Skip to content

Skip to table of contents

ਯਹੋਵਾਹ ਦਾ ਚਾਨਣ ਉਸ ਦੇ ਲੋਕਾਂ ਉੱਤੇ ਚਮਕਦਾ ਹੈ

ਯਹੋਵਾਹ ਦਾ ਚਾਨਣ ਉਸ ਦੇ ਲੋਕਾਂ ਉੱਤੇ ਚਮਕਦਾ ਹੈ

ਯਹੋਵਾਹ ਦਾ ਚਾਨਣ ਉਸ ਦੇ ਲੋਕਾਂ ਉੱਤੇ ਚਮਕਦਾ ਹੈ

“ਯਹੋਵਾਹ . . . ਤੇਰੇ ਲਈ ਸਦੀਪਕ ਚਾਨਣ ਹੋਵੇਗਾ।”—ਯਸਾਯਾਹ 60:20.

1. ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਬਰਕਤਾਂ ਕਿਵੇਂ ਦਿੰਦਾ ਹੈ?

“ਯਹੋਵਾਹ ਆਪਣੀ ਪਰਜਾ ਨਾਲ ਖੁਸ਼ ਜੋ ਹੈ, ਉਹ ਮਸਕੀਨਾਂ ਨੂੰ ਫ਼ਤਹ ਨਾਲ ਸਿੰਗਾਰੇਗਾ।” (ਜ਼ਬੂਰਾਂ ਦੀ ਪੋਥੀ 149:4) ਜ਼ਬੂਰਾਂ ਦੇ ਲਿਖਾਰੀ ਨੇ ਪਿੱਛਲੇ ਜ਼ਮਾਨੇ ਵਿਚ ਇਹ ਸ਼ਬਦ ਕਹੇ ਸਨ ਅਤੇ ਇਤਿਹਾਸ ਨੇ ਇਨ੍ਹਾਂ ਨੂੰ ਸੱਚ ਸਾਬਤ ਕੀਤਾ ਹੈ। ਜਦੋਂ ਯਹੋਵਾਹ ਦੇ ਲੋਕ ਵਫ਼ਾਦਾਰੀ ਨਾਲ ਚੱਲਦੇ ਹਨ ਤਾਂ ਉਹ ਉਨ੍ਹਾਂ ਦੀ ਦੇਖ-ਭਾਲ ਕਰਦਾ, ਉਨ੍ਹਾਂ ਨੂੰ ਬਰਕਤਾਂ ਦਿੰਦਾ ਅਤੇ ਉਨ੍ਹਾਂ ਦੀ ਰੱਖਿਆ ਕਰਦਾ ਹੈ। ਪਿੱਛਲੇ ਜ਼ਮਾਨੇ ਵਿਚ ਉਸ ਨੇ ਉਨ੍ਹਾਂ ਨੂੰ ਆਪਣੇ ਦੁਸ਼ਮਣਾਂ ਉੱਤੇ ਵੀ ਜਿੱਤ ਦਿੱਤੀ। ਅੱਜ, ਉਹ ਆਪਣੇ ਲੋਕਾਂ ਨੂੰ ਰੂਹਾਨੀ ਤੌਰ ਤੇ ਮਜ਼ਬੂਤ ਰੱਖਦਾ ਹੈ ਅਤੇ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਉਨ੍ਹਾਂ ਨੂੰ ਬਚਾਅ ਦੀ ਉਮੀਦ ਦਿੰਦਾ ਹੈ। (ਰੋਮੀਆਂ 5:9) ਉਹ ਇਸ ਤਰ੍ਹਾਂ ਇਸ ਲਈ ਕਰਦਾ ਹੈ ਕਿਉਂਕਿ ਉਹ ਉਸ ਦੀਆਂ ਨਜ਼ਰਾਂ ਵਿਚ ਸੋਹਣੇ ਹਨ।

2. ਭਾਵੇਂ ਕਿ ਯਹੋਵਾਹ ਦੇ ਲੋਕਾਂ ਨੂੰ ਸਤਾਇਆ ਜਾਂਦਾ ਹੈ ਉਹ ਕਿਸ ਗੱਲ ਦਾ ਭਰੋਸਾ ਰੱਖਦੇ ਹਨ?

2 ਪਰ, ਇਸ ਹਨੇਰੇ ਸੰਸਾਰ ਵਿਚ, ਉਹ ਲੋਕ ਜੋ “ਭਗਤੀ ਨਾਲ ਉਮਰ ਕੱਟਣੀ ਚਾਹੁੰਦੇ ਹਨ” ਜ਼ਰੂਰ ਸਤਾਏ ਜਾਣਗੇ। (2 ਤਿਮੋਥਿਉਸ 3:12) ਫਿਰ ਵੀ, ਯਹੋਵਾਹ ਉਨ੍ਹਾਂ ਦੇ ਵਿਰੋਧੀਆਂ ਉੱਤੇ ਨਜ਼ਰ ਰੱਖਦਾ ਹੈ ਅਤੇ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਹੈ: “ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ, ਉਹ ਨਾਸ ਹੋ ਜਾਵੇਗਾ, ਹਾਂ, ਓਹ ਕੌਮਾਂ ਉੱਕਾ ਹੀ ਬਰਬਾਦ ਹੋ ਜਾਣਗੀਆਂ।” (ਯਸਾਯਾਹ 60:12) ਅੱਜ-ਕੱਲ੍ਹ ਵੱਖੋ-ਵੱਖਰੇ ਤਰੀਕਿਆਂ ਵਿਚ ਵਿਰੋਧਤਾ ਕੀਤੀ ਜਾਂਦੀ ਹੈ। ਕੁਝ ਦੇਸ਼ਾਂ ਵਿਚ ਵਿਰੋਧੀ ਸੱਚੇ ਮਸੀਹੀਆਂ ਨੂੰ ਸੇਵਾ ਕਰਨ ਤੋਂ ਰੋਕਣ ਜਾਂ ਉਨ੍ਹਾਂ ਦੀ ਉਪਾਸਨਾ ਉੱਤੇ ਪਾਬੰਦੀਆਂ ਲਗਾਉਣ ਦੀ ਕੋਸ਼ਿਸ਼ ਕਰਦੇ ਹਨ। ਦੂਸਰਿਆਂ ਦੇਸ਼ਾਂ ਵਿਚ ਕੱਟੜ ਵਿਰੋਧੀ ਯਹੋਵਾਹ ਦੇ ਸੇਵਕਾਂ ਉੱਤੇ ਹਮਲੇ ਕਰਦੇ ਹਨ ਅਤੇ ਉਨ੍ਹਾਂ ਦੀਆਂ ਚੀਜ਼ਾਂ ਵਗੈਰਾ ਜਲਾ ਦਿੰਦੇ ਹਨ। ਪਰ, ਯਾਦ ਰੱਖੋ ਕਿ ਯਹੋਵਾਹ ਨੇ ਪਹਿਲਾਂ ਹੀ ਨਿਸ਼ਚਿਤ ਕਰ ਲਿਆ ਹੈ ਕਿ ਉਸ ਦੀ ਇੱਛਾ ਦੀ ਪੂਰਤੀ ਵਿਚ ਰੁਕਾਵਟ ਪਾਉਣ ਵਾਲਿਆਂ ਦਾ ਕੀ ਅੰਜਾਮ ਹੋਵੇਗਾ। ਵਿਰੋਧੀ ਅਸਫ਼ਲ ਹੋਣਗੇ। ਸੀਯੋਨ, ਜੋ ਧਰਤੀ ਉੱਤੇ ਉਸ ਦੇ ਬੱਚਿਆਂ ਦੁਆਰਾ ਪ੍ਰਤਿਨਿਧ ਹੈ, ਦਾ ਵਿਰੋਧ ਕਰਨ ਵਾਲੇ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਇਹ ਸਾਡੇ ਮਹਾਨ ਪਰਮੇਸ਼ੁਰ ਤੋਂ ਕਿੰਨੀ ਵਧੀਆ ਬਰਕਤ ਹੈ!

