Skip to content

Skip to table of contents

ਨਰਕ ਦੀ ਅੱਗ—ਲੋਕ ਇਸ ਬਾਰੇ ਕੀ ਸੋਚਦੇ ਹਨ?

ਨਰਕ ਦੀ ਅੱਗ—ਲੋਕ ਇਸ ਬਾਰੇ ਕੀ ਸੋਚਦੇ ਹਨ?

ਨਰਕ ਦੀ ਅੱਗ—ਲੋਕ ਇਸ ਬਾਰੇ ਕੀ ਸੋਚਦੇ ਹਨ?

“ਨਰਕ” ਸ਼ਬਦ ਸੁਣ ਕੇ ਤੁਹਾਡੇ ਮਨ ਵਿਚ ਕੀ ਖ਼ਿਆਲ ਉੱਠਦੇ ਹਨ? ਕੀ ਤੁਹਾਡੇ ਅਨੁਸਾਰ ਨਰਕ ਇਕ ਐਸੀ ਜਗ੍ਹਾ ਹੈ ਜਿੱਥੇ ਅੱਗ ਵਿਚ ਲੋਕਾਂ ਨੂੰ ਸਦਾ ਲਈ ਤੜਫ਼ਾਇਆ ਜਾਂਦਾ ਹੈ? ਜਾਂ ਕੀ ਨਰਕ ਇਕ ਐਸਾ ਸ਼ਬਦ ਹੈ ਜੋ ਕਿਸੇ ਅਵਸਥਾ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ, ਪਰ ਕੋਈ ਭਿਆਨਕ ਅਸਲੀ ਜਗ੍ਹਾ ਨਹੀਂ ਹੈ?

ਸਦੀਆਂ ਤੋਂ ਈਸਾਈ-ਜਗਤ ਦੇ ਪਾਦਰੀ ਕਹਿੰਦੇ ਆਏ ਹਨ ਕਿ ਪਾਪੀ ਲੋਕ ਨਰਕ ਵਿਚ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਅੱਗ ਵਿਚ ਬੁਰੀ ਤਰ੍ਹਾਂ ਤੜਫ਼ਾਇਆ ਜਾਂਦਾ ਹੈ। ਕਈ ਹੋਰਨਾਂ ਧਰਮਾਂ ਵਿਚ ਵੀ ਇਹੀ ਮੰਨਿਆ ਜਾਂਦਾ ਹੈ। ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਨੇ ਦੱਸਿਆ ਕਿ “ਭਾਵੇਂ ਈਸਾਈ ਨਰਕ ਸ਼ਬਦ ਨੂੰ ਆਮ ਵਰਤਦੇ ਹਨ, ਪਰ ਇਹ ਵਿਚਾਰ ਸਿਰਫ਼ ਇਸੇ ਧਰਮ ਵਿਚ ਹੀ ਨਹੀਂ ਪਾਇਆ ਜਾਂਦਾ। ਸੰਸਾਰ ਦੇ ਲਗਭਗ ਸਾਰੇ ਧਰਮ, ਕੀ ਵੱਡੇ ਕੀ ਛੋਟੇ, ਸਭ ਇਹੀ ਮੰਨਦੇ ਹਨ ਕਿ ਪਾਪ ਕਰਨ ਵਾਲੇ ਇਨਸਾਨਾਂ ਨੂੰ ਮੌਤ ਤੋਂ ਬਾਅਦ ਨਰਕ ਵਿਚ ਸੁੱਟਿਆ ਜਾਂਦਾ ਹੈ।” ਹਿੰਦੂ, ਬੋਧੀ, ਮੁਸਲਮਾਨ, ਜੈਨ ਅਤੇ ਚੀਨੀ ਲੋਕ ਭਾਂਤ-ਭਾਂਤ ਦੇ ਨਰਕ ਵਿਚ ਵਿਸ਼ਵਾਸ ਕਰਦੇ ਹਨ।

