Skip to content

Skip to table of contents

ਕੀ ਤੁਸੀਂ ਵਹਿਮੀ ਇਨਸਾਨ ਹੋ?

ਕੀ ਤੁਸੀਂ ਵਹਿਮੀ ਇਨਸਾਨ ਹੋ?

ਕੀ ਤੁਸੀਂ ਵਹਿਮੀ ਇਨਸਾਨ ਹੋ?

ਸਾਰੀ ਦੁਨੀਆਂ ਵਿਚ ਲੋਕ ਕੋਈ-ਨਾ-ਕੋਈ ਵਹਿਮ ਕਰਦੇ ਹਨ। ਕਈ ਵਾਰੀ ਵਹਿਮਾਂ ਨੂੰ ਵਿਰਾਸਤ ਵਿਚ ਮਿਲੇ ਸਭਿਆਚਾਰ ਦਾ ਵੱਡਾ ਹਿੱਸਾ ਸਮਝਿਆ ਜਾਂਦਾ ਹੈ। ਦੂਜੇ ਪਾਸੇ, ਉਨ੍ਹਾਂ ਨੂੰ ਮਾਮੂਲੀ ਜਾਂ ਕੁਝ ਹੱਦ ਤਕ ਦਿਲਚਸਪ ਵੀ ਸਮਝਿਆ ਜਾਂਦਾ ਹੈ। ਪੱਛਮੀ ਦੇਸ਼ਾਂ ਵਿਚ ਵਹਿਮਾਂ ਨੂੰ ਕੋਈ ਵੱਡੀ ਗੱਲ ਨਹੀਂ ਮੰਨਿਆ ਜਾਂਦਾ ਅਤੇ ਲੋਕ ਨਾ ਹੀ ਇਨ੍ਹਾਂ ਵੱਲ ਜ਼ਿਆਦਾ ਧਿਆਨ ਦਿੰਦੇ ਹਨ। ਪਰ ਹੋਰ ਥਾਵਾਂ ਵਿਚ, ਮਿਸਾਲ ਲਈ ਅਫ਼ਰੀਕਾ ਵਿਚ ਵਹਿਮ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ।

ਅਫ਼ਰੀਕਾ ਦੇ ਸਭਿਆਚਾਰ ਵਿਚ ਵਹਿਮ ਆਮ ਹਨ। ਅਫ਼ਰੀਕਾ ਦੀਆਂ ਫਿਲਮਾਂ, ਰੇਡੀਓ ਪ੍ਰੋਗ੍ਰਾਮ ਅਤੇ ਕਿਤਾਬਾਂ-ਰਸਾਲਿਆਂ ਵਿਚ ਵਹਿਮ, ਵੱਡੇ-ਵਡੇਰਿਆਂ ਦੀ ਪੂਜਾ ਅਤੇ ਤਵੀਤ ਪਾਉਣ ਤੇ ਜਾਦੂ-ਟੂਣੇ ਕਰਨ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਲੋਕ ਇੰਨੇ ਵਹਿਮੀ ਕਿਉਂ ਹੁੰਦੇ ਹਨ? ਵਹਿਮ ਕਿੱਥੋਂ ਸ਼ੁਰੂ ਹੋਏ?

ਲੋਕ ਵਹਿਮੀ ਕਿਉਂ ਹਨ?

ਕਈ ਵਹਿਮ ਭੂਤਾਂ-ਪ੍ਰੇਤਾਂ ਜਾਂ ਮੁਰਦਿਆਂ ਦੀਆਂ ਆਤਮਾਵਾਂ ਦੇ ਡਰ ਤੋਂ ਪੈਦਾ ਹੁੰਦੇ ਹਨ। ਕਈ ਲੋਕ ਸੋਚਦੇ ਹਨ ਕਿ ਇਹ ਆਤਮਾਵਾਂ ਕੁਝ ਘਟਨਾਵਾਂ ਰਾਹੀਂ ਧਮਕੀ, ਚੇਤਾਵਨੀ ਜਾਂ ਅਸੀਸ ਦੇਣ ਲਈ ਜੀਉਂਦੇ ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੀਆਂ ਹਨ।

ਵਹਿਮਾਂ ਦਾ ਵੱਡਾ ਸੰਬੰਧ ਇਲਾਜ ਕਰਨ ਅਤੇ ਦਵਾ-ਦਾਰੂ ਨਾਲ ਵੀ ਹੈ। ਗ਼ਰੀਬ ਦੇਸ਼ਾਂ ਵਿਚ ਦਵਾਈ ਖ਼ਰੀਦਣੀ ਬਹੁਤ ਮਹਿੰਗੀ ਹੈ ਅਤੇ ਕਿਤੇ-ਕਿਤੇ ਤਾਂ ਇਹ ਮਿਲਦੀ ਹੀ ਨਹੀਂ। ਇਸ ਲਈ ਕਈ ਲੋਕ ਆਪਣਾ ਇਲਾਜ ਕਰਨ ਲਈ ਆਪਣੇ ਦਾਦੇ-ਪੜ੍ਹਦਾਦਿਆਂ ਵਾਂਗ ਜਾਦੂ-ਟੂਣੇ ਅਤੇ ਅੰਧਵਿਸ਼ਵਾਸ ਵੱਲ ਮੁੜਦੇ ਹਨ। ਹੋ ਸਕਦਾ ਹੈ ਕਿ ਉਹ ਇਨ੍ਹਾਂ ਚੀਜ਼ਾਂ ਰਾਹੀਂ ਬੀਮਾਰੀ ਨੂੰ ਰੋਕਣ ਦੀ ਵੀ ਕੋਸ਼ਿਸ਼ ਕਰਨ। ਆਮ ਡਾਕਟਰ ਦੀ ਸਲਾਹ ਨਾਲੋਂ ਉਹ ਝਾੜਾ-ਫੂਕੀ ਕਰਨ ਵਾਲੇ ਦੀ ਸਲਾਹ ਜ਼ਿਆਦਾ ਪਸੰਦ ਕਰਦੇ ਹਨ ਕਿਉਂਕਿ ਉਹ ਉਨ੍ਹਾਂ ਦੇ ਰੀਤ-ਰਿਵਾਜ ਜਾਣਦਾ ਹੈ ਅਤੇ ਉਨ੍ਹਾਂ ਦੀ ਬੋਲੀ ਬੋਲਦਾ ਹੈ। ਇਸ ਤਰ੍ਹਾਂ ਅੰਧਵਿਸ਼ਵਾਸ ਫੈਲਾਏ ਅਤੇ ਜ਼ਿੰਦਾ ਰੱਖੇ ਜਾਂਦੇ ਹਨ।