ਉਮੀਦ ਤੋਂ ਵੱਧ ਬਰਕਤਾਂ

3. ਯਹੋਵਾਹ ਦੇ ਸੇਵਕਾਂ ਦੀ ਸੁੰਦਰਤਾ ਅਤੇ ਵਾਧੇ ਬਾਰੇ ਕਿਵੇਂ ਦੱਸਿਆ ਗਿਆ ਹੈ?

3 ਸੱਚ ਤਾਂ ਇਹ ਹੈ ਕਿ ਇਸ ਦੁਨੀਆਂ ਦੇ ਅੰਤ ਦਿਆਂ ਦਿਨਾਂ ਦੌਰਾਨ ਯਹੋਵਾਹ ਨੇ ਆਪਣੇ ਲੋਕਾਂ ਨੂੰ ਉਨ੍ਹਾਂ ਦੀ ਉਮੀਦ ਤੋਂ ਜ਼ਿਆਦਾ ਬਰਕਤਾਂ ਦਿੱਤੀਆਂ ਹਨ। ਉਸ ਨੇ ਖ਼ਾਸ ਕਰਕੇ ਆਪਣੀ ਉਪਾਸਨਾ ਦੀ ਜਗ੍ਹਾ ਨੂੰ ਅਤੇ ਉਸ ਦਾ ਨਾਂ ਲੈਣ ਵਾਲਿਆਂ ਨੂੰ ਹੌਲੀ-ਹੌਲੀ ਸਜਾਇਆ ਹੈ। ਯਸਾਯਾਹ ਦੀ ਭਵਿੱਖਬਾਣੀ ਦੇ ਅਨੁਸਾਰ ਉਸ ਨੇ ਸੀਯੋਨ ਨੂੰ ਕਿਹਾ: “ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ, ਸਰੂ, ਚੀਲ੍ਹ ਅਤੇ ਚਨਾਰ ਇਕੱਠੇ, ਭਈ ਓਹ ਮੇਰੇ ਪਵਿੱਤ੍ਰ ਅਸਥਾਨ ਨੂੰ ਸਜਾਉਣ, ਇਉਂ ਮੈਂ ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵਾਂਗਾ।” (ਯਸਾਯਾਹ 60:13) ਪਹਾੜਾਂ ਤੇ ਹਰੇ-ਭਰੇ ਦਰਖ਼ਤਾਂ ਦੇ ਜੰਗਲਾਂ ਦਾ ਨਜ਼ਾਰਾ ਬਹੁਤ ਹੀ ਸ਼ਾਨਦਾਰ ਹੈ। ਇਸ ਲਈ ਇਹ ਹਰੇ-ਭਰੇ ਦਰਖ਼ਤ ਯਹੋਵਾਹ ਦੇ ਉਪਾਸਕਾਂ ਦੀ ਸੁੰਦਰਤਾ ਅਤੇ ਵਾਧੇ ਦੇ ਢੁਕਵੇਂ ਨਿਸ਼ਾਨ ਹਨ।—ਯਸਾਯਾਹ 41:19; 55:13.

4. “ਪਵਿੱਤ੍ਰ ਅਸਥਾਨ” ਅਤੇ ‘ਯਹੋਵਾਹ ਦੇ ਪੈਰਾਂ ਦਾ ਅਸਥਾਨ’ ਕੀ ਹਨ, ਅਤੇ ਇਹ ਕਿਵੇਂ ਸਜਾਏ ਗਏ ਹਨ?

4ਯਸਾਯਾਹ 60:13 ਵਿਚ “ਪਵਿੱਤ੍ਰ ਅਸਥਾਨ” ਅਤੇ ‘ਯਹੋਵਾਹ ਦੇ ਪੈਰਾਂ ਦਾ ਅਸਥਾਨ’ ਕੀ ਹਨ? ਇਹ ਯਹੋਵਾਹ ਦੀ ਮਹਾਨ ਰੂਹਾਨੀ ਹੈਕਲ ਦੇ ਵਿਹੜਿਆਂ ਨੂੰ ਸੰਕੇਤ ਕਰਦੇ ਹਨ। ਰੂਹਾਨੀ ਹੈਕਲ ਯਿਸੂ ਮਸੀਹ ਰਾਹੀਂ ਯਹੋਵਾਹ ਦੀ ਭਗਤੀ ਕਰਨ ਦਾ ਇੰਤਜ਼ਾਮ ਹੈ। (ਇਬਰਾਨੀਆਂ 8:1-5; 9:2-10, 23) ਯਹੋਵਾਹ ਨੇ ਸਾਰੀਆਂ ਕੌਮਾਂ ਵਿੱਚੋਂ ਲੋਕਾਂ ਨੂੰ ਇਨ੍ਹਾਂ ਵਿਹੜਿਆਂ ਵਿਚ ਭਗਤੀ ਕਰਨ ਲਈ ਇਕੱਠੇ ਕਰਨ ਦੁਆਰਾ ਇਸ ਰੂਹਾਨੀ ਹੈਕਲ ਨੂੰ ਸ਼ਾਨਦਾਰ ਬਣਾਉਣ ਦੇ ਆਪਣੇ ਮਕਸਦ ਨੂੰ ਜ਼ਾਹਰ ਕੀਤਾ। (ਹੱਜਈ 2:7) ਯਸਾਯਾਹ ਨੇ ਪਹਿਲਾਂ ਹੀ ਯਹੋਵਾਹ ਦੀ ਭਗਤੀ ਦੇ ਪਰਬਤ ਵੱਲ ਸਭ ਕੌਮਾਂ ਤੋਂ ਭੀੜਾਂ ਵਗਦੀਆਂ ਦੇਖੀਆਂ ਸਨ। (ਯਸਾਯਾਹ 2:1-4) ਸੈਂਕੜੇ ਸਾਲ ਬਾਅਦ, ਯੂਹੰਨਾ ਰਸੂਲ ਨੇ ਦਰਸ਼ਣ ਵਿਚ “ਹਰੇਕ ਕੌਮ ਵਿੱਚੋਂ ਅਤੇ ਸਭਨਾਂ ਗੋਤਾਂ, ਉੱਮਤਾਂ ਅਤੇ ਭਾਖਿਆਂ ਵਿੱਚੋਂ ਇੱਕ ਵੱਡੀ ਭੀੜ ਜਿਹ ਦੀ ਗਿਣਤੀ ਕਿਸੇ ਕੋਲੋਂ ਨਹੀਂ ਹੁੰਦੀ” ਦੇਖੀ। ਇਹ “ਪਰਮੇਸ਼ੁਰ ਦੇ ਸਿੰਘਾਸਣ ਦੇ ਮੋਹਰੇ” ਖੜ੍ਹ ਕੇ “ਉਹ ਦੀ ਹੈਕਲ ਵਿੱਚ ਰਾਤ ਦਿਨ ਉਹ ਦੀ ਉਪਾਸਨਾ ਕਰਦੇ ਹਨ।” (ਪਰਕਾਸ਼ ਦੀ ਪੋਥੀ 7:9, 15) ਜਿਉਂ-ਜਿਉਂ ਇਹ ਭਵਿੱਖਬਾਣੀਆਂ ਸਾਡੇ ਦਿਨਾਂ ਵਿਚ ਪੂਰੀਆਂ ਹੁੰਦੀਆਂ ਹਨ, ਯਹੋਵਾਹ ਦਾ ਭਵਨ ਸਾਡੀਆਂ ਅੱਖਾਂ ਦੇ ਸਾਮ੍ਹਣੇ ਸਜਾਇਆ ਜਾ ਰਿਹਾ ਹੈ।

5. ਸੀਯੋਨ ਦੇ ਬੱਚਿਆਂ ਨੇ ਕਿਹੜੀ ਵੱਡੀ ਤਬਦੀਲੀ ਦਾ ਆਨੰਦ ਮਾਣਿਆ ਹੈ?

