Skip to content

Skip to table of contents

‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ ਹਨ

‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ ਹਨ

‘ਪਰਮੇਸ਼ੁਰ ਦੇ ਵੱਡੇ-ਵੱਡੇ ਕੰਮ’ ਜੋਸ਼ ਜਗਾਉਂਦੇ ਹਨ

“[ਅਸੀਂ] ਉਨ੍ਹਾਂ ਨੂੰ ਆਪਣੀ ਆਪਣੀ ਭਾਖਿਆ ਵਿੱਚ ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ ਦਾ ਵਖਾਣ ਕਰਦਿਆਂ ਸੁਣਦੇ ਹਾਂ!”—ਰਸੂਲਾਂ ਦੇ ਕਰਤੱਬ 2:11.

1, 2. ਪੰਤੇਕੁਸਤ 33 ਸਾ.ਯੁ. ਨੂੰ ਯਰੂਸ਼ਲਮ ਵਿਚ ਕਿਹੜੀ ਹੈਰਾਨੀਜਨਕ ਗੱਲ ਵਾਪਰੀ?

ਸਾਲ 33 ਸਾ.ਯੁ. ਦੀ ਇਕ ਸਵੇਰ ਨੂੰ ਯਰੂਸ਼ਲਮ ਦੇ ਇਕ ਘਰ ਵਿਚ ਇਕੱਠੇ ਹੋਏ ਯਿਸੂ ਦੇ ਚੇਲਿਆਂ ਨਾਲ ਇਕ ਹੈਰਾਨੀਜਨਕ ਗੱਲ ਵਾਪਰੀ। “ਅਚਾਨਕ ਅਕਾਸ਼ ਤੋਂ ਇੱਕ ਗੂੰਜ ਆਈ ਜਿਹੀ ਵੱਡੀ ਭਾਰੀ ਅਨ੍ਹੇਰੀ ਦੇ ਵਗਣ ਦੀ ਹੁੰਦੀ ਹੈ ਅਤੇ ਉਸ ਨਾਲ ਸਾਰਾ ਘਰ ਜਿੱਥੇ ਓਹ ਬੈਠੇ ਸਨ ਭਰ ਗਿਆ। ਅਰ ਉਨ੍ਹਾਂ ਨੂੰ ਅੱਗ ਜਹੀਆਂ ਜੀਭਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ . . . ਤਦ ਓਹ ਸੱਭੇ ਪਵਿੱਤ੍ਰ ਆਤਮਾ ਨਾਲ ਭਰ ਗਏ ਅਤੇ ਹੋਰ ਬੋਲੀਆਂ ਬੋਲਣ ਲੱਗ ਪਏ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦਿੱਤਾ।”—ਰਸੂਲਾਂ ਦੇ ਕਰਤੱਬ 2:2-4, 15.

2 ਘਰ ਅੱਗੇ ਇਕ ਵੱਡੀ ਭੀੜ ਇਕੱਠੀ ਹੋ ਗਈ। ਉਨ੍ਹਾਂ ਵਿਚ ਦੂਜੇ ਦੇਸ਼ਾਂ ਦੇ ਜੰਮਪਲ ਯਹੂਦੀ “ਭਗਤ” ਵੀ ਸਨ, ਜੋ ਯਰੂਸ਼ਲਮ ਵਿਚ ਪੰਤੇਕੁਸਤ ਦਾ ਤਿਉਹਾਰ ਮਨਾਉਣ ਆਏ ਸਨ। ਉਹ ਹੱਕੇ-ਬੱਕੇ ਰਹਿ ਗਏ ਜਦੋਂ ਉਨ੍ਹਾਂ ਨੇ ਆਪਣੀ-ਆਪਣੀ ਬੋਲੀ ਵਿਚ ਚੇਲਿਆਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਬੋਲਦੇ ਸੁਣਿਆ। ਪਰ ਇਹ ਸਾਰੇ ਗਲੀਲੀ ਚੇਲੇ ਵੱਖੋ-ਵੱਖਰੀਆਂ ਭਾਸ਼ਾਵਾਂ ਕਿਵੇਂ ਬੋਲ ਸਕਦੇ ਸਨ?—ਰਸੂਲਾਂ ਦੇ ਕਰਤੱਬ 2:5-8, 11.

3. ਪੰਤੇਕੁਸਤ ਨੂੰ ਪਤਰਸ ਰਸੂਲ ਨੇ ਲੋਕਾਂ ਨੂੰ ਕਿਹੜਾ ਸੰਦੇਸ਼ ਦਿੱਤਾ?

3 ਉਨ੍ਹਾਂ ਗਲੀਲੀਆਂ ਵਿੱਚੋਂ ਇਕ ਸੀ ਪਤਰਸ ਰਸੂਲ। ਉਸ ਨੇ ਦੱਸਿਆ ਕਿ ਕੁਝ ਹਫ਼ਤੇ ਪਹਿਲਾਂ ਅਧਰਮੀ ਲੋਕਾਂ ਨੇ ਯਿਸੂ ਮਸੀਹ ਨੂੰ ਮਾਰ ਦਿੱਤਾ ਸੀ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਮੁਰਦਿਆਂ ਵਿੱਚੋਂ ਜੀ ਉਠਾਇਆ। ਉਸ ਤੋਂ ਬਾਅਦ, ਯਿਸੂ ਆਪਣੇ ਕਈ ਚੇਲਿਆਂ ਨੂੰ ਦਿਖਾਈ ਦਿੱਤਾ ਜਿਨ੍ਹਾਂ ਵਿਚ ਪਤਰਸ ਤੇ ਉੱਥੇ ਮੌਜੂਦ ਹੋਰ ਚੇਲੇ ਵੀ ਸ਼ਾਮਲ ਸਨ। ਸਿਰਫ਼ ਦਸ ਦਿਨ ਪਹਿਲਾਂ ਹੀ ਯਿਸੂ ਸਵਰਗ ਨੂੰ ਚੜ੍ਹਿਆ ਸੀ। ਇਹ ਯਿਸੂ ਹੀ ਸੀ ਜਿਸ ਨੇ ਆਪਣੇ ਚੇਲਿਆਂ ਉੱਤੇ ਪਵਿੱਤਰ ਆਤਮਾ ਪਾਈ ਸੀ। ਕੀ ਇਹ ਗੱਲ ਪੰਤੇਕੁਸਤ ਦਾ ਤਿਉਹਾਰ ਮਨਾਉਣ ਆਏ ਲੋਕਾਂ ਲਈ ਕੋਈ ਅਹਿਮੀਅਤ ਰੱਖਦੀ ਸੀ? ਹਾਂ, ਜ਼ਰੂਰ ਰੱਖਦੀ ਸੀ। ਯਿਸੂ ਦੀ ਮੌਤ ਨੇ ਉਨ੍ਹਾਂ ਲਈ ਰਾਹ ਖੋਲ੍ਹਿਆ ਤਾਂਕਿ ਉਹ ਉਸ ਵਿਚ ਨਿਹਚਾ ਕਰ ਕੇ ਆਪਣੇ ਪਾਪਾਂ ਦੀ ਮਾਫ਼ੀ ਹਾਸਲ ਕਰ ਸਕਣ ਅਤੇ “ਪਵਿੱਤ੍ਰ ਆਤਮਾ ਦਾ ਦਾਨ” ਪਾ ਸਕਣ। (ਰਸੂਲਾਂ ਦੇ ਕਰਤੱਬ 2:22-24, 32, 33, 38) ਤਾਂ ਫਿਰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਸੁਣਨ ਵਾਲਿਆਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ? ਇਹ ਬਿਰਤਾਂਤ ਯਹੋਵਾਹ ਪ੍ਰਤੀ ਸਾਡੀ ਭਗਤੀ ਦੀ ਜਾਂਚ ਕਰਨ ਵਿਚ ਕਿਵੇਂ ਮਦਦ ਕਰ ਸਕਦਾ ਹੈ?

ਕੁਝ ਕਰਨ ਲਈ ਪ੍ਰੇਰਿਤ ਹੋਏ!

4. ਪੰਤੇਕੁਸਤ 33 ਸਾ.ਯੁ. ਦੇ ਦਿਨ ਨੂੰ ਯੋਏਲ ਦੀ ਕਿਹੜੀ ਭਵਿੱਖਬਾਣੀ ਪੂਰੀ ਹੋਈ?

