Skip to content

Skip to table of contents

ਵਫ਼ਾਦਾਰ ਮਸੀਹੀ ਸੱਚਾਈ ਉੱਤੇ ਚੱਲਦੇ ਰਹਿੰਦੇ ਹਨ

ਵਫ਼ਾਦਾਰ ਮਸੀਹੀ ਸੱਚਾਈ ਉੱਤੇ ਚੱਲਦੇ ਰਹਿੰਦੇ ਹਨ

ਵਫ਼ਾਦਾਰ ਮਸੀਹੀ ਸੱਚਾਈ ਉੱਤੇ ਚੱਲਦੇ ਰਹਿੰਦੇ ਹਨ

“ਇਸ ਨਾਲੋਂ ਮੈਨੂੰ ਵੱਡਾ ਅਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।”—3 ਯੂਹੰਨਾ 4.

1. “ਇੰਜੀਲ ਦੀ ਸਚਿਆਈ” ਕਿਸ ਵੱਲ ਧਿਆਨ ਖਿੱਚਦੀ ਹੈ?

ਯਹੋਵਾਹ ਸਿਰਫ਼ ਉਨ੍ਹਾਂ ਦੀ ਭਗਤੀ ਕਬੂਲ ਕਰਦਾ ਹੈ ਜੋ “ਆਤਮਾ ਅਤੇ ਸਚਿਆਈ” ਨਾਲ ਭਗਤੀ ਕਰਦੇ ਹਨ। (ਯੂਹੰਨਾ 4:24) ਉਹ ਸੱਚਾਈ ਯਾਨੀ ਬਾਈਬਲ ਉੱਤੇ ਆਧਾਰਿਤ ਹਰ ਮਸੀਹੀ ਸਿੱਖਿਆ ਉੱਤੇ ਚੱਲਦੇ ਹਨ। “ਇੰਜੀਲ ਦੀ ਸਚਿਆਈ” ਖ਼ਾਸ ਕਰ ਕੇ ਯਿਸੂ ਮਸੀਹ ਵੱਲ ਧਿਆਨ ਖਿੱਚਦੀ ਹੈ ਅਤੇ ਇਸ ਗੱਲ ਵੱਲ ਕਿ ਯਹੋਵਾਹ ਦੇ ਰਾਜ ਦੁਆਰਾ ਉਸ ਦਾ ਸ਼ਾਸਨ ਕਰਨ ਦਾ ਹੱਕ ਜਾਇਜ਼ ਸਾਬਤ ਕੀਤਾ ਜਾਵੇਗਾ। (ਗਲਾਤੀਆਂ 2:14) ਜੋ ਇਨਸਾਨ ਝੂਠ ਨੂੰ ਪਸੰਦ ਕਰਦੇ ਹਨ, ਉਨ੍ਹਾਂ ਉੱਤੇ ਪਰਮੇਸ਼ੁਰ “ਧੋਖੇ ਦਾ ਅਸਰ” ਰਹਿਣ ਦਿੰਦਾ ਹੈ। ਪਰ ਮੁਕਤੀ ਇਸ ਗੱਲ ਉੱਤੇ ਆਧਾਰਿਤ ਹੈ ਕਿ ਲੋਕ “ਖੁਸ਼ ਖਬਰੀ” ਵਿਚ ਨਿਹਚਾ ਕਰ ਕੇ ਸੱਚਾਈ ਤੇ ਚੱਲਣ।—2 ਥੱਸਲੁਨੀਕੀਆਂ 2:9-12; ਅਫ਼ਸੀਆਂ 1:13, 14.

2. ਯੂਹੰਨਾ ਰਸੂਲ ਕਿਸ ਗੱਲੋਂ ਖ਼ੁਸ਼ ਸੀ ਅਤੇ ਉਸ ਦਾ ਗਾਯੁਸ ਨਾਲ ਕੀ ਰਿਸ਼ਤਾ ਸੀ?

2 ਰਾਜ ਘੋਸ਼ਕ ‘ਸਚਿਆਈ ਵਿੱਚ ਇਕ ਦੂਜੇ ਦੇ ਨਾਲ ਦੇ ਕੰਮ ਕਰਨ ਵਾਲੇ’ ਹੁੰਦੇ ਹਨ। ਉਹ ਯੂਹੰਨਾ ਰਸੂਲ ਅਤੇ ਉਸ ਦੇ ਦੋਸਤ ਗਾਯੁਸ ਵਾਂਗ ਡਟ ਕੇ ਸੱਚਾਈ ਨੂੰ ਫੜੀ ਰੱਖਦੇ ਹਨ ਅਤੇ ਉਸ ਉੱਤੇ ਚੱਲਦੇ ਹਨ। ਗਾਯੁਸ ਨੂੰ ਯੂਹੰਨਾ ਨੇ ਲਿਖਿਆ: “ਇਸ ਨਾਲੋਂ ਮੈਨੂੰ ਵੱਡਾ ਆਨੰਦ ਕੋਈ ਨਹੀਂ ਜੋ ਮੈਂ ਸੁਣਾਂ ਭਈ ਮੇਰੇ ਬਾਲਕ ਸਚਿਆਈ ਉੱਤੇ ਚੱਲਦੇ ਹਨ।” (3 ਯੂਹੰਨਾ 3-8) ਭਾਵੇਂ ਕਿ ਬਜ਼ੁਰਗ ਯੂਹੰਨਾ ਨੇ ਗਾਯੁਸ ਨੂੰ ਸੱਚਾਈ ਬਾਰੇ ਖ਼ੁਦ ਨਹੀਂ ਸੀ ਦੱਸਿਆ, ਫਿਰ ਵੀ ਉਸ ਨੂੰ ਰੂਹਾਨੀ ਤੌਰ ਤੇ ਆਪਣਾ ਬੱਚਾ ਕਹਿਣਾ ਠੀਕ ਸੀ। ਇਕ ਸਮਝਦਾਰ ਮਸੀਹੀ ਅਤੇ ਬਜ਼ੁਰਗ ਹੋਣ ਕਰਕੇ ਉਹ ਉਸ ਦੇ ਪਿਤਾ ਸਮਾਨ ਸੀ ਅਤੇ ਉਸ ਨੂੰ ਬਹੁਤ ਪਿਆਰ ਕਰਦਾ ਸੀ।

ਸੱਚਾਈ ਤੇ ਮਸੀਹੀ ਉਪਾਸਨਾ

3. ਮੁਢਲੇ ਮਸੀਹੀਆਂ ਦੀਆਂ ਸਭਾਵਾਂ ਦਾ ਕੀ ਮਕਸਦ ਸੀ ਅਤੇ ਉਨ੍ਹਾਂ ਤੋਂ ਕੀ ਫ਼ਾਇਦਾ ਹੁੰਦਾ ਸੀ?

3 ਸੱਚਾਈ ਸਿੱਖਣ ਲਈ ਮੁਢਲੇ ਮਸੀਹੀ ਕਲੀਸਿਯਾਵਾਂ ਬਣਾ ਕੇ ਅਕਸਰ ਭੈਣਾਂ-ਭਰਾਵਾਂ ਦੇ ਘਰਾਂ ਵਿਚ ਮਿਲਦੇ ਸਨ। (ਰੋਮੀਆਂ 16:3-5) ਉਹ ਇਕੱਠੇ ਮਿਲ ਕੇ ਇਕ-ਦੂਜੇ ਦਾ ਹੌਸਲਾ ਵਧਾਉਂਦੇ ਸਨ ਅਤੇ ਚੰਗੇ ਕੰਮ ਕਰਨ ਲਈ ਇਕ-ਦੂਜੇ ਨੂੰ ਉਤਸ਼ਾਹਿਤ ਕਰਦੇ ਸਨ। (ਇਬਰਾਨੀਆਂ 10:24, 25) ਦੂਜੀ ਤੇ ਤੀਜੀ ਸਦੀ ਦੇ ਮਸੀਹੀਆਂ ਬਾਰੇ ਟਰਟੂਲੀਅਨ (ਲਗਭਗ 155-220 ਸਾ.ਯੁ.) ਨਾਂ ਦੇ ਇਕ ਲੇਖਕ ਨੇ ਕਿਹਾ: “ਅਸੀਂ ਪਰਮੇਸ਼ੁਰ ਦੀਆਂ ਕਿਤਾਬਾਂ ਪੜ੍ਹਨ ਲਈ ਇਕੱਠੇ ਮਿਲਦੇ ਹਾਂ . . . ਉਸ ਦੇ ਪਵਿੱਤਰ ਬਚਨਾਂ ਦੁਆਰਾ ਸਾਡੀ ਨਿਹਚਾ ਅਤੇ ਉਮੀਦ ਪੱਕੀ ਹੁੰਦੀ ਹੈ ਤੇ ਸਾਡਾ ਵਿਸ਼ਵਾਸ ਮਜ਼ਬੂਤ ਹੁੰਦਾ ਹੈ।”—ਅਪੌਲੋਜੀ, 39ਵਾਂ ਅਧਿਆਇ।

4. ਮਸੀਹੀ ਸਭਾਵਾਂ ਵਿਚ ਗੀਤ ਕਿਉਂ ਗਾਏ ਜਾਂਦੇ ਹਨ?