5 ਇਹ ਸੀਯੋਨ ਲਈ ਕਿੰਨੀ ਵੱਡੀ ਤਬਦੀਲੀ ਹੈ। ਯਹੋਵਾਹ ਨੇ ਕਿਹਾ: “ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੈਂ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਉੱਤਮ, ਪੀੜ੍ਹੀਓਂ ਪੀੜ੍ਹੀ ਖੁਸ਼ ਰੱਖਾਂਗਾ।” (ਯਸਾਯਾਹ 60:15) ਪਹਿਲੇ ਵਿਸ਼ਵ ਯੁੱਧ ਦੇ ਅੰਤ ਤੇ “ਪਰਮੇਸ਼ੁਰ ਦੇ ਇਸਰਾਏਲ” ਨੇ ਦੁਖੀ ਸਮਾਂ ਕੱਟਿਆ ਸੀ। (ਗਲਾਤੀਆਂ 6:16) ਉਸ ਨੇ “ਤਿਆਗੀ ਹੋਈ” ਔਰਤ ਵਜੋਂ ਮਹਿਸੂਸ ਕੀਤਾ ਸੀ ਕਿਉਂਕਿ ਉਸ ਨੂੰ ਇਸ ਦੀ ਸਮਝ ਨਹੀਂ ਸੀ ਕਿ ਧਰਤੀ ਉੱਤੇ ਉਸ ਦੇ ਬੱਚਿਆਂ ਲਈ ਪਰਮੇਸ਼ੁਰ ਦੀ ਕੀ ਇੱਛਾ ਸੀ। ਫਿਰ 1919 ਵਿਚ ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਖੜ੍ਹਾ ਕੀਤਾ ਅਤੇ ਉਸ ਸਮੇਂ ਤੋਂ ਲੈ ਕੇ ਉਸ ਦੀ ਬਰਕਤ ਨਾਲ ਉਨ੍ਹਾਂ ਨੂੰ ਰੂਹਾਨੀ ਖ਼ੁਸ਼ਹਾਲੀ ਮਿਲੀ ਹੈ। ਇਸ ਤੋਂ ਇਲਾਵਾ, ਕੀ ਇਸ ਆਇਤ ਦੇ ਵਾਅਦੇ ਤੋਂ ਸਾਨੂੰ ਖ਼ੁਸ਼ੀ ਨਹੀਂ ਮਿਲਦੀ? ਯਹੋਵਾਹ ਸੀਯੋਨ ਨੂੰ “ਉੱਤਮ” ਸਮਝੇਗਾ। ਜੀ ਹਾਂ, ਸੀਯੋਨ ਦੇ ਬੱਚੇ ਅਤੇ ਖ਼ੁਦ ਯਹੋਵਾਹ ਸੀਯੋਨ ਉੱਤੇ ਮਾਣ ਕਰਨਗੇ। ਉਹ ‘ਖ਼ੁਸ਼ੀ’ ਅਤੇ ਬੇਹੱਦ ਆਨੰਦ ਦਾ ਕਾਰਨ ਹੋਵੇਗੀ। ਅਤੇ ਇਸ ਤਰ੍ਹਾਂ ਸਿਰਫ਼ ਥੋੜ੍ਹੇ ਹੀ ਸਮੇਂ ਲਈ ਨਹੀਂ ਹੋਵੇਗਾ। ਸੀਯੋਨ ਦੇ ਬੱਚਿਆਂ ਉੱਤੇ, ਜੋ ਧਰਤੀ ਉੱਤੇ ਉਸ ਦੇ ਪ੍ਰਤਿਨਿਧ ਹਨ, ਪਰਮੇਸ਼ੁਰ ਦੀ ਇਹ ਕਿਰਪਾ “ਪੀੜ੍ਹੀਓਂ ਪੀੜ੍ਹੀ” ਰਹੇਗੀ। ਇਹ ਕਦੀ ਵੀ ਮਿਟੇਗੀ ਨਹੀਂ।

6. ਸੱਚੇ ਮਸੀਹੀ ਕੌਮਾਂ ਦੇ ਸਾਧਨ ਕਿਵੇਂ ਵਰਤਦੇ ਹਨ?

6 ਹੁਣ ਇਕ ਹੋਰ ਵਾਅਦੇ ਨੂੰ ਸੁਣੋ। ਸੀਯੋਨ ਨਾਲ ਗੱਲ ਕਰਦੇ ਹੋਏ ਯਹੋਵਾਹ ਨੇ ਕਿਹਾ: “ਤੂੰ ਕੌਮਾਂ ਦਾ ਦੁੱਧ ਚੁੰਘੇਂਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਂਗੀ, ਤੂੰ ਜਾਣੇਂਗੀ ਭਈ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸ਼ਕਤੀਮਾਨ।” (ਯਸਾਯਾਹ 60:16) ਸੀਯੋਨ “ਕੌਮਾਂ ਦਾ ਦੁੱਧ” ਅਤੇ “ਰਾਜਿਆਂ ਦੀ ਛਾਤੀ” ਕਿਵੇਂ ਚੁੰਘਦੀ ਹੈ? ਮਸਹ ਕੀਤੇ ਹੋਏ ਅਤੇ ਉਨ੍ਹਾਂ ਦੇ ਸਾਥੀ, ਯਾਨੀ ‘ਹੋਰ ਭੇਡਾਂ,’ ਕੌਮਾਂ ਦੇ ਕੀਮਤੀ ਸਾਧਨ ਵਰਤ ਕੇ ਸ਼ੁੱਧ ਭਗਤੀ ਨੂੰ ਅੱਗੇ ਵਧਾਉਂਦੇ ਹਨ। (ਯੂਹੰਨਾ 10:16) ਦਾਨ ਕੀਤੇ ਗਏ ਰੁਪਏ-ਪੈਸੇ ਨਾਲ ਦੁਨੀਆਂ ਭਰ ਵਿਚ ਪ੍ਰਚਾਰ ਅਤੇ ਸਿਖਲਾਈ ਦਾ ਕੰਮ ਮੁਮਕਿਨ ਬਣਾਇਆ ਗਿਆ ਹੈ। ਨਵੀਂ ਤਕਨਾਲੋਜੀ ਨੂੰ ਚੰਗੀ ਤਰ੍ਹਾਂ ਵਰਤ ਕੇ ਉਹ ਬਾਈਬਲਾਂ ਅਤੇ ਬਾਈਬਲ ਦੇ ਪ੍ਰਕਾਸ਼ਨ ਸੈਂਕੜਿਆਂ ਜ਼ਬਾਨਾਂ ਵਿਚ ਛਾਪ ਸਕੇ ਹਨ। ਅੱਜ, ਪਹਿਲਾਂ ਨਾਲੋਂ ਬਹੁਤ ਸਾਰਿਆਂ ਲੋਕਾਂ ਨੂੰ ਬਾਈਬਲ ਦੀ ਸੱਚਾਈ ਮਿਲ ਸਕਦੀ ਹੈ। ਕਈਆਂ ਦੇਸ਼ਾਂ ਦੇ ਲੋਕ ਅੱਜ ਸਿੱਖ ਰਹੇ ਹਨ ਕਿ ਯਹੋਵਾਹ, ਜਿਸ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਰੂਹਾਨੀ ਗ਼ੁਲਾਮੀ ਤੋਂ ਛੁਡਾਇਆ, ਸੱਚ-ਮੁੱਚ ਬਚਾਉਣ ਵਾਲਾ ਹੈ।

ਯਹੋਵਾਹ ਦੇ ਸੰਗਠਨ ਦੀ ਤਰੱਕੀ

7. ਸੀਯੋਨ ਦੇ ਬੱਚੇ ਕਿਹੜੀ ਤਰੱਕੀ ਕਰਦੇ ਹਨ?

