Skip to content

Skip to table of contents

ਧਾਰਮਿਕ ਤਸਵੀਰਾਂ ਦੀ ਪੂਜਾ ਇਕ ਪੁਰਾਣੀ ਰੀਤ

ਧਾਰਮਿਕ ਤਸਵੀਰਾਂ ਦੀ ਪੂਜਾ ਇਕ ਪੁਰਾਣੀ ਰੀਤ

ਧਾਰਮਿਕ ਤਸਵੀਰਾਂ ਦੀ ਪੂਜਾ ਇਕ ਪੁਰਾਣੀ ਰੀਤ

“ਤਸਵੀਰਾਂ ਰਾਹੀਂ ਅਸੀਂ ਪਰਮੇਸ਼ੁਰ ਅਤੇ ਉਸ ਦੇ ਸੰਤਾਂ ਦੀ ਨੇਕੀ ਤੇ ਪਵਿੱਤਰਤਾ ਨੂੰ ਮਹਿਸੂਸ ਕਰਦੇ ਹਾਂ।” ਆਸਟ੍ਰੇਲੀਆ ਦਾ ਗ੍ਰੀਕ ਆਰਥੋਡਾਕਸ ਆਰਚਡਾਇਓਸੀਜ਼।

ਅਗਸਤ ਦੇ ਇਸ ਹੁੰਮਸਦਾਰ ਦਿਨ ਨੂੰ ਏਜੀਅਨ ਸਾਗਰ ਵਿਚ ਟੀਨੋਸ ਟਾਪੂ ਉੱਤੇ “ਪਰਮੇਸ਼ੁਰ ਦੀ ਅੱਤ ਪਵਿੱਤਰ ਮਾਤਾ” ਨਾਮਕ ਮੱਠ ਨੂੰ ਜਾਂਦੀਆਂ ਸੀਮੈਂਟ ਦੀਆਂ ਪੌੜੀਆਂ ਨੂੰ ਸੂਰਜ ਦੀਆਂ ਤੇਜ਼ ਕਿਰਨਾਂ ਤਪਾ ਰਹੀਆਂ ਹਨ। ਕਹਿਰਾਂ ਦੀ ਗਰਮੀ ਦੇ ਬਾਵਜੂਦ ਵੀ 25,000 ਨਾਲੋਂ ਜ਼ਿਆਦਾ ਯੂਨਾਨੀ ਆਰਥੋਡਾਕਸ ਸ਼ਰਧਾਲੂ ਹੌਲੀ-ਹੌਲੀ ਤੁਰ ਕੇ ਯਿਸੂ ਦੀ ਮਾਤਾ ਦੀ ਪੂਰੀ ਤਰ੍ਹਾਂ ਸ਼ਿੰਗਾਰੀ ਤਸਵੀਰ ਤਕ ਪਹੁੰਚਣ ਲਈ ਦ੍ਰਿੜ੍ਹ ਹਨ।