4 ਪਵਿੱਤਰ ਆਤਮਾ ਪਾ ਕੇ ਚੇਲੇ ਇਕਦਮ ਆਪਣੀ ਸੇਵਾ ਵਿਚ ਰੁੱਝ ਗਏ। ਉਨ੍ਹਾਂ ਨੇ ਉਸੇ ਸਵੇਰ ਨੂੰ ਇਕੱਠੀ ਹੋਈ ਭੀੜ ਤੋਂ ਸ਼ੁਰੂ ਕਰ ਕੇ ਹੋਰਨਾਂ ਨਾਲ ਮੁਕਤੀ ਦੀ ਖ਼ੁਸ਼ ਖ਼ਬਰੀ ਸਾਂਝੀ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਪ੍ਰਚਾਰ ਨੇ ਅੱਠ ਸਦੀਆਂ ਪਹਿਲਾਂ ਪਥੂਏਲ ਦੇ ਪੁੱਤਰ ਯੋਏਲ ਰਾਹੀਂ ਦਰਜ ਕੀਤੀ ਸ਼ਾਨਦਾਰ ਭਵਿੱਖਬਾਣੀ ਪੂਰੀ ਕੀਤੀ: “ਮੈਂ ਆਪਣਾ ਆਤਮਾ ਸਾਰੇ ਸਰੀਰਾਂ ਉੱਤੇ ਵਹਾਵਾਂਗਾ, ਅਤੇ ਤੁਹਾਡੇ ਪੁੱਤ੍ਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ਤੁਹਾਡੇ ਬੁੱਢੇ ਸੁਫ਼ਨੇ ਵੇਖਣਗੇ, ਤੁਹਾਡੇ ਜੁਆਨ ਦਰਸ਼ਣ ਵੇਖਣਗੇ। ਨਾਲੇ ਮੈਂ ਦਾਸਾਂ ਅਰ ਦਾਸੀਆਂ ਉੱਤੇ, ਉਨ੍ਹੀਂ ਦਿਨੀਂ ਆਪਣਾ ਆਤਮਾ ਵਹਾਵਾਂਗਾ। . . . ਯਹੋਵਾਹ ਦੇ ਵੱਡੇ ਤੇ ਹੌਲਨਾਕ ਦਿਨ ਦੇ ਆਉਣ ਤੋਂ ਪਹਿਲਾਂ!”—ਯੋਏਲ 1:1; 2:28, 29, 31; ਰਸੂਲਾਂ ਦੇ ਕਰਤੱਬ 2:17, 18, 20.

5. ਪਹਿਲੀ ਸਦੀ ਦੇ ਮਸੀਹੀਆਂ ਨੇ ਕਿਸ ਅਰਥ ਵਿਚ ਭਵਿੱਖਬਾਣੀ ਕੀਤੀ ਸੀ? (ਫੁਟਨੋਟ ਦੇਖੋ।)

5 ਕੀ ਇਸ ਦਾ ਮਤਲਬ ਇਹ ਸੀ ਕਿ ਯਹੋਵਾਹ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਣ ਲਈ ਦਾਊਦ, ਯੋਏਲ ਤੇ ਦਬੋਰਾਹ ਵਰਗੇ ਨਬੀਆਂ ਤੇ ਨਬੀਆਵਾਂ ਦੀ ਨਵੀਂ ਪੀੜ੍ਹੀ ਨੂੰ ਜਨਮ ਦੇਣ ਵਾਲਾ ਸੀ? ਨਹੀਂ। ਮਸੀਹੀ ‘ਪੁੱਤ੍ਰ ਅਰ ਧੀਆਂ ਨਾਲੇ ਦਾਸ ਅਰ ਦਾਸੀਆਂ’ ਇਸ ਅਰਥ ਵਿਚ ਭਵਿੱਖਬਾਣੀ ਕਰਨਗੇ ਕਿ ਉਹ ਯਹੋਵਾਹ ਦੀ ਪਵਿੱਤਰ ਆਤਮਾ ਤੋਂ ਪ੍ਰੇਰਿਤ ਹੋ ਕੇ ਉਸ ਦੇ “ਵੱਡੇ ਵੱਡੇ ਕੰਮਾਂ” ਦਾ ਐਲਾਨ ਕਰਨਗੇ ਜੋ ਯਹੋਵਾਹ ਨੇ ਕੀਤੇ ਹਨ ਤੇ ਜੋ ਉਹ ਭਵਿੱਖ ਵਿਚ ਕਰੇਗਾ। ਇਸ ਤਰ੍ਹਾਂ ਉਹ ਅੱਤ ਮਹਾਨ ਦੇ ਗਵਾਹਾਂ ਵਜੋਂ ਸੇਵਾ ਕਰਨਗੇ। * ਪਰ ਭੀੜ ਨੇ ਕਿਹੋ ਜਿਹਾ ਰਵੱਈਆ ਦਿਖਾਇਆ?—ਇਬਰਾਨੀਆਂ 1:1, 2.

6. ਪਤਰਸ ਦਾ ਭਾਸ਼ਣ ਸੁਣਨ ਤੋਂ ਬਾਅਦ, ਬਹੁਤ ਸਾਰੇ ਲੋਕ ਕੀ ਕਰਨ ਲਈ ਪ੍ਰੇਰਿਤ ਹੋਏ ਸਨ?

6 ਪਤਰਸ ਦੀ ਗੱਲਬਾਤ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਸਹੀ ਕਦਮ ਚੁੱਕਿਆ। ਉਨ੍ਹਾਂ ਨੇ ‘ਉਹ ਦੀ ਗੱਲ ਮੰਨ ਲਈ ਤੇ ਬਪਤਿਸਮਾ ਲਿਆ ਅਤੇ ਉਸੇ ਦਿਨ ਤਿੰਨਕੁ ਹਜ਼ਾਰ ਜਣੇ ਉਨ੍ਹਾਂ ਵਿੱਚ ਰਲ ਗਏ।’ (ਰਸੂਲਾਂ ਦੇ ਕਰਤੱਬ 2:41) ਯਹੂਦੀਆਂ ਤੇ ਯਹੂਦੀ ਧਰਮ ਅਪਣਾਉਣ ਵਾਲਿਆਂ ਨੂੰ ਪਹਿਲਾਂ ਹੀ ਪਵਿੱਤਰ ਲਿਖਤਾਂ ਦਾ ਬੁਨਿਆਦੀ ਗਿਆਨ ਸੀ। ਉਸ ਗਿਆਨ ਨਾਲ ਅਤੇ ਪਤਰਸ ਦੀਆਂ ਗੱਲਾਂ ਵਿਚ ਨਿਹਚਾ ਕਰਨ ਨਾਲ ਉਨ੍ਹਾਂ ਨੇ “ਪਿਤਾ ਅਤੇ ਪੁੱਤ੍ਰ ਅਤੇ ਪਵਿੱਤ੍ਰ ਆਤਮਾ ਦੇ ਨਾਮ ਵਿੱਚ ਬਪਤਿਸਮਾ” ਲਿਆ। (ਮੱਤੀ 28:19) ਬਪਤਿਸਮਾ ਲੈਣ ਤੋਂ ਬਾਅਦ, “ਓਹ ਲਗਾਤਾਰ ਰਸੂਲਾਂ ਦੀ ਸਿੱਖਿਆ” ਵਿਚ ਲੱਗੇ ਰਹੇ। ਉਸੇ ਵੇਲੇ ਉਹ ਇਨ੍ਹਾਂ ਨਵੀਆਂ ਸਿੱਖੀਆਂ ਗੱਲਾਂ ਨੂੰ ਦੂਜਿਆਂ ਨਾਲ ਸਾਂਝੀਆਂ ਕਰਨ ਲੱਗ ਪਏ। ਦਰਅਸਲ ਉਹ “ਦਿਨੋ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਲਗਾਤਾਰ ਰਹਿੰਦੇ ਅਤੇ . . . ਪਰਮੇਸ਼ੁਰ ਦੀ ਉਸਤਤ ਕਰਦੇ ਸਨ ਅਰ ਸਾਰਿਆਂ ਲੋਕਾਂ ਨੂੰ ਪਿਆਰੇ ਸਨ।” ਪ੍ਰਚਾਰ ਦੇ ਇਸ ਕੰਮ ਦੇ ਨਤੀਜੇ ਵਜੋਂ, “ਪ੍ਰਭੁ ਦਿਨੋ ਦਿਨ ਓਹਨਾਂ ਨੂੰ ਜਿਹੜੇ ਬਚਾਏ ਜਾਂਦੇ ਸਨ ਉਨ੍ਹਾਂ ਵਿੱਚ ਰਲਾਉਂਦਾ ਸੀ।” (ਰਸੂਲਾਂ ਦੇ ਕਰਤੱਬ 2:42, 46, 47) ਜਿੱਥੇ-ਜਿੱਥੇ ਇਹ ਨਵੇਂ ਵਿਸ਼ਵਾਸੀ ਰਹਿੰਦੇ ਸਨ, ਉਨ੍ਹਾਂ ਥਾਵਾਂ ਤੇ ਮਸੀਹੀ ਕਲੀਸਿਯਾਵਾਂ ਸਥਾਪਿਤ ਕੀਤੀਆਂ ਗਈਆਂ। ਬਿਨਾਂ ਸ਼ੱਕ ਇਹ ਵਾਧਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਘਰ ਵਾਪਸ ਜਾ ਕੇ ਜੋਸ਼ ਨਾਲ “ਪਰਚਾਰ” ਕੀਤਾ ਸੀ।—ਕੁਲੁੱਸੀਆਂ 1:23.