7 ਯਹੋਵਾਹ ਨੇ ਆਪਣੇ ਲੋਕਾਂ ਨੂੰ ਹੋਰ ਤਰੀਕੇ ਵਿਚ ਵੀ ਸਜਾਇਆ ਹੈ। ਉਸ ਦੀ ਬਰਕਤ ਰਾਹੀਂ ਸੰਗਠਨ ਵਿਚ ਤਰੱਕੀ ਹੋਈ ਹੈ। ਯਸਾਯਾਹ 60:17 ਵਿਚ ਅਸੀਂ ਪੜ੍ਹਦੇ ਹਾਂ: “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” ਪਿੱਤਲ ਦੇ ਥਾਂ ਸੋਨਾ ਲਿਆਉਣ ਦਾ ਮਤਲਬ ਸੁਧਾਰ ਕਰਨਾ ਹੈ ਅਤੇ ਇਹ ਇੱਥੇ ਬਾਕੀ ਦੀਆਂ ਚੀਜ਼ਾਂ ਬਾਰੇ ਵੀ ਸੱਚ ਹੈ। ਇਸ ਦੇ ਮੁਤਾਬਕ ਪਰਮੇਸ਼ੁਰ ਦੇ ਇਸਰਾਏਲ ਨੇ ਇਨ੍ਹਾਂ ਅੰਤਿਮ ਦਿਨਾਂ ਦੌਰਾਨ ਸੰਗਠਨ ਵਿਚ ਕਈ ਤਰ੍ਹਾਂ ਦੀ ਤਰੱਕੀ ਦੇਖੀ ਹੈ। ਇਕ-ਦੋ ਉਦਾਹਰਣਾਂ ਤੇ ਗੌਰ ਕਰੋ।

8-10. ਸਾਲ 1919 ਤੋਂ ਲੈ ਕੇ ਸੰਗਠਨ ਵਿਚ ਹੋਈਆਂ ਕੁਝ ਤਬਦੀਲੀਆਂ ਬਾਰੇ ਦੱਸੋ।

8 ਸੰਨ 1919 ਤੋਂ ਪਹਿਲਾਂ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਵਿਚ ਬਜ਼ੁਰਗ ਅਤੇ ਡੀਕਨ ਕਲੀਸਿਯਾ ਦੀ ਦੇਖ-ਭਾਲ ਕਰਦੇ ਸਨ ਅਤੇ ਇਹ ਵੋਟਾਂ ਰਾਹੀਂ ਚੁਣੇ ਜਾਂਦੇ ਸਨ। ਫਿਰ 1919 ਵਿਚ ਸ਼ੁਰੂ ਹੁੰਦੇ ਹੋਏ “ਮਾਤਬਰ ਅਤੇ ਬੁੱਧਵਾਨ ਨੌਕਰ” ਨੇ ਹਰ ਕਲੀਸਿਯਾ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਨ ਵਾਸਤੇ ਇਕ ਸੇਵਾ ਨਿਗਾਹਬਾਨ ਨਿਯੁਕਤ ਕੀਤਾ। (ਮੱਤੀ 24:45-47) ਲੇਕਿਨ ਕੁਝ ਕਲੀਸਿਯਾਵਾਂ ਵਿਚ ਇਹ ਪ੍ਰਬੰਧ ਸਫ਼ਲ ਨਹੀਂ ਹੋਇਆ ਕਿਉਂਕਿ ਚੁਣੇ ਹੋਏ ਬਜ਼ੁਰਗਾਂ ਵਿੱਚੋਂ ਕੁਝ ਪ੍ਰਚਾਰ ਦੇ ਕੰਮ ਵਿਚ ਪੂਰਾ ਹਿੱਸਾ ਨਹੀਂ ਲੈਂਦੇ ਸਨ। ਇਸ ਲਈ 1932 ਵਿਚ ਕਲੀਸਿਯਾਵਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਬਜ਼ੁਰਗ ਅਤੇ ਡੀਕਨ ਚੁਣਨ ਲਈ ਵੋਟਾਂ ਨਾ ਪਾਉਣ ਪਰ ਸੇਵਾ ਨਿਗਾਹਬਾਨ ਦੇ ਨਾਲ-ਨਾਲ ਕੰਮ ਕਰਨ ਲਈ ਇਕ ਸੇਵਾ ਸਮਿਤੀ ਚੁਣਨ। ਇਹ “ਲੱਕੜੀ” ਦੇ ਥਾਂ “ਪਿੱਤਲ” ਵਾਂਗ ਸੀ, ਯਾਨੀ ਇਕ ਬਹੁਤ ਹੀ ਵੱਡਾ ਸੁਧਾਰ।

9 ਫਿਰ 1938 ਵਿਚ ਦੁਨੀਆਂ ਭਰ ਦੀਆਂ ਕਲੀਸਿਯਾਵਾਂ ਦੀ ਦੇਖ-ਭਾਲ ਕਰਨ ਲਈ ਹੋਰ ਤਬਦੀਲੀ ਕੀਤੀ ਗਈ ਸੀ ਜੋ ਬਾਈਬਲ ਦੇ ਜ਼ਿਆਦਾ ਮੁਤਾਬਕ ਸੀ। ਕਲੀਸਿਯਾ ਦੀ ਦੇਖ-ਭਾਲ ਕਰਨ ਲਈ ਇਕ ਕੰਪਨੀ ਸੇਵਾਦਾਰ ਅਤੇ ਉਸ ਦੀ ਮਦਦ ਕਰਨ ਲਈ ਹੋਰ ਭਰਾ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਨਿਗਰਾਨੀ ਅਧੀਨ ਨਿਯੁਕਤ ਕੀਤੇ ਗਏ ਸਨ। ਉਹ ਵੋਟਾਂ ਰਾਹੀਂ ਨਹੀਂ ਬਲਕਿ ਪਰਮੇਸ਼ੁਰੀ ਤਰੀਕੇ ਵਿਚ ਨਿਯੁਕਤ ਕੀਤੇ ਗਏ ਸਨ। ਇਹ “ਪੱਥਰਾਂ” ਦੇ ਥਾਂ ‘ਲੋਹੇ’ ਜਾਂ “ਪਿੱਤਲ” ਦੇ ਥਾਂ ‘ਸੋਨੇ’ ਵਾਂਗ ਸੀ।

10 ਇਸ ਸਮੇਂ ਤੋਂ ਲੈ ਕੇ ਤਰੱਕੀ ਹੁੰਦੀ ਰਹੀ। ਮਿਸਾਲ ਲਈ, 1972 ਵਿਚ ਇਹ ਦੇਖਿਆ ਗਿਆ ਸੀ ਕਿ ਕਲੀਸਿਯਾ ਦੀ ਨਿਗਰਾਨੀ ਇਕ ਬੰਦੇ ਦੀ ਬਜਾਇ ਪਰਮੇਸ਼ੁਰ ਦੁਆਰਾ ਨਿਯੁਕਤ ਕੀਤੇ ਗਏ ਬਜ਼ੁਰਗਾਂ ਦੇ ਸਮੂਹ ਦੁਆਰਾ ਕੀਤੀ ਜਾਣੀ ਚਾਹੀਦੀ ਹੈ। ਪਹਿਲੀ ਸਦੀ ਦੀਆਂ ਮਸੀਹੀ ਕਲੀਸਿਯਾਵਾਂ ਵਿਚ ਇਸੇ ਤਰ੍ਹਾਂ ਕੀਤਾ ਜਾਂਦਾ ਸੀ। ਇਸ ਦੇ ਨਾਲ-ਨਾਲ, ਦੋ ਕੁ ਸਾਲ ਪਹਿਲਾਂ ਇਸ ਦੇ ਸੰਬੰਧ ਵਿਚ ਹੋਰ ਤਰੱਕੀ ਕੀਤੀ ਗਈ ਸੀ। ਕੁਝ ਕਾਨੂੰਨੀ ਕਾਰਪੋਰੇਸ਼ਨਾਂ ਦੇ ਨਿਰਦੇਸ਼ਨ ਵਿਚ ਤਬਦੀਲੀ ਕੀਤੀ ਗਈ ਸੀ ਤਾਂਕਿ ਪ੍ਰਬੰਧਕ ਸਭਾ ਕਾਨੂੰਨੀ ਮਾਮਲਿਆਂ ਵਿਚ ਰੁੱਝੇ ਰਹਿਣ ਦੀ ਬਜਾਇ ਪਰਮੇਸ਼ੁਰ ਦੇ ਲੋਕਾਂ ਦੀ ਰੂਹਾਨੀ ਦੇਖ-ਭਾਲ ਕਰਨ ਵੱਲ ਜ਼ਿਆਦਾ ਧਿਆਨ ਦੇ ਸਕੇ।

11. ਯਹੋਵਾਹ ਦੇ ਸੰਗਠਨ ਵਿਚ ਹੋਈਆਂ ਤਬਦੀਲੀਆਂ ਪਿੱਛੇ ਕਿਸ ਦਾ ਹੱਥ ਰਿਹਾ ਹੈ, ਅਤੇ ਇਨ੍ਹਾਂ ਤਬਦੀਲੀਆਂ ਦਾ ਕੀ ਨਤੀਜਾ ਨਿਕਲਿਆ ਹੈ?

