Skip to content

Skip to table of contents

ਪਰਮੇਸ਼ੁਰ ਦੀ ਭਗਤੀ “ਆਤਮਾ ਨਾਲ” ਕਰੋ

ਪਰਮੇਸ਼ੁਰ ਦੀ ਭਗਤੀ “ਆਤਮਾ ਨਾਲ” ਕਰੋ

ਪਰਮੇਸ਼ੁਰ ਦੀ ਭਗਤੀ “ਆਤਮਾ ਨਾਲ” ਕਰੋ

“ਤੁਸੀਂ ਪਰਮੇਸ਼ੁਰ ਨੂੰ ਕਿਹ ਦੇ ਵਰਗਾ ਦੱਸੋਗੇ, ਯਾ ਕਿਹੜੀ ਚੀਜ਼ ਨਾਲ ਉਹ ਨੂੰ ਉਪਮਾ ਦਿਓਗੇ?”—ਯਸਾਯਾਹ 40:18.

ਤੁਸੀਂ ਸ਼ਾਇਦ ਦਿਲੋਂ ਮੰਨਦੇ ਹੋ ਕਿ ਪਰਮੇਸ਼ੁਰ ਦੀ ਭਗਤੀ ਵਿਚ ਧਾਰਮਿਕ ਤਸਵੀਰਾਂ ਇਸਤੇਮਾਲ ਕਰਨੀਆਂ ਸਹੀ ਹਨ। ਤੁਸੀਂ ਸ਼ਾਇਦ ਮਹਿਸੂਸ ਕਰੋ ਕਿ ਇਹ ਤਸਵੀਰਾਂ ਤੁਹਾਨੂੰ ਪ੍ਰਾਰਥਨਾ ਦੇ ਸੁਣਨ ਵਾਲੇ ਪਰਮੇਸ਼ੁਰ ਦੇ ਜ਼ਿਆਦਾ ਨੇੜੇ ਲਿਆਉਂਦੀਆਂ ਹਨ ਜਿਸ ਨੂੰ ਤੁਸੀਂ ਦੇਖ ਨਹੀਂ ਸਕਦੇ ਅਤੇ ਜਿਸ ਦੇ ਰੂਪ ਦੀ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ।

ਪਰ ਕੀ ਅਸੀਂ ਕਿਸੇ ਵੀ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਲਈ ਪੂਰੀ ਤਰ੍ਹਾਂ ਆਜ਼ਾਦ ਹਾਂ? ਕੀ ਇਹ ਦੱਸਣ ਦਾ ਅਧਿਕਾਰ ਪਰਮੇਸ਼ੁਰ ਨੂੰ ਨਹੀਂ ਹੈ ਕਿ ਉਸ ਨੂੰ ਕੀ ਪਸੰਦ ਹੈ ਤੇ ਕੀ ਨਹੀਂ? ਇਸ ਮਾਮਲੇ ਬਾਰੇ ਪਰਮੇਸ਼ੁਰ ਦੇ ਨਜ਼ਰੀਏ ਨੂੰ ਸਮਝਾਉਂਦੇ ਹੋਏ ਯਿਸੂ ਨੇ ਕਿਹਾ ਸੀ: “ਰਾਹ ਅਤੇ ਸਚਿਆਈ ਅਤੇ ਜੀਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ।” (ਯੂਹੰਨਾ 14:6) ਯਿਸੂ ਦੇ ਇਹ ਸ਼ਬਦ ਮੂਰਤਾਂ, ਤਸਵੀਰਾਂ ਜਾਂ ਕੋਈ ਹੋਰ ਪਵਿੱਤਰ ਚੀਜ਼ਾਂ ਦਾ ਇਸਤੇਮਾਲ ਕਰਨ ਤੋਂ ਮਨ੍ਹਾ ਕਰਦੇ ਹਨ।

ਜੀ ਹਾਂ, ਯਹੋਵਾਹ ਪਰਮੇਸ਼ੁਰ ਖ਼ਾਸ ਤਰ੍ਹਾਂ ਦੀ ਭਗਤੀ ਪਸੰਦ ਕਰਦਾ ਹੈ। ਉਹ ਕਿਸ ਤਰ੍ਹਾਂ ਦੀ ਭਗਤੀ ਚਾਹੁੰਦਾ ਹੈ? ਇਕ ਹੋਰ ਮੌਕੇ ਉੱਤੇ ਯਿਸੂ ਨੇ ਸਮਝਾਇਆ: “ਉਹ ਸਮਾ ਆਉਂਦਾ ਹੈ ਸਗੋਂ ਹੁਣੇ ਹੈ ਜੋ ਸੱਚੇ ਭਗਤ ਆਤਮਾ ਅਰ ਸਚਿਆਈ ਨਾਲ ਪਿਤਾ ਦੀ ਭਗਤੀ ਕਰਨਗੇ ਕਿਉਂਕਿ ਪਿਤਾ ਏਹੋ ਜੇਹੇ ਭਗਤਾਂ ਨੂੰ ਚਾਹੁੰਦਾ ਹੈ। ਪਰਮੇਸ਼ੁਰ ਆਤਮਾ ਹੈ ਅਤੇ ਜੋ ਉਹ ਦੀ ਭਗਤੀ ਕਰਦੇ ਹਨ ਉਨ੍ਹਾਂ ਨੂੰ ਚਾਹੀਦਾ ਹੈ ਭਈ ਓਹ ਆਤਮਾ ਅਤੇ ਸਚਿਆਈ ਨਾਲ ਭਗਤੀ ਕਰਨ।”—ਯੂਹੰਨਾ 4:23, 24.

