Skip to content

Skip to table of contents

‘ਆਓ ਸਭਨਾਂ ਨਾਲ ਭਲਾ ਕਰੀਏ’

‘ਆਓ ਸਭਨਾਂ ਨਾਲ ਭਲਾ ਕਰੀਏ’

“ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।”

‘ਆਓ ਸਭਨਾਂ ਨਾਲ ਭਲਾ ਕਰੀਏ’

ਯਿਸੂ ਦਾ ਮੁੱਖ ਕੰਮ ਸੀ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਤੇ ਇਸ ਦੀ ਸਿੱਖਿਆ ਦੇਣੀ। (ਮਰਕੁਸ 1:14; ਲੂਕਾ 8:1) ਮਸੀਹ ਦੇ ਚੇਲੇ ਉਸ ਦੀ ਨਕਲ ਕਰਨੀ ਚਾਹੁੰਦੇ ਹਨ, ਇਸ ਲਈ ਉਹ ਪਰਮੇਸ਼ੁਰ ਦੇ ਰਾਜ ਬਾਰੇ ਬਾਈਬਲ ਦੇ ਸੰਦੇਸ਼ ਦੀ ਸਿੱਖਿਆ ਦੇਣ ਦੇ ਕੰਮ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਮੁੱਖ ਕੰਮ ਸਮਝਦੇ ਹਨ। (ਲੂਕਾ 6:40) ਜਦੋਂ ਯਹੋਵਾਹ ਦੇ ਗਵਾਹ ਦੇਖਦੇ ਹਨ ਕਿ ਰਾਜ-ਸੰਦੇਸ਼ ਸੁਣਨ ਵਾਲਿਆਂ ਨੂੰ ਤਾਜ਼ਗੀ ਮਿਲਦੀ ਹੈ, ਤਾਂ ਉਨ੍ਹਾਂ ਨੂੰ ਦਿਲੋਂ ਖ਼ੁਸ਼ੀ ਹੁੰਦੀ ਹੈ। ਯਿਸੂ ਜਦੋਂ ਧਰਤੀ ਉੱਤੇ ਸੀ, ਉਦੋਂ ਵੀ ਲੋਕਾਂ ਨੂੰ ਇਸੇ ਤਰ੍ਹਾਂ ਫ਼ਾਇਦੇ ਹੁੰਦੇ ਸਨ।—ਮੱਤੀ 11:28-30.

ਪਰਮੇਸ਼ੁਰ ਦੇ ਬਚਨ ਦੀ ਸਿੱਖਿਆ ਦੇਣ ਤੋਂ ਇਲਾਵਾ, ਯਿਸੂ ਨੇ ਬੀਮਾਰਾਂ ਨੂੰ ਚੰਗਾ ਕਰਨ ਅਤੇ ਭੁੱਖੇ ਲੋਕਾਂ ਨੂੰ ਭੋਜਨ ਖਿਲਾਉਣ ਵਰਗੇ ਚੰਗੇ ਕੰਮ ਵੀ ਕੀਤੇ ਸਨ। (ਮੱਤੀ 14:14-21) ਇਸੇ ਤਰ੍ਹਾਂ, ਯਹੋਵਾਹ ਦੇ ਗਵਾਹ ਬਾਈਬਲ ਦੀ ਸਿੱਖਿਆ ਦੇਣ ਦੇ ਨਾਲ-ਨਾਲ ਉਹ ਕੰਮ ਵੀ ਕਰਦੇ ਹਨ ਜਿਨ੍ਹਾਂ ਨਾਲ ਲੋੜਵੰਦ ਲੋਕਾਂ ਦੀ ਮਦਦ ਹੁੰਦੀ ਹੈ। ਦਰਅਸਲ, ਬਾਈਬਲ ਮਸੀਹੀਆਂ ਨੂੰ “ਹਰੇਕ ਭਲੇ ਕੰਮ ਲਈ ਤਿਆਰ” (ਟੇਢੇ ਟਾਈਪ ਸਾਡੇ।) ਕਰਦੀ ਹੈ ਅਤੇ ਉਨ੍ਹਾਂ ਨੂੰ ‘ਸਭਨਾਂ ਨਾਲ ਭਲਾ ਕਰਨ’ ਲਈ ਕਹਿੰਦੀ ਹੈ।—2 ਤਿਮੋਥਿਉਸ 3:16, 17; ਗਲਾਤੀਆਂ 6:10.