ਲੋਕ ਇਹ ਵਹਿਮ ਕਰਦੇ ਹਨ ਕਿ ਬੀਮਾਰੀ ਅਤੇ ਹਾਦਸੇ ਇਤਫ਼ਾਕ ਦੀ ਗੱਲ ਨਹੀਂ, ਸਗੋਂ ਆਤਮਿਕ ਲੋਕ ਦੀਆਂ ਸ਼ਕਤੀਆਂ ਦੁਆਰਾ ਉਕਸਾਈਆਂ ਗਈਆਂ ਘਟਨਾਵਾਂ ਹਨ। ਜਾਦੂ-ਟੂਣੇ ਕਰਨ ਵਾਲੇ ਸ਼ਾਇਦ ਦਾਅਵਾ ਕਰਨ ਕਿ ਮਰੇ ਹੋਏ ਵੱਡ-ਵਡੇਰੇ ਕਿਸੇ ਗੱਲੋਂ ਨਾਰਾਜ਼ ਹਨ। ਜਾਂ ਉਹ ਸ਼ਾਇਦ ਕਹਿਣ ਕਿ ਕਿਸੇ ਵਿਰੋਧੀ ਜਾਦੂ-ਟੂਣਾ ਕਰਨ ਵਾਲੇ ਦੇ ਸਰਾਪ ਨਾਲ ਇਸ ਤਰ੍ਹਾਂ ਹੋਇਆ ਹੈ।

ਦੁਨੀਆਂ ਵਿਚ ਤਰ੍ਹਾਂ-ਤਰ੍ਹਾਂ ਦੇ ਵਹਿਮ ਪਾਏ ਜਾਂਦੇ ਹਨ ਅਤੇ ਇਹ ਉੱਥੋਂ ਦੇ ਸਭਿਆਚਾਰ ਦੀਆਂ ਮਨਘੜਤ ਕਹਾਣੀਆਂ ਅਤੇ ਹਾਲਾਤਾਂ ਅਨੁਸਾਰ ਫੈਲਦੇ ਹਨ। ਪਰ ਇਕ ਗੱਲ ਜੋ ਹਰ ਵਹਿਮ ਵਿਚ ਸ਼ਾਮਲ ਹੈ ਉਹ ਇਹ ਹੈ ਕਿ ਆਤਮਿਕ ਲੋਕ ਵਿਚ ਕਿਸੇ ਨੂੰ ਖ਼ੁਸ਼ ਕਰਨ ਦੀ ਲੋੜ ਹੈ।

ਖ਼ਤਰੇ ਤੋਂ ਖਾਲੀ ਜਾਂ ਖ਼ਤਰਨਾਕ?

ਜ਼ਿਆਦਾਤਰ ਪਰਿਵਾਰਾਂ ਲਈ ਜੌੜਿਆਂ ਦਾ ਜਨਮ ਇਕ ਖ਼ਾਸ ਅਤੇ ਖ਼ੁਸ਼ੀ-ਭਰੀ ਘਟਨਾ ਹੁੰਦੀ ਹੈ। ਪਰ ਵਹਿਮੀ ਲੋਕਾਂ ਲਈ ਇਹ ਸ਼ਾਇਦ ਇਕ ਨਿਸ਼ਾਨੀ ਹੋਵੇ। ਪੱਛਮੀ ਅਫ਼ਰੀਕਾ ਦੇ ਕੁਝ ਇਲਾਕਿਆਂ ਵਿਚ ਕਈ ਲੋਕ ਜੌੜਿਆਂ ਦੇ ਜਨਮ ਨੂੰ ਸ਼ਾਇਦ ਦੇਵੀਆਂ-ਦੇਵਤਿਆਂ ਦਾ ਜਨਮ ਸਮਝਣ ਅਤੇ ਉਨ੍ਹਾਂ ਦੀ ਪੂਜਾ ਕਰਨ। ਜੇ ਇੱਕ ਜਾਂ ਦੋਵੇਂ ਬੱਚੇ ਮਰ ਵੀ ਜਾਣ, ਤਾਂ ਵੀ ਜੌੜਿਆਂ ਦੀਆਂ ਛੋਟੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ ਅਤੇ ਸਾਰਾ ਪਰਿਵਾਰ ਇਨ੍ਹਾਂ ਮੂਰਤੀਆਂ ਨੂੰ ਪਰਸ਼ਾਦ ਚੜ੍ਹਾਉਂਦਾ ਹੈ। ਹੋਰ ਥਾਵਾਂ ਵਿਚ ਲੋਕ ਜੌੜਿਆਂ ਦੇ ਜਨਮ ਨੂੰ ਸਰਾਪ ਸਮਝਦੇ ਹਨ ਅਤੇ ਮਾਪੇ ਇਕ ਬੱਚੇ ਦਾ ਕਤਲ ਕਰ ਦਿੰਦੇ ਹਨ। ਕਿਉਂ? ਕਿਉਂਕਿ ਉਹ ਮੰਨਦੇ ਹਨ ਕਿ ਜੇ ਦੋਨੋਂ ਬੱਚੇ ਜੀਉਂਦੇ ਰਹਿਣ ਦਿੱਤੇ ਜਾਣ, ਤਾਂ ਇਕ ਦਿਨ ਉਹ ਆਪਣੇ ਮਾਪਿਆਂ ਦਾ ਕਤਲ ਕਰ ਦੇਣਗੇ।

ਅਜਿਹੀਆਂ ਉਦਾਹਰਣਾਂ ਦਿਖਾਉਂਦੀਆਂ ਹਨ ਕਿ ਭਾਵੇਂ ਕੁਝ ਵਹਿਮ ਦਿਲਚਸਪ ਲੱਗਣ, ਪਰ ਦੂਸਰੇ ਖ਼ਤਰਨਾਕ ਅਤੇ ਮੌਤ ਦਾ ਕਾਰਨ ਸਾਬਤ ਹੋ ਸਕਦੇ ਹਨ। ਵਹਿਮ ਕਰਕੇ ਕੋਈ ਵੀ ਆਮ ਘਟਨਾ ਇਕ ਖ਼ਤਰਨਾਕ ਗੱਲ ਬਣ ਸਕਦੀ ਹੈ।

ਦਰਅਸਲ, ਵਹਿਮ ਇਕ ਤਰ੍ਹਾਂ ਦਾ ਵਿਸ਼ਵਾਸ ਜਾਂ ਧਰਮ ਹੀ ਹੈ। ਇਹ ਗੱਲ ਧਿਆਨ ਵਿਚ ਰੱਖਦੇ ਹੋਏ ਕਿ ਵਹਿਮ ਖ਼ਤਰਨਾਕ ਹੋ ਸਕਦੇ ਹਨ, ਇਹ ਪੁੱਛਣਾ ਜ਼ਰੂਰੀ ਹੈ ਕਿ ਵਹਿਮੀ ਵਿਸ਼ਵਾਸਾਂ ਅਤੇ ਕੰਮਾਂ ਤੋਂ ਕਿਸ ਨੂੰ ਫ਼ਾਇਦਾ ਹੁੰਦਾ ਹੈ?