ਕੀ ਉਸ ਪਰਮੇਸ਼ੁਰ ਦੀ ਤਸਵੀਰ ਜਾਂ ਮੂਰਤ ਬਣਾਈ ਜਾ ਸਕਦੀ ਹੈ ਜੋ “ਆਤਮਾ” ਹੈ? ਨਹੀਂ। ਤਸਵੀਰ ਚਾਹੇ ਜਿੰਨੀ ਮਰਜ਼ੀ ਸੋਹਣੀ ਕਿਉਂ ਨਾ ਹੋਵੇ, ਉਹ ਪਰਮੇਸ਼ੁਰ ਦੇ ਤੇਜ ਦੀ ਬਰਾਬਰੀ ਨਹੀਂ ਕਰ ਸਕਦੀ। ਇਸ ਲਈ ਕੋਈ ਵੀ ਚਿੱਤਰ ਜਾਂ ਮੂਰਤ ਪਰਮੇਸ਼ੁਰ ਦਾ ਸਹੀ ਅਕਸ ਕਦੇ ਨਹੀਂ ਬਣ ਸਕਦਾ। (ਰੋਮੀਆਂ 1:22, 23) ਕੀ ਇਕ ਵਿਅਕਤੀ ‘ਸਚਿਆਈ ਨਾਲ ਭਗਤੀ ਕਰ’ ਰਿਹਾ ਹੋਵੇਗਾ ਜੇ ਉਹ ਆਦਮੀ ਦੀ ਬਣਾਈ ਕਿਸੇ ਮੂਰਤ ਜਾਂ ਤਸਵੀਰ ਰਾਹੀਂ ਪਰਮੇਸ਼ੁਰ ਨੂੰ ਪ੍ਰਾਰਥਨਾ ਕਰਦਾ ਹੈ?

ਬਾਈਬਲ ਦੀ ਸਪੱਸ਼ਟ ਸਿੱਖਿਆ

ਪਰਮੇਸ਼ੁਰ ਦੀ ਸ਼ਰਾ ਨੇ ਮੂਰਤਾਂ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ ਤੋਂ ਮਨ੍ਹਾ ਕੀਤਾ ਸੀ। ਦਸਾਂ ਹੁਕਮਾਂ ਵਿੱਚੋਂ ਦੂਜਾ ਹੁਕਮ ਸੀ: “ਤੂੰ ਆਪਣੇ ਲਈ ਉੱਕਰੀ ਹੋਈ ਮੂਰਤ ਨਾ ਬਣਾ, ਨਾ ਕਿਸੇ ਚੀਜ ਦੀ ਸੂਰਤ ਜਿਹੜੀ ਉੱਪਰ ਅਕਾਸ਼ ਵਿੱਚ ਅਤੇ ਜਿਹੜੀ ਹੇਠਾਂ ਧਰਤੀ ਉੱਤੇ ਅਤੇ ਜਿਹੜੀ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹੈ। ਨਾ ਤੂੰ ਉਨ੍ਹਾਂ ਦੇ ਅੱਗੇ ਮੱਥਾ ਟੇਕ, ਨਾ ਉਨ੍ਹਾਂ ਦੀ ਪੂਜਾ ਕਰ।” (ਕੂਚ 20:4, 5) ਪਵਿੱਤਰ ਆਤਮਾ ਦੁਆਰਾ ਲਿਖਵਾਇਆ ਗਿਆ ਮਸੀਹੀ ਸ਼ਾਸਤਰ ਵੀ ਹੁਕਮ ਦਿੰਦਾ ਹੈ: “ਤੁਸੀਂ ਮੂਰਤੀ ਪੂਜਾ ਤੋਂ ਭੱਜੋ।”—1 ਕੁਰਿੰਥੀਆਂ 10:14.

ਸੱਚ, ਬਹੁਤ ਸਾਰੇ ਲੋਕ ਦਲੀਲ ਦਿੰਦੇ ਹਨ ਕਿ ਭਗਤੀ ਵਿਚ ਧਾਰਮਿਕ ਤਸਵੀਰਾਂ ਦੀ ਵਰਤੋਂ ਕਰਨੀ ਮੂਰਤੀ-ਪੂਜਾ ਨਹੀਂ ਹੈ। ਉਦਾਹਰਣ ਲਈ, ਆਰਥੋਡਾਕਸ ਈਸਾਈ ਅਕਸਰ ਕਹਿੰਦੇ ਹਨ ਕਿ ਉਹ ਅਸਲ ਵਿਚ ਧਾਰਮਿਕ ਤਸਵੀਰਾਂ ਦੀ ਭਗਤੀ ਨਹੀਂ ਕਰਦੇ ਜਿਨ੍ਹਾਂ ਨੂੰ ਉਹ ਮੱਥਾ ਟੇਕਦੇ ਹਨ, ਅਤੇ ਜਿਨ੍ਹਾਂ ਦੇ ਅੱਗੇ ਝੁਕਦੇ ਤੇ ਪ੍ਰਾਰਥਨਾ ਕਰਦੇ ਹਨ। ਇਕ ਆਰਥੋਡਾਕਸ ਪਾਦਰੀ ਨੇ ਲਿਖਿਆ: “ਅਸੀਂ ਇਨ੍ਹਾਂ ਪ੍ਰਤੀ ਸ਼ਰਧਾ ਦਿਖਾਉਂਦੇ ਹਾਂ ਕਿਉਂਕਿ ਇਹ ਪਵਿੱਤਰ ਹਨ ਅਤੇ ਇਹ ਉਨ੍ਹਾਂ ਦੀਆਂ ਤਸਵੀਰਾਂ ਹਨ ਜਿਨ੍ਹਾਂ ਦੀ ਅਸੀਂ ਪੂਜਾ ਕਰਦੇ ਹਾਂ।”