ਇਕ ਜਵਾਨ ਲੰਗੜੀ ਕੁੜੀ ਜਿਸ ਦੇ ਚਿਹਰੇ ਤੇ ਪੀੜ ਅਤੇ ਮਾਯੂਸੀ ਸਾਫ਼ ਝਲਕ ਰਹੀ ਹੈ, ਬੁਰੀ ਤਰ੍ਹਾਂ ਲਹੂ-ਲੁਹਾਣ ਗੋਡਿਆਂ ਭਾਰ ਰਿੜ੍ਹਦੀ ਹੋਈ ਅੱਗੇ ਵਧਦੀ ਹੈ। ਉਸ ਦੇ ਨੇੜੇ ਹੀ ਇਕ ਥੱਕੀ-ਟੁੱਟੀ ਸਿਆਣੀ ਔਰਤ ਜੋ ਦੇਸ਼ ਦੇ ਦੂਸਰੇ ਕੋਨੇ ਤੋਂ ਆਈ ਹੈ, ਤੁਰਦੇ ਰਹਿਣ ਲਈ ਜੱਦੋਜਹਿਦ ਕਰਦੀ ਹੈ। ਅੱਧਖੜ ਉਮਰ ਦਾ ਪਸੀਨੋ-ਪਸੀਨੀ ਹੋਇਆ ਆਦਮੀ ਧੱਕਮ-ਧੱਕਾ ਹੁੰਦੀ ਭੀੜ ਵਿੱਚੋਂ ਬੇਚੈਨੀ ਨਾਲ ਲੰਘਣ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਸਾਰਿਆਂ ਦਾ ਇੱਕੋ ਟੀਚਾ ਹੈ ਮਰਿਯਮ ਦੀ ਤਸਵੀਰ ਨੂੰ ਚੁੰਮਣਾ ਤੇ ਇਸ ਨੂੰ ਮੱਥਾ ਟੇਕਣਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਸ਼ਰਧਾਲੂ ਸੱਚੇ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੁੰਦੇ ਹਨ। ਪਰ ਕਿੰਨੇ ਲੋਕਾਂ ਨੂੰ ਪਤਾ ਹੈ ਕਿ ਧਾਰਮਿਕ ਚਿੱਤਰਾਂ ਜਾਂ ਮੂਰਤਾਂ ਦੀ ਅਜਿਹੀ ਭਗਤੀ ਮਸੀਹੀਅਤ ਦੇ ਸ਼ੁਰੂ ਹੋਣ ਤੋਂ ਕਈ ਸਦੀਆਂ ਪਹਿਲਾਂ ਵੀ ਕੀਤੀ ਜਾਂਦੀ ਸੀ?

ਤਸਵੀਰਾਂ ਦਾ ਬੋਲਬਾਲਾ

ਆਰਥੋਡਾਕਸ ਜਗਤ ਵਿਚ ਹਰ ਪਾਸੇ ਧਾਰਮਿਕ ਤਸਵੀਰਾਂ ਦਿਖਾਈ ਦਿੰਦੀਆਂ ਹਨ। ਗਿਰਜਿਆਂ ਵਿਚ ਖ਼ਾਸ ਕਰਕੇ ਯਿਸੂ, ਮਰਿਯਮ ਅਤੇ ਬਹੁਤ ਸਾਰੇ ਸੰਤਾਂ ਦੀਆਂ ਤਸਵੀਰਾਂ ਨੇ ਜਗ੍ਹਾ ਘੇਰੀ ਹੋਈ ਹੈ। ਸ਼ਰਧਾਲੂ ਅਕਸਰ ਇਨ੍ਹਾਂ ਤਸਵੀਰਾਂ ਨੂੰ ਚੁੰਮ ਕੇ, ਧੂਪ ਧੁਖਾ ਕੇ ਅਤੇ ਮੋਮਬੱਤੀਆਂ ਜਲਾ ਕੇ ਇਨ੍ਹਾਂ ਪ੍ਰਤੀ ਸ਼ਰਧਾ ਦਿਖਾਉਂਦੇ ਹਨ। ਇਸ ਤੋਂ ਇਲਾਵਾ, ਤਕਰੀਬਨ ਸਾਰੇ ਆਰਥੋਡਾਕਸ ਲੋਕਾਂ ਦੇ ਘਰਾਂ ਵਿਚ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਰੱਖੀਆਂ ਹੁੰਦੀਆਂ ਹਨ ਜਿੱਥੇ ਉਹ ਪ੍ਰਾਰਥਨਾਵਾਂ ਕਰਦੇ ਹਨ। ਆਰਥੋਡਾਕਸ ਈਸਾਈ ਆਮ ਕਹਿੰਦੇ ਹਨ ਕਿ ਜਦੋਂ ਉਹ ਇਨ੍ਹਾਂ ਨੂੰ ਪ੍ਰਾਰਥਨਾ ਕਰਦੇ ਹਨ, ਤਾਂ ਉਹ ਆਪਣੇ ਆਪ ਨੂੰ ਪਰਮੇਸ਼ੁਰ ਦੇ ਨੇੜੇ ਮਹਿਸੂਸ ਕਰਦੇ ਹਨ। ਕਈ ਵਿਸ਼ਵਾਸ ਕਰਦੇ ਹਨ ਕਿ ਇਨ੍ਹਾਂ ਤਸਵੀਰਾਂ ਵਿਚ ਰੱਬੀ ਮਿਹਰ ਅਤੇ ਚਮਤਕਾਰੀ ਸ਼ਕਤੀਆਂ ਹੁੰਦੀਆਂ ਹਨ।

