Skip to content

Skip to table of contents

ਸਿੱਖਿਆ ਦੇਣ ਦੇ ਵਧੀਆ ਤਰੀਕੇ ਅਪਣਾਓ

ਸਿੱਖਿਆ ਦੇਣ ਦੇ ਵਧੀਆ ਤਰੀਕੇ ਅਪਣਾਓ

ਸਿੱਖਿਆ ਦੇਣ ਦੇ ਵਧੀਆ ਤਰੀਕੇ ਅਪਣਾਓ

ਮਾਪਿਆਂ, ਬਜ਼ੁਰਗਾਂ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕਾਂ ਨੂੰ ਸਿੱਖਿਅਕ ਬਣਨ ਦੀ ਲੋੜ ਹੈ। ਮਾਪੇ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ, ਬਜ਼ੁਰਗ ਕਲੀਸਿਯਾ ਦੇ ਮੈਂਬਰਾਂ ਨੂੰ ਸਿਖਾਉਂਦੇ ਹਨ ਅਤੇ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਦਿਲਚਸਪੀ ਰੱਖਣ ਵਾਲੇ ਨਵੇਂ ਵਿਅਕਤੀਆਂ ਨੂੰ ਸਿਖਾਉਂਦੇ ਹਨ। ਤੁਸੀਂ ਆਪਣੀ ਸਿੱਖਿਆ ਨੂੰ ਹੋਰ ਵਧੀਆ ਕਿਵੇਂ ਬਣਾ ਸਕਦੇ ਹੋ? ਤੁਸੀਂ ਬਾਈਬਲ ਵਿਚ ਜ਼ਿਕਰ ਕੀਤੇ ਗਏ ਕਾਬਲ ਸਿਖਾਉਣ ਵਾਲਿਆਂ ਦੀ ਰੀਸ ਕਰ ਸਕਦੇ ਹੋ। ਮਿਸਾਲ ਲਈ ਅਜ਼ਰਾ ਉੱਤੇ ਗੌਰ ਕਰੋ ਜੋ ਅਜਿਹਾ ਸਿਖਾਉਣ ਵਾਲਾ ਸੀ।

ਅਜ਼ਰਾ ਦੀ ਮਿਸਾਲ ਤੋਂ ਸਿੱਖਣਾ

ਅਜ਼ਰਾ ਹਾਰੂਨ ਦੇ ਗੋਤ ਤੋਂ ਇਕ ਜਾਜਕ ਸੀ ਜੋ ਕੁਝ 2,500 ਸਾਲ ਪਹਿਲਾਂ ਬਾਬਲ ਵਿਚ ਰਹਿੰਦਾ ਸੀ। ਸਾਲ 468 ਸਾ.ਯੁ.ਪੂ. ਵਿਚ ਉਹ ਯਰੂਸ਼ਲਮ ਨੂੰ ਗਿਆ ਤਾਂਕਿ ਉਹ ਉੱਥੇ ਰਹਿਣ ਵਾਲੇ ਯਹੂਦੀਆਂ ਵਿਚ ਸੱਚੀ ਉਪਾਸਨਾ ਨੂੰ ਅੱਗੇ ਵਧਾ ਸਕੇ। (ਅਜ਼ਰਾ 7:1, 6, 12, 13) ਉਸ ਨੇ ਲੋਕਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਸਿਖਾਉਣੀ ਸੀ। ਆਪਣੀ ਸਿੱਖਿਆ ਨੂੰ ਵਧੀਆ ਬਣਾਉਣ ਲਈ ਅਜ਼ਰਾ ਨੇ ਕੀ-ਕੀ ਕੀਤਾ ਸੀ? ਉਸ ਨੇ ਕੁਝ ਜ਼ਰੂਰੀ ਕਦਮ ਚੁੱਕੇ ਸਨ ਜਿਨ੍ਹਾਂ ਬਾਰੇ ਅਸੀਂ ਅਜ਼ਰਾ 7:10 ਵਿਚ ਪੜ੍ਹ ਸਕਦੇ ਹਾਂ:

“ਅਜ਼ਰਾ ਨੇ [1] ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ [2] ਉਹ ਦੇ ਉੱਤੇ ਚੱਲਨ ਤੇ [3] ਇਸਰਾਏਲ ਨੂੰ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦੇਣ [4] ਉੱਤੇ ਮਨ ਲਾਇਆ [“ਲਈ ਆਪਣੇ ਦਿਲ ਨੂੰ ਤਿਆਰ ਕੀਤਾ,” “ਨਿ ਵ”] ਸੀ।” (ਟੇਢੇ ਟਾਈਪ ਸਾਡੇ।) ਆਓ ਆਪਾਂ ਇਨ੍ਹਾਂ ਗੱਲਾਂ ਵੱਲ ਧਿਆਨ ਦੇਈਏ ਅਤੇ ਦੇਖੀਏ ਕਿ ਅਸੀਂ ਇਨ੍ਹਾਂ ਤੋਂ ਕੀ ਸਿੱਖ ਸਕਦੇ ਹਾਂ।