ਪਰ ਸਵਾਲ ਤਾਂ ਫਿਰ ਵੀ ਇਹੀ ਉੱਠਦਾ ਹੈ: ਕੀ ਪਰਮੇਸ਼ੁਰ ਨੂੰ ਇਹ ਗੱਲ ਮਨਜ਼ੂਰ ਹੈ ਕਿ ਅਸੀਂ ਉਸ ਦੀ ਭਗਤੀ ਕਰਨ ਲਈ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਨੂੰ ਵਰਤੀਏ? ਬਾਈਬਲ ਵਿਚ ਕਿਤੇ ਵੀ ਇਸ ਤਰ੍ਹਾਂ ਕਰਨ ਲਈ ਨਹੀਂ ਕਿਹਾ ਗਿਆ। ਜਦੋਂ ਇਸਰਾਏਲੀਆਂ ਨੇ ਯਹੋਵਾਹ ਦੀ ਭਗਤੀ ਕਰਨ ਲਈ ਵੱਛੇ ਦੀ ਮੂਰਤ ਬਣਾਈ, ਤਾਂ ਯਹੋਵਾਹ ਨੇ ਇਸ ਦਾ ਜ਼ੋਰਦਾਰ ਖੰਡਨ ਕਰਦੇ ਹੋਏ ਕਿਹਾ ਕਿ ਉਹ ਭ੍ਰਿਸ਼ਟ ਹੋ ਗਏ ਸਨ।—ਕੂਚ 32:4-7.

ਲੁਕਿਆ ਖ਼ਤਰਾ

ਭਗਤੀ ਵਿਚ ਮੂਰਤਾਂ ਵਰਤਣੀਆਂ ਖ਼ਤਰਨਾਕ ਹੈ। ਇਹ ਲੋਕਾਂ ਨੂੰ ਪਰਮੇਸ਼ੁਰ ਦੀ ਭਗਤੀ ਕਰਨ ਦੀ ਬਜਾਇ ਚੀਜ਼ਾਂ ਦੀ ਭਗਤੀ ਕਰਨ ਲਈ ਆਸਾਨੀ ਨਾਲ ਭਰਮਾ ਸਕਦੀਆਂ ਹਨ। ਦੂਜੇ ਸ਼ਬਦਾਂ ਵਿਚ, ਲੋਕ ਮੂਰਤਾਂ ਦੀ ਭਗਤੀ ਕਰਨ ਲੱਗ ਪੈਂਦੇ ਹਨ।

ਇਸਰਾਏਲੀਆਂ ਦੇ ਦਿਨਾਂ ਵਿਚ ਬਹੁਤ ਸਾਰੀਆਂ ਚੀਜ਼ਾਂ ਦੀ ਇਸੇ ਤਰ੍ਹਾਂ ਭਗਤੀ ਹੋਣ ਲੱਗ ਪਈ ਸੀ। ਉਦਾਹਰਣ ਲਈ, ਮਿਸਰ ਤੋਂ ਨਿਕਲਣ ਤੋਂ ਬਾਅਦ ਮੂਸਾ ਨੇ ਤਾਂਬੇ ਦਾ ਇਕ ਸੱਪ ਬਣਾਇਆ। ਸ਼ੁਰੂ-ਸ਼ੁਰੂ ਵਿਚ ਡੰਡੇ ਉੱਤੇ ਬਣਿਆ ਇਹ ਸੱਪ ਚੰਗਾਈ ਦਾ ਇਕ ਜ਼ਰੀਆ ਸੀ। ਸੱਪ ਦੇ ਡੰਗੇ ਲੋਕ ਤਾਂਬੇ ਦੇ ਸੱਪ ਵੱਲ ਦੇਖ ਕੇ ਪਰਮੇਸ਼ੁਰ ਦੀ ਮਦਦ ਹਾਸਲ ਕਰ ਸਕਦੇ ਸਨ। ਪਰ ਵਾਅਦਾ ਕੀਤੇ ਦੇਸ਼ ਵਿਚ ਵੱਸਣ ਤੋਂ ਬਾਅਦ ਲੋਕਾਂ ਨੇ ਇਸ ਦੇ ਥੰਮ੍ਹ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੀ, ਮਾਨੋ ਇਸੇ ਪਿੱਤਲ ਦੇ ਸੱਪ ਵਿਚ ਲੋਕਾਂ ਨੂੰ ਚੰਗਾ ਕਰਨ ਦੀ ਸ਼ਕਤੀ ਹੋਵੇ। ਉਹ ਇਸ ਦੇ ਅੱਗੇ ਧੂਪ ਧੁਖਾਉਣ ਲੱਗ ਪਏ ਤੇ ਉਨ੍ਹਾਂ ਨੇ ਇਸ ਦਾ ਨਾਂ ਨਹੁਸ਼ਤਾਨ ਵੀ ਰੱਖਿਆ।—ਗਿਣਤੀ 21:8, 9; 2 ਰਾਜਿਆਂ 18:4.

ਇਸਰਾਏਲੀਆਂ ਨੇ ਇਹ ਵੀ ਸੋਚਿਆ ਕਿ ਨੇਮ ਦੇ ਸੰਦੂਕ ਵਿਚ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਬਚਾਉਣ ਦੀ ਤਾਕਤ ਸੀ, ਪਰ ਇਸ ਉੱਤੇ ਭਰੋਸਾ ਰੱਖਣ ਦੇ ਤਬਾਹਕੁਨ ਨਤੀਜੇ ਨਿਕਲੇ। (1 ਸਮੂਏਲ 4:3, 4; 5:11) ਅਤੇ ਯਿਰਮਿਯਾਹ ਦੇ ਦਿਨਾਂ ਵਿਚ, ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਦੀ ਬਜਾਇ ਉਸ ਦੇ ਮੰਦਰ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਸੀ।—ਯਿਰਮਿਯਾਹ 7:12-15.

