Skip to content

Skip to table of contents

ਧਰਮ ਕਮਾਓ, ਪਰਮੇਸ਼ੁਰ ਦੀ ਦਇਆ ਪਾਓ

ਧਰਮ ਕਮਾਓ, ਪਰਮੇਸ਼ੁਰ ਦੀ ਦਇਆ ਪਾਓ

ਧਰਮ ਕਮਾਓ, ਪਰਮੇਸ਼ੁਰ ਦੀ ਦਇਆ ਪਾਓ

“ਜਿਹੜਾ ਪਰਾਏ ਮਨੁੱਖ ਦਾ ਜ਼ਾਮਨ ਬਣੇ, ਉਹ ਵੱਡਾ ਦੁਖੀ ਹੋਵੇਗਾ, ਪਰ ਜਿਹੜਾ ਜ਼ਾਮਨੀ ਤੋਂ ਘਿਣ ਕਰੇ ਉਹ ਸੁਖੀ ਰਹੇਗਾ।” (ਕਹਾਉਤਾਂ 11:15) ਜੇ ਕੋਈ ਬੰਦਾ ਬਿਨਾਂ ਸੋਚੇ-ਸਮਝੇ ਕਿਸੇ ਦੀ ਜ਼ਮਾਨਤ ਭਰਦਾ ਹੈ, ਤਾਂ ਉਹ ਆਪਣੇ ਆਪ ਨੂੰ ਕਿੰਨੀ ਮੁਸੀਬਤ ਵਿਚ ਫਸਾਉਂਦਾ ਹੈ! ਪ੍ਰਾਚੀਨ ਇਸਰਾਏਲ ਵਿਚ ਜਦੋਂ ਕੋਈ ਕਿਸੇ ਦੀ ਜ਼ਮਾਨਤ ਭਰਦਾ ਸੀ, ਤਾਂ ਉਹ ਉਸ ਨਾਲ ਹੱਥ ਮਿਲਾ ਕੇ ਆਪਣੀ ਸਹਿਮਤੀ ਦਿਖਾਉਂਦਾ ਸੀ। ਪਰ ਇੱਥੇ ਪਰਾਏ ਬੰਦੇ ਲਈ ਜ਼ਮਾਨਤ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ ਤਾਂਕਿ ਉਸ ਦਾ ਕਰਜ਼ਾ ਤੁਹਾਡੇ ਸਿਰ ਨਾ ਆ ਪਵੇ। ਇਹ ਛੋਟੀ ਜਿਹੀ ਕਹਾਵਤ ਕਿੰਨੀ ਚੰਗੀ ਤਰ੍ਹਾਂ ਦੱਸਦੀ ਹੈ ਕਿ ਸਾਨੂੰ ਇਸ ਮਾਮਲੇ ਵਿਚ ਸੋਚ-ਸਮਝ ਕੇ ਕਦਮ ਚੁੱਕਣੇ ਚਾਹੀਦੇ ਹਨ!

ਇੱਥੇ ਬਾਈਬਲ ਦਾ ਇਹ ਅਸੂਲ ਸਾਫ਼ ਨਜ਼ਰ ਆਉਂਦਾ ਹੈ ਕਿ “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।” (ਗਲਾਤੀਆਂ 6:7) ਹੋਸ਼ੇਆ ਨਬੀ ਨੇ ਕਿਹਾ: “ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ।” (ਹੋਸ਼ੇਆ 10:12) ਜੀ ਹਾਂ, ਪਰਮੇਸ਼ੁਰ ਦੇ ਰਾਹਾਂ ਉੱਤੇ ਚੱਲ ਕੇ ਧਾਰਮਿਕਤਾ ਬੀਜੀ ਜਾ ਸਕਦੀ ਹੈ ਜਿਸ ਨਾਲ ਅਸੀਂ ਪਰਮੇਸ਼ੁਰ ਦੀ ਪ੍ਰੇਮ-ਭਰੀ ਦਇਆ ਪਾ ਸਕਦੇ ਹਾਂ। ਇਸ ਅਸੂਲ ਨੂੰ ਵਾਰ-ਵਾਰ ਵਰਤ ਕੇ ਰਾਜਾ ਸੁਲੇਮਾਨ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸਾਡਾ ਬੋਲਚਾਲ ਅਤੇ ਰਵੱਈਆ ਸਹੀ ਹੋਣਾ ਚਾਹੀਦਾ ਹੈ। ਬੁੱਧੀਮਤਾ ਨਾਲ ਭਰੀਆਂ ਉਸ ਦੀਆਂ ਗੱਲਾਂ ਵੱਲ ਪੂਰਾ ਧਿਆਨ ਦੇ ਕੇ ਸਾਨੂੰ ਧਰਮ ਕਮਾਉਣ ਦਾ ਜ਼ਰੂਰ ਹੌਸਲਾ ਮਿਲੇਗਾ।—ਕਹਾਉਤਾਂ 11:15-31.

ਦਇਆਵਾਨਾਂ ਦਾ ਆਦਰ ਹੁੰਦਾ ਹੈ

ਬੁੱਧੀਮਾਨ ਰਾਜੇ ਨੇ ਕਿਹਾ ਕਿ “ਦਯਾਵਾਨ ਤੀਵੀਂ ਦਾ ਆਦਰ ਹੁੰਦਾ ਹੈ, ਅਤੇ ਭਿਆਣਕ ਪੁਰਸ਼ਾਂ ਨੂੰ ਧਨ ਹੀ ਪ੍ਰਾਪਤ ਹੁੰਦਾ ਹੈ।” (ਕਹਾਉਤਾਂ 11:16) ਇਹ ਆਇਤ ਇਕ ਦਇਆਵਾਨ ਤੀਵੀਂ ਨੂੰ ਮਿਲਣ ਵਾਲੇ ਆਦਰ ਅਤੇ ਜ਼ਾਲਮ ਮਨੁੱਖ ਦੇ ਪ੍ਰਾਪਤ ਧਨ ਵਿਚ ਫ਼ਰਕ ਦਿਖਾਉਂਦੀ ਹੈ।