ਇਹ ਧਾਰਮਿਕ ਲੋਕ ਸ਼ਾਇਦ ਇਹ ਜਾਣ ਕੇ ਹੈਰਾਨ ਹੋਣਗੇ ਕਿ ਪਹਿਲੀ ਸਦੀ ਦੇ ਮਸੀਹੀ ਭਗਤੀ ਵਿਚ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਦੀ ਵਰਤੋਂ ਦੀ ਨਿੰਦਾ ਕਰਦੇ ਸਨ। ਬਜ਼ੈਨਸ਼ੀਅਮ ਕਿਤਾਬ ਦੱਸਦੀ ਹੈ: “ਮੂਰਤੀ ਪੂਜਾ ਨੂੰ ਨਫ਼ਰਤ ਕਰਨ ਵਾਲੇ ਯਹੂਦੀਆਂ ਵਿੱਚੋਂ ਆਏ ਪਹਿਲੀ ਸਦੀ ਦੇ ਮਸੀਹੀ ਸੰਤਾਂ ਦੀਆਂ ਤਸਵੀਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਧਾ ਦੇਣ ਦੀ ਨਿਖੇਧੀ ਕਰਦੇ ਸਨ।” ਇਹੀ ਕਿਤਾਬ ਕਹਿੰਦੀ ਹੈ: “ਪੰਜਵੀਂ ਸਦੀ ਤੋਂ ਲੋਕ ਜਨਤਕ ਤੌਰ ਤੇ ਅਤੇ ਘਰਾਂ ਵਿਚ ਧਾਰਮਿਕ ਤਸਵੀਰਾਂ ਜਾਂ ਬੁੱਤਾਂ . . . ਦੀ ਭਗਤੀ ਕਰਨ ਲੱਗ ਪਏ।” ਜੇ ਧਾਰਮਿਕ ਤਸਵੀਰਾਂ ਦੀ ਭਗਤੀ ਪਹਿਲੀ ਸਦੀ ਦੀ ਮਸੀਹੀਅਤ ਤੋਂ ਸ਼ੁਰੂ ਨਹੀਂ ਹੋਈ, ਤਾਂ ਫਿਰ ਇਹ ਕਿੱਥੋਂ ਸ਼ੁਰੂ ਹੋਈ ਸੀ?