‘ਅਜ਼ਰਾ ਨੇ ਆਪਣਾ ਦਿਲ ਤਿਆਰ ਕੀਤਾ’

ਜਿਸ ਤਰ੍ਹਾਂ ਇਕ ਕਿਸਾਨ ਬੀ ਬੀਜਣ ਤੋਂ ਪਹਿਲਾਂ ਜ਼ਮੀਨ ਤਿਆਰ ਕਰਦਾ ਹੈ, ਉਸੇ ਤਰ੍ਹਾਂ ਅਜ਼ਰਾ ਨੇ ਵੀ ਪ੍ਰਾਰਥਨਾ ਰਾਹੀਂ ਪਰਮੇਸ਼ੁਰ ਦਾ ਬਚਨ ਸਮਝਣ ਲਈ ਆਪਣਾ ਦਿਲ ਤਿਆਰ ਕੀਤਾ ਸੀ। (ਅਜ਼ਰਾ 10:1) ਯਾਨੀ ਉਸ ਨੇ ਯਹੋਵਾਹ ਦੀਆਂ ਸਿੱਖਿਆਵਾਂ ਉੱਤੇ ਆਪਣਾ ‘ਚਿੱਤ ਲਾਇਆ’ ਸੀ।—ਕਹਾਉਤਾਂ 2:2.

ਇਸੇ ਤਰ੍ਹਾਂ, ਬਾਈਬਲ ਕਹਿੰਦੀ ਹੈ ਕਿ ਯਹੋਸ਼ਾਫ਼ਾਟ ਰਾਜੇ ਨੇ “ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਦਿਲ ਲਾਇਆ” ਸੀ। (2 ਇਤਹਾਸ 19:3) ਇਸ ਤੋਂ ਉਲਟ, ਇਕ ਸਮੇਂ ਤੇ ਇਸਰਾਏਲੀਆਂ ਨੇ “ਆਪਣਾ ਮਨ ਕਾਇਮ ਨਾ ਰੱਖਿਆ” ਅਤੇ ਉਨ੍ਹਾਂ ਨੂੰ “ਇੱਕ ਕੱਬੀ ਤੇ ਆਕੀ” ਪੀੜ੍ਹੀ ਕਿਹਾ ਗਿਆ ਸੀ। (ਜ਼ਬੂਰ 78:8) ਹਾਂ, ਯਹੋਵਾਹ “ਮਨ ਦੀ ਗੁਪਤ ਇਨਸਾਨੀਅਤ” ਦੇਖਦਾ ਹੈ। (1 ਪਤਰਸ 3:4) ਇਸੇ ਮੁਤਾਬਕ ਉਹ “ਅਧੀਨਾਂ ਨੂੰ ਆਪਣਾ ਰਾਹ ਸਿਖਾਲੇਗਾ।” (ਜ਼ਬੂਰ 25:9) ਇਸ ਲਈ, ਇਹ ਕਿੰਨਾ ਜ਼ਰੂਰੀ ਹੈ ਕਿ ਅੱਜ ਸਿੱਖਿਅਕ ਅਜ਼ਰਾ ਦੀ ਮਿਸਾਲ ਤੇ ਚੱਲ ਕੇ ਪ੍ਰਾਰਥਨਾ ਦੇ ਰਾਹੀਂ ਆਪਣੇ ਦਿਲ ਤਿਆਰ ਕਰਨ!

‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰੋ’

ਇਕ ਯੋਗ ਸਿੱਖਿਅਕ ਬਣਨ ਲਈ ਅਜ਼ਰਾ ਨੇ ਪਰਮੇਸ਼ੁਰ ਦੇ ਬਚਨ ਦੀ ਖੋਜ ਕੀਤੀ। ਜੇ ਤੁਸੀਂ ਡਾਕਟਰ ਕੋਲ ਸਲਾਹ ਲੈਣ ਜਾਵੋ, ਤਾਂ ਕੀ ਤੁਸੀਂ ਉਸ ਦੀ ਗੱਲ ਨੂੰ ਧਿਆਨ ਦੇ ਨਾਲ ਸੁਣਨ ਅਤੇ ਪੂਰੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਨਹੀਂ ਕਰੋਗੇ? ਤੁਸੀਂ ਜ਼ਰੂਰ ਧਿਆਨ ਦੇਵੋਗੇ ਕਿਉਂਕਿ ਤੁਹਾਨੂੰ ਆਪਣੀ ਸਿਹਤ ਦਾ ਫ਼ਿਕਰ ਹੈ। ਤਾਂ ਫਿਰ, ਕੀ ਸਾਨੂੰ ਉਨ੍ਹਾਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦੇਣਾ ਚਾਹੀਦਾ ਜੋ ਯਹੋਵਾਹ ਆਪਣੇ ਬਚਨ ਅਤੇ “ਮਾਤਬਰ ਅਤੇ ਬੁੱਧਵਾਨ ਨੌਕਰ” ਰਾਹੀਂ ਸਾਨੂੰ ਦੱਸਦਾ ਹੈ? ਇਨ੍ਹਾਂ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਇਨ੍ਹਾਂ ਤੇ ਸਾਡੀ ਜ਼ਿੰਦਗੀ ਨਿਰਭਰ ਹੈ। (ਮੱਤੀ 4:4; 24:45-47) ਇਹ ਸੱਚ ਹੈ ਕਿ ਡਾਕਟਰ ਦੀ ਸਲਾਹ ਗ਼ਲਤ ਹੋ ਸਕਦੀ ਹੈ ਪਰ “ਯਹੋਵਾਹ ਦੀ ਬਿਵਸਥਾ ਪੂਰੀ ਪੂਰੀ ਹੈ।” (ਜ਼ਬੂਰ 19:7) ਸਾਨੂੰ ਕਦੀ ਵੀ ਕਿਸੇ ਹੋਰ ਦੀ ਸਲਾਹ ਲੈਣ ਦੀ ਲੋੜ ਨਹੀਂ ਪਵੇਗੀ।