ਵਹਿਮਾਂ ਦੇ ਪਿੱਛੇ ਕੌਣ ਹੈ?

ਸਬੂਤ ਦੇ ਬਾਵਜੂਦ ਲੋਕ ਅੱਜ ਇਹ ਨਹੀਂ ਮੰਨਦੇ ਕਿ ਸ਼ਤਾਨ ਜਾਂ ਬੁਰੇ ਦੂਤ ਹਨ। ਪਰ ਜੇ ਅਸੀਂ ਲੜਾਈ ਦੇ ਸਮੇਂ ਇਹ ਕਹੀਏ ਕਿ ਸਾਡਾ ਕੋਈ ਦੁਸ਼ਮਣ ਹੈ ਹੀ ਨਹੀਂ, ਇਸ ਦਾ ਨਤੀਜਾ ਬੁਰਾ ਹੀ ਹੋਵੇਗਾ। ਇਹ ਗੱਲ ਦੁਸ਼ਟ ਆਤਮਿਕ ਸ਼ਕਤੀਆਂ ਨਾਲ ਲੜਾਈ ਬਾਰੇ ਵੀ ਸੱਚ ਹੈ ਕਿਉਂਕਿ ਪੌਲੁਸ ਰਸੂਲ ਨੇ ਲਿਖਿਆ: “ਸਾਡੀ ਲੜਾਈ . . . ਦੁਸ਼ਟ ਆਤਮਿਆਂ ਨਾਲ ਹੁੰਦੀ ਹੈ।” (ਟੇਢੇ ਟਾਈਪ ਸਾਡੇ।)—ਅਫ਼ਸੀਆਂ 6:12.

ਭਾਵੇਂ ਕਿ ਅਸੀਂ ਦੁਸ਼ਟ ਆਤਮਾਵਾਂ ਨੂੰ ਦੇਖ ਨਹੀਂ ਸਕਦੇ, ਫਿਰ ਵੀ ਉਹ ਹੋਂਦ ਵਿਚ ਹਨ। ਬਾਈਬਲ ਦੱਸਦੀ ਹੈ ਕਿ ਇਕ ਦੂਤ ਨੇ ਪਹਿਲੀ ਤੀਵੀਂ, ਹੱਵਾਹ ਨੂੰ, ਪਰਮੇਸ਼ੁਰ ਦੇ ਖ਼ਿਲਾਫ਼ ਉਕਸਾਇਆ। ਉਸ ਨੇ ਇਕ ਸੱਪ ਨੂੰ ਉਸ ਨਾਲ ਗੱਲ ਕਰਨ ਲਈ ਉਸੇ ਤਰ੍ਹਾਂ ਵਰਤਿਆ ਜਿਵੇਂ ਇਨਸਾਨ ਇਕ ਪੁਤਲੀ ਦਾ ਮੂੰਹ ਹਿਲਾ ਕੇ ਆਪ ਬੋਲਦਾ ਹੈ। (ਉਤਪਤ 3:1-5) ਬਾਈਬਲ ਇਸ ਦੂਤ ਬਾਰੇ ਕਹਿੰਦੀ ਹੈ ਕਿ ‘ਉਹ ਪੁਰਾਣਾ ਸੱਪ ਜਿਹੜਾ ਇਬਲੀਸ ਅਤੇ ਸ਼ਤਾਨ ਕਰਕੇ ਸਦਾਉਂਦਾ ਹੈ ਸਾਰੇ ਜਗਤ ਨੂੰ ਭਰਮਾਉਂਦਾ ਹੈ।’ (ਪਰਕਾਸ਼ ਦੀ ਪੋਥੀ 12:9) ਸ਼ਤਾਨ ਨੇ ਆਪਣੇ ਨਾਲ ਹੋਰਨਾਂ ਦੂਤਾਂ ਨੂੰ ਵੀ ਪਰਮੇਸ਼ੁਰ ਦੇ ਵਿਰੁੱਧ ਜਾਣ ਲਈ ਭਰਮਾਇਆ। (ਯਹੂਦਾਹ 6) ਇਹ ਬੁਰੇ ਦੂਤ ਦੁਸ਼ਟ ਆਤਮਾਵਾਂ ਅਤੇ ਪਰਮੇਸ਼ੁਰ ਦੇ ਦੁਸ਼ਮਣ ਬਣ ਗਏ।

ਯਿਸੂ ਅਤੇ ਉਸ ਦੇ ਚੇਲਿਆਂ ਨੇ ਲੋਕਾਂ ਵਿੱਚੋਂ ਭੂਤ ਕੱਢੇ ਸਨ। (ਮਰਕੁਸ 1:34; ਰਸੂਲਾਂ ਦੇ ਕਰਤੱਬ 16:18) ਇਹ ਭੂਤ ਸਾਡੇ ਮਰੇ-ਹੋਏ ਦਾਦੇ-ਪੜ੍ਹਦਾਦੇ ਨਹੀਂ ਹਨ ਕਿਉਂਕਿ ਬਾਈਬਲ ਅਨੁਸਾਰ “ਮੋਏ ਕੁਝ ਵੀ ਨਹੀਂ ਜਾਣਦੇ।” (ਉਪਦੇਸ਼ਕ ਦੀ ਪੋਥੀ 9:5) ਇਸ ਦੀ ਬਜਾਇ ਇਹ ਉਹ ਬਾਗ਼ੀ ਦੂਤ ਹਨ ਜਿਨ੍ਹਾਂ ਨੂੰ ਸ਼ਤਾਨ ਨੇ ਭਰਮਾਇਆ ਸੀ। ਉਨ੍ਹਾਂ ਨਾਲ ਕੋਈ ਵੀ ਵਾਸਤਾ ਰੱਖਣਾ ਜਾਂ ਉਨ੍ਹਾਂ ਦੀ ਸ਼ਕਤੀ ਦੇ ਅਧੀਨ ਆਉਣਾ ਮਾਮੂਲੀ ਗੱਲ ਨਹੀਂ ਹੈ, ਕਿਉਂਕਿ ਉਹ ਆਪਣੇ ਆਗੂ ਸ਼ਤਾਨ ਵਰਗੇ ਹਨ ਜੋ ਸਾਨੂੰ ਪਾੜ ਖਾਣਾ ਚਾਹੁੰਦਾ ਹੈ। (1 ਪਤਰਸ 5:8) ਉਹ ਸਾਨੂੰ ਪਰਮੇਸ਼ੁਰ ਦੇ ਰਾਜ ਤੋਂ ਮੋੜਨਾ ਚਾਹੁੰਦੇ ਹਨ ਜੋ ਮਨੁੱਖਜਾਤੀ ਦੀ ਇੱਕੋ-ਇਕ ਆਸ ਹੈ।