ਅਜੇ ਵੀ ਲੋਕਾਂ ਦਾ ਆਮ ਇਹੋ ਝੁਕਾਅ ਹੈ ਕਿ ਉਹ ਪਰਮੇਸ਼ੁਰ ਦੀ ਬਜਾਇ ਚੀਜ਼ਾਂ ਦੀ ਭਗਤੀ ਕਰਦੇ ਹਨ। ਖੋਜਕਾਰ ਵਿਟਾਲੀ ਇਵਾਨਯਿਕ ਪੈਟਰੈਨਕੋ ਨੇ ਕਿਹਾ: “ਮੂਰਤ . . . ਭਗਤੀ ਦਾ ਪਾਤਰ ਬਣ ਜਾਂਦੀ ਹੈ ਅਤੇ ਲੋਕ ਮੂਰਤੀ-ਪੂਜਾ ਕਰਨ ਲੱਗ ਪੈਂਦੇ ਹਨ . . . ਸਾਨੂੰ ਮੰਨਣਾ ਪਵੇਗਾ ਕਿ ਧਾਰਮਿਕ ਚਿੱਤਰਾਂ ਤੇ ਮੂਰਤਾਂ ਦੀ ਪੂਜਾ ਅਸਲ ਵਿਚ ਗ਼ੈਰ-ਮਸੀਹੀ ਵਿਚਾਰ ਹੈ ਜੋ ਦੂਸਰੇ ਪ੍ਰਚਲਿਤ ਧਰਮਾਂ ਤੋਂ ਆਇਆ ਹੈ।” ਇਸੇ ਤਰ੍ਹਾਂ, ਗ੍ਰੀਕ ਆਰਥੋਡਾਕਸ ਪਾਦਰੀ ਡੀਮੀਟ੍ਰੀਓਸ ਕੌਂਸਟਾਂਟੇਲੋਸ ਆਪਣੀ ਕਿਤਾਬ ਗ੍ਰੀਕ ਆਰਥੋਡਾਕਸ ਚਰਚ ਨੂੰ ਸਮਝਣਾ (ਅੰਗ੍ਰੇਜ਼ੀ) ਵਿਚ ਕਹਿੰਦਾ ਹੈ: “ਇਹ ਸੰਭਵ ਹੈ ਕਿ ਈਸਾਈ ਇਕ ਮੂਰਤ ਜਾਂ ਧਾਰਮਿਕ ਤਸਵੀਰ ਨੂੰ ਹੀ ਪੂਜਣ ਲੱਗ ਪਵੇ।”

ਲੋਕਾਂ ਦਾ ਇਹ ਦਾਅਵਾ ਸਹੀ ਨਹੀਂ ਲੱਗਦਾ ਕਿ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਭਗਤੀ ਕਰਨ ਵਿਚ ਸਿਰਫ਼ ਉਨ੍ਹਾਂ ਦੀ ਮਦਦ ਕਰਦੀਆਂ ਹਨ। ਕਿਉਂ? ਕੀ ਇਹ ਸੱਚ ਨਹੀਂ ਹੈ ਕਿ ਮਰਿਯਮ ਜਾਂ ਦੂਸਰੇ ਲੰਮੇ ਸਮੇਂ ਤੋਂ ਮਰੇ “ਸੰਤਾਂ” ਦੀਆਂ ਕੁਝ ਤਸਵੀਰਾਂ ਨੂੰ ਉਨ੍ਹਾਂ ਦੀਆਂ ਹੀ ਹੋਰ ਤਸਵੀਰਾਂ ਨਾਲੋਂ ਜ਼ਿਆਦਾ ਸ਼ਰਧਾ ਦਿੱਤੀ ਜਾਂਦੀ ਹੈ ਕਿਉਂਕਿ ਲੋਕ ਮੰਨਦੇ ਹਨ ਕਿ ਇਨ੍ਹਾਂ ਵਿਚ ਦੂਸਰੀਆਂ ਤਸਵੀਰਾਂ ਨਾਲੋਂ ਜ਼ਿਆਦਾ ਤਾਕਤ ਹੈ? ਉਦਾਹਰਣ ਲਈ, ਬਹੁਤ ਸਾਰੇ ਆਰਥੋਡਾਕਸ ਈਸਾਈ ਯੂਨਾਨ ਦੇ ਟੀਨੋਸ ਟਾਪੂ ਤੇ ਮਰਿਯਮ ਦੀ ਤਸਵੀਰ ਨੂੰ ਪੂਜਦੇ ਹਨ, ਜਦ ਕਿ ਬਹੁਤ ਸਾਰੇ ਦੂਸਰੇ ਵਫ਼ਾਦਾਰ ਸ਼ਰਧਾਲੂ ਉੱਤਰੀ ਯੂਨਾਨ ਦੇ ਸੂਮੇਲਾ ਵਿਚ ਮਰਿਯਮ ਦੀ ਇਕ ਹੋਰ ਤਸਵੀਰ ਦੀ ਪੂਜਾ ਕਰਦੇ ਹਨ। ਦੋਵੇਂ ਸਮੂਹ ਆਪਣੀ-ਆਪਣੀ ਧਾਰਮਿਕ ਤਸਵੀਰ ਨੂੰ ਇਕ-ਦੂਜੇ ਦੀ ਤਸਵੀਰ ਨਾਲੋਂ ਮਹਾਨ ਸਮਝਦੇ ਹਨ। ਉਹ ਮੰਨਦੇ ਹਨ ਕਿ ਉਨ੍ਹਾਂ ਦੀ ਤਸਵੀਰ ਜ਼ਿਆਦਾ ਪ੍ਰਭਾਵਸ਼ਾਲੀ ਚਮਤਕਾਰ ਦਿਖਾਉਂਦੀ ਹੈ, ਹਾਲਾਂਕਿ ਦੋਵੇਂ ਹੀ ਕਾਫ਼ੀ ਚਿਰ ਤੋਂ ਮਰੇ ਇੱਕੋ ਵਿਅਕਤੀ ਦੀਆਂ ਤਸਵੀਰਾਂ ਹਨ। ਇਹ ਦਿਖਾਉਂਦਾ ਹੈ ਕਿ ਲੋਕ ਅਸਲ ਵਿਚ ਮੰਨਦੇ ਹਨ ਕਿ ਖ਼ਾਸ ਧਾਰਮਿਕ ਤਸਵੀਰਾਂ ਅਤੇ ਮੂਰਤਾਂ ਵਿਚ ਅਸਲੀ ਸ਼ਕਤੀਆਂ ਹੁੰਦੀਆਂ ਹਨ ਅਤੇ ਉਹ ਇਨ੍ਹਾਂ ਦੀ ਭਗਤੀ ਕਰਦੇ ਹਨ।

“ਸੰਤਾਂ” ਜਾਂ ਮਰਿਯਮ ਨੂੰ ਪ੍ਰਾਰਥਨਾ ਕਰਨੀ?