ਅਸੀਂ ਦੂਜਿਆਂ ਉੱਤੇ ਦਇਆ ਕਿਵੇਂ ਕਰ ਸਕਦੇ ਹਾਂ ਜਿਸ ਕਰਕੇ ਉਹ ਸਾਡਾ ਆਦਰ ਕਰਨਗੇ? ਸੁਲੇਮਾਨ ਨੇ ਸਲਾਹ ਦਿੱਤੀ: ‘ਦਨਾਈ ਅਤੇ ਸੋਝੀ ਨੂੰ ਸਾਂਭ ਕੇ ਰੱਖ, ਓਹ ਤੇਰੇ ਗਲ ਲਈ ਸਿੰਗਾਰ ਹੋਣਗੀਆਂ।’ (ਕਹਾਉਤਾਂ 3:21, 22) ਜ਼ਬੂਰਾਂ ਦੇ ਲਿਖਾਰੀ ਨੇ ਵੀ ‘ਪਾਤਸ਼ਾਹ ਦੇ ਬੁੱਲ੍ਹਾਂ ਵਿੱਚ ਦਯਾ ਡੋਹਲੀ’ ਜਾਣ ਦਾ ਜ਼ਿਕਰ ਕੀਤਾ। (ਜ਼ਬੂਰ 45:1, 2) ਇਸ ਤੋਂ ਪਤਾ ਲੱਗਦਾ ਹੈ ਕਿ ਜੇ ਅਸੀਂ ਸਮਝਦਾਰੀ ਵਰਤਦੇ ਹਾਂ ਤੇ ਆਪਣੀ ਜ਼ਬਾਨ ਨੂੰ ਸਹੀ ਤਰੀਕੇ ਨਾਲ ਵਰਤਦੇ ਹਾਂ, ਤਾਂ ਇਸ ਨਾਲ ਸਾਡੀ ਸ਼ਖ਼ਸੀਅਤ ਅਤੇ ਸੁੰਦਰਤਾ ਵਧਦੀ ਹੈ। ਸਮਝਦਾਰ ਤੀਵੀਂ ਨਾਲ ਇਸੇ ਤਰ੍ਹਾਂ ਹੁੰਦਾ ਹੈ। ਅਬੀਗੈਲ ਇਸ ਦੀ ਇਕ ਬਿਹਤਰੀਨ ਮਿਸਾਲ ਹੈ ਜਿਸ ਦਾ ਪਤੀ ਨਾਬਾਲ ਇਕ ਮੂਰਖ ਬੰਦਾ ਸੀ। ਅਬੀਗੈਲ “ਵੱਡੀ ਸਿਆਣੀ ਅਤੇ ਰੂਪਵੰਤ ਸੀ” ਅਤੇ ਰਾਜਾ ਦਾਊਦ ਨੇ ਉਸ ਦੀ “ਮੱਤ” ਦੀ ਸਿਫ਼ਤ ਕੀਤੀ ਸੀ।—1 ਸਮੂਏਲ 25:3, 33.

ਇਕ ਧਰਮੀ ਅਤੇ ਦਇਆਵਾਨ ਤੀਵੀਂ ਨੂੰ ਆਦਰ ਜ਼ਰੂਰ ਮਿਲਦਾ ਹੈ। ਉਸ ਦੀ ਨੇਕਨਾਮੀ ਹੁੰਦੀ ਹੈ। ਜੇ ਉਹ ਸ਼ਾਦੀ-ਸ਼ੁਦਾ ਹੈ, ਤਾਂ ਉਹ ਆਪਣੇ ਪਤੀ ਦੀਆਂ ਨਜ਼ਰਾਂ ਵਿਚ ਆਦਰ ਪਾਉਂਦੀ ਹੈ। ਦਰਅਸਲ ਉਸ ਦੇ ਪੂਰੇ ਪਰਿਵਾਰ ਦਾ ਆਦਰ ਹੁੰਦਾ। ਅਤੇ ਉਹ ਦਾ ਸਿਰਫ਼ ਥੋੜ੍ਹੇ ਚਿਰ ਲਈ ਆਦਰ ਨਹੀਂ ਕੀਤਾ ਜਾਂਦਾ। “ਵੱਡੇ ਧਨ ਨਾਲੋਂ ਨੇਕ ਨਾਮੀ ਚੁਣਨੀ ਚਾਹੀਦੀ ਹੈ, ਅਤੇ ਸੋਨੇ ਚਾਂਦੀ ਨਾਲੋਂ ਕਿਰਪਾ ਚੰਗੀ ਹੈ।” (ਕਹਾਉਤਾਂ 22:1) ਪਰਮੇਸ਼ੁਰ ਨਾਲ ਉਸ ਦੀ ਨੇਕਨਾਮੀ ਹਮੇਸ਼ਾ ਲਈ ਕਾਇਮ ਰਹੇਗੀ।

ਦੂਜੇ ਪਾਸੇ, ਇਕ ਭਿਆਨਕ ਅਤੇ ਜ਼ਾਲਮ ਆਦਮੀ ਦੀ ਹਾਲਤ ਇਸ ਤੋਂ ਉਲਟ ਹੁੰਦੀ ਹੈ। ਜ਼ਾਲਮ ਆਦਮੀ ਯਹੋਵਾਹ ਦੇ ਸੇਵਕਾਂ ਦੇ ਵਿਰੋਧੀਆਂ ਵਿਚ ਗਿਣਿਆ ਜਾਂਦਾ ਹੈ। (ਅੱਯੂਬ 6:23; 27:13) ਅਜਿਹਾ ਆਦਮੀ ‘ਪਰਮੇਸ਼ੁਰ ਨੂੰ ਆਪਣੇ ਸਨਮੁਖ ਨਹੀਂ ਰੱਖਦਾ।’ (ਜ਼ਬੂਰ 54:3) ਅਜਿਹਾ ਮਨੁੱਖ ਮਾਸੂਮ ਲੋਕਾਂ ਉੱਤੇ ਜ਼ੁਲਮ ਅਤੇ ਬੇਈਮਾਨੀ ਕਰ ਕੇ ਸ਼ਾਇਦ “ਖ਼ਾਕ ਵਾਂਙੁ ਚਾਂਦੀ ਦੇ ਢੇਰ ਲਾ ਲਵੇ।” (ਅੱਯੂਬ 27:16) ਪਰ ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਦਿਨ ਸੁੱਤਾ ਹੀ ਰਹਿ ਜਾਵੇ, ਜਾਂ ਕੋਈ ਵੀ ਦਿਨ ਉਸ ਦੀ ਜ਼ਿੰਦਗੀ ਦਾ ਆਖ਼ਰੀ ਦਿਨ ਹੋ ਸਕਦਾ ਹੈ। (ਅੱਯੂਬ 27:19) ਫਿਰ ਉਸ ਦੀ ਦੌਲਤ ਅਤੇ ਉਸ ਦੇ ਕੰਮਾਂ ਦਾ ਕੋਈ ਫ਼ਾਇਦਾ ਨਹੀਂ ਹੋਵੇਗਾ।—ਲੂਕਾ 12:16-21.