“ਸਾਡੇ ਭਰਾ ਸਾਡੀ ਮਦਦ ਕਰਨ ਲਈ ਉੱਥੇ ਹਾਜ਼ਰ ਸਨ”

ਸਤੰਬਰ 1999 ਵਿਚ ਆਏ ਇਕ ਤਬਾਹਕੁਨ ਭੁਚਾਲ ਨੇ ਤਾਈਵਾਨ ਨੂੰ ਹਿਲਾ ਕੇ ਰੱਖ ਦਿੱਤਾ ਸੀ। ਕੁਝ ਮਹੀਨਿਆਂ ਬਾਅਦ, ਜ਼ੋਰਦਾਰ ਮੀਂਹ ਅਤੇ ਗੜ੍ਹਿਆਂ ਦੀ ਮਾਰ ਵੈਨੇਜ਼ੁਏਲਾ ਦੇ ਇਤਿਹਾਸ ਵਿਚ ਸਭ ਤੋਂ ਤਬਾਹਕੁਨ ਕੁਦਰਤੀ ਆਫ਼ਤ ਸਾਬਤ ਹੋਈ। ਹਾਲ ਹੀ ਵਿਚ ਭਾਰੀ ਹੜ੍ਹਾਂ ਨੇ ਮੋਜ਼ਾਮਬੀਕ ਦੇਸ਼ ਵਿਚ ਕਾਫ਼ੀ ਤਬਾਹੀ ਮਚਾਈ। ਇਨ੍ਹਾਂ ਤਿੰਨਾਂ ਉਦਾਹਰਣਾਂ ਵਿਚ, ਯਹੋਵਾਹ ਦੇ ਗਵਾਹਾਂ ਨੇ ਲੋਕਾਂ ਨੂੰ ਫਟਾਫਟ ਭੋਜਨ, ਪਾਣੀ, ਦਵਾਈਆਂ, ਕੱਪੜੇ, ਤੰਬੂ ਅਤੇ ਖਾਣਾ ਬਣਾਉਣ ਦੀਆਂ ਚੀਜ਼ਾਂ ਮੁਹੱਈਆ ਕੀਤੀਆਂ। ਜ਼ਖ਼ਮੀਆਂ ਦਾ ਡਾਕਟਰੀ ਇਲਾਜ ਕਰਨ ਲਈ ਸਵੈ-ਸੇਵਕਾਂ ਨੇ ਛੋਟੇ-ਛੋਟੇ ਦਵਾਖ਼ਾਨੇ ਬਣਾਏ ਅਤੇ ਉਸਾਰੀ ਕਰਨ ਵਾਲੇ ਸਵੈ-ਸੇਵਕਾਂ ਨੇ ਬੇਘਰਾਂ ਲਈ ਨਵੇਂ ਘਰ ਬਣਾਏ।