ਮਰਿਯਮ ਜਾਂ “ਸੰਤਾਂ” ਦੀ ਪੂਜਾ ਕਰਨ ਬਾਰੇ ਕੀ ਕਿਹਾ ਜਾ ਸਕਦਾ ਹੈ? ਸ਼ਤਾਨ ਦੇ ਪਰਤਾਵੇ ਦੇ ਜਵਾਬ ਵਿਚ ਯਿਸੂ ਨੇ ਬਿਵਸਥਾ ਸਾਰ 6:13 ਦਾ ਹਵਾਲਾ ਦੇ ਕੇ ਕਿਹਾ ਸੀ: “ਤੂੰ ਪ੍ਰਭੁ ਆਪਣੇ ਪਰਮੇਸ਼ੁਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ।” (ਮੱਤੀ 4:10) ਬਾਅਦ ਵਿਚ ਉਸ ਨੇ ਕਿਹਾ ਸੀ ਕਿ ਸੱਚੇ ਭਗਤ “ਪਿਤਾ” ਤੋਂ ਸਿਵਾਇ ਹੋਰ ਕਿਸੇ ਦੀ ਭਗਤੀ ਨਹੀਂ ਕਰਨਗੇ। (ਯੂਹੰਨਾ 4:23) ਦੂਤ ਵੀ ਇਸ ਗੱਲ ਨੂੰ ਸਮਝਦੇ ਹਨ, ਇਸੇ ਲਈ ਜਦੋਂ ਯੂਹੰਨਾ ਰਸੂਲ ਨੇ ਇਕ ਦੂਤ ਦੀ ਭਗਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਦੂਤ ਨੇ ਯੂਹੰਨਾ ਨੂੰ ਝਿੜਕ ਕੇ ਕਿਹਾ: “ਇਉਂ ਨਾ ਕਰ! ਪਰਮੇਸ਼ੁਰ ਨੂੰ ਮੱਥਾ ਟੇਕ!”—ਪਰਕਾਸ਼ ਦੀ ਪੋਥੀ 22:9.

ਕੀ ਯਿਸੂ ਦੀ ਮਾਤਾ ਮਰਿਯਮ ਜਾਂ ਖ਼ਾਸ “ਸੰਤਾਂ” ਨੂੰ ਪ੍ਰਾਰਥਨਾ ਕਰਨੀ ਉਚਿਤ ਹੈ ਕਿ ਉਹ ਸਾਡੇ ਅਤੇ ਪਰਮੇਸ਼ੁਰ ਵਿਚਕਾਰ ਵਿਚੋਲੇ ਬਣਨ? ਬਾਈਬਲ ਸਾਫ਼ ਜਵਾਬ ਦਿੰਦੀ ਹੈ: “ਪਰਮੇਸ਼ੁਰ ਇੱਕੋ ਹੈ ਅਰ ਪਰਮੇਸ਼ੁਰ ਅਤੇ ਮਨੁੱਖਾਂ ਵਿੱਚ ਇੱਕੋ ਵਿਚੋਲਾ ਹੈ ਜਿਹੜਾ ਆਪ ਮਨੁੱਖ ਹੈ ਅਰਥਾਤ ਮਸੀਹ ਯਿਸੂ।”—1 ਤਿਮੋਥਿਉਸ 2:5.

ਪਰਮੇਸ਼ੁਰ ਨਾਲ ਆਪਣੇ ਰਿਸ਼ਤੇ ਦੀ ਰਾਖੀ ਕਰੋ

ਭਗਤੀ ਵਿਚ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਦੀ ਵਰਤੋਂ ਬਾਈਬਲ ਦੀ ਸਪੱਸ਼ਟ ਸਿੱਖਿਆ ਦੇ ਉਲਟ ਹੈ, ਇਸ ਲਈ ਇਹ ਪਰਮੇਸ਼ੁਰ ਦੀ ਮਿਹਰ ਅਤੇ ਮੁਕਤੀ ਹਾਸਲ ਕਰਨ ਵਿਚ ਲੋਕਾਂ ਦੀ ਮਦਦ ਨਹੀਂ ਕਰ ਸਕਦੀਆਂ। ਇਸ ਦੇ ਉਲਟ, ਯਿਸੂ ਨੇ ਕਿਹਾ ਸੀ ਕਿ ਸਦਾ ਦੀ ਜ਼ਿੰਦਗੀ ਤਾਂ ਹੀ ਮਿਲ ਸਕਦੀ ਹੈ ਜੇ ਅਸੀਂ ਇੱਕੋ-ਇਕ ਸੱਚੇ ਪਰਮੇਸ਼ੁਰ ਦਾ ਗਿਆਨ ਲਵਾਂਗੇ, ਉਸ ਦੀ ਅਨੋਖੀ ਸ਼ਖ਼ਸੀਅਤ, ਉਸ ਦੇ ਮਕਸਦਾਂ ਅਤੇ ਇਨਸਾਨਾਂ ਨਾਲ ਉਸ ਦੇ ਵਤੀਰੇ ਬਾਰੇ ਜਾਣਾਂਗੇ। (ਯੂਹੰਨਾ 17:3) ਮੂਰਤਾਂ ਪਰਮੇਸ਼ੁਰ ਨੂੰ ਜਾਣਨ ਅਤੇ ਉਸ ਦੀ ਪ੍ਰਵਾਨਯੋਗ ਭਗਤੀ ਕਰਨ ਵਿਚ ਸਾਡੀ ਮਦਦ ਨਹੀਂ ਕਰਦੀਆਂ ਕਿਉਂਕਿ ਉਹ ਨਾ ਦੇਖਦੀਆਂ ਹਨ, ਨਾ ਮਹਿਸੂਸ ਕਰਦੀਆਂ ਹਨ ਤੇ ਨਾ ਹੀ ਬੋਲਦੀਆਂ ਹਨ। (ਜ਼ਬੂਰ 115:4-8) ਸੱਚੇ ਪਰਮੇਸ਼ੁਰ ਦਾ ਗਿਆਨ ਸਿਰਫ਼ ਪਰਮੇਸ਼ੁਰ ਦੇ ਬਚਨ ਬਾਈਬਲ ਦਾ ਅਧਿਐਨ ਕਰ ਕੇ ਹੀ ਮਿਲ ਸਕਦਾ ਹੈ।

