ ਦੀ ਡਾਕਟਰੀ ਜਾਣਕਾਰੀ ਬਾਰੇ ਪਹਿਲਾਂ ਪਤਾ ਕਰ ਕੇ ਫਿਰ ਫ਼ੈਸਲਾ ਕਰ ਸਕਦਾ ਹੈ ਕਿ ਉਹ ਉਸ ਦੇ ਦਾਹ-ਸੰਸਕਾਰ ਤੇ ਭਾਸ਼ਣ ਦੇਵੇਗਾ ਕਿ ਨਹੀਂ।

ਇਕ ਹੋਰ ਗੱਲ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ: ਤੁਹਾਡੇ ਇਲਾਕੇ ਵਿਚ ਲੋਕ ਇਸ ਵਿਅਕਤੀ ਦੀ ਮੌਤ ਅਤੇ ਆਤਮ-ਹੱਤਿਆ ਬਾਰੇ ਕੀ ਸੋਚਦੇ ਹਨ? ਬਜ਼ੁਰਗਾਂ ਨੂੰ ਖ਼ਾਸ ਕਰਕੇ ਇਸ ਬਾਰੇ ਸੋਚਣਾ ਚਾਹੀਦਾ ਹੈ ਕਿਉਂਕਿ ਉਹ ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਦੀ ਬਦਨਾਮੀ ਨਹੀਂ ਚਾਹੁੰਦੇ। ਤੁਹਾਡੇ ਇਲਾਕੇ ਵਿਚ ਆਤਮ-ਹੱਤਿਆ ਬਾਰੇ ਆਮ ਰਵੱਈਏ ਅਤੇ ਖ਼ਾਸ ਕਰਕੇ ਹੁਣੇ-ਹੁਣੇ ਹੋਈ ਆਤਮ-ਹੱਤਿਆ ਬਾਰੇ ਲੋਕਾਂ ਦੇ ਰਵੱਈਏ ਕਰਕੇ ਬਜ਼ੁਰਗ ਸ਼ਾਇਦ ਦਾਹ-ਸੰਸਕਾਰ ਦੀ ਜ਼ਿੰਮੇਵਾਰੀ ਨਾ ਲੈਣਾ ਚਾਹੁਣ ਅਤੇ ਕਿੰਗਡਮ ਹਾਲ ਵਿਚ ਭਾਸ਼ਣ ਨਾ ਦੇਣਾ ਚਾਹੁਣ।

ਫਿਰ ਵੀ, ਜੇ ਕਿਸੇ ਮਸੀਹੀ ਭਰਾ ਨੂੰ ਦਾਹ-ਸੰਸਕਾਰ ਤੇ ਭਾਸ਼ਣ ਦੇਣ ਲਈ ਕਿਹਾ ਜਾਵੇ, ਤਾਂ ਉਹ ਨਿੱਜੀ ਤੌਰ ਤੇ ਇਹ ਫ਼ੈਸਲਾ ਕਰ ਸਕਦਾ ਹੈ, ਪਰ ਉਹ ਕਲੀਸਿਯਾ ਦੇ ਪ੍ਰਤਿਨਿਧ ਵਜੋਂ ਇਹ ਨਹੀਂ ਕਰੇਗਾ। ਜੇ ਉਹ ਭਾਸ਼ਣ ਦੇਣ ਦਾ ਫ਼ੈਸਲਾ ਕਰਦਾ ਹੈ ਤਾਂ ਉਸ ਨੂੰ ਉਸ ਵਿਅਕਤੀ ਦੇ ਜੀ ਉੱਠਣ ਬਾਰੇ ਯਕੀਨ ਨਾਲ ਗੱਲ ਨਹੀਂ ਕਰਨੀ ਚਾਹੀਦੀ ਕਿਉਂਕਿ ਮੁਰਦਿਆਂ ਲਈ ਦੁਬਾਰਾ ਜੀਉਣ ਦੀ ਉਮੀਦ ਤਾਂ ਯਹੋਵਾਹ ਦੇ ਹੱਥਾਂ ਵਿਚ ਹੈ ਅਤੇ ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਕਿ ਮਰੇ ਹੋਏ ਵਿਅਕਤੀ ਨੂੰ ਦੁਬਾਰਾ ਜੀ ਉਠਾਇਆ ਜਾਵੇਗਾ ਕਿ ਨਹੀਂ। ਭਰਾ ਇਸ ਗੱਲ ਉੱਤੇ ਜ਼ੋਰ ਦੇ ਸਕਦਾ ਹੈ ਕਿ ਬਾਈਬਲ ਮੁਰਦਿਆਂ ਦੀ ਹਾਲਤ ਬਾਰੇ ਕੀ ਕਹਿੰਦੀ ਹੈ ਅਤੇ ਉਹ ਸੋਗ ਕਰਨ ਵਾਲਿਆਂ ਨੂੰ ਦਿਲਾਸਾ ਦੇ ਸਕਦਾ ਹੈ।