Skip to content

Skip to table of contents

ਮਸੀਹੀ ਭਰਾਵਾਂ ਦੇ ਪਿਆਰ ਨੇ ਮੈਨੂੰ ਤਕੜਾ ਕੀਤਾ

ਮਸੀਹੀ ਭਰਾਵਾਂ ਦੇ ਪਿਆਰ ਨੇ ਮੈਨੂੰ ਤਕੜਾ ਕੀਤਾ

ਜੀਵਨੀ

ਮਸੀਹੀ ਭਰਾਵਾਂ ਦੇ ਪਿਆਰ ਨੇ ਮੈਨੂੰ ਤਕੜਾ ਕੀਤਾ

ਥਾਮਸਨ ਕਾਂਗਾਲ ਦੀ ਜ਼ਬਾਨੀ

ਸਾਲ 1993 ਦੀ 24 ਅਪ੍ਰੈਲ ਨੂੰ ਮੈਨੂੰ ਲੁਸਾਕਾ, ਜ਼ੈਂਬੀਆ ਦੇ ਨਵੇਂ ਸ਼ਾਖ਼ਾ ਦਫ਼ਤਰ ਦੇ ਸਮਰਪਣ ਪ੍ਰੋਗ੍ਰਾਮ ਤੇ ਸੱਦਿਆ ਗਿਆ ਸੀ। ਇਸ ਸ਼ਾਖ਼ਾ ਦਫ਼ਤਰ ਦੀਆਂ 13 ਇਮਾਰਤਾਂ ਸਨ। ਸ਼ਾਖ਼ਾ ਦਫ਼ਤਰ ਨੂੰ ਦੇਖਦੇ ਹੋਏ ਮੈਨੂੰ ਤੁਰਨ ਵਿਚ ਤਕਲੀਫ਼ ਹੋ ਰਹੀ ਸੀ। ਇਸ ਕਰਕੇ ਜਿਹੜੀ ਭੈਣ ਸਾਨੂੰ ਸ਼ਾਖ਼ਾ ਦਫ਼ਤਰ ਦਿਖਾ ਰਹੀ ਸੀ, ਉਸ ਨੇ ਬੜੇ ਪਿਆਰ ਨਾਲ ਮੈਨੂੰ ਪੁੱਛਿਆ: “ਜੇ ਤੁਸੀਂ ਚਾਹੋ, ਤਾਂ ਮੈਂ ਆਪਣੇ ਨਾਲ ਤੁਹਾਡੇ ਲਈ ਇਕ ਕੁਰਸੀ ਲੈ ਜਾ ਸਕਦੀ ਹਾਂ ਤਾਂਕਿ ਤੁਸੀਂ ਵਿਚ-ਵਿਚ ਆਰਾਮ ਕਰ ਸਕੋ।” ਮੈਂ ਕਾਲੀ ਨਸਲ ਦਾ ਹਾਂ ਤੇ ਉਹ ਭੈਣ ਗੋਰੀ ਹੈ, ਪਰ ਉਸ ਦੇ ਮਨ ਵਿਚ ਇੱਦਾਂ ਦੀ ਕੋਈ ਊਚ-ਨੀਚ ਨਹੀਂ ਸੀ। ਮੈਂ ਉਸ ਦੀ ਇਸ ਰਹਿਮਦਿਲੀ ਲਈ ਉਸ ਦਾ ਬਹੁਤ ਧੰਨਵਾਦ ਕੀਤਾ ਤੇ ਉਸ ਦੀ ਮਦਦ ਨਾਲ ਮੈਂ ਸ਼ਾਖ਼ਾ ਦਫ਼ਤਰ ਦੀਆਂ ਸਾਰੀਆਂ ਇਮਾਰਤਾਂ ਨੂੰ ਦੇਖ ਸਕਿਆ।

ਮੇਰੀ ਜ਼ਿੰਦਗੀ ਵਿਚ ਅਜਿਹੇ ਕਈ ਤਜਰਬਿਆਂ ਨੇ ਮੇਰੇ ਦਿਲ ਨੂੰ ਨਿੱਘ ਦਿੱਤਾ ਹੈ ਤੇ ਮੇਰੇ ਇਸ ਵਿਸ਼ਵਾਸ ਨੂੰ ਪੱਕਾ ਕੀਤਾ ਹੈ ਕਿ ਯਹੋਵਾਹ ਦੇ ਗਵਾਹਾਂ ਦੇ ਮਸੀਹੀ ਭਾਈਚਾਰੇ ਵਿਚ ਉਹ ਪਿਆਰ ਹੈ ਜਿਸ ਨੂੰ ਯਿਸੂ ਨੇ ਆਪਣੇ ਸੱਚੇ ਚੇਲਿਆਂ ਦੀ ਪਛਾਣ ਕਿਹਾ ਸੀ। (ਯੂਹੰਨਾ 13:35; 1 ਪਤਰਸ 2:17) ਪਹਿਲਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ 1931 ਵਿਚ ਮੇਰੀ ਇਨ੍ਹਾਂ ਮਸੀਹੀਆਂ ਨਾਲ ਕਿੱਦਾਂ ਜਾਣ-ਪਛਾਣ ਹੋਈ ਸੀ। ਉਸੇ ਸਾਲ ਇਨ੍ਹਾਂ ਨੇ ਆਪਣੇ ਬਾਈਬਲੀ ਨਾਂ ‘ਯਹੋਵਾਹ ਦੇ ਗਵਾਹ’ ਬਾਰੇ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਸੀ।—ਯਸਾਯਾਹ 43:12.

ਅਫ਼ਰੀਕਾ ਵਿਚ ਪਹਿਲਾਂ-ਪਹਿਲ ਪ੍ਰਚਾਰ

ਮੈਂ ਉੱਤਰੀ ਰੋਡੇਸ਼ੀਆ (ਹੁਣ ਜ਼ੈਂਬੀਆ) ਦੇ ਤਾਂਬੇ ਦੀਆਂ ਖ਼ਾਨਾਂ ਦੇ ਇਲਾਕੇ ਵਿਚ ਸਥਿਤ ਕੀਟਵੇ ਸ਼ਹਿਰ ਵਿਚ ਰਹਿੰਦਾ ਸੀ। ਮੈਂ ਇਕ ਦੋਸਤ ਨਾਲ ਫੁਟਬਾਲ ਖੇਡਦਾ ਹੁੰਦਾ ਸੀ। ਨਵੰਬਰ 1931 ਵਿਚ ਜਦੋਂ ਮੈਂ 22 ਸਾਲ ਦਾ ਸੀ, ਉਦੋਂ ਮੇਰੇ ਦੋਸਤ ਨੇ ਮੈਨੂੰ ਗਵਾਹਾਂ ਨਾਲ ਮਿਲਾਇਆ। ਮੈਂ ਉਨ੍ਹਾਂ ਦੀਆਂ ਕੁਝ ਸਭਾਵਾਂ ਵਿਚ ਗਿਆ। ਅਤੇ ਮੈਂ ਕੇਪ ਟਾਊਨ, ਦੱਖਣੀ ਅਫ਼ਰੀਕਾ ਵਿਚ ਸਥਿਤ ਸ਼ਾਖ਼ਾ ਦਫ਼ਤਰ ਨੂੰ ਪਰਮੇਸ਼ੁਰ ਦੀ ਬਰਬਤ ਨਾਮਕ ਕਿਤਾਬ ਘੱਲਣ ਲਈ ਬੇਨਤੀ ਕੀਤੀ। * ਇਹ ਕਿਤਾਬ ਅੰਗ੍ਰੇਜ਼ੀ ਵਿਚ ਸੀ ਅਤੇ ਮੈਨੂੰ ਅੰਗ੍ਰੇਜ਼ੀ ਇੰਨੀ ਨਹੀਂ ਆਉਂਦੀ ਸੀ ਜਿਸ ਕਰਕੇ ਇਹ ਕਿਤਾਬ ਮੇਰੇ ਲਈ ਸਮਝਣੀ ਮੁਸ਼ਕਲ ਸੀ।

