Skip to content

Skip to table of contents

ਯਹੋਵਾਹ ਦੇ ਰਾਹਾਂ ਤੇ ਚੱਲਣ ਨਾਲ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ

ਯਹੋਵਾਹ ਦੇ ਰਾਹਾਂ ਤੇ ਚੱਲਣ ਨਾਲ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ

ਯਹੋਵਾਹ ਦੇ ਰਾਹਾਂ ਤੇ ਚੱਲਣ ਨਾਲ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ

ਕੀ ਤੁਸੀਂ ਕਦੇ ਪਹਾੜਾਂ ਦੀ ਸੈਰ ਕੀਤੀ ਹੈ? ਜੇ ਕੀਤੀ ਹੈ, ਤਾਂ ਤੁਹਾਨੂੰ ਸ਼ਾਇਦ ਇਵੇਂ ਲੱਗਾ ਹੋਣਾ ਜਿਵੇਂ ਤੁਸੀਂ ਦੁਨੀਆਂ ਦੇ ਸਿਖਰ ਉੱਤੇ ਚੜ੍ਹੇ ਹੋਏ ਹੋਵੋ। ਤਾਜ਼ੀ ਹਵਾ ਵਿਚ ਸਾਹ ਲੈਣਾ, ਦੂਰ-ਦੂਰ ਦਾ ਨਜ਼ਾਰਾ ਦੇਖਣਾ ਅਤੇ ਕੁਦਰਤੀ ਸੁੰਦਰਤਾ ਦਾ ਮਜ਼ਾ ਲੈਣਾ ਕਿੰਨਾ ਸੁਹਾਵਣਾ ਲੱਗਦਾ ਸੀ! ਸ਼ਾਇਦ ਤੁਸੀਂ ਦੁਨੀਆਂ ਦੀਆਂ ਚਿੰਤਾਵਾਂ ਨੂੰ ਭੁੱਲ ਗਏ ਸੀ।

ਜ਼ਿਆਦਾਤਰ ਲੋਕਾਂ ਨੂੰ ਇਸ ਤਰ੍ਹਾਂ ਦੇ ਸੈਰ-ਸਪਾਟੇ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ। ਪਰ ਜੇ ਤੁਸੀਂ ਇਕ ਸਮਰਪਿਤ ਮਸੀਹੀ ਹੋ, ਤਾਂ ਤੁਸੀਂ ਸ਼ਾਇਦ ਅਧਿਆਤਮਿਕ ਅਰਥ ਵਿਚ ਹੁਣ ਕਾਫ਼ੀ ਸਮੇਂ ਤੋਂ ਪਹਾੜੀ ਇਲਾਕੇ ਵਿਚ ਚੱਲਦੇ ਆਏ ਹੋ। ਬਿਨਾਂ ਸ਼ੱਕ, ਤੁਸੀਂ ਵੀ ਪੁਰਾਣੇ ਜ਼ਮਾਨੇ ਦੇ ਜ਼ਬੂਰਾਂ ਦੇ ਲਿਖਾਰੀ ਵਾਂਗ ਪ੍ਰਾਰਥਨਾ ਕੀਤੀ ਹੋਵੇਗੀ: “ਹੇ ਯਹੋਵਾਹ, ਆਪਣੇ ਰਾਹ ਮੈਨੂੰ ਵਿਖਾਲ, ਅਤੇ ਆਪਣੇ ਮਾਰਗ ਮੈਨੂੰ ਸਿਖਾਲ।” (ਜ਼ਬੂਰ 25:4) ਕੀ ਤੁਹਾਨੂੰ ਯਾਦ ਹੈ ਜਦੋਂ ਤੁਸੀਂ ਪਹਿਲੀ ਵਾਰੀ ਯਹੋਵਾਹ ਦੇ ਭਵਨ ਦੇ ਪਹਾੜ ਉੱਤੇ ਚੜ੍ਹੇ ਸੀ ਅਤੇ ਉੱਚਿਆਈਆਂ ਉੱਤੇ ਚੱਲਣਾ ਸ਼ੁਰੂ ਕੀਤਾ ਸੀ, ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਇਆ ਸੀ? (ਮੀਕਾਹ 4:2; ਹਬੱਕੂਕ 3:19) ਬੇਸ਼ੱਕ, ਤੁਹਾਨੂੰ ਜਲਦੀ ਹੀ ਅਹਿਸਾਸ ਹੋ ਗਿਆ ਸੀ ਕਿ ਸੱਚੀ ਭਗਤੀ ਦੇ ਉੱਚੇ ਰਾਹਾਂ ਤੇ ਚੱਲਣ ਨਾਲ ਤੁਹਾਨੂੰ ਸੁਰੱਖਿਆ ਤੇ ਖ਼ੁਸ਼ੀ ਮਿਲੀ ਹੈ। ਤੁਹਾਨੂੰ ਜ਼ਬੂਰਾਂ ਦੇ ਲਿਖਾਰੀ ਵਾਂਗ ਮਹਿਸੂਸ ਹੋਣ ਲੱਗਾ: “ਧੰਨ ਓਹ ਲੋਕ ਹਨ ਜਿਹੜੇ ਲਲਕਾਰ ਦੇ ਸ਼ਬਦ ਨੂੰ ਜਾਣਦੇ ਹਨ, ਹੇ ਯਹੋਵਾਹ, ਓਹ ਤੇਰੇ ਚਿਹਰੇ ਦੇ ਚਾਨਣ ਵਿੱਚ ਤੁਰਦੇ ਹਨ!”—ਜ਼ਬੂਰ 89:15.