11 ਇਸ ਤਰੱਕੀ ਪਿੱਛੇ ਕਿਸ ਦਾ ਹੱਥ ਹੈ? ਖ਼ੁਦ ਯਹੋਵਾਹ ਪਰਮੇਸ਼ੁਰ ਦਾ। ਉਸ ਨੇ ਹੀ ਕਿਹਾ ਸੀ: “ਮੈਂ ਸੋਨਾ ਲਿਆਵਾਂਗਾ।” (ਟੇਢੇ ਟਾਈਪ ਸਾਡੇ।) ਅਤੇ ਉਸ ਨੇ ਅੱਗੇ ਕਿਹਾ: “ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” (ਟੇਢੇ ਟਾਈਪ ਸਾਡੇ।) ਜੀ ਹਾਂ, ਯਹੋਵਾਹ ਦੇ ਲੋਕਾਂ ਦੀ ਤਰੱਕੀ ਸਿਰਫ਼ ਉਸ ਦੀ ਅਗਵਾਈ ਨਾਲ ਹੋਈ ਹੈ। ਸੰਗਠਨ ਵਿਚ ਲਗਾਤਾਰ ਹੋ ਰਹੀ ਤਰੱਕੀ ਇਕ ਹੋਰ ਸਬੂਤ ਹੈ ਕਿ ਯਹੋਵਾਹ ਆਪਣੇ ਲੋਕਾਂ ਨੂੰ ਸਜਾ ਰਿਹਾ ਹੈ। ਇਸ ਦੇ ਨਤੀਜੇ ਵਜੋਂ ਯਹੋਵਾਹ ਦੇ ਗਵਾਹਾਂ ਨੂੰ ਬਹੁਤ ਸਾਰੀਆਂ ਬਰਕਤਾਂ ਮਿਲੀਆਂ ਹਨ। ਯਸਾਯਾਹ 60:18 ਵਿਚ ਅਸੀਂ ਪੜ੍ਹਦੇ ਹਾਂ: “ਜ਼ੁਲਮ ਤੇਰੇ ਦੇਸ ਵਿੱਚ ਫੇਰ ਸੁਣਿਆ ਨਾ ਜਾਵੇਗਾ, ਨਾ ਤੇਰੀਆਂ ਹੱਦਾਂ ਵਿੱਚ ਬਰਬਾਦੀ ਯਾ ਤਬਾਹੀ, ਤੂੰ ਆਪਣੀਆਂ ਕੰਧਾਂ ਨੂੰ ਮੁਕਤੀ, ਅਤੇ ਆਪਣਿਆਂ ਫਾਟਕਾਂ ਨੂੰ ਉਸਤਤ ਸੱਦੇਂਗੀ।” ਇਹ ਗੱਲ ਕਿੰਨੀ ਸ਼ਾਨਦਾਰ ਹੈ! ਪਰ ਇਹ ਪੂਰੀ ਕਿਵੇਂ ਹੋਈ ਹੈ?

12. ਸੱਚੇ ਮਸੀਹੀਆਂ ਵਿਚਕਾਰ ਸ਼ਾਂਤੀ ਕਿਵੇਂ ਰਾਜ ਕਰਦੀ ਹੈ?

12 ਸੱਚੇ ਮਸੀਹੀ ਸਿਖਲਾਈ ਅਤੇ ਅਗਵਾਈ ਲਈ ਯਹੋਵਾਹ ਵੱਲ ਦੇਖਦੇ ਹਨ, ਅਤੇ ਇਸ ਦਾ ਨਤੀਜਾ ਯਸਾਯਾਹ ਦੁਆਰਾ ਪਹਿਲਾਂ ਹੀ ਦੱਸਿਆ ਗਿਆ ਸੀ: “ਤੇਰੇ ਸਾਰੇ ਪੁੱਤ੍ਰ ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ, ਅਤੇ ਤੇਰੇ ਪੁੱਤ੍ਰਾਂ ਦੀ ਸ਼ਾਂਤੀ ਬਹੁਤ ਹੋਵੇਗੀ।” (ਯਸਾਯਾਹ 54:13) ਇਸ ਦੇ ਨਾਲ-ਨਾਲ, ਯਹੋਵਾਹ ਦੀ ਆਤਮਾ ਉਸ ਦੇ ਲੋਕਾਂ ਉੱਤੇ ਹੁੰਦੀ ਹੈ ਅਤੇ ਆਤਮਾ ਦਾ ਇਕ ਫਲ ਸ਼ਾਂਤੀ ਹੈ। (ਗਲਾਤੀਆਂ 5:22, 23) ਇਸ ਹਿੰਸਕ ਦੁਨੀਆਂ ਵਿਚ ਯਹੋਵਾਹ ਦੇ ਅਮਨ-ਪਸੰਦ ਲੋਕਾਂ ਨਾਲ ਸੰਗਤ ਕਰ ਕੇ ਚੈਨ ਮਿਲਦਾ ਹੈ। ਸੱਚੇ ਮਸੀਹੀ ਇਕ ਦੂਸਰੇ ਨਾਲ ਦਿਲੋਂ ਪ੍ਰੇਮ ਕਰਦੇ ਹਨ। ਇਸ ਪ੍ਰੇਮ ਤੇ ਆਧਾਰਿਤ ਉਨ੍ਹਾਂ ਦੀ ਸ਼ਾਂਤੀ ਦਿਖਾਉਂਦੀ ਹੈ ਕਿ ਨਵੇਂ ਸੰਸਾਰ ਵਿਚ ਜ਼ਿੰਦਗੀ ਕਿਹੋ ਜਿਹੀ ਹੋਵੇਗੀ। (ਯੂਹੰਨਾ 15:17; ਕੁਲੁੱਸੀਆਂ 3:14) ਅਸੀਂ ਸਾਰੇ ਜਣੇ ਇਸ ਸ਼ਾਂਤੀ, ਜੋ ਕਿ ਸਾਡੇ ਰੂਹਾਨੀ ਫਿਰਦੌਸ ਦਾ ਮੁੱਖ ਹਿੱਸਾ ਹੈ, ਨੂੰ ਅੱਗੇ ਵਧਾਉਣ ਵਿਚ ਅਤੇ ਇਸ ਦਾ ਆਨੰਦ ਮਾਣਨ ਵਿਚ ਜ਼ਰੂਰ ਖ਼ੁਸ਼ ਹੋਵਾਂਗੇ। ਅਤੇ ਇਸ ਤਰ੍ਹਾਂ ਕਰਨ ਵਿਚ ਅਸੀਂ ਯਹੋਵਾਹ ਦੀ ਵੀ ਉਸਤਤ ਕਰਦੇ ਹਾਂ।—ਯਸਾਯਾਹ 11:9.

ਯਹੋਵਾਹ ਦਾ ਚਾਨਣ ਹਮੇਸ਼ਾ ਚਮਕਦਾ ਰਹੇਗਾ

13. ਅਸੀਂ ਕਿਉਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਦਾ ਚਾਨਣ ਹਮੇਸ਼ਾ ਉਸ ਦੇ ਲੋਕਾਂ ਉੱਤੇ ਚਮਕਦਾ ਰਹੇਗਾ?