ਕਹਾਉਤਾਂ 11:16 ਤੋਂ ਅਸੀਂ ਕਿੰਨਾ ਜ਼ਰੂਰੀ ਸਬਕ ਸਿੱਖਦੇ ਹਾਂ! ਇਸਰਾਏਲ ਦੇ ਰਾਜੇ ਨੇ ਦਇਆ ਅਤੇ ਜ਼ੁਲਮ ਕਰਨ ਦੇ ਨਤੀਜਿਆਂ ਬਾਰੇ ਸਮਝਾਉਂਦੇ ਹੋਏ ਧਾਰਮਿਕਤਾ ਕਮਾਉਣ ਉੱਤੇ ਜ਼ੋਰ ਦਿੱਤਾ।

“ਦਿਆਲੂ” ਹੋਣ ਦਾ ਫਲ

ਦੂਸਰਿਆਂ ਨਾਲ ਦਿਆਲੂ ਹੋਣ ਬਾਰੇ ਇਕ ਹੋਰ ਸਬਕ ਸਿਖਾਉਂਦੇ ਹੋਏ ਸੁਲੇਮਾਨ ਨੇ ਕਿਹਾ: “ਦਿਆਲੂ ਮਨੁੱਖ ਆਪਣੀ ਜਾਨ ਦਾ ਭਲਾ ਕਰਦਾ ਹੈ, ਪਰ ਜਿਹੜਾ ਨਿਰਦਈ ਹੈ ਉਹ ਆਪਣੇ ਹੀ ਸਰੀਰ ਨੂੰ ਦੁਖ ਦਿੰਦਾ ਹੈ।” (ਕਹਾਉਤਾਂ 11:17) ਇਕ ਵਿਦਵਾਨ ਕਹਿੰਦਾ ਹੈ ਕਿ “ਇਸ ਕਹਾਵਤ ਦਾ ਮਤਲਬ ਇਹੀ ਹੈ ਕਿ ਹੋਰਨਾਂ ਨਾਲ ਸਾਡਾ ਸਲੂਕ, ਚਾਹੇ ਚੰਗਾ ਹੋਵੇ ਜਾਂ ਮਾੜਾ, ਉਸ ਦਾ ਅਸਰ ਖ਼ੁਦ ਸਾਡੇ ਉੱਤੇ ਪੈਂਦਾ ਹੈ।” ਮਿਸਾਲ ਲਈ, ਲੀਸਾ ਨਾਂ ਦੀ ਇਕ ਮੁਟਿਆਰ ਹਰ ਕੰਮ ਹਮੇਸ਼ਾ ਦੇਰ ਨਾਲ ਕਰਦੀ ਹੈ ਭਾਵੇਂ ਕਿ ਉਹ ਇਸ ਤਰ੍ਹਾਂ ਜਾਣ-ਬੁੱਝ ਕੇ ਨਹੀਂ ਕਰਦੀ। * ਪ੍ਰਚਾਰ ਵਿਚ ਉਹ ਹਮੇਸ਼ਾ ਅੱਧਾ-ਪੌਣਾ ਘੰਟਾ ਲੇਟ ਹੀ ਆਉਂਦੀ ਹੈ। ਇਸ ਤਰ੍ਹਾਂ ਕਰਕੇ ਲੀਸਾ ਆਪਣਾ ਹੀ ਨੁਕਸਾਨ ਕਰ ਰਹੀ ਹੈ। ਕੀ ਇਹ ਦੂਸਰਿਆਂ ਦਾ ਕਸੂਰ ਹੈ ਜੇ ਉਹ ਉਸ ਦੀ ਉਡੀਕ ਕਰਦਿਆਂ ਆਪਣਾ ਸਮਾਂ ਬਰਬਾਦ ਕਰਨ ਤੋਂ ਅੱਕ ਜਾਂਦੇ ਹਨ ਅਤੇ ਅਗਾਹਾਂ ਨੂੰ ਉਸ ਨਾਲ ਪ੍ਰਚਾਰ ਕਰਨ ਤੋਂ ਇਨਕਾਰ ਕਰਦੇ ਹਨ?