ਪਰ ਕਈ ਵਾਰੀ ਪਹਾੜੀ ਇਲਾਕੇ ਵਿਚ ਲੋਕਾਂ ਨੂੰ ਉੱਚੀਆਂ-ਸਿੱਧੀਆਂ ਢਲਾਣਾਂ ਚੜ੍ਹਨੀਆਂ ਪੈਂਦੀਆਂ ਹਨ। ਉਨ੍ਹਾਂ ਦੀਆਂ ਲੱਤਾਂ ਦਰਦ ਕਰਨ ਲੱਗ ਪੈਂਦੀਆਂ ਹਨ ਤੇ ਉਹ ਥੱਕ ਜਾਂਦੇ ਹਨ। ਪਰਮੇਸ਼ੁਰ ਦੀ ਸੇਵਾ ਕਰਦਿਆਂ ਸਾਨੂੰ ਵੀ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈ ਸਕਦਾ ਹੈ। ਹੁਣ ਸ਼ਾਇਦ ਸਾਡੇ ਕਦਮ ਕੁਝ ਥੱਕ ਗਏ ਹਨ। ਅਸੀਂ ਦੁਬਾਰਾ ਤਾਕਤ ਤੇ ਖ਼ੁਸ਼ੀ ਕਿਵੇਂ ਹਾਸਲ ਕਰ ਸਕਦੇ ਹਾਂ? ਪਹਿਲਾਂ ਸਾਨੂੰ ਇਹ ਪਛਾਣਨ ਦੀ ਲੋੜ ਹੈ ਕਿ ਯਹੋਵਾਹ ਦੇ ਰਾਹ ਸਭ ਤੋਂ ਉੱਚੇ ਹਨ।

ਯਹੋਵਾਹ ਦੇ ਸਭ ਤੋਂ ਉੱਚੇ ਨਿਯਮ

ਯਹੋਵਾਹ ਦੇ ਰਾਹ ‘ਇਨਸਾਨ ਦੇ ਰਾਹਾਂ ਤੋਂ ਉੱਚੇ ਹਨ’ ਅਤੇ ਉਸ ਦੀ ਭਗਤੀ ‘ਪਹਾੜਾਂ ਦੇ ਸਿਰ ਤੇ ਕਾਇਮ ਕੀਤੀ ਗਈ ਹੈ ਅਤੇ ਪਹਾੜੀਆਂ ਤੋਂ ਉੱਚੀ ਕੀਤੀ ਗਈ ਹੈ।’ (ਯਸਾਯਾਹ 55:9; ਮੀਕਾਹ 4:1) ਯਹੋਵਾਹ ਦੀ ਬੁੱਧ “ਉੱਪਰੋਂ ਹੈ।” (ਯਾਕੂਬ 3:17) ਉਸ ਦੇ ਨਿਯਮ ਦੂਸਰੇ ਸਾਰੇ ਨਿਯਮਾਂ ਨਾਲੋਂ ਉੱਚੇ ਹਨ। ਉਦਾਹਰਣ ਲਈ, ਇਕ ਸਮੇਂ ਤੇ ਜਦੋਂ ਕਨਾਨੀ ਬੇਦਰਦੀ ਨਾਲ ਬੱਚਿਆਂ ਦੀ ਬਲੀ ਦਿੰਦੇ ਸਨ, ਤਾਂ ਯਹੋਵਾਹ ਨੇ ਇਸਰਾਏਲੀਆਂ ਨੂੰ ਅਜਿਹੇ ਨਿਯਮ ਦਿੱਤੇ ਜੋ ਨੈਤਿਕ ਤੌਰ ਤੇ ਉੱਚੇ ਸਨ ਅਤੇ ਦਇਆ ਨਾਲ ਭਰਪੂਰ ਸਨ। ਉਸ ਨੇ ਉਨ੍ਹਾਂ ਨੂੰ ਕਿਹਾ: “ਤੂੰ ਕੰਗਾਲ ਦੀ ਰਈ ਨਾ ਕਰੀਂ, ਨਾ ਸਮਰੱਥੀ ਦਾ ਲਿਹਾਜ ਕਰੀਂ . . . ਓਪਰਾ . . . ਤੁਹਾਨੂੰ ਅਜਿਹਾ ਹੋਵੇ ਜਿਹਾ ਆਪਣੇ ਵਿੱਚ ਜੰਮਿਆ ਹੋਵੇ ਅਤੇ ਤੂੰ ਉਸ ਦੇ ਨਾਲ ਆਪਣੇ ਜਿਹਾ ਪਿਆਰ ਕਰੀਂ।”—ਲੇਵੀਆਂ 19:15, 34.

