Skip to content

Skip to table of contents

ਅਣਜਾਤੇ ਦੇਵਤੇ ਦੀ ਵੇਦੀ

ਅਣਜਾਤੇ ਦੇਵਤੇ ਦੀ ਵੇਦੀ

ਅਣਜਾਤੇ ਦੇਵਤੇ ਦੀ ਵੇਦੀ

ਤਕਰੀਬਨ 50 ਸਾ.ਯੁ. ਵਿਚ ਪੌਲੁਸ ਰਸੂਲ ਯੂਨਾਨ ਦੇ ਐਥਿਨਜ਼ ਸ਼ਹਿਰ ਨੂੰ ਗਿਆ। ਉੱਥੇ ਉਸ ਨੇ ਅਣਜਾਤੇ ਦੇਵਤੇ ਨੂੰ ਸਮਰਪਿਤ ਇਕ ਵੇਦੀ ਦੇਖੀ। ਬਾਅਦ ਵਿਚ ਉਸ ਨੇ ਇਸੇ ਵੇਦੀ ਵੱਲ ਇਸ਼ਾਰਾ ਕੀਤਾ ਜਿਉਂ-ਜਿਉਂ ਉਹ ਵਿਚਾਰ-ਵਟਾਂਦਰਾ ਦੇ ਰਾਹੀਂ ਯਹੋਵਾਹ ਬਾਰੇ ਬੜੀ ਅੱਛੀ ਸਾਖੀ ਦੇ ਰਿਹਾ ਸੀ।

ਮਾਰਜ਼ ਪਹਾੜ ਉੱਪਰ, ਜਾਂ ਐਰੀਆਪਗਸ ਵਿਚ ਉਸ ਨੇ ਆਪਣੀ ਗੱਲਬਾਤ ਇਵੇਂ ਸ਼ੁਰੂ ਕੀਤੀ: “ਹੇ ਅਥੇਨੀਓ, ਮੈਂ ਤੁਹਾਨੂੰ ਹਰ ਤਰਾਂ ਨਾਲ ਵੱਡੇ ਪੂਜਣ ਵਾਲੇ ਵੇਖਦਾ ਹਾਂ। ਕਿਉਂ ਜੋ ਮੈਂ ਤੁਰਦੇ ਫਿਰਦੇ ਅਤੇ ਤੁਹਾਡੇ ਠਾਕਰਾਂ ਉੱਤੇ ਨਿਗਾਹ ਮਾਰਦਿਆਂ ਇੱਕ ਵੇਦੀ ਭੀ ਵੇਖੀ ਜਿਹ ਦੇ ਉੱਤੇ ਇਹ ਲਿਖਿਆ ਹੋਇਆ ਸੀ ‘ਅਣਜਾਤੇ ਦੇਵ ਲਈ’। ਉਪਰੰਤ ਜਿਹ ਨੂੰ ਤੁਸੀਂ ਬਿਨ ਜਾਣੇ ਪੂਜਦੇ ਹੋ ਮੈਂ ਤੁਹਾਨੂੰ ਓਸੇ ਦੀ ਖਬਰ ਦਿੰਦਾ ਹਾਂ।”—ਰਸੂਲਾਂ ਦੇ ਕਰਤੱਬ 17:22-31.

ਭਾਵੇਂ ਕਿ ਇਹ ਅਥੇਨੀ ਵੇਦੀ ਕਦੇ ਲੱਭੀ ਨਹੀਂ ਗਈ ਯੂਨਾਨ ਦੇ ਹੋਰ ਇਲਾਕਿਆਂ ਵਿਚ ਉਸ ਤਰ੍ਹਾਂ ਦੀਆਂ ਕਈ ਵੇਦੀਆਂ ਜ਼ਰੂਰ ਸਨ। ਸਬੂਤ ਵਜੋਂ ਦੂਜੀ ਸਦੀ ਦੇ ਯੂਨਾਨੀ ਭੂਗੋਲ ਵਿਗਿਆਨੀ ਪੋਸੇਨੀਅਸ ਨੇ ਐਥਿਨਜ਼ ਦੇ ਲਾਗੇ ਦੇ ਫਲੇਰੋਨ ਇਲਾਕੇ ਵਿਚ “ਅਣਜਾਤੇ ਨਾਂ ਦੇ ਦੇਵਤਿਆਂ” ਦੀਆਂ ਵੇਦੀਆਂ ਦੇ ਬਾਰੇ ਗੱਲ ਕੀਤੀ ਸੀ। (ਯੂਨਾਨ ਦਾ ਵਰਣਨ, ਐਟਿਕਾ 1, 4) ਇਸੇ ਲੇਖ ਅਨੁਸਾਰ ਓਲਿੰਪੀਆ ਵਿਚ ਵੀ “ਅਣਜਾਤੇ ਦੇਵਤਿਆਂ ਦੀ ਵੇਦੀ” ਸੀ।—ਅਲੀਆ I, XIV, 8.

ਟਯਾਨਾ ਦੇ ਏਪੋਲੋਨੀਅਸ ਦਾ ਜੀਵਨ (VI, III) ਨਾਮਕ ਕਿਤਾਬ ਵਿਚ ਯੂਨਾਨੀ ਲੇਖਕ ਫਾਈਲੋਸਟ੍ਰਾਟਸ (ਤਕਰੀਬਨ 170 ਤੋਂ 245 ਸਾ.ਯੁ.) ਨੇ ਐਥਿਨਜ਼ ਬਾਰੇ ਬਿਆਨ ਕੀਤਾ ਕਿ ਉੱਥੇ ਵੀ “ਉਨ੍ਹਾਂ ਅਣਜਾਤੇ ਦੇਵਤਿਆਂ ਦੀ ਮਹਿਮਾ ਕਰਨ ਵਾਸਤੇ ਵੇਦੀਆਂ ਬਣਾਈਆਂ ਜਾਂਦੀਆਂ ਸਨ।” ਅਤੇ ਫ਼ਿਲਾਸਫ਼ਰਾਂ ਦੀਆਂ ਜ਼ਿੰਦਗੀਆਂ ਨਾਮਕ ਕਿਤਾਬ ਵਿਚ (1.110), ਡਾਇਓਜਨੀਸ ਲਾਏਰਸ਼ਿਅਸ (ਤਕਰੀਬਨ 200-250 ਸਾ.ਯੁ.) ਨੇ ਲਿਖਿਆ ਕਿ “ਨਾਂ ਤੋਂ ਬਿਨਾਂ ਵੇਦੀਆਂ” ਐਥਿਨਜ਼ ਦੇ ਵੱਖੋ-ਵੱਖਰੇ ਇਲਾਕਿਆਂ ਵਿਚ ਦੇਖੀਆਂ ਜਾ ਸਕਦੀਆਂ ਸਨ।

ਰੋਮੀਆਂ ਨੇ ਵੀ ਬਿਨਾਂ ਨਾਂ ਵਾਲੇ ਦੇਵਤਿਆਂ ਲਈ ਵੇਦੀਆਂ ਖੜ੍ਹੀਆਂ ਕੀਤੀਆਂ ਸਨ। ਇੱਥੇ ਦਿਖਾਈ ਗਈ ਵੇਦੀ ਪਹਿਲੀ ਜਾਂ ਦੂਜੀ ਸਦੀ ਸਾ.ਯੁ.ਪੂ. ਦੀਂ ਹੈ ਅਤੇ ਇਟਲੀ, ਰੋਮ ਦੇ ਪੈਲਾਟਾਈਨ ਐਂਟੀਕਵੇਰੀਅਮ ਮਿਊਜ਼ੀਅਮ ਵਿਚ ਸੰਭਾਲ ਕੇ ਰੱਖੀ ਗਈ ਹੈ। ਇਸ ਉੱਤੇ ਲਾਤੀਨੀ ਭਾਸ਼ਾ ਵਿਚ ਲਿਖੇ ਸ਼ਬਦ ਸੰਕੇਤ ਕਰਦੇ ਹਨ ਕਿ ਇਹ ਵੇਦੀ “ਕਿਸੇ ਦੇਵ ਜਾਂ ਦੇਵੀ ਨੂੰ” ਸਮਰਪਿਤ ਸੀ। ਅਤੇ ਇਹ ਲਫ਼ਜ਼ “ਪ੍ਰਾਰਥਨਾਵਾਂ ਅਤੇ ਮੰਤਰਾਂ ਵਿਚ ਅਕਸਰ ਪਾਏ ਜਾਂਦੇ ਸਨ।”

ਅੱਜ ਵੀ ਕਈ ਲੋਕ ਉਸ ਪਰਮੇਸ਼ੁਰ ਤੋਂ ਅਣਜਾਣ ਹਨ “ਜਿਹ ਨੇ ਸੰਸਾਰ ਅਤੇ ਜੋ ਕੁਝ ਉਹ ਦੇ ਵਿੱਚ ਹੈ ਰਚਿਆ।” ਪਰ ਜਿਸ ਤਰਾਂ ਪੌਲੁਸ ਰਸੂਲ ਨੇ ਐਥਿਨਜ਼ ਦੇ ਲੋਕਾਂ ਨੂੰ ਦੱਸਿਆ ਉਹ ਪਰਮੇਸ਼ੁਰ—ਯਹੋਵਾਹ—“ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ” ਹੈ।—ਰਸੂਲਾਂ ਦੇ ਕਰਤੱਬ 17:24, 27.

[ਸਫ਼ੇ 32 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]

ਵੇਦੀ: Soprintendenza Archeologica di Roma