ਬਾਂਗਵੀਯੁਲੁ ਝੀਲ ਤੋਂ ਤਕਰੀਬਨ 240 ਕਿਲੋਮੀਟਰ ਦੂਰ ਦੱਖਣ-ਪੱਛਮ ਵੱਲ ਤਾਂਬੇ ਦੀਆਂ ਖ਼ਾਨਾਂ ਦੇ ਇਲਾਕੇ ਵਿਚ ਜਿੱਥੇ ਮੈਂ ਵੱਡਾ ਹੋਇਆ ਸੀ, ਉੱਥੇ ਦੂਸਰੇ ਸ਼ਹਿਰਾਂ ਦੇ ਵੀ ਬਹੁਤ ਸਾਰੇ ਲੋਕ ਕੰਮ ਕਰਦੇ ਸਨ। ਉੱਥੇ ਗਵਾਹਾਂ ਦੇ ਕਈ ਗਰੁੱਪ ਬਾਈਬਲ ਦਾ ਅਧਿਐਨ ਕਰਨ ਲਈ ਨਿਯਮਿਤ ਤੌਰ ਤੇ ਇਕੱਠੇ ਹੁੰਦੇ ਸਨ। ਕੁਝ ਸਮੇਂ ਬਾਅਦ ਮੈਂ ਕੀਟਵੇ ਸ਼ਹਿਰ ਨੂੰ ਛੱਡ ਕੇ ਨਡੋਲਾ ਚਲਾ ਗਿਆ ਅਤੇ ਉੱਥੇ ਗਵਾਹਾਂ ਦੀਆਂ ਸਭਾਵਾਂ ਵਿਚ ਜਾਣ ਲੱਗ ਪਿਆ। ਉਸ ਸਮੇਂ ਮੈਂ ਪ੍ਰਿੰਸ ਆਫ਼ ਵੇਲਜ਼ ਨਾਂ ਦੀ ਫੁਟਬਾਲ ਟੀਮ ਦਾ ਕਪਤਾਨ ਸੀ। ਮੈਂ ਅਫ਼ਰੀਕਨ ਲੇਕਸ ਕਾਰਪੋਰੇਸ਼ਨ ਨਾਂ ਦੀ ਕੰਪਨੀ ਦੇ ਗੋਰੇ ਮੈਨੇਜਰ ਦੇ ਘਰ ਨੌਕਰ ਦਾ ਕੰਮ ਵੀ ਕਰਦਾ ਸੀ। ਇਸ ਕੰਪਨੀ ਦੀਆਂ ਕੇਂਦਰੀ ਅਫ਼ਰੀਕਾ ਵਿਚ ਬਹੁਤ ਸਾਰੀਆਂ ਦੁਕਾਨਾਂ ਸਨ।

ਮੈਂ ਸਕੂਲ ਵਿਚ ਜ਼ਿਆਦਾ ਪੜ੍ਹ-ਲਿਖ ਨਹੀਂ ਸਕਿਆ। ਪਰ ਅੰਗ੍ਰੇਜ਼ਾਂ ਨਾਲ ਕੰਮ ਕਰਦਿਆਂ ਮੈਂ ਥੋੜ੍ਹੀ-ਬਹੁਤੀ ਅੰਗ੍ਰੇਜ਼ੀ ਸਿੱਖ ਲਈ। ਫਿਰ ਵੀ ਮੈਂ ਚਾਹੁੰਦਾ ਸੀ ਕਿ ਮੈਂ ਹੋਰ ਅੱਗੇ ਪੜ੍ਹਾਂ। ਇਸ ਲਈ ਮੈਂ ਦੱਖਣੀ ਰੋਡੇਸ਼ੀਆ (ਹੁਣ ਜ਼ਿਮਬਾਬਵੇ) ਦੇ ਪਲੱਮਟ੍ਰੀ ਸ਼ਹਿਰ ਦੇ ਇਕ ਸਕੂਲ ਵਿਚ ਪੜ੍ਹਨ ਲੱਗ ਪਿਆ। ਪਰ ਇਸ ਸਮੇਂ ਦੌਰਾਨ ਮੈਂ ਕੇਪ ਟਾਊਨ ਵਿਚ ਸ਼ਾਖ਼ਾ ਦਫ਼ਤਰ ਨੂੰ ਦੂਜੀ ਚਿੱਠੀ ਲਿਖੀ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਨੂੰ ਪਰਮੇਸ਼ੁਰ ਦੀ ਬਰਬਤ ਕਿਤਾਬ ਮਿਲ ਗਈ ਸੀ ਤੇ ਮੈਂ ਆਪਣੀ ਜ਼ਿੰਦਗੀ ਯਹੋਵਾਹ ਦੀ ਸੇਵਾ ਵਿਚ ਲਗਾਉਣੀ ਚਾਹੁੰਦਾ ਸੀ।

ਮੈਨੂੰ ਉਨ੍ਹਾਂ ਵੱਲੋਂ ਆਪਣੀ ਚਿੱਠੀ ਦਾ ਜਵਾਬ ਮਿਲਣ ਤੇ ਬਹੁਤ ਹੈਰਾਨੀ ਹੋਈ। ਉਨ੍ਹਾਂ ਨੇ ਕਿਹਾ: “ਅਸੀਂ ਤੁਹਾਡੀ ਤਾਰੀਫ਼ ਕਰਦੇ ਹਾਂ ਕਿ ਤੁਸੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਸ ਬਾਰੇ ਪ੍ਰਾਰਥਨਾ ਕਰੋ, ਅਤੇ ਯਹੋਵਾਹ ਸੱਚਾਈ ਨੂੰ ਚੰਗੀ ਤਰ੍ਹਾਂ ਸਮਝਣ ਵਿਚ ਤੁਹਾਡੀ ਮਦਦ ਕਰੇਗਾ ਤੇ ਤੁਹਾਨੂੰ ਦੱਸੇਗਾ ਕਿ ਤੁਸੀਂ ਉਸ ਦੀ ਸੇਵਾ ਕਿੱਦਾਂ ਕਰ ਸਕਦੇ ਹੋ।” ਉਹ ਚਿੱਠੀ ਬਹੁਤ ਵਾਰ ਪੜ੍ਹਨ ਤੋਂ ਬਾਅਦ ਮੈਂ ਕਈ ਗਵਾਹਾਂ ਨੂੰ ਪੁੱਛਿਆ ਕਿ ਮੈਂ ਕੀ ਕਰਾਂ। ਉਨ੍ਹਾਂ ਨੇ ਇਹੀ ਸਲਾਹ ਦਿੱਤੀ: “ਜੇ ਤੂੰ ਸੱਚੀਂ ਯਹੋਵਾਹ ਦੀ ਸੇਵਾ ਕਰਨੀ ਚਾਹੁੰਦਾ ਹੈ, ਤਾਂ ਫਿਰ ਦੇਰ ਕਿਸ ਗੱਲ ਦੀ।”

ਪੂਰਾ ਇਕ ਹਫ਼ਤਾ ਮੈਂ ਇਸ ਬਾਰੇ ਪ੍ਰਾਰਥਨਾ ਕਰਦਾ ਰਿਹਾ ਤੇ ਅਖ਼ੀਰ ਮੈਂ ਆਪਣੀ ਪੜ੍ਹਾਈ ਛੱਡਣ ਦਾ ਫ਼ੈਸਲਾ ਕੀਤਾ ਤੇ ਗਵਾਹਾਂ ਨਾਲ ਬਾਈਬਲ ਅਧਿਐਨ ਕਰਨਾ ਜਾਰੀ ਰੱਖਿਆ। ਉਸ ਤੋਂ ਅਗਲੇ ਸਾਲ ਜਨਵਰੀ 1932 ਵਿਚ ਮੈਂ ਯਹੋਵਾਹ ਨੂੰ ਕੀਤੇ ਆਪਣੇ ਸਮਰਪਣ ਦੇ ਸਬੂਤ ਵਜੋਂ ਬਪਤਿਸਮਾ ਲੈ ਲਿਆ। ਥੋੜ੍ਹੇ ਸਮੇਂ ਬਾਅਦ ਮੈਂ ਨਡੋਲਾ ਨੂੰ ਛੱਡ ਕੇ ਲੁਆਨਸ਼ਾ ਸ਼ਹਿਰ ਵਿਚ ਚਲਾ ਗਿਆ ਜਿੱਥੇ ਮੈਂ ਜਿਨੈਟ ਨਾਂ ਦੀ ਗਵਾਹ ਨੂੰ ਮਿਲਿਆ ਤੇ ਅਸੀਂ ਸਤੰਬਰ 1934 ਵਿਚ ਵਿਆਹ ਕਰਾ ਲਿਆ। ਸਾਡੇ ਵਿਆਹ ਵੇਲੇ ਜਿਨੈਟ ਦੇ ਪਹਿਲਾਂ ਹੀ ਇਕ ਮੁੰਡਾ-ਕੁੜੀ ਸੀ।