ਪਰ ਅੱਜ-ਕੱਲ੍ਹ ਨਰਕ ਬਾਰੇ ਲੋਕਾਂ ਦੇ ਵਿਚਾਰ ਬਦਲ ਗਏ ਹਨ। ਉੱਪਰ ਜ਼ਿਕਰ ਕੀਤੇ ਗਏ ਰਸਾਲੇ ਨੇ ਲਿਖਿਆ: “ਜਦ ਕਿ ਹਾਲੇ ਵੀ ਕਾਫ਼ੀ ਲੋਕ ਨਰਕ ਦੀ ਅੱਗ ਵਿਚ ਵਿਸ਼ਵਾਸ ਕਰਦੇ ਹਨ, ਅੱਜ-ਕੱਲ੍ਹ ਲੋਕ ਇਹ ਵੀ ਵਿਸ਼ਵਾਸ ਕਰਨ ਲੱਗ ਪਏ ਹਨ ਕਿ ਨਰਕ ਦੀ ਅੱਗ ਵਰਗੀ ਕੋਈ ਚੀਜ਼ ਨਹੀਂ ਹੈ ਸਗੋਂ ਇਕ ਅਜਿਹੀ ਹਾਲਤ ਹੈ ਜਿੱਥੇ ਉਹ ਇਕੱਲੇ ਹੀ ਹੁੰਦੇ ਹਨ।”

ਇਕ ਕੈਥੋਲਿਕ ਰਸਾਲੇ ਨੇ ਕਿਹਾ ਕਿ “ਇਹ ਸੋਚਣਾ ਇਕ ਗ਼ਲਤਫ਼ਹਿਮੀ ਹੈ ਕਿ ਰੱਬ ਯਮਰਾਜ ਰਾਹੀਂ ਪਾਪੀ ਲੋਕਾਂ ਨੂੰ ਅੱਗ ਵਿਚ ਤੜਫ਼ਾਉਂਦਾ ਹੈ।” ਇਸ ਨੇ ਅੱਗੇ ਕਿਹਾ ਕਿ “ਨਰਕ ਇਕ ਜਗ੍ਹਾ ਨਹੀਂ ਹੈ ਪਰ ਇਕ ਅਵਸਥਾ ਹੈ, ਮਤਲਬ ਕਿ ਇਨਸਾਨ ਦੀ ਉਹ ਦੁੱਖ-ਭਰੀ ਅਵਸਥਾ ਜਿਸ ਵਿਚ ਉਹ ਪਰਮੇਸ਼ੁਰ ਤੋਂ ਅੱਡ ਹੋਇਆ ਹੁੰਦਾ ਹੈ।” ਸੰਨ 1999 ਵਿਚ ਪੋਪ ਜੌਨ ਪੌਲ ਦੂਜੇ ਨੇ ਕਿਹਾ ਸੀ ਕਿ “ਕਿਸੇ ਜਗ੍ਹਾ ਦੀ ਬਜਾਇ ਨਰਕ ਉਹ ਅਵਸਥਾ ਹੈ ਜਿਸ ਵਿਚ ਲੋਕ ਆਪਣੇ ਆਪ ਨੂੰ ਜ਼ਿੰਦਗੀ ਅਤੇ ਸੁੱਖ ਦੇਣ ਵਾਲੇ ਪਰਮੇਸ਼ੁਰ ਤੋਂ ਅੱਡ ਕਰ ਲੈਂਦੇ ਹਨ।” ਉਸ ਨੇ ਉਨ੍ਹਾਂ ਤਸਵੀਰਾਂ ਬਾਰੇ ਜਿਸ ਵਿਚ ਨਰਕ ਅੱਗਦਾਰ ਜਗ੍ਹਾ ਦਿਖਾਈ ਗਈ ਹੈ ਕਿਹਾ ਕਿ “ਇਹ ਦਰਸਾਉਂਦੀਆਂ ਹਨ ਕਿ ਪਰਮੇਸ਼ੁਰ ਤੋਂ ਬਿਨਾਂ ਲੋਕਾਂ ਦੀਆਂ ਜ਼ਿੰਦਗੀਆਂ ਕਿੰਨੀਆਂ ਵਿਅਰਥ ਹਨ।” ਚਰਚ ਦੇ ਇਤਿਹਾਸਕਾਰ ਮਾਰਟਿਨ ਮਾਰਟੀ ਨੇ ਕਿਹਾ ਕਿ ਜੇ ਪੋਪ ਇਹ ਕਹਿੰਦਾ ਕਿ “ਯਮਰਾਜ ਨਰਕ ਵਿਚ ਲੋਕਾਂ ਨੂੰ ਅੱਗ ਨਾਲ ਤੜਫਾਉਂਦਾ ਹੈ,” ਤਾਂ “ਲੋਕ ਉਸ ਦੀ ਗੱਲ ਦਾ ਯਕੀਨ ਹੀ ਨਾ ਕਰਦੇ।”