4 ਮੁਢਲੇ ਮਸੀਹੀ ਸਭਾਵਾਂ ਵਿਚ ਗੀਤ ਵੀ ਗਾਉਂਦੇ ਸਨ। (ਅਫ਼ਸੀਆਂ 5:19; ਕੁਲੁੱਸੀਆਂ 3:16) ਪ੍ਰੋਫ਼ੈਸਰ ਹੈਨਰੀ ਚੈਡਵਿਕ ਨੇ ਲਿਖਿਆ ਕਿ ਦੂਜੀ ਸਦੀ ਦੇ ਸੈਲਸੱਸ ਨਾਂ ਦੇ ਆਲੋਚਕ ਨੂੰ ਮਸੀਹੀਆਂ ਦੇ ਸੁਰੀਲੇ ਭਜਨ “ਇੰਨੇ ਵਧੀਆ ਲੱਗਦੇ ਸਨ ਕਿ ਉਹ ਜਜ਼ਬਾਤੀ ਹੋ ਕੇ ਦੁਖੀ ਹੋ ਜਾਂਦਾ ਸੀ।” ਚੈਡਵਿਕ ਨੇ ਅੱਗੇ ਕਿਹਾ: “ਐਲੇਕਜ਼ਾਨਡ੍ਰਿਆ ਸ਼ਹਿਰ ਦਾ ਕਲੈਮੰਟ ਪਹਿਲਾ ਅਜਿਹਾ ਮਸੀਹੀ ਲੇਖਕ ਹੈ ਜਿਸ ਨੇ ਇਸ ਗੱਲ ਬਾਰੇ ਲਿਖਿਆ ਕਿ ਮਸੀਹੀਆਂ ਲਈ ਕਿਸ ਕਿਸਮ ਦੇ ਗੀਤ ਠੀਕ ਹਨ। ਉਹ ਇਹ ਸਲਾਹ ਦਿੰਦਾ ਹੈ ਕਿ ਅਜਿਹੇ ਗੀਤ ਠੀਕ ਨਹੀਂ ਹਨ ਜੋ ਕਾਮੁਕ ਸੰਗੀਤ ਤੇ ਨਾਚ ਨਾਲ ਸੰਬੰਧ ਰੱਖਦੇ ਹਨ।” (ਮੁਢਲਾ ਮਸੀਹੀ ਧਰਮ, [ਅੰਗ੍ਰੇਜ਼ੀ] ਸਫ਼ੇ 274-5) ਜਿਸ ਤਰ੍ਹਾਂ ਮੁਢਲੇ ਮਸੀਹੀ ਇਕੱਠੇ ਹੋ ਕੇ ਗੀਤ ਗਾਉਂਦੇ ਸਨ, ਉਸੇ ਤਰ੍ਹਾਂ ਅੱਜ ਯਹੋਵਾਹ ਦੇ ਗਵਾਹ ਵੀ ਅਕਸਰ ਬਾਈਬਲ-ਆਧਾਰਿਤ ਗੀਤ ਗਾਉਂਦੇ ਹਨ। ਇਨ੍ਹਾਂ ਵਿਚ ਪਰਮੇਸ਼ੁਰ ਅਤੇ ਉਸ ਦੇ ਰਾਜ ਦੀ ਉਸਤਤ ਕਰਨ ਵਾਲੇ ਪ੍ਰਭਾਵਸ਼ਾਲੀ ਭਜਨ ਸ਼ਾਮਲ ਹਨ।

5. (ੳ) ਮੁਢਲੀ ਮਸੀਹੀ ਕਲੀਸਿਯਾ ਵਿਚ ਰੂਹਾਨੀ ਤੌਰ ਤੇ ਅਗਵਾਈ ਕਿਵੇਂ ਕੀਤੀ ਜਾਂਦੀ ਸੀ? (ਅ) ਸੱਚੇ ਮਸੀਹੀਆਂ ਨੇ ਮੱਤੀ 23:8, 9 ਵਿਚ ਦਰਜ ਯਿਸੂ ਦੇ ਸ਼ਬਦ ਕਿਵੇਂ ਲਾਗੂ ਕੀਤੇ ਹਨ?

5 ਮੁਢਲੀਆਂ ਮਸੀਹੀ ਕਲੀਸਿਯਾਵਾਂ ਵਿਚ ਨਿਗਾਹਬਾਨ ਸੱਚਾਈ ਸਿਖਾਉਂਦੇ ਸਨ ਅਤੇ ਸਹਾਇਕ ਸੇਵਕ ਕਲੀਸਿਯਾ ਦੇ ਮੈਂਬਰਾਂ ਦੀ ਵੱਖੋ-ਵੱਖਰੇ ਤਰੀਕਿਆਂ ਨਾਲ ਮਦਦ ਕਰਦੇ ਸਨ। (ਫ਼ਿਲਿੱਪੀਆਂ 1:1) ਪ੍ਰਬੰਧਕ ਸਭਾ ਰੂਹਾਨੀ ਤੌਰ ਤੇ ਅਗਵਾਈ ਕਰਦੀ ਸੀ ਜਿਸ ਦੇ ਮੈਂਬਰ ਪਰਮੇਸ਼ੁਰ ਦੇ ਬਚਨ ਅਤੇ ਪਵਿੱਤਰ ਆਤਮਾ ਉੱਤੇ ਭਰੋਸਾ ਰੱਖਦੇ ਸਨ। (ਰਸੂਲਾਂ ਦੇ ਕਰਤੱਬ 15:6, 23-31) ਉਹ ਆਪਣੇ ਆਪ ਨੂੰ ਸੁਆਮੀ ਜਾਂ ਗੁਰੂ ਨਹੀਂ ਕਹਾਉਂਦੇ ਸਨ ਕਿਉਂਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਸੁਆਮੀ ਨਾ ਕਹਾਓ ਕਿਉਂ ਜੋ ਤੁਹਾਡਾ ਗੁਰੂ ਇੱਕੋ ਹੈ ਅਰ ਤੁਸੀਂ ਸੱਭੋ ਭਾਈ ਹੋ। ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਆਖੋ ਕਿਉਂ ਜੋ ਤੁਹਾਡਾ ਪਿਤਾ ਇੱਕੋ ਹੈ ਜਿਹੜਾ ਅਕਾਸ਼ ਉੱਤੇ ਹੈ।” (ਮੱਤੀ 23:8, 9) ਇਨ੍ਹਾਂ ਅਤੇ ਕਈ ਹੋਰ ਗੱਲਾਂ ਵਿਚ ਮੁਢਲੇ ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਵਿਚਕਾਰ ਸਮਾਨਤਾ ਹੈ।

ਸੱਚਾਈ ਦਾ ਪ੍ਰਚਾਰ ਕਰਨ ਕਰਕੇ ਸਤਾਏ ਗਏ

6, 7. ਭਾਵੇਂ ਕਿ ਸੱਚੇ ਮਸੀਹੀ ਸ਼ਾਂਤੀ ਦਾ ਸੰਦੇਸ਼ ਸੁਣਾਉਂਦੇ ਸਨ, ਫਿਰ ਵੀ ਉਨ੍ਹਾਂ ਨਾਲ ਕਿਹੋ ਜਿਹਾ ਵਰਤਾਅ ਕੀਤਾ ਜਾਂਦਾ ਸੀ?