13 ਕੀ ਯਹੋਵਾਹ ਦਾ ਚਾਨਣ ਉਸ ਦੇ ਲੋਕਾਂ ਉੱਤੇ ਹਮੇਸ਼ਾ ਚਮਕਦਾ ਰਹੇਗਾ? ਜੀ ਹਾਂ! ਯਸਾਯਾਹ 60:19, 20 ਵਿਚ ਅਸੀਂ ਪੜ੍ਹਦੇ ਹਾਂ: “ਸੂਰਜ ਤੇਰੇ ਲਈ ਫੇਰ ਦਿਨੇ ਚਾਨਣ ਲਈ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸਜਾਵਟ ਹੋਵੇਗਾ। ਤੇਰਾ ਸੂਰਜ ਫਿਰ ਨਹੀਂ ਲੱਥੇਗਾ, ਨਾ ਤੇਰਾ ਚੰਦ ਮਿਟ ਜਾਵੇਗਾ, ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।” ਜਦੋਂ 1919 ਵਿਚ, ਰੂਹਾਨੀ ਤੌਰ ਤੇ ਗ਼ੁਲਾਮ ਲੋਕਾਂ ਦਾ “ਸੋਗ” ਮੁਕਾ ਤਾਂ ਯਹੋਵਾਹ ਉਨ੍ਹਾਂ ਉੱਤੇ ਚਾਨਣ ਚਮਕਾਉਣ ਲੱਗ ਪਿਆ। ਹਾਲੇ ਵੀ, 80 ਤੋਂ ਜ਼ਿਆਦਾ ਸਾਲ ਬਾਅਦ ਉਹ ਯਹੋਵਾਹ ਦੀ ਮਿਹਰ ਦਾ ਆਨੰਦ ਮਾਣਦੇ ਹਨ ਜਿਉਂ-ਜਿਉਂ ਉਹ ਉਨ੍ਹਾਂ ਤੇ ਚਾਨਣ ਚਮਕਾਉਂਦਾ ਹੈ। ਅਤੇ ਹਮੇਸ਼ਾ ਇਸੇ ਤਰ੍ਹਾਂ ਰਹੇਗਾ। ਯਹੋਵਾਹ ਆਪਣੇ ਸੇਵਕਾਂ ਦੇ ਸੰਬੰਧ ਵਿਚ, ਕਦੀ ਵੀ ਸੂਰਜ ਵਾਂਗ “ਲੱਥੇਗਾ” ਨਹੀਂ ਜਾਂ ਚੰਦ ਵਾਂਗ ‘ਮਿਟੇਗਾ’ ਨਹੀਂ। ਇਸ ਦੀ ਬਜਾਇ ਉਹ ਉਨ੍ਹਾਂ ਉੱਤੇ ਸਦਾ ਲਈ ਆਪਣਾ ਚਾਨਣ ਚਮਕਾਵੇਗਾ। ਇਸ ਹਨੇਰੀ ਦੁਨੀਆਂ ਦੇ ਅੰਤਿਮ ਦਿਨਾਂ ਵਿਚ ਰਹਿੰਦੇ ਹੋਏ ਇਹ ਸਾਡੇ ਲਈ ਕਿੰਨੀ ਵਧੀਆ ਗੱਲ ਹੈ!

14, 15. (ੳ) ਪਰਮੇਸ਼ੁਰ ਦੇ ਸਾਰੇ ਲੋਕ “ਧਰਮੀ” ਕਿਸ ਤਰ੍ਹਾਂ ਹਨ? (ਅ) ਯਸਾਯਾਹ 60:21 ਦੇ ਸੰਬੰਧ ਵਿਚ ਹੋਰ ਭੇਡਾਂ ਦੇ ਲੋਕ ਕਿਸ ਪੂਰਤੀ ਦੀ ਉਮੀਦ ਰੱਖਦੇ ਹਨ?

14 ਹੁਣ ਧਿਆਨ ਦਿਓ ਕਿ ਪਰਮੇਸ਼ੁਰ ਦੇ ਇਸਰਾਏਲ ਬਾਰੇ ਯਹੋਵਾਹ ਕੀ ਕਹਿੰਦਾ ਹੈ ਜੋ ਧਰਤੀ ਉੱਤੇ ਸੀਯੋਨ ਦਾ ਪ੍ਰਤਿਨਿਧ ਹੈ। ਯਸਾਯਾਹ 60:21 ਕਹਿੰਦਾ ਹੈ: “ਤੇਰੇ ਸਾਰੇ ਲੋਕ ਧਰਮੀ ਹੋਣਗੇ, ਓਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ, ਮੇਰੀ ਲਾਈ ਹੋਈ ਲਗਰ, ਮੇਰੇ ਹੱਥਾਂ ਦਾ ਕੰਮ, ਭਈ ਮੈਂ ਸਜਾਇਆ ਜਾਵਾਂ।” ਸੰਨ 1919 ਵਿਚ ਜਦੋਂ ਮਸਹ ਕੀਤੇ ਹੋਏ ਮਸੀਹੀਆਂ ਨੇ ਆਪਣਾ ਕੰਮ ਫਿਰ ਤੋਂ ਸ਼ੁਰੂ ਕੀਤਾ ਸੀ, ਉਹ ਇਕ ਬਹੁਤ ਹੀ ਅਨੋਖਾ ਸਮੂਹ ਸਨ। ਇਸ ਪਾਪੀ ਦੁਨੀਆਂ ਵਿਚ ਉਨ੍ਹਾਂ ਨੂੰ ਯਿਸੂ ਮਸੀਹ ਦੇ ਬਲੀਦਾਨ ਵਿਚ ਪੱਕੀ ਨਿਹਚਾ ਰੱਖਣ ਕਰਕੇ ‘ਧਰਮੀ ਗਿਣਿਆ’ ਗਿਆ ਸੀ। (ਰੋਮੀਆਂ 3:24; 5:1) ਫਿਰ, ਬਾਬਲ ਤੋਂ ਵਾਪਸ ਮੁੜੇ ਇਸਰਾਏਲੀਆਂ ਵਾਂਗ, ਮਸਹ ਕੀਤੇ ਹੋਏ ਮਸੀਹੀ ਰੂਹਾਨੀ ਗ਼ੁਲਾਮੀ ਵਿੱਚੋਂ ਨਿਕਲ ਕੇ ਰੂਹਾਨੀ “ਦੇਸ” ਵਿਚ ਵੱਸਣ ਲੱਗੇ, ਜਿਸ ਵਿਚ ਉਨ੍ਹਾਂ ਦਾ ਰੂਹਾਨੀ ਫਿਰਦੌਸ ਕਾਇਮ ਹੈ। (ਯਸਾਯਾਹ 66:8) ਉਸ ਦੇਸ਼ ਦੀ ਰੂਹਾਨੀ ਸੁੰਦਰਤਾ ਕਦੀ ਵੀ ਨਹੀਂ ਮਿਟੇਗੀ ਕਿਉਂਕਿ ਪਰਮੇਸ਼ੁਰ ਦਾ ਇਸਰਾਏਲ ਇਕ ਸਮੂਹ ਵਜੋਂ ਬੇਵਫ਼ਾ ਨਹੀਂ ਨਿਕਲੇਗਾ। ਉਨ੍ਹਾਂ ਦੀ ਨਿਹਚਾ, ਉਨ੍ਹਾਂ ਦਾ ਧੀਰਜ, ਅਤੇ ਉਨ੍ਹਾਂ ਦਾ ਜੋਸ਼ ਯਹੋਵਾਹ ਦੇ ਨਾਂ ਦੀ ਵਡਿਆਈ ਕਰਦਾ ਰਹੇਗਾ।