ਜਿਹੜਾ ਵਿਅਕਤੀ ਹਰ ਕੀਮਤ ਤੇ ਸਫ਼ਲ ਹੋਣਾ ਚਾਹੁੰਦਾ ਹੈ, ਉਹ ਵੀ ਆਪਣਾ ਹੀ ਨੁਕਸਾਨ ਕਰਦਾ ਹੈ। ਉਹ ਹਮੇਸ਼ਾ ਆਪਣੀ ਕਾਬਲੀਅਤ ਤੋਂ ਬਾਹਰ ਟੀਚੇ ਰੱਖਦਾ ਹੈ, ਇਸ ਲਈ ਥਕਾਵਟ ਅਤੇ ਨਿਰਾਸ਼ਾ ਹੀ ਉਸ ਦੇ ਪੱਲੇ ਪੈਂਦੀ। ਦੂਸਰੇ ਪਾਸੇ, ਜੇ ਅਸੀਂ ਅਜਿਹੇ ਟੀਚੇ ਰੱਖੀਏ ਜਿਨ੍ਹਾਂ ਨੂੰ ਅਸੀਂ ਹਾਸਲ ਕਰ ਸਕਾਂਗੇ, ਤਾਂ ਇਸ ਵਿਚ ਸਾਡਾ ਆਪਣਾ ਹੀ ਭਲਾ ਹੈ। ਸ਼ਾਇਦ ਹੋਰਨਾਂ ਵਾਂਗ ਅਸੀਂ ਜਲਦੀ ਕੋਈ ਗੱਲ ਨਹੀਂ ਸਮਝ ਸਕਦੇ। ਜਾਂ ਹੋ ਸਕਦਾ ਹੈ ਕਿ ਬੀਮਾਰੀ ਜਾਂ ਬੁਢੇਪੇ ਦੇ ਕਾਰਨ ਅਸੀਂ ਬਹੁਤ ਕੁਝ ਨਹੀਂ ਕਰ ਸਕਦੇ। ਸਾਨੂੰ ਆਪਣੀ ਰੂਹਾਨੀ ਤਰੱਕੀ ਕਰਕੇ ਨਿਰਾਸ਼ ਨਹੀਂ ਹੋਣਾ ਚਾਹੀਦਾ, ਪਰ ਹਮੇਸ਼ਾ ਆਪਣੀਆਂ ਹੱਦਾਂ ਅਨੁਸਾਰ ਆਪਣੇ ਟੀਚੇ ਰੱਖਣੇ ਚਾਹੀਦੇ ਹਨ। ਅਸੀਂ ਉਦੋਂ ਬੜੇ ਖ਼ੁਸ਼ ਹੁੰਦੇ ਹਾਂ ਜਦੋਂ ਅਸੀਂ ਆਪਣੀਆਂ ਯੋਗਤਾਵਾਂ ਦੇ ਅਨੁਸਾਰ ਪੂਰਾ ‘ਜਤਨ ਕਰਦੇ’ ਹਾਂ।—2 ਤਿਮੋਥਿਉਸ 2:15.

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਕਿ ਇਕ ਧਰਮੀ ਵਿਅਕਤੀ ਆਪਣਾ ਭਲਾ ਕਰਦਾ ਹੈ, ਪਰ ਨਿਰਦਈ ਆਪਣਾ ਨੁਕਸਾਨ ਕਰਦਾ ਹੈ, ਬੁੱਧੀਮਾਨ ਰਾਜੇ ਨੇ ਕਿਹਾ: “ਦੁਸ਼ਟ ਝੂਠੀ ਮਜੂਰੀ ਲੈਂਦਾ ਹੈ, ਪਰ ਜਿਹੜਾ ਧਰਮ ਬੀਜਦਾ ਹੈ ਉਹ ਨੂੰ ਸੱਚਾ ਫਲ ਮਿਲਦਾ ਹੈ। ਧਰਮ ਸੱਚ ਮੁੱਚ ਜੀਉਣ ਦੇ ਲਈ ਹੈ, ਪਰ ਜਿਹੜਾ ਬੁਰਿਆਈ ਦਾ ਪਿੱਛਾ ਕਰਦਾ ਹੈ ਆਪਣੀ ਮੌਤ ਲਈ ਕਰਦਾ ਹੈ। ਜਿਹੜੇ ਮਨ ਦੇ ਟੇਢੇ ਹਨ ਓਹਨਾਂ ਕੋਲੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਖਰੀ ਚਾਲ ਵਾਲਿਆਂ ਤੋਂ ਉਹ ਪਰਸੰਨ ਹੁੰਦਾ ਹੈ। ਇਹ ਪੱਕ ਮੰਨੋ ਭਈ ਡੰਨ ਬਿਨਾ ਦੁਸ਼ਟ ਨਾ ਛੁੱਟੇਗਾ, ਪਰ ਧਰਮੀ ਦੀ ਅੰਸ ਛੁਡਾਈ ਜਾਵੇਗੀ।”ਕਹਾਉਤਾਂ 11:18-21.

ਇਹ ਆਇਤਾਂ ਇਹੀ ਕਹਿ ਰਹੀਆਂ ਹਨ ਕਿ ਧਾਰਮਿਕਤਾ ਬੀਜੋ ਅਤੇ ਉਸ ਦਾ ਫਲ ਵੱਢੋ। ਦੁਸ਼ਟ ਸ਼ਾਇਦ ਧੋਖਾ ਦੇ ਕੇ ਜਾਂ ਜੂਆ ਖੇਡ ਕੇ ਬਿਨਾਂ ਮਿਹਨਤ ਪੈਸਾ ਕਮਾਉਣ ਦੀ ਕੋਸ਼ਿਸ਼ ਕਰੇ। ਅਜਿਹੀ ਕਮਾਈ ਖੋਟੀ ਹੈ ਅਤੇ ਇਸ ਦਾ ਨਤੀਜਾ ਸ਼ਾਇਦ ਨਿਰਾਸ਼ਾ ਹੋਵੇ। ਪਰ ਜਿਹੜਾ ਵਿਅਕਤੀ ਦਸਾਂ ਨਹੁੰਆਂ ਦੀ ਕਿਰਤ ਕਰਦਾ ਹੈ, ਉਹ ਦੀ ਕਮਾਈ ਸੱਚੀ ਹੁੰਦੀ ਹੈ। ਪਰਮੇਸ਼ੁਰ ਦੀ ਮਨਜ਼ੂਰੀ ਪਾ ਕੇ ਨਿਰਦੋਸ਼ ਲੋਕਾਂ ਕੋਲ ਸਦਾ ਲਈ ਜੀਉਣ ਦੀ ਉਮੀਦ ਹੈ। ਪਰ ਦੁਸ਼ਟ ਲੋਕਾਂ ਦਾ ਕੀ ਹੋਵੇਗਾ? ਦੁਸ਼ਟ ਲੋਕ ਭਾਵੇਂ ਕਿੰਨੀਆਂ ਵੀ ਜੁਗਤਾਂ ਕਿਉਂ ਨਾ ਘੜਦੇ ਰਹਿਣ, ਪਰ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ। (ਕਹਾਉਤਾਂ 2:21, 22) ਧਾਰਮਿਕਤਾ ਬੀਜਣ ਦੀ ਇਹ ਕਿੰਨੀ ਵਧੀਆ ਸਲਾਹ ਹੈ!

