Skip to content

Skip to table of contents

ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ

ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ

ਜੀਵਨੀ

ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ

ਮਯੁਰੀਅਲ ਸਮਿੱਥ ਦੀ ਜ਼ਬਾਨੀ

ਕਿਸੇ ਨੇ ਸਾਡਾ ਦਰਵਾਜ਼ਾ ਖੜਕਾਇਆ। ਮੈਂ ਸਾਰੀ ਸਵੇਰ ਪ੍ਰਚਾਰ ਕਰ ਕੇ ਦੁਪਹਿਰ ਨੂੰ ਰੋਟੀ ਖਾਣ ਲਈ ਅਜੇ ਘਰ ਮੁੜੀ ਹੀ ਸੀ। ਮੈਂ ਆਪਣੀ ਆਦਤ ਅਨੁਸਾਰ ਚਾਹ ਬਣਾ ਕੇ ਅੱਧੇ-ਕੁ ਘੰਟੇ ਲਈ ਆਰਾਮ ਕਰਨ ਲੱਗੀ ਸੀ। ਕੋਈ ਵਾਰ-ਵਾਰ ਦਰਵਾਜ਼ਾ ਖੜਕਾ ਰਿਹਾ ਸੀ। ਮੈਂ ਸੋਚਿਆ ਕਿ ਇਸ ਵੇਲੇ ਕੌਣ ਸਾਡੇ ਘਰ ਆ ਧਮਕਿਆ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ, ਤਾਂ ਦੋ ਬੰਦਿਆਂ ਨੇ ਕਿਹਾ ਕਿ ਉਹ ਪੁਲਸ ਅਫ਼ਸਰ ਸਨ। ਉਨ੍ਹਾਂ ਨੇ ਕਿਹਾ ਕਿ ਉਹ ਯਹੋਵਾਹ ਦੇ ਗਵਾਹਾਂ ਦੁਆਰਾ ਛਾਪੇ ਜਾਂਦੇ ਸਾਹਿੱਤ ਦੀ ਤਲਾਸ਼ ਵਿਚ ਮੇਰੇ ਘਰ ਆਏ ਸਨ ਕਿਉਂਕਿ ਗਵਾਹਾਂ ਉੱਤੇ ਪਾਬੰਦੀ ਲੱਗੀ ਹੋਈ ਸੀ।

ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਕਿਉਂ ਪਾਬੰਦੀ ਲੱਗੀ ਹੋਈ ਸੀ? ਮੈਂ ਯਹੋਵਾਹ ਦੀ ਗਵਾਹ ਕਿੱਦਾਂ ਬਣੀ ਸੀ? ਇਹ ਸਿਲਸਿਲਾ 1910 ਵਿਚ ਸ਼ੁਰੂ ਹੋਇਆ ਸੀ ਜਦੋਂ ਮੇਰੇ ਮਾਤਾ ਜੀ ਨੇ ਮੈਨੂੰ ਇਕ ਤੋਹਫ਼ਾ ਦਿੱਤਾ ਸੀ। ਉਸ ਵੇਲੇ ਮੈਂ ਦਸਾਂ ਸਾਲਾਂ ਦੀ ਸੀ।

ਮੇਰਾ ਪਰਿਵਾਰ ਸਿਡਨੀ ਦੇ ਉੱਤਰ ਵੱਲ ਕਰੋਜ਼ ਨੈੱਸਟ ਨਾਂ ਦੇ ਇਲਾਕੇ ਵਿਚ ਲੱਕੜ ਦੇ ਛੋਟੇ ਘਰ ਵਿਚ ਰਹਿੰਦਾ ਸੀ। ਇਕ ਦਿਨ ਜਦੋਂ ਮੈਂ ਸਕੂਲੋਂ ਆਈ, ਉਸ ਵੇਲੇ ਮਾਤਾ ਜੀ ਦਰਵਾਜ਼ੇ ਤੇ ਖੜ੍ਹੇ ਇਕ ਆਦਮੀ ਨਾਲ ਗੱਲਾਂ ਕਰ ਰਹੇ ਸਨ। ਮੈਂ ਉਸ ਅਣਜਾਣ ਆਦਮੀ ਬਾਰੇ ਜਾਣਨਾ ਚਾਹੁੰਦੀ ਸੀ ਜਿਸ ਨੇ ਸੂਟ-ਬੂਟ ਪਾਇਆ ਹੋਇਆ ਸੀ ਤੇ ਕਿਤਾਬਾਂ ਨਾਲ ਭਰਿਆ ਬੈਗ ਚੁੱਕਿਆ ਹੋਇਆ ਸੀ। ਪਰ ਮੈਂ ਚੁੱਪ-ਚਾਪ ਅੰਦਰ ਚਲੀ ਗਈ। ਪਰ ਕੁਝ ਮਿੰਟਾਂ ਬਾਅਦ ਮਾਤਾ ਜੀ ਨੇ ਮੈਨੂੰ ਬੁਲਾਇਆ। ਉਨ੍ਹਾਂ ਨੇ ਮੈਨੂੰ ਕਿਹਾ: “ਅੰਕਲ ਕੋਲ ਬਾਈਬਲ ਦੇ ਬਾਰੇ ਕੁਝ ਦਿਲਚਸਪ ਕਿਤਾਬਾਂ ਹਨ। ਤੇਰਾ ਜਨਮ-ਦਿਨ ਲਾਗੇ ਹੈ, ਤੋਹਫ਼ੇ ਵਿਚ ਤੂੰ ਜਾਂ ਤਾਂ ਨਵੇਂ ਕੱਪੜੇ ਲੈ ਸਕਦੀ ਹੈ ਜਾਂ ਇਹ ਕਿਤਾਬਾਂ। ਦੱਸ ਤੂੰ ਕੀ ਲੈਣਾ ਚਾਹੁੰਦੀ ਹੈਂ?”

“ਮੈਂ ਇਹ ਕਿਤਾਬਾਂ ਲੈਣੀਆਂ ਚਾਹੁੰਦੀ ਹਾਂ,” ਮੈਂ ਕਿਹਾ।

ਇਸ ਤਰ੍ਹਾਂ ਦਸ ਸਾਲ ਦੀ ਉਮਰ ਵਿਚ ਮੈਨੂੰ ਚਾਰਲਜ਼ ਟੇਜ਼ ਰਸਲ ਦੁਆਰਾ ਲਿਖੀ ਕਿਤਾਬ ਸ਼ਾਸਤਰ ਦਾ ਅਧਿਐਨ (ਅੰਗ੍ਰੇਜ਼ੀ) ਦੇ ਪਹਿਲੇ ਤਿੰਨ ਅੰਕ ਮਿਲੇ। ਉਸ ਆਦਮੀ ਨੇ ਮੇਰੇ ਮਾਤਾ ਜੀ ਨੂੰ ਦੱਸਿਆ ਕਿ ਇਨ੍ਹਾਂ ਕਿਤਾਬਾਂ ਨੂੰ ਸਮਝਣ ਲਈ ਉਨ੍ਹਾਂ ਨੂੰ ਮੇਰੀ ਮਦਦ ਕਰਨੀ ਪਏਗੀ ਕਿਉਂਕਿ ਇਹ ਮੇਰੇ ਲਈ ਸਮਝਣੀਆਂ ਮੁਸ਼ਕਲ ਹੋਣਗੀਆਂ। ਮਾਤਾ ਜੀ ਨੇ ਕਿਹਾ ਕਿ ਉਹ ਮੇਰੀ ਮਦਦ ਜ਼ਰੂਰ ਕਰਨਗੇ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਮੁਲਾਕਾਤ ਤੋਂ ਜਲਦੀ ਬਾਅਦ ਮਾਤਾ ਜੀ ਚੱਲ ਵਸੇ। ਪਿਤਾ ਜੀ ਨੇ ਮੇਰੀ ਤੇ ਮੇਰੇ ਭੈਣ-ਭਰਾ ਦੀ ਬਹੁਤ ਚੰਗੀ ਤਰ੍ਹਾਂ ਦੇਖ-ਭਾਲ ਕੀਤੀ, ਪਰ ਮੇਰੇ ਮੋਢਿਆਂ ਉੱਤੇ ਹੁਣ ਜ਼ਿਆਦਾ ਜ਼ਿੰਮੇਵਾਰੀਆਂ ਆ ਪਈਆਂ ਸੀ ਜੋ ਮੇਰੇ ਲਈ ਚੁੱਕਣੀਆਂ ਬਹੁਤ ਮੁਸ਼ਕਲ ਸਨ। ਪਰ ਸਾਡੇ ਉੱਤੇ ਇਕ ਹੋਰ ਬਿਪਤਾ ਆਈ ਜਿਸ ਨੇ ਸਾਡੇ ਪਰਿਵਾਰ ਦੀ ਜ਼ਿੰਦਗੀ ਨੂੰ ਖੇਰੂੰ-ਖੇਰੂੰ ਕਰ ਦਿੱਤਾ।