ਈਸਾਈ-ਜਗਤ ਦੇ ਦੂਸਰੇ ਫਿਰਕਿਆਂ ਦੇ ਲੋਕਾਂ ਦੇ ਵੀ ਵਿਚਾਰ ਬਦਲ ਰਹੇ ਹਨ। ਚਰਚ ਆਫ਼ ਇੰਗਲੈਂਡ ਦੀ ਇਕ ਰਿਪੋਰਟ ਅਨੁਸਾਰ “ਨਰਕ ਦਾ ਇਹ ਅਰਥ ਨਹੀਂ ਕਿ ਇੱਥੇ ਸਦਾ ਹੀ ਤੜਫ਼ਾਇਆ ਜਾਂਦਾ ਹੈ, ਸਗੋਂ ਇਸ ਦਾ ਮਤਲਬ ਹੈ ਕਿ ਜਦੋਂ ਕੋਈ ਇਨਸਾਨ ਅਜਿਹਾ ਰਾਹ ਚੁਣਦਾ ਹੈ ਜੋ ਪੂਰੀ ਤਰ੍ਹਾਂ ਪਰਮੇਸ਼ੁਰ ਤੋਂ ਉਲਟ ਹੈ, ਤਾਂ ਇਸ ਦਾ ਨਤੀਜਾ ਹਮੇਸ਼ਾ ਸਦਾ ਦਾ ਨਾਸ਼ ਹੁੰਦਾ ਹੈ।”

ਅਮਰੀਕਾ ਦੇ ਐਪਿਸਕੋਪਲ ਚਰਚ ਅਨੁਸਾਰ ਨਰਕ “ਸਦਾ ਦੀ ਮੌਤ ਦੇ ਬਰਾਬਰ ਸਮਝਿਆ ਜਾਂਦਾ ਹੈ ਜੇ ਅਸੀਂ ਪਰਮੇਸ਼ੁਰ ਨੂੰ ਤਿਆਗ ਦਿੰਦੇ ਹਾਂ।” ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਦੱਸਦੀ ਹੈ ਕਿ ਬਹੁਤ ਸਾਰੇ ‘ਪਾਦਰੀਆਂ ਅਨੁਸਾਰ ਰੱਬ ਦਾ ਇਨਕਾਰ ਕਰਨ ਵਾਲੇ ਦੁਸ਼ਟ ਲੋਕ ਨਾਸ਼ ਕਰ ਦਿੱਤੇ ਜਾਣਗੇ, ਨਾ ਕਿ ਸਦਾ ਲਈ ਤੜਫ਼ਾਏ ਜਾਣਗੇ।’