ਬਾਈਬਲ ਵਿਚ ਇਤਹਾਸ ਦੀਆਂ ਦੋ ਪੋਥੀਆਂ (ਜੋ ਕਿ ਅਜ਼ਰਾ ਨੇ ਪਹਿਲਾਂ ਇਕ ਪੁਸਤਕ ਵਜੋਂ ਲਿਖੀਆਂ ਸਨ) ਦਿਖਾਉਂਦੀਆਂ ਹਨ ਕਿ ਅਜ਼ਰਾ ਇਕ ਚੰਗਾ ਸਿੱਖਿਆਰਥੀ ਸੀ। ਇਨ੍ਹਾਂ ਪੋਥੀਆਂ ਨੂੰ ਲਿਖਣ ਲਈ ਉਸ ਨੇ ਕਈ ਵੱਖੋ-ਵੱਖਰੇ ਸ੍ਰੋਤ ਵਰਤੇ ਸਨ। * ਬਾਬਲ ਤੋਂ ਆਏ ਯਹੂਦੀਆਂ ਨੂੰ ਆਪਣੇ ਦੇਸ਼ ਦੇ ਇਤਿਹਾਸ ਬਾਰੇ ਜਾਣਨ ਦੀ ਲੋੜ ਸੀ। ਉਨ੍ਹਾਂ ਕੋਲ ਧਰਮ ਦੇ ਤਿਉਹਾਰਾਂ ਬਾਰੇ, ਹੈਕਲ ਦੀ ਸੇਵਾ ਬਾਰੇ, ਲੇਵੀਆਂ ਦੇ ਕੰਮਾਂ ਬਾਰੇ ਘੱਟ ਜਾਣਕਾਰੀ ਸੀ। ਵੰਸ਼ਾਵਲੀ ਦੇ ਰਿਕਾਰਡ ਉਨ੍ਹਾਂ ਲਈ ਬਹੁਤ ਜ਼ਰੂਰੀ ਸਨ। ਇਸੇ ਲਈ ਅਜ਼ਰਾ ਨੇ ਇਨ੍ਹਾਂ ਮਾਮਲਿਆਂ ਵੱਲ ਖ਼ਾਸ ਧਿਆਨ ਦਿੱਤਾ ਸੀ। ਮਸੀਹ ਦੇ ਆਉਣ ਤਕ, ਯਹੂਦੀਆਂ ਲਈ ਇਹ ਜ਼ਰੂਰੀ ਸੀ ਕਿ ਉਹ ਇਕ ਅਜਿਹੀ ਕੌਮ ਸਾਬਤ ਹੋਣ, ਜਿਸ ਕੋਲ ਆਪਣੀ ਜ਼ਮੀਨ, ਹੈਕਲ, ਜਾਜਕਾਈ, ਅਤੇ ਹਾਕਮ ਹੋਵੇ। ਅਜ਼ਰਾ ਦੀ ਇਕੱਠੀ ਕੀਤੀ ਗਈ ਜਾਣਕਾਰੀ ਦੇ ਕਾਰਨ ਏਕਤਾ ਅਤੇ ਸੱਚੀ ਉਪਾਸਨਾ ਕਾਇਮ ਰਹਿ ਸਕੀ।

ਸਟੱਡੀ ਕਰਨ ਦੇ ਤੁਹਾਡੇ ਤਰੀਕੇ ਅਜ਼ਰਾ ਦੇ ਤਰੀਕਿਆਂ ਨਾਲ ਕਿਸ ਹੱਦ ਤਕ ਮਿਲਦੇ-ਜੁਲਦੇ ਹਨ? ਬਾਈਬਲ ਦੀ ਚੰਗੀ ਤਰ੍ਹਾਂ ਖੋਜ ਕਰਨ ਦੁਆਰਾ ਤੁਸੀਂ ਬਾਈਬਲ ਦੇ ਚੰਗੇ ਸਿੱਖਿਅਕ ਬਣ ਸਕੋਗੇ।