ਪੰਦਰਾਂ ਸਦੀਆਂ ਬਾਅਦ, ਯਿਸੂ ਨੇ ਯਹੋਵਾਹ ਦੀ ਮਹਾਨ ਬਿਵਸਥਾ ਦੀਆਂ ਹੋਰ ਉਦਾਹਰਣਾਂ ਦਿੱਤੀਆਂ ਸਨ। ਆਪਣੇ ਪਹਾੜੀ ਉਪਦੇਸ਼ ਵਿਚ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ: “ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ, ਤਾਂ ਜੋ ਤੁਸੀਂ ਆਪਣੇ ਪਿਤਾ ਦੇ ਜਿਹੜਾ ਸੁਰਗ ਵਿੱਚ ਹੈ ਪੁੱਤ੍ਰ ਹੋਵੋ।” (ਮੱਤੀ 5:44, 45) ਉਸ ਨੇ ਅੱਗੇ ਕਿਹਾ: “ਜੋ ਕੁਝ ਤੁਸੀਂ ਚਾਹੁੰਦੇ ਹੋ ਜੋ ਮਨੁੱਖ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਓਵੇਂ ਹੀ ਕਰੋ ਕਿਉਂ ਜੋ ਤੁਰੇਤ ਅਤੇ ਨਬੀਆਂ ਦਾ ਇਹੋ ਮਤਲਬ ਹੈ।”—ਮੱਤੀ 7:12.

ਇਹ ਉੱਚੇ ਨਿਯਮ ਹਲੀਮ ਲੋਕਾਂ ਦੇ ਦਿਲਾਂ ਉੱਤੇ ਅਸਰ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੀ ਨਕਲ ਕਰਨ ਲਈ ਪ੍ਰੇਰਿਤ ਕਰਦੇ ਹਨ। (ਅਫ਼ਸੀਆਂ 5:1; 1 ਥੱਸਲੁਨੀਕੀਆਂ 2:13) ਪੌਲੁਸ ਵਿਚ ਆਈ ਤਬਦੀਲੀ ਉੱਤੇ ਜ਼ਰਾ ਗੌਰ ਕਰੋ। ਬਾਈਬਲ ਵਿਚ ਪਹਿਲੀ ਵਾਰ ਪੌਲੁਸ ਦਾ ਜ਼ਿਕਰ ਉਦੋਂ ਹੁੰਦਾ ਹੈ ਜਦੋਂ ਉਹ ਇਸਤੀਫ਼ਾਨ ਦੇ “ਮਾਰ ਦੇਣ ਉੱਤੇ ਰਾਜ਼ੀ ਸੀ” ਅਤੇ ਉਹ “ਕਲੀਸਿਯਾ ਦਾ ਨਾਸ ਕਰਦਾ ਸੀ।” ਪਰ ਕੁਝ ਸਾਲਾਂ ਬਾਅਦ ਉਹ ਥੱਸਲੁਨੀਕਾ ਦੇ ਮਸੀਹੀਆਂ ਨੂੰ ਇਕ “ਮਾਂ” ਵਾਂਗ ਪਿਆਰ ਕਰਨ ਲੱਗ ਪਿਆ ਸੀ “ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ।” ਪਰਮੇਸ਼ੁਰੀ ਸਿੱਖਿਆ ਨੇ ਅਤਿਆਚਾਰੀ ਪੌਲੁਸ ਨੂੰ ਬਦਲ ਕੇ ਪਿਆਰ ਕਰਨ ਵਾਲਾ ਮਸੀਹੀ ਬਣਾ ਦਿੱਤਾ ਸੀ। (ਰਸੂਲਾਂ ਦੇ ਕਰਤੱਬ 7:60; 8:3; 1 ਥੱਸਲੁਨੀਕੀਆਂ 2:7) ਉਹ ਬਹੁਤ ਧੰਨਵਾਦੀ ਸੀ ਕਿ ਉਸ ਦੀ ਸ਼ਖ਼ਸੀਅਤ ਮਸੀਹ ਦੀ ਸਿੱਖਿਆ ਦੁਆਰਾ ਢਾਲ਼ੀ ਗਈ ਸੀ। (1 ਤਿਮੋਥਿਉਸ 1:12, 13) ਪੌਲੁਸ ਵਾਂਗ ਧੰਨਵਾਦੀ ਰਵੱਈਆ ਰੱਖਣ ਨਾਲ ਪਰਮੇਸ਼ੁਰ ਦੇ ਉੱਚੇ ਰਾਹਾਂ ਤੇ ਚੱਲਦੇ ਰਹਿਣ ਵਿਚ ਸਾਨੂੰ ਕਿਵੇਂ ਮਦਦ ਮਿਲ ਸਕਦੀ ਹੈ?