ਹੌਲੀ-ਹੌਲੀ ਮੈਂ ਅਧਿਆਤਮਿਕ ਤੌਰ ਤੇ ਤਰੱਕੀ ਕੀਤੀ ਅਤੇ 1937 ਵਿਚ ਮੈਂ ਪੂਰੇ ਸਮੇਂ ਦੀ ਸੇਵਕਾਈ ਕਰਨੀ ਸ਼ੁਰੂ ਕਰ ਦਿੱਤੀ। ਕੁਝ ਸਮੇਂ ਬਾਅਦ ਮੈਨੂੰ ਸਫ਼ਰੀ ਨਿਗਾਹਬਾਨ, ਜਿਨ੍ਹਾਂ ਨੂੰ ਹੁਣ ਸਰਕਟ ਨਿਗਾਹਬਾਨ ਕਿਹਾ ਜਾਂਦਾ ਹੈ, ਨਿਯੁਕਤ ਕੀਤਾ ਗਿਆ। ਸਫ਼ਰੀ ਨਿਗਾਹਬਾਨ ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਦਾ ਦੌਰਾ ਕਰਦੇ ਹਨ ਤੇ ਉਨ੍ਹਾਂ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਕਰਦੇ ਹਨ।

ਮੁਢਲੇ ਸਾਲਾਂ ਵਿਚ ਪ੍ਰਚਾਰ

ਜਨਵਰੀ 1938 ਵਿਚ ਮੈਨੂੰ ਸੌਕੌਂਟਵੀ ਨਾਂ ਦੇ ਇਕ ਅਫ਼ਰੀਕਨ ਮੁਖੀ ਨੂੰ ਮਿਲਣ ਲਈ ਕਿਹਾ ਗਿਆ। ਉਸ ਨੇ ਕੇਪ ਟਾਊਨ ਵਿਚ ਸਾਡੇ ਦਫ਼ਤਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਸੀ ਕਿ ਯਹੋਵਾਹ ਦੇ ਗਵਾਹ ਉਸ ਨੂੰ ਮਿਲਣ। ਮੈਂ ਉਸ ਨੂੰ ਮਿਲਣ ਲਈ ਸਾਈਕਲ ਤੇ ਗਿਆ ਤੇ ਮੈਨੂੰ ਉਸ ਕੋਲ ਪਹੁੰਚਣ ਲਈ ਤਿੰਨ ਦਿਨ ਲੱਗੇ। ਜਦੋਂ ਮੈਂ ਉਸ ਨੂੰ ਦੱਸਿਆ ਕਿ ਉਸ ਦੀ ਚਿੱਠੀ ਦੇ ਜਵਾਬ ਵਿਚ ਮੈਨੂੰ ਇੱਥੇ ਘੱਲਿਆ ਗਿਆ ਹੈ, ਤਾਂ ਉਸ ਨੇ ਇਸ ਲਈ ਬਹੁਤ ਸ਼ੁਕਰੀਆ ਅਦਾ ਕੀਤਾ।

ਮੈਂ ਉਸ ਦੇ ਲੋਕਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰਾਂ ਵਿਚ ਗਿਆ ਤੇ ਉਨ੍ਹਾਂ ਨੂੰ ਇਨਸਾਕਾ (ਲੋਕਾਂ ਦੇ ਇਕੱਠੇ ਹੋਣ ਦੀ ਜਗ੍ਹਾ) ਵਿਚ ਆਉਣ ਲਈ ਕਿਹਾ। ਜਦੋਂ ਉਹ ਇਕੱਠੇ ਹੋ ਗਏ, ਤਾਂ ਮੈਂ ਉੱਥੇ ਇਕ ਭਾਸ਼ਣ ਦਿੱਤਾ। ਇਸ ਕਰਕੇ ਉੱਥੇ ਬਹੁਤ ਸਾਰੇ ਲੋਕਾਂ ਨੇ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਪਿੰਡ ਦਾ ਮੁਖੀ ਤੇ ਉਸ ਦਾ ਕਲਰਕ ਪਹਿਲੇ ਵਿਅਕਤੀ ਸਨ ਜਿਹੜੇ ਉੱਥੇ ਦੀਆਂ ਕਲੀਸਿਯਾਵਾਂ ਦੇ ਨਿਗਾਹਬਾਨ ਬਣੇ। ਅੱਜ ਉਸ ਇਲਾਕੇ ਵਿਚ 50 ਕਲੀਸਿਯਾਵਾਂ ਹਨ। ਉਸ ਇਲਾਕੇ ਨੂੰ ਹੁਣ ਸਾਮਫਿਯਾ ਜ਼ਿਲ੍ਹਾ ਕਿਹਾ ਜਾਂਦਾ ਹੈ।

ਸਾਲ 1942 ਤੋਂ ਲੈ ਕੇ 1947 ਤਕ ਮੈਂ ਬਾਂਗਵੀਯੁਲੁ ਝੀਲ ਦੇ ਲਾਗਲੇ ਇਲਾਕੇ ਵਿਚ ਸਫ਼ਰੀ ਨਿਗਾਹਬਾਨ ਵਜੋਂ ਸੇਵਾ ਕੀਤੀ। ਮੈਂ ਹਰ ਕਲੀਸਿਯਾ ਵਿਚ ਦਸ ਦਿਨ ਰਿਹਾ ਕਰਦਾ ਸੀ। ਉਸ ਵੇਲੇ ਅਧਿਆਤਮਿਕ ਵਾਢੀ ਕਰਨ ਲਈ ਵਾਢੇ ਥੋੜ੍ਹੇ ਸਨ ਜਿਸ ਕਰਕੇ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਵਾਂਗ ਮਹਿਸੂਸ ਕਰਦੇ ਸੀ ਜਿਸ ਨੇ ਕਿਹਾ ਸੀ: “ਖੇਤੀ ਪੱਕੀ ਹੋਈ ਤਾਂ ਬਹੁਤ ਹੈ ਪਰ ਵਾਢੇ ਥੋੜੇ ਹਨ। ਇਸ ਲਈ ਤੁਸੀਂ ਖੇਤੀ ਦੇ ਮਾਲਕ ਦੇ ਅੱਗੇ ਬੇਨਤੀ ਕਰੋ ਜੋ ਉਹ ਆਪਣੀ ਖੇਤੀ ਵੱਢਣ ਨੂੰ ਵਾਢੇ ਘੱਲ ਦੇਵੇ।” (ਮੱਤੀ 9:36-38) ਉਨ੍ਹਾਂ ਦਿਨਾਂ ਵਿਚ ਸਫ਼ਰ ਕਰਨਾ ਬਹੁਤ ਔਖਾ ਹੁੰਦਾ ਸੀ, ਇਸ ਲਈ ਸਿਰਫ਼ ਮੈਂ ਹੀ ਕਲੀਸਿਯਾਵਾਂ ਦਾ ਦੌਰਾ ਕਰਨ ਜਾਂਦਾ ਸੀ ਅਤੇ ਜਿਨੈਟ ਤੇ ਬੱਚੇ ਲੁਆਨਸ਼ਾ ਵਿਚ ਹੀ ਰਹਿੰਦੇ ਸਨ। ਉਦੋਂ ਤਕ ਸਾਡੇ ਦੋ ਹੋਰ ਬੱਚੇ ਹੋ ਗਏ ਸਨ, ਪਰ ਇਕ ਬੱਚਾ ਦਸਾਂ ਮਹੀਨਿਆਂ ਦਾ ਸੀ ਜਦੋਂ ਉਸ ਦੀ ਮੌਤ ਹੋ ਗਈ।