ਧਾਰਮਿਕ ਮੂਰਤਾਂ ਦੀ ਸ਼ੁਰੂਆਤ

ਖੋਜਕਾਰ ਵਿਟਾਲੀ ਇਵਾਨਯਿਕ ਪੈਟਰੈਨਕੋ ਨੇ ਲਿਖਿਆ: “ਮੂਰਤਾਂ ਦੀ ਪੂਜਾ ਅਤੇ ਪਰੰਪਰਾ ਮਸੀਹੀ ਯੁਗ ਤੋਂ ਕਾਫ਼ੀ ਚਿਰ ਪਹਿਲਾਂ ਹੀ ਮੌਜੂਦ ਸੀ ਅਤੇ ਇਹ ‘ਗ਼ੈਰ-ਮਸੀਹੀ ਧਰਮ ਤੋਂ ਸ਼ੁਰੂ’ ਹੋਈ ਸੀ।” ਬਹੁਤ ਸਾਰੇ ਇਤਿਹਾਸਕਾਰ ਇਸ ਗੱਲ ਨਾਲ ਸਹਿਮਤ ਹੁੰਦੇ ਹਨ ਕਿ ਮੂਰਤਾਂ ਦੀ ਪੂਜਾ ਦੀ ਸ਼ੁਰੂਆਤ ਪ੍ਰਾਚੀਨ ਬਾਬਲ, ਮਿਸਰ ਅਤੇ ਯੂਨਾਨ ਦੇ ਧਰਮਾਂ ਤੋਂ ਹੋਈ ਸੀ। ਉਦਾਹਰਣ ਲਈ, ਪ੍ਰਾਚੀਨ ਯੂਨਾਨ ਵਿਚ ਧਾਰਮਿਕ ਮੂਰਤਾਂ ਬੁੱਤਾਂ ਦੇ ਰੂਪ ਵਿਚ ਹੁੰਦੀਆਂ ਸਨ। ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਇਨ੍ਹਾਂ ਵਿਚ ਰੱਬੀ ਤਾਕਤਾਂ ਹੁੰਦੀਆਂ ਸਨ। ਲੋਕ ਸੋਚਦੇ ਸਨ ਕਿ ਇਨ੍ਹਾਂ ਵਿੱਚੋਂ ਕੁਝ ਮੂਰਤਾਂ ਹੱਥਾਂ ਨਾਲ ਨਹੀਂ ਬਣਾਈਆਂ ਗਈਆਂ ਸਨ, ਸਗੋਂ ਸਵਰਗ ਤੋਂ ਡਿੱਗੀਆਂ ਸਨ। ਖ਼ਾਸ ਤਿਉਹਾਰਾਂ ਦੌਰਾਨ ਇਨ੍ਹਾਂ ਮੂਰਤਾਂ ਨੂੰ ਪੂਰੇ ਸ਼ਹਿਰ ਵਿਚ ਘੁੰਮਾਇਆ ਜਾਂਦਾ ਸੀ ਅਤੇ ਉਨ੍ਹਾਂ ਅੱਗੇ ਚੜ੍ਹਾਵੇ ਚੜ੍ਹਾਏ ਜਾਂਦੇ ਸਨ। “ਸ਼ਰਧਾਲੂ ਮੂਰਤ ਨੂੰ ਦੇਵਤਾ ਸਮਝਦੇ ਸਨ, ਹਾਲਾਂਕਿ . . . ਦੇਵਤੇ ਅਤੇ ਉਸ ਦੀ ਮੂਰਤ ਵਿਚ ਫ਼ਰਕ ਦਿਖਾਉਣ ਦੇ ਕਈ ਜਤਨ ਕੀਤੇ ਗਏ ਸਨ,” ਪੈਟਰੈਨਕੋ ਨੇ ਕਿਹਾ।