ਭਾਵੇਂ ਕਿ ਅੱਜ-ਕੱਲ੍ਹ ਲੋਕ ਇਵੇਂ ਸੋਚਣ ਲੱਗ ਪਏ ਹਨ ਕਿ ਨਰਕ ਵਰਗੀ ਐਸੀ ਕੋਈ ਜਗ੍ਹਾ ਨਹੀਂ ਹੋ ਸਕਦੀ ਜਿੱਥੇ ਅਸਲ ਵਿਚ ਅੱਗ ਬਾਲੀ ਜਾਂਦੀ ਹੈ, ਪਰ ਕਈ ਹਾਲੇ ਵੀ ਇਹ ਮੰਨਦੇ ਹਨ ਕਿ ਇਹ ਤਸੀਹੇ ਦੇਣ ਦੀ ਇਕ ਅਸਲੀ ਜਗ੍ਹਾ ਹੈ। ਅਮਰੀਕਾ ਵਿਚ ਪਾਦਰੀਆਂ ਦੇ ਇਕ ਟ੍ਰੇਨਿੰਗ ਕਾਲਜ ਦੇ ਐਲਬਰਟ ਮੋਹਲਰ ਨੇ ਕਿਹਾ ਕਿ “ਬਾਈਬਲ ਵਿਚ ਇਹ ਸਾਫ਼-ਸਾਫ਼ ਦਿਖਾਇਆ ਗਿਆ ਹੈ ਕਿ ਨਰਕ ਹੈ ਤੇ ਇੱਥੇ ਲੋਕਾਂ ਨੂੰ ਤੜਫ਼ਾਇਆ ਜਾਂਦਾ ਹੈ।” ਇਕ ਪ੍ਰੋਟੈਸਟੈਂਟ ਫਿਰਕੇ ਦੀ ਇਕ ਰਿਪੋਰਟ ਅਨੁਸਾਰ “ਨਰਕ ਵਿਚ ਇਕ ਇਨਸਾਨ ਨੂੰ ਪਤਾ ਹੁੰਦਾ ਹੈ ਕਿ ਉਸ ਨੂੰ ਤਿਆਗ ਦਿੱਤਾ ਗਿਆ ਹੈ ਅਤੇ ਉਸ ਨੂੰ ਤੜਫ਼ਾਇਆ ਜਾ ਰਿਹਾ ਹੈ।” ਇਸ ਵਿਚ ਅੱਗੇ ਕਿਹਾ ਗਿਆ ਕਿ “ਧਰਤੀ ਉੱਤੇ ਕੀਤੇ ਗਏ ਪਾਪਾਂ ਦੇ ਹਿਸਾਬ ਨਾਲ ਲੋਕਾਂ ਨੂੰ ਘੱਟ ਜਾਂ ਵੱਧ ਸਜ਼ਾ ਦਿੱਤੀ ਜਾਂਦੀ ਹੈ।”

ਫਿਰ ਮੁੜ ਕੇ ਇਹ ਸਵਾਲ ਪੁੱਛੇ ਜਾਂਦੇ ਹਨ ਕਿ ਕੀ ਨਰਕ ਅਜਿਹੀ ਜਗ੍ਹਾ ਹੈ ਜਿੱਥੇ ਲੋਕਾਂ ਨੂੰ ਸਦਾ ਲਈ ਤੜਫ਼ਾਇਆ ਜਾਂਦਾ ਹੈ ਜਾਂ ਕੀ ਉਨ੍ਹਾਂ ਨੂੰ ਉੱਥੇ ਹਮੇਸ਼ਾ ਲਈ ਖ਼ਤਮ ਕਰ ਦਿੱਤਾ ਜਾਂਦਾ ਹੈ? ਕੀ ਇਹ ਸਿਰਫ਼ ਇਕ ਅਵਸਥਾ ਦਾ ਹੀ ਨਾਂ ਹੈ ਜਿਸ ਵਿਚ ਇਨਸਾਨ ਪਰਮੇਸ਼ੁਰ ਤੋਂ ਅੱਡ ਹੁੰਦਾ ਹੈ? ਅਸਲ ਵਿਚ ਨਰਕ ਹੈ ਕੀ?

[ਸਫ਼ਾ 4 ਉੱਤੇ ਡੱਬੀ/ਤਸਵੀਰਾਂ]