ਬਾਈਬਲ ਵਿਚ ਸ਼ਤਾਨ ਅਤੇ ਉਸ ਦੇ ਬੁਰੇ ਦੂਤਾਂ ਦੇ ਭਰਮਾਉਣ ਦਾ ਇਕ ਤਰੀਕਾ ਦੱਸਿਆ ਗਿਆ ਹੈ: “ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ।” (2 ਕੁਰਿੰਥੀਆਂ 11:14) ਸ਼ਤਾਨ ਸਾਨੂੰ ਭਰਮਾਉਣਾ ਚਾਹੁੰਦਾ ਹੈ ਕਿ ਉਹ ਸਾਨੂੰ ਵਧੀਆ ਜੀਵਨ ਦੇ ਸਕਦਾ ਹੈ। ਤਾਂ ਫਿਰ, ਇਸ ਤਰ੍ਹਾਂ ਲੱਗ ਸਕਦਾ ਹੈ ਕਿ ਦੁਸ਼ਟ ਆਤਮਾਵਾਂ ਤੋਂ ਸਾਨੂੰ ਕੁਝ ਮਦਦ ਮਿਲ ਸਕਦੀ ਹੈ। ਪਰ ਉਹ ਸਾਡੀਆਂ ਸਮੱਸਿਆਵਾਂ ਨੂੰ ਪੂਰੀ ਤਰ੍ਹਾਂ ਹੱਲ ਨਹੀਂ ਕਰ ਸਕਦੇ। (2 ਪਤਰਸ 2:4) ਉਹ ਕਿਸੇ ਨੂੰ ਸਦਾ ਦੀ ਜ਼ਿੰਦਗੀ ਨਹੀਂ ਦੇ ਸਕਦੇ ਅਤੇ ਉਨ੍ਹਾਂ ਦਾ ਨਾਸ਼ ਬਹੁਤ ਜਲਦੀ ਹੋਣ ਵਾਲਾ ਹੈ। (ਰੋਮੀਆਂ 16:20) ਸਾਡਾ ਸਿਰਜਣਹਾਰ ਹੀ ਸਾਨੂੰ ਜ਼ਿੰਦਗੀ ਅਤੇ ਖ਼ੁਸ਼ੀ ਦੇ ਸਕਦਾ ਹੈ ਅਤੇ ਉਹੀ ਦੁਸ਼ਟ ਆਤਮਿਕ ਸ਼ਕਤੀਆਂ ਤੋਂ ਸਾਡੀ ਰੱਖਿਆ ਕਰ ਸਕਦਾ ਹੈ।—ਯਾਕੂਬ 4:7.

ਪਰਮੇਸ਼ੁਰ ਇਸ ਗੱਲ ਨੂੰ ਨਿੰਦਦਾ ਹੈ ਕਿ ਅਸੀਂ ਜਾਦੂ-ਟੂਣਿਆਂ ਰਾਹੀਂ ਮਦਦ ਮੰਗੀਏ। (ਬਿਵਸਥਾ ਸਾਰ 18:10-12; 2 ਰਾਜਿਆਂ 21:6) ਇਹ ਦੁਸ਼ਮਣ ਨਾਲ ਮੇਲ ਰੱਖਣ ਅਤੇ ਪਰਮੇਸ਼ੁਰ ਨਾਲ ਬੇਵਫ਼ਾਈ ਕਰਨ ਵਾਲਿਆਂ ਨਾਲ ਦੋਸਤੀ ਕਰਨ ਦੇ ਬਰਾਬਰ ਹੈ! ਜੇ ਤੁਸੀਂ ਟੇਵਾ ਲਾਉਣ ਵਾਲੇ ਤੋਂ ਪੁੱਛ-ਗਿੱਛ ਕਰਦੇ ਹੋ, ਝਾੜਾ-ਫੂਕੀ ਕਰਨ ਵਾਲੇ ਕੋਲ ਜਾਂਦੇ ਹੋ ਜਾਂ ਕਿਸੇ ਵੀ ਜਾਦੂ-ਟੂਣੇ ਵਿਚ ਹਿੱਸਾ ਲੈਂਦੇ ਹੋ, ਤਾਂ ਇਸ ਦਾ ਮਤਲਬ ਇਹ ਹੈ ਕਿ ਤੁਸੀਂ ਦੁਸ਼ਟ ਆਤਮਾਵਾਂ ਨੂੰ ਆਪਣੀ ਜ਼ਿੰਦਗੀ ਦੇ ਫ਼ੈਸਲਿਆਂ ਉੱਤੇ ਅਸਰ ਪਾਉਣ ਦਿੰਦੇ ਹੋ। ਇਹ ਉਨ੍ਹਾਂ ਨਾਲ ਮਿਲ ਕੇ ਪਰਮੇਸ਼ੁਰ ਦੇ ਖ਼ਿਲਾਫ਼ ਜਾਣ ਦੇ ਬਰਾਬਰ ਹੈ।

ਕੀ ਦੁਸ਼ਟਤਾ ਤੋਂ ਬਚਾਅ ਮੁਮਕਿਨ ਹੈ?

ਆਡੇ * ਨਾਂ ਦਾ ਬੰਦਾ ਨਾਈਜੀਰ ਵਿਚ ਰਹਿੰਦਾ ਹੈ। ਉਸ ਨੇ ਯਹੋਵਾਹ ਦੇ ਗਵਾਹਾਂ ਦੇ ਪੂਰਣ-ਕਾਲੀ ਪ੍ਰਚਾਰਕ ਨਾਲ ਬਾਈਬਲ ਸਟੱਡੀ ਸ਼ੁਰੂ ਕੀਤੀ। ਆਡੇ ਨੇ ਸਮਝਾਇਆ ਕਿ ਉਸ ਨੇ ਆਪਣੀ ਦੁਕਾਨ ਵਿਚ ਤਵੀਤ ਕਿਉਂ ਰੱਖਿਆ ਹੋਇਆ ਸੀ: “ਮੇਰੇ ਬਹੁਤ ਸਾਰੇ ਦੁਸ਼ਮਣ ਹਨ।” ਗਵਾਹ ਨੇ ਉਸ ਨੂੰ ਦੱਸਿਆ ਕਿ ਸਿਰਫ਼ ਯਹੋਵਾਹ ਹੀ ਸਾਡੀ ਸਹੀ ਤਰੀਕੇ ਨਾਲ ਰੱਖਿਆ ਕਰ ਸਕਦਾ ਹੈ। ਉਸ ਨੇ ਆਡੇ ਲਈ ਜ਼ਬੂਰ 34:7 ਪੜ੍ਹਿਆ ਜਿੱਥੇ ਲਿਖਿਆ ਹੈ: “ਯਹੋਵਾਹ ਦਾ ਦੂਤ ਉਸ ਤੋਂ ਸਾਰੇ ਡਰਨ ਵਾਲਿਆਂ ਦੇ ਦੁਆਲੇ ਡੇਰਾ ਲਾਉਂਦਾ ਹੈ, ਅਤੇ ਉਨ੍ਹਾਂ ਨੂੰ ਛੁਟਕਾਰਾ ਦਿੰਦਾ ਹੈ।” ਆਡੇ ਨੇ ਕਿਹਾ: “ਜੇ ਯਹੋਵਾਹ ਸੱਚ-ਮੁੱਚ ਮੇਰੀ ਰੱਖਿਆ ਕਰ ਸਕਦਾ ਹੈ, ਤਾਂ ਮੈਂ ਤਵੀਤ ਨੂੰ ਸੁੱਟ ਦੇਵਾਂਗਾ।” ਹੁਣ ਕਈ ਸਾਲਾਂ ਬਾਅਦ, ਉਹ ਆਪਣੀ ਕਲੀਸਿਯਾ ਵਿਚ ਇਕ ਬਜ਼ੁਰਗ ਅਤੇ ਪੂਰਣ-ਕਾਲੀ ਪ੍ਰਚਾਰਕ ਵਜੋਂ ਸੇਵਾ ਕਰਦਾ ਹੈ। ਉਸ ਦੇ ਕਿਸੇ ਵੀ ਦੁਸ਼ਮਣ ਨੇ ਉਸ ਦਾ ਕੁਝ ਨਹੀਂ ਵਿਗਾੜਿਆ।