ਅਜਿਹੇ ਵਿਚਾਰ ਅਤੇ ਰੀਤੀ-ਰਿਵਾਜ ਮਸੀਹੀ ਧਰਮ ਵਿਚ ਕਿਵੇਂ ਆ ਗਏ? ਉਸੇ ਖੋਜਕਾਰ ਨੇ ਕਿਹਾ ਕਿ ਮਸੀਹ ਦੇ ਰਸੂਲਾਂ ਦੀ ਮੌਤ ਤੋਂ ਬਾਅਦ ਦੀਆਂ ਸਦੀਆਂ ਦੌਰਾਨ, ਖ਼ਾਸਕਰ ਮਿਸਰ ਵਿਚ “ਮਸੀਹੀ ਵਿਸ਼ਵਾਸਾਂ ਦੇ ਨਾਲ-ਨਾਲ ਮਿਸਰੀ, ਯੂਨਾਨੀ, ਯਹੂਦੀ, ਪੂਰਬੀ ਅਤੇ ਰੋਮੀ ਲੋਕਾਂ ਦੇ ‘ਰਲੇ-ਮਿਲੇ ਗ਼ੈਰ-ਮਸੀਹੀ’ ਰੀਤੀ-ਰਿਵਾਜਾਂ ਅਤੇ ਵਿਸ਼ਵਾਸਾਂ ਦੀ ਵੀ ਪਾਲਣਾ ਕੀਤੀ ਜਾਂਦੀ ਸੀ।” ਨਤੀਜੇ ਵਜੋਂ, “ਮਸੀਹੀ ਕਾਰੀਗਰਾਂ ਨੇ [ਵੱਖੋ-ਵੱਖਰੇ ਧਰਮਾਂ ਦੇ] ਗ਼ੈਰ-ਮਸੀਹੀ ਪ੍ਰਤੀਕਾਂ ਨੂੰ ਨਵਾਂ ਰੂਪ ਦੇ ਕੇ ਇਨ੍ਹਾਂ ਨੂੰ ਮਸੀਹੀ ਪ੍ਰਤੀਕ ਬਣਾ ਦਿੱਤਾ, ਪਰ ਫਿਰ ਵੀ ਇਹ ਪੂਰੀ ਤਰ੍ਹਾਂ ਗ਼ੈਰ-ਮਸੀਹੀ ਪ੍ਰਭਾਵ ਤੋਂ ਬਚੇ ਨਾ ਰਹਿ ਸਕੇ।”

ਜਲਦੀ ਹੀ ਜਨਤਕ ਥਾਵਾਂ ਤੇ ਅਤੇ ਘਰਾਂ ਵਿਚ ਧਾਰਮਿਕ ਤਸਵੀਰਾਂ ਦੀ ਪੂਜਾ ਆਮ ਗੱਲ ਬਣ ਗਈ। ਨਿਹਚਾ ਦਾ ਯੁਗ (ਅੰਗ੍ਰੇਜ਼ੀ) ਕਿਤਾਬ ਵਿਚ ਇਤਿਹਾਸਕਾਰ ਵਿਲ ਡੁਰੈਂਟ ਦੱਸਦਾ ਹੈ ਇਹ ਕਿਵੇਂ ਹੋਇਆ: “ਜਿਉਂ-ਜਿਉਂ ਪੂਜੇ ਜਾਂਦੇ ਸੰਤਾਂ ਦੀ ਗਿਣਤੀ ਵਧਦੀ ਗਈ, ਤਾਂ ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਚੇਤੇ ਰੱਖਣ ਦੀ ਲੋੜ ਪਈ; ਵੱਡੀ ਗਿਣਤੀ ਵਿਚ ਉਨ੍ਹਾਂ ਦੀਆਂ ਅਤੇ ਮਰਿਯਮ ਦੀਆਂ ਤਸਵੀਰਾਂ ਬਣਾਈਆਂ ਗਈਆਂ ਸਨ; ਅਤੇ ਯਿਸੂ ਦੇ ਮਾਮਲੇ ਵਿਚ ਲੋਕ ਨਾ ਸਿਰਫ਼ ਉਸ ਦੇ ਕਾਲਪਨਿਕ ਰੂਪ ਨੂੰ ਸਗੋਂ ਉਸ ਦੀ ਸਲੀਬ ਨੂੰ ਵੀ ਸ਼ਰਧਾ ਦੇਣ ਲੱਗ ਪਏ—ਇੱਥੋਂ ਤਕ ਕਿ ਭੋਲੇ-ਭਾਲੇ ਲੋਕ ਤਾਂ ਇਹ ਵੀ ਸਮਝਦੇ ਸਨ ਕਿ ਇਨ੍ਹਾਂ ਵਿਚ ਜਾਦੂਈ ਸ਼ਕਤੀਆਂ ਹਨ। ਕਥਾ-ਕਹਾਣੀਆਂ ਕਾਰਨ ਲੋਕ ਸੰਤਾਂ ਦੀਆਂ ਯਾਦਗਾਰਾਂ, ਚਿੱਤਰਾਂ ਅਤੇ ਬੁੱਤਾਂ ਨੂੰ ਪੂਜਣ ਲੱਗ ਪਏ; ਲੋਕ ਉਨ੍ਹਾਂ ਨੂੰ ਮੱਥਾ ਟੇਕਦੇ, ਚੁੰਮਦੇ, ਉਨ੍ਹਾਂ ਅੱਗੇ ਮੋਮਬੱਤੀਆਂ ਜਲਾਉਂਦੇ, ਧੂਪ ਧੁਖਾਉਂਦੇ, ਫੁੱਲ ਚੜ੍ਹਾਉਂਦੇ ਅਤੇ ਉਨ੍ਹਾਂ ਤੋਂ ਚਮਤਕਾਰਾਂ ਦੀ ਉਮੀਦ ਕਰਦੇ ਸਨ। . . . ਪਾਦਰੀਆਂ ਨੇ ਅਤੇ ਗਿਰਜਿਆਂ ਦੀਆਂ ਪਰਿਸ਼ਦਾਂ ਨੇ ਵਾਰ-ਵਾਰ ਸਮਝਾਇਆ ਕਿ ਮੂਰਤਾਂ ਦੇਵਤੇ ਨਹੀਂ ਸਨ, ਸਗੋਂ ਇਹ ਸਿਰਫ਼ ਉਨ੍ਹਾਂ ਦੀਆਂ ਯਾਦਗਾਰਾਂ ਸਨ; ਪਰ ਲੋਕ ਇਸ ਫ਼ਰਕ ਨੂੰ ਮੰਨਣ ਲਈ ਤਿਆਰ ਨਹੀਂ ਸਨ।”

