Skip to content

Skip to table of contents

ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ

ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ

ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ

ਮੂਸਾ ਇਕ ਬਹੁਤ ਹੀ ਮਹਾਨ ਵਿਅਕਤੀ ਸੀ। ਬਾਈਬਲ ਦੀਆਂ ਕੂਚ ਤੋਂ ਲੈ ਕੇ ਬਿਵਸਥਾ ਸਾਰ ਦੀਆਂ ਚਾਰ ਕਿਤਾਬਾਂ ਵਿਚ ਤਕਰੀਬਨ ਇਹੋ ਦੱਸਿਆ ਗਿਆ ਹੈ ਕਿ ਪਰਮੇਸ਼ੁਰ ਨੇ ਇਸਰਾਏਲੀਆਂ ਨਾਲ ਕਿਹੋ ਜਿਹਾ ਵਰਤਾਉ ਕੀਤਾ ਸੀ। ਇਸ ਸਮੇਂ ਦੌਰਾਨ ਇਸਰਾਏਲ ਦਾ ਲੀਡਰ ਮੂਸਾ ਸੀ। ਮੂਸਾ ਨੇ ਇਸਰਾਏਲੀਆਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਂਦਾ ਸੀ, ਉਹ ਦੇ ਰਾਹੀਂ ਉਨ੍ਹਾਂ ਨਾਲ ਨੇਮ ਬੰਨ੍ਹਿਆ ਗਿਆ ਸੀ, ਅਤੇ ਉਸ ਨੇ ਉਨ੍ਹਾਂ ਨੂੰ ਵਾਅਦਾ ਕੀਤੇ ਗਏ ਦੇਸ਼ ਤਕ ਲਿਆਂਦਾ ਸੀ। ਮੂਸਾ ਦੀ ਪਰਵਰਿਸ਼ ਫ਼ਿਰਊਨ ਦੇ ਘਰ ਵਿਚ ਹੋਈ ਸੀ, ਪਰ ਉਸ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਲਈ ਅਧਿਕਾਰ ਦਿੱਤਾ ਗਿਆ ਸੀ। ਇਸ ਦੇ ਨਾਲ-ਨਾਲ ਉਸ ਨੇ ਇਕ ਨਬੀ, ਨਿਆਂਕਾਰ, ਅਤੇ ਪਰਮੇਸ਼ੁਰ ਵੱਲੋਂ ਪ੍ਰੇਰਿਤ ਇਕ ਲੇਖਕ ਵਜੋਂ ਵੀ ਸੇਵਾ ਕੀਤੀ ਸੀ। ਫਿਰ ਵੀ ਮੂਸਾ ‘ਸਾਰਿਆਂ ਆਦਮੀਆਂ ਨਾਲੋਂ ਬਹੁਤ ਅਧੀਨ ਸੀ।’—ਗਿਣਤੀ 12:3.

ਬਾਈਬਲ ਵਿਚ ਜ਼ਿਆਦਾਤਰ ਮੂਸਾ ਦੀ ਜ਼ਿੰਦਗੀ ਦੇ ਅਖ਼ੀਰਲੇ 40 ਸਾਲਾਂ ਬਾਰੇ ਦੱਸਿਆ ਗਿਆ ਹੈ। ਇਹ ਸਮਾਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਬਾਹਰ ਆਉਣ ਤੋਂ ਲੈ ਕੇ ਮੂਸਾ ਦੀ ਮੌਤ ਤਕ ਹੈ, ਜਦ ਉਸ ਦੀ ਉਮਰ 120 ਸਾਲਾਂ ਦੀ ਸੀ। ਮੂਸਾ ਨੇ 40 ਤੋਂ 80 ਸਾਲਾਂ ਦੀ ਉਮਰ ਵਿਚਕਾਰ ਮਿਦਯਾਨ ਵਿਚ ਇਕ ਚਰਵਾਹੇ ਵਜੋਂ ਕੰਮ ਕੀਤਾ। ਪਰ ਇਕ ਕੋਸ਼ ਅਨੁਸਾਰ ਉਸ ਦੀ ਜ਼ਿੰਦਗੀ ਦੇ ਪਹਿਲੇ 40 ਸਾਲ, ਮਤਲਬ ਕਿ ਮਿਸਰ ਤੋਂ ਭੱਜਣ ਤਕ ਸਮਾਂ “ਸ਼ਾਇਦ ਸਭ ਤੋਂ ਜ਼ਿਆਦਾ ਦਿਲਚਸਪ ਸਾਲ ਸਨ, ਲੇਕਿਨ ਉਨ੍ਹਾਂ ਬਾਰੇ ਬਹੁਤ ਹੀ ਘੱਟ ਦੱਸਿਆ ਗਿਆ ਹੈ।” ਅਸੀਂ ਇਸ ਸਮੇਂ ਬਾਰੇ ਕੀ ਕੁਝ ਜਾਣ ਸਕਦੇ ਹਾਂ? ਫ਼ਿਰਊਨ ਦੇ ਘਰ ਵਿਚ ਮੂਸਾ ਦੀ ਪਰਵਰਿਸ਼ ਦਾ ਉਸ ਦੀ ਜ਼ਿੰਦਗੀ ਉੱਤੇ ਕੀ ਅਸਰ ਪਿਆ ਹੋਵੇਗਾ? ਉਸ ਉੱਤੇ ਕਿਨ੍ਹਾਂ ਗੱਲਾਂ ਦਾ ਪ੍ਰਭਾਵ ਪਿਆ ਹੋਵੇਗਾ? ਉਸ ਨੂੰ ਕਿਨ੍ਹਾਂ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪਿਆ ਹੋਵੇਗਾ? ਅਤੇ ਅਸੀਂ ਇਨ੍ਹਾਂ ਗੱਲਾਂ ਤੋਂ ਕਿਹੜਾ ਸਬਕ ਸਿੱਖ ਸਕਦੇ ਹਾਂ?

ਮਿਸਰ ਵਿਚ ਗ਼ੁਲਾਮੀ

ਕੂਚ ਦੀ ਪੁਸਤਕ ਵਿਚ ਇਕ ਫ਼ਿਰਊਨ ਬਾਰੇ ਦੱਸਿਆ ਗਿਆ ਜੋ ਮਿਸਰ ਵਿਚ ਵੱਸ ਰਹੇ ਇਸਰਾਏਲੀਆਂ ਤੋਂ ਡਰਨ ਲੱਗ ਪਿਆ ਸੀ ਕਿਉਂਕਿ ਉਨ੍ਹਾਂ ਦੀ ਗਿਣਤੀ ਵੱਧ ਰਹੀ ਸੀ। ਫ਼ਿਰਊਨ ਦੇ ਖ਼ਿਆਲ ਵਿਚ ਉਹ ਉਨ੍ਹਾਂ ਨਾਲ “ਹਿਕਮਤ” ਨਾਲ ਵਰਤ ਕੇ, ਜਾਂ ਚਲਾਕੀ ਕਰ ਕੇ ਉਨ੍ਹਾਂ ਦੀ ਗਿਣਤੀ ਘਟਾ ਸਕਦਾ ਸੀ। ਉਸ ਨੇ ਆਪਣੇ ਕਾਮਿਆਂ ਨੂੰ ਹੁਕਮ ਦਿੱਤਾ ਕਿ ਉਹ ਇਨ੍ਹਾਂ ਗ਼ੁਲਾਮਾਂ ਨੂੰ ਕੋਰੜੇ ਮਾਰ ਕੇ ਸਖ਼ਤ ਮਜ਼ਦੂਰੀ ਕਰਵਾਉਣ। ਉਨ੍ਹਾਂ ਨੂੰ ਭਾਰੇ ਬੋਝ ਢੋਣੇ, ਗਾਰੇ ਤੋਂ ਸੀਮਿੰਟ ਤਿਆਰ ਕਰਨਾ, ਅਤੇ ਦੱਸੀ ਗਈ ਮਾਤਰਾ ਅਨੁਸਾਰ ਹਰ ਰੋਜ਼ ਇੱਟਾਂ ਬਣਾਉਣੀਆਂ ਪੈਂਦੀਆਂ ਸਨ।—ਕੂਚ 1:8-14; 5:6-18.