ਬਾਈਬਲ ਦਿਖਾਉਂਦੀ ਹੈ ਕਿ ਸਾਡੇ ਸਾਰਿਆਂ ਉੱਤੇ ਕਦੇ-ਨਾ-ਕਦੇ ਬੁਰਾ ਵਕਤ ਆਉਂਦਾ ਹੈ ਚਾਹੇ ਅਸੀਂ ਵਹਿਮੀ ਹਾਂ ਜਾਂ ਨਹੀਂ। (ਉਪਦੇਸ਼ਕ ਦੀ ਪੋਥੀ 9:11) ਪਰ ਯਹੋਵਾਹ ਸਾਨੂੰ ਬੁਰੀਆਂ ਚੀਜ਼ਾਂ ਨਾਲ ਕਦੀ ਨਹੀਂ ਪਰਤਾਉਂਦਾ। (ਯਾਕੂਬ 1:13) ਆਦਮ ਤੋਂ ਮਿਲੇ ਪਾਪ ਕਰਕੇ ਅਸੀਂ ਪਾਪੀ ਇਨਸਾਨਾਂ ਵਜੋਂ ਪੈਦਾ ਹੁੰਦੇ ਹਾਂ ਤੇ ਮਰਦੇ ਹਾਂ। (ਰੋਮੀਆਂ 5:12) ਇਸ ਲਈ ਹਰੇਕ ਜਣਾ ਸਮੇਂ-ਸਮੇਂ ਤੇ ਬੀਮਾਰ ਹੁੰਦਾ ਹੈ ਅਤੇ ਗ਼ਲਤੀਆਂ ਕਰ ਬੈਠਦਾ ਹੈ ਜਿਸ ਦੇ ਨਤੀਜੇ ਬਹੁਤ ਬੁਰੇ ਨਿਕਲ ਸਕਦੇ ਹਨ। ਤਾਂ ਫਿਰ ਇਹ ਗ਼ਲਤ ਹੋਵੇਗਾ ਜੇ ਅਸੀਂ ਹਰੇਕ ਬੀਮਾਰੀ ਜਾਂ ਮੁਸ਼ਕਲ ਦਾ ਇਲਜ਼ਾਮ ਦੁਸ਼ਟ ਆਤਮਾਵਾਂ ਉੱਤੇ ਲਾਈਏ। ਅਜਿਹੇ ਵਿਸ਼ਵਾਸ ਕਰਕੇ ਅਸੀਂ ਇਨ੍ਹਾਂ ਆਤਮਾਵਾਂ ਨੂੰ ਖ਼ੁਸ਼ ਕਰਨ ਲਈ ਭਰਮਾਏ ਜਾ ਸਕਦੇ ਹਾਂ। * ਜਦੋਂ ਅਸੀਂ ਬੀਮਾਰ ਹੁੰਦੇ ਹਾਂ, ਸਾਨੂੰ ‘ਝੂਠ ਦੇ ਪਤੰਦਰ’ ਸ਼ਤਾਨ ਤੋਂ ਰਾਇ ਨਹੀਂ ਲੈਣੀ ਚਾਹੀਦੀ, ਸਗੋਂ ਦਵਾਈ-ਦਾਰੂ ਲਈ ਡਾਕਟਰਾਂ ਦੇ ਕੋਲ ਜਾਣਾ ਚਾਹੀਦਾ ਹੈ। (ਯੂਹੰਨਾ 8:44) ਅੰਕੜਿਆਂ ਅਨੁਸਾਰ ਵਹਿਮ ਕਰਨ ਵਾਲੇ ਮੁਲਕਾਂ ਦੇ ਲੋਕਾਂ ਦੀਆਂ ਜ਼ਿੰਦਗੀਆਂ ਹੋਰਨਾਂ ਮੁਲਕਾਂ ਦੇ ਲੋਕਾਂ ਨਾਲੋਂ ਬਿਹਤਰ ਜਾਂ ਲੰਬੀਆਂ ਨਹੀਂ ਹੁੰਦੀਆਂ ਜਿੱਥੇ ਲੋਕ ਵਹਿਮੀ ਨਹੀਂ ਹਨ। ਤਾਂ ਫਿਰ ਇਹ ਗੱਲ ਸਾਫ਼ ਹੈ ਕਿ ਵਹਿਮਾਂ-ਭਰਮਾਂ ਉੱਤੇ ਚੱਲਣ ਨਾਲ ਸਿਹਤ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ।