ਧੰਨਵਾਦੀ ਰਵੱਈਏ ਨਾਲ ਚੱਲਣਾ

ਪਹਾੜੀ ਇਲਾਕੇ ਵਿਚ ਚੱਲਦੇ ਸਮੇਂ ਮੁਸਾਫ਼ਰ ਪਹਾੜਾਂ ਦੇ ਸ਼ਾਨਦਾਰ ਨਜ਼ਾਰਿਆਂ ਨੂੰ ਦੇਖ ਕੇ ਬਹੁਤ ਖ਼ੁਸ਼ ਹੁੰਦੇ ਹਨ। ਉਹ ਰਾਹ ਵਿਚ ਛੋਟੀਆਂ-ਛੋਟੀਆਂ ਚੀਜ਼ਾਂ ਦਾ ਵੀ ਆਨੰਦ ਮਾਣਦੇ ਹਨ ਜਿਵੇਂ ਕੋਈ ਅਨੋਖਾ ਪੱਥਰ, ਸੋਹਣਾ ਫੁੱਲ ਜਾਂ ਇਕ ਜੰਗਲੀ ਜਾਨਵਰ ਦੀ ਝਲਕ। ਅਧਿਆਤਮਿਕ ਤੌਰ ਤੇ, ਸਾਨੂੰ ਵੀ ਉਨ੍ਹਾਂ ਵੱਡੀਆਂ-ਛੋਟੀਆਂ ਬਰਕਤਾਂ ਦੀ ਕਦਰ ਕਰਨੀ ਚਾਹੀਦੀ ਹੈ ਜੋ ਪਰਮੇਸ਼ੁਰ ਦੇ ਨਾਲ ਚੱਲਣ ਨਾਲ ਮਿਲਦੀਆਂ ਹਨ। ਅਜਿਹੀ ਕਦਰਦਾਨੀ ਦਿਖਾਉਣ ਨਾਲ ਸਾਡੇ ਕਦਮਾਂ ਨੂੰ ਫਿਰ ਤੋਂ ਤਾਕਤ ਮਿਲੇਗੀ ਅਤੇ ਸਾਡੀ ਥਕਾਵਟ ਦੂਰ ਹੋ ਜਾਵੇਗੀ ਤੇ ਅਸੀਂ ਫਟਾਫਟ ਚੱਲਣ ਲੱਗ ਪਵਾਂਗੇ। ਅਸੀਂ ਦਾਊਦ ਦੇ ਸ਼ਬਦਾਂ ਨਾਲ ਸਹਿਮਤ ਹੋਵਾਂਗੇ: “ਸਵੇਰ ਨੂੰ ਆਪਣੀ ਦਯਾ ਦੀ ਮੈਨੂੰ ਸੁਣਾਈ ਕਰ, ਮੈਂ ਜੋ ਤੇਰਾ ਭਰੋਸਾ ਰੱਖਿਆ ਹੈ, ਮੇਰੇ ਤੁਰਨ ਦਾ ਰਾਹ ਮੈਨੂੰ ਦੱਸ।”—ਜ਼ਬੂਰ 143:8.

ਮੈਰੀ, ਜੋ ਕਈ ਸਾਲਾਂ ਤੋਂ ਯਹੋਵਾਹ ਦੇ ਰਾਹਾਂ ਉੱਤੇ ਚੱਲਦੀ ਰਹੀ ਹੈ, ਕਹਿੰਦੀ ਹੈ: “ਜਦੋਂ ਮੈਂ ਯਹੋਵਾਹ ਦੀ ਬਣਾਈ ਸ੍ਰਿਸ਼ਟੀ ਨੂੰ ਦੇਖਦੀ ਹਾਂ, ਤਾਂ ਮੈਂ ਨਾ ਸਿਰਫ਼ ਉਸ ਵਿਚ ਉਸ ਦੁਆਰਾ ਬਣਾਈਆਂ ਗੁੰਝਲਦਾਰ ਚੀਜ਼ਾਂ ਨੂੰ ਦੇਖਦੀ ਹਾਂ, ਸਗੋਂ ਉਨ੍ਹਾਂ ਚੀਜ਼ਾਂ ਵਿਚ ਪਰਮੇਸ਼ੁਰ ਦੀ ਪਿਆਰ-ਭਰੀ ਸ਼ਖ਼ਸੀਅਤ ਨੂੰ ਵੀ ਦੇਖਦੀ ਹਾਂ। ਭਾਵੇਂ ਇਹ ਕੋਈ ਜਾਨਵਰ ਹੋਵੇ, ਪੰਛੀ ਹੋਵੇ ਜਾਂ ਕੀੜਾ, ਸਾਰਿਆਂ ਵਿਚ ਕਿੰਨੀਆਂ ਹੀ ਦਿਲਚਸਪ ਵਿਸ਼ੇਸ਼ਤਾਵਾਂ ਹਨ ਜਿਨ੍ਹਾਂ ਬਾਰੇ ਸਿੱਖ ਕੇ ਮੈਨੂੰ ਬੜੀ ਖ਼ੁਸ਼ੀ ਮਿਲਦੀ ਹੈ। ਇਹੀ ਖ਼ੁਸ਼ੀ ਅਧਿਆਤਮਿਕ ਸੱਚਾਈਆਂ ਤੋਂ ਮਿਲਦੀ ਹੈ ਜੋ ਸਾਲਾਂ ਦੇ ਬੀਤਣ ਨਾਲ ਚੰਗੀ ਤਰ੍ਹਾਂ ਸਮਝ ਆਉਂਦੀਆਂ ਜਾਂਦੀਆਂ ਹਨ।”

ਅਸੀਂ ਆਪਣੀ ਕਦਰ ਕਿਵੇਂ ਵਧਾ ਸਕਦੇ ਹਾਂ? ਯਹੋਵਾਹ ਨੇ ਸਾਡੇ ਲਈ ਜੋ ਕੁਝ ਕੀਤਾ ਹੈ, ਉਸ ਦੀ ਸਾਨੂੰ ਦਿਲੋਂ ਕਦਰ ਕਰਨੀ ਚਾਹੀਦੀ ਹੈ। ਪੌਲੁਸ ਨੇ ਕਿਹਾ ਸੀ: “ਨਿੱਤ ਪ੍ਰਾਰਥਨਾ ਕਰੋ ਹਰ ਹਾਲ ਵਿੱਚ ਧੰਨਵਾਦ ਕਰੋ।”—1 ਥੱਸਲੁਨੀਕੀਆਂ 5:17, 18; ਜ਼ਬੂਰ 119:62.