ਉਨ੍ਹਾਂ ਦਿਨਾਂ ਵਿਚ ਕਾਰਾਂ ਵਗੈਰਾ ਘੱਟ ਸਨ ਤੇ ਸੜਕਾਂ ਵੀ ਜ਼ਿਆਦਾ ਨਹੀਂ ਹੁੰਦੀਆਂ ਸਨ। ਇਕ ਦਿਨ ਮੈਂ ਜਿਨੈਟ ਦੇ ਸਾਈਕਲ ਉੱਤੇ 200 ਕਿਲੋਮੀਟਰ ਦਾ ਸਫ਼ਰ ਕਰਨਾ ਸ਼ੁਰੂ ਕੀਤਾ। ਰਾਹ ਵਿਚ ਕਈ ਵਾਰ ਕੋਈ ਛੋਟਾ ਦਰਿਆ ਪਾਰ ਕਰਦੇ ਵੇਲੇ ਮੈਂ ਸਾਈਕਲ ਆਪਣੇ ਮੌਢਿਆਂ ਤੇ ਰੱਖ ਕੇ ਇਸ ਨੂੰ ਇਕ ਹੱਥ ਨਾਲ ਫੜ੍ਹ ਲੈਂਦਾ ਸੀ ਤੇ ਦੂਜੇ ਹੱਥ ਨਾਲ ਤੈਰਦਾ ਸੀ। ਲੁਆਨਸ਼ਾ ਵਿਚ ਗਵਾਹਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧੀ ਤੇ 1946 ਵਿਚ 1,850 ਲੋਕ ਮਸੀਹ ਦੇ ਸਮਾਰਕ ਸਮਾਰੋਹ ਵਿਚ ਆਏ।

ਵਿਰੋਧ ਦਾ ਸਾਮ੍ਹਣਾ ਕਰਨਾ

ਦੂਸਰੇ ਵਿਸ਼ਵ ਯੁੱਧ ਦੌਰਾਨ ਇਕ ਵਾਰ ਕਾਵਾਮਬਵਾ ਵਿਚ ਜ਼ਿਲ੍ਹਾ ਕਮਿਸ਼ਨਰ ਨੇ ਮੈਨੂੰ ਬੁਲਾ ਕੇ ਕਿਹਾ: “ਮੈਂ ਚਾਹੁੰਦਾ ਹਾਂ ਕਿ ਤੂੰ ਵਾਚ ਟਾਵਰ ਸੋਸਾਇਟੀ ਦੀਆਂ ਕਿਤਾਬਾਂ ਵੰਡਣੀਆਂ ਛੱਡ ਦੇਵੇਂ ਕਿਉਂਕਿ ਇਨ੍ਹਾਂ ਉੱਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਮੈਂ ਤੈਨੂੰ ਅਜਿਹੀਆਂ ਕਿਤਾਬਾਂ ਦਿਆਂਗਾ ਜਿਨ੍ਹਾਂ ਦੀ ਮਦਦ ਨਾਲ ਤੂੰ ਆਪਣੇ ਕੰਮ ਵਾਸਤੇ ਆਪ ਕਿਤਾਬਾਂ ਲਿਖ ਸਕਦਾ ਹੈ।”

“ਸਾਡਾ ਸਾਹਿੱਤ ਬਹੁਤ ਵਧੀਆ ਹੈ ਤੇ ਮੈਨੂੰ ਆਪਣੀਆਂ ਕਿਤਾਬਾਂ ਲਿਖਣ ਦੀ ਲੋੜ ਨਹੀਂ ਹੈ,” ਮੈਂ ਕਿਹਾ।

“ਤੂੰ ਅਮਰੀਕੀਆਂ ਨੂੰ ਨਹੀਂ ਜਾਣਦਾ,” ਉਸ ਨੇ ਕਿਹਾ (ਉਸ ਵੇਲੇ ਸਾਡਾ ਸਾਹਿੱਤ ਅਮਰੀਕਾ ਵਿਚ ਛਾਪਿਆ ਜਾਂਦਾ ਸੀ)। “ਉਹ ਤੈਨੂੰ ਗੁਮਰਾਹ ਕਰ ਦੇਣਗੇ।”

“ਜਿਨ੍ਹਾਂ ਲੋਕਾਂ ਨਾਲ ਮੈਂ ਮਿਲਦਾ-ਗਿਲਦਾ ਹਾਂ, ਉਹ ਇਸ ਤਰ੍ਹਾਂ ਨਹੀਂ ਕਰਨਗੇ,” ਮੈਂ ਜਵਾਬ ਦਿੱਤਾ।

ਫਿਰ ਉਸ ਨੇ ਪੁੱਛਿਆ: “ਕੀ ਤੂੰ ਆਪਣੀਆਂ ਕਲੀਸਿਯਾਵਾਂ ਨੂੰ ਹੱਲਾਸ਼ੇਰੀ ਦੇ ਸਕਦਾ ਹੈਂ ਕਿ ਉਹ ਵੀ ਦੂਜੇ ਧਰਮਾਂ ਵਾਂਗ ਲੜਾਈ ਲਈ ਪੈਸੇ ਦਾਨ ਦੇਣ?”

“ਇਹ ਦੱਸਣਾ ਸਰਕਾਰ ਦਾ ਕੰਮ ਹੈ,” ਮੈਂ ਜਵਾਬ ਦਿੱਤਾ।

“ਕਿਉਂ ਨਹੀਂ ਤੂੰ ਘਰ ਜਾ ਕੇ ਇਸ ਉੱਤੇ ਸੋਚ-ਵਿਚਾਰ ਕਰਦਾ?” ਉਸ ਨੇ ਕਿਹਾ।

ਕੂਚ 20:13 ਅਤੇ 2 ਤਿਮੋਥਿਉਸ 2:24 ਵਿਚ ਬਾਈਬਲ ਸਾਨੂੰ ਖ਼ੂਨ ਅਤੇ ਲੜਾਈ ਨਾ ਕਰਨ ਦਾ ਹੁਕਮ ਦਿੰਦੀ ਹੈ,” ਮੈਂ ਉਸ ਨੂੰ ਦੱਸਿਆ।

ਭਾਵੇਂ ਮੈਨੂੰ ਉਸ ਵੇਲੇ ਜਾਣ ਦਿੱਤਾ ਗਿਆ, ਪਰ ਬਾਅਦ ਵਿਚ ਮੈਨੂੰ ਫੌਰਟ ਰੋਜ਼ਬਰੀ ਸ਼ਹਿਰ, ਜਿਸ ਨੂੰ ਹੁਣ ਮਾਨਸਾ ਕਿਹਾ ਜਾਂਦਾ ਹੈ, ਦੇ ਜ਼ਿਲ੍ਹਾ ਕਮਿਸ਼ਨਰ ਦੁਆਰਾ ਬੁਲਾਇਆ ਗਿਆ। “ਮੈਂ ਤੈਨੂੰ ਇਹ ਦੱਸਣ ਲਈ ਬੁਲਾਇਆ ਹੈ ਕਿ ਤੁਹਾਡੀਆਂ ਕਿਤਾਬਾਂ ਉੱਤੇ ਸਰਕਾਰ ਨੇ ਪਾਬੰਦੀ ਲਾ ਦਿੱਤੀ ਹੈ,” ਉਸ ਨੇ ਕਿਹਾ।

“ਜੀ ਹਾਂ, ਮੈਂ ਇਸ ਬਾਰੇ ਸੁਣਿਆ ਹੈ,” ਮੈਂ ਉਸ ਨੂੰ ਕਿਹਾ।

“ਇਸ ਕਰਕੇ ਤੂੰ ਆਪਣੀਆਂ ਸਾਰੀਆਂ ਕਲੀਸਿਯਾਵਾਂ ਵਿਚ ਜਾ ਤੇ ਜਿਨ੍ਹਾਂ ਲੋਕਾਂ ਨਾਲ ਤੂੰ ਉਪਾਸਨਾ ਕਰਦਾ ਹੈ, ਉਨ੍ਹਾਂ ਨੂੰ ਜਾ ਕੇ ਕਹਿ ਕਿ ਉਹ ਸਾਰੀਆਂ ਕਿਤਾਬਾਂ ਇੱਥੇ ਲੈ ਕੇ ਆਉਣ?”