ਸਾਲ 1914 ਵਿਚ ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਇਆ ਤੇ ਇਕ ਸਾਲ ਬਾਅਦ ਪਿਤਾ ਜੀ ਮਾਰੇ ਗਏ। ਹੁਣ ਅਸੀਂ ਭੈਣ-ਭਰਾ ਯਤੀਮ ਹੋ ਗਏ। ਰਿਸ਼ਤੇਦਾਰਾਂ ਨੇ ਮੇਰੇ ਭਰਾ ਤੇ ਭੈਣ ਨੂੰ ਰੱਖ ਲਿਆ ਤੇ ਮੈਨੂੰ ਕੈਥੋਲਿਕ ਬੋਰਡਿੰਗ ਸਕੂਲ ਵਿਚ ਭੇਜ ਦਿੱਤਾ ਗਿਆ। ਉੱਥੇ ਕਈ ਵਾਰ ਇਕੱਲੀ ਹੋਣ ਕਰਕੇ ਮੈਂ ਬਹੁਤ ਉਦਾਸ ਹੋ ਜਾਂਦੀ ਸੀ। ਪਰ ਮੈਂ ਇਸ ਗੱਲੋਂ ਖ਼ੁਸ਼ ਸੀ ਕਿ ਮੈਂ ਸੰਗੀਤ ਸਿੱਖ ਰਹੀ ਸੀ ਜਿਸ ਵਿਚ ਮੇਰੀ ਬਹੁਤ ਰੁਚੀ ਸੀ। ਮੈਨੂੰ ਖ਼ਾਸ ਕਰਕੇ ਪਿਆਨੋ ਵਜਾਉਣ ਦਾ ਸ਼ੌਕ ਸੀ। ਸਾਲ ਬੀਤਦੇ ਗਏ ਤੇ ਮੈਂ ਬੋਰਡਿੰਗ ਸਕੂਲ ਵਿਚ ਆਪਣੀ ਪੜ੍ਹਾਈ ਖ਼ਤਮ ਕਰ ਲਈ। ਸੰਨ 1919 ਵਿਚ ਮੈਂ ਰੌਏ ਸਮਿੱਥ ਨਾਲ ਵਿਆਹ ਕਰਾ ਲਿਆ। ਉਹ ਸਾਜ਼ ਵੇਚਣ ਦਾ ਕੰਮ ਕਰਦਾ ਸੀ। ਸਾਲ 1920 ਵਿਚ ਮੇਰੀ ਗੋਦ ਹਰੀ ਹੋਈ ਤੇ ਮੈਂ ਜ਼ਿੰਦਗੀ ਦੇ ਕੰਮ-ਧੰਦਿਆਂ ਵਿਚ ਰੁੱਝ ਗਈ। ਪਰ ਉਨ੍ਹਾਂ ਕਿਤਾਬਾਂ ਦਾ ਕੀ ਬਣਿਆ?

ਇਕ ਗੁਆਂਢਣ ਬਾਈਬਲ ਦੀ ਸੱਚਾਈ ਦੱਸਦੀ ਹੈ

ਜਿੱਥੇ ਕਿਤੇ ਵੀ ਮੈਂ ਗਈ, ਉਹ “ਬਾਈਬਲ ਦੀਆਂ ਕਿਤਾਬਾਂ” ਵੀ ਮੇਰੇ ਨਾਲ ਹੀ ਗਈਆਂ। ਭਾਵੇਂ ਮੈਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਪੜ੍ਹਿਆ ਨਹੀਂ ਸੀ, ਪਰ ਮੈਂ ਜਾਣਦੀ ਸੀ ਕਿ ਇਨ੍ਹਾਂ ਵਿਚ ਬਹੁਤ ਅਹਿਮ ਗੱਲਾਂ ਦੱਸੀਆਂ ਗਈਆਂ ਸਨ। ਫਿਰ 1920 ਦੇ ਦਹਾਕੇ ਦੇ ਅਖ਼ੀਰਲੇ ਸਾਲਾਂ ਦੌਰਾਨ ਇਕ ਦਿਨ ਇਕ ਗੁਆਂਢਣ ਸਾਡੇ ਘਰ ਆਈ। ਅਸੀਂ ਬੈਠਕ ਵਿਚ ਬਹਿ ਕੇ ਚਾਹ ਪੀਣ ਲੱਗੀਆਂ।

“ਵਾਹ, ਤੁਹਾਡੇ ਕੋਲ ਇਹ ਕਿਤਾਬਾਂ ਹਨ!” ਉਸ ਨੇ ਖ਼ੁਸ਼ੀ ਦੇ ਮਾਰੇ ਉੱਛਲਦੇ ਹੋਏ ਕਿਹਾ।

“ਕਿਹੜੀਆਂ ਕਿਤਾਬਾਂ?” ਮੈਂ ਹੈਰਾਨ ਹੁੰਦੇ ਹੋਏ ਪੁੱਛਿਆ।

ਉਸ ਨੇ ਸ਼ੈਲਫ ਤੇ ਪਈਆਂ ਸ਼ਾਸਤਰ ਦਾ ਅਧਿਐਨ ਕਿਤਾਬਾਂ ਵੱਲ ਇਸ਼ਾਰਾ ਕੀਤਾ। ਲਿਲ ਮੇਰੇ ਕੋਲੋਂ ਉਹ ਕਿਤਾਬਾਂ ਆਪਣੇ ਘਰ ਲੈ ਗਈ ਤੇ ਉਸ ਨੇ ਇਹ ਫਟਾਫਟ ਪੜ੍ਹ ਲਈਆਂ। ਉਸ ਨੂੰ ਕਿਤਾਬਾਂ ਪੜ੍ਹ ਕੇ ਬਹੁਤ ਖ਼ੁਸ਼ੀ ਹੋਈ ਤੇ ਇਹ ਖ਼ੁਸ਼ੀ ਉਸ ਦੇ ਚਿਹਰੇ ਤੇ ਝਲਕ ਰਹੀ ਸੀ। ਲਿਲ ਨੇ ਬਾਈਬਲ ਸਟੂਡੈਂਟਸ, ਜਿਨ੍ਹਾਂ ਨੂੰ ਹੁਣ ਯਹੋਵਾਹ ਦੇ ਗਵਾਹ ਕਿਹਾ ਜਾਂਦਾ ਹੈ, ਕੋਲੋਂ ਹੋਰ ਸਾਹਿੱਤ ਲਿਆ। ਇਸ ਤੋਂ ਇਲਾਵਾ ਉਹ ਸਾਰਾ ਕੁਝ ਸਾਨੂੰ ਵੀ ਦੱਸਦੀ ਰਹੀ। ਉਸ ਨੇ ਇਕ ਕਿਤਾਬ ਲਈ ਜਿਸ ਦਾ ਨਾਂ ਸੀ ਪਰਮੇਸ਼ੁਰ ਦੀ ਬਰਬਤ (ਅੰਗ੍ਰੇਜ਼ੀ) ਜੋ ਮੇਰੇ ਹੱਥਾਂ ਵਿਚ ਵੀ ਪਹੁੰਚ ਗਈ। ਤੇ ਅਖ਼ੀਰ ਉਹ ਕਿਤਾਬ ਨੂੰ ਪੜ੍ਹਨ ਬਾਅਦ ਮੈਂ ਯਹੋਵਾਹ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਇਸ ਨੂੰ ਪੜ੍ਹ ਕੇ ਮੈਨੂੰ ਆਪਣੇ ਕਈ ਸਵਾਲਾਂ ਦੇ ਜਵਾਬ ਮਿਲ ਗਏ ਜੋ ਮੇਰਾ ਚਰਚ ਮੈਨੂੰ ਨਹੀਂ ਦੇ ਸਕਿਆ ਸੀ।