6 ਭਾਵੇਂ ਕਿ ਮੁਢਲੇ ਮਸੀਹੀਆਂ ਨੇ ਸ਼ਾਂਤੀ ਦਾ ਰਾਜ ਸੰਦੇਸ਼ ਸੁਣਾਇਆ ਸੀ, ਫਿਰ ਵੀ ਯਿਸੂ ਵਾਂਗ ਉਨ੍ਹਾਂ ਨੂੰ ਸਤਾਇਆ ਗਿਆ ਸੀ। (ਯੂਹੰਨਾ 15:20; 17:14) ਇਤਿਹਾਸਕਾਰ ਜੌਨ ਐਲ. ਵਾਨ ਮੋਸਹਿਮ ਨੇ ਪਹਿਲੀ ਸਦੀ ਦੇ ਮਸੀਹੀਆਂ ਨੂੰ “ਬਹੁਤ ਹੀ ਨੇਕ ਅਤੇ ਨਰਮ ਸੁਭਾਅ ਵਾਲੇ ਇਨਸਾਨ” ਕਿਹਾ ਸੀ “ਜੋ ਸਰਕਾਰ ਦੇ ਵਿਰੁੱਧ ਮਨ ਵਿਚ ਕੋਈ ਬੁਰਾ ਵਿਚਾਰ ਨਹੀਂ ਰੱਖਦੇ ਸਨ।” ਉਹ ਅੱਗੇ ਦੱਸਦਾ ਹੈ ਕਿ “ਰੋਮੀ ਲੋਕ ਇਸ ਲਈ ਮਸੀਹੀਆਂ ਤੋਂ ਚਿੜਦੇ ਸਨ ਕਿਉਂਕਿ ਉਨ੍ਹਾਂ ਦੀ ਉਪਾਸਨਾ ਵਿਚ ਕੋਈ ਦਿਖਾਵਾ ਨਹੀਂ ਸੀ ਅਤੇ ਉਹ ਆਪਣੀ ਉਪਾਸਨਾ ਵਿਚ ਦੂਸਰੇ ਲੋਕਾਂ ਵਾਂਗ ਰੀਤੀ-ਰਿਵਾਜ ਨਹੀਂ ਕਰਦੇ ਸਨ। ਉਨ੍ਹਾਂ ਦੇ ਨਾ ਤਾਂ ਮੰਦਰ, ਨਾ ਮੂਰਤਾਂ, ਨਾ ਕੋਈ ਪੁੱਛਾਂ ਦੇਣ ਵਾਲੀ ਜਗ੍ਹਾ ਤੇ ਨਾ ਹੀ ਕੋਈ ਪੁਜਾਰੀ ਸੀ ਅਤੇ ਨਾ ਹੀ ਉਹ ਕੋਈ ਬਲੀਦਾਨ ਚੜ੍ਹਾਉਂਦੇ ਸਨ। ਇਨ੍ਹਾਂ ਕੁਝ ਕਾਰਨਾਂ ਕਰਕੇ ਬੇਸਮਝ ਲੋਕਾਂ ਨੇ ਮਸੀਹੀਆਂ ਨੂੰ ਬਦਨਾਮ ਕੀਤਾ ਕਿਉਂਕਿ ਉਹ ਸੋਚਦੇ ਸਨ ਕਿ ਰੀਤੀ-ਰਿਵਾਜਾਂ ਤੋਂ ਬਿਨਾਂ ਕੋਈ ਧਰਮ ਨਹੀਂ ਹੋ ਸਕਦਾ। ਇਸ ਲਈ ਮਸੀਹੀਆਂ ਨੂੰ ਨਾਸਤਿਕ ਸਮਝਿਆ ਜਾਂਦਾ ਸੀ; ਅਤੇ ਨਾਸਤਿਕ ਲੋਕ ਰੋਮੀ ਕਾਨੂੰਨ ਦੀ ਨਜ਼ਰ ਵਿਚ ਸਮਾਜ ਦੇ ਕੀੜੇ ਸਨ।”

7 ਪੁਜਾਰੀ, ਕਾਰੀਗਰ ਅਤੇ ਦੂਸਰੇ ਲੋਕ ਜੋ ਮੂਰਤੀ-ਪੂਜਾ ਨਾਲ ਆਪਣਾ ਗੁਜ਼ਾਰਾ ਤੋਰਦੇ ਸਨ, ਲੋਕਾਂ ਨੂੰ ਮਸੀਹੀਆਂ ਖ਼ਿਲਾਫ਼ ਭੜਕਾਉਂਦੇ ਸਨ ਕਿਉਂਕਿ ਮਸੀਹੀ ਮੂਰਤੀ-ਪੂਜਕ ਕੰਮਾਂ ਵਿਚ ਕੋਈ ਹਿੱਸਾ ਨਹੀਂ ਲੈਂਦੇ ਸਨ। (ਰਸੂਲਾਂ ਦੇ ਕਰਤੱਬ 19:23-40; 1 ਕੁਰਿੰਥੀਆਂ 10:14) ਟਰਟੂਲੀਅਨ ਨੇ ਲਿਖਿਆ: “ਉਹ ਸੋਚਦੇ ਹਨ ਕਿ ਦੇਸ਼ ਵਿਚ ਮਚੀ ਹਰ ਤਬਾਹੀ ਅਤੇ ਲੋਕਾਂ ਉੱਤੇ ਆਈ ਹਰ ਬਿਪਤਾ ਦੇ ਦੋਸ਼ੀ ਮਸੀਹੀ ਸਨ। ਜੇ ਟਾਈਬਰ ਦਰਿਆ ਦਾ ਪਾਣੀ ਸ਼ਹਿਰ ਦੀਆਂ ਕੰਧਾਂ ਤਕ ਪਹੁੰਚ ਜਾਂਦਾ, ਜੇ ਨੀਲ ਦਰਿਆ ਦਾ ਪਾਣੀ ਖੇਤਾਂ ਤਕ ਨਾ ਪਹੁੰਚਦਾ, ਜੇ ਮੀਂਹ ਨਹੀਂ ਪੈਂਦਾ, ਜੇ ਕੋਈ ਭੁਚਾਲ, ਕਾਲ ਜਾਂ ਬਵਾ ਆ ਜਾਂਦੀ, ਤਾਂ ਹਰ ਪਾਸਿਓਂ ਇੱਕੋ ਹੀ ਆਵਾਜ਼ ਉੱਠਦੀ ਸੀ ਕਿ ‘ਮਸੀਹੀਆਂ ਨੂੰ ਸ਼ੇਰਾਂ ਦੇ ਘੁਰੇ ਵਿਚ ਸੁੱਟ ਦਿਓ!’” ਬੁਰੇ ਨਤੀਜਿਆਂ ਦੇ ਬਾਵਜੂਦ ਸੱਚੇ ਮਸੀਹੀ ‘ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾ ਕੇ ਰੱਖਦੇ ਸਨ।’—1 ਯੂਹੰਨਾ 5:21.

ਸੱਚਾਈ ਤੇ ਧਾਰਮਿਕ ਰੀਤੀ-ਰਿਵਾਜ

8. ਸੱਚਾਈ ਉੱਤੇ ਚੱਲਣ ਵਾਲੇ ਮਸੀਹੀ ਕ੍ਰਿਸਮਸ ਕਿਉਂ ਨਹੀਂ ਮਨਾਉਂਦੇ?

8 ਸੱਚਾਈ ਉੱਤੇ ਚੱਲਣ ਵਾਲੇ ਮਸੀਹੀ ਅਜਿਹੇ ਰੀਤੀ-ਰਿਵਾਜਾਂ ਤੋਂ ਦੂਰ ਰਹਿੰਦੇ ਹਨ ਜੋ ਬਾਈਬਲ ਦੇ ਖ਼ਿਲਾਫ਼ ਹਨ ਕਿਉਂਕਿ ‘ਚਾਨਣ ਦਾ ਅਨ੍ਹੇਰੇ ਨਾਲ ਕੋਈ ਮੇਲ ਨਹੀਂ ਹੈ।’ (2 ਕੁਰਿੰਥੀਆਂ 6:14-18) ਮਿਸਾਲ ਲਈ ਉਹ 25 ਦਸੰਬਰ ਨੂੰ ਮਨਾਇਆ ਜਾਂਦਾ ਕ੍ਰਿਸਮਸ ਦਾ ਤਿਉਹਾਰ ਨਹੀਂ ਮਨਾਉਂਦੇ। ਦ ਵਰਲਡ ਬੁੱਕ ਐਨਸਾਈਕਲੋਪੀਡੀਆ ਦੱਸਦਾ ਹੈ: “ਮਸੀਹ ਦੇ ਜਨਮ ਦੀ ਸਹੀ ਤਾਰੀਖ਼ ਦਾ ਕਿਸੇ ਨੂੰ ਵੀ ਨਹੀਂ ਪਤਾ।” ਦ ਐਨਸਾਈਕਲੋਪੀਡੀਆ ਅਮੈਰੀਕਾਨਾ (1956 ਦਾ ਐਡੀਸ਼ਨ) ਕਹਿੰਦਾ ਹੈ: “ਰੋਮੀ ਲੋਕ ਸੈਟਰਨ ਦੇਵਤੇ ਦਾ ਤਿਉਹਾਰ ਦਸੰਬਰ ਮਹੀਨੇ ਦੇ ਅੱਧ ਵਿਚ ਮਨਾਉਂਦੇ ਹੁੰਦੇ ਸਨ ਅਤੇ ਕ੍ਰਿਸਮਸ ਦਾ ਮੌਜ-ਮੇਲਾ ਤੇ ਰੀਤੀ-ਰਿਵਾਜ ਇਸੇ ਤਿਉਹਾਰ ਤੋਂ ਸ਼ੁਰੂ ਹੋਏ ਸਨ।” ਮੈਕਲਿਨਟੌਕ ਅਤੇ ਸਟਰੌਂਗ ਦਾ ਸਾਈਕਲੋਪੀਡੀਆ ਕਹਿੰਦਾ ਹੈ: “ਕ੍ਰਿਸਮਸ ਮਨਾਉਣ ਦੀ ਆਗਿਆ ਨਾ ਤਾਂ ਪਰਮੇਸ਼ੁਰ ਨੇ ਦਿੱਤੀ ਹੈ ਅਤੇ ਨਾ ਹੀ ਇਹ ਨਵੇਂ ਨੇਮ ਵਿਚ ਪਾਈ ਜਾਂਦੀ ਹੈ।” ਯਿਸੂ ਦੇ ਜ਼ਮਾਨੇ ਵਿਚ ਰੋਜ਼ਾਨਾ ਜ਼ਿੰਦਗੀ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ: ‘ਸਿਆਲ ਦੇ ਮੌਸਮ ਵਿਚ ਭੇਡਾਂ ਨੂੰ ਠੰਢ ਤੋਂ ਬਚਾਉਣ ਲਈ ਰਾਤ ਨੂੰ ਵਾੜੇ ਵਿਚ ਰੱਖਿਆ ਜਾਂਦਾ ਸੀ। ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਕ੍ਰਿਸਮਸ ਦੀ ਤਾਰੀਖ਼ ਸਹੀ ਨਹੀਂ ਹੋ ਸਕਦੀ ਕਿਉਂਕਿ ਇੰਜੀਲ ਵਿਚ ਦੱਸਿਆ ਗਿਆ ਹੈ ਕਿ ਅਯਾਲੀ ਖੇਤਾਂ ਵਿਚ ਸਨ।’—ਲੂਕਾ 2:8-11.