“ਇਹ ਦੱਸਣਾ ਮੇਰਾ ਕੰਮ ਨਹੀਂ ਹੈ,” ਮੈਂ ਜਵਾਬ ਦਿੱਤਾ। “ਇਹ ਸਰਕਾਰ ਦਾ ਕੰਮ ਹੈ।”

ਇਕ ਮੁਲਾਕਾਤ ਦਾ ਵਧੀਆ ਨਤੀਜਾ

ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵੀ ਅਸੀਂ ਪ੍ਰਚਾਰ ਕਰਦੇ ਰਹੇ। ਸਾਲ 1947 ਵਿਚ ਮੈਂ ਮਵਾਂਜ਼ਾ ਨਾਂ ਦੇ ਪਿੰਡ ਦੀ ਕਲੀਸਿਯਾ ਦਾ ਦੌਰਾ ਕਰਨ ਤੋਂ ਬਾਅਦ ਕਿਸੇ ਨੂੰ ਪੁੱਛਿਆ ਕਿ ਮੈਂ ਚਾਹ ਦਾ ਕੱਪ ਕਿੱਥੋਂ ਪੀ ਸਕਦਾ ਹਾਂ। ਮੈਨੂੰ ਮਿਸਟਰ ਨਕੋਨਡੀ ਦੇ ਘਰ ਬਾਰੇ ਦੱਸਿਆ ਗਿਆ ਜਿੱਥੇ ਚਾਹ ਦੀ ਦੁਕਾਨ ਸੀ। ਮਿਸਟਰ ਨਕੋਨਡੀ ਤੇ ਉਸ ਦੀ ਪਤਨੀ ਨੇ ਮੇਰਾ ਨਿੱਘਾ ਸੁਆਗਤ ਕੀਤਾ। ਮੈਂ ਚਾਹ ਪੀਂਦੇ-ਪੀਂਦੇ ਮਿਸਟਰ ਨਕੋਨਡੀ ਨੂੰ ਪੁੱਛਿਆ ਕਿ ਕੀ ਉਹ “ਪਰਮੇਸ਼ੁਰ ਸੱਚਾ ਠਹਿਰੇ” (ਅੰਗ੍ਰੇਜ਼ੀ) ਕਿਤਾਬ ਵਿਚ “ਨਰਕ, ਉਮੀਦ ਰੱਖਦੇ ਹੋਏ ਆਰਾਮ ਕਰਨ ਦੀ ਥਾਂ” ਅਧਿਆਇ ਪੜ੍ਹਨਾ ਚਾਹੇਗਾ।

ਚਾਹ ਪੀਣ ਤੋਂ ਬਾਅਦ ਮੈਂ ਉਸ ਨੂੰ ਪੁੱਛਿਆ: “ਸੋ ਤੁਸੀਂ ਨਰਕ ਬਾਰੇ ਕੀ ਸਮਝਿਆ?” ਉਸ ਨੇ ਜੋ ਪੜ੍ਹਿਆ, ਉਸ ਤੋਂ ਉਸ ਨੂੰ ਬਹੁਤ ਹੈਰਾਨੀ ਹੋਈ ਤੇ ਉਸ ਨੇ ਗਵਾਹਾਂ ਨਾਲ ਬਾਈਬਲ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਤੇ ਉਸ ਦੀ ਪਤਨੀ ਨੇ ਬਾਅਦ ਵਿਚ ਬਪਤਿਸਮਾ ਲੈ ਲਿਆ। ਭਾਵੇਂ ਉਹ ਬਾਅਦ ਵਿਚ ਸੱਚਾਈ ਨੂੰ ਛੱਡ ਗਿਆ, ਪਰ ਉਸ ਦੀ ਪਤਨੀ ਤੇ ਉਸ ਦੇ ਕੁਝ ਬੱਚੇ ਸੱਚਾਈ ਵਿਚ ਹੀ ਰਹੇ। ਅਸਲ ਵਿਚ ਉਸ ਦੀ ਇਕ ਕੁੜੀ ਪਿਲਨੀ ਜ਼ੈਂਬੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਸ਼ਾਖ਼ਾ ਦਫ਼ਤਰ ਵਿਚ ਸੇਵਾ ਕਰ ਰਹੀ ਹੈ। ਤੇ ਭਾਵੇਂ ਪਿਲਨੀ ਦੀ ਮਾਂ ਕਾਫ਼ੀ ਬੁੱਢੀ ਹੋ ਗਈ ਹੈ ਫਿਰ ਵੀ ਉਹ ਅਜੇ ਇਕ ਵਫ਼ਾਦਾਰ ਗਵਾਹ ਹੈ।

ਪੂਰਬੀ ਅਫ਼ਰੀਕਾ ਵਿਚ ਕੁਝ ਸਮਾਂ ਰਹਿਣਾ

ਉੱਤਰੀ ਰੋਡੇਸ਼ੀਆ ਦੇ ਸਾਡੇ ਸ਼ਾਖ਼ਾ ਦਫ਼ਤਰ ਨੇ, ਜੋ 1948 ਦੇ ਸ਼ੁਰੂ ਵਿਚ ਲੁਸਾਕਾ ਵਿਚ ਸਥਾਪਿਤ ਕੀਤਾ ਗਿਆ ਸੀ, ਮੈਨੂੰ ਤੈਂਗਨਯੀਕਾ (ਹੁਣ ਤਨਜ਼ਾਨੀਆ) ਵਿਚ ਸੇਵਾ ਕਰਨ ਲਈ ਘੱਲਿਆ। ਇਕ ਹੋਰ ਭਰਾ ਸਾਡੇ ਨਾਲ ਉੱਥੇ ਆਇਆ। ਅਸੀਂ ਪਹਾੜੀ ਇਲਾਕੇ ਦੇ ਵਿੱਚੋਂ ਦੀ ਤੁਰ ਕੇ ਉੱਥੇ ਗਏ। ਉੱਥੇ ਪਹੁੰਚਣ ਵਿਚ ਸਾਨੂੰ ਤਿੰਨ ਦਿਨ ਲੱਗੇ ਤੇ ਤੁਰ-ਤੁਰ ਕੇ ਅਸੀਂ ਬਹੁਤ ਥੱਕ ਗਏ। ਮੈਂ ਕਿਤਾਬਾਂ ਚੁੱਕੀਆਂ ਸਨ, ਜਿਨੈਟ ਨੇ ਕੱਪੜੇ ਤੇ ਦੂਸਰੇ ਭਰਾ ਨੇ ਸਾਡਾ ਬਿਸਤਰਾ ਚੁੱਕਿਆ ਹੋਇਆ ਸੀ।

ਜਦੋਂ ਅਸੀਂ ਮਾਰਚ 1948 ਵਿਚ ਮਬੀਆ ਪਹੁੰਚੇ, ਤਾਂ ਉਸ ਵੇਲੇ ਉੱਥੇ ਦੇ ਭਰਾਵਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ ਉੱਤੇ ਪੂਰੀ ਤਰ੍ਹਾਂ ਚੱਲਣ ਲਈ ਆਪਣੀਆਂ ਜ਼ਿੰਦਗੀਆਂ ਵਿਚ ਕਈ ਤਬਦੀਲੀਆਂ ਕਰਨੀਆਂ ਪੈਣੀਆਂ ਸਨ। ਇਕ ਤਾਂ ਉਹ ਆਪਣੇ ਇਲਾਕੇ ਵਿਚ ਵਾਚਟਾਵਰ ਦੇ ਲੋਕਾਂ ਵਜੋਂ ਜਾਣੇ ਜਾਂਦੇ ਸਨ। ਭਾਵੇਂ ਭਰਾਵਾਂ ਨੇ ਨਾਂ ‘ਯਹੋਵਾਹ ਦੇ ਗਵਾਹ’ ਸਵੀਕਾਰ ਕਰ ਲਿਆ ਸੀ, ਪਰ ਉਨ੍ਹਾਂ ਨੇ ਇਸ ਬਾਰੇ ਲੋਕਾਂ ਨੂੰ ਨਹੀਂ ਦੱਸਿਆ। ਇਸ ਤੋਂ ਇਲਾਵਾ ਕੁਝ ਗਵਾਹਾਂ ਨੂੰ ਅਜਿਹੇ ਰਸਮ-ਰਿਵਾਜ ਛੱਡਣੇ ਪੈਣੇ ਸਨ ਜੋ ਮਰਿਆਂ ਦਾ ਆਦਰ ਕਰਨ ਲਈ ਕੀਤੇ ਜਾਂਦੇ ਸਨ। ਪਰ ਉਨ੍ਹਾਂ ਲਈ ਸ਼ਾਇਦ ਇਹ ਸਭ ਤੋਂ ਵੱਡੀ ਤਬਦੀਲੀ ਕਰਨ ਦੀ ਲੋੜ ਸੀ ਕਿ ਉਹ ਆਪਣੇ ਵਿਆਹ ਨੂੰ ਕਾਨੂੰਨੀ ਤੌਰ ਤੇ ਰਜਿਸਟਰ ਕਰਾਉਣ ਅਤੇ ਇਸ ਨੂੰ ਸਾਰਿਆਂ ਸਾਮ੍ਹਣੇ ਆਦਰਯੋਗ ਬਣਾਉਣ।—ਇਬਰਾਨੀਆਂ 13:4.