ਪਰਮੇਸ਼ੁਰ ਸਾਰੀਆਂ ਦੁਸ਼ਟ ਆਤਮਾਵਾਂ ਨਾਲੋਂ ਸ਼ਕਤੀਸ਼ਾਲੀ ਹੈ ਅਤੇ ਉਹ ਸਾਨੂੰ ਖ਼ੁਸ਼ ਦੇਖਣਾ ਚਾਹੁੰਦਾ ਹੈ। “ਪ੍ਰਭੁ ਦੀਆਂ ਅੱਖੀਆਂ ਧਰਮੀਆਂ ਉੱਤੇ, ਅਤੇ ਉਹ ਦੇ ਕੰਨ ਉਨ੍ਹਾਂ ਦੀ ਦੁਹਾਈ ਵੱਲ ਹਨ।” (1 ਪਤਰਸ 3:12) ਰੱਖਿਆ ਅਤੇ ਬੁੱਧ ਲਈ ਪਰਮੇਸ਼ੁਰ ਨੂੰ ਪ੍ਰਾਰਥਨਾ ਕਰੋ। (ਕਹਾਉਤਾਂ 15:29; 18:10) ਉਸ ਦੇ ਬਚਨ ਬਾਈਬਲ ਨੂੰ ਸਮਝਣ ਦਾ ਜਤਨ ਕਰੋ। ਬਾਈਬਲ ਦਾ ਸਹੀ ਗਿਆਨ ਹੀ ਸਾਡੀ ਵਧੀਆ ਤਰੀਕੇ ਨਾਲ ਰੱਖਿਆ ਕਰ ਸਕਦਾ ਹੈ। ਇਹ ਸਾਨੂੰ ਸਮਝਾਵੇਗਾ ਕਿ ਬੁਰੀਆਂ ਚੀਜ਼ਾਂ ਕਿਉਂ ਹੁੰਦੀਆਂ ਹਨ ਅਤੇ ਕਿ ਅਸੀਂ ਸਰਬਸ਼ਕਤੀਮਾਨ ਪਰਮੇਸ਼ੁਰ ਦੀ ਕਿਰਪਾ ਕਿਵੇਂ ਹਾਸਲ ਕਰ ਸਕਦੇ ਹਾਂ।

ਪਰਮੇਸ਼ੁਰ ਦੇ ਗਿਆਨ ਦੇ ਲਾਭ

ਯਹੋਵਾਹ ਅਤੇ ਉਸ ਦੇ ਮਕਸਦਾਂ ਬਾਰੇ ਸਹੀ ਗਿਆਨ ਆਪਣੀ ਰੱਖਿਆ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਅਗਿਆਨ ਅਤੇ ਅੰਧਵਿਸ਼ਵਾਸ ਦੇ ਉਲਟ ਹੈ। ਇਹ ਬੇਨਿਨ ਦੇ ਰਹਿਣ ਵਾਲੇ ਜ਼ੌਨ ਨਾਂ ਦੇ ਆਦਮੀ ਦੀ ਮਿਸਾਲ ਤੋਂ ਦੇਖਿਆ ਜਾ ਸਕਦਾ ਹੈ। ਜ਼ੌਨ ਦੇ ਪਰਿਵਾਰ ਵਿਚ ਵਹਿਮਾਂ ਦੀ ਜੜ੍ਹ ਬਹੁਤ ਡੂੰਘੀ ਸੀ। ਉਸ ਦੇ ਕਬੀਲੇ ਵਿਚ ਵਹਿਮੀ ਰੀਤੀ-ਰਿਵਾਜਾਂ ਅਨੁਸਾਰ ਜਦੋਂ ਇਕ ਤੀਵੀਂ ਪੁੱਤਰ ਨੂੰ ਜਨਮ ਦਿੰਦੀ ਹੈ, ਤਾਂ ਉਸ ਨੂੰ ਨੌਂ ਦਿਨਾਂ ਲਈ ਇਕ ਝੌਂਪੜੀ ਵਿਚ ਰਹਿਣਾ ਪੈਂਦਾ ਹੈ ਜੋ ਖ਼ਾਸ ਕਰਕੇ ਉਸ ਲਈ ਬਣਾਈ ਜਾਂਦੀ ਹੈ। ਜੇ ਉਹ ਇਕ ਕੁੜੀ ਨੂੰ ਜਨਮ ਦਿੰਦੀ ਹੈ, ਤਾਂ ਉਸ ਨੂੰ ਸੱਤਾਂ ਦਿਨਾਂ ਲਈ ਝੌਂਪੜੀ ਵਿਚ ਰਹਿਣਾ ਪੈਂਦਾ ਹੈ।

ਸਾਲ 1975 ਵਿਚ ਜ਼ੌਨ ਦੀ ਪਤਨੀ ਨੇ ਇਕ ਸੁੰਦਰ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਨਾਂ ਮਾਰਕ ਰੱਖਿਆ ਗਿਆ। ਜ਼ੌਨ ਤੇ ਉਸ ਦੀ ਪਤਨੀ ਕੋਲ ਬਾਈਬਲ ਦਾ ਗਿਆਨ ਸੀ, ਇਸ ਲਈ ਉਹ ਦੁਸ਼ਟ ਆਤਮਾਵਾਂ ਤੋਂ ਦੂਰ ਰਹਿਣਾ ਚਾਹੁੰਦੇ ਸਨ। ਪਰ ਕੀ ਉਹ ਡਰ ਦੇ ਮਾਰੇ ਅਤੇ ਲੋਕਾਂ ਦੇ ਜ਼ੋਰ ਕਰਕੇ ਇਸ ਵਹਿਮ ਦੇ ਅਨੁਸਾਰ ਚੱਲੇ ਅਤੇ ਕੀ ਉਸ ਦੀ ਪਤਨੀ ਇਸ ਝੌਂਪੜੀ ਵਿਚ ਰਹੀ ਸੀ? ਨਹੀਂ, ਉਨ੍ਹਾਂ ਨੇ ਇਸ ਵਹਿਮ ਨੂੰ ਮੰਨਣ ਤੋਂ ਇਨਕਾਰ ਕੀਤਾ।—ਰੋਮੀਆਂ 6:16; 2 ਕੁਰਿੰਥੀਆਂ 6:14, 15.

ਕੀ ਜ਼ੌਨ ਦੇ ਪਰਿਵਾਰ ਨੂੰ ਕੋਈ ਨੁਕਸਾਨ ਪਹੁੰਚਿਆ? ਕਈ ਸਾਲ ਬੀਤ ਚੁੱਕੇ ਹਨ ਅਤੇ ਹੁਣ ਮਾਰਕ ਯਹੋਵਾਹ ਦੇ ਗਵਾਹਾਂ ਦੀ ਸਥਾਨਕ ਕਲੀਸਿਯਾ ਵਿਚ ਸਹਾਇਕ ਸੇਵਕ ਹੈ। ਪੂਰਾ ਪਰਿਵਾਰ ਖ਼ੁਸ਼ ਹੈ ਕਿ ਉਨ੍ਹਾਂ ਨੇ ਆਪਣੇ ਜੀਵਨ ਉੱਤੇ ਵਹਿਮਾਂ ਦਾ ਅਸਰ ਨਹੀਂ ਪੈਣ ਦਿੱਤਾ ਅਤੇ ਉਨ੍ਹਾਂ ਦੀ ਰੂਹਾਨੀ ਖ਼ੁਸ਼ਹਾਲੀ ਕਾਇਮ ਰਹੀ।—1 ਕੁਰਿੰਥੀਆਂ 10:21, 22.