ਇਤਿਹਾਸ ਤੋਂ ਸਬੂਤ ਮਿਲਦਾ ਹੈ ਕਿ ਮਿਸਰ ਦੀਆਂ ਇਨ੍ਹਾਂ ਹਾਲਾਤਾਂ ਅਧੀਨ ਮੂਸਾ ਦਾ ਜਨਮ ਹੋਇਆ ਸੀ। ਪ੍ਰਾਚੀਨ ਪਪਾਇਰੀ ਅਤੇ ਘੱਟੋ-ਘੱਟ ਇਕ ਕਬਰ ਦੀ ਤਸਵੀਰ ਤੋਂ ਇਹ ਦੇਖਿਆ ਜਾ ਸਕਦਾ ਹੈ ਕਿ ਅੱਜ ਤੋਂ ਤਿੰਨ ਜਾਂ ਚਾਰ ਹਜ਼ਾਰ ਸਾਲ ਪਹਿਲਾਂ ਗ਼ੁਲਾਮਾਂ ਤੋਂ ਗਾਰੇ ਦੀਆਂ ਇੱਟਾਂ ਬਣਵਾਈਆਂ ਜਾਂਦੀਆਂ ਸਨ। ਇੱਟਾਂ ਤਿਆਰ ਕਰਾਉਣ ਲਈ ਜ਼ਿੰਮੇਵਾਰ ਹਾਕਮ ਗ਼ੁਲਾਮਾਂ ਦੇ ਗਰੁੱਪ ਬਣਾ ਕੇ ਉਨ੍ਹਾਂ ਉੱਤੇ ਨਿਗਾਹਬਾਨ ਠਹਿਰਾਉਂਦੇ ਸੀ। ਹਰ ਗਰੁੱਪ ਵਿਚ 6 ਤੋਂ 18 ਗ਼ੁਲਾਮ ਹੁੰਦੇ ਸਨ। ਇੱਟਾਂ ਲਈ ਚਿਕਣੀ ਮਿੱਟੀ ਖੋਦਣੀ ਪੈਂਦੀ ਸੀ ਅਤੇ ਤੂੜੀ ਇਕੱਠੀ ਕਰ ਕੇ ਉਸ ਜਗ੍ਹਾ ਤਕ ਢੋਣੀ ਪੈਂਦੀ ਸੀ ਜਿੱਥੇ ਇੱਟਾਂ ਬਣਾਈਆਂ ਜਾਂਦੀਆਂ ਸਨ। ਵੱਖੋ-ਵੱਖਰੀਆਂ ਕੌਮਾਂ ਦੇ ਲੋਕ ਪਾਣੀ ਢੋਂਦੇ ਸਨ, ਅਤੇ ਕਹੀਆਂ ਨਾਲ ਚਿਕਣੀ ਮਿੱਟੀ ਅਤੇ ਤੂੜੀ ਰਲਾਉਂਦੇ ਸਨ। ਢਾਂਚਿਆਂ ਵਿਚ ਇੱਟਾਂ ਦੇ ਢੇਰਾਂ ਦੇ ਢੇਰ ਬਣਾਏ ਜਾਂਦੇ ਸਨ ਅਤੇ ਫਿਰ ਉਨ੍ਹਾਂ ਦੀਆਂ ਕਤਾਰਾਂ ਲਗਾਈਆਂ ਜਾਂਦੀਆਂ ਸਨ। ਮਜ਼ਦੂਰ ਆਪਣੇ ਜੂਲਿਆਂ ਨੂੰ ਧੁੱਪ ਵਿਚ ਸੁਕਾਈਆਂ ਗਈਆਂ ਇੱਟਾਂ ਨਾਲ ਭਰ ਲੈਂਦੇ ਸਨ ਅਤੇ ਫਿਰ ਉਨ੍ਹਾਂ ਨੂੰ ਉਸਾਰੀ ਦੇ ਥਾਂ ਢੋਂਦੇ ਸਨ ਜਿੱਥੇ ਪਹੁੰਚਣ ਲਈ ਉਨ੍ਹਾਂ ਨੂੰ ਕਦੇ-ਕਦੇ ਉੱਚੇ ਅਤੇ ਟੇਢੇ ਥੜ੍ਹੇ ਵਰਤਣੇ ਪੈਂਦੇ ਸਨ। ਮਿਸਰੀ ਨਿਗਾਹਬਾਨ ਡੰਡੇ ਲੈ ਕੇ ਬੈਠ ਕੇ ਜਾਂ ਘੁੰਮ-ਫਿਰ ਕੇ ਕੰਮ ਦੀ ਨਿਗਰਾਨੀ ਕਰਦੇ ਸਨ।

ਇਕ ਪ੍ਰਾਚੀਨ ਰਿਕਾਰਡ ਤੋਂ ਪਤਾ ਲੱਗਦਾ ਹੈ ਕਿ 602 ਮਜ਼ਦੂਰਾਂ ਨੇ 39,118 ਇੱਟਾਂ ਬਣਾਈਆਂ ਸਨ। ਇਸ ਦਾ ਮਤਲਬ ਹੈ ਕਿ ਇਕ ਸ਼ਿਫ਼ਟ ਦੌਰਾਨ ਹਰ ਆਦਮੀ ਨੇ ਤਕਰੀਬਨ 65 ਇੱਟਾਂ ਬਣਾਈਆਂ ਸਨ। ਅਤੇ 13ਵੀਂ ਸਦੀ ਸਾ.ਯੁ.ਪੂ. ਤੋਂ ਇਕ ਰਿਕਾਰਡ ਨੇ ਦਿਖਾਇਆ ਕਿ ‘ਆਦਮੀ ਦੱਸੀ ਗਈ ਮਾਤਰਾ ਅਨੁਸਾਰ ਹਰ ਰੋਜ਼ ਆਪਣੇ ਹਿੱਸੇ ਦੀਆਂ ਇੱਟਾਂ ਬਣਾ ਰਹੇ ਹਨ।’ ਇਹ ਗੱਲਾਂ ਕੂਚ ਦੀ ਪੁਸਤਕ ਨਾਲ ਬਹੁਤ ਹੀ ਮਿਲਦੀਆਂ-ਜੁਲਦੀਆਂ ਹਨ ਜਿੱਥੇ ਇਸਰਾਏਲੀਆਂ ਦੀ ਗ਼ੁਲਾਮੀ ਬਾਰੇ ਦੱਸਿਆ ਗਿਆ ਹੈ।