ਸਮਝਦਾਰ ਵਿਅਕਤੀ ਦੀ ਅਸਲੀ ਸੁੰਦਰਤਾ

ਸੁਲੇਮਾਨ ਨੇ ਅੱਗੇ ਕਿਹਾ: “ਸੂਰ ਦੇ ਨੱਕ ਵਿੱਚ ਸੋਨੇ ਦੀ ਨੱਥ,—ਰੂਪਵੰਤ ਇਸਤ੍ਰੀ ਜੋ ਬਿਬੇਕਹੀਨ ਹੈ ਇਹੋ ਜਿਹੀ ਹੈ।” (ਕਹਾਉਤਾਂ 11:22) ਬਾਈਬਲ ਦੇ ਜ਼ਮਾਨੇ ਵਿਚ ਔਰਤਾਂ ਆਮ ਹੀ ਨੱਕ ਵਿਚ ਨੱਥ ਪਾਇਆ ਕਰਦੀਆਂ ਸਨ ਤੇ ਇਹ ਗਹਿਣਾ ਸਭ ਨੂੰ ਨਜ਼ਰ ਆਉਂਦਾ ਸੀ। ਇਹੀ ਸੁੰਦਰ ਗਹਿਣਾ ਇਕ ਸੂਰ ਦੇ ਨੱਕ ਵਿਚ ਪਾਇਆ ਕਿੰਨਾ ਭੱਦਾ ਲੱਗਦਾ ਹੈ! ਇਹੀ ਗੱਲ ਉਸ ਸੁੰਦਰ ਵਿਅਕਤੀ ਬਾਰੇ ਸੱਚ ਹੈ ਜੋ “ਬਿਬੇਕਹੀਨ” ਯਾਨੀ ਨਿਰਬੁੱਧ ਹੁੰਦਾ ਹੈ। ਅਜਿਹੇ ਨਾਸਮਝ ਬੰਦੇ ਦੇ ਕੋਈ ਵੀ ਗਹਿਣਾ ਨਹੀਂ ਸੱਜਦਾ ਤੇ ਉਹ ਵਿਅਕਤੀ ਸਾਨੂੰ ਨਹੀਂ ਭਾਉਂਦਾ।

ਇਹ ਸੱਚ ਹੈ ਕਿ ਅਸੀਂ ਫ਼ਿਕਰ ਕਰਦੇ ਹਾਂ ਕਿ ਦੂਸਰਿਆਂ ਨੂੰ ਸਾਡੀ ਸ਼ਕਲ-ਸੂਰਤ ਕਿਸ ਤਰ੍ਹਾਂ ਦੀ ਲੱਗਦੀ ਹੈ। ਪਰ ਆਪਣੀ ਸ਼ਕਲ-ਸੂਰਤ ਬਾਰੇ ਜ਼ਿਆਦਾ ਵੀ ਫ਼ਿਕਰ ਕਰਨ ਦੀ ਕੀ ਲੋੜ ਹੈ? ਅਸੀਂ ਆਪਣੇ ਨੈਣ-ਨਕਸ਼ ਤਾਂ ਬਦਲ ਨਹੀਂ ਸਕਦੇ। ਅਤੇ ਰੰਗ-ਰੂਪ ਹੀ ਸਭ ਕੁਝ ਨਹੀਂ ਹੈ। ਕੀ ਇਹ ਸੱਚ ਨਹੀਂ ਹੈ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਪਸੰਦ ਕਰਦੇ ਹਾਂ ਉਹ ਆਮ ਤੌਰ ਤੇ ਸਾਧਾਰਣ ਸ਼ਕਲ-ਸੂਰਤ ਵਾਲੇ ਹੀ ਹੁੰਦੇ ਹਨ? ਰੰਗ-ਰੂਪ ਤੋਂ ਸਾਨੂੰ ਸੱਚੀ ਖ਼ੁਸ਼ੀ ਨਹੀਂ ਮਿਲਦੀ। ਸਭ ਤੋਂ ਜ਼ਰੂਰੀ ਗੱਲ ਤਾਂ ਇਹ ਹੈ ਕਿ ਅਸੀਂ ਪਰਮੇਸ਼ੁਰ ਵਰਗੇ ਗੁਣ ਪੈਦਾ ਕਰ ਕੇ ਅੰਦਰੋਂ ਸੁੰਦਰ ਬਣੀਏ। ਉਮੀਦ ਹੈ ਕਿ ਅਸੀਂ ਸਮਝਦਾਰੀ ਵਰਤਾਂਗੇ ਅਤੇ ਅਜਿਹੇ ਗੁਣ ਜ਼ਰੂਰ ਪੈਦਾ ਕਰਾਂਗੇ।

“ਸਖੀ ਜਨ ਮੋਟਾ ਹੋ ਜਾਵੇਗਾ”

ਰਾਜਾ ਸੁਲੇਮਾਨ ਨੇ ਅੱਗੇ ਕਿਹਾ: “ਧਰਮੀ ਦਾ ਮਨੋਰਥ ਨੇਕ ਹੀ ਹੈ, ਪਰ ਦੁਸ਼ਟ ਦੀ ਉਡੀਕ ਕਹਿਰ ਹੈ। ਕੋਈ ਤਾਂ ਵੰਡਦਾ ਹੈ ਫੇਰ ਵੀ ਉਹ ਦਾ ਮਾਲ ਵਧਦਾ ਹੈ, ਅਤੇ ਕੋਈ ਜੋਗ ਖਰਚ ਤੋਂ ਸਰਫਾ ਕਰਦਾ ਹੈ ਤੇ ਕੰਗਾਲ ਹੀ ਰਹਿੰਦਾ ਹੈ।”ਕਹਾਉਤਾਂ 11:23, 24.