ਧਾਰਮਿਕ ਤਸਵੀਰਾਂ ਦੀ ਪੂਜਾ ਕਰਨ ਨਾਲ ਸਾਨੂੰ ਕੋਈ ਵੀ ਫ਼ਾਇਦਾ ਨਹੀਂ ਹੁੰਦਾ, ਸਗੋਂ ਇਹ ਅਧਿਆਤਮਿਕ ਤੌਰ ਤੇ ਖ਼ਤਰਨਾਕ ਹੋ ਸਕਦੀ ਹੈ। ਉਹ ਕਿਵੇਂ? ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਅਜਿਹੀ ਪੂਜਾ ਪਰਮੇਸ਼ੁਰ ਨਾਲ ਸਾਡੇ ਰਿਸ਼ਤੇ ਨੂੰ ਖ਼ਰਾਬ ਕਰ ਸਕਦੀ ਹੈ। ਇਸਰਾਏਲ, ਜਿਸ ਨੇ “ਘਿਣਾਉਣੀਆਂ ਮੂਰਤਾਂ ਨਾਲ ਪਰਮੇਸ਼ੁਰ ਨੂੰ ਗੁੱਸਾ ਦੁਆਇਆ” ਸੀ, ਬਾਰੇ ਪਰਮੇਸ਼ੁਰ ਨੇ ਪਹਿਲਾਂ ਹੀ ਕਿਹਾ ਸੀ: “ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ।” (ਬਿਵਸਥਾ ਸਾਰ 32:16, 20, ਦ ਨਿਊ ਅਮੈਰੀਕਨ ਬਾਈਬਲ) ਉਨ੍ਹਾਂ ਲਈ ਪਰਮੇਸ਼ੁਰ ਨਾਲ ਫਿਰ ਤੋਂ ਰਿਸ਼ਤਾ ਕਾਇਮ ਕਰਨ ਲਈ ਜ਼ਰੂਰੀ ਸੀ ਕਿ ਉਹ ‘ਬੁੱਤਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਦੇ ਹੱਥਾਂ ਨੇ ਪਾਪ ਲਈ ਬਣਾਇਆ ਸੀ ਰੱਦ ਕਰਨ।’—ਯਸਾਯਾਹ 31:6, 7.

ਇਸ ਲਈ ਬਾਈਬਲ ਦੀ ਇਹ ਸਲਾਹ ਕਿੰਨੀ ਢੁਕਵੀਂ ਹੈ: “ਹੇ ਬੱਚਿਓ, ਤੁਸੀਂ ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ”!—1 ਯੂਹੰਨਾ 5:21.

[ਸਫ਼ੇ 6 ਉੱਤੇ ਡੱਬੀ]