ਮੇਰੇ ਲਈ ਇਹ ਬੜੀ ਖ਼ੁਸ਼ੀ ਦੀ ਗੱਲ ਸੀ ਕਿ ਮੇਰੇ ਪਤੀ ਰੌਏ ਨੇ ਬਾਈਬਲ ਦੇ ਸੰਦੇਸ਼ ਵੱਲ ਖ਼ਾਸ ਧਿਆਨ ਦਿੱਤਾ ਤੇ ਅਸੀਂ ਦੋਵਾਂ ਨੇ ਚੰਗੀ ਤਰ੍ਹਾਂ ਬਾਈਬਲ ਅਧਿਐਨ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਰੌਏ ਫ੍ਰੀਮੇਸੰਜ਼ ਨਾਂ ਦੇ ਇਕ ਈਸਾਈ ਫਿਰਕੇ ਦਾ ਮੈਂਬਰ ਹੁੰਦਾ ਸੀ। ਹੁਣ ਸਾਡਾ ਪਰਿਵਾਰ ਮਿਲ ਕੇ ਸੱਚੀ ਭਗਤੀ ਕਰਨ ਲੱਗ ਪਿਆ ਤੇ ਇਕ ਭਰਾ ਹਫ਼ਤੇ ਵਿਚ ਦੋ ਵਾਰ ਸਾਡੇ ਪੂਰੇ ਪਰਿਵਾਰ ਨਾਲ ਅਧਿਐਨ ਕਰਦਾ ਸੀ। ਬਾਈਬਲ ਸਟੂਡੈਂਟਸ ਦੀਆਂ ਸਭਾਵਾਂ ਵਿਚ ਜਾਣ ਨਾਲ ਸਾਨੂੰ ਹੋਰ ਵੀ ਹੌਸਲਾ ਮਿਲਿਆ। ਇਹ ਸਭਾਵਾਂ ਸਿਡਨੀ ਦੇ ਬਾਹਰੀ ਇਲਾਕੇ, ਨਿਊਟਾਊਨ ਵਿਚ ਇਕ ਕਿਰਾਏ ਤੇ ਲਏ ਹਾਲ ਵਿਚ ਹੁੰਦੀਆਂ ਸਨ। ਉਸ ਵੇਲੇ ਪੂਰੇ ਆਸਟ੍ਰੇਲੀਆ ਵਿਚ 400 ਤੋਂ ਵੀ ਘੱਟ ਗਵਾਹ ਸਨ, ਇਸ ਲਈ ਜ਼ਿਆਦਾਤਰ ਭਰਾਵਾਂ ਨੂੰ ਸਭਾਵਾਂ ਵਿਚ ਹਾਜ਼ਰ ਹੋਣ ਲਈ ਕਾਫ਼ੀ ਦੂਰ-ਦੂਰ ਜਾਣਾ ਪੈਂਦਾ ਸੀ।

ਸਾਨੂੰ ਸਭਾਵਾਂ ਵਿਚ ਜਾਣ ਲਈ ਸਿਡਨੀ ਹਾਰਬਰ ਦਰਿਆ ਪਾਰ ਕਰਨਾ ਪੈਂਦਾ ਸੀ। ਸਾਲ 1932 ਵਿਚ ਸਿਡਨੀ ਹਾਰਬਰ ਬ੍ਰਿਜ ਬਣਨ ਤੋਂ ਪਹਿਲਾਂ ਸਾਨੂੰ ਕਿਸ਼ਤੀ ਰਾਹੀਂ ਦਰਿਆ ਪਾਰ ਕਰਨਾ ਪੈਂਦਾ ਸੀ। ਇਸ ਤਰ੍ਹਾਂ ਸਾਡਾ ਕਾਫ਼ੀ ਖ਼ਰਚਾ ਹੋ ਜਾਂਦਾ ਸੀ ਤੇ ਸਮਾਂ ਵੀ ਕਾਫ਼ੀ ਲੱਗ ਜਾਂਦਾ ਸੀ, ਫਿਰ ਵੀ ਅਸੀਂ ਹਮੇਸ਼ਾ ਇਹੀ ਕੋਸ਼ਿਸ਼ ਕਰਦੇ ਸੀ ਕਿ ਅਸੀਂ ਯਹੋਵਾਹ ਵੱਲੋਂ ਤਿਆਰ ਕੀਤੇ ਅਧਿਆਤਮਿਕ ਖਾਣਾ ਖਾਣ ਦੇ ਮੌਕੇ ਗੁਆ ਨਾ ਦੇਈਏ। ਸੱਚਾਈ ਵਿਚ ਪੱਕੇ ਹੋਣ ਦੇ ਜਤਨਾਂ ਦਾ ਬਹੁਤ ਫ਼ਾਇਦਾ ਹੋਇਆ ਕਿਉਂਕਿ ਦੂਸਰੇ ਵਿਸ਼ਵ ਯੁੱਧ ਦੇ ਕਾਲੇ ਬੱਦਲ ਛਾ ਰਹੇ ਸਨ ਤੇ ਨਿਰਪੱਖ ਰਹਿਣ ਦੇ ਮਸਲੇ ਦਾ ਸਾਡੇ ਪਰਿਵਾਰ ਉੱਤੇ ਵੀ ਸਿੱਧਾ ਅਸਰ ਪਿਆ।

ਇਮਤਿਹਾਨ ਤੇ ਇਨਾਮ ਦਾ ਸਮਾਂ

ਮੇਰੇ ਤੇ ਮੇਰੇ ਪਰਿਵਾਰ ਲਈ 1930 ਦੇ ਦਹਾਕੇ ਦੇ ਸ਼ੁਰੂਆਤੀ ਸਾਲ ਬਹੁਤ ਖ਼ੁਸ਼ੀਆਂ ਭਰੇ ਸਨ। ਮੈਂ 1930 ਵਿਚ ਬਪਤਿਸਮਾ ਲੈ ਲਿਆ। ਸੰਨ 1931 ਵਿਚ ਮੈਂ ਉਸ ਯਾਦਗਾਰ ਸੰਮੇਲਨ ਵਿਚ ਹਾਜ਼ਰ ਸੀ ਜਦੋਂ ਅਸੀਂ ਸਾਰੇ ‘ਯਹੋਵਾਹ ਦੇ ਗਵਾਹ’ ਨਾਂ ਅਪਣਾਉਣ ਦੀ ਹਾਮੀ ਭਰਨ ਲਈ ਖੜ੍ਹੇ ਹੋਏ ਸੀ। ਮੈਂ ਤੇ ਰੌਏ ਨੇ ਹਰ ਤਰੀਕੇ ਨਾਲ ਪ੍ਰਚਾਰ ਕਰ ਕੇ ਅਤੇ ਸੰਗਠਨ ਵੱਲੋਂ ਚਲਾਈਆਂ ਮੁਹਿੰਮਾਂ ਵਿਚ ਹਿੱਸਾ ਲੈ ਕੇ ਹਮੇਸ਼ਾ ਇਸ ਨਾਂ ਅਨੁਸਾਰ ਜੀਉਣ ਦੀ ਕੋਸ਼ਿਸ਼ ਕੀਤੀ। ਉਦਾਹਰਣ ਲਈ 1932 ਵਿਚ ਅਸੀਂ ਸਿਡਨੀ ਹਾਰਬਰ ਬ੍ਰਿਜ ਦੇ ਉਦਘਾਟਨ ਤੇ ਆਏ ਲੋਕਾਂ ਨੂੰ ਇਕ ਖ਼ਾਸ ਪੁਸਤਿਕਾ ਵੰਡਣ ਦੀ ਮੁਹਿੰਮ ਵਿਚ ਹਿੱਸਾ ਲਿਆ ਸੀ। ਉਸ ਸਮੇਂ ਕਾਰਾਂ ਉੱਤੇ ਲਾਊਡ ਸਪੀਕਰ ਲਾ ਕੇ ਪ੍ਰਚਾਰ ਕੀਤਾ ਜਾਂਦਾ ਸੀ। ਅਸੀਂ ਵੀ ਆਪਣੀ ਕਾਰ ਉੱਤੇ ਸਾਊਂਡ ਸਿਸਟਮ ਲਾਇਆ ਤੇ ਭਰਾ ਰਦਰਫ਼ਰਡ ਦੇ ਬਾਈਬਲ ਆਧਾਰਿਤ ਭਾਸ਼ਣ ਸਿਡਨੀ ਸ਼ਹਿਰ ਦੀ ਗਲੀ-ਗਲੀ ਵਿਚ ਸੁਣਾਏ।