ਪਰਮੇਸ਼ੁਰ ਦਾ ਬਚਨ ਗੁਣਕਾਰ ਹੈ

7. (ੳ) ਅੱਜ ਕਿਹੜੀ ਗੱਲ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਦੇ ਸੰਗਠਨ ਵੱਲ ਖਿੱਚਦੀ ਹੈ? (ਅ) ਤੁਹਾਨੂੰ ਦੁਨੀਆਂ ਭਰ ਵਿਚ ਅਤੇ ਆਪਣੇ ਇਲਾਕੇ ਵਿਚ ਵਾਧੇ ਦੀ ਹੋਰ ਕਿਹੜੀ ਸੰਭਾਵਨਾ ਨਜ਼ਰ ਆਉਂਦੀ ਹੈ? (ਫੁਟਨੋਟ ਦੇਖੋ।)

7 ਅੱਜ ਉਨ੍ਹਾਂ ਲੋਕਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਹੜੇ ਪਰਮੇਸ਼ੁਰ ਦੇ ਸੇਵਕ ਬਣਨਾ ਚਾਹੁੰਦੇ ਹਨ? ਉਨ੍ਹਾਂ ਨੂੰ ਵੀ ਪਰਮੇਸ਼ੁਰ ਦੇ ਬਚਨ ਦਾ ਧਿਆਨ ਨਾਲ ਅਧਿਐਨ ਕਰਨ ਦੀ ਲੋੜ ਹੈ। ਅਧਿਐਨ ਕਰਨ ਨਾਲ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਯਹੋਵਾਹ “ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ ਕਰੋਧ ਵਿੱਚ ਧੀਰਜੀ ਅਰ ਭਲਿਆਈ ਅਤੇ ਸਚਿਆਈ ਨਾਲ ਭਰਪੂਰ ਹੈ।” (ਕੂਚ 34:6; ਰਸੂਲਾਂ ਦੇ ਕਰਤੱਬ 13:48) ਉਹ ਯਿਸੂ ਮਸੀਹ ਰਾਹੀਂ ਕੀਤੇ ਰਿਹਾਈ-ਕੀਮਤ ਦੇ ਯਹੋਵਾਹ ਦੇ ਦਿਆਲੂ ਪ੍ਰਬੰਧ ਬਾਰੇ ਸਿੱਖਦੇ ਹਨ ਜਿਸ ਦਾ ਵਹਾਇਆ ਲਹੂ ਉਨ੍ਹਾਂ ਨੂੰ ਪਾਪਾਂ ਤੋਂ ਸ਼ੁੱਧ ਕਰ ਸਕਦਾ ਹੈ। (1 ਯੂਹੰਨਾ 1:7) ਉਨ੍ਹਾਂ ਨੂੰ ਇਹ ਜਾਣ ਕੇ ਵੀ ਖ਼ੁਸ਼ੀ ਹੁੰਦੀ ਹੈ ਕਿ ਪਰਮੇਸ਼ੁਰ ‘ਧਰਮੀ ਤੇ ਕੁਧਰਮੀ ਦੋਹਾਂ ਨੂੰ ਜੀ ਉਠਾਉਣ’ ਦਾ ਮਕਸਦ ਰੱਖਦਾ ਹੈ। (ਰਸੂਲਾਂ ਦੇ ਕਰਤੱਬ 24:15) ਇਨ੍ਹਾਂ “ਵੱਡੇ ਵੱਡੇ ਕੰਮਾਂ” ਦੇ ਸੋਮੇ ਲਈ ਉਨ੍ਹਾਂ ਦਾ ਪਿਆਰ ਉਨ੍ਹਾਂ ਨੂੰ ਇਹ ਬਹੁਮੁੱਲੀਆਂ ਸੱਚਾਈਆਂ ਦੱਸਣ ਲਈ ਪ੍ਰੇਰਿਤ ਕਰਦਾ ਹੈ। ਫਿਰ ਉਹ ਪਰਮੇਸ਼ੁਰ ਦੇ ਸਮਰਪਿਤ ਤੇ ਬਪਤਿਸਮਾ-ਪ੍ਰਾਪਤ ਸੇਵਕ ਬਣਦੇ ਹਨ ਤੇ “ਪਰਮੇਸ਼ੁਰ ਦੀ ਪਛਾਣ ਵਿੱਚ ਵੱਧਦੇ” ਜਾਂਦੇ ਹਨ। *ਕੁਲੁੱਸੀਆਂ 1:10ਅ; 2 ਕੁਰਿੰਥੀਆਂ 5:14.

8-10. (ੳ) ਮਾਰਥਾ ਦਾ ਤਜਰਬਾ ਕਿਵੇਂ ਦਿਖਾਉਂਦਾ ਹੈ ਕਿ ਪਰਮੇਸ਼ੁਰ ਦਾ ਬਚਨ “ਗੁਣਕਾਰ” ਹੈ? (ਅ) ਇਸ ਤਜਰਬੇ ਨੇ ਤੁਹਾਨੂੰ ਯਹੋਵਾਹ ਅਤੇ ਉਸ ਦੇ ਸੇਵਕਾਂ ਨਾਲ ਉਸ ਦੇ ਵਤੀਰੇ ਬਾਰੇ ਕੀ ਸਿਖਾਇਆ ਹੈ? (ਕੂਚ 4:12)

8 ਪਰਮੇਸ਼ੁਰ ਦੇ ਸੇਵਕ ਦਿਖਾਵੇ ਲਈ ਨਹੀਂ ਬਾਈਬਲ ਦਾ ਅਧਿਐਨ ਕਰਦੇ। ਉਹ ਲਏ ਗਏ ਗਿਆਨ ਨੂੰ ਆਪਣੇ ਦਿਲਾਂ ਤਕ ਪਹੁੰਚਣ ਦਿੰਦੇ ਹਨ ਜੋ ਉਨ੍ਹਾਂ ਦੀ ਸੋਚਣੀ ਨੂੰ ਬਦਲਦਾ ਤੇ ਉਨ੍ਹਾਂ ਦੀ ਜ਼ਿੰਦਗੀ ਤੇ ਅਸਰ ਕਰਦਾ ਹੈ। (ਇਬਰਾਨੀਆਂ 4:12) ਉਦਾਹਰਣ ਲਈ, ਕਮੀਲ ਨਾਂ ਦੀ ਔਰਤ ਬਿਰਧ ਲੋਕਾਂ ਦੀ ਦੇਖ-ਭਾਲ ਕਰਨ ਦੀ ਨੌਕਰੀ ਕਰਦੀ ਸੀ। ਉਨ੍ਹਾਂ ਵਿੱਚੋਂ ਇਕ ਦਾ ਨਾਂ ਸੀ ਮਾਰਥਾ, ਜੋ ਯਹੋਵਾਹ ਦੀ ਇਕ ਗਵਾਹ ਸੀ। ਮਾਰਥਾ ਨੂੰ ਕੋਈ ਗੰਭੀਰ ਦਿਮਾਗ਼ੀ ਬੀਮਾਰੀ ਸੀ ਜਿਸ ਕਰਕੇ ਉਸ ਉੱਤੇ ਲਗਾਤਾਰ ਨਿਗਰਾਨੀ ਰੱਖਣ ਦੀ ਲੋੜ ਸੀ। ਉਸ ਨੂੰ ਖਾਣਾ ਖਾਣ ਦਾ ਚੇਤਾ ਕਰਾਉਣਾ ਪੈਂਦਾ ਸੀ, ਇੱਥੋਂ ਤਕ ਕਿ ਖਾਣੇ ਨੂੰ ਅੰਦਰ ਲੰਘਾਉਣ ਲਈ ਵੀ ਉਸ ਨੂੰ ਕਹਿਣਾ ਪੈਂਦਾ ਸੀ। ਪਰ ਮਾਰਥਾ ਇਕ ਗੱਲ ਨੂੰ ਨਹੀਂ ਭੁੱਲੀ ਸੀ ਜਿਵੇਂ ਅਸੀਂ ਅੱਗੇ ਦੇਖਾਂਗੇ।