ਜਿਉਂ-ਜਿਉਂ ਅਸੀਂ ਪਰਮੇਸ਼ੁਰ ਦੇ ਸ਼ਬਦ ਦਾ ਗਿਆਨ ਵੰਡਦੇ ਹਾਂ, ਅਸੀਂ ਆਪ ਉਸ ਦੀ “ਚੁੜਾਈ, ਲੰਬਾਈ, ਉਚਾਈ ਅਤੇ ਡੁੰਘਾਈ” ਨੂੰ ਜ਼ਿਆਦਾ ਸਮਝਦੇ ਹਾਂ। (ਅਫ਼ਸੀਆਂ 3:18) ਪਰ ਜਿਹੜਾ ਆਪਣਾ ਗਿਆਨ ਨਹੀਂ ਵਰਤਦਾ, ਉਸ ਨੂੰ ਉਹ ਗਿਆਨ ਗੁਆ ਬੈਠਣ ਦਾ ਖ਼ਤਰਾ ਹੁੰਦਾ ਹੈ। ਜੀ ਹਾਂ, “ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੇਗਾ ਅਤੇ ਜਿਹੜਾ ਖੁਲ੍ਹੇ ਦਿਲ ਬੀਜਦਾ ਹੈ ਉਹ ਖੁਲ੍ਹੇ ਦਿਲ ਵੱਢੇਗਾ।”—2 ਕੁਰਿੰਥੀਆਂ 9:6.

ਰਾਜੇ ਨੇ ਅੱਗੇ ਕਿਹਾ: “ਸਖੀ ਜਨ ਮੋਟਾ ਹੋ ਜਾਵੇਗਾ, ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ।” (ਕਹਾਉਤਾਂ 11:25) ਜਦੋਂ ਅਸੀਂ ਖੁੱਲ੍ਹੇ ਦਿਲ ਨਾਲ ਆਪਣਾ ਸਾਰਾ ਕੁਝ ਪਰਮੇਸ਼ੁਰ ਦੀ ਸੇਵਾ ਵਿਚ ਲਾਉਂਦੇ ਹਾਂ, ਤਾਂ ਯਹੋਵਾਹ ਸਾਡੇ ਨਾਲ ਖ਼ੁਸ਼ ਹੁੰਦਾ ਹੈ। (ਇਬਰਾਨੀਆਂ 13:15, 16) ਉਹ ‘ਸਾਡੇ ਲਈ ਅਕਾਸ਼ ਦੀਆਂ ਖਿੜਕੀਆਂ ਖੋਲ੍ਹਦਾ ਹੈ ਭਈ ਸਾਡੇ ਲਈ ਬਰਕਤ ਵਰ੍ਹਾਵੇ ਏਥੋਂ ਤੀਕ ਕਿ ਉਹ ਦੇ ਲਈ ਥਾਂ ਨਾ ਹੋਵੇ!’ (ਮਲਾਕੀ 3:10) ਜ਼ਰਾ ਦੇਖੋ ਕਿ ਅੱਜ ਉਸ ਦੇ ਸੇਵਕ ਰੂਹਾਨੀ ਤੌਰ ਤੇ ਕਿੰਨੇ ਖ਼ੁਸ਼ਹਾਲ ਹਨ!

ਧਰਮੀ ਅਤੇ ਦੁਸ਼ਟ ਲੋਕਾਂ ਦੀਆਂ ਇੱਛਾਵਾਂ ਵਿਚ ਵੱਡਾ ਫ਼ਰਕ ਦਰਸਾਉਣ ਲਈ ਸੁਲੇਮਾਨ ਨੇ ਇਕ ਹੋਰ ਮਿਸਾਲ ਦਿੱਤੀ: “ਜਿਹੜਾ ਅਨਾਜ ਨੂੰ ਦੱਬ ਛੱਡਦਾ ਹੈ ਉਹ ਨੂੰ ਤਾਂ ਲੋਕ ਫਿਟਕਾਰ ਦਿੰਦੇ ਹਨ, ਪਰ ਜਿਹੜਾ ਵੇਚ ਛੱਡਦਾ ਹੈ ਉਹ ਦੇ ਸਿਰ ਨੂੰ ਅਸੀਸਾਂ ਦਿੰਦੇ ਹਨ।” (ਕਹਾਉਤਾਂ 11:26) ਇਕ ਬੰਦਾ ਸਸਤੇ ਭਾਅ ਤੇ ਚੀਜ਼ਾਂ ਖ਼ਰੀਦ ਕੇ ਉਨ੍ਹਾਂ ਦਾ ਉਦੋਂ ਤਕ ਭੰਡਾਰ ਲਗਾਈ ਰੱਖਦਾ ਹੈ ਜਦ ਤਕ ਉਨ੍ਹਾਂ ਦੀ ਕਮੀ ਨਾ ਹੋਵੇ। ਫਿਰ ਉਹ ਉਨ੍ਹਾਂ ਨੂੰ ਮਹਿੰਗੇ ਭਾਅ ਤੇ ਵੇਚ ਕੇ ਲਾਹਾ ਲੈਂਦਾ ਹੈ। ਭੰਡਾਰ ਲਾਉਣ ਜਾਂ ਸੰਜਮ ਵਰਤਣ ਵਿਚ ਕੋਈ ਬੁਰਾਈ ਨਹੀਂ। ਪਰ ਆਮ ਤੌਰ ਤੇ ਲੋਕ ਅਜਿਹੇ ਵਿਅਕਤੀ ਨਾਲ ਉਸ ਦੀ ਖ਼ੁਦਗਰਜ਼ੀ ਕਾਰਨ ਨਫ਼ਰਤ ਕਰਦੇ ਹਨ। ਦੂਜੇ ਪਾਸੇ, ਜਿਹੜਾ ਸੰਕਟ ਦੇ ਵੇਲੇ ਵੱਡਾ ਨਫ਼ਾ ਕਮਾਉਣ ਤੋਂ ਪਿੱਛੇ ਹਟਦਾ ਹੈ, ਉਹ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਹੁੰਦਾ ਹੈ।

ਸਹੀ ਕੰਮ ਕਰਦੇ ਰਹਿਣ ਦੀ ਪ੍ਰੇਰਣਾ ਦਿੰਦੇ ਹੋਏ ਇਸਰਾਏਲ ਦੇ ਰਾਜੇ ਨੇ ਕਿਹਾ: “ਜਿਹੜਾ ਉੱਦਮ ਨਾਲ ਭਲਿਆਈ ਨੂੰ ਭਾਲਦਾ, ਉਹ ਪਰਸੰਨਤਾ ਨੂੰ ਲੱਭਦਾ ਹੈ, ਪਰ ਜਿਹੜਾ ਬੁਰਿਆਈ ਨੂੰ ਢੂੰਡਦਾ ਹੈ, ਉਹੀ ਉਸ ਉੱਤੇ ਆ ਪਵੇਗੀ। ਜਿਹੜਾ ਆਪਣੇ ਧਨ ਉੱਤੇ ਆਸਰਾ ਰੱਖਦਾ ਹੈ ਉਹ ਡਿੱਗ ਪਵੇਗਾ, ਪਰ ਧਰਮੀ ਹਰੇ ਪੱਤੇ ਵਾਂਙੁ ਲਹਿਲਹਾਉਣਗੇ।”ਕਹਾਉਤਾਂ 11:27, 28.