9. ਮੁਢਲੇ ਮਸੀਹੀਆਂ ਵਾਂਗ ਅੱਜ ਯਹੋਵਾਹ ਦੇ ਸੇਵਕ ਈਸਟਰ ਦਾ ਤਿਉਹਾਰ ਕਿਉਂ ਨਹੀਂ ਮਨਾਉਂਦੇ?

9 ਮਸੀਹ ਦੇ ਜੀ ਉਠਾਏ ਜਾਣ ਦੀ ਯਾਦ ਵਿਚ ਲੋਕ ਈਸਟਰ ਮਨਾਉਂਦੇ ਹਨ, ਪਰ ਕੁਝ ਭਰੋਸੇਯੋਗ ਲਿਖਤਾਂ ਇਸ ਦਾ ਸੰਬੰਧ ਝੂਠੀ ਉਪਾਸਨਾ ਨਾਲ ਜੋੜਦੀਆਂ ਹਨ। ਬਾਈਬਲ ਦਾ ਇਕ ਕੋਸ਼ ਕਹਿੰਦਾ ਹੈ ਕਿ ਈਸਟਰ “ਸ਼ੁਰੂ ਵਿਚ ਬਸੰਤ ਦਾ ਤਿਉਹਾਰ ਸੀ ਜੋ ਚਾਨਣ ਅਤੇ ਬਸੰਤ ਦੀ ਟਿਊਟਨੀ ਦੇਵੀ ਦੇ ਸਨਮਾਨ ਵਿਚ ਮਨਾਇਆ ਜਾਂਦਾ ਸੀ, ਇਸ ਦੇਵੀ ਨੂੰ ਐਂਗਲੋ-ਸੈਕਸਨ ਵਿਚ ਅਸਟਰ [ਜਾਂ ਈਓਸਟਰ] ਕਿਹਾ ਜਾਂਦਾ ਸੀ। ਲੇਕਿਨ ਜੋ ਵੀ ਸੀ ਦ ਐਨਸਾਈਕਲੋਪੀਡੀਆ ਬ੍ਰਿਟੈਨਿਕਾ (11ਵਾਂ ਐਡੀਸ਼ਨ) ਕਹਿੰਦਾ ਹੈ: “ਨਵੇਂ ਨੇਮ ਵਿਚ ਈਸਟਰ ਮਨਾਉਣ ਦਾ ਕੋਈ ਸੰਕੇਤ ਨਹੀਂ ਮਿਲਦਾ।” ਈਸਟਰ ਦਾ ਤਿਉਹਾਰ ਨਾ ਤਾਂ ਮੁਢਲੇ ਮਸੀਹੀ ਮਨਾਉਂਦੇ ਸਨ ਅਤੇ ਨਾ ਹੀ ਇਸ ਨੂੰ ਅੱਜ ਯਹੋਵਾਹ ਦੇ ਗਵਾਹ ਮਨਾਉਂਦੇ ਹਨ।

10. ਯਿਸੂ ਨੇ ਕਿਹੜਾ ਤਿਉਹਾਰ ਮਨਾਉਣ ਦਾ ਹੁਕਮ ਦਿੱਤਾ ਸੀ ਅਤੇ ਕੌਣ ਇਸ ਨੂੰ ਸਹੀ ਤਰੀਕੇ ਨਾਲ ਮਨਾਉਂਦੇ ਹਨ?

10 ਯਿਸੂ ਨੇ ਆਪਣੇ ਚੇਲਿਆਂ ਨੂੰ ਉਸ ਦਾ ਜਨਮ ਦਿਨ ਜਾਂ ਜੀ ਉਠਾਏ ਜਾਣ ਦਾ ਦਿਨ ਮਨਾਉਣ ਦੀ ਆਗਿਆ ਨਹੀਂ ਦਿੱਤੀ ਸੀ, ਪਰ ਉਸ ਨੇ ਆਪਣੀ ਮੌਤ ਦਾ ਸਮਾਰਕ ਦਿਨ ਮਨਾਉਣ ਲਈ ਕਿਹਾ ਸੀ। (ਰੋਮੀਆਂ 5:8) ਅਸਲ ਵਿਚ ਇਹੀ ਇਕ ਤਿਉਹਾਰ ਹੈ ਜਿਸ ਨੂੰ ਯਿਸੂ ਨੇ ਆਪਣੇ ਚੇਲਿਆਂ ਨੂੰ ਮਨਾਉਣ ਦਾ ਹੁਕਮ ਦਿੱਤਾ ਸੀ। (ਲੂਕਾ 22:19, 20) ਇਸ ਨੂੰ ਪ੍ਰਭੂ ਦਾ ਸ਼ਾਮ ਦਾ ਭੋਜਨ ਵੀ ਕਿਹਾ ਜਾਂਦਾ ਹੈ ਅਤੇ ਯਹੋਵਾਹ ਦੇ ਗਵਾਹ ਇਹ ਦਿਨ ਸਾਲ ਵਿਚ ਇਕ ਵਾਰ ਮਨਾਉਂਦੇ ਹਨ।—1 ਕੁਰਿੰਥੀਆਂ 11:20-26.

ਦੁਨੀਆਂ ਭਰ ਵਿਚ ਫੈਲਾਈ ਗਈ ਸੱਚਾਈ

11, 12. ਸੱਚਾਈ ਉੱਤੇ ਚੱਲਣ ਵਾਲੇ ਮਸੀਹੀ ਆਪਣੇ ਪ੍ਰਚਾਰ ਦੇ ਕੰਮ ਦਾ ਖ਼ਰਚਾ ਕਿਵੇਂ ਪੂਰਾ ਕਰਦੇ ਹਨ?

11 ਜਿਹੜੇ ਲੋਕ ਸੱਚਾਈ ਨੂੰ ਜਾਣਦੇ ਹਨ ਉਹ ਆਪਣਾ ਸਮਾਂ, ਆਪਣੀ ਤਾਕਤ ਅਤੇ ਆਪਣੀ ਧਨ-ਦੌਲਤ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਕੰਮ ਵਿਚ ਲਾਉਣ ਨੂੰ ਇਕ ਵੱਡਾ ਸਨਮਾਨ ਸਮਝਦੇ ਹਨ। (ਮਰਕੁਸ 13:10) ਮੁਢਲੇ ਮਸੀਹੀਆਂ ਦੇ ਪ੍ਰਚਾਰ ਦੇ ਕੰਮ ਦਾ ਖ਼ਰਚਾ ਖ਼ੁਸ਼ੀ ਨਾਲ ਦਿੱਤੇ ਗਏ ਦਾਨ ਦੁਆਰਾ ਪੂਰਾ ਕੀਤਾ ਜਾਂਦਾ ਸੀ। (2 ਕੁਰਿੰਥੀਆਂ 8:12; 9:7) ਟਰਟੂਲੀਅਨ ਨੇ ਲਿਖਿਆ: ‘ਭਾਵੇਂ ਕਿ ਸਭਾ ਵਾਲੀ ਜਗ੍ਹਾ ਤੇ ਕੋਈ-ਨ-ਕੋਈ ਪੇਟੀ ਰੱਖੀ ਜਾਂਦੀ ਸੀ, ਪਰ ਅੰਦਰ ਆਉਣ ਲਈ ਕਿਸੇ ਨੂੰ ਇਸ ਵਿਚ ਫ਼ੀਸ ਨਹੀਂ ਪਾਉਣੀ ਪੈਂਦੀ ਸੀ ਕਿਉਂਕਿ ਧਰਮ ਕੋਈ ਕਾਰੋਬਾਰ ਨਹੀਂ ਸੀ। ਸਾਰੇ ਜਣੇ ਹਰ ਮਹੀਨੇ ਜਾਂ ਜਦੋਂ ਉਨ੍ਹਾਂ ਦਾ ਜੀ ਕਰਦਾ ਸੀ, ਥੋੜ੍ਹੇ-ਬਹੁਤੇ ਪੈਸੇ ਲਿਆਉਂਦੇ ਸਨ। ਉਨ੍ਹਾਂ ਉੱਤੇ ਕੋਈ ਦਬਾਅ ਨਹੀਂ ਸੀ ਪਾਇਆ ਜਾਂਦਾ, ਉਹ ਆਪਣੀ ਮਰਜ਼ੀ ਨਾਲ ਆਪਣੀ ਹੈਸੀਅਤ ਅਨੁਸਾਰ ਦਾਨ ਕਰਦੇ ਸਨ।’—ਅਪੌਲੋਜੀ, 39ਵਾਂ ਅਧਿਆਇ।