ਨਿੱਜੀ ਅਧਿਐਨ ਕਰਨ ਨਾਲ ਧੰਨਵਾਦੀ ਰਵੱਈਆ ਪੈਦਾ ਕਰਨ ਵਿਚ ਮਦਦ ਮਿਲਦੀ ਹੈ। ਪੌਲੁਸ ਨੇ ਕੁਲੁੱਸੈ ਦੇ ਮਸੀਹੀਆਂ ਨੂੰ ਤਾਕੀਦ ਕੀਤੀ: “ਮਸੀਹ ਯਿਸੂ . . . ਵਿੱਚ ਚੱਲਦੇ ਜਾਓ। . . . ਧੰਨਵਾਦ ਬਾਹਲਾ ਕਰਦੇ ਜਾਓ।” (ਕੁਲੁੱਸੀਆਂ 2:6, 7) ਬਾਈਬਲ ਪੜ੍ਹਨ ਅਤੇ ਪੜ੍ਹੀਆਂ ਗੱਲਾਂ ਉੱਤੇ ਮਨਨ ਕਰਨ ਨਾਲ ਸਾਡੀ ਨਿਹਚਾ ਮਜ਼ਬੂਤ ਹੁੰਦੀ ਹੈ ਅਤੇ ਬਾਈਬਲ ਨੂੰ ਲਿਖਾਉਣ ਵਾਲੇ ਪਰਮੇਸ਼ੁਰ ਯਹੋਵਾਹ ਨਾਲ ਸਾਡਾ ਰਿਸ਼ਤਾ ਹੋਰ ਪੱਕਾ ਹੁੰਦਾ ਹੈ। ਬਾਈਬਲ ਵਿਚ ਅਜਿਹਾ ਖ਼ਜ਼ਾਨਾ ਹੈ ਜੋ ਸਾਨੂੰ ‘ਧੰਨਵਾਦ ਬਾਹਲਾ ਕਰਦੇ ਜਾਣ’ ਲਈ ਪ੍ਰੇਰਿਤ ਕਰ ਸਕਦਾ ਹੈ।

ਆਪਣੇ ਭਰਾਵਾਂ ਨਾਲ ਯਹੋਵਾਹ ਦੀ ਸੇਵਾ ਕਰਨ ਨਾਲ ਵੀ ਸਾਡਾ ਰਾਹ ਸੌਖਾ ਹੋ ਜਾਂਦਾ ਹੈ। ਜ਼ਬੂਰਾਂ ਦੇ ਲਿਖਾਰੀ ਨੇ ਆਪਣੇ ਬਾਰੇ ਕਿਹਾ: “ਮੈਂ ਉਨ੍ਹਾਂ ਸਾਰਿਆਂ ਦਾ ਸਾਥੀ ਹਾਂ ਜਿਹੜੇ ਤੇਰਾ ਭੈ ਰੱਖਦੇ ਹਨ।” (ਜ਼ਬੂਰ 119:63) ਸਾਡੇ ਸਭ ਤੋਂ ਜ਼ਿਆਦਾ ਖ਼ੁਸ਼ੀ ਦੇ ਕੁਝ ਪਲ ਉਹ ਹਨ ਜਿਹੜੇ ਅਸੀਂ ਮਸੀਹੀ ਸੰਮੇਲਨਾਂ ਜਾਂ ਹੋਰਨਾਂ ਮੌਕਿਆਂ ਉੱਤੇ ਆਪਣੇ ਭੈਣ-ਭਰਾਵਾਂ ਨਾਲ ਬਿਤਾਏ ਹਨ। ਅਸੀਂ ਜਾਣਦੇ ਹਾਂ ਕਿ ਸਾਡਾ ਕੀਮਤੀ ਵਿਸ਼ਵ-ਵਿਆਪੀ ਮਸੀਹੀ ਪਰਿਵਾਰ ਸਿਰਫ਼ ਯਹੋਵਾਹ ਅਤੇ ਉਸ ਦੇ ਉੱਚੇ ਰਾਹਾਂ ਕਰਕੇ ਹੀ ਬਣਿਆ ਹੈ।—ਜ਼ਬੂਰ 144:15ਅ.