ਇਸੇ ਤਰ੍ਹਾਂ ਅੱਜ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਅੱਗੇ ਪ੍ਰਾਰਥਨਾ ਕਰਨ ਵਾਲੇ ਲੋਕ ਦਲੀਲ ਦਿੰਦੇ ਹਨ ਕਿ ਉਹ ਸਿਰਫ਼ ਇਨ੍ਹਾਂ ਦਾ ਆਦਰ ਕਰਦੇ ਹਨ, ਭਗਤੀ ਨਹੀਂ। ਉਹ ਸ਼ਾਇਦ ਇਹ ਵੀ ਦਾਅਵਾ ਕਰਨ ਕਿ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਧਾਰਮਿਕ ਤਸਵੀਰਾਂ ਜਾਇਜ਼ ਅਤੇ ਲਾਜ਼ਮੀ ਹਨ। ਸ਼ਾਇਦ ਤੁਹਾਨੂੰ ਵੀ ਇਸੇ ਤਰ੍ਹਾਂ ਲੱਗਦਾ ਹੋਵੇ। ਪਰ ਸਵਾਲ ਇਹ ਉੱਠਦਾ ਹੈ ਕਿ ਪਰਮੇਸ਼ੁਰ ਇਸ ਬਾਰੇ ਕਿਵੇਂ ਮਹਿਸੂਸ ਕਰਦਾ ਹੈ? ਕੀ ਇਹ ਕਿਹਾ ਜਾ ਸਕਦਾ ਹੈ ਕਿ ਧਾਰਮਿਕ ਤਸਵੀਰਾਂ ਦਾ ਆਦਰ ਕਰਨਾ ਭਗਤੀ ਕਰਨ ਦੇ ਬਰਾਬਰ ਹੈ? ਕੀ ਇਸ ਤਰ੍ਹਾਂ ਕਰਨ ਦੇ ਸੱਚ-ਮੁੱਚ ਖ਼ਤਰੇ ਹਨ?

[ਸਫ਼ੇ 4 ਉੱਤੇ ਡੱਬੀ/ਤਸਵੀਰ]

ਧਾਰਮਿਕ ਤਸਵੀਰਾਂ ਕੀ ਹਨ?