ਬਾਅਦ ਵਿਚ ਮੈਨੂੰ ਪੂਰਬੀ ਅਫ਼ਰੀਕਾ, ਜਿਸ ਵਿਚ ਯੂਗਾਂਡਾ ਵੀ ਸ਼ਾਮਲ ਸੀ, ਵਿਚ ਸੇਵਾ ਕਰਨ ਦਾ ਮੌਕਾ ਮਿਲਿਆ। ਮੈਂ ਏਨਟੇਬੀ ਅਤੇ ਕੰਪਾਲਾ ਵਿਚ ਛੇ ਹਫ਼ਤੇ ਰਿਹਾ ਤੇ ਬਹੁਤ ਸਾਰੇ ਲੋਕਾਂ ਦੀ ਬਾਈਬਲ ਸੱਚਾਈ ਸਿੱਖਣ ਵਿਚ ਮਦਦ ਕੀਤੀ।

ਨਿਊਯਾਰਕ ਸਿਟੀ ਜਾਣ ਦਾ ਸੱਦਾ

ਕੁਝ ਸਮੇਂ ਲਈ ਯੂਗਾਂਡਾ ਵਿਚ ਸੇਵਾ ਕਰਨ ਤੋਂ ਬਾਅਦ ਮੈਂ 1956 ਵਿਚ ਤੈਂਗਨਯੀਕਾ ਦੀ ਰਾਜਧਾਨੀ ਡਾਰ ਐੱਸ ਸਲਾਮ ਗਿਆ। ਉੱਥੇ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਤੋਂ ਮੈਨੂੰ ਇਕ ਚਿੱਠੀ ਮਿਲੀ। ਨਿਊਯਾਰਕ ਵਿਚ 27 ਜੁਲਾਈ ਤੋਂ 3 ਅਗਸਤ 1958 ਵਿਚ ਅੰਤਰਰਾਸ਼ਟਰੀ ਸੰਮੇਲਨ ਹੋਣਾ ਸੀ। ਇਸ ਚਿੱਠੀ ਵਿਚ ਮੈਨੂੰ ਇਸ ਸੰਮੇਲਨ ਵਿਚ ਹਾਜ਼ਰ ਹੋਣ ਲਈ ਤਿਆਰੀ ਕਰਨ ਵਾਸਤੇ ਕਿਹਾ ਗਿਆ ਸੀ। ਇਹ ਸੱਦਾ ਮਿਲਣ ਤੇ ਮੇਰੇ ਪੈਰ ਜ਼ਮੀਨ ਉੱਤੇ ਨਹੀਂ ਲੱਗ ਰਹੇ ਸਨ।

ਮੇਰੇ ਨਾਲ ਇਕ ਹੋਰ ਸਫ਼ਰੀ ਨਿਗਾਹਬਾਨ ਲੂਕਾ ਮਵਾਂਗੋ ਆਇਆ ਤੇ ਅਸੀਂ ਦੋਵੇਂ ਜਹਾਜ਼ ਰਾਹੀਂ ਨਡੋਲਾ ਤੋਂ ਸੋਲਜ਼ਬਰੀ (ਹੁਣ ਹਰਾਰੇ), ਦੱਖਣੀ ਰੋਡੇਸ਼ੀਆ ਗਏ ਤੇ ਉੱਥੋਂ ਕੀਨੀਆ ਦੇ ਸ਼ਹਿਰ ਨੈਰੋਬੀ ਗਏ। ਉੱਥੋਂ ਫਿਰ ਅਸੀਂ ਜਹਾਜ਼ੇ ਚੜ੍ਹ ਕੇ ਲੰਡਨ, ਇੰਗਲੈਂਡ ਪਹੁੰਚੇ ਜਿੱਥੇ ਮਸੀਹੀ ਭੈਣ-ਭਰਾਵਾਂ ਨੇ ਖੁੱਲ੍ਹੇ ਦਿਲ ਨਾਲ ਸਾਡਾ ਸੁਆਗਤ ਕੀਤਾ। ਇੰਗਲੈਂਡ ਪਹੁੰਚਣ ਤੋਂ ਬਾਅਦ ਅਸੀਂ ਰਾਤ ਨੂੰ ਬਹੁਤ ਖ਼ੁਸ਼ ਸੀ ਤੇ ਇਸ ਬਾਰੇ ਗੱਲਾਂ ਕਰਦੇ ਰਹੇ ਕਿ ਗੋਰਿਆਂ ਨੇ ਸਾਡੀ ਅਫ਼ਰੀਕੀਆਂ ਦੀ ਕਿੰਨੀ ਪਰਾਹੁਣਚਾਰੀ ਕੀਤੀ। ਸਾਨੂੰ ਇਸ ਗੱਲ ਤੋਂ ਬਹੁਤ ਹੌਸਲਾ ਮਿਲਿਆ।

ਅਖ਼ੀਰ, ਅਸੀਂ ਨਿਊਯਾਰਕ ਪਹੁੰਚ ਗਏ ਜਿੱਥੇ ਸੰਮੇਲਨ ਹੋਣਾ ਸੀ। ਸੰਮੇਲਨ ਵਿਚ ਇਕ ਦਿਨ ਮੈਂ ਉੱਤਰੀ ਰੋਡੇਸ਼ੀਆ ਵਿਚ ਯਹੋਵਾਹ ਦੇ ਗਵਾਹਾਂ ਦੇ ਕੰਮਾਂ ਬਾਰੇ ਦੱਸਿਆ। ਉਸ ਦਿਨ ਨਿਊਯਾਰਕ ਸਿਟੀ ਦੀ ਪੋਲੋ ਗਰਾਉਂਡ ਅਤੇ ਯਾਂਕੀ ਸਟੇਡੀਅਮ ਵਿਚ ਤਕਰੀਬਨ 2,00,000 ਲੋਕ ਹਾਜ਼ਰ ਹੋਏ ਸਨ। ਮੈਂ ਉਸ ਰਾਤ ਇਹ ਸੋਚ-ਸੋਚ ਕੇ ਸੌਂ ਨਹੀਂ ਸਕਿਆ ਕਿ ਮੈਨੂੰ ਉਸ ਦਿਨ ਕਿੰਨਾ ਵੱਡਾ ਸਨਮਾਨ ਮਿਲਿਆ ਸੀ।

ਸੰਮੇਲਨ ਖ਼ਤਮ ਹੋਣ ਤੇ ਅਸੀਂ ਘਰ ਵਾਪਸ ਆ ਗਏ। ਵਾਪਸ ਆਉਂਦੇ ਵੇਲੇ ਅਸੀਂ ਫਿਰ ਇੰਗਲੈਂਡ ਵਿਚ ਭੈਣ-ਭਰਾਵਾਂ ਦੀ ਪਰਾਹੁਣਚਾਰੀ ਦਾ ਆਨੰਦ ਮਾਣਿਆ। ਇਸ ਸਫ਼ਰ ਦੌਰਾਨ ਅਸੀਂ ਇਕ ਗੱਲ ਸਿੱਖੀ ਜੋ ਅਸੀਂ ਕਦੀ ਭੁੱਲ ਨਹੀਂ ਸਕੇ ਕਿ ਚਾਹੇ ਯਹੋਵਾਹ ਦੇ ਲੋਕ ਕਿਸੇ ਵੀ ਜਾਤ ਜਾਂ ਕੌਮ ਦੇ ਕਿਉਂ ਨਾ ਹੋਣ, ਉਨ੍ਹਾਂ ਵਿਚ ਹਮੇਸ਼ਾ ਏਕਤਾ ਹੁੰਦੀ ਹੈ!