ਇੰਨੇ ਜ਼ੁਲਮ ਦੇ ਬਾਵਜੂਦ ਵੀ ਇਸਰਾਏਲੀਆਂ ਦੀ ਆਬਾਦੀ ਘਟੀ ਨਹੀਂ। ਇਸ ਦੀ ਬਜਾਇ ‘ਜਿੰਨਾ ਮਿਸਰੀ ਉਨ੍ਹਾਂ ਨੂੰ ਜਿੱਚ ਕਰਦੇ ਸਨ ਓਹ ਉੱਨਾ ਹੀ ਵਧਦੇ ਸਨ, ਐਉਂ ਓਹ ਇਸਰਾਏਲੀਆਂ ਤੋਂ ਅੱਕ ਗਏ।’ (ਕੂਚ 1:10, 12) ਇਸ ਲਈ ਫ਼ਿਰਊਨ ਨੇ ਪਹਿਲਾਂ ਤਾਂ ਇਬਰਾਨੀ ਦਾਈਆਂ ਨੂੰ ਫਿਰ ਆਪਣੇ ਸਾਰਿਆਂ ਲੋਕਾਂ ਨੂੰ ਨਵੇਂ ਜੰਮੇ ਹੋਏ ਇਸਰਾਏਲੀ ਮੁੰਡਿਆਂ ਦਾ ਕਤਲ ਕਰਨ ਦਾ ਹੁਕਮ ਦਿੱਤਾ। ਇਨ੍ਹਾਂ ਭਿਆਨਕ ਹਾਲਾਤਾਂ ਅਧੀਨ ਯੋਕਬਦ ਅਤੇ ਅਮਰਾਮ ਨੂੰ ਇਕ ਮੁੰਡਾ ਜੰਮਿਆ ਜੋ ਬਹੁਤ ਹੀ ਸੋਹਣਾ ਸੀ ਅਤੇ ਉਸ ਦਾ ਨਾਂ ਮੂਸਾ ਰੱਖਿਆ ਗਿਆ।—ਕੂਚ 1:15-22; 6:20; ਰਸੂਲਾਂ ਦੇ ਕਰਤੱਬ 7:20.

ਲੁਕੋਇਆ, ਲੱਭਿਆ, ਅਤੇ ਗੋਦ ਲਿਆ ਗਿਆ

ਮੂਸਾ ਦੇ ਮਾਪਿਆਂ ਨੇ ਫ਼ਿਰਊਨ ਦੇ ਹੁਕਮ ਦੀ ਪਾਲਣਾ ਨਹੀਂ ਕੀਤੀ ਅਤੇ ਆਪਣੇ ਨੰਨ੍ਹੇ ਬੱਚੇ ਨੂੰ ਲੁਕੋ ਲਿਆ। ਸਾਨੂੰ ਪੱਕਾ ਨਹੀਂ ਪਤਾ ਕਿ ਇਸ ਸਮੇਂ ਜਾਸੂਸ ਬੱਚਿਆਂ ਲਈ ਘਰਾਂ ਦੀ ਤਲਾਸ਼ੀ ਲੈਂਦੇ ਸਨ ਕਿ ਨਹੀਂ। ਲੇਕਿਨ ਜਿਸ ਤਰ੍ਹਾਂ ਵੀ ਸੀ ਤਿੰਨਾਂ ਮਹੀਨਿਆਂ ਤੋਂ ਬਾਅਦ ਮੂਸਾ ਦੇ ਮਾਪੇ ਉਸ ਨੂੰ ਲੁਕੋਈ ਨਾ ਰੱਖ ਸਕੇ। ਇਸ ਲਈ ਉਸ ਦੀ ਬੇਚਾਰੀ ਮਾਂ ਨੇ ਪਪਾਇਰਸ ਦਾ ਟੋਕਰਾ ਬਣਾਇਆ ਤਾਂ ਉਸ ਨੂੰ ਰਾਲ ਨਾਲ ਲਿੱਪਿਆ ਤਾਂਕਿ ਉਸ ਵਿਚ ਪਾਣੀ ਨਾ ਵੜ ਸਕੇ ਅਤੇ ਆਪਣੇ ਬੱਚੇ ਨੂੰ ਉਸ ਵਿਚ ਰੱਖਿਆ। ਇਹ ਸੱਚ ਹੈ ਕਿ ਯੋਕਬਦ ਨੇ ਫ਼ਿਰਊਨ ਦਾ ਹੁਕਮ ਨਹੀਂ ਸੀ ਮੰਨਿਆ ਲੇਕਿਨ ਅਸੀਂ ਕਹਿ ਸਕਦੇ ਹਾਂ ਕਿ ਉਸ ਨੇ ਕੁਝ ਹੱਦ ਤਕ ਫ਼ਿਰਊਨ ਦੀ ਇਹ ਗੱਲ ਜ਼ਰੂਰ ਮੰਨੀ ਸੀ ਕਿ ਹਰ ਨਵੇਂ ਜੰਮੇ ਇਸਰਾਏਲੀ ਮੁੰਡੇ ਨੂੰ ਨੀਲ ਦਰਿਆ ਵਿਚ ਸੁੱਟਿਆ ਜਾਵੇ। ਫਿਰ ਮੂਸਾ ਦੀ ਵੱਡੀ ਭੈਣ ਮਿਰਯਮ ਇਹ ਜਾਣਨ ਲਈ ਕਿ ਉਸ ਨਾਲ ਕੀ ਹੁੰਦਾ ਹੈ ਲਾਗੇ ਖੜ੍ਹੀ ਰਹੀ।—ਕੂਚ 1:22–2:4.

ਸਾਨੂੰ ਇਹ ਨਹੀਂ ਪਤਾ ਕਿ ਯੋਕਬਦ ਨੇ ਇਸ ਤਰ੍ਹਾਂ ਜਾਣ-ਬੁੱਝ ਕੇ ਕੀਤਾ ਸੀ ਕਿ ਫ਼ਿਰਊਨ ਦੀ ਧੀ ਦਰਿਆ ਵਿਚ ਨਹਾਉਣ ਦੇ ਵੇਲੇ ਮੂਸਾ ਨੂੰ ਲੱਭੇਗੀ, ਪਰ ਇਸ ਤਰ੍ਹਾਂ ਹੋਇਆ ਜ਼ਰੂਰ ਸੀ। ਰਾਜਕੁਮਾਰੀ ਨੇ ਪਛਾਣ ਲਿਆ ਸੀ ਕਿ ਉਹ ਇਬਰਾਨੀਆਂ ਦਾ ਮੁੰਡਾ ਸੀ। ਉਸ ਨੇ ਕੀ ਕੀਤਾ ਸੀ? ਕੀ ਉਸ ਨੇ ਆਪਣੇ ਪਿਤਾ ਦੇ ਹੁਕਮ ਅਨੁਸਾਰ ਉਸ ਨੂੰ ਕਤਲ ਕਰਨ ਦੀ ਆਗਿਆ ਦਿੱਤੀ ਸੀ? ਨਹੀਂ, ਉਸ ਨੇ ਉਹੀ ਕੀਤਾ ਜੋ ਇਕ ਔਰਤ ਕੁਦਰਤੀ ਹੀ ਕਰਦੀ। ਜੀ ਹਾਂ, ਉਸ ਨੂੰ ਮੂਸਾ ਉੱਤੇ ਤਰਸ ਆਇਆ ਅਤੇ ਉਸ ਨੇ ਉਸ ਉੱਤੇ ਦਇਆ ਕੀਤੀ।