ਪਰ ਹਾਲਾਤ ਤੇਜ਼ੀ ਨਾਲ ਬਦਲ ਰਹੇ ਸਨ ਤੇ ਕਾਫ਼ੀ ਮੁਸ਼ਕਲ ਹੁੰਦੇ ਜਾ ਰਹੇ ਸਨ। ਸੰਨ 1932 ਵਿਚ ਮਹਾਂ-ਮੰਦੀ ਦਾ ਆਸਟ੍ਰੇਲੀਆ ਉੱਤੇ ਬਹੁਤ ਮਾੜਾ ਅਸਰ ਪਿਆ ਜਿਸ ਕਰਕੇ ਮੈਂ ਤੇ ਰੌਏ ਨੇ ਆਪਣੀ ਜ਼ਿੰਦਗੀ ਨੂੰ ਸਾਦਾ ਬਣਾਉਣ ਦਾ ਫ਼ੈਸਲਾ ਕੀਤਾ। ਇਕ ਤਾਂ ਅਸੀਂ ਇਹ ਫ਼ੈਸਲਾ ਕੀਤਾ ਕਿ ਅਸੀਂ ਕਲੀਸਿਯਾ ਦੇ ਨੇੜੇ ਕੋਈ ਘਰ ਲੈ ਲਵਾਂਗੇ ਤਾਂਕਿ ਆਉਣ-ਜਾਣ ਦਾ ਖ਼ਰਚਾ ਘੱਟ ਜਾਵੇ। ਪਰ ਜਦੋਂ ਦੂਸਰੇ ਵਿਸ਼ਵ ਯੁੱਧ ਦੇ ਖ਼ੌਫ਼ ਨੇ ਦੁਨੀਆਂ ਨੂੰ ਆਪਣੇ ਕਲਾਵੇ ਵਿਚ ਲੈਣਾ ਸ਼ੁਰੂ ਕੀਤਾ, ਤਾਂ ਸਾਡੀਆਂ ਆਪਣੀਆਂ ਪੈਸੇ ਦੀਆਂ ਤੰਗੀਆਂ ਬਹੁਤ ਛੋਟੀਆਂ ਨਜ਼ਰ ਆਈਆਂ।

ਯਿਸੂ ਨੇ ਆਪਣੇ ਪੈਰੋਕਾਰਾਂ ਨੂੰ ਹੁਕਮ ਦਿੱਤਾ ਸੀ ਕਿ ਉਹ ਦੁਨੀਆਂ ਤੋਂ ਵੱਖਰੇ ਹੋਣ। ਇਸ ਹੁਕਮ ਉੱਤੇ ਚੱਲਣ ਕਰਕੇ ਪੂਰੀ ਦੁਨੀਆਂ ਵਿਚ ਯਹੋਵਾਹ ਦੇ ਗਵਾਹਾਂ ਨੂੰ ਸਤਾਇਆ ਗਿਆ। ਆਸਟ੍ਰੇਲੀਆ ਵਿਚ ਵੀ ਉਨ੍ਹਾਂ ਨਾਲ ਘੱਟ ਨਹੀਂ ਹੋਈ। ਲੜਾਈ ਲੱਗੀ ਹੋਣ ਕਰਕੇ ਲੋਕ ਬਹੁਤ ਗੁੱਸੇ ਵਿਚ ਸਨ ਤੇ ਭੁਲੇਖੇ ਵਿਚ ਲੋਕ ਸਾਨੂੰ ਕਮਿਊਨਿਸਟ ਸੱਦਣ ਲੱਗ ਪਏ। ਸਾਡੇ ਵਿਰੋਧੀਆਂ ਨੇ ਸਾਡੇ ਤੇ ਝੂਠਾ ਦੋਸ਼ ਲਾਇਆ ਕਿ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹ ਆਪਣੇ ਚਾਰ ਰੇਡੀਓ ਸਟੇਸ਼ਨਾਂ ਰਾਹੀਂ ਜਪਾਨੀ ਫ਼ੌਜੀਆਂ ਨੂੰ ਜਾਣਕਾਰੀ ਭੇਜ ਰਹੇ ਸਨ।

ਜਿਨ੍ਹਾਂ ਨੌਜਵਾਨਾਂ ਨੂੰ ਫ਼ੌਜ ਵਿਚ ਸੇਵਾ ਕਰਨ ਲਈ ਬੁਲਾਇਆ ਗਿਆ ਸੀ ਉਨ੍ਹਾਂ ਉੱਤੇ ਆਪਣੇ ਵਿਸ਼ਵਾਸਾਂ ਦਾ ਸਮਝੌਤਾ ਕਰਨ ਦਾ ਬਹੁਤ ਦਬਾਅ ਪਾਇਆ ਗਿਆ। ਮੈਨੂੰ ਇਹ ਦੱਸ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਸਾਡੇ ਤਿੰਨੋਂ ਮੁੰਡੇ ਆਪਣੇ ਵਿਸ਼ਵਾਸਾਂ ਤੇ ਪੱਕੇ ਰਹੇ ਅਤੇ ਉਨ੍ਹਾਂ ਨੇ ਫ਼ੌਜ ਵਿਚ ਨੌਕਰੀ ਕਰਨ ਤੋਂ ਇਨਕਾਰ ਕਰ ਦਿੱਤਾ। ਮੇਰੇ ਸਭ ਤੋਂ ਵੱਡੇ ਮੁੰਡੇ ਰਿਚਰਡ ਨੂੰ ਇਸ ਕਰਕੇ ਜੇਲ੍ਹ ਵਿਚ ਢਾਈ ਸਾਲ ਦੀ ਸਜ਼ਾ ਹੋਈ। ਦੂਸਰੇ ਮੁੰਡੇ ਕੈਵਿਨ ਨੂੰ ਉਸ ਦੇ ਧਾਰਮਿਕ ਵਿਸ਼ਵਾਸਾਂ ਕਰਕੇ ਫ਼ੌਜੀ ਸੇਵਾ ਨਾ ਕਰਨ ਦੀ ਇਜਾਜ਼ਤ ਮਿਲ ਗਈ। ਪਰ ਜਦੋਂ ਸਾਡਾ ਸਾਰਿਆਂ ਤੋਂ ਛੋਟਾ ਮੁੰਡਾ ਸਟੂਅਰਟ ਇਸ ਮਾਮਲੇ ਵਿਚ ਕਚਹਿਰੀ ਜਾ ਰਿਹਾ ਸੀ, ਤਾਂ ਰਾਹ ਵਿਚ ਇਕ ਮੋਟਰ-ਸਾਈਕਲ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਇਸ ਹਾਦਸੇ ਨੇ ਮੈਨੂੰ ਧੁਰ ਅੰਦਰੋਂ ਝੰਜੋੜ ਕੇ ਰੱਖ ਦਿੱਤਾ। ਪਰ ਯਹੋਵਾਹ ਦੇ ਰਾਜ ਅਤੇ ਉਸ ਵੱਲੋਂ ਮੁਰਦਿਆਂ ਨੂੰ ਦੁਬਾਰਾ ਜੀ ਉਠਾਉਣ ਦੇ ਵਾਅਦੇ ਨੇ ਸਾਨੂੰ ਸੰਭਾਲੀ ਰੱਖਿਆ।