ਸੱਚੇ ਮਸੀਹੀਆਂ ਨੂੰ ਵਹਿਮੀ ਰੀਤੀ-ਰਿਵਾਜਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਹਨੇਰੇ ਦੀ ਥਾਂ ਸਿਰਜਣਹਾਰ ਯਹੋਵਾਹ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਤੋਂ ਰੂਹਾਨੀ ਚਾਨਣ ਸਵੀਕਾਰ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਇਸ ਗੱਲ ਤੋਂ ਮਨ ਦੀ ਸ਼ਾਂਤੀ ਮਿਲ ਸਕਦੀ ਹੈ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਰਹੇ ਹਨ।—ਯੂਹੰਨਾ 8:32.

[ਫੁਟਨੋਟ]

^ ਪੈਰਾ 20 ਅਸਲੀ ਨਾਂ ਨਹੀਂ ਵਰਤੇ ਗਏ ਹਨ।

^ ਪੈਰਾ 21 ਸਤੰਬਰ 1, 1999 ਦੇ ਪਹਿਰਾਬੁਰਜ ਵਿਚ “ਕੀ ਸ਼ਤਾਨ ਸਾਨੂੰ ਬੀਮਾਰ ਕਰਦਾ ਹੈ?” ਨਾਂ ਦਾ ਲੇਖ ਦੇਖੋ।

[ਡੱਬੀ/ਸਫ਼ੇ 5 ਉੱਤੇ ਤਸਵੀਰ]

ਦੁਨੀਆਂ ਦੇ ਲੋਕਾਂ ਦੇ ਕੁਝ ਆਮ ਵਹਿਮ

• ਚੌਲਾਂ ਦੀ ਕੌਲੀ ਵਿਚ ਚੌਪ ਸਟਿੱਕ ਖੜ੍ਹੀ ਕਰਨੀ ਮੌਤ ਦੀ ਨਿਸ਼ਾਨੀ ਹੁੰਦੀ ਹੈ

• ਦਿਨੇ ਉੱਲੂ ਦਿੱਸਣਾ ਬਦਸ਼ਗਨੀ ਹੈ

• ਕਿਸੇ ਰਸਮ ਦੌਰਾਨ ਮੋਮਬੱਤੀ ਬੁੱਝਣ ਦਾ ਮਤਲਬ ਹੈ ਕਿ ਦੁਸ਼ਟ ਆਤਮਾਵਾਂ ਨੇੜੇ ਘੁੰਮ-ਫਿਰ ਰਹੀਆਂ ਹਨ

• ਜੇ ਤੁਹਾਡੇ ਹੱਥੋਂ ਛਤਰੀ ਡਿੱਗ ਪੈਂਦੀ ਹੈ, ਤਾਂ ਘਰ ਵਿਚ ਕਿਸੇ ਦਾ ਖ਼ੂਨ ਹੋਣ ਵਾਲਾ ਹੈ

• ਮੰਜੇ ਤੇ ਟੋਪੀ ਰੱਖਣੀ ਬਦਕਿਸਮਤੀ ਨੂੰ ਸੱਦਾ ਦੇਣ ਦੇ ਬਰਾਬਰ ਹੈ

• ਬੁਰੇ ਦੂਤ ਘੰਟੀ ਦੀ ਆਵਾਜ਼ ਸੁਣ ਕੇ ਭੱਜ ਜਾਂਦੇ ਹਨ

• ਜਨਮ-ਦਿਨ ਤੇ ਕੇਕ ਉੱਤੇ ਲਾਈਆਂ ਮੋਮਬੱਤੀਆਂ ਨੂੰ ਇੱਕੋ ਵਾਰ ਬੁਝਾਉਣ ਨਾਲ ਤੁਹਾਡੇ ਦਿਲ ਦੀ ਖ਼ਾਹਸ਼ ਪੂਰੀ ਹੁੰਦੀ ਹੈ

• ਜੇ ਝਾੜੂ ਮੰਜੇ ਦੇ ਨਾਲ ਪਿਆ ਹੋਵੇ, ਤਾਂ ਉਸ ਝਾੜੂ ਵਿਚ ਵੜੀਆਂ ਦੁਸ਼ਟ ਆਤਮਾਵਾਂ ਮੰਜੇ ਨੂੰ ਸਰਾਪ ਦੇ ਸਕਦੀਆਂ ਹਨ

• ਜੇ ਕਾਲੀ ਬਿੱਲੀ ਤੁਹਾਡਾ ਰਾਹ ਕੱਟ ਜਾਵੇ, ਤਾਂ ਇਹ ਬਦਸ਼ਗਨੀ ਹੈ

• ਜੇ ਭੋਜਨ ਖਾਣ ਵਾਲਾ ਕਾਂਟਾ ਡਿੱਗ ਪਵੇ, ਤਾਂ ਇਸ ਦਾ ਮਤਲਬ ਹੈ ਕਿ ਕੋਈ ਆਦਮੀ ਤੁਹਾਨੂੰ ਮਿਲਣ ਆ ਰਿਹਾ ਹੈ

• ਜੇ ਹਾਥੀਆਂ ਦੀ ਤਸਵੀਰ ਦਰਵਾਜ਼ੇ ਦੇ ਸਾਮ੍ਹਣੇ ਲੱਗੀ ਹੋਵੇ, ਤਾਂ ਇਹ ਚੰਗਾ ਸ਼ਗਨ ਹੈ

• ਦਰਵਾਜ਼ੇ ਉੱਪਰ ਘੋੜੇ ਦੀ ਖੁਰੀ ਲਾਉਣੀ ਚੰਗੀ ਕਿਸਮਤ ਲਿਆਉਂਦੀ ਹੈ

• ਘਰ ਵਿਚ ਇਸ਼ਕਪੇਚੇ ਦੀ ਵੇਲ ਬੁਰਾਈ ਤੋਂ ਰੱਖਿਆ ਕਰਦੀ ਹੈ

• ਪੌੜੀ ਦੇ ਥੱਲਿਓਂ ਦੀ ਲੰਘਣਾ ਬਦਸ਼ਗਨੀ ਹੈ

• ਸ਼ੀਸ਼ਾ ਤੋੜਨ ਦੀ ਸਜ਼ਾ ਸੱਤਾਂ ਸਾਲਾਂ ਦੀ ਬਦਨਸੀਬੀ

• ਕਾਲੀ ਮਿਰਚ ਡੁੱਲਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਜਿਗਰੀ ਦੋਸਤ ਨਾਲ ਝਗੜਾ ਕਰੋਗੇ

• ਲੂਣ ਦਾ ਡੁੱਲਣਾ ਬਦਕਿਸਮਤੀ ਹੈ ਜਦ ਤਕ ਤੁਸੀਂ ਚੁਟਕੀ ਭਰ ਲੂਣ ਆਪਣੇ ਖੱਬੇ ਮੋਢੇ ਉੱਤੋਂ ਦੀ ਪਿੱਛੇ ਨਹੀਂ ਸੁੱਟਦੇ