ਮਿਰਯਮ ਜਲਦੀ ਹੀ ਫ਼ਿਰਊਨ ਦੀ ਧੀ ਕੋਲ ਆਈ ਅਤੇ ਉਸ ਨੂੰ ਪੁੱਛਿਆ: ‘ਮੈਂ ਇਬਰਾਨਣਾਂ ਵਿੱਚੋਂ ਕਿਸੇ ਨੂੰ ਲਿਆਵਾਂ ਤਾਂ ਜੋ ਉਹ ਤੁਹਾਡੇ ਲਈ ਏਸ ਬਾਲ ਨੂੰ ਦੁੱਧ ਚੁੰਘਾ ਸਕੇ?’ ਕਈਆਂ ਨੂੰ ਇਹ ਹਵਾਲਾ ਬਹੁਤ ਹੀ ਅਜੀਬ ਲੱਗਦਾ ਹੈ। ਮੂਸਾ ਦੀ ਭੈਣ ਅਤੇ ਫ਼ਿਰਊਨ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਫ਼ਿਰਊਨ ਨੇ ਤਾਂ ਆਪਣਿਆਂ ਸਲਾਹਕਾਰਾਂ ਨਾਲ ਮਿਲ ਕੇ “ਹਿਕਮਤ” ਨਾਲ ਇਬਰਾਨੀਆਂ ਖ਼ਿਲਾਫ ਸਕੀਮ ਬਣਾਈ ਸੀ। ਇਹ ਸੱਚ ਹੈ ਕਿ ਮੂਸਾ ਦੀ ਜਾਨ ਉਦੋਂ ਤਕ ਖ਼ਤਰੇ ਵਿਚ ਰਹੀ ਜਦ ਤਕ ਰਾਜਕੁਮਾਰੀ ਨੇ ਉਸ ਦੀ ਭੈਣ ਦੀ ਗੱਲ ਨਹੀਂ ਮੰਨੀ। ਜਦ ਫ਼ਿਰਊਨ ਦੀ ਧੀ ਨੇ ਮਿਰਯਮ ਨੂੰ ਕਿਹਾ “ਜਾਹ!” ਤਾਂ ਮਿਰਯਮ ਇਕਦਮ ਆਪਣੀ ਮਾਂ ਨੂੰ ਸੱਦ ਲਿਆਈ। ਇਸ ਬਹੁਤ ਹੀ ਵਧੀਆ ਤਰੀਕੇ ਦੁਆਰਾ ਸ਼ਾਹੀ ਰੱਖਿਆ ਅਧੀਨ ਯੋਕਬਦ ਨੂੰ ਉਸ ਦੇ ਆਪਣੇ ਹੀ ਬੱਚੇ ਦੀ ਪਰਵਰਿਸ਼ ਕਰਨ ਲਈ ਨੌਕਰੀ ਦਿੱਤੀ ਗਈ।—ਕੂਚ 2:5-9.

ਇਹ ਦਇਆਵਾਨ ਰਾਜਕੁਮਾਰੀ ਜ਼ਰਾ ਵੀ ਆਪਣੇ ਜ਼ਾਲਮ ਪਿਤਾ ਵਰਗੀ ਨਹੀਂ ਸੀ। ਉਹ ਬੱਚੇ ਬਾਰੇ ਚੰਗੀ ਤਰ੍ਹਾਂ ਜਾਣਦੀ ਸੀ ਕਿ ਉਹ ਇਕ ਇਬਰਾਨੀ ਬੱਚਾ ਸੀ। ਉਸ ਨੇ ਬੱਚੇ ਉੱਤੇ ਦਇਆ ਕੀਤੀ ਤੇ ਉਸ ਨੂੰ ਗੋਦ ਲੈ ਲਿਆ, ਅਤੇ ਇਬਰਾਨਣਾਂ ਵਿੱਚੋਂ ਇਕ ਚੁੰਘਾਵੀ ਰੱਖ ਕੇ ਉਸ ਨੇ ਸਾਬਤ ਕੀਤਾ ਕਿ ਉਹ ਆਪਣੇ ਪਿਤਾ ਵਾਂਗ ਪੱਖਪਾਤ ਨਹੀਂ ਸੀ ਕਰਦੀ।

ਪਰਵਰਿਸ਼ ਅਤੇ ਵਿੱਦਿਆ

ਯੋਕਬਦ “ਨੇ ਬਾਲ ਨੂੰ ਲੈ ਕੇ ਦੁੱਧ ਚੁੰਘਾਇਆ। ਜਾਂ ਬਾਲ ਵੱਡਾ ਹੋ ਗਿਆ ਤਾਂ ਉਹ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਹ ਉਸ ਦਾ ਪੁੱਤ੍ਰ ਠਹਿਰਿਆ।” (ਕੂਚ 2:9, 10) ਬਾਈਬਲ ਵਿਚ ਇਹ ਨਹੀਂ ਦੱਸਿਆ ਗਿਆ ਕਿ ਮੂਸਾ ਆਪਣੇ ਅਸਲੀ ਮਾਪਿਆਂ ਨਾਲ ਕਿੰਨਾ ਕੁ ਚਿਰ ਰਿਹਾ ਸੀ। ਕੁਝ ਲੋਕ ਵਿਚਾਰ ਕਰਦੇ ਹਨ ਕਿ ਉਹ ਉਨ੍ਹਾਂ ਨਾਲ ਉਦੋਂ ਤਕ ਰਿਹਾ ਹੋਵੇਗਾ ਜਦ ਤਕ ਉਹ ਦੁੱਧ ਚੁੰਘਦਾ ਰਿਹਾ, ਯਾਨੀ ਦੋ-ਤਿੰਨ ਸਾਲਾਂ ਦੀ ਉਮਰ ਤਕ, ਪਰ ਹੋ ਸਕਦਾ ਹੈ ਕਿ ਉਹ ਇਸ ਤੋਂ ਜ਼ਿਆਦਾ ਸਮੇਂ ਲਈ ਰਿਹਾ ਸੀ। ਕੂਚ ਦੀ ਕਿਤਾਬ ਵਿਚ ਸਿਰਫ਼ ਇਹ ਹੀ ਲਿਖਿਆ ਗਿਆ ਹੈ ਕਿ ਉਹ ਆਪਣੇ ਮਾਪਿਆਂ ਦੇ ਨਾਲ ਰਹਿ ਕੇ ‘ਵੱਡਾ ਹੋਇਆ’ ਸੀ, ਉਸ ਸਮੇਂ ਉਸ ਦੀ ਉਮਰ ਕੀ ਸੀ ਇਹ ਨਹੀਂ ਦੱਸਿਆ ਗਿਆ। ਜੋ ਵੀ ਸੀ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਅਮਰਾਮ ਅਤੇ ਯੋਕਬਦ ਨੇ ਆਪਣੇ ਮੁੰਡੇ ਨੂੰ ਉਸ ਦੀ ਇਬਰਾਨੀ ਵੰਸ਼ਾਵਲੀ ਅਤੇ ਯਹੋਵਾਹ ਬਾਰੇ ਸਿਖਾਉਣ ਲਈ ਇਸ ਸਮੇਂ ਦਾ ਜ਼ਰੂਰ ਫ਼ਾਇਦਾ ਉਠਾਇਆ ਹੋਵੇਗਾ। ਸਮੇਂ ਦੇ ਬੀਤਣ ਨਾਲ ਹੀ ਪਤਾ ਲੱਗਾ ਕਿ ਉਹ ਉਸ ਦੇ ਦਿਲ ਵਿਚ ਨਿਹਚਾ ਅਤੇ ਪਿਆਰ ਬਿਠਾਉਣ ਵਿਚ ਕਿੰਨੇ ਕੁ ਕਾਮਯਾਬ ਹੋਏ ਸਨ।