ਅਸਲੀ ਚੀਜ਼ ਤਾਂ ਉਨ੍ਹਾਂ ਨੂੰ ਲੱਭੀ ਨਹੀਂ

ਜਨਵਰੀ 1941 ਵਿਚ ਆਸਟ੍ਰੇਲੀਆ ਵਿਚ ਯਹੋਵਾਹ ਦੇ ਗਵਾਹਾਂ ਉੱਤੇ ਪਾਬੰਦੀ ਲੱਗੀ ਹੋਈ ਸੀ। ਪਰ ਯਿਸੂ ਦੇ ਚੇਲਿਆਂ ਵਾਂਗ ਮੈਂ ਤੇ ਰੌਏ ਨੇ ਇਨਸਾਨੀ ਹੁਕਮ ਮੰਨਣ ਦੀ ਬਜਾਇ ਪਰਮੇਸ਼ੁਰ ਦੇ ਹੁਕਮ ਨੂੰ ਮੰਨਿਆ। ਅਸੀਂ ਢਾਈ ਸਾਲ ਤਕ ਲੁਕ-ਛਿੱਪ ਕੇ ਆਪਣੀ ਸੇਵਕਾਈ ਜਾਰੀ ਰੱਖੀ। ਇਸ ਸਮੇਂ ਦੌਰਾਨ ਹੀ ਸਾਦੇ ਕੱਪੜਿਆਂ ਵਿਚ ਦੋ ਪੁਲਸ ਵਾਲਿਆਂ ਨੇ ਸਾਡੇ ਘਰ ਦਾ ਦਰਵਾਜ਼ਾ ਆ ਖੜਕਾਇਆ। ਉਨ੍ਹਾਂ ਨੇ ਉਸ ਵੇਲੇ ਕੀ ਕੀਤਾ?

ਮੈਂ ਉਨ੍ਹਾਂ ਨੂੰ ਅੰਦਰ ਬੁਲਾਇਆ। ਅੰਦਰ ਆਉਣ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁੱਛਿਆ: “ਜੇ ਤੁਸੀਂ ਬੁਰਾ ਨਾ ਮੰਨੋ ਤਾਂ ਮੇਰੇ ਘਰ ਦੀ ਤਲਾਸ਼ੀ ਲੈਣ ਤੋਂ ਪਹਿਲਾਂ ਮੈਂ ਚਾਹ ਦਾ ਕੱਪ ਪੀ ਲਵਾਂ?” ਬੜੀ ਹੈਰਾਨੀ ਦੀ ਗੱਲ ਹੈ ਕਿ ਉਨ੍ਹਾਂ ਨੇ ਮੈਨੂੰ ਇਜਾਜ਼ਤ ਦੇ ਦਿੱਤੀ। ਮੈਂ ਪ੍ਰਾਰਥਨਾ ਕਰਨ ਲਈ ਰਸੋਈ ਵਿਚ ਗਈ ਤੇ ਸ਼ਾਂਤੀ ਨਾਲ ਕਿਸੇ ਉਪਾਅ ਬਾਰੇ ਸੋਚਣ ਲੱਗ ਪਈ। ਜਦੋਂ ਮੈਂ ਰਸੋਈ ਤੋਂ ਬਾਹਰ ਆਈ, ਤਾਂ ਇਕ ਪੁਲਸ ਵਾਲੇ ਨੇ ਉਹ ਸਾਰੀਆਂ ਕਿਤਾਬਾਂ ਵਗੈਰਾ ਚੁੱਕ ਲਈਆਂ ਜਿਨ੍ਹਾਂ ਉੱਤੇ ਵਾਚਟਾਵਰ ਦਾ ਨਿਸ਼ਾਨ ਸੀ। ਮੇਰੇ ਬੈਗ ਵਿੱਚੋਂ ਵੀ ਉਸ ਨੇ ਬਾਈਬਲ ਤੇ ਕਿਤਾਬਾਂ ਕੱਢ ਲਈਆਂ।

“ਘਰ ਵਿਚ ਇਹੀ ਕਿਤਾਬਾਂ ਹਨ ਜਾਂ ਕਿਤੇ ਹੋਰ ਵੀ ਲੁਕਾ ਕੇ ਰੱਖੀਆਂ ਹੋਈਆਂ ਹਨ?” ਉਸ ਨੇ ਮੈਨੂੰ ਪੁੱਛਿਆ। “ਸਾਨੂੰ ਇਹ ਖ਼ਬਰ ਮਿਲੀ ਹੈ ਕਿ ਤੁਸੀਂ ਇਸ ਸੜਕ ਦੇ ਅਖ਼ੀਰ ਤੇ ਇਕ ਹਾਲ ਵਿਚ ਹਰ ਹਫ਼ਤੇ ਸਭਾਵਾਂ ਵੀ ਕਰਦੇ ਹੋ ਤੇ ਉੱਥੇ ਤੁਸੀਂ ਬਹੁਤ ਸਾਰਾ ਸਾਹਿੱਤ ਵੀ ਲੈ ਕੇ ਜਾਂਦੇ ਹੋ।”

“ਹਾਂ,” ਮੈਂ ਜਵਾਬ ਦਿੱਤਾ, “ਪਰ ਹੁਣ ਇਹ ਉੱਥੇ ਨਹੀਂ ਹੈ।”

“ਹਾਂ-ਹਾਂ, ਸਾਨੂੰ ਇਸ ਬਾਰੇ ਪਤਾ ਹੈ, ਮਿਸਿਜ਼ ਸਮਿੱਥ,” ਉਸ ਨੇ ਕਿਹਾ। “ਅਸੀਂ ਇਹ ਵੀ ਜਾਣਦੇ ਹਾਂ ਕਿ ਸਾਰਾ ਸਾਹਿੱਤ ਵੱਖਰੇ-ਵੱਖਰੇ ਲੋਕਾਂ ਦੇ ਘਰਾਂ ਵਿਚ ਰੱਖਿਆ ਹੋਇਆ ਹੈ।”

ਮੇਰੇ ਮੁੰਡੇ ਦੇ ਕਮਰੇ ਵਿਚ ਉਨ੍ਹਾਂ ਨੇ ਗੱਤੇ ਦੇ ਪੰਜ ਡੱਬੇ ਦੇਖੇ ਜਿਨ੍ਹਾਂ ਵਿਚ ਆਜ਼ਾਦੀ ਜਾਂ ਰੋਮਨ ਕੈਥੋਲਿਕ ਧਰਮ (ਅੰਗ੍ਰੇਜ਼ੀ) ਨਾਮਕ ਪੁਸਤਿਕਾਵਾਂ ਪਈਆਂ ਸਨ।

“ਤੁਸੀਂ ਗਰਾਜ ਵਿਚ ਤਾਂ ਨਹੀਂ ਕੁਝ ਲੁਕਾ ਕੇ ਰੱਖਿਆ ਹੋਇਆ?” ਉਸ ਨੇ ਪੁੱਛਿਆ।

“ਨਹੀਂ, ਉੱਥੇ ਕੁਝ ਨਹੀਂ ਹੈ,” ਮੈਂ ਕਿਹਾ।

ਫਿਰ ਉਸ ਨੇ ਡਾਈਨਿੰਗ ਰੂਮ ਵਿਚ ਇਕ ਅਲਮਾਰੀ ਖੋਲ੍ਹੀ। ਉਸ ਵਿਚ ਖਾਲੀ ਫਾਰਮ ਪਏ ਸਨ ਜਿਹੜੇ ਕਲੀਸਿਯਾ ਦੀ ਰਿਪੋਰਟ ਭਰਨ ਲਈ ਇਸਤੇਮਾਲ ਕੀਤੇ ਜਾਂਦੇ ਸਨ। ਉਸ ਨੇ ਇਹ ਫ਼ਾਰਮ ਵੀ ਲੈ ਲਏ ਤੇ ਗਰਾਜ ਵਿਚ ਜਾਣ ਲਈ ਜ਼ੋਰ ਪਾਉਣ ਲੱਗਾ।