ਤਬਾਹੀਆਂ ਦੇ ਸ਼ਿਕਾਰਾਂ ਨੂੰ ਜਦੋਂ ਸਮੇਂ ਸਿਰ ਮਦਦ ਮਿਲੀ, ਤਾਂ ਉਹ ਬਹੁਤ ਪ੍ਰਭਾਵਿਤ ਹੋਏ। “ਜਦੋਂ ਸਾਡੇ ਹਾਲਤ ਬਹੁਤ ਹੀ ਕਠਿਨ ਹੋ ਗਏ, ਤਾਂ ਸਾਡੇ ਭਰਾ ਸਾਡੀ ਮਦਦ ਕਰਨ ਲਈ ਉੱਥੇ ਹਾਜ਼ਰ ਸਨ,” ਮਲਿਓਰੀ ਕਹਿੰਦੀ ਹੈ, ਜਿਸ ਦਾ ਘਰ ਵੈਨੇਜ਼ੁਏਲਾ ਵਿਚ ਢਿੱਗਾਂ ਡਿਗਣ ਨਾਲ ਢਹਿ ਗਿਆ ਸੀ। ਜਦ ਉਸ ਦੇ ਪਰਿਵਾਰ ਲਈ ਸਵੈ-ਸੇਵਕਾਂ ਨੇ ਨਵਾਂ ਘਰ ਬਣਾਇਆ, ਤਾਂ ਉਸ ਨੇ ਕਿਹਾ: “ਅਸੀਂ ਯਹੋਵਾਹ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਕਿ ਉਸ ਨੇ ਸਾਡੇ ਲਈ ਐਨਾ ਕੁਝ ਕੀਤਾ!” ਮੋਜ਼ਾਮਬੀਕ ਵਿਚ ਜਦੋਂ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਨਵੇਂ ਬਣਾਏ ਘਰਾਂ ਦੀਆਂ ਕੁੰਜੀਆਂ ਮਿਲੀਆਂ, ਤਾਂ ਸਾਰੇ ਗਰੁੱਪ ਨੇ ਅਚਾਨਕ ਇਕ ਰਾਜ ਗੀਤ ਗਾਉਣਾ ਸ਼ੁਰੂ ਕਰ ਦਿੱਤਾ ਜਿਸ ਦਾ ਵਿਸ਼ਾ ਸੀ: “ਯਹੋਵਾਹ ਸਾਡੀ ਪਨਾਹ ਹੈ।” *

ਜ਼ਰੂਰਤਮੰਦਾਂ ਦੀ ਮਦਦ ਕਰਨ ਨਾਲ ਸਵੈ-ਸੇਵਕਾਂ ਨੂੰ ਬੜਾ ਹੌਸਲਾ ਮਿਲਿਆ। ਮੋਜ਼ਾਮਬੀਕ ਦੇ ਸ਼ਰਨਾਰਥੀ ਕੈਂਪ ਵਿਚ ਲੋਕਾਂ ਦੀ ਦੇਖਭਾਲ ਕਰਨ ਵਾਲੇ ਮਾਰਸਲੋ ਨੇ ਕਿਹਾ: “ਮੈਨੂੰ ਬੜੀ ਖ਼ੁਸ਼ੀ ਹੋਈ ਕਿ ਮੈਂ ਇਨ੍ਹਾਂ ਭਰਾਵਾਂ ਦੇ ਕੰਮ ਆਇਆ ਜਿਨ੍ਹਾਂ ਨੇ ਐਨਾ ਦੁੱਖ ਸਹਿਆ।” ਤਾਈਵਾਨ ਦੇ ਹੁਆਂਗ ਨਾਂ ਦੇ ਇਕ ਸਵੈ-ਸੇਵਕ ਨੇ ਕਿਹਾ: “ਲੋੜਵੰਦ ਭਰਾਵਾਂ ਨੂੰ ਭੋਜਨ ਅਤੇ ਤੰਬੂ ਪਹੁੰਚਾਉਣ ਵਿਚ ਹਿੱਸਾ ਲੈਣ ਨਾਲ ਬਹੁਤ ਹੀ ਖ਼ੁਸ਼ੀ ਮਿਲੀ। ਇਸ ਨਾਲ ਸਾਡੀ ਨਿਹਚਾ ਹੋਰ ਪੱਕੀ ਹੋਈ।”