ਜਦੋਂ ਮੂਸਾ ਨੂੰ ਫ਼ਿਰਊਨ ਦੀ ਧੀ ਕੋਲ ਵਾਪਸ ਲਿਆਂਦਾ ਗਿਆ ਸੀ ਤਾਂ ਉਸ ਨੇ “ਮਿਸਰੀਆਂ ਦੀ ਸਾਰੀ ਵਿੱਦਿਆ ਸਿੱਖੀ।” (ਰਸੂਲਾਂ ਦੇ ਕਰਤੱਬ 7:22) ਇਸ ਦਾ ਮਤਲਬ ਹੈ ਕਿ ਉਸ ਨੂੰ ਸਰਕਾਰੀ ਕੰਮ ਕਰਨ ਦੇ ਯੋਗ ਬਣਾਉਣ ਲਈ ਸਿਖਲਾਈ ਦਿੱਤੀ ਗਈ ਸੀ। ਮਿਸਰੀਆਂ ਦੀ ਵਿੱਦਿਆ ਵਿਚ ਹਿਸਾਬ-ਕਿਤਾਬ, ਜਿਉਮੈਟਰੀ, ਆਰਕੀਟੈਕਚਰ, ਉਸਾਰੀ ਦਾ ਕੰਮ, ਅਤੇ ਕਲਾ ਤੇ ਵਿਗਿਆਨ ਦੀ ਸਿੱਖਿਆ ਸ਼ਾਮਲ ਸੀ। ਸੰਭਵ ਹੈ ਕਿ ਸ਼ਾਹੀ ਪਰਿਵਾਰ ਇਹ ਵੀ ਚਾਹੁੰਦਾ ਸੀ ਕਿ ਮੂਸਾ ਮਿਸਰੀ ਧਰਮ ਬਾਰੇ ਵੀ ਸਿੱਖਿਆ ਹਾਸਲ ਕਰੇ।

ਹੋ ਸਕਦਾ ਹੈ ਕਿ ਮੂਸਾ ਨੇ ਸ਼ਾਹੀ ਪਰਿਵਾਰਾਂ ਦੇ ਦੂਸਰਿਆਂ ਬੱਚਿਆਂ ਦੇ ਸਾਥ-ਸਾਥ ਇਹ ਵਧੀਆ ਸਿੱਖਿਆ ਹਾਸਲ ਕੀਤੀ ਸੀ। ਅਜਿਹੀ ਸਿੱਖਿਆ ਉਨ੍ਹਾਂ “ਵਿਦੇਸ਼ੀ ਰਾਜਿਆਂ” ਦੇ ਬੱਚਿਆਂ ਨੂੰ ਵੀ ਦਿੱਤੀ ਜਾਂਦੀ ਸੀ ਜਿਨ੍ਹਾਂ ਨੂੰ ‘ਕੈਦੀ ਬਣਾ ਕੇ ਮਿਸਰ ਨੂੰ ਭੇਜਿਆ ਜਾਂ ਲਿਆਇਆ ਜਾਂਦੀ ਸੀ ਤਾਂਕਿ ਉਨ੍ਹਾਂ ਨੂੰ ਕੋਈ “ਅਕਲ” ਆਵੇ ਅਤੇ ਜਦੋਂ ਉਹ ਫ਼ਿਰਊਨ ਦੇ ਅਧੀਨ ਰਹਿੰਦਿਆਂ ਆਪਣੇ ਦੇਸ਼ ਵਿਚ ਰਾਜ ਕਰਨ ਲਈ ਵਾਪਸ ਭੇਜੇ ਜਾਂਦੇ ਸਨ ਉਹ ਉਸ ਦੇ ਪ੍ਰਤੀ ਵਫ਼ਾਦਾਰ ਰਹਿਣ।’ (ਥੁੱਟਮੋਸ ਚੌਥੇ ਦਾ ਰਾਜ, ਬੈਟਸੀ ਐੱਮ. ਬਰਾਇਨ ਦੁਆਰਾ) ਇਵੇਂ ਲੱਗਦਾ ਹੈ ਕਿ ਸ਼ਾਹੀ ਮਹਿਲਾਂ ਦੇ ਨਾਲ ਲੱਗਦੀਆਂ ਨਰਸਰੀਆਂ ਵਿਚ ਬੱਚਿਆਂ ਨੂੰ ਦਰਬਾਰੀ ਸੇਵਾ ਕਰਨ ਲਈ ਤਾਲੀਮ ਦਿੱਤੀ ਜਾਂਦੀ ਸੀ। * ਲਗਭਗ 4,000 ਅਤੇ 2,500 ਸਾਲ ਪੁਰਾਣੇ ਮਿਸਰੀ ਇਤਿਹਾਸ ਦੇ ਸ਼ਿਲਾ-ਲੇਖ ਦਿਖਾਉਂਦੇ ਹਨ ਕਿ ਫ਼ਿਰਊਨ ਦੇ ਕਈ ਟਹਿਲੂਆਂ ਅਤੇ ਉੱਚੀ ਪਦਵੀ ਵਾਲੇ ਅਫ਼ਸਰਾਂ ਨੂੰ ਇਨ੍ਹਾਂ ਨਰਸਰੀਆਂ ਵਿਚ ਤਾਲੀਮ ਮਿਲੀ ਸੀ ਅਤੇ ਉਨ੍ਹਾਂ ਨੂੰ ਜਵਾਨ ਹੋਣ ਤੇ ਵੀ ਸਨਮਾਨ ਦੇਣ ਲਈ “ਨਰਸਰੀ ਦਾ ਬੱਚਾ” ਸੱਦਿਆ ਜਾਂਦਾ ਸੀ।

ਦਰਬਾਰੀ ਜ਼ਿੰਦਗੀ ਕਾਰਨ ਮੂਸਾ ਉੱਤੇ ਬਹੁਤ ਹੀ ਅਜ਼ਮਾਇਸ਼ਾਂ ਆਈਆਂ ਸਨ। ਉਸ ਦੇ ਸਾਮ੍ਹਣੇ ਧਨ-ਦੌਲਤ, ਐਸ਼-ਆਰਾਮ, ਅਤੇ ਅਧਿਕਾਰ ਸੀ। ਅਤੇ ਇਸ ਦੇ ਨਾਲ-ਨਾਲ ਉਸ ਨੂੰ ਨੈਤਿਕ ਤੌਰ ਤੇ ਵੀ ਖ਼ਤਰਾ ਸੀ। ਮੂਸਾ ਨੇ ਇਨ੍ਹਾਂ ਹਾਲਤਾਂ ਅਧੀਨ ਕੀ ਕੀਤਾ ਸੀ? ਉਹ ਕਿਸ ਪ੍ਰਤੀ ਵਫ਼ਾਦਾਰ ਸਾਬਤ ਹੋਇਆ ਸੀ? ਕੀ ਉਸ ਨੇ ਯਹੋਵਾਹ ਦੀ ਭਗਤੀ ਅਤੇ ਆਪਣੇ ਕੁਚਲੇ ਹੋਏ ਇਬਰਾਨੀ ਭਰਾਵਾਂ ਦੀ ਮਦਦ ਦਿਲੋਂ ਕੀਤੀ ਸੀ, ਜਾਂ ਕੀ ਉਸ ਨੇ ਉਹ ਸਭ ਕੁਝ ਪਸੰਦ ਕੀਤਾ ਸੀ ਜੋ ਮਿਸਰ ਤੋਂ ਉਸ ਨੂੰ ਮਿਲ ਸਕਦਾ ਸੀ?

ਇਕ ਬਹੁਤ ਹੀ ਮਹੱਤਵਪੂਰਣ ਫ਼ੈਸਲਾ

ਜਦ ਮੂਸਾ 40 ਸਾਲਾਂ ਦੀ ਉਮਰ ਦਾ ਸੀ ਉਸ ਨੇ “ਆਪਣੇ ਭਰਾਵਾਂ ਕੋਲ ਬਾਹਰ ਜਾਕੇ ਉਨ੍ਹਾਂ ਦੇ ਭਾਰਾਂ ਨੂੰ ਡਿੱਠਾ।” ਆਪਣੀ 40 ਸਾਲਾਂ ਦੀ ਉਮਰ ਦੌਰਾਨ ਮੂਸਾ ਮਿਸਰੀ ਜ਼ਿੰਦਗੀ ਪੂਰੀ ਤਰ੍ਹਾਂ ਅਪਣਾ ਸਕਦਾ ਸੀ। ਉਸ ਦੇ ਅਗਲੇ ਕਦਮ ਦਿਖਾਉਂਦੇ ਹਨ ਕਿ ਉਹ ਇਬਰਾਨੀਆਂ ਨੂੰ ਇਵੇਂ ਹੀ ਨਹੀਂ ਸੀ ਦੇਖਣ ਆਇਆ, ਸਗੋਂ ਉਹ ਦਿਲੋਂ ਉਨ੍ਹਾਂ ਦੀ ਮਦਦ ਕਰਨੀ ਚਾਹੁੰਦਾ ਸੀ। ਜਦ ਉਸ ਨੇ ਇਕ ਮਿਸਰੀ ਨੂੰ ਇਕ ਇਬਰਾਨੀ ਆਦਮੀ ਨੂੰ ਕੁੱਟਦੇ ਦੇਖਿਆ ਤਾਂ ਮੂਸਾ ਨੇ ਉਸ ਨੂੰ ਬਚਾ ਕੇ ਮਿਸਰੀ ਆਦਮੀ ਨੂੰ ਮਾਰ ਸੁੱਟਿਆ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਮੂਸਾ ਦਿਲੋਂ ਆਪਣੇ ਭਰਾਵਾਂ ਦਾ ਸਾਥ ਦੇਣ ਲਈ ਤਿਆਰ ਸੀ। ਸੰਭਵ ਹੈ ਕਿ ਜਿਸ ਆਦਮੀ ਨੂੰ ਮਾਰਿਆ ਗਿਆ ਸੀ ਉਹ ਇਕ ਅਧਿਕਾਰੀ ਸੀ ਜੋ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਿਹਾ ਸੀ। ਮਿਸਰੀਆਂ ਦੀਆਂ ਨਜ਼ਰਾਂ ਵਿਚ ਮੂਸਾ ਨੂੰ ਫ਼ਿਰਊਨ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਸੀ ਕਿਉਂਕਿ ਉਸ ਨੇ ਉਸ ਲਈ ਬਹੁਤ ਕੁਝ ਕੀਤਾ ਸੀ। ਪਰ ਮੂਸਾ ਨਿਆਂ ਦਾ ਵੀ ਪ੍ਰੇਮੀ ਸੀ, ਜੋ ਗੁਣ ਉਸ ਨੇ ਅਗਲੇ ਦਿਨ ਜ਼ਾਹਰ ਕੀਤਾ ਜਦ ਉਸ ਨੇ ਇਕ ਇਬਰਾਨੀ ਨੂੰ ਬੇਇਨਸਾਫ਼ੀ ਨਾਲ ਆਪਣੇ ਸਾਥੀ ਨੂੰ ਕੁੱਟਦੇ ਦੇਖਿਆ। ਮੂਸਾ ਇਬਰਾਨੀਆਂ ਨੂੰ ਇਸ ਕਠੋਰ ਗ਼ੁਲਾਮੀ ਤੋਂ ਆਜ਼ਾਦ ਕਰਨਾ ਚਾਹੁੰਦਾ ਸੀ। ਪਰ ਜਦ ਫ਼ਿਰਊਨ ਨੂੰ ਪਤਾ ਲੱਗਾ ਕਿ ਮੂਸਾ ਨੇ ਉਸ ਦਾ ਸਾਥ ਛੱਡ ਦਿੱਤਾ ਹੈ ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਮੂਸਾ ਨੂੰ ਮਿਦਯਾਨ ਦੇ ਦੇਸ਼ ਨੂੰ ਭੱਜਣਾ ਪਿਆ ਸੀ।—ਕੂਚ 2:11-15; ਰਸੂਲਾਂ ਦੇ ਕਰਤੱਬ 7:23-29. *