ਪਰਿਵਾਰ ਵਜੋਂ ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰੋ’

ਯਹੋਵਾਹ ਦੀ ਬਿਵਸਥਾ ਦੀ ਖੋਜ ਸਿਰਫ਼ ਨਿੱਜੀ ਅਧਿਐਨ ਰਾਹੀਂ ਨਹੀਂ ਹੁੰਦੀ। ਇਸ ਤਰ੍ਹਾਂ ਕਰਨ ਦਾ ਇਕ ਹੋਰ ਵਧੀਆ ਤਰੀਕਾ ਹੈ ਪਰਿਵਾਰਾਂ ਵਜੋਂ ਸਟੱਡੀ ਕਰਨੀ।

ਨੀਦਰਲੈਂਡਜ਼ ਤੋਂ ਇਕ ਜੋੜਾ, ਯਾਨ ਅਤੇ ਯੂਲੀਆ, ਆਪਣੇ ਦੋ ਮੁੰਡਿਆਂ ਦੇ ਪੈਦਾ ਹੋਣ ਤੋਂ ਹੀ ਉਨ੍ਹਾਂ ਨੂੰ ਪੜ੍ਹ ਕੇ ਸੁਣਾਉਂਦੇ ਆਏ ਹਨ। ਅੱਜ, ਆਈਵੋ 15 ਸਾਲਾਂ ਦਾ ਹੈ ਅਤੇ ਈਡੋ 14 ਸਾਲਾਂ ਦਾ ਹੈ। ਹਾਲੇ ਵੀ ਪੂਰਾ ਪਰਿਵਾਰ ਇਕ ਵਾਰ ਹਫ਼ਤੇ ਵਿਚ ਇਕੱਠਾ ਹੋ ਕੇ ਅਧਿਐਨ ਕਰਦਾ ਹੈ। ਯਾਨ ਦੱਸਦਾ ਹੈ ਕਿ “ਸਾਡਾ ਮਕਸਦ ਇਹ ਨਹੀਂ ਕਿ ਅਸੀਂ ਬਹੁਤ ਜ਼ਿਆਦਾ ਪੜ੍ਹਾਈ ਕਰੀਏ ਪਰ ਇਹ ਕਿ ਸਾਡੇ ਮੁੰਡੇ ਪੂਰੀ ਤਰ੍ਹਾਂ ਸਮਝਣ ਕਿ ਸਾਡੀ ਗੱਲਬਾਤ ਦਾ ਕੀ ਮਤਲਬ ਹੈ।” ਉਹ ਅੱਗੇ ਕਹਿੰਦਾ ਹੈ ਕਿ “ਮੇਰੇ ਮੁੰਡੇ ਆਪ ਵੀ ਬਹੁਤ ਰਿਸਰਚ ਕਰਦੇ ਹਨ। ਉਹ ਉਨ੍ਹਾਂ ਸ਼ਬਦਾਂ ਦੀ ਖੋਜ ਕਰਦੇ ਹਨ ਜਿਨ੍ਹਾਂ ਨੂੰ ਉਹ ਜਾਣਦੇ ਹਨ। ਅਤੇ ਉਹ ਬਾਈਬਲ ਵਿਚ ਜ਼ਿਕਰ ਕੀਤੇ ਲੋਕਾਂ ਬਾਰੇ ਪਤਾ ਕਰਦੇ ਹਨ, ਜਿਸ ਤਰ੍ਹਾਂ ਕਿ ਉਹ ਕਿਹੜੇ ਜ਼ਮਾਨੇ ਵਿਚ ਰਹਿੰਦੇ ਸਨ, ਉਹ ਕੌਣ ਸਨ, ਉਹ ਕਿਹੜਾ ਕੰਮ ਕਰਦੇ ਸਨ, ਵਗੈਰਾ-ਵਗੈਰਾ। ਜਿਸ ਸਮੇਂ ਤੋਂ ਉਨ੍ਹਾਂ ਨੇ ਪੜ੍ਹਨਾ ਸਿੱਖਿਆ, ਉਨ੍ਹਾਂ ਨੇ ਇਨਸਾਈਟ ਔਨ ਦ ਸਕ੍ਰਿਪਚਰਸ, ਡਿਕਸ਼ਨਰੀਆਂ, ਅਤੇ ਕੋਸ਼ਾਂ ਵਰਗੀਆਂ ਕਿਤਾਬਾਂ ਵਿੱਚੋਂ ਖੋਜ ਕੀਤੀ ਹੈ। ਇਸ ਤਰ੍ਹਾਂ ਸਾਡੀ ਸਟੱਡੀ ਤੋਂ ਸਾਨੂੰ ਜ਼ਿਆਦਾ ਫ਼ਾਇਦਾ ਹੋਇਆ ਹੈ। ਮੁੰਡੇ ਸਟੱਡੀ ਸ਼ੁਰੂ ਕਰਨ ਲਈ ਹਮੇਸ਼ਾ ਤਿਆਰ ਹੁੰਦੇ ਹਨ।” ਇਨ੍ਹਾਂ ਦੋਹਾਂ ਮੁੰਡਿਆਂ ਨੂੰ ਹੋਰ ਵੀ ਫ਼ਾਇਦਾ ਹੋਇਆ। ਉਹ ਪੜ੍ਹਾਈ-ਲਿਖਾਈ ਵਿਚ ਆਪਣੀ ਕਲਾਸ ਵਿਚ ਦੂਸਰਿਆਂ ਨਿਆਣਿਆਂ ਨਾਲੋਂ ਜ਼ਿਆਦਾ ਕਾਬਲ ਹਨ।