ਨਰਕ ਦੀ ਅੱਗ ਦੀ ਸਿੱਖਿਆ ਕਿੱਥੋਂ ਆਈ

ਈਸਾਈ ਲੋਕਾਂ ਨੇ ਨਰਕ ਦੀ ਅੱਗ ਵਿਚ ਕਦੋਂ ਤੋਂ ਵਿਸ਼ਵਾਸ ਕਰਨਾ ਸ਼ੁਰੂ ਕੀਤਾ? ਯਿਸੂ ਮਸੀਹ ਅਤੇ ਉਸ ਦੇ ਰਸੂਲਾਂ ਤੋਂ ਬਹੁਤ ਸਮੇਂ ਬਾਅਦ। ਇਕ ਫਰਾਂਸੀਸੀ ਵਿਸ਼ਵ-ਕੋਸ਼ ਦੱਸਦਾ ਹੈ ਕਿ ‘ਦੂਜੀ ਸਦੀ ਦੇ ਇਕ ਗ਼ੈਰ-ਬਾਈਬਲੀ ਲੇਖ ਨੇ ਨਰਕ ਵਿਚ ਪਾਪੀਆਂ ਦੇ ਸਜ਼ਾ ਭੁਗਤਣ ਅਤੇ ਤੜਫ਼ਣ ਬਾਰੇ ਵਿਆਖਿਆ ਕੀਤੀ ਸੀ।’

ਪਰ ਚਰਚ ਦੇ ਮੋਢੀਆਂ ਦੇ ਨਰਕ ਸੰਬੰਧੀ ਵਿਚਾਰ ਆਪਸ ਵਿਚ ਰਲਦੇ-ਮਿਲਦੇ ਨਹੀਂ ਸਨ। ਜਸਟਿਨ ਮਾਰਟਰ, ਐਲੇਕਜ਼ਾਨਡ੍ਰਿਆ ਸ਼ਹਿਰ ਦੇ ਕਲੈਮੈਂਟ, ਟਰਟੂਲੀਅਨ ਅਤੇ ਸਿਪ੍ਰਿਅਨ ਵਰਗੇ ਵਿਦਵਾਨ ਮੰਨਦੇ ਸਨ ਕਿ ਨਰਕ ਇਕ ਅੱਗਦਾਰ ਜਗ੍ਹਾ ਸੀ। ਔਰਿਜੇਨ ਅਤੇ ਿਨੱਸਾ ਦੇ ਗ੍ਰੈਗੋਰੀ ਵਰਗੇ ਪਾਦਰੀ ਮੰਨਦੇ ਸਨ ਕਿ ਨਰਕ ਉਹ ਅਵਸਥਾ ਹੈ ਜਿੱਥੇ ਇਨਸਾਨ ਪਰਮੇਸ਼ੁਰ ਤੋਂ ਅੱਡ ਹੁੰਦਾ ਹੈ, ਮਤਲਬ ਕਿ ਰੂਹਾਨੀ ਤੌਰ ਤੇ ਤੜਫ਼ਦਾ ਹੈ। ਦੂਜੇ ਪਾਸੇ ਹਿੱਪੋ ਸ਼ਹਿਰ ਦਾ ਆਗਸਤੀਨ ਦੋਵੇਂ ਤਰ੍ਹਾਂ ਮੰਨਦਾ ਸੀ ਕਿ ਨਰਕ ਵਿਚ ਤੜਫ਼ਣਾ ਰੱਬ ਤੋਂ ਅੱਡ ਹੋਣ ਨੂੰ ਕਿਹਾ ਜਾ ਸਕਦਾ ਹੈ ਨਾਲੇ ਇਹ ਤੜਫ਼ ਅਸਲ ਵਿਚ ਮਹਿਸੂਸ ਵੀ ਕੀਤੀ ਜਾਂਦੀ ਹੈ। ਇਹ ਵਿਚਾਰ ਕਈਆਂ ਨੇ ਅਪਣਾਇਆ। ਪ੍ਰੋਫ਼ੈਸਰ ਕੈਲੀ ਨੇ ਲਿਖਿਆ ਕਿ “ਪੰਜਵੀਂ ਸਦੀ ਤਾਈਂ ਇਹ ਕੱਟੜ ਸਿੱਖਿਆ ਹਰ ਜਗ੍ਹਾ ਮਸ਼ਹੂਰ ਸੀ ਕਿ ਮਰਨ ਤੋਂ ਬਾਅਦ ਪਾਪੀਆਂ ਲਈ ਕੋਈ ਉਮੀਦ ਨਹੀਂ ਰਹਿ ਜਾਂਦੀ ਅਤੇ ਉਹ ਅੱਗ ਜੋ ਉਨ੍ਹਾਂ ਨੂੰ ਭਸਮ ਕਰਦੀ ਹੈ ਕਦੇ ਵੀ ਨਹੀਂ ਬੁਝਾਈ ਜਾਂਦੀ।”