ਇਸ ਸਮੇਂ ਮੂਸਾ ਪਰਮੇਸ਼ੁਰ ਦੇ ਲੋਕਾਂ ਨੂੰ ਆਜ਼ਾਦ ਕਰਾਉਣਾ ਚਾਹੁੰਦਾ ਸੀ ਪਰ ਹਾਲੇ ਯਹੋਵਾਹ ਦੀ ਨਜ਼ਰ ਵਿਚ ਠੀਕ ਸਮਾਂ ਨਹੀਂ ਸੀ। ਫਿਰ ਵੀ ਮੂਸਾ ਦਿਆਂ ਕੰਮਾਂ ਤੋਂ ਉਸ ਦੀ ਨਿਹਚਾ ਜ਼ਾਹਰ ਹੋਈ। ਇਬਰਾਨੀਆਂ 11:24-26 ਕਹਿੰਦਾ ਹੈ: “ਨਿਹਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤ੍ਰ ਅਖਵਾਉਣ ਤੋਂ ਇਨਕਾਰ ਕੀਤਾ। ਕਿਉਂ ਜੋ ਉਹ ਨੇ ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।” ਕਿਉਂ? ਕਿਉਂਕਿ “ਉਹ ਨੇ ਵਿਚਾਰ ਕੀਤਾ ਭਈ ਮਸੀਹ ਦੇ ਨਮਿੱਤ ਨਿੰਦਿਆ ਜਾਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ ਕਿਉਂ ਜੋ ਫਲ ਵੱਲ ਉਹ ਦਾ ਧਿਆਨ ਸੀ।” ਇੱਥੇ “ਮਸੀਹ” ਸ਼ਬਦ ਦਾ ਅਨੋਖਾ ਜ਼ਿਕਰ ਕੀਤਾ ਗਿਆ ਹੈ ਜਿਸ ਦਾ ਅਰਥ ਹੈ “ਮਸਹ ਕੀਤਾ ਹੋਇਆ” ਅਤੇ ਇਹ ਸ਼ਬਦ ਇਸ ਭਾਵ ਵਿਚ ਮੂਸਾ ਉੱਤੇ ਲਾਗੂ ਹੁੰਦੇ ਹਨ ਕਿ ਯਹੋਵਾਹ ਨੇ ਬਾਅਦ ਵਿਚ ਉਸ ਨੂੰ ਇਕ ਖ਼ਾਸ ਕੰਮ ਲਈ ਨਿਯੁਕਤ ਕੀਤਾ ਸੀ।

ਜ਼ਰਾ ਸੋਚੋ! ਮੂਸਾ ਦੀ ਪਰਵਰਿਸ਼ ਉੱਚੇ ਖ਼ਾਨਦਾਨਾਂ ਦੀ ਸੀ। ਮੂਸਾ ਦੇ ਸਾਮ੍ਹਣੇ ਇਕ ਬਹੁਤ ਹੀ ਵਧੀਆ ਕੈਰੀਅਰ ਸੀ ਅਤੇ ਬੇਹੱਦ ਐਸ਼-ਆਰਾਮ ਵਾਲੀ ਜ਼ਿੰਦਗੀ, ਪਰ ਉਸ ਨੇ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਠੁਕਰਾ ਦਿੱਤਾ। ਉਹ ਜ਼ਾਲਮ ਫ਼ਿਰਊਨ ਦੇ ਦਰਬਾਰ ਵਿਚ ਜੀ ਕੇ ਯਹੋਵਾਹ ਲਈ ਅਤੇ ਨਿਆਂ ਲਈ ਆਪਣਾ ਪ੍ਰੇਮ ਪ੍ਰਗਟ ਨਹੀਂ ਕਰ ਸਕਦਾ ਸੀ। ਉਹ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਕੀਤੇ ਗਏ ਪਰਮੇਸ਼ੁਰ ਦੇ ਵਾਅਦੇ ਜਾਣਦਾ ਸੀ ਅਤੇ ਉਨ੍ਹਾਂ ਉੱਤੇ ਮਨਨ ਕਰਨ ਤੋਂ ਬਾਅਦ ਉਸ ਨੇ ਪਰਮੇਸ਼ੁਰ ਦੀ ਮਨਜ਼ੂਰੀ ਹਾਸਲ ਕਰਨੀ ਪਸੰਦ ਕੀਤੀ। ਨਤੀਜੇ ਵਜੋਂ ਯਹੋਵਾਹ ਆਪਣਾ ਮਕਸਦ ਪੂਰਾ ਕਰਨ ਲਈ ਮੂਸਾ ਨੂੰ ਇਕ ਬਹੁਤ ਹੀ ਜ਼ਰੂਰੀ ਕੰਮ ਲਈ ਵਰਤ ਸਕਿਆ।

ਸਾਨੂੰ ਸਾਰਿਆਂ ਨੂੰ ਫ਼ੈਸਲਾ ਕਰਨਾ ਪੈਂਦਾ ਹੈ ਕਿ ਕਿਹੜੀਆਂ ਚੀਜ਼ਾਂ ਸਭ ਤੋਂ ਜ਼ਰੂਰੀ ਹਨ। ਮੂਸਾ ਵਾਂਗ ਸ਼ਾਇਦ ਤੁਸੀਂ ਵੀ ਕੋਈ ਮੁਸ਼ਕਲ ਫ਼ੈਸਲਾ ਕਰਨ ਵਾਲੇ ਹੋ। ਕੀ ਤੁਹਾਨੂੰ ਕੁਝ ਰੀਤਾਂ-ਰਿਵਾਜਾਂ ਜਾਂ ਧਨ-ਦੌਲਤ ਨੂੰ ਛੱਡਣਾ ਚਾਹੀਦਾ ਹੈ ਚਾਹੇ ਤੁਹਾਨੂੰ ਜੋ ਮਰਜ਼ੀ ਕੁਰਬਾਨੀ ਦੇਣੀ ਪਵੇ? ਜੇਕਰ ਤੁਹਾਡੇ ਸਾਮ੍ਹਣੇ ਇਹ ਚੋਣ ਪੇਸ਼ ਹੈ ਤਾਂ ਯਾਦ ਰੱਖੋ ਕਿ ਮੂਸਾ ਨੇ ਯਹੋਵਾਹ ਨਾਲ ਆਪਣੀ ਦੋਸਤੀ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਸਮਝਿਆ ਸੀ ਅਤੇ ਉਸ ਨੂੰ ਇਸ ਵਿਚ ਕੋਈ ਪਛਤਾਵਾ ਨਹੀਂ ਸੀ।

[ਫੁਟਨੋਟ]

^ ਪੈਰਾ 17 ਹੋ ਸਕਦਾ ਹੈ ਕਿ ਬਾਬਲ ਵਿਚ ਸਰਕਾਰੀ ਸੇਵਾ ਕਰਨ ਲਈ ਦਾਨੀਏਲ ਅਤੇ ਉਸ ਦੇ ਸਾਥੀਆਂ ਨੂੰ ਵੀ ਅਜਿਹੀ ਤਾਲੀਮ ਦਿੱਤੀ ਗਈ ਸੀ। (ਦਾਨੀਏਲ 1:3-7) ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਦਾਨੀਏਲ ਦੀ ਭਵਿੱਖਬਾਣੀ ਵੱਲ ਧਿਆਨ ਦਿਓ! ਪੁਸਤਕ ਦਾ ਤੀਜਾ ਅਧਿਆਇ ਦੇਖੋ।

^ ਪੈਰਾ 20 ਨਿਆਂ ਲਈ ਮੂਸਾ ਦਾ ਜੋਸ਼ ਇਸ ਤੋਂ ਵੀ ਦੇਖਿਆ ਜਾ ਸਕਦਾ ਹੈ ਜਦੋਂ ਉਸ ਨੇ ਮਿਦਯਾਨ ਵਿਚ ਚਰਵਾਹੀ ਕਰ ਰਹੀਆਂ ਕੁਝ ਔਰਤਾਂ ਨੂੰ ਭੈੜੇ ਲੋਕਾਂ ਤੋਂ ਬਚਾਇਆ ਸੀ। ਉਹ ਉਸ ਸਮੇਂ ਉੱਥੇ ਇਕ ਭਗੌੜੇ ਵਜੋਂ ਰਹਿੰਦਾ ਸੀ।—ਕੂਚ 2:16, 17.