“ਆਓ ਮੇਰੇ ਨਾਲ,” ਮੈਂ ਕਿਹਾ।

ਉਹ ਮੇਰੇ ਨਾਲ ਗਰਾਜ ਵਿਚ ਆਏ ਤੇ ਤਲਾਸ਼ੀ ਲੈਣ ਤੋਂ ਬਾਅਦ ਚਲੇ ਗਏ।

ਉਨ੍ਹਾਂ ਪੁਲਸੀਆਂ ਨੇ ਸ਼ਾਇਦ ਸੋਚਿਆ ਕਿ ਉਹ ਪੰਜ ਡੱਬੇ ਜਬਤ ਕਰ ਕੇ ਬਹੁਤ ਵੱਡਾ ਹੱਥ ਮਾਰਿਆ! ਪਰ ਅਸਲੀ ਚੀਜ਼ ਤਾਂ ਉਹ ਛੱਡ ਗਏ। ਉਨ੍ਹਾਂ ਦਿਨਾਂ ਵਿਚ ਮੈਂ ਕਲੀਸਿਯਾ ਦੀ ਸੈਕਟਰੀ ਸੀ ਅਤੇ ਮੇਰੇ ਕੋਲ ਕਲੀਸਿਯਾ ਦੇ ਪ੍ਰਕਾਸ਼ਕਾਂ ਦੀ ਲਿਸਟ ਅਤੇ ਹੋਰ ਜ਼ਰੂਰੀ ਜਾਣਕਾਰੀ ਪਈ ਸੀ। ਭਰਾਵਾਂ ਨੇ ਸਾਨੂੰ ਪਹਿਲਾਂ ਹੀ ਖ਼ਬਰਦਾਰ ਕਰ ਦਿੱਤਾ ਸੀ ਕਿ ਪੁਲਸ ਸਾਡੇ ਘਰਾਂ ਦੀਆਂ ਤਲਾਸ਼ੀਆਂ ਲੈ ਸਕਦੀ ਹੈ ਇਸ ਲਈ ਮੈਂ ਸਾਵਧਾਨੀ ਨਾਲ ਸਾਰੇ ਕਾਗਜ਼ਾਤ ਲੁਕਾ ਦਿੱਤੇ। ਮੈਂ ਉਨ੍ਹਾਂ ਨੂੰ ਇਕ ਲਿਫਾਫੇ ਵਿਚ ਪਾ ਕੇ ਚਾਹ, ਖੰਡ ਤੇ ਆਟੇ ਦੇ ਡੱਬਿਆਂ ਵਿਚ ਲੁਕਾ ਦਿੱਤਾ ਸੀ। ਗਰਾਜ ਦੇ ਲਾਗੇ ਇਕ ਪਿੰਜਰਾ ਪਿਆ ਸੀ, ਉਸ ਵਿਚ ਵੀ ਮੈਂ ਕੁਝ ਲਿਫਾਫੇ ਰੱਖੇ ਹੋਏ ਸਨ। ਇਸ ਤਰ੍ਹਾਂ ਪੁਲਸ ਜਿਹੜੀ ਜਾਣਕਾਰੀ ਲੱਭ ਰਹੀ ਸੀ ਉਹ ਉਨ੍ਹਾਂ ਦੇ ਹੱਥ ਨਾ ਲੱਗੀ।

ਪੂਰੇ ਸਮੇਂ ਦੀ ਸੇਵਕਾਈ ਸ਼ੁਰੂ ਕਰਨੀ

ਸਾਲ 1947 ਵਿਚ ਸਾਡੇ ਵੱਡੇ ਮੁੰਡਿਆਂ ਨੇ ਆਪੋ-ਆਪਣੇ ਘਰ ਵਸਾ ਲਏ। ਇਸ ਲਈ ਮੈਂ ਤੇ ਰੌਏ ਨੇ ਫ਼ੈਸਲਾ ਕੀਤਾ ਕਿ ਅਸੀਂ ਹੁਣ ਪੂਰੇ ਸਮੇਂ ਦੀ ਸੇਵਕਾਈ ਕਰ ਸਕਦੇ ਹਾਂ। ਉਸ ਵੇਲੇ ਦੱਖਣੀ ਆਸਟ੍ਰੇਲੀਆ ਵਿਚ ਪ੍ਰਚਾਰ ਕਰਨ ਦੀ ਲੋੜ ਸੀ। ਇਸ ਕਰਕੇ ਅਸੀਂ ਆਪਣਾ ਘਰ ਵੇਚ ਕੇ ਇਕ ਟ੍ਰੇਲਰ ਲੈ ਲਿਆ ਜਿਸ ਦਾ ਨਾਂ ਅਸੀਂ ਮਿਸਫਾਹ ਯਾਨੀ “ਪਹਿਰਾਬੁਰਜ” ਰੱਖਿਆ। ਟ੍ਰੇਲਰ ਦੀ ਮਦਦ ਨਾਲ ਅਸੀਂ ਦੂਰ-ਦੂਰ ਦੇ ਇਲਾਕਿਆਂ ਵਿਚ ਪ੍ਰਚਾਰ ਕਰ ਸਕੇ। ਅਸੀਂ ਅਕਸਰ ਉੱਥੇ ਪ੍ਰਚਾਰ ਕਰਦੇ ਸੀ ਜਿੱਥੇ ਪਹਿਲਾਂ ਕਦੀ ਪ੍ਰਚਾਰ ਨਹੀਂ ਕੀਤਾ ਗਿਆ ਸੀ। ਉਸ ਸਮੇਂ ਦੀਆਂ ਯਾਦਾਂ ਅਜੇ ਵੀ ਮੇਰੇ ਦਿਲ ਵਿਚ ਤਾਜ਼ੀਆਂ ਹਨ। ਮੈਂ ਇਕ ਨੌਜਵਾਨ ਤੀਵੀਂ ਬੇਵਰਲੀ ਨੂੰ ਸਟੱਡੀ ਕਰਾਉਂਦੀ ਹੁੰਦੀ ਸੀ। ਉਸ ਦੇ ਬਪਤਿਸਮਾ ਲੈਣ ਤੋਂ ਪਹਿਲਾਂ ਹੀ ਉਹ ਉਸ ਇਲਾਕੇ ਨੂੰ ਛੱਡ ਕੇ ਕਿਤੇ ਹੋਰ ਚਲੀ ਗਈ। ਜ਼ਰਾ ਮੇਰੀ ਖ਼ੁਸ਼ੀ ਦੀ ਕਲਪਨਾ ਕਰੋ ਜਦੋਂ ਇਕ ਸੰਮੇਲਨ ਵਿਚ ਇਕ ਭੈਣ ਮੇਰੇ ਕੋਲ ਆਈ ਤੇ ਆਪਣਾ ਨਾਂ ਬੇਵਰਲੀ ਦੱਸਿਆ! ਇੰਨੇ ਸਾਲਾਂ ਬਾਅਦ ਇਹ ਦੇਖ ਕੇ ਮੈਨੂੰ ਕਿੰਨੀ ਖ਼ੁਸ਼ੀ ਹੋਈ ਕਿ ਉਹ, ਉਸ ਦਾ ਪਤੀ ਤੇ ਬੱਚੇ ਯਹੋਵਾਹ ਦੀ ਸੇਵਾ ਕਰ ਰਹੇ ਹਨ।

ਸਾਲ 1979 ਵਿਚ ਮੈਨੂੰ ਪਾਇਨੀਅਰ ਸੇਵਾ ਸਕੂਲ ਵਿਚ ਸਿਖਲਾਈ ਲੈਣ ਦਾ ਮੌਕਾ ਮਿਲਿਆ। ਉਸ ਸਕੂਲ ਵਿਚ ਖ਼ਾਸ ਤੌਰ ਤੇ ਇਕ ਗੱਲ ਤੇ ਜ਼ੋਰ ਦਿੱਤਾ ਗਿਆ ਸੀ ਕਿ ਜੇ ਅਸੀਂ ਆਪਣੀ ਪਾਇਨੀਅਰ ਸੇਵਕਾਈ ਵਿਚ ਲੱਗੇ ਰਹਿਣਾ ਚਾਹੁੰਦੇ ਹਾਂ, ਤਾਂ ਸਾਨੂੰ ਚੰਗੀ ਤਰ੍ਹਾਂ ਨਿੱਜੀ ਅਧਿਐਨ ਕਰਨ ਦਾ ਰੁਟੀਨ ਬਣਾਉਣਾ ਚਾਹੀਦਾ ਹੈ। ਮੈਂ ਦੇਖਿਆ ਹੈ ਕਿ ਇਹ ਗੱਲ ਬਿਲਕੁਲ ਸੱਚ ਹੈ। ਅਧਿਐਨ, ਸਭਾਵਾਂ ਅਤੇ ਸੇਵਕਾਈ ਹੀ ਮੇਰੀ ਜ਼ਿੰਦਗੀ ਹੈ। ਇਹ ਮੇਰੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਮੈਂ 50 ਸਾਲਾਂ ਤਕ ਨਿਯਮਿਤ ਪਾਇਨੀਅਰੀ ਕੀਤੀ।