“ਆਤਮਾ” ਨਾਲ ਭਗਤੀ ਕਰਨ ਵਿਚ ਉਨ੍ਹਾਂ ਦੀ ਮਦਦ ਕੀਤੀ ਗਈ

ਅਲਬਾਨੀਆ ਵਿਚ ਓਲੀਵਰਾ ਨਾਂ ਦੀ ਤੀਵੀਂ ਆਰਥੋਡਾਕਸ ਚਰਚ ਦੀ ਕੱਟੜ ਮੈਂਬਰ ਸੀ। ਸੰਨ 1967 ਵਿਚ ਜਦੋਂ ਦੇਸ਼ ਵਿਚ ਧਰਮ ਉੱਤੇ ਪਾਬੰਦੀ ਲਾਈ ਗਈ, ਤਾਂ ਓਲੀਵਰਾ ਚੋਰੀ-ਛੁਪੇ ਪੂਜਾ-ਪਾਠ ਕਰਦੀ ਰਹੀ। ਉਹ ਆਪਣੀ ਸਾਰੀ ਪੈਨਸ਼ਨ ਸੋਨੇ ਚਾਂਦੀ ਦੀਆਂ ਮੂਰਤਾਂ, ਧੂਪ ਅਤੇ ਮੋਮਬੱਤੀਆਂ ਖ਼ਰੀਦਣ ਤੇ ਲਾ ਦਿੰਦੀ ਸੀ। ਇਨ੍ਹਾਂ ਚੀਜ਼ਾਂ ਨੂੰ ਉਹ ਆਪਣੇ ਬਿਸਤਰੇ ਵਿਚ ਲੁਕੋ ਦਿੰਦੀ ਸੀ ਅਤੇ ਆਪ ਨੇੜੇ ਪਈ ਕੁਰਸੀ ਉੱਤੇ ਸੌਂ ਜਾਂਦੀ ਸੀ, ਉਹ ਡਰਦੀ ਸੀ ਕਿ ਕਿਤੇ ਕੋਈ ਇਨ੍ਹਾਂ ਨੂੰ ਦੇਖ ਨਾ ਲਵੇ ਜਾਂ ਚੁਰਾ ਨਾ ਲਵੇ। ਜਦੋਂ 1990 ਦੇ ਦਹਾਕੇ ਦੇ ਸ਼ੁਰੂ ਵਿਚ ਯਹੋਵਾਹ ਦੇ ਗਵਾਹ ਓਲੀਵਰਾ ਨੂੰ ਮਿਲੇ, ਤਾਂ ਉਸ ਨੇ ਉਨ੍ਹਾਂ ਦੇ ਸੰਦੇਸ਼ ਵਿਚ ਬਾਈਬਲ ਸੱਚਾਈ ਨੂੰ ਪਛਾਣ ਲਿਆ। ਉਸ ਨੂੰ ਪਤਾ ਲੱਗਾ ਕਿ “ਆਤਮਾ” ਨਾਲ ਸੱਚੀ ਭਗਤੀ ਕਰਨ ਬਾਰੇ ਬਾਈਬਲ ਕੀ ਕਹਿੰਦੀ ਹੈ ਅਤੇ ਇਹ ਵੀ ਸਿੱਖਿਆ ਕਿ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਦੀ ਵਰਤੋਂ ਬਾਰੇ ਪਰਮੇਸ਼ੁਰ ਕੀ ਸੋਚਦਾ ਹੈ। (ਯੂਹੰਨਾ 4:24) ਉਸ ਨਾਲ ਅਧਿਐਨ ਕਰਨ ਵਾਲੀ ਗਵਾਹ ਨੇ ਧਿਆਨ ਦਿੱਤਾ ਕਿ ਜਦੋਂ ਵੀ ਉਹ ਓਲੀਵਰਾ ਦੇ ਘਰ ਜਾਂਦੀ ਸੀ, ਮੂਰਤਾਂ ਹੌਲੀ-ਹੌਲੀ ਘਟਦੀਆਂ ਜਾਂਦੀਆਂ ਸਨ। ਅਖ਼ੀਰ, ਉਸ ਦੇ ਘਰ ਕੋਈ ਵੀ ਮੂਰਤ ਦਿਖਾਈ ਨਹੀਂ ਦਿੱਤੀ। ਆਪਣੇ ਬਪਤਿਸਮੇ ਤੋਂ ਬਾਅਦ ਓਲੀਵਰਾ ਨੇ ਕਿਹਾ: “ਅੱਜ ਬੇਕਾਰ ਮੂਰਤਾਂ ਦੀ ਬਜਾਇ ਮੇਰੇ ਕੋਲ ਯਹੋਵਾਹ ਦੀ ਪਵਿੱਤਰ ਆਤਮਾ ਹੈ। ਮੈਂ ਬਹੁਤ ਧੰਨਵਾਦੀ ਹਾਂ ਕਿ ਉਸ ਦੀ ਆਤਮਾ ਨੂੰ ਮੇਰੇ ਤਕ ਪਹੁੰਚਣ ਲਈ ਮੂਰਤਾਂ ਦੀ ਲੋੜ ਨਹੀਂ ਹੈ।”

ਯੂਨਾਨ ਵਿਚ ਲੈਸਵੋਸ ਟਾਪੂ ਤੇ ਅਥੀਨਾ ਨਾਂ ਦੀ ਤੀਵੀਂ ਆਰਥੋਡਾਕਸ ਚਰਚ ਦੀ ਬਹੁਤ ਹੀ ਜੋਸ਼ੀਲੀ ਮੈਂਬਰ ਸੀ। ਉਹ ਭਜਨ-ਮੰਡਲੀ ਦੀ ਮੈਂਬਰ ਸੀ ਅਤੇ ਧਾਰਮਿਕ ਪਰੰਪਰਾ ਮੁਤਾਬਕ ਬਹੁਤ ਵਫ਼ਾਦਾਰੀ ਨਾਲ ਮੂਰਤਾਂ ਅੱਗੇ ਪ੍ਰਾਰਥਨਾ ਕਰਦੀ ਸੀ। ਯਹੋਵਾਹ ਦੇ ਗਵਾਹਾਂ ਨੇ ਅਥੀਨਾ ਦੀ ਇਹ ਸਮਝਣ ਵਿਚ ਮਦਦ ਕੀਤੀ ਕਿ ਉਸ ਨੂੰ ਸਾਰੀਆਂ ਗੱਲਾਂ ਬਾਈਬਲ ਦੇ ਮੁਤਾਬਕ ਨਹੀਂ ਸਿਖਾਈਆਂ ਗਈਆਂ ਸਨ। ਇਨ੍ਹਾਂ ਗੱਲਾਂ ਵਿਚ ਭਗਤੀ ਵਿਚ ਤਸਵੀਰਾਂ ਅਤੇ ਸਲੀਬ ਦੀ ਵਰਤੋਂ ਵੀ ਸ਼ਾਮਲ ਸੀ। ਅਥੀਨਾ ਨੇ ਕਿਹਾ ਕਿ ਉਹ ਖ਼ੁਦ ਇਨ੍ਹਾਂ ਧਾਰਮਿਕ ਚੀਜ਼ਾਂ ਦੇ ਮੁੱਢ ਬਾਰੇ ਖੋਜਬੀਨ ਕਰੇਗੀ। ਵੱਖ-ਵੱਖ ਐਨਸਾਈਕਲੋਪੀਡੀਆਵਾਂ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ, ਉਸ ਨੂੰ ਯਕੀਨ ਹੋ ਗਿਆ ਕਿ ਇਹ ਚੀਜ਼ਾਂ ਗ਼ੈਰ-ਮਸੀਹੀ ਹਨ। “ਆਤਮਾ” ਨਾਲ ਪਰਮੇਸ਼ੁਰ ਦੀ ਭਗਤੀ ਕਰਨ ਦੀ ਆਪਣੀ ਇੱਛਾ ਕਾਰਨ ਉਸ ਨੇ ਕੀਮਤੀ ਤਸਵੀਰਾਂ ਤੇ ਮੂਰਤਾਂ ਨੂੰ ਸੁੱਟ ਦਿੱਤਾ। ਪਰ ਅਧਿਆਤਮਿਕ ਤੌਰ ਤੇ ਸ਼ੁੱਧ ਅਤੇ ਪ੍ਰਵਾਨਯੋਗ ਤਰੀਕੇ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਲਈ ਅਥੀਨਾ ਖ਼ੁਸ਼ੀ ਨਾਲ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਸੀ।—ਰਸੂਲਾਂ ਦੇ ਕਰਤੱਬ 19:19.