9 ਇਕ ਦਿਨ ਮਾਰਥਾ ਨੇ ਕਮੀਲ ਨੂੰ ਰੋਂਦੀ ਦੇਖਿਆ। ਉਹ ਕੁਝ ਨਿੱਜੀ ਸਮੱਸਿਆਵਾਂ ਤੋਂ ਦੁਖੀ ਸੀ। ਮਾਰਥਾ ਨੇ ਉਸ ਨੂੰ ਆਪਣੀਆਂ ਬਾਹਾਂ ਵਿਚ ਲੈ ਲਿਆ ਅਤੇ ਉਸ ਨੂੰ ਬਾਈਬਲ ਅਧਿਐਨ ਕਰਨ ਲਈ ਕਿਹਾ। ਪਰ ਕੀ ਮਾਰਥਾ ਇਸ ਹਾਲਤ ਵਿਚ ਕਮੀਲ ਨੂੰ ਬਾਈਬਲ ਅਧਿਐਨ ਕਰਵਾ ਸਕਦੀ ਸੀ? ਜੀ ਹਾਂ, ਕਰਵਾ ਸਕਦੀ ਸੀ। ਭਾਵੇਂ ਕਿ ਮਾਰਥਾ ਆਪਣੀ ਕਾਫ਼ੀ ਯਾਦਾਸ਼ਤ ਗੁਆ ਚੁੱਕੀ ਸੀ, ਪਰ ਉਹ ਆਪਣੇ ਮਹਾਨ ਪਰਮੇਸ਼ੁਰ ਨੂੰ ਨਹੀਂ ਭੁੱਲੀ ਤੇ ਨਾ ਹੀ ਉਹ ਬਾਈਬਲ ਤੋਂ ਸਿੱਖੀਆਂ ਬਹੁਮੁੱਲੀਆਂ ਸੱਚਾਈਆਂ ਭੁੱਲੀ ਸੀ। ਸਟੱਡੀ ਦੌਰਾਨ, ਮਾਰਥਾ ਨੇ ਕਮੀਲ ਨੂੰ ਕਿਹਾ ਕਿ ਉਹ ਹਰ ਪੈਰੇ ਨੂੰ ਪੜ੍ਹੇ, ਫਿਰ ਦਿੱਤੇ ਗਏ ਹਵਾਲਿਆਂ ਨੂੰ ਦੇਖੇ, ਫਿਰ ਸਫ਼ੇ ਉੱਤੇ ਦਿੱਤੇ ਸਵਾਲਾਂ ਨੂੰ ਪੜ੍ਹ ਕੇ ਜਵਾਬ ਦੇਵੇ। ਕੁਝ ਸਮੇਂ ਤਕ ਇੱਦਾਂ ਹੀ ਚੱਲਦਾ ਰਿਹਾ। ਮਾਰਥਾ ਦੀਆਂ ਕਮਜ਼ੋਰੀਆਂ ਦੇ ਬਾਵਜੂਦ ਕਮੀਲ ਬਾਈਬਲ ਦੇ ਗਿਆਨ ਵਿਚ ਵਧਦੀ ਗਈ। ਮਾਰਥਾ ਨੇ ਦੇਖਿਆ ਕਿ ਕਮੀਲ ਨੂੰ ਪਰਮੇਸ਼ੁਰ ਦੇ ਦੂਸਰਿਆਂ ਸੇਵਕਾਂ ਦੇ ਨਾਲ ਸੰਗਤੀ ਕਰਨ ਦੀ ਲੋੜ ਸੀ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਨੇ ਕਮੀਲ ਨੂੰ ਢੁਕਵੇਂ ਕੱਪੜੇ ਤੇ ਜੁੱਤੀਆਂ ਦਾ ਜੋੜਾ ਦਿੱਤਾ ਤਾਂਕਿ ਉਹ ਇਨ੍ਹਾਂ ਨੂੰ ਪਾ ਕੇ ਕਿੰਗਡਮ ਹਾਲ ਵਿਚ ਆਪਣੀ ਪਹਿਲੀ ਸਭਾ ਵਿਚ ਜਾ ਸਕੇ।

10 ਕਮੀਲ ਮਾਰਥਾ ਦੇ ਪਿਆਰ ਤੇ ਦਿਲਚਸਪੀ, ਉਸ ਦੀ ਮਿਸਾਲ ਤੇ ਉਸ ਦੇ ਵਿਸ਼ਵਾਸ ਤੋਂ ਬੜੀ ਪ੍ਰਭਾਵਿਤ ਹੋਈ। ਕਮੀਲ ਨੇ ਦੱਸਿਆ ਕਿ ਮਾਰਥਾ ਉਸ ਨੂੰ ਬਾਈਬਲ ਤੋਂ ਜਿਹੜੀ ਵੀ ਗੱਲ ਸਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਉਹ ਬੜੀ ਅਹਿਮੀਅਤ ਰੱਖਦੀ ਸੀ। ਮਾਰਥਾ ਤਕਰੀਬਨ ਹਰ ਗੱਲ ਨੂੰ ਭੁੱਲ ਚੁੱਕੀ ਸੀ, ਪਰ ਉਹ ਬਾਈਬਲ ਤੋਂ ਸਿੱਖੀਆਂ ਗੱਲਾਂ ਨਹੀਂ ਭੁੱਲੀ। ਬਾਅਦ ਵਿਚ ਜਦੋਂ ਕਮੀਲ ਦੀ ਬਦਲੀ ਕਿਸੇ ਹੋਰ ਥਾਂ ਹੋ ਗਈ, ਤਾਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਵੇਲੇ ਉਸ ਨੂੰ ਕੁਝ ਕਰਨ ਦੀ ਲੋੜ ਹੈ। ਮੌਕਾ ਮਿਲਦੇ ਹੀ, ਉਹ ਮਾਰਥਾ ਦੇ ਦਿੱਤੇ ਕੱਪੜੇ ਅਤੇ ਜੁੱਤੀ ਪਾ ਕੇ ਪਹਿਲੀ ਵਾਰੀ ਕਿੰਗਡਮ ਹਾਲ ਗਈ ਤੇ ਬਾਈਬਲ ਸਟੱਡੀ ਕਰਨ ਲਈ ਪੁੱਛਿਆ। ਕਮੀਲ ਨੇ ਚੰਗੀ ਤਰੱਕੀ ਕੀਤੀ ਤੇ ਬਪਤਿਸਮਾ ਲੈ ਲਿਆ।

ਯਹੋਵਾਹ ਦੇ ਮਿਆਰਾਂ ਉੱਤੇ ਚੱਲਣ ਲਈ ਜੋਸ਼ੀਲੇ

11. ਪ੍ਰਚਾਰ ਦੇ ਕੰਮ ਵਿਚ ਜੋਸ਼ੀਲੇ ਹੋਣ ਤੋਂ ਇਲਾਵਾ, ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਰਾਜ ਸੰਦੇਸ਼ ਨੇ ਸਾਡੇ ਤੇ ਪ੍ਰਭਾਵ ਪਾਇਆ ਹੈ?

11 ਮਾਰਥਾ ਅਤੇ ਕਮੀਲ ਵਾਂਗ, ਅੱਜ ਤਕਰੀਬਨ 60 ਲੱਖ ਨਾਲੋਂ ਜ਼ਿਆਦਾ ਗਵਾਹ ਦੁਨੀਆਂ ਭਰ ਵਿਚ ‘ਰਾਜ ਦੀ ਖ਼ੁਸ਼ ਖ਼ਬਰੀ’ ਦਾ ਪ੍ਰਚਾਰ ਕਰ ਰਹੇ ਹਨ। (ਮੱਤੀ 24:14; 28:19, 20) ਪਹਿਲੀ ਸਦੀ ਦੇ ਮਸੀਹੀਆਂ ਵਾਂਗ ਉਹ ਵੀ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਤੋਂ ਬੜੇ ਪ੍ਰਭਾਵਿਤ ਹੋਏ ਹਨ। ਉਹ ਇਸ ਗੱਲ ਦੀ ਕਦਰ ਕਰਦੇ ਹਨ ਕਿ ਉਨ੍ਹਾਂ ਨੂੰ ਯਹੋਵਾਹ ਦੇ ਨਾਂ ਬਾਰੇ ਦੱਸਣ ਦਾ ਸਨਮਾਨ ਮਿਲਿਆ ਹੋਇਆ ਹੈ ਅਤੇ ਕਿ ਉਸ ਨੇ ਉਨ੍ਹਾਂ ਨੂੰ ਆਪਣੀ ਪਵਿੱਤਰ ਆਤਮਾ ਦਿੱਤੀ ਹੈ। ਨਤੀਜੇ ਵਜੋਂ, ਉਹ “ਅਜਿਹੀ ਜੋਗ ਚਾਲ” ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਨ “ਜਿਹੜੀ ਪ੍ਰਭੁ ਨੂੰ ਹਰ ਤਰਾਂ ਨਾਲ ਭਾਵੇ” ਅਤੇ ਉਹ ਉਸ ਦੇ ਮਿਆਰਾਂ ਨੂੰ ਆਪਣੀਆਂ ਜ਼ਿੰਦਗੀਆਂ ਦੇ ਹਰ ਪਹਿਲੂ ਵਿਚ ਲਾਗੂ ਕਰਦੇ ਹਨ। ਪਰਮੇਸ਼ੁਰ ਦੇ ਮਿਆਰਾਂ ਉੱਤੇ ਚੱਲਣ ਦੇ ਨਾਲ-ਨਾਲ ਸਾਨੂੰ ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਵੱਲ ਵੀ ਧਿਆਨ ਦੇਣ ਦੀ ਲੋੜ ਹੈ।—ਕੁਲੁੱਸੀਆਂ 1:10ੳ; ਤੀਤੁਸ 2:10.