12 ਅੱਜ-ਕੱਲ੍ਹ ਵੀ ਸੰਸਾਰ ਭਰ ਵਿਚ ਰਾਜ ਪ੍ਰਚਾਰ ਦੇ ਕੰਮ ਦਾ ਖ਼ਰਚਾ ਖ਼ੁਸ਼ੀ ਨਾਲ ਦਿੱਤੇ ਗਏ ਦਾਨ ਨਾਲ ਪੂਰਾ ਕੀਤਾ ਜਾਂਦਾ ਹੈ। ਗਵਾਹਾਂ ਤੋਂ ਇਲਾਵਾ, ਸੱਚਾਈ ਵਿਚ ਦਿਲਚਸਪੀ ਲੈਣ ਵਾਲੇ ਲੋਕ ਵੀ ਇਸ ਕੰਮ ਨੂੰ ਅੱਗੇ ਵਧਾਉਣ ਲਈ ਪੈਸੇ ਦਾਨ ਕਰਨੇ ਇਕ ਵੱਡਾ ਸਨਮਾਨ ਸਮਝਦੇ ਹਨ। ਇਸ ਵਿਚ ਵੀ ਅਸੀਂ ਮੁਢਲੇ ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਵਿਚਕਾਰ ਸਮਾਨਤਾ ਦੇਖ ਸਕਦੇ ਹਾਂ।

ਸੱਚਾਈ ਤੇ ਸਾਡਾ ਚਾਲ-ਚੱਲਣ

13. ਆਪਣੇ ਚਾਲ-ਚੱਲਣ ਦੇ ਸੰਬੰਧ ਵਿਚ ਯਹੋਵਾਹ ਦੇ ਗਵਾਹ ਪਤਰਸ ਦੀ ਕਿਹੜੀ ਸਲਾਹ ਉੱਤੇ ਚੱਲਦੇ ਹਨ?

13 ਮੁਢਲੇ ਮਸੀਹੀ ਸੱਚਾਈ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹੋਏ ਪਤਰਸ ਰਸੂਲ ਦੀ ਇਸ ਸਲਾਹ ਨੂੰ ਲਾਗੂ ਕਰਦੇ ਸਨ: “ਪਰਾਈਆਂ ਕੌਮਾਂ ਵਿੱਚ ਆਪਣੀ ਚਾਲ ਨੇਕ ਰੱਖੋ ਭਈ ਜਿਸ ਗੱਲ ਵਿੱਚ ਓਹ ਤੁਹਾਨੂੰ ਬੁਰਿਆਰ ਜਾਣ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਓਹ ਤੁਹਾਡੇ ਸ਼ੁਭ ਕਰਮਾਂ ਦੇ ਕਾਰਨ ਜਿਹੜੇ ਵੇਖਦੇ ਹਨ ਓਸ ਦਿਨ ਜਦ ਉਨ੍ਹਾਂ ਉੱਤੇ ਦਯਾ ਦਰਿਸ਼ਟੀ ਹੋਵੇ ਪਰਮੇਸ਼ੁਰ ਦੀ ਵਡਿਆਈ ਕਰਨ।” (1 ਪਤਰਸ 2:12) ਯਹੋਵਾਹ ਦੇ ਗਵਾਹ ਵੀ ਇਨ੍ਹਾਂ ਸ਼ਬਦਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਹਨ।

14. ਅਨੈਤਿਕ ਮਨੋਰੰਜਨ ਬਾਰੇ ਮਸੀਹੀਆਂ ਦਾ ਕੀ ਵਿਚਾਰ ਹੈ?

14 ਧਰਮ-ਤਿਆਗ ਫੈਲਣ ਤੋਂ ਬਾਅਦ ਵੀ ਮਸੀਹੀ ਲੋਕ ਅਨੈਤਿਕ ਕੰਮਾਂ ਤੋਂ ਦੂਰ ਹੀ ਰਹਿੰਦੇ ਸਨ। ਮਸੀਹੀ ਧਰਮ ਸੰਬੰਧੀ ਇਕ ਪ੍ਰੋਫ਼ੈਸਰ ਨੇ ਲਿਖਿਆ: “ਦੂਜੀ ਅਤੇ ਤੀਜੀ ਸਦੀ ਵਿਚ ਹਰ ਵੱਡੇ ਸ਼ਹਿਰ ਦਾ ਥੀਏਟਰ ਮੁੱਖ ਆਕਰਸ਼ਣ ਹੁੰਦਾ ਸੀ; ਐਕਟਰ ਅਕਸਰ ਅਨੈਤਿਕ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਨਾਟਕ ਹਮੇਸ਼ਾ ਉਸ ਸਮੇਂ ਦੇ ਲੋਕਾਂ ਦੀ ਕਾਮੁਕ ਲਾਲਸਾ ਪੂਰੀ ਕਰਦੇ ਸਨ। . . . ਸੱਚੇ ਮਸੀਹੀ ਥੀਏਟਰ ਨੂੰ ਘਿਣਾਉਣੀ ਜਗ੍ਹਾ ਸਮਝਦੇ ਸਨ। . . . ਉਹ ਉਸ ਦੇ ਗੰਦ ਤੋਂ ਆਪਣੇ ਆਪ ਨੂੰ ਦੂਰ ਹੀ ਰੱਖਦੇ ਸਨ; ਅਤੇ ਆਪਣੇ ਧਾਰਮਿਕ ਖ਼ਿਆਲਾਂ ਕਾਰਨ ਉਹ ਬਹੁਤ ਹੀ ਗੁੱਸੇ ਹੁੰਦੇ ਸਨ ਕਿਉਂਕਿ ਅਜਿਹੇ ਗੰਦੇ ਕੰਮ ਝੂਠੇ ਦੇਵੀ-ਦੇਵਤਿਆਂ ਨੂੰ ਬਹੁਤ ਹੀ ਪਸੰਦ ਸਨ।” (ਪ੍ਰਾਚੀਨ ਚਰਚ [ਅੰਗ੍ਰੇਜ਼ੀ], ਸਫ਼ੇ 318-19) ਅੱਜ ਵੀ ਯਿਸੂ ਦੇ ਸੱਚੇ ਚੇਲੇ ਅਨੈਤਿਕ ਮਨੋਰੰਜਨ ਤੋਂ ਦੂਰ ਹੀ ਰਹਿੰਦੇ ਹਨ।—ਅਫ਼ਸੀਆਂ 5:3-5.

ਸੱਚਾਈ ਤੇ ‘ਉੱਚ ਹਕੂਮਤਾਂ’

15, 16. ‘ਉੱਚ ਹਕੂਮਤਾਂ’ ਕੌਣ ਹਨ ਅਤੇ ਸੱਚਾਈ ਉੱਤੇ ਚੱਲਣ ਵਾਲਿਆਂ ਦਾ ਇਨ੍ਹਾਂ ਪ੍ਰਤੀ ਕਿਹੋ ਜਿਹਾ ਰਵੱਈਆ ਹੈ?

15 ਮੁਢਲੇ ਮਸੀਹੀਆਂ ਦੇ ਨੇਕ ਚਾਲ-ਚੱਲਣ ਦੇ ਬਾਵਜੂਦ ਵੀ ਰੋਮੀ ਸਮਰਾਟਾਂ ਨੇ ਉਨ੍ਹਾਂ ਨੂੰ ਗ਼ਲਤ ਸਮਝਿਆ। ਇਤਿਹਾਸਕਾਰ ਹਾਰਡੀ ਦੱਸਦਾ ਹੈ ਕਿ ਮਸੀਹੀਆਂ ਦੇ ‘ਜੋਸ਼ ਨੂੰ ਸਮਰਾਟ ਘਿਣਾਉਣਾ’ ਸਮਝਦੇ ਸਨ। ਬਿਥਿਨੀਆ ਦੇ ਗਵਰਨਰ ਪਲੀਨੀ ਛੋਟੇ ਅਤੇ ਸਮਰਾਟ ਟ੍ਰੇਜਨ ਦੁਆਰਾ ਇਕ-ਦੂਜੇ ਨੂੰ ਲਿਖੀਆਂ ਚਿੱਠੀਆਂ ਤੋਂ ਪਤਾ ਲੱਗਦਾ ਹੈ ਕਿ ਲੀਡਰਾਂ ਜਾਂ ਸਰਕਾਰੀ ਲੋਕਾਂ ਕੋਲ ਮਸੀਹੀ ਧਰਮ ਬਾਰੇ ਸਹੀ ਗਿਆਨ ਨਹੀਂ ਸੀ। ਮਸੀਹੀਆਂ ਦਾ ਸਰਕਾਰੀ ਹਕੂਮਤਾਂ ਬਾਰੇ ਕੀ ਖ਼ਿਆਲ ਹੈ?