ਵਾਲੰਟੀਅਰ ਪ੍ਰੋਗ੍ਰਾਮ ਦੇ ਚੰਗੇ ਨਤੀਜੇ ਨਿਕਲਦੇ ਹਨ

ਵਾਲੰਟੀਅਰ ਕੰਮ ਨਾਲ ਦੁਨੀਆਂ ਭਰ ਦੇ ਹਜ਼ਾਰਾਂ ਕੈਦੀਆਂ ਨੂੰ ਵੀ ਅਧਿਆਤਮਿਕ ਤੌਰ ਤੇ ਤਾਜ਼ਗੀ ਮਿਲੀ ਹੈ। ਕਿਵੇਂ? ਹਾਲ ਹੀ ਦੇ ਸਾਲਾਂ ਵਿਚ ਯਹੋਵਾਹ ਦੇ ਗਵਾਹਾਂ ਨੇ ਇਕੱਲੇ ਅਮਰੀਕਾ ਦੀਆਂ ਕੁਝ 4,000 ਜੇਲ੍ਹਾਂ ਵਿਚ ਤਕਰੀਬਨ 30,000 ਕੈਦੀਆਂ ਨੂੰ ਬਾਈਬਲ ਸਾਹਿੱਤ ਵੰਡਿਆ। ਇਸ ਤੋਂ ਇਲਾਵਾ, ਜਿੱਥੇ ਮੁਮਕਿਨ ਹੋਵੇ, ਗਵਾਹ ਜੇਲ੍ਹਾਂ ਵਿਚ ਜਾ ਕੇ ਕੈਦੀਆਂ ਨੂੰ ਬਾਈਬਲ ਅਧਿਐਨ ਕਰਵਾਉਂਦੇ ਹਨ ਤੇ ਮਸੀਹੀ ਸਭਾਵਾਂ ਕਰਦੇ ਹਨ। ਕੀ ਇਸ ਨਾਲ ਕੈਦੀਆਂ ਨੂੰ ਕੋਈ ਫ਼ਾਇਦਾ ਹੁੰਦਾ ਹੈ?

ਬਾਈਬਲ ਸਟੱਡੀ ਕਰ ਰਹੇ ਕੁਝ ਕੈਦੀਆਂ ਨੇ ਵੀ ਆਪਣੇ ਨਾਲ ਦੇ ਕੈਦੀਆਂ ਨੂੰ ਪਰਮੇਸ਼ੁਰ ਦੇ ਬਚਨ ਦੀਆਂ ਹੌਸਲਾਦਾਇਕ ਸਿੱਖਿਆਵਾਂ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਤੀਜੇ ਵਜੋਂ, ਦੁਨੀਆਂ ਭਰ ਦੀਆਂ ਬਹੁਤ ਸਾਰੀਆਂ ਜੇਲ੍ਹਾਂ ਵਿਚ ਹੁਣ ਕੈਦੀਆਂ ਦੇ ਗਰੁੱਪ ਮਿਲ ਕੇ ਯਹੋਵਾਹ ਦੀ ਭਗਤੀ ਕਰਦੇ ਹਨ। “ਸਾਡਾ ਗਰੁੱਪ ਵੱਧ-ਫੁੱਲ ਰਿਹਾ ਹੈ,” 2001 ਵਿਚ ਔਰੀਗਨ, ਅਮਰੀਕਾ ਦੇ ਇਕ ਕੈਦੀ ਨੇ ਰਿਪੋਰਟ ਦਿੱਤੀ। “ਸਾਡੇ ਸੱਤ ਰਾਜ ਪ੍ਰਕਾਸ਼ਕ ਹਨ ਜੋ 38 ਬਾਈਬਲ ਸਟੱਡੀਆਂ ਕਰਾ ਰਹੇ ਹਨ। ਪੱਚੀ ਨਾਲੋਂ ਜ਼ਿਆਦਾ ਲੋਕ ਪਬਲਿਕ ਭਾਸ਼ਣ ਅਤੇ ਪਹਿਰਾਬੁਰਜ ਅਧਿਐਨ ਵਿਚ ਹਾਜ਼ਰ ਹੁੰਦੇ ਹਨ ਅਤੇ 39 ਲੋਕ [ਮਸੀਹ ਦੀ ਮੌਤ ਦੇ] ਸਮਾਰਕ ਵਿਚ ਆਏ ਸਨ। ਤਿੰਨ ਜਣੇ ਜਲਦੀ ਹੀ ਬਪਤਿਸਮਾ ਲੈਣ ਵਾਲੇ ਹਨ!”