12. ਕੱਪੜਿਆਂ ਅਤੇ ਹਾਰ-ਸ਼ਿੰਗਾਰ ਸੰਬੰਧੀ 1 ਤਿਮੋਥਿਉਸ 2:9, 10 ਵਿਚ ਸਾਨੂੰ ਕਿਹੜੀ ਖ਼ਾਸ ਸਲਾਹ ਦਿੱਤੀ ਗਈ ਹੈ?

12 ਜੀ ਹਾਂ, ਯਹੋਵਾਹ ਨੇ ਸਾਡੇ ਪਹਿਰਾਵੇ ਸੰਬੰਧੀ ਵੀ ਮਿਆਰ ਨਿਸ਼ਚਿਤ ਕੀਤੇ ਹਨ। ਇਸ ਸੰਬੰਧੀ ਪੌਲੁਸ ਰਸੂਲ ਨੇ ਪਰਮੇਸ਼ੁਰ ਦੀਆਂ ਕੁਝ ਮੰਗਾਂ ਬਾਰੇ ਦੱਸਿਆ। ਮੈਂ “ਚਾਹੁੰਦਾ ਹਾਂ ਭਈ ਇਸਤ੍ਰੀਆਂ ਲਾਜ ਅਤੇ ਸੰਜਮ ਸਹਿਤ ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨ, ਨਾ ਗੁੰਦਿਆਂ ਹੋਇਆਂ ਵਾਲਾਂ ਅਤੇ ਸੋਨੇ ਯਾ ਮੋਤੀਆਂ ਯਾ ਭਾਰੇ ਮੁੱਲ ਦੇ ਬਸਤ੍ਰਾਂ ਨਾਲ, ਸਗੋਂ ਸ਼ੁਭ ਕਰਮਾਂ ਦੇ ਵਸੀਲੇ ਨਾਲ ਕਿਉਂ ਜੋ ਇਹ ਉਨ੍ਹਾਂ ਇਸਤ੍ਰੀਆਂ ਨੂੰ ਫਬਦਾ ਹੈ ਜਿਹੜੀਆਂ ਪਰਮੇਸ਼ੁਰ ਦੀ ਭਗਤੀ ਨੂੰ ਮੰਨਦੀਆਂ ਹਨ।” * ਇਨ੍ਹਾਂ ਸ਼ਬਦਾਂ ਤੋਂ ਅਸੀਂ ਕੀ ਸਿੱਖਦੇ ਹਾਂ?—1 ਤਿਮੋਥਿਉਸ 2:9, 10.

13. (ੳ) “ਸੁਹਾਉਣੀ ਪੁਸ਼ਾਕੀ” ਪਾਉਣ ਦਾ ਕੀ ਮਤਲਬ ਹੈ? (ਅ) ਅਸੀਂ ਕਿਉਂ ਕਹਿ ਸਕਦੇ ਹਾਂ ਕਿ ਯਹੋਵਾਹ ਦੇ ਮਿਆਰਾਂ ਉੱਤੇ ਚੱਲਣਾ ਔਖਾ ਨਹੀਂ ਹੈ?

13 ਪੌਲੁਸ ਦੇ ਸ਼ਬਦ ਦਿਖਾਉਂਦੇ ਹਨ ਕਿ ਮਸੀਹੀਆਂ ਨੂੰ ‘ਆਪਣੇ ਆਪ ਨੂੰ ਸੁਹਾਉਣੀ ਪੁਸ਼ਾਕੀ ਨਾਲ ਸੁਆਰਨਾ’ ਚਾਹੀਦਾ ਹੈ ਯਾਨੀ ਸ਼ੋਭਾ ਦੇਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ। ਕੱਪੜੇ ਬੇਢੰਗੇ ਜਾਂ ਮੈਲੇ ਨਹੀਂ ਹੋਣੇ ਚਾਹੀਦੇ। ਗ਼ਰੀਬ ਭੈਣ-ਭਰਾ ਵੀ ਇਨ੍ਹਾਂ ਸਹੀ ਮਿਆਰਾਂ ਉੱਤੇ ਚੱਲ ਕੇ ਦਿਖਾ ਸਕਦੇ ਹਨ ਕਿ ਉਨ੍ਹਾਂ ਦੇ ਕੱਪੜੇ ਸਾਫ਼-ਸੁਥਰੇ ਤੇ ਦੇਖਣ ਨੂੰ ਸੋਹਣੇ ਲੱਗਦੇ ਹਨ। ਉਦਾਹਰਣ ਲਈ, ਇਕ ਦੱਖਣੀ ਅਮਰੀਕੀ ਦੇਸ਼ ਵਿਚ ਹਰ ਸਾਲ ਗਵਾਹਾਂ ਨੂੰ ਜ਼ਿਲ੍ਹਾ ਸੰਮੇਲਨ ਵਿਚ ਹਾਜ਼ਰ ਹੋਣ ਲਈ ਕਈ-ਕਈ ਮੀਲਾਂ ਜੰਗਲ ਵਿੱਚੋਂ ਦੀ ਤੁਰਨਾ ਪੈਂਦਾ ਹੈ, ਫਿਰ ਉਹ ਪੈਡਲ ਮਾਰ ਕੇ ਚੱਲਣ ਵਾਲੀ ਬੇੜੀ ਵਿਚ ਕਈ-ਕਈ ਘੰਟਿਆਂ ਦਾ ਸਫ਼ਰ ਕਰਦੇ ਹਨ। ਉੱਥੇ ਸਫ਼ਰ ਦੌਰਾਨ ਨਦੀ ਵਿਚ ਡਿੱਗਣਾ ਜਾਂ ਝਾੜੀਆਂ ਵਿਚ ਫਸ ਕੇ ਕੱਪੜਿਆਂ ਦਾ ਪਾਟਣਾ ਆਮ ਗੱਲ ਹੈ। ਇਸ ਲਈ ਸੰਮੇਲਨ ਦੀ ਥਾਂ ਤੇ ਪਹੁੰਚਦੇ-ਪਹੁੰਚਦੇ ਭੈਣ-ਭਰਾਵਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਇਸ ਕਰਕੇ ਕੱਪੜਿਆਂ ਨੂੰ ਬਟਨ ਲਾਉਣ, ਜਿੱਪਾਂ ਦੀ ਮੁਰੰਮਤ ਕਰਨ ਅਤੇ ਸੰਮੇਲਨ ਵਿਚ ਜਿਹੜੇ ਕੱਪੜੇ ਪਾਉਣੇ ਹਨ, ਉਨ੍ਹਾਂ ਨੂੰ ਧੋਣ ਤੇ ਪ੍ਰੈੱਸ ਕਰਨ ਵਿਚ ਉਹ ਸਮਾਂ ਲਗਾਉਂਦੇ ਹਨ। ਉਹ ਯਹੋਵਾਹ ਦੇ ਮੇਜ਼ ਤੋਂ ਭੋਜਨ ਖਾਣ ਲਈ ਮਿਲੇ ਸੱਦੇ ਦੀ ਬਹੁਤ ਕਦਰ ਕਰਦੇ ਹਨ ਅਤੇ ਉਹ ਢੁਕਵੇਂ ਕੱਪੜੇ ਪਾਉਣੇ ਚਾਹੁੰਦੇ ਹਨ।

14. (ੳ) “ਲਾਜ ਅਤੇ ਸੰਜਮ ਸਹਿਤ” ਪਹਿਰਾਵਾ ਪਾਉਣ ਦਾ ਕੀ ਮਤਲਬ ਹੈ? (ਅ) ‘ਪਰਮੇਸ਼ੁਰ ਦੀ ਭਗਤੀ ਨੂੰ ਮੰਨਣ ਵਾਲੇ ਲੋਕਾਂ’ ਦਾ ਪਹਿਰਾਵਾ ਕਿਹੋ ਜਿਹਾ ਹੋਣਾ ਚਾਹੀਦਾ ਹੈ?