ਪਰਤਾਵਿਆਂ ਦੇ ਬਾਵਜੂਦ ਸੇਵਾ ਜਾਰੀ ਰੱਖਣੀ

ਸਾਲ 1967 ਵਿਚ ਮੈਨੂੰ ਜ਼ਿਲ੍ਹਾ ਸੇਵਕ ਨਿਯੁਕਤ ਕੀਤਾ ਗਿਆ। ਜ਼ਿਲ੍ਹਾ ਸੇਵਕ ਇਕ ਸਰਕਟ ਤੋਂ ਦੂਜੇ ਸਰਕਟ ਦਾ ਦੌਰਾ ਕਰਦਾ ਹੁੰਦਾ ਸੀ। ਉਸ ਵੇਲੇ ਤਕ ਜ਼ੈਂਬੀਆ ਵਿਚ ਗਵਾਹਾਂ ਦੀ ਗਿਣਤੀ 35,000 ਤੋਂ ਜ਼ਿਆਦਾ ਹੋ ਗਈ ਸੀ। ਬਾਅਦ ਵਿਚ ਸਿਹਤ ਖ਼ਰਾਬ ਹੋਣ ਕਰਕੇ ਮੈਨੂੰ ਤਾਂਬੇ ਦੀਆਂ ਖ਼ਾਨਾਂ ਦੇ ਇਲਾਕੇ ਵਿਚ ਦੁਬਾਰਾ ਸਰਕਟ ਨਿਗਾਹਬਾਨ ਨਿਯੁਕਤ ਕੀਤਾ ਗਿਆ। ਬਾਅਦ ਵਿਚ ਜਿਨੈਟ ਦੀ ਸਿਹਤ ਵੀ ਖ਼ਰਾਬ ਹੋ ਗਈ ਤੇ ਉਹ ਯਹੋਵਾਹ ਦੀ ਸੇਵਾ ਕਰਦੀ ਹੋਈ ਦਸੰਬਰ 1984 ਵਿਚ ਚੱਲ ਵਸੀ।

ਉਸ ਦੀ ਮੌਤ ਤੋਂ ਬਾਅਦ ਮੈਨੂੰ ਬਹੁਤ ਦੁੱਖ ਹੋਇਆ ਜਦੋਂ ਮੇਰੇ ਅਵਿਸ਼ਵਾਸੀ ਸਹੁਰਿਆਂ ਨੇ ਮੇਰੇ ਤੇ ਦੋਸ਼ ਲਾਇਆ ਕਿ ਮੈਂ ਕੋਈ ਜਾਦੂ-ਟੂਣਾ ਕਰ ਕੇ ਜਿਨੈਟ ਨੂੰ ਮਾਰ ਦਿੱਤਾ ਸੀ। ਪਰ ਜਿਹੜੇ ਲੋਕ ਜਿਨੈਟ ਦੀ ਬੀਮਾਰੀ ਬਾਰੇ ਜਾਣਦੇ ਸਨ ਤੇ ਜਿਨ੍ਹਾਂ ਨੇ ਉਸ ਦੇ ਡਾਕਟਰ ਨਾਲ ਗੱਲ ਕੀਤੀ ਸੀ, ਉਨ੍ਹਾਂ ਨੇ ਇਨ੍ਹਾਂ ਰਿਸ਼ਤੇਦਾਰਾਂ ਨੂੰ ਸੱਚੀ ਗੱਲ ਦੱਸੀ। ਮੈਨੂੰ ਫਿਰ ਇਕ ਹੋਰ ਸਮੱਸਿਆ ਦਾ ਸਾਮ੍ਹਣਾ ਕਰਨਾ ਪਿਆ। ਕੁਝ ਰਿਸ਼ਤੇਦਾਰ ਚਾਹੁੰਦੇ ਸਨ ਕਿ ਮੈਂ ਯੁਕੁਪਆਨਿਕਾ ਨਾਂ ਦੀ ਇਕ ਰਸਮ ਅਦਾ ਕਰਾਂ। ਸਾਡੇ ਸਭਿਆਚਾਰ ਵਿਚ ਇਹ ਰਸਮ ਅਦਾ ਕੀਤੀ ਜਾਂਦੀ ਸੀ ਕਿ ਜਦੋਂ ਇਕ ਵਿਆਹੁਤਾ ਸਾਥੀ ਮਰ ਜਾਂਦਾ ਸੀ, ਤਾਂ ਦੂਸਰੇ ਸਾਥੀ ਨੂੰ ਮਰੇ ਹੋਏ ਵਿਅਕਤੀ ਦੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਨਾਲ ਸਰੀਰਕ ਸੰਬੰਧ ਬਣਾਉਣੇ ਪੈਂਦੇ ਹਨ। ਪਰ ਮੈਂ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ।

ਅਖ਼ੀਰ ਰਿਸ਼ਤੇਦਾਰਾਂ ਨੇ ਦਬਾਅ ਪਾਉਣਾ ਬੰਦ ਕਰ ਦਿੱਤਾ। ਮੈਂ ਯਹੋਵਾਹ ਦਾ ਬਹੁਤ ਸ਼ੁਕਰਗੁਜ਼ਾਰ ਸੀ ਕਿ ਉਸ ਨੇ ਡਟੇ ਰਹਿਣ ਵਿਚ ਮੇਰੀ ਮਦਦ ਕੀਤੀ। ਮੇਰੀ ਪਤਨੀ ਦੀ ਮੌਤ ਤੋਂ ਇਕ ਮਹੀਨੇ ਬਾਅਦ ਇਕ ਭਰਾ ਨੇ ਮੈਨੂੰ ਕਿਹਾ: “ਭਰਾ ਕਾਂਗਾਲ, ਆਪਣੀ ਪਤਨੀ ਦੀ ਮੌਤ ਤੋਂ ਬਾਅਦ ਤੁਸੀਂ ਕਿਸੇ ਵੀ ਬਾਈਬਲ ਵਿਰੋਧੀ ਰਸਮ ਨੂੰ ਅਦਾ ਕਰਨ ਦੇ ਦਬਾਅ ਥੱਲੇ ਨਹੀਂ ਆਏ ਜਿਸ ਤੋਂ ਸਾਨੂੰ ਬਹੁਤ ਹੌਸਲਾ ਮਿਲਿਆ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ।”

ਸ਼ਾਨਦਾਰ ਵਾਧਾ

ਮੈਂ 65 ਸਾਲ ਪਹਿਲਾਂ ਇਕ ਯਹੋਵਾਹ ਦੇ ਗਵਾਹ ਵਜੋਂ ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕੀਤੀ ਸੀ। ਹੁਣ ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਜਿੱਥੇ ਮੈਂ ਪਹਿਲਾਂ ਸਫ਼ਰੀ ਨਿਗਾਹਬਾਨ ਦੇ ਤੌਰ ਤੇ ਸੇਵਾ ਕਰਦਾ ਸੀ, ਉੱਥੇ ਸੈਂਕੜੇ ਕਲੀਸਿਯਾਵਾਂ ਹਨ ਤੇ ਬਹੁਤ ਸਾਰੇ ਕਿੰਗਡਮ ਹਾਲ ਬਣਾਏ ਗਏ ਹਨ। ਜ਼ੈਂਬੀਆ ਵਿਚ 1943 ਵਿਚ ਤਕਰੀਬਨ 2,800 ਗਵਾਹ ਸਨ, ਪਰ ਹੁਣ ਇੱਥੇ ਰਾਜ ਪ੍ਰਚਾਰਕਾਂ ਦੀ ਗਿਣਤੀ 1,22,000 ਤੋਂ ਉੱਤੇ ਹੈ। ਅਸਲ ਵਿਚ ਪਿਛਲੇ ਸਾਲ 5,14,000 ਤੋਂ ਜ਼ਿਆਦਾ ਲੋਕ ਸਮਾਰਕ ਵਿਚ ਹਾਜ਼ਰ ਹੋਏ ਸਨ, ਜਦ ਕਿ ਜ਼ੈਂਬੀਆ ਦੀ ਕੁੱਲ ਆਬਾਦੀ ਇਕ ਕਰੋੜ ਦਸ ਲੱਖ ਹੈ।