16 ਯਿਸੂ ਦੇ ਮੁਢਲੇ ਚੇਲਿਆਂ ਵਾਂਗ ਯਹੋਵਾਹ ਦੇ ਗਵਾਹ ਸੀਮਿਤ ਹੱਦ ਤਕ “ਹਕੂਮਤਾਂ” ਦੇ ਅਧੀਨ ਰਹਿੰਦੇ ਹਨ। (ਰੋਮੀਆਂ 13:1-7) ਜੇਕਰ ਉਨ੍ਹਾਂ ਨੂੰ ਇਨਸਾਨੀ ਮੰਗ ਪੂਰੀ ਕਰਨ ਵਿਚ ਪਰਮੇਸ਼ੁਰ ਦਾ ਹੁਕਮ ਤੋੜਨਾ ਪਵੇ, ਤਾਂ ਉਸ ਵੇਲੇ ਉਨ੍ਹਾਂ ਲਈ “ਮਨੁੱਖਾਂ ਦੇ ਹੁਕਮ ਨਾਲੋਂ ਪਰਮੇਸ਼ੁਰ ਦਾ ਹੁਕਮ ਮੰਨਣਾ ਜ਼ਰੂਰੀ ਹੈ।” (ਰਸੂਲਾਂ ਦੇ ਕਰਤੱਬ 5:29) ਯਿਸੂ ਤੋਂ ਬਾਅਦ ਮਸੀਹੀਅਤ ਦੀ ਜਿੱਤ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ ਕਿ “ਭਾਵੇਂ ਮਸੀਹੀ ਸਮਰਾਟ ਦੀ ਉਪਾਸਨਾ ਨਹੀਂ ਸੀ ਕਰਦੇ, ਉਹ ਭੀੜ ਨੂੰ ਭੜਕਾਉਂਦੇ ਵੀ ਨਹੀਂ ਸਨ। ਗ਼ੈਰ-ਮਸੀਹੀਆਂ ਦੀ ਨਜ਼ਰ ਵਿਚ ਮਸੀਹੀਆਂ ਦਾ ਧਰਮ ਵੱਖਰਾ ਅਤੇ ਘਿਣਾਉਣਾ ਹੋਣ ਦੇ ਬਾਵਜੂਦ ਵੀ ਇਹ ਰੋਮੀ ਸਾਮਰਾਜ ਲਈ ਕੋਈ ਖ਼ਤਰਾ ਨਹੀਂ ਸੀ।”

17. (ੳ) ਮੁਢਲੇ ਮਸੀਹੀਆਂ ਨੇ ਕਿਹੜੇ ਰਾਜ ਦਾ ਸਮਰਥਨ ਕੀਤਾ ਸੀ? (ਅ) ਮਸੀਹ ਦੇ ਸੱਚੇ ਚੇਲਿਆਂ ਨੇ ਯਸਾਯਾਹ 2:4 ਦੇ ਸ਼ਬਦ ਕਿਵੇਂ ਲਾਗੂ ਕੀਤੇ ਹਨ?

17 ਮੁਢਲੇ ਮਸੀਹੀ ਪਰਮੇਸ਼ੁਰ ਦੇ ਰਾਜ ਦਾ ਪੂਰੀ ਨਿਹਚਾ ਨਾਲ ਸਮਰਥਨ ਕਰਦੇ ਸਨ ਜਿਵੇਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨੇ ਉਸ ਨਗਰ ਦੇ ਵਾਅਦੇ ਵਿਚ ਨਿਹਚਾ ਕੀਤੀ ਸੀ ਜਿਸ ‘ਨਗਰ ਦਾ ਬਣਾਉਣ ਵਾਲਾ ਪਰਮੇਸ਼ੁਰ ਹੈ।’ (ਇਬਰਾਨੀਆਂ 11:8-10) ਆਪਣੇ ਮਾਲਕ ਯਿਸੂ ਵਾਂਗ ਉਹ ਵੀ ਇਸ “ਜਗਤ ਦੇ ਨਹੀਂ” ਸਨ। (ਯੂਹੰਨਾ 17:14-16) ਅਤੇ ਇਨਸਾਨੀ ਲੜਾਈ-ਝਗੜਿਆਂ ਵਿਚ ਹਿੱਸਾ ਲੈਣ ਦੀ ਬਜਾਇ ਉਹ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣ’ ਦੁਆਰਾ ਸ਼ਾਂਤੀ ਦੇ ਰਾਹ ਤੇ ਚੱਲਦੇ ਸਨ। (ਯਸਾਯਾਹ 2:4) ਮੁਢਲੇ ਮਸੀਹੀਆਂ ਅਤੇ ਗਵਾਹਾਂ ਵਿਚ ਸਮਾਨਤਾ ਬਾਰੇ ਗੱਲ ਕਰਦੇ ਹੋਏ ਮਸੀਹੀ ਧਰਮ ਦੇ ਇਤਿਹਾਸ ਦੇ ਇਕ ਲੈਕਚਰਾਰ ਨੇ ਕਿਹਾ: “ਲੜਾਈ ਪ੍ਰਤੀ ਮੁਢਲੇ ਮਸੀਹੀਆਂ ਦਾ ਰਵੱਈਆ ਯਹੋਵਾਹ ਦੇ ਗਵਾਹਾਂ ਦੇ ਰਵੱਈਏ ਨਾਲ ਇੰਨਾ ਮਿਲਦਾ-ਜੁਲਦਾ ਹੈ ਜਿਸ ਉੱਤੇ ਸਾਨੂੰ ਵਿਸ਼ਵਾਸ ਨਹੀਂ ਹੁੰਦਾ।”

18. ਸਰਕਾਰਾਂ ਨੂੰ ਯਹੋਵਾਹ ਦੇ ਗਵਾਹਾਂ ਤੋਂ ਡਰਨ ਦੀ ਲੋੜ ਕਿਉਂ ਨਹੀਂ ਹੈ?

18 ਮੁਢਲੇ ਮਸੀਹੀ ਕਿਸੇ ਦਾ ਪੱਖ ਨਹੀਂ ਲੈਂਦੇ ਸਨ। ਉਹ “ਹਕੂਮਤਾਂ” ਦੇ ਅਧੀਨ ਰਹਿੰਦੇ ਸਨ ਜਿਸ ਕਰਕੇ ਕਿਸੇ ਰਾਜਨੀਤਿਕ ਸੰਗਠਨ ਨੂੰ ਉਨ੍ਹਾਂ ਕੋਲੋਂ ਕੋਈ ਖ਼ਤਰਾ ਨਹੀਂ ਸੀ। ਅੱਜ ਯਹੋਵਾਹ ਦੇ ਗਵਾਹਾਂ ਕੋਲੋਂ ਵੀ ਕੋਈ ਖ਼ਤਰਾ ਨਹੀਂ ਹੈ। ਉੱਤਰੀ ਅਮਰੀਕਾ ਦੇ ਇਕ ਸੰਪਾਦਕ ਨੇ ਕਿਹਾ: “ਇਕ ਕੱਟੜ ਅਤੇ ਵਹਿਮੀ ਇਨਸਾਨ ਹੀ ਇਹ ਸੋਚ ਸਕਦਾ ਹੈ ਕਿ ਯਹੋਵਾਹ ਦੇ ਗਵਾਹ ਕਿਸੇ ਵੀ ਰਾਜਨੀਤਿਕ ਸੰਗਠਨ ਲਈ ਖ਼ਤਰਾ ਪੇਸ਼ ਕਰਦੇ ਹਨ। ਉਹ ਦੇਸ਼ਧਰੋਹੀ ਨਹੀਂ ਹਨ ਸਗੋਂ ਸ਼ਾਂਤੀ ਪਸੰਦ ਕਰਨ ਵਾਲੇ ਧਾਰਮਿਕ ਲੋਕ ਹਨ।” ਜਿਨ੍ਹਾਂ ਸਰਕਾਰਾਂ ਨੂੰ ਗਵਾਹਾਂ ਬਾਰੇ ਥੋੜ੍ਹਾ-ਬਹੁਤਾ ਪਤਾ ਹੈ, ਉਹ ਜਾਣਦੀਆਂ ਹਨ ਕਿ ਉਨ੍ਹਾਂ ਨੂੰ ਯਹੋਵਾਹ ਦੇ ਗਵਾਹਾਂ ਤੋਂ ਡਰਨ ਦੀ ਲੋੜ ਨਹੀਂ ਹੈ।

19. ਟੈਕਸ ਭਰਨ ਬਾਰੇ ਮੁਢਲੇ ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਬਾਰੇ ਕੀ ਕਿਹਾ ਜਾ ਸਕਦਾ ਹੈ?