ਬੁੱਧਵਾਨ ਵਿਅਕਤੀ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ

ਇਸ ਗੱਲ ਦੀ ਉਦਾਹਰਣ ਦਿੰਦੇ ਹੋਏ ਕਿ ਬੁਰੇ ਕੰਮ ਦਾ ਬੁਰਾ ਨਤੀਜਾ ਨਿਕਲਦਾ ਹੈ, ਸੁਲੇਮਾਨ ਨੇ ਅੱਗੇ ਕਿਹਾ: “ਜਿਹੜਾ ਆਪਣੇ ਟੱਬਰ ਨੂੰ ਦੁਖੀ ਕਰਦਾ ਹੈ ਉਹ ਹਵਾ ਨੂੰ ਵਿਰਸੇ ਵਿੱਚ ਲਵੇਗਾ।” (ਕਹਾਉਤਾਂ 11:29ੳ) ਆਕਾਨ ਦੇ ਪਾਪ ਕਰਕੇ ਉਸ ਉੱਤੇ ‘ਦੁਖ ਆਇਆ’ ਸੀ ਅਤੇ ਉਸ ਨੂੰ ਤੇ ਉਸ ਦੇ ਪਰਿਵਾਰ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ ਸੀ। (ਯਹੋਸ਼ੁਆ, ਅਧਿਆਇ 7) ਅੱਜ, ਇਕ ਮਸੀਹੀ ਪਰਿਵਾਰ ਦਾ ਮੁਖੀਆ ਅਤੇ ਉਸ ਦਾ ਪਰਿਵਾਰ ਕੋਈ ਗ਼ਲਤ ਕੰਮ ਕਰ ਸਕਦਾ ਹੈ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਮਸੀਹੀ ਕਲੀਸਿਯਾ ਵਿੱਚੋਂ ਛੇਕਿਆ ਜਾਂਦਾ ਹੈ। ਅਜਿਹਾ ਮੁਖੀਆ ਆਪਣੇ ਹੀ ਘਰ ਉੱਤੇ ਦੁੱਖ ਲਿਆਉਂਦਾ ਹੈ ਕਿਉਂਕਿ ਉਸ ਨੇ ਆਪ ਪਰਮੇਸ਼ੁਰ ਦੇ ਹੁਕਮ ਨਹੀਂ ਮੰਨੇ ਅਤੇ ਆਪਣੇ ਪਰਿਵਾਰ ਨੂੰ ਗ਼ਲਤ ਕੰਮ ਕਰਨ ਤੋਂ ਨਹੀਂ ਰੋਕਿਆ। ਉਹ ਅਤੇ ਸ਼ਾਇਦ ਉਸ ਦਾ ਪਰਿਵਾਰ ਵੀ ਅਪਰਾਧੀਆਂ ਵਜੋਂ ਮਸੀਹੀ ਸੰਗਤ ਵਿੱਚੋਂ ਕੱਢ ਦਿੱਤੇ ਜਾਣ। (1 ਕੁਰਿੰਥੀਆਂ 5:11-13) ਉਸ ਨੂੰ ਕੀ ਮਿਲੇਗਾ? ਸਿਰਫ਼ ਹਵਾ ਜੋ ਕਿਸੇ ਦੇ ਹੱਥ ਨਹੀਂ ਆਉਂਦੀ।

ਇਹ ਆਇਤ ਅੱਗੇ ਕਹਿੰਦੀ ਹੈ: “ਮੂਰਖ ਬੁੱਧਵਾਨ ਦਾ ਗੋੱਲਾ ਹੋਵੇਗਾ।” (ਕਹਾਉਤਾਂ 11:29ਅ) ਕਿਉਂਕਿ ਮੂਰਖ ਕੋਲ ਬੁੱਧ ਨਹੀਂ ਹੁੰਦੀ, ਇਸ ਲਈ ਉਸ ਨੂੰ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਜਾ ਸਕਦੀ। ਇਸ ਤੋਂ ਇਲਾਵਾ, ਉਸ ਨੂੰ ਆਪਣੀ ਮੂਰਖਤਾ ਕਰਕੇ ਸ਼ਾਇਦ ਦੂਜਿਆਂ ਦੇ ਅਧੀਨ ਕੰਮ ਕਰਨਾ ਪਵੇ। ਹੋ ਸਕਦਾ ਹੈ ਕਿ ਅਜਿਹਾ ਮੂਰਖ “ਬੁੱਧਵਾਨ ਦਾ ਗੋੱਲਾ” ਬਣ ਜਾਵੇ। ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਸਾਨੂੰ ਆਪਣੇ ਹਰੇਕ ਕੰਮ ਵਿਚ ਬੁੱਧੀਮਤਾ ਅਤੇ ਸਮਝ ਵਰਤਣੀ ਚਾਹੀਦੀ ਹੈ।