ਰੋਮਨ ਕੈਥੋਲਿਕ ਭਗਤੀ ਵਿਚ ਬੁੱਤਾਂ ਨੂੰ ਆਮ ਵਰਤਿਆ ਜਾਂਦਾ ਹੈ, ਇਨ੍ਹਾਂ ਦੇ ਨਾਲ-ਨਾਲ ਚਰਚ ਵਿਚ ਤਸਵੀਰਾਂ ਵੀ ਵਰਤੀਆਂ ਜਾਂਦੀਆਂ ਹਨ ਜੋ ਮਸੀਹ, ਮਰਿਯਮ, “ਸੰਤਾਂ,” ਦੂਤਾਂ, ਬਾਈਬਲ ਦੇ ਪਾਤਰਾਂ ਅਤੇ ਘਟਨਾਵਾਂ ਜਾਂ ਆਰਥੋਡਾਕਸ ਚਰਚ ਦੇ ਇਤਿਹਾਸ ਦੀਆਂ ਘਟਨਾਵਾਂ ਨੂੰ ਦਰਸਾਉਂਦੀਆਂ ਹਨ। ਇਹ ਧਾਰਮਿਕ ਤਸਵੀਰਾਂ ਆਮ ਕਰਕੇ ਹਲਕੀ ਲੱਕੜੀ ਦੀਆਂ ਤਖ਼ਤੀਆਂ ਉੱਤੇ ਬਣਾਈਆਂ ਜਾਂਦੀਆਂ ਹਨ।

ਆਰਥੋਡਾਕਸ ਚਰਚ ਮੁਤਾਬਕ “ਸੰਤਾਂ ਦੀਆਂ ਤਸਵੀਰਾਂ ਜਾਂ ਚਿੱਤਰ ਆਮ ਇਨਸਾਨ ਦੀਆਂ ਤਸਵੀਰਾਂ ਨਾਲੋਂ ਵੱਖਰੀਆਂ ਦਿੱਸਦੀਆਂ ਹਨ।” ਨਾਲੇ ਇਨ੍ਹਾਂ ਤਸਵੀਰਾਂ ਵਿਚ “ਪਿਛੋਕੜ ਅਗਲੇ ਹਿੱਸੇ ਨਾਲੋਂ ਚੌੜਾ ਦਿੱਸਦਾ ਹੈ”—ਯਾਨੀ ਚਿੱਤਰ ਵਿਚ ਦਿਖਾਈਆਂ ਦੂਰ ਦੀਆਂ ਚੀਜ਼ਾਂ ਛੋਟੀਆਂ ਨਜ਼ਰ ਨਹੀਂ ਆਉਂਦੀਆਂ। ਆਮ ਤੌਰ ਤੇ ਇਨ੍ਹਾਂ ਚਿੱਤਰਾਂ ਵਿਚ “ਕੋਈ ਪਰਛਾਵਾਂ ਜਾਂ ਦਿਨ ਤੇ ਰਾਤ ਦਾ ਅੰਤਰ ਨਹੀਂ ਦਿਖਾਇਆ ਜਾਂਦਾ।” ਇਹ ਵੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਪਵਿੱਤਰ ਚਿੱਤਰ ਲਈ ਵਰਤੀ ਗਈ ਲੱਕੜੀ ਅਤੇ ਰੰਗ ਵਿਚ ਵੀ “ਪਰਮੇਸ਼ੁਰ ਦੀ ਹੋਂਦ” ਸਮਾ ਸਕਦੀ ਹੈ।

[ਸਫ਼ੇ 4 ਉੱਤੇ ਤਸਵੀਰ]

ਮੂਰਤਾਂ ਦੀ ਪੂਜਾ ਝੂਠੇ ਧਰਮਾਂ ਵਿਚ ਸ਼ੁਰੂ ਹੋਈ ਸੀ

[ਸਫ਼ੇ 3 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

© AFP/CORBIS