ਖ਼ਰਾਬ ਸਿਹਤ

ਪਿੱਛਲੇ ਕਈ ਸਾਲਾਂ ਤੋਂ ਮੈਨੂੰ ਕੁਝ ਔਖਿਆਈਆਂ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ। ਸਾਲ 1962 ਵਿਚ ਮੈਨੂੰ ਗਲਾਕੋਮਾ ਹੋ ਗਿਆ। ਉਸ ਸਮੇਂ ਇਸ ਬੀਮਾਰੀ ਦਾ ਇੰਨਾ ਵਧੀਆ ਇਲਾਜ ਨਹੀਂ ਹੁੰਦਾ ਸੀ ਤੇ ਮੇਰੀ ਨਜ਼ਰ ਤੇਜ਼ੀ ਨਾਲ ਖ਼ਰਾਬ ਹੋ ਗਈ। ਰੌਏ ਦੀ ਸਿਹਤ ਵੀ ਖ਼ਰਾਬ ਹੋ ਗਈ ਤੇ 1983 ਵਿਚ ਉਸ ਨੂੰ ਗੰਭੀਰ ਸਟ੍ਰੋਕ ਹੋਇਆ ਜਿਸ ਕਰਕੇ ਉਸ ਦੇ ਕੁਝ ਅੰਗ ਅਧਰੰਗ ਨਾਲ ਮਾਰੇ ਗਏ ਤੇ ਉਹ ਬੋਲ ਨਹੀਂ ਸਕਦਾ ਸੀ। ਸਾਲ 1986 ਵਿਚ ਉਹ ਇਸ ਦੁਨੀਆਂ ਨੂੰ ਛੱਡ ਗਿਆ। ਉਸ ਨੇ ਪੂਰੇ ਸਮੇਂ ਦੀ ਸੇਵਕਾਈ ਕਰਨ ਵਿਚ ਮੇਰਾ ਬਹੁਤ ਸਾਥ ਦਿੱਤਾ ਸੀ। ਹੁਣ ਉਸ ਦਾ ਵਿਛੋੜਾ ਝੱਲਣਾ ਮੇਰੇ ਲਈ ਬਹੁਤ ਔਖਾ ਹੈ।

ਇੰਨਾ ਕੁਝ ਹੋ ਜਾਣ ਦੇ ਬਾਵਜੂਦ ਮੈਂ ਆਪਣੇ ਆਪ ਨੂੰ ਅਧਿਆਤਮਿਕ ਤੌਰ ਤੇ ਮਜ਼ਬੂਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ। ਮੈਂ ਪੇਂਡੂ ਇਲਾਕਿਆਂ ਵਿਚ ਪ੍ਰਚਾਰ ਕਰਨ ਲਈ ਇਕ ਮਜ਼ਬੂਤ ਕਾਰ ਖ਼ਰੀਦੀ ਤੇ ਆਪਣੀ ਕੁੜੀ ਜੌਏਸ ਦੀ ਮਦਦ ਨਾਲ ਪਾਇਨੀਅਰੀ ਕਰਨੀ ਜਾਰੀ ਰੱਖੀ। ਮੇਰੀ ਨਜ਼ਰ ਲਗਾਤਾਰ ਕਮਜ਼ੋਰ ਹੁੰਦੀ ਗਈ ਤੇ ਅਖ਼ੀਰ ਇਕ ਦਿਨ ਮੈਨੂੰ ਇਕ ਅੱਖ ਵਿੱਚੋਂ ਦਿੱਸਣਾ ਬੰਦ ਹੋ ਗਿਆ। ਇਸ ਦੀ ਜਗ੍ਹਾ ਡਾਕਟਰਾਂ ਨੇ ਕੱਚ ਦੀ ਬਣੀ ਨਕਲੀ ਅੱਖ ਪਾ ਦਿੱਤੀ। ਮੈਂ ਮੋਟੇ ਅੱਖਰਾਂ ਵਿਚ ਛਪੀਆਂ ਕਿਤਾਬਾਂ ਨੂੰ ਮੈਗਨੀਫਾਈਂਗ ਗਲਾਸ ਦੀ ਮਦਦ ਨਾਲ ਪੜ੍ਹਦੀ ਹਾਂ। ਇਸ ਤਰ੍ਹਾਂ ਇਕ ਅੱਖ ਵਿਚ ਥੋੜ੍ਹੀ ਰੌਸ਼ਨੀ ਦੀ ਮਦਦ ਨਾਲ ਮੈਂ ਹਰ ਰੋਜ਼ ਤਿੰਨ ਤੋਂ ਪੰਜ ਘੰਟੇ ਅਧਿਐਨ ਕਰਦੀ ਸੀ।

ਸਟੱਡੀ ਕਰਨ ਦਾ ਸਮਾਂ ਮੇਰੇ ਲਈ ਹਮੇਸ਼ਾ ਬਹੁਤ ਕੀਮਤੀ ਰਿਹਾ ਹੈ। ਪਰ ਇਕ ਦਿਨ ਜਦੋਂ ਮੈਂ ਸਟੱਡੀ ਕਰ ਰਹੀ ਸੀ, ਤਾਂ ਅਚਾਨਕ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ ਜਿੱਦਾਂ ਕਿਸੇ ਨੇ ਕਮਰੇ ਦੀ ਬੱਤੀ ਬੁਝਾ ਦਿੱਤੀ ਹੋਵੇ। ਮੈਨੂੰ ਇਸ ਨਾਲ ਬਹੁਤ ਸਦਮਾ ਲੱਗਾ। ਹੁਣ ਮੇਰੀਆਂ ਅੱਖਾਂ ਦੀ ਜੋਤ ਬਿਲਕੁਲ ਬੁੱਝ ਚੁੱਕੀ ਸੀ। ਸੋ ਮੁਸ਼ਕਲ ਇਹ ਸੀ ਕਿ ਹੁਣ ਮੈਂ ਸਟੱਡੀ ਕਿੱਦਾਂ ਕਰਦੀ? ਹੁਣ ਭਾਵੇਂ ਮੈਨੂੰ ਕਾਫ਼ੀ ਉੱਚਾ ਸੁਣਦਾ ਹੈ, ਫਿਰ ਵੀ ਮੈਂ ਆਡੀਓ ਕੈਸਟਾਂ ਸੁਣਦੀ ਹਾਂ ਤੇ ਮੇਰਾ ਪਰਿਵਾਰ ਅਧਿਆਤਮਿਕ ਤੌਰ ਤੇ ਮਜ਼ਬੂਤ ਰਹਿਣ ਵਿਚ ਮੇਰੀ ਮਦਦ ਕਰਦਾ ਹੈ।