14 ਪੌਲੁਸ ਨੇ ਅੱਗੇ ਕਿਹਾ ਕਿ ਸਾਨੂੰ “ਲਾਜ ਅਤੇ ਸੰਜਮ ਸਹਿਤ” ਕੱਪੜੇ ਪਾਉਣੇ ਚਾਹੀਦੇ ਹਨ। ਇਸ ਦਾ ਮਤਲਬ ਹੈ ਕਿ ਸਾਡਾ ਪਹਿਰਾਵਾ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਲੋਕ ਸਾਡੇ ਵੱਲ ਹੀ ਦੇਖਦੇ ਰਹਿਣ, ਤੇ ਨਾ ਹੀ ਇਹ ਅਜੀਬ ਜਾਂ ਕਾਮੁਕ ਹੋਣਾ ਚਾਹੀਦਾ ਹੈ। ਸਾਨੂੰ ਆਪਣਾ ਸਰੀਰ ਚੰਗੀ ਤਰ੍ਹਾਂ ਢੱਕਣ ਦੀ ਲੋੜ ਹੈ ਅਤੇ ਨਵੇਂ-ਨਵੇਂ ਫ਼ੈਸ਼ਨਾਂ ਮਗਰ ਭੱਜਣ ਦੀ ਲੋੜ ਨਹੀਂ। ਇਸ ਤੋਂ ਇਲਾਵਾ, ਸਾਡਾ ਪਹਿਰਾਵਾ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਸ ਤੋਂ ਇਹ ਪਤਾ ਲੱਗੇ ਕਿ ਅਸੀਂ “ਪਰਮੇਸ਼ੁਰ ਦੀ ਭਗਤੀ” ਕਰਦੇ ਹਾਂ। ਕਿੰਨਾ ਜ਼ਰੂਰੀ ਹੈ ਕਿ ਅਸੀਂ ਇਸ ਗੱਲ ਬਾਰੇ ਸੋਚੀਏ! ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਸਿਰਫ਼ ਕਲੀਸਿਯਾ ਸਭਾਵਾਂ ਵਿਚ ਹੀ ਢੁਕਵੇਂ ਕੱਪੜੇ ਪਾਉਣੇ ਚਾਹੀਦੇ ਹਨ ਤੇ ਦੂਜੇ ਮੌਕਿਆਂ ਉੱਤੇ ਇਸ ਸਲਾਹ ਨੂੰ ਛਿੱਕੇ ਉੱਤੇ ਟੰਗ ਦੇਣਾ ਚਾਹੀਦਾ ਹੈ। ਸਾਡੇ ਪਹਿਰਾਵੇ ਤੋਂ ਹਮੇਸ਼ਾ ਭਗਤੀ ਵਾਲਾ ਤੇ ਆਦਰਯੋਗ ਰਵੱਈਆ ਝਲਕਣਾ ਚਾਹੀਦਾ ਹੈ ਕਿਉਂਕਿ ਅਸੀਂ ਹਰ ਵੇਲੇ ਮਸੀਹੀ ਹਾਂ। ਇਹ ਗੱਲ ਸਾਫ਼ ਜ਼ਾਹਰ ਹੈ ਕਿ ਕੰਮ ਤੇ ਸਾਨੂੰ ਆਪਣੇ ਕੰਮ ਦੇ ਮੁਤਾਬਕ ਕੱਪੜੇ ਪਾਉਣੇ ਚਾਹੀਦੇ ਹਨ ਤੇ ਸਕੂਲੇ ਸਕੂਲ ਦੀ ਵਰਦੀ। ਫਿਰ ਵੀ ਸਾਨੂੰ ਸੰਜਮ ਵਾਲਾ ਯਾਨੀ ਚੰਗਾ ਤੇ ਆਦਰਯੋਗ ਪਹਿਰਾਵਾ ਪਾਉਣਾ ਚਾਹੀਦਾ ਹੈ। ਜੇ ਸਾਡੇ ਕੱਪੜੇ ਹਮੇਸ਼ਾ ਦਿਖਾਉਂਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ, ਤਾਂ ਅਸੀਂ ਕਦੀ ਵੀ ਆਪਣੇ ਪਹਿਰਾਵੇ ਕਾਰਨ ਸ਼ਰਮਿੰਦੇ ਹੋ ਕੇ ਗਵਾਹੀ ਦੇਣ ਤੋਂ ਪਿੱਛੇ ਨਹੀਂ ਹੱਟਾਂਗੇ।—1 ਪਤਰਸ 3:15.

‘ਸੰਸਾਰ ਨਾਲ ਮੋਹ ਨਾ ਰੱਖੋ’

15, 16. (ੳ) ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਦੁਨੀਆਂ ਦੀ ਨਕਲ ਕਰਨ ਤੋਂ ਬਚਣਾ ਕਿਉਂ ਮਹੱਤਵਪੂਰਣ ਹੈ? (1 ਯੂਹੰਨਾ 5:19) (ਅ) ਕਿਹੜੇ ਕਾਰਨ ਕਰਕੇ ਸਾਨੂੰ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੇ ਫ਼ੈਸ਼ਨਾਂ ਪਿੱਛੇ ਨਹੀਂ ਭੱਜਣਾ ਚਾਹੀਦਾ?

15ਪਹਿਲਾ ਯੂਹੰਨਾ 2:15-17 ਵਿਚ ਦਿੱਤੀ ਸਲਾਹ ਵੀ ਕੱਪੜਿਆਂ ਤੇ ਹਾਰ-ਸ਼ਿੰਗਾਰ ਦੀ ਚੋਣ ਕਰਨ ਵਿਚ ਸਾਡੀ ਮਦਦ ਕਰਦੀ ਹੈ। ਅਸੀਂ ਪੜ੍ਹਦੇ ਹਾਂ: “ਸੰਸਾਰ ਨਾਲ ਮੋਹ ਨਾ ਰੱਖੋ, ਨਾ ਉਨ੍ਹਾਂ ਵਸਤਾਂ ਨਾਲ ਜੋ ਸੰਸਾਰ ਵਿੱਚ ਹਨ। ਜੇ ਕੋਈ ਸੰਸਾਰ ਨਾਲ ਮੋਹ ਰੱਖਦਾ ਹੋਵੇ ਤਾਂ ਉਹ ਦੇ ਵਿੱਚ ਪਿਤਾ ਦਾ ਪ੍ਰੇਮ ਨਹੀਂ। ਕਿਉਂਕਿ ਸੱਭੋ ਕੁਝ ਜੋ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ ਅਤੇ ਨੇਤਰਾਂ ਦੀ ਕਾਮਨਾ ਅਤੇ ਜੀਵਨ ਦਾ ਅਭਮਾਨ ਸੋ ਪਿਤਾ ਤੋਂ ਨਹੀਂ ਸਗੋਂ ਸੰਸਾਰ ਤੋਂ ਹੈ।”

16 ਸਮੇਂ ਸਿਰ ਦਿੱਤੀ ਕਿੰਨੀ ਵਧੀਆ ਸਲਾਹ! ਅੱਜ ਦੇ ਜ਼ਮਾਨੇ ਵਿਚ ਸਾਡੇ ਹਾਣੀ ਸਾਡੇ ਉੱਤੇ ਬਹੁਤ ਦਬਾਅ ਪਾਉਂਦੇ ਹਨ, ਪਰ ਸਾਨੂੰ ਉਨ੍ਹਾਂ ਦੇ ਦਬਾਅ ਹੇਠਾਂ ਆ ਕੇ ਫ਼ੈਸਲਾ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਕਿੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਤੇ ਕਿੱਦਾਂ ਦੇ ਨਹੀਂ। ਹਾਲ ਹੀ ਦੇ ਸਾਲਾਂ ਵਿਚ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦਾ ਮਿਆਰ ਬਹੁਤ ਡਿੱਗ ਚੁੱਕਾ ਹੈ। ਦਫ਼ਤਰਾਂ ਵਿਚ ਕੰਮ ਕਰਨ ਵਾਲੇ ਲੋਕਾਂ ਅਤੇ ਕਾਰੋਬਾਰੀ ਲੋਕਾਂ ਦੇ ਪਹਿਰਾਵੇ ਦਾ ਮਿਆਰ ਵੀ ਮਸੀਹੀਆਂ ਵਾਸਤੇ ਹਮੇਸ਼ਾ ਢੁਕਵਾਂ ਨਹੀਂ ਹੁੰਦਾ। ਇਹ ਇਕ ਹੋਰ ਕਾਰਨ ਹੈ ਜਿਸ ਕਰਕੇ ਸਾਨੂੰ ‘ਇਸ ਜੁੱਗ ਦੇ ਰੂਪ ਜੇਹੇ ਨਾ ਬਣਨ’ ਤੋਂ ਹਮੇਸ਼ਾ ਖ਼ਬਰਦਾਰ ਰਹਿਣਾ ਚਾਹੀਦਾ ਹੈ ਜੇ ਅਸੀਂ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜੀਉਣਾ ਚਾਹੁੰਦੇ ਹਾਂ ਅਤੇ ‘ਸਾਰੀਆਂ ਗੱਲਾਂ ਵਿੱਚ ਆਪਣੇ ਮੁਕਤੀ ਦਾਤਾ ਪਰਮੇਸ਼ੁਰ ਦੀ ਸਿੱਖਿਆ ਨੂੰ ਸਿੰਗਾਰਨਾ’ ਚਾਹੁੰਦੇ ਹਾਂ।—ਰੋਮੀਆਂ 12:2; ਤੀਤੁਸ 2:10.