ਧੰਨਵਾਦੀ ਰਵੱਈਆ ਰੱਖਣ ਤੋਂ ਇਲਾਵਾ, ਜ਼ਿੰਮੇਵਾਰ ਬਣਨ ਨਾਲ ਵੀ ਯਹੋਵਾਹ ਦੇ ਉੱਚੇ ਰਾਹਾਂ ਤੇ ਚੱਲਦੇ ਰਹਿਣ ਲਈ ਸਾਨੂੰ ਤਾਕਤ ਮਿਲੇਗੀ।

ਜ਼ਿੰਮੇਵਾਰੀ ਨਾਲ ਚੱਲਣਾ

ਪਹਾੜਾਂ ਉੱਤੇ ਚੱਲਦੇ ਸਮੇਂ ਮੁਸਾਫ਼ਰ ਗੁਆਚਣ ਜਾਂ ਖ਼ਤਰਨਾਕ ਟਿੱਲਿਆਂ ਤੋਂ ਡਿਗਣ ਤੋਂ ਬਚਣ ਲਈ ਧਿਆਨ ਨਾਲ ਚੱਲਣ ਦੀ ਆਪਣੀ ਜ਼ਿੰਮੇਵਾਰੀ ਨੂੰ ਪਛਾਣਦੇ ਹਨ। ਯਹੋਵਾਹ ਨੇ ਸਾਨੂੰ ਆਪਣਾ ਫ਼ੈਸਲਾ ਆਪ ਕਰਨ ਦੀ ਆਜ਼ਾਦੀ ਦਿੱਤੀ ਹੈ, ਇਸ ਲਈ ਕਾਫ਼ੀ ਹੱਦ ਤਕ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰ ਸਕਦੇ ਹਾਂ। ਪਰ ਆਪਣੀਆਂ ਮਸੀਹੀ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਸਮੇਂ ਸਾਨੂੰ ਆਪਣੀ ਇਸ ਆਜ਼ਾਦੀ ਨੂੰ ਜ਼ਿੰਮੇਵਾਰ ਤਰੀਕੇ ਨਾਲ ਵਰਤਣਾ ਚਾਹੀਦਾ ਹੈ।

ਉਦਾਹਰਣ ਲਈ, ਯਹੋਵਾਹ ਆਪਣੇ ਸੇਵਕਾਂ ਤੋਂ ਆਸ ਰੱਖਦਾ ਹੈ ਕਿ ਉਹ ਜ਼ਿੰਮੇਵਾਰ ਤਰੀਕੇ ਨਾਲ ਆਪੋ-ਆਪਣੇ ਕੰਮ ਪੂਰੇ ਕਰਨਗੇ। ਉਹ ਇਹ ਨਹੀਂ ਕਹਿੰਦਾ ਕਿ ਸਾਨੂੰ ਮਸੀਹੀ ਸੇਵਕਾਈ ਵਿਚ ਕਿੰਨੀ ਤਾਕਤ ਅਤੇ ਕਿੰਨਾ ਸਮਾਂ ਲਾਉਣਾ ਚਾਹੀਦਾ ਹੈ ਜਾਂ ਸਾਨੂੰ ਪੈਸਿਆਂ ਅਤੇ ਹੋਰ ਤਰੀਕਿਆਂ ਨਾਲ ਕਿੰਨਾ ਦਾਨ ਦੇਣਾ ਚਾਹੀਦਾ ਹੈ। ਇਸ ਦੀ ਬਜਾਇ, ਕੁਰਿੰਥੀਆਂ ਨੂੰ ਕਹੇ ਪੌਲੁਸ ਦੇ ਸ਼ਬਦ ਸਾਡੇ ਸਾਰਿਆਂ ਉੱਤੇ ਲਾਗੂ ਹੁੰਦੇ ਹਨ: “ਹਰੇਕ ਜਿਵੇਂ ਉਹ ਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ।”—2 ਕੁਰਿੰਥੀਆਂ 9:7; ਇਬਰਾਨੀਆਂ 13:15, 16.

ਦਾਨ ਕਰਨ ਦੀ ਆਪਣੀ ਮਸੀਹੀ ਜ਼ਿੰਮੇਵਾਰੀ ਵਿਚ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾਉਣੀ ਵੀ ਸ਼ਾਮਲ ਹੈ। ਅਸੀਂ ਵਿਸ਼ਵ-ਵਿਆਪੀ ਰਾਜ ਦੇ ਕੰਮ ਲਈ ਪੈਸੇ ਦੇਣ ਦੁਆਰਾ ਵੀ ਆਪਣੇ ਆਪ ਨੂੰ ਜ਼ਿੰਮੇਵਾਰ ਦਿਖਾਉਂਦੇ ਹਾਂ। ਗਰਹੌਰਟ ਨਾਂ ਦਾ ਇਕ ਬਜ਼ੁਰਗ ਕਹਿੰਦਾ ਹੈ ਕਿ ਉਸ ਨੇ ਅਤੇ ਉਸ ਦੀ ਪਤਨੀ ਨੇ ਪੂਰਬੀ ਯੂਰਪ ਵਿਚ ਅਸੈਂਬਲੀ ਜਾਣ ਤੋਂ ਬਾਅਦ ਜ਼ਿਆਦਾ ਚੰਦਾ ਦੇਣਾ ਸ਼ੁਰੂ ਕੀਤਾ ਹੈ। ਉਹ ਕਹਿੰਦਾ ਹੈ: “ਅਸੀਂ ਉੱਥੇ ਦੇਖਿਆ ਕਿ ਸਾਡੇ ਭਰਾ ਬਹੁਤ ਗ਼ਰੀਬ ਹਨ; ਪਰ ਉਹ ਸਾਡੇ ਬਾਈਬਲ ਸਾਹਿੱਤ ਦੀ ਬਹੁਤ ਕਦਰ ਕਰਦੇ ਹਨ, ਇਸ ਲਈ ਅਸੀਂ ਦੂਜੇ ਦੇਸ਼ਾਂ ਦੇ ਆਪਣੇ ਜ਼ਰੂਰਤਮੰਦ ਭਰਾਵਾਂ ਦੀ ਮਦਦ ਕਰਨ ਲਈ ਜ਼ਿਆਦਾ ਤੋਂ ਜ਼ਿਆਦਾ ਦੇਣ ਦਾ ਫ਼ੈਸਲਾ ਕੀਤਾ ਹੈ।”