ਫ਼ਾਇਦੇ ਅਤੇ ਖ਼ੁਸ਼ੀਆਂ

ਜੇਲ੍ਹ ਦੇ ਅਧਿਕਾਰੀਆਂ ਨੇ ਦੇਖਿਆ ਕਿ ਇਸ ਵਾਲੰਟੀਅਰ ਪ੍ਰੋਗ੍ਰਾਮ ਦੇ ਚੰਗੇ ਨਤੀਜੇ ਨਿਕਲਦੇ ਹਨ। ਅਧਿਕਾਰੀਆਂ ਨੂੰ ਜਿਹੜੀ ਗੱਲ ਜ਼ਿਆਦਾ ਪ੍ਰਭਾਵਿਤ ਕਰਦੀ ਹੈ ਉਹ ਹੈ ਇਸ ਵਾਲੰਟੀਅਰ ਪ੍ਰੋਗ੍ਰਾਮ ਦਾ ਸਥਾਈ ਲਾਭ। ਇਕ ਰਿਪੋਰਟ ਕਹਿੰਦੀ ਹੈ: “ਇਸ ਪ੍ਰੋਗ੍ਰਾਮ ਦੇ ਦਸਾਂ ਸਾਲਾਂ ਵਿਚ ਕੋਈ ਵੀ ਰਿਹਾ ਹੋਇਆ ਕੈਦੀ, ਜਿਸ ਨੇ ਜੇਲ੍ਹ ਵਿਚ ਇਕ ਗਵਾਹ ਦੇ ਤੌਰ ਤੇ ਬਪਤਿਸਮਾ ਲਿਆ ਸੀ, ਵਾਪਸ ਜੇਲ੍ਹ ਵਿਚ ਨਹੀਂ ਆਇਆ ਜਦ ਕਿ ਦੂਜੇ ਗਰੁੱਪਾਂ ਦੇ 50-60 ਪ੍ਰਤਿਸ਼ਤ ਕੈਦੀ ਵਾਪਸ ਜੇਲ੍ਹ ਵਿਚ ਆਏ ਹਨ।” ਗਵਾਹ ਸਵੈ-ਸੇਵਕਾਂ ਦੁਆਰਾ ਹਾਸਲ ਕੀਤੇ ਨਤੀਜਿਆਂ ਤੋਂ ਪ੍ਰਭਾਵਿਤ ਹੋ ਕੇ ਇਡਾਹੋ ਵਿਚ ਇਕ ਜੇਲ੍ਹ ਦੇ ਪਾਦਰੀ ਨੇ ਯਹੋਵਾਹ ਦੇ ਗਵਾਹਾਂ ਦੇ ਮੁੱਖ ਦਫ਼ਤਰ ਨੂੰ ਇਕ ਚਿੱਠੀ ਵਿਚ ਕਿਹਾ: “ਹਾਲਾਂਕਿ ਮੈਂ ਤੁਹਾਡੇ ਵਿਸ਼ਵਾਸਾਂ ਨਾਲ ਸਹਿਮਤ ਨਹੀਂ ਹਾਂ, ਪਰ ਮੈਂ ਤੁਹਾਡੇ ਸੰਗਠਨ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।”