17. (ੳ) ਕੱਪੜੇ ਖ਼ਰੀਦਣ ਜਾਂ ਫ਼ੈਸ਼ਨ ਚੁਣਨ ਵੇਲੇ ਸਾਨੂੰ ਕਿਹੜੇ ਸਵਾਲਾਂ ਉੱਤੇ ਸੋਚ-ਵਿਚਾਰ ਕਰਨਾ ਚਾਹੀਦਾ ਹੈ? (ਅ) ਪਰਿਵਾਰ ਦੇ ਮੁਖੀਆਂ ਨੂੰ ਕਿਉਂ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਕਿਹੋ ਜਿਹੇ ਕੱਪੜੇ ਪਾਉਂਦੇ ਹਨ?

17 ਕੋਈ ਵੀ ਕੱਪੜਾ ਖ਼ਰੀਦਣ ਤੋਂ ਪਹਿਲਾਂ, ਆਪਣੇ ਆਪ ਕੋਲੋਂ ਇਹ ਸਵਾਲ ਪੁੱਛਣੇ ਅਕਲਮੰਦੀ ਦੀ ਗੱਲ ਹੋਵੇਗੀ: ‘ਇਹ ਫ਼ੈਸ਼ਨ ਮੈਨੂੰ ਚੰਗਾ ਕਿਉਂ ਲੱਗਦਾ ਹੈ? ਕੀ ਇਹ ਕੱਪੜੇ ਉਹ ਫ਼ਿਲਮੀ-ਸਿਤਾਰੇ ਪਾਉਂਦੇ ਹਨ ਜਿਹੜੇ ਮੈਨੂੰ ਪਸੰਦ ਹਨ? ਕੀ ਇਹ ਕੱਪੜੇ ਸੜਕ-ਛਾਪ ਗਿਰੋਹ ਦੇ ਮੈਂਬਰ ਜਾਂ ਹੋਰ ਕੋਈ ਅਜਿਹਾ ਸਮੂਹ ਪਾਉਂਦਾ ਹੈ ਜੋ ਇਕ ਆਜ਼ਾਦ ਤੇ ਵਿਦਰੋਹੀ ਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ।’ ਸਾਨੂੰ ਕੱਪੜਿਆਂ ਦੇ ਡੀਜ਼ਾਈਨ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ। ਜੇ ਇਹ ਫਰਾਕ ਜਾਂ ਸਕਰਟ ਹੈ, ਤਾਂ ਇਹ ਕਿੰਨੀ ਕੁ ਲੰਬੀ ਹੈ? ਇਸ ਦੀ ਕਟਾਈ ਕਿਹੋ ਜਿਹੀ ਹੈ? ਕੀ ਇਹ ਕੱਪੜੇ ਆਦਰਮਈ ਹਨ ਜਾਂ ਕੀ ਇਹ ਤੰਗ, ਕਾਮ-ਉਕਸਾਊ ਜਾਂ ਬੇਢੰਗੇ ਹਨ? ਆਪਣੇ ਆਪ ਕੋਲੋਂ ਪੁੱਛੋ, ‘ਜੇ ਮੈਂ ਇਹ ਕੱਪੜੇ ਪਾਏ, ਤਾਂ ਕੀ ਕਿਸੇ ਨੂੰ ਠੋਕਰ ਤਾਂ ਨਹੀਂ ਲੱਗੇਗੀ?’ (2 ਕੁਰਿੰਥੀਆਂ 6:3, 4) ਸਾਨੂੰ ਇਸ ਤਰ੍ਹਾਂ ਸੋਚ-ਵਿਚਾਰ ਕਿਉਂ ਕਰਨਾ ਚਾਹੀਦਾ ਹੈ? ਕਿਉਂਕਿ ਬਾਈਬਲ ਕਹਿੰਦੀ ਹੈ: “ਮਸੀਹ ਨੇ ਵੀ ਆਪਣੇ ਆਪ ਨੂੰ ਨਹੀਂ ਰਿਝਾਇਆ।” (ਰੋਮੀਆਂ 15:3) ਪਰਿਵਾਰਾਂ ਦੇ ਮੁਖੀਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕਿਹੋ ਜਿਹਾ ਪਹਿਰਾਵਾ ਹੈ। ਪਰਿਵਾਰਾਂ ਦੇ ਮੁਖੀਆਂ ਨੂੰ ਆਪਣੇ ਮਹਾਨ ਪਰਮੇਸ਼ੁਰ ਲਈ ਆਦਰ ਦਿਖਾਉਂਦੇ ਹੋਏ ਪਰਿਵਾਰਾਂ ਨੂੰ ਲੋੜ ਪੈਣ ਤੇ ਠੋਸ ਤੇ ਪਿਆਰ ਨਾਲ ਸਲਾਹ ਦੇਣ ਤੋਂ ਨਹੀਂ ਹਿਚਕਿਚਾਉਣਾ ਚਾਹੀਦਾ।—ਯਾਕੂਬ 3:13.

18. ਕਿਹੜੀ ਗੱਲ ਤੁਹਾਨੂੰ ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਵੱਲ ਧਿਆਨ ਦੇਣ ਲਈ ਪ੍ਰੇਰਦੀ ਹੈ?

18 ਅਸੀਂ ਯਹੋਵਾਹ ਦੇ ਸੰਦੇਸ਼ ਦਾ ਐਲਾਨ ਕਰਦੇ ਹਾਂ ਜੋ ਮਹਿਮਾ ਲੈਣ ਦੇ ਯੋਗ ਹੈ ਅਤੇ ਪਵਿੱਤਰਤਾ ਨਾਲ ਭਰਪੂਰ ਹੈ। (ਯਸਾਯਾਹ 6:3) ਬਾਈਬਲ ਸਾਨੂੰ “ਪਿਆਰਿਆਂ ਪੁੱਤ੍ਰਾਂ ਵਾਂਙੁ” ਉਸ ਦੀ ਨਕਲ ਕਰਨ ਲਈ ਕਹਿੰਦੀ ਹੈ। (ਅਫ਼ਸੀਆਂ 5:1) ਸਾਡੇ ਕੱਪੜੇ ਅਤੇ ਹਾਰ-ਸ਼ਿੰਗਾਰ ਕਾਰਨ ਸਾਡੇ ਸਵਰਗੀ ਪਿਤਾ ਦੀ ਜਾਂ ਤਾਂ ਵਡਿਆਈ ਕੀਤੀ ਜਾ ਸਕਦੀ ਹੈ ਜਾਂ ਉਸ ਦੀ ਬਦਨਾਮੀ ਹੋ ਸਕਦੀ ਹੈ। ਪਰ ਅਸੀਂ ਯਕੀਨਨ ਉਸ ਦੇ ਦਿਲ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ!—ਕਹਾਉਤਾਂ 27:11.

19. ਦੂਸਰਿਆਂ ਨੂੰ “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਦੱਸਣ ਦੇ ਕਿਹੜੇ ਫ਼ਾਇਦੇ ਹੁੰਦੇ ਹਨ?