ਆਪਣੀ ਸਹਿਣ-ਸ਼ਕਤੀ ਨੂੰ ਵਧਾਉਣਾ

ਉੱਚੇ ਪਹਾੜਾਂ ਤੇ ਚੱਲਣ ਲਈ ਤਾਕਤ ਦੀ ਲੋੜ ਪੈਂਦੀ ਹੈ। ਪਹਾੜੀ ਇਲਾਕਿਆਂ ਵਿਚ ਪੈਦਲ ਸਫ਼ਰ ਕਰਨ ਵਾਲਿਆਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ ਉਹ ਕਸਰਤ ਕਰਦੇ ਹਨ ਅਤੇ ਕਈ ਤਾਂ ਆਪਣੇ ਆਪ ਨੂੰ ਕਿਸੇ ਲੰਬੇ ਸਫ਼ਰ ਲਈ ਤਿਆਰ ਕਰਨ ਲਈ ਰੋਜ਼ ਪੈਦਲ ਚੱਲਦੇ ਹਨ। ਇਸੇ ਤਰ੍ਹਾਂ ਪੌਲੁਸ ਸਾਨੂੰ ਆਪਣੀ ਅਧਿਆਤਮਿਕ ਤਾਕਤ ਨੂੰ ਬਣਾਈ ਰੱਖਣ ਲਈ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹਿਣ ਦੀ ਸਲਾਹ ਦਿੰਦਾ ਹੈ। ਪੌਲੁਸ ਨੇ ਕਿਹਾ ਕਿ ਜਿਹੜੇ ਯਹੋਵਾਹ ਦੇ ‘ਜੋਗ ਚਾਲ ਚੱਲਣੀ’ ਚਾਹੁੰਦੇ ਹਨ ਅਤੇ “ਸਮਰਥ” ਹੋਣਾ ਚਾਹੁੰਦੇ ਹਨ, ਉਨ੍ਹਾਂ ਨੂੰ “ਹਰੇਕ ਸ਼ੁਭ ਕਰਮ ਵਿੱਚ ਫਲਦੇ” ਰਹਿਣਾ ਚਾਹੀਦਾ ਹੈ।—ਕੁਲੁੱਸੀਆਂ 1:10, 11.

ਪ੍ਰੇਰਣਾ ਮਿਲਣ ਨਾਲ ਮੁਸਾਫ਼ਰ ਦੀ ਸਹਿਣ-ਸ਼ਕਤੀ ਵਧਦੀ ਹੈ। ਕਿਵੇਂ? ਦਿਖਾਈ ਦੇ ਰਹੀ ਕਿਸੇ ਥਾਂ ਯਾਨੀ ਦੂਰ ਦੇ ਪਹਾੜ ਤਕ ਪਹੁੰਚਣ ਦਾ ਟੀਚਾ ਰੱਖਣ ਨਾਲ ਉਸ ਨੂੰ ਪ੍ਰੇਰਣਾ ਮਿਲਦੀ ਹੈ। ਜਦੋਂ ਉਹ ਉੱਥੇ ਪਹੁੰਚ ਜਾਂਦਾ ਹੈ, ਤਾਂ ਉਹ ਦੇਖ ਸਕਦਾ ਹੈ ਕਿ ਉਹ ਹੁਣ ਆਪਣੀ ਮੰਜ਼ਲ ਦੇ ਕਿੰਨੇ ਨੇੜੇ ਪਹੁੰਚ ਗਿਆ ਹੈ। ਜਦੋਂ ਉਹ ਪਿੱਛੇ ਮੁੜ ਕੇ ਤੈਅ ਕੀਤੀ ਦੂਰੀ ਨੂੰ ਦੇਖਦਾ ਹੈ, ਤਾਂ ਉਸ ਨੂੰ ਸੰਤੁਸ਼ਟੀ ਮਿਲਦੀ ਹੈ।