19 ਮੁਢਲੇ ਮਸੀਹੀ ਟੈਕਸ ਭਰ ਕੇ ਦਿਖਾਉਂਦੇ ਸਨ ਕਿ ਉਹ “ਹਕੂਮਤਾਂ” ਦਾ ਆਦਰ ਕਰਦੇ ਸਨ। ਰੋਮੀ ਸਮਰਾਟ ਐਨਟੋਨਿਨੱਸ ਪਿਅਸ (138-161 ਸਾ.ਯੁ.) ਨੂੰ ਲਿਖਦੇ ਹੋਏ ਜਸਟਿਨ ਮਾਰਟਰ ਨੇ ਕਿਹਾ ਕਿ ਮਸੀਹੀ ਲੋਕ ਟੈਕਸ ਭਰਨ ਵਿਚ “ਸਾਰਿਆਂ ਨਾਲੋਂ ਅੱਗੇ ਸਨ।” (ਪਹਿਲੀ ਅਪੌਲੋਜੀ [ਅੰਗ੍ਰੇਜ਼ੀ] ਦਾ 17ਵਾਂ ਅਧਿਆਇ) ਅਤੇ ਟਰਟੂਲੀਅਨ ਨੇ ਰੋਮੀ ਹਾਕਮਾਂ ਨੂੰ ਇਹ ਦੱਸਿਆ ਕਿ ਉਨ੍ਹਾਂ ਕੋਲੋਂ ਚੂੰਗੀ ਲੈਣ ਵਾਲਿਆਂ ਨੂੰ “ਮਸੀਹੀਆਂ ਦਾ ਧੰਨਵਾਦ” ਕਰਨਾ ਚਾਹੀਦਾ ਸੀ ਕਿ ਉਹ ਈਮਾਨਦਾਰੀ ਨਾਲ ਆਪਣੇ ਟੈਕਸ ਭਰਦੇ ਸਨ। (ਅਪੌਲੋਜੀ ਦਾ 42ਵਾਂ ਅਧਿਆਇ) ਮਸੀਹੀਆਂ ਨੂੰ ਪੈਕਸ ਰੋਮਾਨਾ ਜਾਂ ਰੋਮ ਦੇ ਸ਼ਾਂਤੀਪੂਰਣ ਮਾਹੌਲ ਅਧੀਨ ਰਹਿ ਕੇ ਕਈ ਫ਼ਾਇਦੇ ਸਨ, ਜਿਵੇਂ ਕਿ ਸ਼ਾਂਤੀ ਤੇ ਸੁਰੱਖਿਆ, ਵਧੀਆ ਸੜਕਾਂ ਅਤੇ ਕਾਫ਼ੀ ਸੁਰੱਖਿਅਤ ਸਮੁੰਦਰੀ ਸਫ਼ਰ। ਸਮਾਜ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਲਈ ਉਨ੍ਹਾਂ ਨੇ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਮੰਨਿਆ: “ਜਿਹੜੀਆਂ ਚੀਜ਼ਾਂ ਕੈਸਰ ਦੀਆਂ ਹਨ ਸੋ ਕੈਸਰ ਨੂੰ ਦਿਓ ਅਤੇ ਜਿਹੜੀਆਂ ਪਰਮੇਸ਼ੁਰ ਦੀਆਂ ਹਨ ਸੋ ਪਰਮੇਸ਼ੁਰ ਨੂੰ ਦਿਓ।” (ਮਰਕੁਸ 12:17) ਅੱਜ ਵੀ ਯਹੋਵਾਹ ਦੇ ਸੇਵਕ ਇਸ ਸਲਾਹ ਤੇ ਚੱਲਦੇ ਹਨ। ਹਾਂ, ਉਹ ਈਮਾਨਦਾਰੀ ਨਾਲ ਟੈਕਸ ਭਰਦੇ ਹਨ ਜਿਸ ਕਰਕੇ ਉਨ੍ਹਾਂ ਦੀ ਸਿਫ਼ਤ ਕੀਤੀ ਜਾਂਦੀ ਹੈ।—ਇਬਰਾਨੀਆਂ 13:18.

ਸੱਚਾਈ—ਇਕ ਅਟੁੱਟ ਬੰਧਨ

20, 21. ਸ਼ਾਂਤੀ-ਪਸੰਦ ਭਾਈਚਾਰੇ ਦੇ ਸੰਬੰਧ ਵਿਚ ਮੁਢਲੇ ਮਸੀਹੀਆਂ ਅਤੇ ਅੱਜ ਯਹੋਵਾਹ ਦੇ ਗਵਾਹਾਂ ਬਾਰੇ ਕਿਹੜੀ ਗੱਲ ਸੱਚ ਹੈ?

20 ਸੱਚਾਈ ਉੱਤੇ ਚੱਲਣ ਕਾਰਨ ਮੁਢਲੇ ਮਸੀਹੀਆਂ ਵਿਚਕਾਰ ਅਟੁੱਟ ਬੰਧਨ ਸੀ ਅਤੇ ਉਹ ਭਰਾਵਾਂ ਵਾਂਗ ਇਕ-ਦੂਜੇ ਨਾਲ ਵੱਸਦੇ ਸਨ। ਅੱਜ-ਕੱਲ੍ਹ ਯਹੋਵਾਹ ਦੇ ਗਵਾਹ ਵੀ ਇਸੇ ਤਰ੍ਹਾਂ ਕਰਦੇ ਹਨ। (ਰਸੂਲਾਂ ਦੇ ਕਰਤੱਬ 10:34, 35) ਦ ਮਾਸਕੋ ਟਾਈਮਜ਼ ਵਿਚ ਦਰਜ ਇਕ ਚਿੱਠੀ ਵਿਚ ਇਹ ਲਿਖਿਆ ਸੀ: “[ਯਹੋਵਾਹ ਦੇ ਗਵਾਹਾਂ] ਨੂੰ ਬਹੁਤ ਹੀ ਚੰਗੇ, ਦਿਆਲੂ ਅਤੇ ਨਰਮ ਸੁਭਾਅ ਵਾਲੇ ਲੋਕ ਸਮਝਿਆ ਜਾਂਦਾ ਹੈ ਜਿਨ੍ਹਾਂ ਨਾਲ ਆਸਾਨੀ ਨਾਲ ਮੇਲ-ਜੋਲ ਰੱਖਿਆ ਜਾ ਸਕਦਾ ਹੈ। ਉਹ ਦੂਸਰਿਆਂ ਉੱਤੇ ਕਦੇ ਦਬਾਅ ਨਹੀਂ ਪਾਉਂਦੇ, ਸਗੋਂ ਹਮੇਸ਼ਾ ਸ਼ਾਂਤੀ ਨਾਲ ਸਲੂਕ ਕਰਨ ਦੀ ਕੋਸ਼ਿਸ਼ ਕਰਦੇ ਹਨ . . . ਉਹ ਰਿਸ਼ਵਤ ਨਹੀਂ ਲੈਂਦੇ, ਨਾ ਹੀ ਜ਼ਿਆਦਾ ਸ਼ਰਾਬ ਪੀਂਦੇ ਜਾਂ ਨਸ਼ੀਲੀਆਂ ਦਵਾਈਆਂ ਲੈਂਦੇ ਹਨ। ਇਸ ਦਾ ਕਾਰਨ ਹੈ ਕਿ ਉਨ੍ਹਾਂ ਦੀ ਕਹਿਣੀ ਅਤੇ ਕਰਨੀ ਹਮੇਸ਼ਾ ਬਾਈਬਲ ਦੇ ਮਿਆਰਾਂ ਅਨੁਸਾਰ ਹੁੰਦੀ ਹੈ। ਜੇਕਰ ਦੁਨੀਆਂ ਦੇ ਸਾਰੇ ਲੋਕ ਯਹੋਵਾਹ ਦੇ ਗਵਾਹਾਂ ਵਾਂਗ ਬਾਈਬਲ ਦੀ ਸਿੱਖਿਆ ਉੱਤੇ ਚੱਲਦੇ ਹੁੰਦੇ, ਤਾਂ ਸਾਡੀ ਜ਼ਾਲਮ ਦੁਨੀਆਂ ਅੱਜ ਬਹੁਤ ਹੀ ਵੱਖਰੀ ਹੁੰਦੀ।”