ਅੰਤ ਤਕ ਧੀਰਜ ਰੱਖਣ ਦਾ ਪੱਕਾ ਇਰਾਦਾ

ਮੇਰੀ ਉਮਰ ਹੁਣ ਸੌ ਸਾਲ ਦੀ ਹੋ ਚੁੱਕੀ ਹੈ ਜਿਸ ਕਰਕੇ ਮੇਰੀ ਸਿਹਤ ਖ਼ਰਾਬ ਰਹਿੰਦੀ ਹੈ। ਹੁਣ ਮੇਰਾ ਸਰੀਰ ਵੀ ਜਵਾਬ ਦਿੰਦਾ ਜਾ ਰਿਹਾ ਹੈ। ਕਈ ਵਾਰ ਮੈਂ ਬੌਂਦਲ ਜਾਂਦੀ ਹਾਂ। ਹੁਣ ਮੈਨੂੰ ਕੁਝ ਦਿੱਸਦਾ ਨਹੀਂ ਜਿਸ ਕਰਕੇ ਮੈਨੂੰ ਪਤਾ ਨਹੀਂ ਲੱਗਦਾ ਕਿ ਮੈਂ ਕਿੱਥੇ ਹਾਂ। ਮੇਰੀ ਬਹੁਤ ਇੱਛਾ ਹੈ ਕਿ ਮੈਂ ਫਿਰ ਤੋਂ ਬਾਈਬਲ ਸਟੱਡੀਆਂ ਕਰਾਵਾਂ, ਪਰ ਸਿਹਤ ਖ਼ਰਾਬ ਹੋਣ ਕਰਕੇ ਮੇਰੇ ਕੋਲੋਂ ਕਿਤੇ ਆ-ਜਾ ਨਹੀਂ ਹੁੰਦਾ। ਪਹਿਲਾਂ-ਪਹਿਲ ਇਸ ਕਰਕੇ ਮੈਂ ਬਹੁਤ ਉਦਾਸ ਹੋ ਗਈ ਸੀ। ਮੈਨੂੰ ਆਪਣੀ ਹਾਲਤ ਨਾਲ ਸਮਝੌਤਾ ਕਰਨਾ ਪਿਆ ਤੇ ਜਿੰਨਾ ਮੇਰੇ ਕੋਲੋਂ ਹੁੰਦਾ, ਉਸ ਦੇ ਵਿਚ ਹੀ ਖ਼ੁਸ਼ ਰਹਿੰਦੀ ਹਾਂ। ਇੱਦਾਂ ਕਰਨਾ ਸੌਖਾ ਨਹੀਂ ਹੈ। ਫਿਰ ਵੀ ਮੈਨੂੰ ਖ਼ੁਸ਼ੀ ਹੈ ਕਿ ਮੈਂ ਹਰ ਮਹੀਨੇ ਆਪਣੇ ਮਹਾਨ ਪਰਮੇਸ਼ੁਰ ਯਹੋਵਾਹ ਦੇ ਬਾਰੇ ਦੂਜਿਆਂ ਨੂੰ ਦੱਸਣ ਵਿਚ ਬਿਤਾਏ ਸਮੇਂ ਦੀ ਰਿਪੋਰਟ ਦਿੰਦੀ ਹਾਂ। ਜਦੋਂ ਮੈਨੂੰ ਨਰਸਾਂ, ਕੰਮ-ਕਾਰ ਕਰਨ ਵਾਲੇ ਅਤੇ ਹੋਰ ਆਏ-ਗਏ ਲੋਕਾਂ ਨਾਲ ਬਾਈਬਲ ਬਾਰੇ ਗੱਲ ਕਰਨ ਦਾ ਮੌਕਾ ਮਿਲਦਾ ਹੈ, ਤਾਂ ਮੈਂ ਇਸ ਮੌਕੇ ਦਾ ਧਿਆਨ ਨਾਲ ਪੂਰਾ-ਪੂਰਾ ਫ਼ਾਇਦਾ ਲੈਂਦੀ ਹਾਂ।

ਮੇਰੇ ਲਈ ਇਕ ਸਭ ਤੋਂ ਜ਼ਿਆਦਾ ਖ਼ੁਸ਼ੀ ਦੀ ਗੱਲ ਇਹ ਹੈ ਕਿ ਮੇਰੇ ਪਰਿਵਾਰ ਦੀਆਂ ਚਾਰ ਪੀੜ੍ਹੀਆਂ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰ ਰਹੀਆਂ ਹਨ। ਕਈਆਂ ਨੇ ਉੱਥੇ ਜਾ ਕੇ ਪਾਇਨੀਅਰੀ ਕੀਤੀ ਹੈ ਜਿੱਥੇ ਪ੍ਰਕਾਸ਼ਕਾਂ ਦੀ ਜ਼ਿਆਦਾ ਲੋੜ ਸੀ ਤੇ ਕਈ ਬਜ਼ੁਰਗਾਂ ਜਾਂ ਸਹਾਇਕ ਸੇਵਕਾਂ ਵਜੋਂ ਸੇਵਾ ਕਰਦੇ ਹਨ। ਕਈ ਬੈਥਲ ਵਿਚ ਸੇਵਾ ਕਰ ਰਹੇ ਹਨ। ਆਪਣੇ ਹਾਣ ਦੇ ਲੋਕਾਂ ਵਾਂਗ ਮੈਂ ਵੀ ਸੋਚਦੀ ਸੀ ਕਿ ਦੁਨੀਆਂ ਦਾ ਅੰਤ ਬਹੁਤ ਪਹਿਲਾਂ ਆ ਜਾਣਾ ਸੀ। ਪਰ ਸੱਤਰ ਸਾਲ ਸੇਵਾ ਕਰਨ ਦੌਰਾਨ ਮੈਂ ਪਰਮੇਸ਼ੁਰ ਦੇ ਲੋਕਾਂ ਦੀ ਗਿਣਤੀ ਵਿਚ ਬਹੁਤ ਵਾਧਾ ਹੁੰਦਾ ਦੇਖਿਆ ਹੈ। ਇਸ ਗੱਲ ਤੋਂ ਮੈਨੂੰ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਮੈਂ ਵੀ ਇੰਨੇ ਮਹਾਨ ਕੰਮ ਵਿਚ ਯੋਗਦਾਨ ਪਾਇਆ ਹੈ।

ਜਿਹੜੀਆਂ ਨਰਸਾਂ ਮੈਨੂੰ ਮਿਲਣ ਆਉਂਦੀਆਂ ਹਨ, ਉਹ ਕਹਿੰਦੀਆਂ ਹਨ ਕਿ ਮੇਰੀ ਨਿਹਚਾ ਕਾਰਨ ਮੈਂ ਜੀਉਂਦੀ ਹਾਂ। ਮੈਂ ਉਨ੍ਹਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਯਹੋਵਾਹ ਦੀ ਸੇਵਾ ਕਰ ਕੇ ਹੀ ਜ਼ਿੰਦਗੀ ਜੀਉਣ ਦਾ ਮਜ਼ਾ ਆਉਂਦਾ ਹੈ। ਰਾਜਾ ਦਾਊਦ ਵਾਂਗ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦੀ ਹਾਂ ਕਿ ਮੈਂ ਆਪਣੀ ਬਿਰਧ ਉਮਰ ਵਿਚ ਆਪਣੀ ਜ਼ਿੰਦਗੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ।—1 ਇਤਹਾਸ 29:28.

(ਇਹ ਲੇਖ ਲਿਖੇ ਜਾਣ ਦੌਰਾਨ ਭੈਣ ਮਯੁਰੀਅਲ ਸਮਿੱਥ 1 ਅਪ੍ਰੈਲ 2002 ਨੂੰ ਗੁਜ਼ਰ ਗਈ। ਉਹ 102 ਸਾਲਾਂ ਦੀ ਹੋਣ ਵਾਲੀ ਸੀ। ਉਹ ਵਫ਼ਾਦਾਰੀ ਤੇ ਧੀਰਜ ਦੀ ਬਿਹਤਰੀਨ ਮਿਸਾਲ ਸੀ।)

[ਸਫ਼ੇ 24 ਉੱਤੇ ਤਸਵੀਰਾਂ]

ਜਦੋਂ ਮੈਂ ਪੰਜਾਂ ਸਾਲਾਂ ਦੀ ਸੀ ਤੇ 19 ਸਾਲ ਦੀ ਉਮਰ ਤੇ ਜਦੋਂ ਮੈਂ ਆਪਣੇ ਪਤੀ ਰੌਏ ਨੂੰ ਮਿਲੀ ਸੀ

[ਸਫ਼ੇ 26 ਉੱਤੇ ਤਸਵੀਰ]

ਸਾਡੀ ਕਾਰ ਅਤੇ ਟ੍ਰੇਲਰ ਮਿਸਫਾਹ

[ਸਫ਼ੇ 27 ਉੱਤੇ ਤਸਵੀਰ]

ਸਾਲ 1971 ਵਿਚ ਆਪਣੇ ਪਤੀ ਨਾਲ