[ਸਫ਼ੇ 7 ਉੱਤੇ ਡੱਬੀ/ਤਸਵੀਰ]

ਕੀ ਧਾਰਮਿਕ ਤਸਵੀਰਾਂ ਮਹਿਜ਼ ਇਕ ਕਲਾ ਹਨ?

ਹਾਲ ਹੀ ਦੇ ਸਾਲਾਂ ਵਿਚ ਦੁਨੀਆਂ ਭਰ ਵਿਚ ਲੋਕ ਆਪਣੇ ਸ਼ੌਕ ਲਈ ਆਰਥੋਡਾਕਸ ਧਾਰਮਿਕ ਤਸਵੀਰਾਂ ਇਕੱਠੀਆਂ ਕਰ ਰਹੇ ਹਨ। ਉਹ ਇਨ੍ਹਾਂ ਤਸਵੀਰਾਂ ਨੂੰ ਆਮ ਤੌਰ ਤੇ ਪਵਿੱਤਰ ਧਾਰਮਿਕ ਤਸਵੀਰਾਂ ਨਹੀਂ ਮੰਨਦੇ, ਸਗੋਂ ਬਿਜ਼ੰਤੀਨੀ ਸਭਿਆਚਾਰ ਨੂੰ ਦਰਸਾਉਂਦੀ ਕਲਾਕਾਰੀ ਸਮਝਦੇ ਹਨ। ਇਸ ਲਈ ਨਾਸਤਿਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਵੀ ਅਕਸਰ ਆਪਣੇ ਘਰ ਜਾਂ ਦਫ਼ਤਰ ਨੂੰ ਇਨ੍ਹਾਂ ਬਹੁਤ ਸਾਰੀਆਂ ਧਾਰਮਿਕ ਤਸਵੀਰਾਂ ਨਾਲ ਸਜਾਉਂਦੇ ਹਨ।

ਪਰ ਸੱਚੇ ਮਸੀਹੀ ਧਾਰਮਿਕ ਤਸਵੀਰਾਂ ਦੇ ਮੁਢਲੇ ਉਦੇਸ਼ ਨੂੰ ਨਹੀਂ ਭੁੱਲਦੇ। ਲੋਕ ਇਨ੍ਹਾਂ ਦੀ ਭਗਤੀ ਕਰਦੇ ਹਨ। ਹਾਲਾਂਕਿ ਮਸੀਹੀ ਦੂਸਰਿਆਂ ਨੂੰ ਧਾਰਮਿਕ ਤਸਵੀਰਾਂ ਜਾਂ ਮੂਰਤਾਂ ਰੱਖਣ ਤੋਂ ਨਹੀਂ ਰੋਕਦੇ, ਪਰ ਉਹ ਆਪ ਆਪਣੇ ਕੋਲ ਨਾ ਤਾਂ ਧਾਰਮਿਕ ਤਸਵੀਰ ਰੱਖਦੇ ਹਨ ਤੇ ਨਾ ਹੀ ਉਹ ਇਨ੍ਹਾਂ ਨੂੰ ਸ਼ੌਕ ਲਈ ਇਕੱਠੀਆਂ ਕਰਦੇ ਹਨ। ਉਹ ਬਿਵਸਥਾ ਸਾਰ 7:26 ਦੇ ਸਿਧਾਂਤ ਉੱਤੇ ਚੱਲਦੇ ਹਨ: “ਤੁਸੀਂ ਕੋਈ ਘਿਣਾਉਣੀ ਚੀਜ਼ [ਭਗਤੀ ਵਿਚ ਵਰਤੀਆਂ ਜਾਂਦੀਆਂ ਮੂਰਤਾਂ] ਆਪਣੇ ਘਰ ਨੂੰ ਨਾ ਲਿਆਓ ਮਤੇ ਤੁਸੀਂ ਉਸ ਵਾਂਙੁ ਹਰਾਮ ਹੋ ਜਾਓ। ਤੁਸੀਂ ਉਸ ਤੋਂ ਨਫ਼ਰਤ ਹੀ ਨਫ਼ਰਤ ਅਤੇ ਘਿਣ ਹੀ ਘਿਣ ਕਰੋ।”

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਨੇ ਭਗਤੀ ਵਿਚ ਮੂਰਤਾਂ ਵਰਤਣ ਦੀ ਇਜਾਜ਼ਤ ਨਹੀਂ ਦਿੱਤੀ ਸੀ

[ਸਫ਼ੇ 8 ਉੱਤੇ ਤਸਵੀਰ]

ਬਾਈਬਲ ਤੋਂ ਗਿਆਨ ਲੈਣ ਨਾਲ ਸਾਨੂੰ ਆਤਮਾ ਨਾਲ ਪਰਮੇਸ਼ੁਰ ਦੀ ਭਗਤੀ ਕਰਨ ਵਿਚ ਮਦਦ ਮਿਲਦੀ ਹੈ