ਨੀਦਰਲੈਂਡਜ਼ ਤੋਂ ਇਕ ਹੋਰ ਜੋੜਾ, ਜੌਨ ਅਤੇ ਟੀਨੀ ਆਪਣੇ ਮੁੰਡੇ ਈਸਲੀ (ਜੋ ਹੁਣ 24 ਸਾਲਾਂ ਦਾ ਹੈ ਅਤੇ ਹੋਰ ਕਲੀਸਿਯਾ ਵਿਚ ਪਾਇਨੀਅਰ ਵਜੋਂ ਸੇਵਾ ਕਰ ਰਿਹਾ ਹੈ), ਅਤੇ ਆਪਣੀ ਕੁੜੀ ਲਿੰਡਾ (ਜੋ ਹੁਣ 20 ਸਾਲਾਂ ਦੀ ਹੈ ਅਤੇ ਵਿਆਹੀ ਹੋਈ ਹੈ) ਨਾਲ ਸਟੱਡੀ ਕਰਦੇ ਹੁੰਦੇ ਸਨ। ਉਹ ਸਵਾਲ-ਜਵਾਬ ਰਾਹੀਂ ਕਿਸੇ ਖ਼ਾਸ ਕਿਤਾਬ ਦੀ ਸਟੱਡੀ ਨਹੀਂ ਕਰਦੇ ਸਨ ਪਰ ਬੱਚਿਆਂ ਦੀਆਂ ਲੋੜਾਂ ਅਤੇ ਉਮਰ ਮੁਤਾਬਕ ਸਟੱਡੀ ਕਰਦੇ ਸਨ। ਉਹ ਕਿਸ ਤਰੀਕੇ ਨਾਲ ਇਹ ਕਰਦੇ ਸਨ?

ਜੌਨ ਦੱਸਦਾ ਹੈ ਕੇ ਉਸ ਦਾ ਮੁੰਡਾ ਤੇ ਕੁੜੀ “ਪਾਠਕਾਂ ਵੱਲੋਂ ਸਵਾਲ” (ਪਹਿਰਾਬੁਰਜ ਤੋਂ) ਅਤੇ “ਬਾਈਬਲ ਦਾ ਦ੍ਰਿਸ਼ਟੀਕੋਣ” (ਜਾਗਰੂਕ ਬਣੋ!) ਤੋਂ ਕੋਈ ਦਿਲਚਸਪ ਵਿਸ਼ਾ ਚੁਣਦੇ ਸਨ। ਬਾਅਦ ਵਿਚ, ਉਹ ਤਿਆਰ ਕੀਤੇ ਗਏ ਲੇਖ ਬਾਰੇ ਪਰਿਵਾਰ ਵਜੋਂ ਚਰਚਾ ਕਰਦੇ ਸਨ, ਜਿਸ ਰਾਹੀਂ ਇਕ ਦਿਲਚਸਪ ਸਟੱਡੀ ਹੁੰਦੀ ਸੀ। ਇਸ ਤਰ੍ਹਾਂ ਕਰਨ ਨਾਲ, ਬੱਚਿਆਂ ਨੂੰ ਹੋਰ ਜ਼ਿਆਦਾ ਖੋਜ ਕਰਨ ਵਿਚ ਅਤੇ ਆਪਣੀ ਸਟੱਡੀ ਬਾਰੇ ਗੱਲਬਾਤ ਕਰਨ ਵਿਚ ਸਿੱਖਿਆ ਮਿਲੀ। ਕੀ ਤੁਸੀਂ ਆਪਣੇ ਬੱਚਿਆਂ ਦੇ ਨਾਲ ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰਦੇ ਹੋ’? ਇਸ ਤਰ੍ਹਾਂ ਕਰਨ ਨਾਲ ਤੁਸੀਂ ਸਿਰਫ਼ ਆਪਣੇ ਸਿਖਾਉਣ ਦੇ ਤਰੀਕਿਆਂ ਵਿਚ ਤਰੱਕੀ ਨਹੀਂ ਕਰੋਗੇ, ਪਰ ਤੁਸੀਂ ਆਪਣੇ ਬੱਚਿਆਂ ਨੂੰ ਸਿੱਖਿਅਕਾਂ ਵਜੋਂ ਵਧੀਆ ਤਰੀਕੇ ਅਪਣਾਉਣ ਵਿਚ ਮਦਦ ਦੇ ਸਕੋਗੇ।