15 ਇਸ ਰੂਹਾਨੀ ਕੌਮ ਦੇ ਸਾਰੇ ਮੈਂਬਰ ਇਕ ਨਵੇਂ ਨੇਮ ਵਿਚ ਬੰਨ੍ਹੇ ਗਏ ਹਨ। ਇਨ੍ਹਾਂ ਸਾਰਿਆਂ ਦੇ ਦਿਲਾਂ ਉੱਤੇ ਯਹੋਵਾਹ ਦੇ ਨਿਯਮ ਲਿਖੇ ਗਏ ਹਨ, ਅਤੇ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਯਹੋਵਾਹ ਇਨ੍ਹਾਂ ਦੇ ਪਾਪ ਮਾਫ਼ ਕਰਦਾ ਹੈ। (ਯਿਰਮਿਯਾਹ 31:31-34) ਉਹ ਉਨ੍ਹਾਂ ਨੂੰ “ਪੁੱਤ੍ਰ” ਵਜੋਂ ਧਰਮੀ ਠਹਿਰਾਉਂਦਾ ਹੈ ਅਤੇ ਉਨ੍ਹਾਂ ਨੂੰ ਸੰਪੂਰਣ ਸਮਝਦਾ ਹੈ। (ਰੋਮੀਆਂ 8:15, 16, 29, 30) ਉਨ੍ਹਾਂ ਦੇ ਸਾਥੀਆਂ, ਯਾਨੀ ਹੋਰ ਭੇਡਾਂ, ਦੇ ਪਾਪ ਵੀ ਯਿਸੂ ਦੇ ਬਲੀਦਾਨ ਦੇ ਆਧਾਰ ਤੇ ਮਾਫ਼ ਕੀਤੇ ਗਏ ਹਨ, ਅਤੇ ਅਬਰਾਹਾਮ ਵਾਂਗ ਉਹ ਪਰਮੇਸ਼ੁਰ ਦੇ ਮਿੱਤਰਾਂ ਵਜੋਂ ਧਰਮੀ ਠਹਿਰਾਏ ਗਏ ਹਨ। ‘ਓਹਨਾਂ ਨੇ ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ ਹੈ।’ ਅਤੇ ਹੋਰ ਭੇਡਾਂ ਦੇ ਇਹ ਲੋਕ ਇਕ ਹੋਰ ਵਿਸ਼ੇਸ਼ ਬਰਕਤ ਦੀ ਵੀ ਉਡੀਕ ਕਰਦੇ ਹਨ। “ਵੱਡੀ ਬਿਪਤਾ” ਤੋਂ ਬਚਣ ਤੇ ਜਾਂ ਜੀ ਉਠਾਏ ਜਾਣ ਤੋਂ ਬਾਅਦ, ਉਹ ਯਸਾਯਾਹ 60:21 ਦੀ ਪੂਰਤੀ ਦੇਖਣਗੇ, ਜਦ ਪੂਰੀ ਧਰਤੀ ਫਿਰਦੌਸ ਵਿਚ ਬਦਲੀ ਜਾਵੇਗੀ। (ਪਰਕਾਸ਼ ਦੀ ਪੋਥੀ 7:14; ਰੋਮੀਆਂ 4:1-3) ਉਸ ਸਮੇਂ ਤੇ, “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।”—ਜ਼ਬੂਰ 37:11, 29.

ਵਾਧਾ ਹੁੰਦਾ ਰਹਿੰਦਾ ਹੈ

16. ਯਹੋਵਾਹ ਨੇ ਕਿਹੜਾ ਵਧੀਆ ਵਾਅਦਾ ਕੀਤਾ ਸੀ, ਅਤੇ ਇਹ ਪੂਰਾ ਕਿਵੇਂ ਹੋਇਆ ਹੈ?

16ਯਸਾਯਾਹ ਦੇ 60ਵੇਂ ਅਧਿਆਇ ਦੀ ਆਖ਼ਰੀ ਆਇਤ ਵਿਚ ਅਸੀਂ ਇਸ ਅਧਿਆਇ ਵਿਚ ਯਹੋਵਾਹ ਦਾ ਆਖ਼ਰੀ ਵਾਅਦਾ ਪੜ੍ਹਦੇ ਹਾਂ। ਉਸ ਨੇ ਸੀਯੋਨ ਨੂੰ ਕਿਹਾ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾਯਾਹ 60:22) ਸਾਡੇ ਜ਼ਮਾਨੇ ਵਿਚ ਯਹੋਵਾਹ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਜਦੋਂ 1919 ਵਿਚ ਮਸਹ ਕੀਤੇ ਹੋਇਆਂ ਨੇ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ, ਯਾਨੀ ਉਹ ‘ਿਨੱਕੇ ਜਿਹੇ’ ਸਨ। ਪਰ ਉਨ੍ਹਾਂ ਦੀ ਗਿਣਤੀ ਉਦੋਂ ਵਧੀ ਜਦੋਂ ਹੋਰ ਰੂਹਾਨੀ ਇਸਰਾਏਲੀ ਇਕੱਠੇ ਕੀਤੇ ਗਏ ਸਨ ਅਤੇ ਫਿਰ ਬਹੁਤ ਸਾਰੀਆਂ ਹੋਰ ਭੇਡਾਂ ਵੀ ਆਉਣ ਲੱਗ ਪਈਆਂ। ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ, ਯਾਨੀ ਉਨ੍ਹਾਂ ਦੇ “ਦੇਸ” ਵਿਚ ਰੂਹਾਨੀ ਫਿਰਦੌਸ, ਨੇ ਹੋਰਨਾਂ ਨੇਕਦਿਲ ਲੋਕਾਂ ਨੂੰ ਖਿੱਚਿਆ ਹੈ ਅਤੇ ‘ਨਿੱਕਾ ਜਿਹਾ ਇੱਕ ਬਲਵੰਤ ਕੌਮ’ ਬਣ ਗਿਆ ਹੈ। ਇਸ ਸਮੇਂ ਇਹ “ਕੌਮ”—ਪਰਮੇਸ਼ੁਰ ਦਾ ਇਸਰਾਏਲ ਅਤੇ 60 ਲੱਖ ਤੋਂ ਜ਼ਿਆਦਾ ਸਮਰਪਿਤ “ਓਪਰੇ”—ਇਸ ਦੁਨੀਆਂ ਦੇ ਕਈਆਂ ਸੂਬਿਆਂ ਨਾਲੋਂ ਵੀ ਵੱਡੀ ਹੈ। (ਯਸਾਯਾਹ 60:10) ਇਸ ਦੇ ਵਾਸੀ ਯਹੋਵਾਹ ਦਾ ਚਾਨਣ ਚਮਕਾਉਂਦੇ ਹਨ ਅਤੇ ਇਸ ਕਰਕੇ ਉਹ ਉਸ ਦੀ ਨਜ਼ਰ ਵਿਚ ਸੁੰਦਰ ਹਨ।

17. ਯਸਾਯਾਹ ਦੇ 60ਵੇਂ ਅਧਿਆਇ ਦੀ ਇਸ ਚਰਚਾ ਨੇ ਤੁਹਾਡੇ ਉੱਤੇ ਕਿਹੋ ਜਿਹਾ ਅਸਰ ਪਾਇਆ ਹੈ?

