ਸੰਨ 2003 ਵਿਚ ਅੰਤਰਰਾਸ਼ਟਰੀ ਸੰਮੇਲਨ
ਸੰਨ 2003 ਵਿਚ ਅੰਤਰਰਾਸ਼ਟਰੀ ਸੰਮੇਲਨ
ਸ਼ਨੀਵਾਰ, 7 ਅਕਤੂਬਰ 2001 ਨੂੰ ਵਾਚ ਟਾਵਰ ਬਾਈਬਲ ਐਂਡ ਟ੍ਰੈਕਟ ਸੋਸਾਇਟੀ ਆਫ ਪੈਨਸਿਲਵੇਨੀਆ ਦੇ ਮੈਂਬਰਾਂ ਦੀ ਸਾਲਾਨਾ ਸਭਾ ਅਮਰੀਕਾ ਦੇ ਜਰਸੀ ਸਿਟੀ, ਨਿਊ ਜਰਸੀ ਵਿਚ ਹੋਈ ਸੀ। ਉਸ ਸਭਾ ਤੋਂ ਬਾਅਦ, ਸੋਸਾਇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਮਹਿਮਾਨਾਂ ਨੇ ਇਕ ਖ਼ਾਸ ਪ੍ਰੋਗ੍ਰਾਮ ਦਾ ਆਨੰਦ ਮਾਣਿਆ। ਉਸ ਤੋਂ ਅਗਲੇ ਦਿਨ, ਕੈਨੇਡਾ ਅਤੇ ਅਮਰੀਕਾ ਵਿਚ ਸਾਲਾਨਾ ਸਭਾ ਨਾਲ ਸੰਬੰਧਿਤ ਹੋਰ ਸਭਾਵਾਂ ਵਿਚ ਯਹੋਵਾਹ ਦੇ ਗਵਾਹਾਂ ਦੀ ਪ੍ਰਬੰਧਕ ਸਭਾ ਦੇ ਮੈਂਬਰਾਂ ਦੇ ਆਖ਼ਰੀ ਭਾਸ਼ਣ ਤੋਂ ਬਾਅਦ ਅੱਗੇ ਦੱਸੀ ਘੋਸ਼ਣਾ ਕੀਤੀ ਗਈ ਸੀ:
“ਭਵਿੱਖ ਤੇ ਨਜ਼ਰ ਮਾਰਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਦੇ ਸਾਰੇ ਲੋਕਾਂ ਲਈ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡਣਾ ਕਿੰਨਾ ਜ਼ਰੂਰੀ ਹੈ। ਪੌਲੁਸ ਰਸੂਲ ਨੇ ਪ੍ਰੇਰਿਆ ਸੀ ਕਿ ਜਿਉਂ-ਜਿਉਂ ਯਹੋਵਾਹ ਦਾ ਵੱਡਾ ਤੇ ਹੌਲਨਾਕ ਦਿਨ ਨੇੜੇ ਆਉਂਦਾ ਜਾ ਰਿਹਾ ਹੈ, ਅਸੀਂ ਇਕ-ਦੂਜੇ ਨੂੰ ਹੌਸਲਾ ਦੇਣ ਦੇ ਨਾਲ-ਨਾਲ ਹੋਰ ਜ਼ਿਆਦਾ ਇਕ-ਦੂਜੇ ਨਾਲ ਇਕੱਠੇ ਹੋਈਏ। (ਇਬਰਾਨੀਆਂ 10:24, 25) ਬਾਈਬਲ ਦੇ ਇਸ ਹੁਕਮ ਅਨੁਸਾਰ ਅਸੀਂ ਆਸ਼ਾ ਰੱਖਦੇ ਹਾਂ ਕਿ ਅਗਲੇ ਸਾਲ [2002] ਦੁਨੀਆਂ ਭਰ ਵਿਚ ਜ਼ਿਲ੍ਹਾ ਸੰਮੇਲਨ ਕੀਤੇ ਜਾਣਗੇ। ਫਿਰ 2003 ਵਿਚ, ਜੇ ਯਹੋਵਾਹ ਦੀ ਇੱਛਾ ਹੋਈ, ਤਾਂ ਦੁਨੀਆਂ ਦੇ ਕੁਝ ਦੇਸ਼ਾਂ ਵਿਚ ਖ਼ਾਸ ਅੰਤਰਰਾਸ਼ਟਰੀ ਸੰਮੇਲਨ ਕੀਤੇ ਜਾਣਗੇ। ਹੁਣ ਸਮਾਂ ਹੈ ਕਿ ਅਸੀਂ ਜਾਗਦੇ ਰਹੀਏ ਤੇ ਸਾਵਧਾਨ ਰਹੀਏ ਤੇ ਦੇਖੀਏ ਕਿ ਦੁਨੀਆਂ ਦੀਆਂ ਘਟਨਾਵਾਂ ਦਾ ਰੁੱਖ ਕਿੱਧਰ ਨੂੰ ਹੈ।”
ਇਸ ਦੁਨੀਆਂ ਦੇ ਡਾਵਾਂ-ਡੋਲ ਤੇ ਤਣਾਅ ਭਰੇ ਮਾਹੌਲ ਦਾ ਅੰਤ ਨੇੜੇ ਹੋਣ ਦੇ ਬਾਵਜੂਦ ਵੀ ਪਰਮੇਸ਼ੁਰ ਦੇ ਲੋਕਾਂ ਦਾ ਕੰਮ ਹਮੇਸ਼ਾ ਅੱਗੇ ਵਧੇਗਾ। ਰਾਜ ਦੀ ਖ਼ੁਸ਼ ਖ਼ਬਰੀ ਤੇ ਬਾਈਬਲ ਦਾ ਚੇਤਾਵਨੀ ਭਰਿਆ ਸੰਦੇਸ਼ ਸਾਰੀਆਂ ਕੌਮਾਂ, ਜਾਤਾਂ, ਭਾਸ਼ਾਵਾਂ ਦੇ ਲੋਕਾਂ ਨੂੰ ਸੁਣਾਇਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਉਹ ‘ਪਰਮੇਸ਼ੁਰ ਤੋਂ ਡਰਨ ਅਤੇ ਉਹ ਦੀ ਵਡਿਆਈ ਕਰਨ।’ (ਪਰਕਾਸ਼ ਦੀ ਪੋਥੀ 14:6, 7) ਇਸ ਲਈ, ਆਪਣੇ ਸਵਰਗੀ ਪਿਤਾ ਦੀ ਖ਼ੁਸ਼ੀ ਲਈ ਤੇ ਉਸ ਦੀ ਇੱਛਾ ਅਨੁਸਾਰ ਸਾਲ 2003 ਵਿਚ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿਚ ਅੰਤਰਰਾਸ਼ਟਰੀ ਸੰਮੇਲਨ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।
ਪਹਿਲਾਂ ਉੱਤਰੀ ਅਮਰੀਕਾ ਦੇ ਕੁਝ ਸ਼ਹਿਰਾਂ ਵਿਚ ਅਤੇ ਇਸ ਤੋਂ ਜਲਦੀ ਬਾਅਦ ਯੂਰਪ ਵਿਚ ਅੰਤਰਰਾਸ਼ਟਰੀ ਸੰਮੇਲਨ ਕਰਨ ਦੀ ਯੋਜਨਾ ਬਣਾਈ ਗਈ ਹੈ। ਸਾਲ 2003 ਵਿਚ ਗਵਾਹਾਂ ਦੇ ਕਈ ਗਰੁੱਪਾਂ ਨੂੰ ਏਸ਼ੀਆ ਦੇ ਕੁਝ ਸ਼ਹਿਰਾਂ ਨੂੰ ਘੱਲੇ ਜਾਣ ਦਾ ਪ੍ਰਬੰਧ ਕੀਤਾ ਜਾਵੇਗਾ। ਸਾਲ ਦੇ ਅਖ਼ੀਰ ਵਿਚ ਗਵਾਹਾਂ ਦੇ ਹੋਰ ਗਰੁੱਪ ਅਫ਼ਰੀਕਾ, ਦੱਖਣੀ ਅਮਰੀਕਾ ਅਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਵਿਚ ਜਾਣਗੇ। ਕੁਝ ਸ਼ਾਖ਼ਾ ਦਫ਼ਤਰਾਂ ਨੂੰ ਖ਼ਾਸ ਸੰਮੇਲਨਾਂ ਵਿਚ ਹਾਜ਼ਰ ਹੋਣ ਵਾਸਤੇ ਸੀਮਿਤ ਗਿਣਤੀ ਵਿਚ ਗਵਾਹ ਘੱਲਣ ਦੀ ਬੇਨਤੀ ਕੀਤੀ ਜਾਵੇਗੀ। ਇਸ ਲਈ ਸਾਰਿਆਂ ਨੂੰ ਇਨ੍ਹਾਂ ਸੰਮੇਲਨਾਂ ਵਿਚ ਖੁੱਲ੍ਹਾ ਸੱਦਾ ਦੇਣਾ ਮੁਮਕਿਨ ਨਹੀਂ ਹੈ। ਫਿਰ ਵੀ ਇਹ ਚੰਗੀ ਗੱਲ ਹੈ ਕਿ ਹਰ ਸੰਮੇਲਨ ਵਿਚ ਵੱਖਰੇ-ਵੱਖਰੇ ਦੇਸ਼ਾਂ ਦੇ ਸੀਮਿਤ ਗਿਣਤੀ ਵਿਚ ਗਵਾਹ ਹੋਣ।
ਯਹੋਵਾਹ ਦੇ ਗਵਾਹਾਂ ਦੀਆਂ ਕਲੀਸਿਯਾਵਾਂ ਨੂੰ ਜਲਦੀ ਹੀ ਇਨ੍ਹਾਂ ਸੰਮੇਲਨਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ। ਬੁਲਾਏ ਗਏ ਗਵਾਹਾਂ ਨੇ ਕਦੋਂ ਤੇ ਕਿਹੜੇ ਸੰਮੇਲਨ ਵਿਚ ਹਾਜ਼ਰ ਹੋਣਾ ਹੈ, ਇਸ ਸੰਬੰਧੀ ਜਾਣਕਾਰੀ ਉਨ੍ਹਾਂ ਦੇ ਸ਼ਾਖ਼ਾ ਦਫ਼ਤਰ ਦੇਣਗੇ। ਇਸ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬਾਰੇ ਜਾਣਕਾਰੀ ਲੈਣ ਲਈ ਇਸ ਵੇਲੇ ਚਿੱਠੀਆਂ ਨਾ ਲਿਖੋ ਜਾਂ ਪੁੱਛ-ਗਿੱਛ ਨਾ ਕਰੋ।
ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਗਵਾਹਾਂ ਨੂੰ ਹੀ ਅੰਤਰਰਾਸ਼ਟਰੀ ਸੰਮੇਲਨ ਵਿਚ ਹਾਜ਼ਰ ਹੋਣ ਲਈ ਚੁਣਿਆ ਜਾਵੇਗਾ ਜਿਹੜੇ ਉੱਥੇ ਦੇ ਭਰਾਵਾਂ ਲਈ ਵਧੀਆ ਮਿਸਾਲ ਹੋਣਗੇ ਅਤੇ ਉਨ੍ਹਾਂ ਲਈ ਪਿਆਰ ਦਿਖਾਉਣਗੇ। ਸਥਾਨਕ ਭਰਾਵਾਂ ਕੋਲ ਇਨ੍ਹਾਂ ਮਹਿਮਾਨਾਂ ਦਾ ਸੁਆਗਤ ਕਰਨ ਅਤੇ ਖ਼ੁਸ਼ੀ ਨਾਲ ਪਰਾਹੁਣਚਾਰੀ ਕਰਨ ਦਾ ਮੌਕਾ ਹੋਵੇਗਾ। (ਇਬਰਾਨੀਆਂ 13:1, 2) ਇਸ ਤਰ੍ਹਾਂ ‘ਦੋਵੇਂ ਧਿਰਾਂ ਉਤਸ਼ਾਹ ਪ੍ਰਾਪਤ ਕਰਨਗੀਆਂ।’ (ਰੋਮੀਆਂ 1:11, 12, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਨ੍ਹਾਂ ਪ੍ਰਬੰਧਾਂ ਸੰਬੰਧੀ ਹੋਰ ਜਾਣਕਾਰੀ ਉਨ੍ਹਾਂ ਸ਼ਾਖ਼ਾ ਦਫ਼ਤਰਾਂ ਰਾਹੀਂ ਮੁਹੱਈਆ ਕੀਤੀ ਜਾਵੇਗੀ ਜਿਨ੍ਹਾਂ ਨੂੰ ਸੰਮੇਲਨਾਂ ਵਾਸਤੇ ਗਵਾਹਾਂ ਨੂੰ ਘੱਲਣ ਲਈ ਕਿਹਾ ਗਿਆ ਹੈ।
ਪਹਿਲਾਂ ਵਾਂਗ ਹੀ ਸਾਲ 2003 ਵਿਚ ਵੀ ਜ਼ਿਆਦਾਤਰ ਦੇਸ਼ਾਂ ਵਿਚ ਤਿੰਨ-ਦਿਨਾ ਸੰਮੇਲਨ ਕੀਤੇ ਜਾਣਗੇ। ਸਾਰਿਆਂ ਨੂੰ ਇਕੱਠੇ ਹੋ ਕੇ ‘ਸੁਣਨ ਅਤੇ ਸਿੱਖਣ ਅਤੇ ਦਿਲਾਸਾ ਪਾਉਣ’ ਦਾ ਮੌਕਾ ਮਿਲੇਗਾ। (ਬਿਵਸਥਾ ਸਾਰ 31:12; 1 ਕੁਰਿੰਥੀਆਂ 14:31) ਪਰਮੇਸ਼ੁਰ ਦੇ ਸਾਰੇ ਲੋਕਾਂ ਨੂੰ ਇਹ ‘ਚੱਖ ਕੇ ਵੇਖਣ’ ਦਾ ਮੌਕਾ ਮਿਲੇਗਾ ਕਿ “ਯਹੋਵਾਹ ਭਲਾ ਹੈ।” (ਜ਼ਬੂਰ 34:8) ਸਾਰੇ ਅੰਤਰਰਾਸ਼ਟਰੀ ਸੰਮੇਲਨਾਂ ਅਤੇ ਬਹੁਤ ਸਾਰੇ ਜ਼ਿਲ੍ਹਾ ਸੰਮੇਲਨਾਂ ਵਿਚ ਮਿਸ਼ਨਰੀ ਵੀ ਹੋਣਗੇ ਜਿਨ੍ਹਾਂ ਵਿੱਚੋਂ ਕੁਝ ਪ੍ਰੋਗ੍ਰਾਮ ਵਿਚ ਹਿੱਸਾ ਲੈਣਗੇ।
ਇਸ ਸਾਲ ਅਸੀਂ “ਰਾਜ ਦੇ ਜੋਸ਼ੀਲੇ ਪ੍ਰਚਾਰਕ” ਜ਼ਿਲ੍ਹਾ ਸੰਮੇਲਨ ਦਾ ਆਨੰਦ ਲੈ ਰਹੇ ਹਾਂ ਜਿਸ ਵਿਚ ਸਾਨੂੰ ਸਾਰਿਆਂ ਨੂੰ ਗਵਾਹੀ ਦੇ ਕੰਮ ਵਿਚ ਹੋਰ ਜ਼ਿਆਦਾ ਹਿੱਸਾ ਲੈਣ ਦੀ ਹੱਲਾਸ਼ੇਰੀ ਦਿੱਤੀ ਗਈ ਹੈ। ਜਿਉਂ-ਜਿਉਂ ਅਸੀਂ ਇਹ ਕੰਮ ਕਰਾਂਗੇ, ਤਿਉਂ-ਤਿਉਂ ਸਾਡੀ ਉਨ੍ਹਾਂ ਚੀਜ਼ਾਂ ਲਈ ਉਤਸੁਕਤਾ ਵਧੇਗੀ ਜਿਹੜੀਆਂ ਯਹੋਵਾਹ ਸਾਨੂੰ ਆਉਣ ਵਾਲੇ ਸਾਲ ਵਿਚ ਦੇਵੇਗਾ। ਇਸ ਤੋਂ ਸਾਨੂੰ ਇਸ ਔਖੇ ਅਤੇ ਮਹੱਤਵਪੂਰਣ ਸਮੇਂ ‘ਜਾਗਦੇ ਰਹਿਣ ਤੇ ਤਿਆਰ ਰਹਿਣ’ ਵਿਚ ਮਦਦ ਮਿਲੇਗੀ।—ਮੱਤੀ 24:42-44.