21 ਮੁਢਲੀ ਮਸੀਹੀਅਤ ਬਾਰੇ ਇਕ ਕੋਸ਼ ਕਹਿੰਦਾ ਹੈ: “ਮੁਢਲਾ ਮਸੀਹੀ ਧਰਮ ਆਪਣੇ ਆਪ ਨੂੰ ਨਵਾਂ ਸਮਾਜ ਸਮਝਦਾ ਸੀ। ਇਸ ਵਿਚ ਪਹਿਲਾਂ ਇਕ-ਦੂਜੇ ਦਾ ਵਿਰੋਧ ਕਰਨ ਵਾਲੇ ਯਹੂਦੀ ਅਤੇ ਗ਼ੈਰ-ਯਹੂਦੀ ਹੁਣ ਸ਼ਾਂਤੀ ਨਾਲ ਇਕ-ਦੂਜੇ ਨਾਲ ਰਹਿ ਸਕਦੇ ਸਨ।” ਯਹੋਵਾਹ ਦੇ ਗਵਾਹਾਂ ਦਾ ਵੀ ਇਕ ਸ਼ਾਂਤੀ-ਪਸੰਦ ਅੰਤਰਰਾਸ਼ਟਰੀ ਭਾਈਚਾਰਾ ਹੈ। ਉਹ ਸੱਚ-ਮੁੱਚ ਨਵੇਂ ਸੰਸਾਰ ਦੇ ਲੋਕ ਹਨ। (ਅਫ਼ਸੀਆਂ 2:11-18; 1 ਪਤਰਸ 5:9; 2 ਪਤਰਸ 3:13) ਦੱਖਣੀ ਅਫ਼ਰੀਕਾ ਵਿਚ ਪ੍ਰਿਟੋਰੀਆ ਸ਼ੋਅ ਗਰਾਊਂਡਾਂ ਦੇ ਸੁਰੱਖਿਆ ਪੁਲਸ ਦੇ ਮੁਖੀ ਨੇ ਜਦੋਂ ਵੱਖੋ-ਵੱਖਰੀ ਨਸਲ ਦੇ ਗਵਾਹਾਂ ਨੂੰ ਸੰਮੇਲਨ ਵਿਚ ਸ਼ਾਂਤੀ ਨਾਲ ਇਕ-ਦੂਜੇ ਨੂੰ ਮਿਲਦੇ ਦੇਖਿਆ, ਤਾਂ ਉਸ ਨੇ ਕਿਹਾ: “ਸਾਰੇ ਜਣੇ ਇਕ-ਦੂਜੇ ਦਾ ਬਹੁਤ ਹੀ ਆਦਰ ਕਰਦੇ ਸਨ ਅਤੇ ਇਕ-ਦੂਜੇ ਨਾਲ ਪਿਆਰ ਨਾਲ ਗੱਲਬਾਤ ਕਰਦੇ ਸਨ। ਜੋ ਰਵੱਈਆ ਮੈਂ ਪਿਛਲੇ ਕੁਝ ਦਿਨਾਂ ਵਿਚ ਦੇਖਿਆ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਤੁਹਾਡੀ ਸੰਸਥਾ ਦੇ ਲੋਕ ਇਕ-ਦੂਜੇ ਨਾਲ ਇਕ ਸੁਖੀ ਪਰਿਵਾਰ ਵਾਂਗ ਰਹਿੰਦੇ ਹਨ।”

ਸੱਚਾਈ ਸਿਖਾਉਣ ਦੀਆਂ ਬਰਕਤਾਂ

22. ਸੱਚਾਈ ਸਿਖਾਉਣ ਦੇ ਕਿਹੜੇ ਵਧੀਆ ਨਤੀਜੇ ਨਿਕਲ ਰਹੇ ਹਨ?

22 ਆਪਣੇ ਚੰਗੇ ਚਾਲ-ਚੱਲਣ ਅਤੇ ਜੋਸ਼ੀਲੇ ਪ੍ਰਚਾਰ ਦੁਆਰਾ ਪੌਲੁਸ ਅਤੇ ਦੂਜੇ ਮਸੀਹੀ “ਸਤ ਨੂੰ ਪਰਗਟ ਕਰ” ਰਹੇ ਸਨ। (2 ਕੁਰਿੰਥੀਆਂ 4:2) ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਯਹੋਵਾਹ ਦੇ ਗਵਾਹ ਇਸੇ ਤਰ੍ਹਾਂ ਕਰ ਕੇ ਸਾਰੀਆਂ ਕੌਮਾਂ ਨੂੰ ਸੱਚਾਈ ਸਿਖਾ ਰਹੇ ਹਨ? ਦੁਨੀਆਂ ਭਰ ਵਿਚ ਜ਼ਿਆਦਾ ਤੋਂ ਜ਼ਿਆਦਾ ਲੋਕ ਸੱਚੀ ਉਪਾਸਨਾ ਅਪਣਾ ਰਹੇ ਹਨ ਅਤੇ ‘ਯਹੋਵਾਹ ਦੇ ਭਵਨ ਦੇ ਪਰਬਤ’ ਵੱਲ ਆ ਰਹੇ ਹਨ। (ਯਸਾਯਾਹ 2:2, 3) ਹਰ ਸਾਲ ਹਜ਼ਾਰਾਂ ਹੀ ਲੋਕ ਆਪਣਾ ਜੀਵਨ ਯਹੋਵਾਹ ਨੂੰ ਸਮਰਪਿਤ ਕਰ ਕੇ ਬਪਤਿਸਮਾ ਲੈ ਰਹੇ ਹਨ ਜਿਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਨਵੀਆਂ ਕਲੀਸਿਯਾਵਾਂ ਬਣ ਰਹੀਆਂ ਹਨ।

23. ਸਾਰੀਆਂ ਕੌਮਾਂ ਨੂੰ ਸੱਚਾਈ ਸਿਖਾਉਣ ਵਾਲੇ ਲੋਕਾਂ ਬਾਰੇ ਤੁਹਾਡਾ ਕੀ ਵਿਚਾਰ ਹੈ?

23 ਭਾਵੇਂ ਕਿ ਯਹੋਵਾਹ ਦੇ ਗਵਾਹਾਂ ਦੇ ਵੱਖੋ-ਵੱਖਰੇ ਪਿਛੋਕੜ ਹਨ, ਉਹ ਸੱਚੇ ਪਰਮੇਸ਼ੁਰ ਦੀ ਉਪਾਸਨਾ ਵਿਚ ਇਕਮੁੱਠ ਹਨ। ਉਹ ਇਕ-ਦੂਜੇ ਨੂੰ ਪ੍ਰੇਮ ਦਿਖਾਉਂਦੇ ਹਨ ਜਿਸ ਤੋਂ ਇਹ ਸਬੂਤ ਮਿਲਦਾ ਹੈ ਕਿ ਉਹ ਯਿਸੂ ਦੇ ਚੇਲੇ ਹਨ। (ਯੂਹੰਨਾ 13:35) ਕੀ ਤੁਸੀਂ ਦੇਖ ਸਕਦੇ ਹੋ ਕਿ “ਪਰਮੇਸ਼ੁਰ ਏਹਨਾਂ ਦੇ ਵਿੱਚ ਹੈ”? (1 ਕੁਰਿੰਥੀਆਂ 14:25) ਕੀ ਤੁਸੀਂ ਸਾਰੀਆਂ ਕੌਮਾਂ ਨੂੰ ਸੱਚਾਈ ਸਿਖਾਉਣ ਵਾਲੇ ਲੋਕਾਂ ਦੇ ਪੱਖ ਵਿਚ ਖੜ੍ਹੇ ਹੋ? ਸਾਨੂੰ ਉਮੀਦ ਹੈ ਕਿ ਤੁਸੀਂ ਸੱਚਾਈ ਲਈ ਹਮੇਸ਼ਾ ਸ਼ੁਕਰਗੁਜ਼ਾਰੀ ਦਿਖਾਓਗੇ ਅਤੇ ਸਦਾ ਵਾਸਤੇ ਇਸ ਦੇ ਰਾਹਾਂ ਉੱਤੇ ਚੱਲਦੇ ਰਹੋਗੇ।

ਤੁਸੀਂ ਕਿਵੇਂ ਜਵਾਬ ਦਿਓਗੇ?

• ਉਪਾਸਨਾ ਦੇ ਸੰਬੰਧ ਵਿਚ ਮੁਢਲੇ ਮਸੀਹੀਆਂ ਅਤੇ ਯਹੋਵਾਹ ਦੇ ਗਵਾਹਾਂ ਵਿਚਕਾਰ ਕੀ ਸਮਾਨਤਾ ਹੈ?

• ਸੱਚਾਈ ਉੱਤੇ ਚੱਲਣ ਵਾਲੇ ਮਸੀਹੀ ਕਿਹੜਾ ਇੱਕੋ-ਇਕ ਧਾਰਮਿਕ ਤਿਉਹਾਰ ਮਨਾਉਂਦੇ ਹਨ?

• ਉੱਚ “ਹਕੂਮਤਾਂ” ਕੌਣ ਹਨ ਅਤੇ ਮਸੀਹੀ ਉਨ੍ਹਾਂ ਨੂੰ ਕਿਵੇਂ ਵਿਚਾਰਦੇ ਹਨ?

• ਸੱਚਾਈ ਇਕ ਅਟੁੱਟ ਬੰਧਨ ਕਿਵੇਂ ਹੈ?

[ਸਵਾਲ]

[ਸਫ਼ੇ 21 ਉੱਤੇ ਤਸਵੀਰ]

ਸੱਚਾਈ ਉੱਤੇ ਚੱਲਣ ਵਾਲਿਆਂ ਲਈ ਮਸੀਹੀ ਸਭਾਵਾਂ ਹਮੇਸ਼ਾ ਬਰਕਤ ਸਾਬਤ ਹੋਈਆਂ ਹਨ

[ਸਫ਼ੇ 23 ਉੱਤੇ ਤਸਵੀਰਾਂ]

ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੀ ਮੌਤ ਦਾ ਸਮਾਰਕ ਦਿਨ ਮਨਾਉਣ ਦਾ ਹੁਕਮ ਦਿੱਤਾ ਸੀ

[ਸਫ਼ੇ 24 ਉੱਤੇ ਤਸਵੀਰ]

ਮੁਢਲੇ ਮਸੀਹੀਆਂ ਵਾਂਗ ਯਹੋਵਾਹ ਦੇ ਗਵਾਹ “ਹਕੂਮਤਾਂ” ਦਾ ਆਦਰ ਕਰਦੇ ਹਨ