19 “ਪਰਮੇਸ਼ੁਰ ਦੇ ਵੱਡੇ ਵੱਡੇ ਕੰਮਾਂ” ਬਾਰੇ ਸਿੱਖ ਕੇ ਤੁਹਾਨੂੰ ਕਿਵੇਂ ਮਹਿਸੂਸ ਹੁੰਦਾ ਹੈ? ਅਸੀਂ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਸਾਨੂੰ ਸੱਚਾਈ ਦਾ ਪਤਾ ਲੱਗਾ ਹੈ! ਅਸੀਂ ਯਿਸੂ ਮਸੀਹ ਦੇ ਵਹਾਏ ਗਏ ਲਹੂ ਵਿਚ ਨਿਹਚਾ ਕਰਦੇ ਹਾਂ, ਇਸ ਲਈ ਸਾਡੇ ਪਾਪ ਮਾਫ਼ ਕੀਤੇ ਜਾਂਦੇ ਹਨ। (ਰਸੂਲਾਂ ਦੇ ਕਰਤੱਬ 2:38) ਨਤੀਜੇ ਵਜੋਂ, ਅਸੀਂ ਬਿਨਾਂ ਝਿਜਕੇ ਪਰਮੇਸ਼ੁਰ ਨਾਲ ਗੱਲ ਕਰ ਸਕਦੇ ਹਾਂ। ਅਸੀਂ ਉਨ੍ਹਾਂ ਲੋਕਾਂ ਵਾਂਗ ਮਰਨ ਤੋਂ ਨਹੀਂ ਡਰਦੇ ਜਿਨ੍ਹਾਂ ਨੂੰ ਕੋਈ ਆਸ਼ਾ ਨਹੀਂ ਹੈ। ਇਸ ਦੀ ਬਜਾਇ, ਯਿਸੂ ਨੇ ਸਾਨੂੰ ਭਰੋਸਾ ਦਿਵਾਇਆ ਸੀ ਕਿ ਇਕ ਦਿਨ “ਓਹ ਸਭ ਜਿਹੜੇ ਕਬਰਾਂ ਵਿੱਚ ਹਨ ਉਹ ਦੀ ਅਵਾਜ਼ ਸੁਣਨਗੇ ਅਤੇ ਨਿੱਕਲ ਆਉਣਗੇ।” (ਯੂਹੰਨਾ 5:28, 29) ਯਹੋਵਾਹ ਨੇ ਇਹ ਸਾਰੀਆਂ ਗੱਲਾਂ ਸਾਨੂੰ ਦੱਸ ਕੇ ਸਾਡੇ ਤੇ ਦਇਆ ਕੀਤੀ ਹੈ। ਇਸ ਤੋਂ ਇਲਾਵਾ, ਉਸ ਨੇ ਸਾਡੇ ਉੱਤੇ ਆਪਣੀ ਪਵਿੱਤਰ ਆਤਮਾ ਪਾਈ ਹੈ। ਇਸ ਲਈ ਇਨ੍ਹਾਂ ਸਾਰੀਆਂ ਵਧੀਆ ਬਰਕਤਾਂ ਲਈ ਕਦਰ ਦਿਖਾਉਣ ਨਾਲ ਅਸੀਂ ਉਸ ਦੇ ਉੱਚੇ ਮਿਆਰਾਂ ਉੱਤੇ ਚੱਲਣ ਅਤੇ ਜੋਸ਼ ਨਾਲ ਇਨ੍ਹਾਂ “ਵੱਡੇ ਵੱਡੇ ਕੰਮਾਂ” ਬਾਰੇ ਦੂਸਰਿਆਂ ਨੂੰ ਦੱਸਣ ਲਈ ਪ੍ਰੇਰਿਤ ਹੁੰਦੇ ਹਾਂ।

[ਫੁਟਨੋਟ]

^ ਪੈਰਾ 5 ਜਦੋਂ ਯਹੋਵਾਹ ਨੇ ਆਪਣੇ ਲੋਕਾਂ ਦੀ ਖ਼ਾਤਰ ਮੂਸਾ ਤੇ ਹਾਰੂਨ ਨੂੰ ਫ਼ਿਰਾਊਨ ਨਾਲ ਗੱਲ ਕਰਨ ਦੀ ਜ਼ਿੰਮੇਵਾਰੀ ਸੌਂਪੀ, ਤਾਂ ਉਸ ਨੇ ਮੂਸਾ ਨੂੰ ਕਿਹਾ: “ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।” (ਟੇਢੇ ਟਾਈਪ ਸਾਡੇ।) (ਕੂਚ 7:1) ਹਾਰੂਨ ਦਾ ਇਕ ਨਬੀ ਵਜੋਂ ਸੇਵਾ ਕਰਨ ਦਾ ਮਤਲਬ ਇਹ ਨਹੀਂ ਸੀ ਕਿ ਉਸ ਨੇ ਭਵਿੱਖ ਵਿਚ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸਿਆ ਸੀ, ਸਗੋਂ ਇਸ ਦਾ ਮਤਲਬ ਇਹ ਹੈ ਕਿ ਮੂਸਾ ਹਾਰੂਨ ਰਾਹੀਂ ਫ਼ਿਰਾਊਨ ਨਾਲ ਬੋਲਿਆ ਸੀ।

^ ਪੈਰਾ 7 ਅਠਾਈ ਮਾਰਚ 2002 ਨੂੰ ਪ੍ਰਭੂ ਦੇ ਸ਼ਾਮ ਦੇ ਭੋਜਨ ਦੀ ਸਾਲਾਨਾ ਯਾਦਗਾਰੀ ਦੇ ਮੌਕੇ ਉੱਤੇ ਲੋਕਾਂ ਦੀਆਂ ਭੀੜਾਂ ਦੀਆਂ ਭੀੜਾਂ ਹਾਜ਼ਰ ਹੋਈਆਂ ਸਨ ਜਿਨ੍ਹਾਂ ਵਿੱਚੋਂ ਲੱਖਾਂ ਹੀ ਲੋਕ ਅਜੇ ਯਹੋਵਾਹ ਦੀ ਸੇਵਾ ਨਹੀਂ ਕਰ ਰਹੇ। ਸਾਡੀ ਇਹੀ ਪ੍ਰਾਰਥਨਾ ਹੈ ਕਿ ਜਲਦੀ ਹੀ ਇਨ੍ਹਾਂ ਵਿੱਚੋਂ ਬਹੁਤ ਸਾਰੇ ਦਿਲਚਸਪੀ ਰੱਖਣ ਵਾਲੇ ਲੋਕ ਖ਼ੁਸ਼ ਖ਼ਬਰੀ ਦੇ ਪ੍ਰਚਾਰਕ ਬਣਨ ਦੇ ਸਨਮਾਨ ਤਕ ਪਹੁੰਚਣ ਲਈ ਪ੍ਰੇਰਿਤ ਹੋਣ।

^ ਪੈਰਾ 12 ਇਹ ਸ਼ਬਦ ਹਾਲਾਂਕਿ ਪੌਲੁਸ ਨੇ ਮਸੀਹੀ ਔਰਤਾਂ ਨੂੰ ਕਹੇ ਸਨ, ਪਰ ਇਹੀ ਸਿਧਾਂਤ ਮਸੀਹੀ ਆਦਮੀਆਂ ਤੇ ਨੌਜਵਾਨਾਂ ਉੱਤੇ ਵੀ ਲਾਗੂ ਹੁੰਦਾ ਹੈ।

ਤੁਸੀਂ ਕਿਵੇਂ ਜਵਾਬ ਦਿਓਗੇ?

• ਪੰਤੇਕੁਸਤ 33 ਸਾ.ਯੁ. ਵਿਚ ਲੋਕਾਂ ਨੇ ਕਿਹੜੇ “ਵੱਡੇ ਵੱਡੇ ਕੰਮਾਂ” ਬਾਰੇ ਸੁਣਿਆ ਸੀ ਅਤੇ ਉਨ੍ਹਾਂ ਨੇ ਕਿਹੋ ਜਿਹਾ ਰਵੱਈਆ ਦਿਖਾਇਆ?

• ਕੋਈ ਵਿਅਕਤੀ ਯਿਸੂ ਦਾ ਚੇਲਾ ਕਿਵੇਂ ਬਣਦਾ ਹੈ ਅਤੇ ਚੇਲਾ ਬਣਨ ਤੇ ਉਸ ਨੂੰ ਕੀ ਕਰਨਾ ਚਾਹੀਦਾ ਹੈ?

• ਆਪਣੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਵੱਲ ਧਿਆਨ ਦੇਣ ਦੀ ਕਿਉਂ ਲੋੜ ਹੈ?

• ਕੱਪੜਿਆਂ ਅਤੇ ਫ਼ੈਸ਼ਨ ਦੀ ਚੋਣ ਕਰਨ ਵੇਲੇ ਸਾਨੂੰ ਕਿਹੜੀਆਂ ਗੱਲਾਂ ਧਿਆਨ ਵਿਚ ਰੱਖਣੀਆਂ ਚਾਹੀਦੀਆਂ ਹਨ?

[ਸਵਾਲ]

[ਸਫ਼ੇ 15 ਉੱਤੇ ਤਸਵੀਰ]

ਪਤਰਸ ਨੇ ਐਲਾਨ ਕੀਤਾ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉਠਾਇਆ ਗਿਆ ਸੀ

[ਸਫ਼ੇ 17 ਉੱਤੇ ਤਸਵੀਰਾਂ]

ਕੀ ਤੁਹਾਡੇ ਪਹਿਰਾਵੇ ਕਾਰਨ ਤੁਹਾਡੇ ਪਰਮੇਸ਼ੁਰ ਦੀ ਵਡਿਆਈ ਹੁੰਦੀ ਹੈ?

[ਸਫ਼ੇ 18 ਉੱਤੇ ਤਸਵੀਰਾਂ]

ਮਸੀਹੀ ਮਾਪਿਆਂ ਨੂੰ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਕਿਹੋ ਜਿਹਾ ਪਹਿਰਾਵਾ ਹੈ