[ਸਫ਼ੇ 11 ਉੱਤੇ ਡੱਬੀ]

ਚੁੰਘਾਵੀਆਂ ਦੇ ਇਕਰਾਰਨਾਮੇ

ਆਮ ਤੌਰ ਤੇ ਮਾਵਾਂ ਆਪਣਿਆਂ ਬੱਚਿਆਂ ਨੂੰ ਹੀ ਦੁੱਧ ਚੁੰਘਾਉਂਦੀਆਂ ਸਨ। ਪਰ ਜਰਨਲ ਆਫ਼ ਬਿਬਲੀਕਲ ਲਿਟਰਿਚਰ ਵਿਚ ਇਕ ਵਿਦਵਾਨ ਕਹਿੰਦਾ ਹੈ: “ਉੱਚੇ [ਪੂਰਬੀ] ਖ਼ਾਨਦਾਨਾਂ ਵਿਚ ਕਦੇ-ਕਦੇ ਇਕ ਚੁੰਘਾਵੀ ਰੱਖੀ ਜਾਂਦੀ ਸੀ। ਇਹ ਰਿਵਾਜ ਉੱਥੇ ਵੀ ਆਮ ਸੀ ਜਿੱਥੇ ਮਾਂ ਆਪ ਆਪਣੇ ਬੱਚੇ ਨੂੰ ਦੁੱਧ ਚੁੰਘਾਉਣ ਦੇ ਯੋਗ ਨਹੀਂ ਸੀ ਜਾਂ ਜਿੱਥੇ ਬੱਚੇ ਦੀ ਮਾਂ ਦਾ ਕੋਈ ਪਤਾ ਨਹੀਂ ਸੀ। ਚੁੰਘਾਵੀ ਤੈ ਕੀਤੇ ਗਏ ਸਮੇਂ ਲਈ ਬੱਚੇ ਦੀ ਪਰਵਰਿਸ਼ ਕਰਨ ਅਤੇ ਉਸ ਨੂੰ ਦੁੱਧ ਚੁੰਘਾਉਣ ਦੀ ਜ਼ਿੰਮੇਵਾਰੀ ਸਾਂਭਦੀ ਸੀ।” ਪ੍ਰਾਚੀਨ ਪੂਰਬੀ ਯੁਗ ਤੋਂ ਚੁੰਘਾਵੀਆਂ ਦੇ ਇਕਰਾਰਨਾਮੇ ਹਾਲੇ ਵੀ ਮੌਜੂਦ ਹਨ। ਇਹ ਪਪਾਇਰਸ ਤੋਂ ਬਣੇ ਹੋਏ ਹਨ। ਕਈ ਪਪਾਇਰਸ ਦੇ ਇਕਰਾਰਨਾਮੇ ਸਬੂਤ ਦਿੰਦੇ ਹਨ ਕਿ ਸੁਮੇਰੀ ਯੁਗ ਤੋਂ ਲੈ ਕੇ ਮਿਸਰ ਵਿਚ ਯੂਨਾਨੀ ਯੁਗ ਦੇ ਅਖ਼ੀਰਲੇ ਸਮੇਂ ਤਕ ਚੁੰਘਾਵੀਆਂ ਰੱਖਣ ਦਾ ਆਮ ਰਿਵਾਜ ਸੀ। ਇਨ੍ਹਾਂ ਇਕਰਾਰਨਾਮਿਆਂ ਵਿਚ ਲਿਖਿਆ ਜਾਂਦਾ ਸੀ ਕਿ ਠੇਕੇ ਵਿਚ ਕੌਣ-ਕੌਣ ਸ਼ਾਮਲ ਸਨ, ਠੇਕਾ ਕਿੰਨੇ ਸਮੇਂ ਲਈ ਸੀ, ਕਿਨ੍ਹਾਂ ਹਲਾਤਾਂ ਅਧੀਨ ਕੰਮ ਕੀਤਾ ਜਾਵੇਗਾ, ਬੱਚੇ ਦੇ ਖਾਣ-ਪੀਣ ਦੀਆਂ ਖ਼ਾਸ ਜ਼ਰੂਰਤਾਂ, ਇਕਰਾਰਨਾਮਾ ਤੋੜਨ ਤੇ ਕਿੰਨਾ ਜੁਰਮਾਨਾ ਭਰਨਾ ਪਵੇਗਾ, ਕਿੰਨੀ ਤਨਖ਼ਾਹ ਮਿਲੇਗੀ, ਅਤੇ ਤਨਖ਼ਾਹ ਕਿਸ ਤਰ੍ਹਾਂ ਦਿੱਤੀ ਜਾਵੇਗੀ। ਇਸ ਵਿਦਵਾਨ ਨੇ ਅੱਗੇ ਲਿਖਿਆ ਕਿ ਆਮ ਤੌਰ ਤੇ ‘ਦੁੱਧ ਚੁੰਘਾਉਣ ਦਾ ਕੰਮ ਦੋ ਜਾਂ ਤਿੰਨਾਂ ਸਾਲਾਂ ਦਾ ਹੁੰਦਾ ਸੀ। ਚੁੰਘਾਵੀ ਬੱਚੇ ਦੀ ਪਰਵਰਿਸ਼ ਆਪਣੇ ਘਰ ਕਰਦੀ ਸੀ, ਪਰ ਕਦੇ-ਕਦੇ ਉਸ ਨੂੰ ਬੱਚਾ ਉਸ ਦੇ ਘਰ ਵਾਲਿਆਂ ਨੂੰ ਵਾਪਸ ਕਰਨਾ ਪੈਂਦਾ ਸੀ ਇਹ ਦੇਖਣ ਲਈ ਕਿ ਉਸ ਦੀ ਦੇਖ-ਭਾਲ ਚੰਗੀ ਤਰ੍ਹਾਂ ਕੀਤੀ ਜਾ ਰਹੀ ਹੈ ਕਿ ਨਹੀਂ।’

[ਸਫ਼ੇ 9 ਉੱਤੇ ਤਸਵੀਰ]

ਇਕ ਪ੍ਰਾਚੀਨ ਤਸਵੀਰ ਤੋਂ ਦੇਖਿਆ ਜਾ ਸਕਦਾ ਹੈ ਕਿ ਮਿਸਰ ਵਿਚ ਇੱਟਾਂ ਤਕਰੀਬਨ ਉਸੇ ਤਰ੍ਹਾਂ ਬਣਾਈਆਂ ਜਾਂਦੀਆਂ ਹਨ ਜਿਵੇਂ ਉਹ ਮੂਸਾ ਦੇ ਸਮੇਂ ਵਿਚ ਬਣਾਈਆਂ ਜਾਂਦੀਆਂ ਸਨ

[ਕ੍ਰੈਡਿਟ ਲਾਈਨਾਂ]

ਉੱਪਰ: Pictorial Archive (Near Eastern History) Est.; ਹੇਠਾਂ: Erich Lessing/Art Resource, NY