ਜੇਲ੍ਹ ਵਿਚ ਕੈਦੀਆਂ ਦੀ ਮਦਦ ਕਰਨ ਨਾਲ ਸਵੈ-ਸੇਵਕਾਂ ਨੂੰ ਵੀ ਫ਼ਾਇਦਾ ਹੁੰਦਾ ਹੈ। ਪਹਿਲੀ ਵਾਰ ਰਾਜ ਗੀਤ ਗਾਉਣ ਵਾਲੇ ਕੈਦੀਆਂ ਦੇ ਇਕ ਗਰੁੱਪ ਨਾਲ ਸਭਾ ਕਰਨ ਤੋਂ ਬਾਅਦ, ਇਕ ਸਵੈ-ਸੇਵਕ ਨੇ ਕਿਹਾ: “28 ਆਦਮੀਆਂ ਨੂੰ ਯਹੋਵਾਹ ਦੀ ਮਹਿਮਾ ਲਈ ਮਿਲ ਕੇ ਗਾਉਂਦੇ ਦੇਖਣ ਨਾਲ ਬਹੁਤ ਹੀ ਹੌਸਲਾ ਮਿਲਿਆ। ਉਨ੍ਹਾਂ ਨੇ ਉੱਚੀ ਆਵਾਜ਼ ਵਿਚ ਗਾਇਆ! ਅਜਿਹੇ ਮੌਕੇ ਤੇ ਹਾਜ਼ਰ ਹੋਣਾ ਕਿੰਨਾ ਵੱਡਾ ਸਨਮਾਨ ਹੈ!” ਐਰੀਜ਼ੋਨਾ ਵਿਚ ਜੇਲ੍ਹਾਂ ਵਿਚ ਜਾਣ ਵਾਲੇ ਇਕ ਸਵੈ-ਸੇਵਕ ਨੇ ਕਿਹਾ: “ਇਸ ਖ਼ਾਸ ਕੰਮ ਵਿਚ ਹਿੱਸਾ ਲੈਣਾ ਕਿੰਨੀ ਵੱਡੀ ਬਰਕਤ ਸਾਬਤ ਹੋਈ ਹੈ!”

ਦੁਨੀਆਂ ਭਰ ਦੇ ਗਵਾਹ ਸੇਵਕ ਯਿਸੂ ਨਾਲ ਸਹਿਮਤ ਹੁੰਦੇ ਹਨ ਜਿਸ ਨੇ ਕਿਹਾ ਸੀ: “ਲੈਣ ਨਾਲੋਂ ਦੇਣਾ ਹੀ ਮੁਬਾਰਕ ਹੈ।” (ਰਸੂਲਾਂ ਦੇ ਕਰਤੱਬ 20:35) ਉਹ ਇਹ ਵੀ ਸਾਬਤ ਕਰਦੇ ਹਨ ਕਿ ਸਭਨਾਂ ਨਾਲ ਭਲਾ ਕਰਨ ਦੀ ਬਾਈਬਲ ਦੀ ਸਲਾਹ ਉੱਤੇ ਚੱਲਣ ਨਾਲ ਸੱਚ-ਮੁੱਚ ਫ਼ਾਇਦਾ ਹੁੰਦਾ ਹੈ।—ਕਹਾਉਤਾਂ 11:25.

[ਫੁਟਨੋਟ]

^ ਪੈਰਾ 7 ਯਹੋਵਾਹ ਦੇ ਗਵਾਹਾਂ ਦੁਆਰਾ ਪ੍ਰਕਾਸ਼ਿਤ ਕਿਤਾਬ ਯਹੋਵਾਹ ਦੀ ਉਸਤਤੀ ਗਾਓ (ਅੰਗ੍ਰੇਜ਼ੀ) ਵਿਚ 85 ਨੰਬਰ ਗੀਤ ਦੇਖੋ।

[ਸਫ਼ੇ 8 ਉੱਤੇ ਤਸਵੀਰ]

ਵੈਨੇਜ਼ੁਏਲਾ

[ਸਫ਼ੇ 8 ਉੱਤੇ ਤਸਵੀਰ]

ਤਾਈਵਾਨ

[ਸਫ਼ੇ 8 ਉੱਤੇ ਤਸਵੀਰ]

ਮੋਜ਼ਾਮਬੀਕ