ਯਹੋਵਾਹ ਮੇਰੀ ਚੰਗੀ ਦੇਖ-ਭਾਲ ਕਰ ਰਿਹਾ ਹੈ। ਜਦੋਂ ਮੈਂ ਬੀਮਾਰ ਹੁੰਦਾ ਹਾਂ, ਤਾਂ ਕੋਈ ਮਸੀਹੀ ਭਰਾ ਮੈਨੂੰ ਹਸਪਤਾਲ ਲੈ ਜਾਂਦਾ ਹੈ। ਕਲੀਸਿਯਾਵਾਂ ਮੈਨੂੰ ਅਜੇ ਵੀ ਜਨਤਕ ਭਾਸ਼ਣ ਦੇਣ ਲਈ ਬੁਲਾਉਂਦੀਆਂ ਹਨ ਅਤੇ ਉਨ੍ਹਾਂ ਨੂੰ ਮਿਲ ਕੇ ਮੈਨੂੰ ਬਹੁਤ ਹੌਸਲਾ ਮਿਲਦਾ ਹੈ। ਜਿਸ ਕਲੀਸਿਯਾ ਵਿਚ ਮੈਂ ਜਾਂਦਾ ਹਾਂ, ਉੱਥੇ ਮਸੀਹੀ ਭੈਣਾਂ ਵਾਰੀ-ਵਾਰੀ ਮੇਰਾ ਘਰ ਸਾਫ਼ ਕਰਦੀਆਂ ਹਨ ਅਤੇ ਭਰਾ ਮੈਨੂੰ ਹਰ ਹਫ਼ਤੇ ਸਭਾਵਾਂ ਵਿਚ ਲੈ ਜਾਂਦੇ ਹਨ। ਮੈਂ ਜਾਣਦਾ ਹਾਂ ਕਿ ਜੇ ਮੈਂ ਯਹੋਵਾਹ ਦੀ ਸੇਵਾ ਨਾ ਕਰ ਰਿਹਾ ਹੁੰਦਾ, ਤਾਂ ਕਿਸੇ ਨੇ ਮੇਰੀ ਇੰਨੇ ਪਿਆਰ ਨਾਲ ਦੇਖ-ਭਾਲ ਨਹੀਂ ਕਰਨੀ ਸੀ। ਮੈਂ ਉਸ ਦਾ ਧੰਨਵਾਦ ਕਰਦਾ ਹਾਂ ਕਿ ਉਹ ਅਜੇ ਵੀ ਮੈਨੂੰ ਪੂਰੇ ਸਮੇਂ ਦੀ ਸੇਵਕਾਈ ਵਿਚ ਇਸਤੇਮਾਲ ਕਰ ਰਿਹਾ ਹੈ ਅਤੇ ਉਸ ਨੇ ਮੈਨੂੰ ਇੰਨੀਆਂ ਸਾਰੀਆਂ ਜ਼ਿੰਮੇਵਾਰੀਆਂ ਦਿੱਤੀਆਂ ਹਨ।

ਮੇਰੀ ਨਜ਼ਰ ਹੁਣ ਕਮਜ਼ੋਰ ਹੋ ਗਈ ਹੈ ਤੇ ਜਦੋਂ ਮੈਂ ਤੁਰ ਕੇ ਕਿੰਗਡਮ ਹਾਲ ਜਾਂਦਾ ਹਾਂ, ਤਾਂ ਰਾਹ ਵਿਚ ਮੈਨੂੰ ਕਈ ਵਾਰ ਆਰਾਮ ਕਰਨਾ ਪੈਂਦਾ ਹੈ। ਮੇਰੇ ਲਈ ਬੈੱਗ ਚੁੱਕਣਾ ਵੀ ਮੁਸ਼ਕਲ ਹੈ, ਇਸ ਲਈ ਜਿਹੜੀਆਂ ਕਿਤਾਬਾਂ ਸਭਾ ਲਈ ਨਹੀਂ ਚਾਹੀਦੀਆਂ ਹੁੰਦੀਆਂ, ਉਨ੍ਹਾਂ ਨੂੰ ਮੈਂ ਘਰ ਛੱਡ ਜਾਂਦਾ ਹਾਂ। ਹੁਣ ਜ਼ਿਆਦਾ ਕਰਕੇ ਮੈਂ ਬਾਈਬਲ ਅਧਿਐਨ ਹੀ ਕਰਾਉਂਦਾ ਹਾਂ ਅਤੇ ਲੋਕ ਮੇਰੇ ਘਰ ਹੀ ਬਾਈਬਲ ਅਧਿਐਨ ਕਰਨ ਆਉਂਦੇ ਹਨ। ਪਰ ਬੀਤੇ ਸਮੇਂ ਤੇ ਝਾਤੀ ਮਾਰ ਕੇ ਅਤੇ ਇਸ ਦੌਰਾਨ ਹੋਏ ਸ਼ਾਨਦਾਰ ਵਾਧੇ ਬਾਰੇ ਸੋਚ ਕੇ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ। ਮੈਂ ਅਜਿਹੇ ਖੇਤਰ ਵਿਚ ਕੰਮ ਕੀਤਾ ਹੈ ਜਿੱਥੇ ਯਸਾਯਾਹ 60:22 ਦੇ ਸ਼ਬਦ ਬਹੁਤ ਵਧੀਆ ਤਰੀਕੇ ਨਾਲ ਪੂਰੇ ਹੋਏ ਹਨ। ਇਸ ਵਿਚ ਲਿਖਿਆ ਹੈ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” ਮੈਂ ਇਸ ਭਵਿੱਖਬਾਣੀ ਨੂੰ ਸਿਰਫ਼ ਜ਼ੈਂਬੀਆ ਵਿਚ ਹੀ ਪੂਰਾ ਹੁੰਦੇ ਨਹੀਂ ਦੇਖਿਆ, ਸਗੋਂ ਪੂਰੀ ਦੁਨੀਆਂ ਵਿਚ ਪੂਰਾ ਹੁੰਦੇ ਦੇਖਿਆ ਹੈ। *

[ਫੁਟਨੋਟ]

^ ਪੈਰਾ 7 ਇਹ ਕਿਤਾਬ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੀ ਗਈ ਸੀ ਪਰ ਹੁਣ ਉਪਲਬਧ ਨਹੀਂ ਹੈ।

^ ਪੈਰਾ 50 ਇਹ ਬੜੇ ਦੁੱਖ ਦੀ ਗੱਲ ਹੈ ਕਿ ਜਦੋਂ ਇਹ ਰਸਾਲਾ ਤਿਆਰ ਕੀਤਾ ਜਾ ਰਿਹਾ ਸੀ, ਉਸ ਵੇਲੇ ਭਰਾ ਕਾਂਗਾਲ ਯਹੋਵਾਹ ਦੀ ਸੇਵਾ ਵਫ਼ਾਦਾਰੀ ਨਾਲ ਕਰਦੇ ਹੋਏ ਚੱਲ ਵਸੇ।

[ਸਫ਼ੇ 24 ਉੱਤੇ ਤਸਵੀਰਾਂ]

ਥਾਮਸਨ ਅਤੇ ਉਨ੍ਹਾਂ ਦੇ ਪਿੱਛੇ ਜ਼ੈਂਬੀਆ ਬ੍ਰਾਂਚ

[ਸਫ਼ੇ 26 ਉੱਤੇ ਤਸਵੀਰ]

ਅੱਜ ਜ਼ੈਂਬੀਆ ਬ੍ਰਾਂਚ