ਬੁੱਧੀਮਾਨ ਰਾਜਾ ਸਾਨੂੰ ਭਰੋਸਾ ਦਿਲਾਉਂਦਾ ਹੈ ਕਿ “ਧਰਮੀ ਦਾ ਫਲ ਜੀਉਣ ਦਾ ਬਿਰਛ ਹੈ, ਅਤੇ ਜਿਹੜਾ ਬੁੱਧਵਾਨ ਹੈ ਉਹ ਲੋਕਾਂ ਦੇ ਮਨਾਂ ਨੂੰ ਮੋਹ ਲੈਂਦਾ ਹੈ।” (ਕਹਾਉਤਾਂ 11:30) ਇਹ ਕਿਸ ਤਰ੍ਹਾਂ ਹੁੰਦਾ ਹੈ? ਇਕ ਧਰਮੀ ਵਿਅਕਤੀ ਆਪਣੇ ਬੋਲਚਾਲ ਰਾਹੀਂ ਦੂਸਰਿਆਂ ਨੂੰ ਰੂਹਾਨੀ ਤੌਰ ਤੇ ਤਾਜ਼ਗੀ ਦਿੰਦਾ ਹੈ। ਉਹ ਉਨ੍ਹਾਂ ਨੂੰ ਯਹੋਵਾਹ ਦੀ ਸੇਵਾ ਕਰਨ ਦਾ ਹੌਸਲਾ ਦਿੰਦਾ ਹੈ ਅਤੇ ਸ਼ਾਇਦ ਉਨ੍ਹਾਂ ਨੂੰ ਪਰਮੇਸ਼ੁਰ ਤੋਂ ਜੀਵਨ ਦੀ ਦਾਤ ਮਿਲੇ।

‘ਪਾਪੀ ਕਿੰਨਾ ਵਧੀਕ ਫਲ ਭੋਗਣਗੇ’

ਉੱਪਰ ਦਿੱਤੀਆਂ ਗਈਆਂ ਕਹਾਵਤਾਂ ਕਿੰਨੀ ਚੰਗੀ ਤਰ੍ਹਾਂ ਸਾਨੂੰ ਪ੍ਰੇਰਦੀਆਂ ਹਨ ਕਿ ਅਸੀਂ ਧਾਰਮਿਕਤਾ ਬੀਜੀਏ! “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ” ਦਾ ਅਸੂਲ ਇਕ ਹੋਰ ਤਰ੍ਹਾਂ ਲਾਗੂ ਕਰਦੇ ਹੋਏ ਸੁਲੇਮਾਨ ਨੇ ਕਿਹਾ: “ਵੇਖੋ, ਧਰਮੀ ਵੀ ਇਸ ਲੋਕ ਵਿੱਚ ਆਪਣਾ ਫਲ ਭੋਗਦੇ ਹਨ, ਤਾਂ ਦੁਸ਼ਟ ਅਤੇ ਪਾਪੀ ਕਿੰਨਾ ਵਧੀਕ ਭੋਗਣਗੇ!”ਕਹਾਉਤਾਂ 11:31.

ਭਾਵੇਂ ਕੋਈ ਧਰਮੀ ਬੰਦਾ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ, ਫਿਰ ਵੀ ਕਦੀ-ਕਦੀ ਉਹ ਗ਼ਲਤੀ ਕਰ ਬੈਠਦਾ ਹੈ। (ਉਪਦੇਸ਼ਕ ਦੀ ਪੋਥੀ 7:20) ਉਹ ਆਪਣੀ ਗ਼ਲਤੀ ਲਈ ‘ਫਲ ਭੋਗੇਗਾ’ ਯਾਨੀ ਉਸ ਨੂੰ ਸਜ਼ਾ ਮਿਲੇਗੀ। ਪਰ ਦੁਸ਼ਟ ਬਾਰੇ ਕੀ ਜੋ ਜਾਣ-ਬੁੱਝ ਕੇ ਬੁਰੇ ਰਸਤੇ ਚੱਲਦਾ ਹੈ ਅਤੇ ਨੇਕੀ ਦੇ ਰਾਹ ਉੱਤੇ ਚੱਲਣ ਦੀ ਕੋਸ਼ਿਸ਼ ਨਹੀਂ ਕਰਦਾ? ਕੀ ਉਹ ਵਧੀਕ “ਫਲ” ਨਹੀਂ ਭੋਗੇਗਾ ਯਾਨੀ ਉਸ ਨੂੰ ਸਖ਼ਤ ਸਜ਼ਾ ਨਹੀਂ ਮਿਲੇਗੀ? ਪਤਰਸ ਰਸੂਲ ਨੇ ਲਿਖਿਆ: “ਜੇ ਧਰਮੀ ਮਰ ਮਰ ਕੇ ਬਚਦਾ ਹੈ, ਤਾਂ ਭਗਤੀਹੀਣ ਅਤੇ ਪਾਪੀ ਦਾ ਕੀ ਠਿਕਾਣਾ?” (1 ਪਤਰਸ 4:18) ਤਾਂ ਫਿਰ ਆਓ ਆਪਾਂ ਪੱਕਾ ਇਰਾਦਾ ਕਰੀਏ ਕਿ ਅਸੀਂ ਆਪਣੇ ਲਈ ਹਮੇਸ਼ਾ ਧਰਮ ਬੀਜਣ ਦੀ ਕੋਸ਼ਿਸ਼ ਕਰਾਂਗੇ।

[ਫੁਟਨੋਟ]

^ ਪੈਰਾ 11 ਇੱਥੇ ਅਸਲੀ ਨਾਂ ਨਹੀਂ ਵਰਤਿਆ ਗਿਆ ਹੈ।

[ਸਫ਼ੇ 28 ਉੱਤੇ ਤਸਵੀਰ]

ਅਬੀਗੈਲ ਨੇ ‘ਦਯਾ’ ਕੀਤੀ ਜਿਸ ਕਾਰਨ ਉਸ ਨੂੰ “ਆਦਰ” ਮਿਲਿਆ

[ਸਫ਼ੇ 30 ਉੱਤੇ ਤਸਵੀਰਾਂ]

‘ਦੁਸ਼ਟ ਝੂਠੀ ਮਜੂਰੀ ਲੈਂਦਾ ਹੈ, ਪਰ ਧਰਮੀ ਨੂੰ ਸੱਚਾ ਫਲ ਮਿਲਦਾ ਹੈ’

[ਸਫ਼ੇ 31 ਉੱਤੇ ਤਸਵੀਰ]

‘ਖੁਲ੍ਹੇ ਦਿਲ ਬੀਜੋ, ਖੁਲ੍ਹੇ ਦਿਲ ਵੱਢੋ’