ਇਸੇ ਤਰ੍ਹਾਂ ਸਦਾ ਦੇ ਜੀਵਨ ਦੀ ਸਾਡੀ ਆਸ ਸਾਨੂੰ ਹੌਸਲਾ ਅਤੇ ਪ੍ਰੇਰਣਾ ਦਿੰਦੀ ਹੈ। (ਰੋਮੀਆਂ 12:12) ਯਹੋਵਾਹ ਦੇ ਰਾਹਾਂ ਤੇ ਚੱਲਦੇ ਸਮੇਂ ਅਸੀਂ ਮਸੀਹੀ ਟੀਚੇ ਰੱਖਣ ਅਤੇ ਫਿਰ ਉਨ੍ਹਾਂ ਨੂੰ ਪੂਰਾ ਕਰਨ ਵਿਚ ਸੰਤੁਸ਼ਟੀ ਹਾਸਲ ਕਰਦੇ ਹਾਂ। ਸਾਨੂੰ ਕਿੰਨੀ ਖ਼ੁਸ਼ੀ ਮਿਲਦੀ ਹੈ ਜਦੋਂ ਅਸੀਂ ਸਾਲਾਂ ਤੋਂ ਵਫ਼ਾਦਾਰੀ ਨਾਲ ਕੀਤੀ ਸੇਵਾ ਜਾਂ ਆਪਣੀ ਸ਼ਖ਼ਸੀਅਤ ਵਿਚ ਕੀਤੀਆਂ ਤਬਦੀਲੀਆਂ ਉੱਤੇ ਮੁੜ ਨਜ਼ਰ ਮਾਰਦੇ ਹਾਂ!—ਜ਼ਬੂਰ 16:11.

ਲੰਬੀ ਦੂਰੀ ਤੈਅ ਕਰਨ ਅਤੇ ਆਪਣੀ ਤਾਕਤ ਜ਼ਾਇਆ ਨਾ ਕਰਨ ਲਈ ਮੁਸਾਫ਼ਰ ਸਹੀ ਰਫ਼ਤਾਰ ਨਾਲ ਚੱਲਦੇ ਰਹਿੰਦੇ ਹਨ। ਇਸੇ ਤਰ੍ਹਾਂ ਬਾਕਾਇਦਾ ਸਭਾਵਾਂ ਵਿਚ ਹਾਜ਼ਰ ਹੋਣ ਅਤੇ ਪ੍ਰਚਾਰ ਵਿਚ ਜਾਣ ਦੀ ਚੰਗੀ ਰੁਟੀਨ ਬਣਾਉਣ ਨਾਲ ਅਸੀਂ ਉਤਸੁਕਤਾ ਨਾਲ ਆਪਣੇ ਟੀਚੇ ਵੱਲ ਵਧਦੇ ਜਾਵਾਂਗੇ। ਇਸ ਲਈ ਪੌਲੁਸ ਨੇ ਸੰਗੀ ਮਸੀਹੀਆਂ ਨੂੰ ਉਤਸ਼ਾਹਿਤ ਕੀਤਾ: “ਜਿੱਥੋਂ ਤੋੜੀ ਅਸੀਂ ਅੱਪੜੇ ਹਾਂ ਉਸੇ ਦੇ ਅਨੁਸਾਰ ਚੱਲੀਏ।”—ਫ਼ਿਲਿੱਪੀਆਂ 3:16.

ਨਿਰਸੰਦੇਹ, ਅਸੀਂ ਯਹੋਵਾਹ ਦੇ ਰਾਹਾਂ ਤੇ ਇਕੱਲੇ ਨਹੀਂ ਚੱਲਦੇ। ਪੌਲੁਸ ਲਿਖਦਾ ਹੈ: “ਪ੍ਰੇਮ ਅਰ ਸ਼ੁਭ ਕਰਮਾਂ ਲਈ ਉਭਾਰਨ ਨੂੰ ਅਸੀਂ ਇੱਕ ਦੂਏ ਦਾ ਧਿਆਨ ਰੱਖੀਏ।” (ਇਬਰਾਨੀਆਂ 10:24) ਚੰਗੀ ਅਧਿਆਤਮਿਕ ਸੰਗਤੀ ਰੱਖਣ ਨਾਲ ਸਹੀ ਰਫ਼ਤਾਰ ਬਣਾਈ ਰੱਖਣੀ ਹੋਰ ਆਸਾਨ ਹੋ ਜਾਵੇਗੀ ਜਿਉਂ-ਜਿਉਂ ਅਸੀਂ ਆਪਣੇ ਸੰਗੀ ਵਿਸ਼ਵਾਸੀਆਂ ਨਾਲ ਚੱਲਦੇ ਜਾਂਦੇ ਹਾਂ।—ਕਹਾਉਤਾਂ 13:20.

ਅਖ਼ੀਰ ਵਿਚ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਾਨੂੰ ਕਦੇ ਵੀ ਯਹੋਵਾਹ ਦੀ ਤਾਕਤ ਨੂੰ ਨਹੀਂ ਭੁੱਲਣਾ ਚਾਹੀਦਾ। ਯਹੋਵਾਹ ਜਿਨ੍ਹਾਂ ਨੂੰ ਬਲ ਦਿੰਦਾ ਹੈ, ਉਹ “ਬਲ ਤੇ ਬਲ ਪਾਉਂਦੇ ਚੱਲੇ ਜਾਂਦੇ ਹਨ।” (ਜ਼ਬੂਰ 84:5, 7) ਕਈ ਵਾਰੀ ਸਾਨੂੰ ਉੱਚੇ-ਨੀਵੇਂ ਰਾਹਾਂ ਤੇ ਚੱਲਣਾ ਪੈਂਦਾ ਹੈ, ਪਰ ਯਹੋਵਾਹ ਦੀ ਮਦਦ ਨਾਲ ਅਸੀਂ ਇਨ੍ਹਾਂ ਨੂੰ ਪਾਰ ਕਰ ਸਕਦੇ ਹਾਂ।