‘ਉਹ ਦੇ ਉੱਤੇ ਚੱਲੋ’

ਅਜ਼ਰਾ ਨੇ ਜੋ ਕੁਝ ਸਿੱਖਿਆ ਸੀ ਉਸ ਨੇ ਆਪਣੇ ਆਪ ਉੱਤੇ ਲਾਗੂ ਕੀਤਾ। ਉਦਾਹਰਣ ਲਈ, ਜਦੋਂ ਉਹ ਬਾਬਲ ਵਿਚ ਰਹਿੰਦਾ ਸੀ ਉਹ ਸ਼ਾਇਦ ਇਕ ਚੰਗੀ ਜ਼ਿੰਦਗੀ ਜੀ ਰਿਹਾ ਸੀ। ਪਰ, ਜਦ ਉਸ ਨੂੰ ਪਤਾ ਲੱਗਾ ਕਿ ਉਹ ਵਿਦੇਸ਼ ਵਿਚ ਆਪਣੇ ਲੋਕਾਂ ਦੀ ਮਦਦ ਕਰ ਸਕਦਾ ਸੀ, ਤਾਂ ਉਹ ਬਾਬਲ ਦੇ ਐਸ਼ੋ-ਆਰਾਮ ਨੂੰ ਛੱਡ ਕੇ ਦੂਰ ਯਰੂਸ਼ਲਮ ਨੂੰ ਚਲਾ ਗਿਆ, ਭਾਵੇਂ ਕਿ ਉੱਥੇ ਬਹੁਤ ਹੀ ਤਕਲੀਫ਼ਾਂ, ਮੁਸ਼ਕਲਾਂ, ਅਤੇ ਖ਼ਤਰੇ ਸਨ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਜ਼ਰਾ ਨੇ ਸਿਰਫ਼ ਬਾਈਬਲ ਦਾ ਗਿਆਨ ਇਕੱਠਾ ਹੀ ਨਹੀਂ ਕੀਤਾ ਪਰ ਉਹ ਸਿੱਖੀਆਂ ਗੱਲਾਂ ਉੱਤੇ ਚੱਲਣ ਲਈ ਤਿਆਰ ਵੀ ਸੀ।—1 ਤਿਮੋਥਿਉਸ 3:13.

ਬਾਅਦ ਵਿਚ, ਯਰੂਸ਼ਲਮ ਵਿਚ ਰਹਿੰਦੇ ਸਮੇਂ ਅਜ਼ਰਾ ਨੇ ਦੁਬਾਰਾ ਸਾਬਤ ਕੀਤਾ ਕਿ ਉਹ ਉਨ੍ਹਾਂ ਗੱਲਾਂ ਉੱਤੇ ਚੱਲਦਾ ਸੀ ਜੋ ਉਸ ਨੇ ਸਿੱਖੀਆਂ ਅਤੇ ਜੋ ਉਹ ਸਿਖਾਉਂਦਾ ਸੀ। ਇਹ ਉਦੋਂ ਜ਼ਾਹਰ ਹੋਇਆ ਜਦੋਂ ਉਸ ਨੇ ਸੁਣਿਆ ਕੇ ਇਸਰਾਏਲੀ ਬੰਦੇ ਪਰਾਈਆਂ ਕੌਮਾਂ ਦੀਆਂ ਤੀਵੀਆਂ ਨਾਲ ਵਿਆਹ ਕਰ ਰਹੇ ਸਨ। ਬਾਈਬਲ ਵਿਚ ਸਾਨੂੰ ਦੱਸਿਆ ਗਿਆ ਹੈ ਕਿ ਉਸ ਨੇ ‘ਆਪਣੇ ਬਸਤ੍ਰ ਅਤੇ ਆਪਣੀ ਚਾਦਰ ਪਾੜ ਛੱਡੀ ਅਤੇ ਸਿਰ ਤੇ ਦਾਹੜੀ ਦੇ ਬਾਲ ਪੁੱਟ ਸੁੱਟੇ ਅਰ ਨਿਮੂਝਾਣਾ ਹੋ ਕੇ ਉਹ ਬੈਠ ਗਿਆ।’ ਉਹ ‘ਸ਼ਰਮਿੰਦਾ ਹੋਇਆ ਅਤੇ ਆਪਣਾ ਮੂੰਹ ਯਹੋਵਾਹ ਵੱਲ ਚੁੱਕਣ ਤੋਂ ਲੱਜਿਆਵਾਨ ਸੀ।’—ਅਜ਼ਰਾ 9:1-6.