ਸੋਲਵੀਂ ਸਦੀ ਵਿਚ ਮਾਰਟਿਨ ਲੂਥਰ ਅਤੇ ਜੌਨ ਕੈਲਵਿਨ ਵਰਗੇ ਪ੍ਰੋਟੈਸਟੈਂਟ ਸੁਧਾਰਕ ਮੰਨਦੇ ਸਨ ਕਿ ਨਰਕ ਵਰਗੀ ਕੋਈ ਚੀਜ਼ ਨਹੀਂ ਸੀ ਜਿੱਥੇ ਮਰੇ ਹੋਇਆਂ ਨੂੰ ਅੱਗ ਵਿਚ ਤੜਫ਼ਾਇਆ ਜਾਂਦਾ ਸੀ ਪਰ ਪਰਮੇਸ਼ੁਰ ਤੋਂ ਅੱਡ ਹੋਣ ਨੂੰ ਹੀ ਨਰਕ ਕਹਿੰਦੇ ਸਨ। ਪਰ ਅਗਲੀਆਂ ਦੋ ਸਦੀਆਂ ਵਿਚ ਇਹ ਵਿਚਾਰ ਫਿਰ ਸ਼ੁਰੂ ਹੋ ਗਿਆ ਕਿ ਨਰਕ ਵਿਚ ਲੋਕਾਂ ਨੂੰ ਤੜਫ਼ਾਇਆ ਜਾਂਦਾ ਸੀ। ਅਠਾਰਵੀਂ ਸਦੀ ਵਿਚ ਪ੍ਰੋਟੈਸਟੈਂਟ ਪਾਦਰੀ ਜੌਨਾਥਨ ਐਡਵਰਡਸ ਗ਼ੁਲਾਮ ਅਮਰੀਕਨਾਂ ਨੂੰ ਨਰਕ ਬਾਰੇ ਕਹਾਣੀਆਂ ਸੁਣਾ ਕੇ ਡਰਾਉਂਦਾ ਹੁੰਦਾ ਸੀ ਕਿ ਉਹ ਬਹੁਤ ਹੀ ਭਿਆਨਕ ਜਗ੍ਹਾ ਹੈ।

ਇਸ ਤੋਂ ਕੁਝ ਸਮੇਂ ਬਾਅਦ ਨਰਕ ਦੀ ਅੱਗ ਦੀਆਂ ਲਾਟਾਂ ਬੁਝਣ ਲੱਗ ਪਈਆਂ। ਯੂ. ਐੱਸ. ਨਿਊਜ਼ ਐਂਡ ਵਰਲਡ ਰਿਪੋਰਟ ਨੇ ਦੱਸਿਆ ਕਿ “20ਵੀਂ ਸਦੀ ਵਿਚ ਨਰਕ ਦੀ ਅੱਗ ਤਾਂ ਤਕਰੀਬਨ ਬੁੱਝ ਹੀ ਗਈ ਸੀ।”

[ਤਸਵੀਰਾਂ]

ਜਸਟਿਨ ਮਾਰਟਰ ਮੰਨਦਾ ਸੀ ਕਿ ਨਰਕ ਇਕ ਅੱਗਦਾਰ ਜਗ੍ਹਾ ਸੀ

ਹਿੱਪੋ ਸ਼ਹਿਰ ਦਾ ਆਗਸਤੀਨ ਦੋਵੇਂ ਵਿਚਾਰਾਂ ਨੂੰ ਮੰਨਦਾ ਸੀ ਕਿ ਨਰਕ ਰੱਬ ਤੋਂ ਅੱਡ ਹੋਣ ਨੂੰ ਕਿਹਾ ਜਾ ਸਕਦਾ ਹੈ ਨਾਲੇ ਇਹ ਸਰੀਰਕ ਤੜਫ਼ ਵੀ ਹੈ