17ਯਸਾਯਾਹ ਦੇ 60ਵੇਂ ਅਧਿਆਇ ਵਿੱਚੋਂ ਇਨ੍ਹਾਂ ਖ਼ਾਸ ਗੱਲਾਂ ਵੱਲ ਧਿਆਨ ਦੇ ਕੇ ਸਾਡੀ ਨਿਹਚਾ ਕਿੰਨੀ ਮਜ਼ਬੂਤ ਕੀਤੀ ਗਈ ਹੈ। ਇਹ ਜਾਣ ਕੇ ਸਾਨੂੰ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਨੂੰ ਪਹਿਲਾਂ ਹੀ ਪਤਾ ਸੀ ਕਿ ਉਸ ਦੇ ਲੋਕ ਰੂਹਾਨੀ ਗ਼ੁਲਾਮੀ ਤੋਂ ਬਾਅਦ ਫਿਰ ਤੋਂ ਆਪਣਾ ਕੰਮ ਸ਼ੁਰੂ ਕਰਨਗੇ। ਇਹ ਕਿੰਨੀ ਵਧੀਆ ਗੱਲ ਹੈ ਯਹੋਵਾਹ ਨੇ ਇੰਨੇ ਚਿਰ ਪਹਿਲਾਂ ਹੀ ਜਾਣ ਲਿਆ ਸੀ ਕਿ ਸਾਡੇ ਦਿਨਾਂ ਵਿਚ ਸੱਚੀ ਭਗਤੀ ਇੰਨੀ ਫੈਲ ਜਾਵੇਗੀ। ਇਸ ਤੋਂ ਇਲਾਵਾ ਇਹ ਜਾਣ ਕਿ ਸਾਨੂੰ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਹੋਵਾਹ ਸਾਨੂੰ ਕਦੀ ਵੀ ਨਹੀਂ ਛੱਡੇਗਾ! ਇਹ ਜਾਣ ਕੇ ਸਾਨੂੰ ਕਿੰਨੀ ਤਸੱਲੀ ਮਿਲਦੀ ਹੈ ਕਿ “ਸ਼ਹਿਰ” ਦੇ ਫਾਟਕ ਹਮੇਸ਼ਾ ਖੁੱਲ੍ਹੇ ਰਹਿਣਗੇ ਤਾਂਕਿ “ਸਦੀਪਕ ਜੀਉਣ ਲਈ ਠਹਿਰਾਏ ਗਏ” ਲੋਕਾਂ ਦਾ ਸੁਆਗਤ ਕੀਤਾ ਜਾ ਸਕੇ! (ਰਸੂਲਾਂ ਦੇ ਕਰਤੱਬ 13:48) ਯਹੋਵਾਹ ਆਪਣੇ ਲੋਕਾਂ ਉੱਤੇ ਚਾਨਣ ਚਮਕਾਉਂਦਾ ਰਹੇਗਾ। ਸੀਯੋਨ ਉੱਤਮ ਬਣਦਾ ਜਾਵੇਗਾ, ਜਿਉਂ-ਜਿਉਂ ਉਸ ਦੇ ਬੱਚੇ ਆਪਣਾ ਚਾਨਣ ਚਮਕਾਉਂਦੇ ਰਹਿਣਗੇ। (ਮੱਤੀ 5:16) ਯਕੀਨਨ ਹੁਣ ਪਰਮੇਸ਼ੁਰ ਦੇ ਇਸਰਾਏਲ ਦੇ ਨਜ਼ਦੀਕ ਰਹਿਣ ਅਤੇ ਯਹੋਵਾਹ ਦਾ ਚਾਨਣ ਚਮਕਾਉਣ ਦੇ ਆਪਣੇ ਸਨਮਾਨ ਦੀ ਕਦਰ ਕਰਨ ਦਾ ਸਾਡਾ ਇਰਾਦਾ ਅੱਗੇ ਨਾਲੋਂ ਵੀ ਪੱਕਾ ਹੈ!

ਕੀ ਤੁਸੀਂ ਸਮਝਾ ਸਕਦੇ ਹੋ?

• ਵਿਰੋਧਤਾ ਦੇ ਸੰਬੰਧ ਵਿਚ ਅਸੀਂ ਕਿਸ ਚੀਜ਼ ਦਾ ਭਰੋਸਾ ਰੱਖ ਸਕਦੇ ਹਾਂ?

• ਸੀਯੋਨ ਦੇ ਬੱਚਿਆਂ ਨੇ ‘ਕੌਮਾਂ ਦਾ ਦੁੱਧ’ ਕਿਵੇਂ ‘ਚੁੰਘਿਆ’ ਹੈ?

• ਯਹੋਵਾਹ ਨੇ “ਲੱਕੜੀ ਦੇ ਥਾਂ ਪਿੱਤਲ” ਕਿਵੇਂ ਲਿਆਂਦਾ ਹੈ?

ਯਸਾਯਾਹ 60:17, 21 ਵਿਚ ਕਿਨ੍ਹਾਂ ਦੋ ਗੁਣਾਂ ਬਾਰੇ ਦੱਸਿਆ ਗਿਆ ਹੈ?

• ‘ਨਿੱਕਾ ਜਿਹਾ ਇੱਕ ਬਲਵੰਤ ਕੌਮ’ ਕਿਵੇਂ ਬਣ ਗਿਆ ਹੈ?

[ਸਵਾਲ]

[ਸਫ਼ਾ 18 ਉੱਤੇ ਡੱਬੀ/ਤਸਵੀਰਾਂ]

ਯਸਾਯਾਹ ਦੀ ਭਵਿੱਖਬਾਣੀ ਸਾਰੀ ਮਨੁੱਖਜਾਤੀ ਲਈ ਚਾਨਣ

ਇਨ੍ਹਾਂ ਦੋਹਾਂ ਲੇਖਾਂ ਦੀਆਂ ਗੱਲਾਂ ਦੀ ਚਰਚਾ 2001/02 ਵਿਚ “ਪਰਮੇਸ਼ੁਰ ਦਾ ਬਚਨ ਸਿਖਾਉਣ ਵਾਲੇ” ਜ਼ਿਲ੍ਹਾ ਸੰਮੇਲਨ ਦੇ ਇਕ ਭਾਸ਼ਣ ਵਿਚ ਕੀਤੀ ਗਈ ਸੀ। ਕਈ ਇਲਾਕਿਆਂ ਵਿਚ ਭਾਸ਼ਣ ਦੀ ਸਮਾਪਤੀ ਤੇ ਭਾਸ਼ਣਕਾਰ ਨੇ ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ ਦੀ ਦੂਜੀ ਪੁਸਤਕ ਰਿਲੀਸ ਕੀਤੀ ਸੀ। ਇਕ ਸਾਲ ਪਹਿਲਾਂ, ਯਸਾਯਾਹ ਦੀ ਭਵਿੱਖਬਾਣੀ—ਸਾਰੀ ਮਨੁੱਖਜਾਤੀ ਲਈ ਚਾਨਣ ਨਾਂ ਦੀ ਪਹਿਲੀ ਪੁਸਤਕ ਰਿਲੀਸ ਕੀਤੀ ਗਈ ਸੀ। ਇਨ੍ਹਾਂ ਦੋਹਾਂ ਪੁਸਤਕਾਂ ਵਿਚ ਹੁਣ ਯਸਾਯਾਹ ਦੀ ਪੋਥੀ ਦੀ ਲਗਭਗ ਹਰੇਕ ਆਇਤ ਉੱਤੇ ਚਰਚਾ ਕੀਤੀ ਗਈ ਹੈ। ਇਹ ਦੋ ਪੁਸਤਕਾਂ ਯਸਾਯਾਹ ਦੀ ਪੋਥੀ ਦੀਆਂ ਭਵਿੱਖਬਾਣੀਆਂ ਦੀ ਸਾਡੀ ਸਮਝ ਅਤੇ ਸਾਡੀ ਕਦਰ ਵਧਾਉਣ ਵਿਚ ਮਦਦ ਕਰ ਰਹੀਆਂ ਹਨ।

[ਸਫ਼ੇ 15 ਉੱਤੇ ਤਸਵੀਰਾਂ]

ਸਖ਼ਤ ਵਿਰੋਧਤਾ ਦੇ ਬਾਵਜੂਦ ‘ਯਹੋਵਾਹ ਆਪਣੇ ਲੋਕਾਂ ਨੂੰ ਫ਼ਤਹ ਨਾਲ ਸਿੰਗਾਰਦਾ ਹੈ’

[ਸਫ਼ੇ 16 ਉੱਤੇ ਤਸਵੀਰਾਂ]

ਪਰਮੇਸ਼ੁਰ ਦੇ ਲੋਕ ਕੌਮਾਂ ਦੇ ਕੀਮਤੀ ਸਾਧਨ ਵਰਤ ਕੇ ਸ਼ੁੱਧ ਭਗਤੀ ਨੂੰ ਅੱਗੇ ਵਧਾਉਂਦੇ ਹਨ

[ਸਫ਼ੇ 17 ਉੱਤੇ ਤਸਵੀਰ]

ਯਹੋਵਾਹ ਨੇ ਆਪਣੇ ਲੋਕਾਂ ਨੂੰ ਸੰਗਠਨ ਵਿਚ ਤਰੱਕੀ ਕਰਨ ਅਤੇ ਸ਼ਾਂਤੀ ਦੇਣ ਰਾਹੀਂ ਬਰਕਤ ਦਿੱਤੀ ਹੈ