ਪਰਮੇਸ਼ੁਰ ਦੀ ਬਿਵਸਥਾ ਦੇ ਅਧਿਐਨ ਨੇ ਉਸ ਉੱਤੇ ਬਹੁਤ ਸਾਰਾ ਅਸਰ ਪਾਇਆ ਸੀ! ਅਜ਼ਰਾ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਅਣਆਗਿਆਕਾਰੀ ਕਰਕੇ ਲੋਕਾਂ ਲਈ ਕਿਹੜੇ ਬੁਰੇ ਨਤੀਜੇ ਨਿਕਲਣੇ ਸਨ। ਯਹੂਦੀਆਂ ਵਿੱਚੋਂ ਥੋੜ੍ਹੇ ਹੀ ਆਪਣੇ ਦੇਸ਼ ਨੂੰ ਵਾਪਸ ਮੁੜੇ ਸਨ। ਜੇ ਉਹ ਪਰਾਈਆਂ ਤੀਵੀਆਂ ਨਾਲ ਵਿਆਹ ਕਰਵਾਉਂਦੇ ਤਾਂ ਹੋ ਸਕਦਾ ਸੀ ਕਿ ਉਹ ਆਲੇ-ਦੁਆਲੇ ਦੀਆਂ ਅਧਰਮੀ ਕੌਮਾਂ ਨਾਲ ਰਲ-ਮਿਲ ਸਕਦੇ ਸਨ। ਇਸ ਤਰ੍ਹਾਂ ਸੱਚੀ ਭਗਤੀ ਦੇ ਪੂਰੀ ਤਰ੍ਹਾਂ ਮਿਟਣ ਦਾ ਖ਼ਤਰਾ ਸੀ।

ਪਰ, ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦਾ ਭੈ ਰੱਖਣ ਕਰਕੇ ਅਤੇ ਅਜ਼ਰਾ ਦੀ ਜੋਸ਼-ਭਰੀ ਮਿਸਾਲ ਨੇ ਇਸਰਾਏਲੀਆਂ ਨੂੰ ਆਪਣੇ ਰਾਹਾਂ ਨੂੰ ਸੁਧਾਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਆਪਣੀਆਂ ਵਿਦੇਸ਼ੀ ਤੀਵੀਆਂ ਨੂੰ ਆਪਣੇ ਘਰਾਂ ਨੂੰ ਵਾਪਸ ਭੇਜ ਦਿੱਤਾ। ਤਿੰਨਾਂ ਮਹੀਨਿਆਂ ਦੇ ਵਿਚ-ਵਿਚ ਸਭ ਕੁਝ ਸੁਧਾਰਿਆ ਗਿਆ ਸੀ। ਪਰਮੇਸ਼ੁਰ ਦੀ ਬਿਵਸਥਾ ਪ੍ਰਤੀ ਅਜ਼ਰਾ ਦੀ ਵਫ਼ਾਦਾਰੀ ਨੇ ਉਸ ਦੀ ਸਿੱਖਿਆ ਨੂੰ ਅਸਰਦਾਰ ਬਣਾਉਣ ਵਿਚ ਮਦਦ ਦਿੱਤੀ।

ਅੱਜ ਵੀ ਇਸੇ ਤਰ੍ਹਾਂ ਸੱਚ ਹੈ। ਇਕ ਮਸੀਹੀ ਪਿਤਾ ਨੇ ਕਿਹਾ: “ਬੱਚੇ ਤੁਹਾਡੀਆਂ ਕਹੀਆਂ ਗੱਲਾਂ ਨੂੰ ਸੁਣਨ ਨਾਲੋਂ ਤੁਹਾਡੇ ਕੰਮਾਂ ਦੀ ਨਕਲ ਜ਼ਿਆਦਾ ਕਰਦੇ ਹਨ।” ਮਸੀਹੀ ਕਲੀਸਿਯਾ ਵਿਚ ਵੀ ਇਸੇ ਤਰ੍ਹਾਂ ਹੁੰਦਾ ਹੈ। ਚੰਗੀ ਮਿਸਾਲ ਕਾਇਮ ਕਰਨ ਵਾਲੇ ਬਜ਼ੁਰਗ ਉਮੀਦ ਰੱਖ ਸਕਦੇ ਹਨ ਕਿ ਕਲੀਸਿਯਾ ਦੇ ਭੈਣ-ਭਰਾ ਉਨ੍ਹਾਂ ਦੀ ਸਿੱਖਿਆ ਵੱਲ ਧਿਆਨ ਦੇਣਗੇ।

‘ਇਸਰਾਏਲ ਨੂੰ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦਿੱਤੀ’