• ਜੇ ਤੁਸੀਂ ਆਰਾਮ ਕੁਰਸੀ ਨੂੰ ਹੂਲਾਰੇ ਲੈਂਦੀ ਖਾਲੀ ਰਹਿਣ ਦਿਓ, ਤਾਂ ਤੁਸੀਂ ਭੂਤਾਂ-ਪ੍ਰੇਤਾਂ ਨੂੰ ਉਸ ਵਿਚ ਬੈਠਣ ਦਾ ਸੱਦਾ ਦੇ ਰਹੇ ਹੋ

• ਪੁੱਠੀ ਜੁੱਤੀ ਬਦਸ਼ਗਨੀ ਦੀ ਨਿਸ਼ਾਨੀ ਹੁੰਦੀ ਹੈ

• ਜਦੋਂ ਕਿਸੇ ਦੀ ਮੌਤ ਹੁੰਦੀ ਹੈ, ਤਾਂ ਖਿੜਕੀ ਖੁੱਲ੍ਹੀ ਛੱਡਣੀ ਚਾਹੀਦੀ ਹੈ ਤਾਂਕਿ ਉਸ ਦੀ ਆਤਮਾ ਬਾਹਰ ਨਿਕਲ ਜਾਵੇ

[ਸਫ਼ੇ 6 ਉੱਤੇ ਡੱਬੀ]

ਵਹਿਮਾਂ ਦੇ ਪੰਜੇ ਤੋਂ ਛੁਟਕਾਰਾ

ਯਹੋਵਾਹ ਦੇ ਗਵਾਹ ਦੱਖਣੀ ਅਫ਼ਰੀਕਾ ਦੇ ਇਕ ਇਲਾਕੇ ਵਿਚ ਪ੍ਰਚਾਰ ਕਰ ਰਹੇ ਸਨ। ਇਕ ਘਰ ਵਿਚ ਗਵਾਹਾਂ ਨੂੰ ਇਕ ਤੀਵੀਂ ਮਿਲੀ ਜਿਸ ਦੇ ਕੱਪੜਿਆਂ ਤੋਂ ਪਤਾ ਲੱਗਦਾ ਸੀ ਕਿ ਉਹ ਜਾਦੂ-ਟੂਣੇ ਕਰਨ ਵਾਲੀ ਸੀ। ਉਹ ਉੱਥੋਂ ਜਾਣਾ ਚਾਹੁੰਦੇ ਸਨ ਪਰ ਤੀਵੀਂ ਨੇ ਜ਼ੋਰ ਪਾਇਆ ਕਿ ਉਹ ਆਪਣਾ ਸੰਦੇਸ਼ ਸੁਣਾ ਕੇ ਹੀ ਜਾਣ। ਇਕ ਗਵਾਹ ਨੇ ਇਹ ਦਿਖਾਉਣ ਲਈ ਕਿ ਪਰਮੇਸ਼ੁਰ ਜਾਦੂ-ਟੂਣੇ ਬਾਰੇ ਕੀ ਕਹਿੰਦਾ ਹੈ ਬਿਵਸਥਾ ਸਾਰ 18:10-12 ਦਾ ਹਵਾਲਾ ਪੜ੍ਹਿਆ। ਜਾਦੂ-ਟੂਣੇ ਕਰਨ ਵਾਲੀ ਨੇ ਉਨ੍ਹਾਂ ਦੀ ਗੱਲ ਸਵੀਕਾਰ ਕੀਤੀ ਅਤੇ ਬਾਈਬਲ ਸਟੱਡੀ ਕਰਨ ਲਈ ਰਾਜ਼ੀ ਹੋ ਗਈ। ਉਸ ਨੇ ਕਿਹਾ ਕਿ ਜੇ ਬਾਈਬਲ ਪੜ੍ਹਨ ਤੋਂ ਉਸ ਨੂੰ ਪੂਰਾ ਯਕੀਨ ਹੋ ਜਾਵੇ ਕਿ ਜਾਦੂ-ਟੂਣੇ ਕਰਨੇ ਯਹੋਵਾਹ ਦੀ ਮਰਜ਼ੀ ਦੇ ਖ਼ਿਲਾਫ਼ ਹਨ, ਤਾਂ ਉਹ ਜਾਦੂ-ਟੂਣੇ ਕਰਨੇ ਛੱਡ ਦੇਵੇਗੀ।

ਬਾਈਬਲ ਦੇ ਨਾਲ-ਨਾਲ ਤੁਸੀਂ ਸਦਾ ਦੇ ਲਈ ਧਰਤੀ ਉੱਤੇ ਪਰਾਦੀਸ ਵਿਚ ਜੀਉਂਦੇ ਰਹਿ ਸਕਦੇ ਹੋ ਪੁਸਤਕ ਦਾ 10ਵਾਂ ਅਧਿਆਇ ਪੜ੍ਹਨ ਤੋਂ ਬਾਅਦ, ਉਸ ਨੇ ਝਾੜਾ-ਫੂਕੀ ਨਾਲ ਸੰਬੰਧਿਤ ਹਰ ਚੀਜ਼ ਨੂੰ ਸਾੜ ਦਿੱਤਾ ਅਤੇ ਕਿੰਗਡਮ ਹਾਲ ਵਿਚ ਸਭਾਵਾਂ ਵਿਚ ਜਾਣ ਲੱਗ ਪਈ। ਇਸ ਤੋਂ ਇਲਾਵਾ, ਭਾਵੇਂ ਉਹ ਆਪਣੇ ਪਤੀ ਤੋਂ 17 ਸਾਲਾਂ ਲਈ ਜੁਦਾ ਸੀ, ਪਰ ਉਸ ਨੇ ਆਪਣੇ ਪਤੀ ਨਾਲ ਸੁਲ੍ਹਾ ਕਰ ਲਈ। ਹੁਣ ਦੋਨੋਂ ਪਤੀ-ਪਤਨੀ ਯਹੋਵਾਹ ਦੇ ਬਪਤਿਸਮਾ-ਪ੍ਰਾਪਤ ਗਵਾਹ ਹਨ।

[ਸਫ਼ੇ 6 ਉੱਤੇ ਤਸਵੀਰ]

ਜਾਦੂ-ਟੂਣੇ ਕਰਨ ਵਾਲੀ ਮਰੀਜ਼ ਦੀ ਸਮੱਸਿਆ ਦਾ ਕਾਰਨ ਲੱਭਣ ਲਈ ਹੱਡੀਆਂ ਸੁੱਟਦੀ ਹੈ

[ਸਫ਼ੇ 7 ਉੱਤੇ ਤਸਵੀਰ]

ਪਰਮੇਸ਼ੁਰ ਬਾਰੇ ਸਹੀ ਗਿਆਨ ਲੈਣ ਨਾਲ ਰੱਖਿਆ ਅਤੇ ਖ਼ੁਸ਼ੀ ਮਿਲਦੀ ਹੈ