ਲੇਕਿਨ, ਇਕ ਹੋਰ ਕਾਰਨ ਕਰਕੇ ਵੀ ਅਜ਼ਰਾ ਦੀ ਸਿੱਖਿਆ ਵਧੀਆ ਸਾਬਤ ਹੋਈ। ਉਹ ਆਪਣੇ ਹੀ ਖ਼ਿਆਲ ਨਹੀਂ ਪਰ “ਬਿਧੀਆਂ ਤੇ ਨਿਆਵਾਂ” ਸਿਖਾਉਂਦਾ ਸੀ। ਮਤਲਬ ਕਿ, ਯਹੋਵਾਹ ਦੇ ਨਿਯਮ, ਜਾਂ ਬਿਵਸਥਾ। ਜਾਜਕ ਵਜੋਂ ਇਹ ਉਸ ਦੀ ਜ਼ਿੰਮੇਵਾਰੀ ਸੀ। (ਮਲਾਕੀ 2:7) ਉਸ ਨੇ ਨਿਆਉਂ ਕਰਨਾ ਸਿਖਾਇਆ ਸੀ, ਅਤੇ ਉਸ ਨੇ ਆਪਣੀ ਸਿੱਖਿਆ ਉੱਤੇ ਪੂਰੀ ਤਰ੍ਹਾਂ ਚੱਲਣ ਰਾਹੀਂ ਇਕ ਮਿਸਾਲ ਕਾਇਮ ਕੀਤੀ ਸੀ। ਜਦ ਇਖ਼ਤਿਆਰ ਵਾਲੇ ਇਨਸਾਨ ਨਿਆਉਂ ਕਰਦੇ ਹਨ ਤਾਂ ਸਮਾਜ ਵਿਚ ਸਥਿਰਤਾ ਕਾਇਮ ਹੁੰਦੀ ਹੈ ਅਤੇ ਸਹੀ ਨਿਯਮ ਲਾਗੂ ਕਰਨ ਤੇ ਪੱਕੇ ਨਤੀਜੇ ਨਿਕਲਦੇ ਹਨ। (ਕਹਾਉਤਾਂ 29:4) ਇਸੇ ਤਰ੍ਹਾਂ, ਪਰਮੇਸ਼ੁਰ ਦੇ ਬਚਨ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ ਮਸੀਹੀ ਬਜ਼ੁਰਗ, ਮਾਪੇ, ਅਤੇ ਰਾਜ ਪ੍ਰਚਾਰਕ ਰੂਹਾਨੀ ਤੌਰ ਤੇ ਸਥਿਰਤਾ ਕਾਇਮ ਕਰਨਗੇ ਜਦੋਂ ਉਹ ਕਲੀਸਿਯਾ ਵਿਚ, ਆਪਣੇ ਪਰਿਵਾਰਾਂ ਵਿਚ, ਅਤੇ ਦਿਲਚਸਪੀ ਰੱਖਣ ਵਾਲਿਆਂ ਨੂੰ ਯਹੋਵਾਹ ਦੇ ਨਿਯਮਾਂ ਤੇ ਨਿਆਉਂ ਬਾਰੇ ਸਿਖਾਉਣਗੇ।

ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਸਿੱਖਿਆ ਦੇਣ ਤੇ ਤੁਹਾਡੇ ਤਰੀਕੇ ਜ਼ਿਆਦਾ ਵਧੀਆ ਹੋ ਸਕਦੇ ਹਨ ਜਦੋਂ ਤੁਸੀਂ ਵਫ਼ਾਦਾਰ ਅਜ਼ਰਾ ਦੀ ਮਿਸਾਲ ਦੀ ਪੂਰੀ ਤਰ੍ਹਾਂ ਰੀਸ ਕਰਦੇ ਹੋ? ਤਾਂ ਫਿਰ, ‘ਯਹੋਵਾਹ ਦੀ ਬਿਵਸਥਾ ਦੀ ਖੋਜ ਕਰਨ ਤੇ ਉਹ ਦੇ ਉੱਤੇ ਚੱਲਨ ਤੇ ਬਿਧੀਆਂ ਤੇ ਨਿਆਵਾਂ ਦੀ ਸਿੱਖਿਆ ਦੇਣ ਲਈ ਆਪਣੇ ਦਿਲ ਨੂੰ ਤਿਆਰ ਕਰ।’—ਅਜ਼ਰਾ 7:10.

[ਫੁਟਨੋਟ]

^ ਪੈਰਾ 11 ਵੀਹ ਸ੍ਰੋਤਾਂ ਦੀ ਸੂਚੀ ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਇਨਸਾਈਟ ਔਨ ਦ ਸਕ੍ਰਿਪਚਰਸ ਖੰਡ 1, ਸਫ਼ੇ 444-5 ਵਿਚ ਪਾਈ ਜਾਂਦੀ ਹੈ।

[ਡੱਬੀ/ਸਫ਼ੇ 22 ਉੱਤੇ ਤਸਵੀਰ]

ਅਜ਼ਰਾ ਦੀ ਸਿੱਖਿਆ ਅਸਰਦਾਰ ਕਿਉਂ ਸੀ?

1. ਉਸ ਨੇ ਆਪਣੇ ਦਿਲ ਨੂੰ ਤਿਆਰ ਕੀਤਾ

2. ਉਸ ਨੇ ਯਹੋਵਾਹ ਦੀ ਬਿਵਸਥਾ ਦੀ ਖੋਜ ਕੀਤੀ

3. ਉਸ ਨੇ ਸਿੱਖੀਆਂ ਗੱਲਾਂ ਉੱਤੇ ਚੱਲਣ ਦੀ ਚੰਗੀ ਮਿਸਾਲ ਕਾਇਮ ਕੀਤੀ

4. ਉਸ ਨੇ ਬਿਵਸਥਾ ਤੋਂ ਹੀ ਸਿਖਾਇਆ